ਬਿੱਖੜੇ ਪੈਂਡਿਆਂ ਦਾ ਰਾਹੀ - ਬਲਵੰਤ ਸਿੰਘ ਗਿੱਲ (ਬੈਡਫੋਰਡ)
ਰਾਮ ਆਸਰਾ ਜਿਸ ਨੂੰ ਪਿੰਡ ਵਿੱਚ ਛੋਟੇ ਨਾਂ ਨਾਲ ਰਾਮੂ ਆਖਿਆ ਜਾਂਦਾ ਸੀ, ਦਾ ਜਨਮ ਇੱਕ ਗ਼ਰੀਬ ਦਲਿਤ ਪਰਿਵਾਰ ਦੇ ਘਰ ਹੋਇਆ।ਇਹ ਆਪਣੇ ਬਾਪੂ ਗ਼ਰੀਬ ਦਾਸ ਅਤੇ ਮਾਤਾ ਰਾਮ ਰੱਖੀ ਦਾ ਇੱਕਲੌਤਾ ਪੁੱਤਰ ਹੈ, ਅਤੇ ਇਸ ਤੋਂ ਛੋਟੀਆਂ ਇਸ ਦੀਆਂ ਪੰਜ ਭੈਣਾਂ ਹਨ।ਮਾਂ ਬਾਪ ਹਰ ਰੋਜ਼ ਦਿਹਾੜੀ ਕਰਕੇ ਆਪਣੇ ਟੱਬਰ ਦਾ ਪੇਟ ਪਾਲਦੇ। ਗ਼ਰੀਬ ਦਾਸ ਜਿਸ ਨੂੰ ਛੋਟੇ ਨਾਂ ਨਾਲ ਗ਼ਰੀਬੂ ਹੀ ਆਖਿਆ ਜਾਂਦਾ ਸੀ, ਉਹ ਪਿੰਡ ਦੇ ਜ਼ਿੰਮੀਂਦਾਰ ਪਿਆਰਾ ਸਿੰਘ ਦੇ ਖੇਤਾਂ ਵਿੱਚ ਦਿਹਾੜੀ ਕਰ ਲੈਂਦਾ ਤੇ ਥੋੜ੍ਹਾ ਬਹੁਤ ਘਰ ਵਿੱਚ ਖੱਡੀ 'ਤੇ ਕੱਪੜਾ ਬੁਣ ਲੈਂਦਾ।ਰਾਮੂੰ ਦੀ ਮਾਤਾ ਰਾਮ ਰੱਖੀ ਨੇ ਦੋ ਮੱਝਾਂ ਰੱਖੀਆਂ ਸਨ ਤਾਂ ਕਿ ਦੁੱਧ ਮੁੱਲ ਨਾ ਲੈਣਾ ਪਵੇ।ਪਸ਼ੂਆਂ ਨੂੰ ਪੱਠਾ ਦੱਠਾ ਪਿਆਰਾ ਸਿੰਘ ਦੇ ਖੇਤਾਂ ਵਿੱਚੋਂ ਲੈ ਆਉਂਦੀ।ਕਿਸੇ ਯੋਗ ਸਾਧਨਾਂ ਦੀ ਘਾਟ ਹੋਣ ਦੇ ਬਾਵਜੂਦ ਵੀ ਇਹ ਮਿਹਨਤੀ ਪਰਿਵਾਰ ਆਪਣਾ ਥੋੜਾ ਬਹੁਤ ਗੁਜ਼ਾਰਾ ਕਰੀ ਜਾਂਦਾ।
ਪਿਆਰਾ ਸਿੰਘ ਦਾ ਮੁੰਡਾ ਸੋਢੀ, ਰਾਮੂੰ ਦਾ ਹੀ ਹਾਣੀ ਸੀ।ਜਦੋਂ ਕਦੇ ਗ਼ਰੀਬੂ ਇਨ੍ਹਾਂ ਦੇ ਖੇਤਾਂ ਵਿੱਚ ਦਿਹਾੜੀ ਕਰਨ ਜਾਂਦਾ ਤਾਂ ਅਕਸਰ ਰਾਮੂ ਨੂੰ ਵੀ ਨਾਲ ਲੈ ਜਾਂਦਾ।ਇੱਕੋ ਉਮਰ ਦੇ ਇਹ ਦੋਵੇਂ ਨਿਆਣੇ ਆਪਸ ਵਿੱਚ ਗੁੱਲੀ ਡੰਡਾ ਅਤੇ ਬੰਟੇ ਖੇਡ ਲੈਂਦੇ, ਤੇ ਗ਼ਰੀਬੂ ਆਪਣੀ ਦਿਹਾੜੀ ਲਾ ਆਉਂਦਾ।ਰਾਮੂੰ ਅਤੇ ਸੋਢੀ ਦੀ ਦੋਸਤੀ ਵੱਧਦੀ ਗਈ।ਦੋਸਤੀਆਂ ਅਤੇ ਪਿਆਰ ਵੀ ਕਦੇ ਜਾਤਾਂ ਬਰਾਦਰੀਆਂ ਦੇਖਦੇ ਹਨ? ਇਹ ਤਾਂ ਵੱਖ-ਵੱਖ ਵਰਗਾਂ ਵਿੱਚ ਮਨੂੰਵਾਦੀ ਸੋਚ ਦਾ ਹੀ ਨਤੀਜਾ ਹੈ, ਉਨ੍ਹਾਂ ਦੀਆਂ ਅਖੌਤੀ ਉੱਚ ਜਾਤੀਆਂ ਨੂੰ ਵੰਡੀਆਂ ਵਿੱਚ ਪਾ ਕੇ ਆਪਣਾ ਹਲਵਾ ਪੂੜੀ ਤੋਰੀ ਰੱਖਣਾ ਹੁੰਦਾ ਹੈ।ਅਸੀਂ ਕਿਉਂ ਭੁੱਲ ਜਾਂਦੇ ਹਾਂ ਕਿ ਖੂਨ ਹਰੇਕ ਇਨਸਾਨ ਦਾ ਲਾਲ ਹੀ ਹੁੰਦਾ ਹੈ, ਤੇ ਸਾਰਿਆਂ ਵਿੱਚ ਇੱਕੋ ਜਿਹੇ ਹੀ ਦਿਲ ਧੜਕਦੇ ਹਨ। ਬੱਚਿਆਂ ਦੇ ਦਿਲ ਪਵਿੱਤਰ ਹੁੰਦੇ ਹਨ, ਇਹ ਜਾਤ ਪਾਤ ਦੇ ਲੇਬਲ ਤਾਂ ਸਮਾਜ ਉਨ੍ਹਾਂ ਦੇ ਵੱਡਿਆਂ ਹੁੰਦਿਆਂ ਦੀ ਲਾਉਣਾ ਸ਼ੁਰੂ ਕਰ ਦਿੰਦਾ ਹੈ।
ਜ਼ਿੰਮੀਂਦਾਰ ਪਿਆਰਾ ਸਿੰਘ ਦਾ ਮੁੰਡਾ ਘਰ ਵਿੱਚ ਗੁੰਜਾਇਸ਼ ਹੋਣ ਕਰਕੇ ਬੀ. ਏ. ਕਰ ਗਿਆ।ਪਰ ਗ਼ਰੀਬੀ ਦੀ ਹਾਲਤ ਵਿੱਚ ਰਾਮੂੰ ਦਸਵੀਂ ਤੋਂ ਅੱਗੇ ਪੜ੍ਹ ਨਾ ਸਕਿਆ। ਘਰ ਵਿੱਚ ਆਪ ਦੇ ਨਾਲ-ਨਾਲ ਪੰਜ ਭੈਣਾਂ ਦੇ ਪਾਲਣ-ਪੋਸ਼ਣ ਦਾ ਖ਼ਰਚਾ ਅਤੇ ਉੱਪਰ ਕਾਲਜ ਦਾ ਖ਼ਰਚਾ ਗਰੀਬੂ ਦੇ ਪਰਿਵਾਰ ਦੇ ਵੱਸ ਦੀ ਗੱਲ ਨਹੀਂ ਸੀ।ਇੱਕ ਗ਼ਰੀਬ ਪਰਿਵਾਰ ਨੂੰ ਰੋਜ਼ਾਨਾ ਦਿਹਾੜੀ ਕਰਕੇ ਰੋਜ਼ ਰੋਟੀ ਮਿਲੀ ਜਾਵੇ ਤਾਂ ਉਹ ਫਿਰ ਵੀ ਰੱਬ ਦਾ ਸ਼ੁਕਰ ਕਰਦਾ ਹੈ।ਗ਼ਰੀਬੂ ਨੂੰ ਤਾਂ ਇਸ ਦੀਆਂ ਜੁਆਨ ਹੁੰਦੀਆਂ ਜਾਂਦੀਆਂ ਧੀਆਂ ਦੇ ਵਿਆਹ ਦਾ ਵੀ ਫ਼ਿਕਰ ਸੀ।ਕੋਈ ਥੋੜ੍ਹੀ ਬਹੁਤ ਪੂੰਜੀ ਦਾ ਮਾਲਕ ਕਿਸੇ ਸ਼ਾਹੂਕਾਰ ਪਾਸ ਆਪਣੀ ਪੂੰਜੀ ਗਹਿਣੇ ਰੱਖ ਕੇ ਆਪਣੀ ਕਬੀਲਦਾਰੀ ਔਖਿਆਂ ਸੌਖਿਆਂ ਨਜਿੱਠ ਹੀ ਲਵੇਗਾ, ਪਰ ਬਿਨਾਂ ਕਿਸੇ ਪੂੰਜੀ ਜਾਂ ਜ਼ਮੀਨ ਤੋਂ ਗ਼ਰੀਬ ਵਿਚਾਰਾ ਕੀ ਕਰੇ?
ਗ਼ਰੀਬੂ ਨੂੰ ਆਪਣੀਆਂ ਜੁਆਨ ਹੁੰਦੀਆਂ ਜਾਂਦੀਆਂ ਧੀਆਂ ਦੇ ਹੱਥ ਪੀਲੇ ਕਰਨ ਦੀ ਦਿਨੇ ਰਾਤ ਚਿੰਤਾ ਵੱਢ-ਵੱਢ ਖਾਈ ਜਾਂਦੀ। ਹਾਲਾਂਕਿ ਹੁਣ ਰਾਮੂ ਆਪਣੇ ਬਾਪੂ ਨਾਲ ਦਿਹਾੜੀ ਕਰਕੇ ਆਪਣੇ ਟੱਬਰ ਦੇ ਰੋਜ਼ਾਨਾ ਖ਼ਰਚੇ ਵਿੱਚ ਆਪਣਾ ਹਿੱਸਾ ਪਾਉਣ ਲੱਗ ਪਿਆ ਸੀ। ਪਰ ਦਿਹਾੜੀਆਂ ਕਿਹੜੀਆਂ ਰੋਜ਼ ਲੱਗਦੀਆਂ ਸਨ।ਖ਼ਰਚਾ ਤਾਂ ਹਰ ਰੋਜ਼ ਦਾ ਸੀ, ਉਹ ਲੜਕੀਆਂ ਦੇ ਵਿਆਹ ਦੇ ਪੈਸੇ ਕਿੱਥੋਂ ਜੋੜਨ? ਪੜ੍ਹਾਈ ਥੋੜ੍ਹੀ ਹੋਣ ਕਰਕੇ ਕਿਸੇ ਨੌਕਰੀ ਦੀ ਵੀ ਆਸ ਨਹੀਂ ਰੱਖੀ ਜਾ ਸਕਦੀ ਸੀ।ਗ਼ਰੀਬੂ ਅਤੇ ਰਾਮ ਰੱਖੀ ਨੂੰ ਇਸ ਉਧੇੜ ਬੁਣ ਵਿੱਚ ਸਾਰੀ ਰਾਤ ਨੀਂਦ ਨਾ ਆਉਂਦੀ।ਹੁਣ ਰਾਮੂ ਤੋਂ ਵੀ ਆਪਣੇ ਫ਼ਿਕਰਮੰਦ ਮਾਂ ਬਾਪ ਦੀ ਹਾਲਤ ਦੇਖੀ ਨਾ ਜਾਵੇ।ਕੋਈ ਰੋਸ਼ਨੀ ਦੀ ਕਿਰਨ ਵੀ ਤਾਂ ਨਜ਼ਰ ਨਹੀਂ ਆ ਰਹੀ ਸੀ।
ਪਿਆਰਾ ਸਿੰਘ ਦਾ ਮੁੰਡਾ ਸੋਢੀ ਆਪਣੀ ਕਾਲਜ ਦੀ ਪੜ੍ਹਾਈ ਕਰਨ ਉਪਰੰਤ ਵਿਆਹ ਲਈ ਕੈਨੇਡਾ ਚਲਾ ਗਿਆ।ਦੋਸਤਾਂ ਮਿੱਤਰਾਂ ਦੀ ਮਦਦ ਨਾਲ ਟੈਕਸੀ ਚਲਾਉਣ ਦਾ ਕੰਮ ਸ਼ੁਰੂ ਕਰ ਲਿਆ।ਸੋਢੀ ਦੇ ਸਹੁਰਿਆਂ ਦਾ ਕੈਨੇਡਾ ਵਿੱਚ ਆਪਣਾ ਟਰੱਕਾਂ ਦਾ ਕਾਰੋਬਾਰ ਸੀ। ਇਸ ਕਰਕੇ ਸੋਢੀ ਨੂੰ ਕੈਨੇਡਾ ਸੈਟਲ ਹੋਣ ਵਿੱਚ ਬਹੁਤੀ ਤਕਲੀਫ਼ ਨਾ ਹੋਈ।ਸਹੁਰਿਆਂ ਨੇ ਘਰ ਮੁੱਲ ਲੈ ਕੇ ਦੇਣ ਵਿੱਚ ਡਿਪਾਜ਼ਿਟ ਰੱਖਣ ਦੀ ਮਦਦ ਕਰ ਦਿੱਤੀ ਤੇ ਬਾਕੀ ਬੈਂਕ ਤੋਂ ਲੋਨ ਲੈ ਕੇ ਉਹ ਆਪਣੀ ਧਰਮ ਪਤਨੀ ਨਾਲ ਆਪਣੇ ਘਰ ਚਲਿਆ ਗਿਆ।ਸੋਢੀ ਕਦੇ-ਕਦੇ ਸੋਚਦਾ ਕਿ ਇਸ ਦੇ ਸਹੁਰਿਆਂ ਨੇ ਅਤੇ ਦੋਸਤਾਂ ਮਿੱਤਰਾਂ ਨੇ ਜਿਵੇਂ ਇਸ ਦੀ ਮਦਦ ਕੀਤੀ ਹੈ ਤੇ ਇਹ ਵੀ ਕਦੇ ਮੌਕਾ ਮਿਲੇ ਤਾਂ ਕਿਸੇ ਗ਼ਰੀਬ ਦੀ ਇਵੇਂ ਹੀ ਬਾਂਹ ਫੜੇਗਾ।
ਸਮਾਂ ਬੀਤਦਾ ਗਿਆ।ਗ਼ਰੀਬੂ ਦੀਆਂ ਧੀਆਂ ਹੁਣ ਵਿਆਹੁਣ ਯੋਗ ਹੋ ਗਈਆਂ ਸਨ।ਆਪਸ ਵਿੱਚ ਉਮਰ ਦਾ ਇੱਕ ਦੋ ਸਾਲ ਦਾ ਫ਼ਰਕ ਹੋਣ ਕਰਕੇ ਇਨ੍ਹਾਂ ਸਾਰੀਆਂ ਦਾ ਦੋ ਚਹੁੰ ਸਾਲਾਂ ਵਿੱਚ ਵਿਆਹ ਕਰਨਾ ਬਣਦਾ ਸੀ। ਪਰ ਮਾਲੀ ਹਾਲਤ ਇੰਨੀ ਮਾੜੀ ਸੀ ਕਿ ਪੈਸੇ ਤਾਂ ਇੱਕ ਵਿਆਹ ਜੋਗੇ ਵੀ ਨਹੀਂ ਸਨ।ਸੋਢੀ ਆਪਣੇ ਦੋਸਤ ਰਾਮੂ ਦੇ ਹਮੇਸ਼ਾ ਸੰਪਰਕ ਵਿੱਚ ਰਹਿੰਦਾ।ਹਰ ਦੂਸਰੇ ਤੀਸਰੇ ਹਫ਼ਤੇ ਫੋਨ ਕਰਕੇ ਇੱਕ ਦੂਸਰੇ ਦਾ ਹਾਲ ਪੁੱਛ ਲੈਂਦੇ।ਰਾਮੂੰ ਦੀ ਇੱਕ ਦਿਨ ਮਾਯੂਸ ਜਿਹੀ ਆਵਾਜ਼ ਸੁਣ ਕੇ ਸੋਢੀ ਦਾ ਵੀ ਦਿਲ ਹਿੱਲ ਗਿਆ, ਕਿ ਰਾਮੂ ਆਪਣੀਆਂ ਭੈਣਾਂ ਦੇ ਵਿਆਹਾਂ ਕਰਕੇ ਫ਼ਿਕਰਮੰਦ ਹੈ।ਸੋਢੀ ਨੇ ਸਲਾਹ ਦਿੱਤੀ ਕਿ ਉਸ ਦਾ ਇੱਕ ਏਜੰਟ ਦੋਸਤ ਹੈ।ਉਹ ਦੋ ਕੁ ਲੱਖ ਰੁਪਏ ਵਿੱਚ ਬੰਦੇ ਡੁਬੱਈ ਭੇਜਦਾ ਹੈ।ਅਗਰ ਜੇ ਉਹ ਚਾਹੇ ਤਾਂ ਉਹ ਉਸ ਏਜੰਟ ਨਾਲ ਗੱਲ ਕਰ ਲਵੇਗਾ ਉਸ ਨੇ ਲੱਖ ਕੁ ਰੁਪਿਆ ਦੇਣ ਦੀ ਮਦਦ ਦੀ ਵੀ ਗੱਲ ਕੀਤੀ।ਰਾਮੂੰ ਨੂੰ ਸੋਢੀ ਦੀ ਇਹ ਗੱਲ ਪਸੰਦ ਆਈ ਕਿ ਵਿਆਹ ਵਿੱਚ ਮਦਦ ਕਰਨ ਨਾਲੋਂ ਸੋਢੀ ਉਸ ਲਈ ਰੋਟੀ ਕਮਾਉਣ ਅਤੇ ਭੈਣਾਂ ਦੇ ਵਿਆਹ ਦੇ ਖਰਚੇ ਦੇ ਸਾਧਨ ਪੈਦਾ ਕਰਨ ਨੂੰ ਤਰਜ਼ੀਹ ਦਿੰਦਾ ਹੈ। ਰਾਮੂ ਨੇ ਆਪਣੇ ਦੋਸਤ ਸੋਢੀ ਦੀ ਇਹ ਸਲਾਹ ਆਪਣੇ ਬਾਪੂ ਗ਼ਰੀਬ ਦਾਸ ਨੂੰ ਦੱਸੀ। ਉਹ ਵੀ ਸੁਣ ਕੇ ਖੁਸ਼ ਹੋਇਆ ਕਿ ਦੋਸਤ ਹੋਵੇ ਤਾਂ ਸੋਢੀ ਵਰਗਾ, ਜਿਹੜਾ ਜਾਤ ਪਾਤ ਭੁੱਲ ਕੇ ਸਾਡੀ ਗ਼ਰੀਬਾਂ ਦੀ ਬਾਂਹ ਫੜ ਰਿਹਾ ਹੈ।
ਬਾਪੂ ਗ਼ਰੀਬ ਦਾਸ ਨੂੰ ਇਹ ਡੁਬੱਈ ਵਾਲੀ ਸਕੀਮ ਤਾਂ ਚੰਗੀ ਲੱਗੀ, ਪਰ ਦੋ ਲੱਖ ਰੁਪਿਆ ਪੂਰਾ ਕਰਨ ਲਈ ਇੱਕ ਲੱਖ ਰੁਪਿਆ ਹੋਰ ਕਿੱਥੋਂ ਆਏਗਾ? ਗ਼ਰੀਬੂ ਨੂੰ ਤਜਵੀਜ਼ ਸੁੱਝੀ ਕਿ ਕਿਉਂ ਨਾ ਪਿੰਡ ਦੇ ਸ਼ਾਹੂਕਾਰ ਧੰਨੀ ਰਾਮ ਪਾਸੋਂ ਇੱਕ ਲੱਖ ਰੁਪਏ ਕਰਜ਼ੇ ਦੀ ਬੇਨਤੀ ਕੀਤੀ ਜਾਵੇ। ਪਰ ਇਸ ਗ਼ਰੀਬ ਪਾਸ ਗਿਰਵੀ ਰੱਖਣ ਲਈ ਨਾ ਕੋਈ ਗਹਿਣਾ ਗੱਟਾ ਅਤੇ ਨਾਂ ਹੀ ਕੋੲੈ ਹੋਰ ਪੂੰਜੀ। ਇਹ ਰਕਮ ਵੀ ਵੱਡੀ ਸੀ। ਲੋਕੀ ਤਾਂ ਦਸ ਵੀਹ ਹਜ਼ਾਰ ਰੁਪਿਆ ਕਰਜ਼ਾ ਲੈਣ ਲਈ ਸੌ-ਸੌ ਵੇਲਣ ਵੇਲਦੇ ਹਨ, ਪਰ ਉਸ ਨੂੰ ਲੱਖ ਰੁਪਿਆ ਬਿਨਾਂ ਕਿਸੇ ਪੂੰਜੀ ਜਾਂ ਜਮਾਨਤ ਤੋਂ ਕੌਣ ਦੇਵੇਗਾ?
ਗ਼ਰੀਬੂ ਹੌਂਸਲਾ ਕਰਕੇ ਧਨੀ ਪਾਸ ਗਿਆ ਤੇ ਇੱਕ ਲੱਖ ਰੁਪਏ ਕਰਜ਼ੇ ਦੀ ਬੇਨਤੀ ਕੀਤੀ। ਉਹ ਮੂੰਹ ਵਿੱਚ ਪੈਨ ਫਸਾਈ ਗ਼ਰੀਬੂ ਦੇ ਮੂੰਹ ਵੱਲ ਦੇਖਣ ਲੱਗ ਪਿਆ ਤੇ ਪੁੱਛਣ ਲੱਗਾ, ''ਤੇਰੇ ਪਾਸ ਗਹਿਣੇ ਰੱਖਣ ਲਈ ਕੋਈ ਪੂੰਜੀ ਹੈ?'' ਗ਼ਰੀਬੂ ਫ਼ਿਕਰਾਂ ਵਿੱਚ ਪੈ ਗਿਆ ਅਤੇ ਕੁੱਝ ਚਿਰ ਸੋਚ ਕੇ ਬੋਲਿਆ, ''ਧੰਨੀ ਰਾਮ ਜੀ, ਇਸੇ ਕਰਕੇ ਤੇਰੇ ਅੱਗੇ ਪੱਲਾ ਅੱਡਿਆ, ਕਿ ਤੂੰ ਸਾਡੀ ਝੋਲੀ ਖਾਲੀ ਨਹੀਂ ਮੋੜੇਂਗਾ!'' ਧੰਨੀ ਰਾਮ ਗ਼ਰੀਬੂ ਦੀ ਇਸ ਮਜ਼ਬੂਰੀ ਨੂੰ ਭਲੀ-ਭਾਂਤ ਜਾਣ ਗਿਆ। ਇੱਕ ਚਲਾਕ ਬਾਣੀਏ ਵਾਂਗ ਬੋਲਿਆ, ''ਗ਼ਰੀਬੂ ਦੇਖ ਏਡੀ ਵੱਡੀ ਰਕਮ ਦੇ ਕੇ ਕੋਈ ਵੀ ਸ਼ਾਹੂਕਾਰ ਜੂਹਾ ਨਹੀਂ ਖੇਡਣ ਲੱਗਾ, ਮੈਨੂੰ ਕੋਈ ਤਾਂ ਜਮਾਨਤ ਚਾਹੀਦੀ ਹੀ ਹੈ। ਇਸ ਤਰ੍ਹਾਂ ਕਰ ਕਿ ਆਪਣੀ ਵੱਡੀ ਲੜਕੀ ਮੇਰੇ ਘਰ ਰੋਟੀ ਟੁੱਕ ਅਤੇ ਸਫ਼ਾਈ ਨੂੰ ਭੇਜ ਦਿਆ ਕਰ। ਇਸ ਨਾਲ ਮੈਨੂੰ ਇਕੱਲੇ ਨੂੰ ਰੋਟੀਆਂ ਲਈ ਹੱਥ ਨਹੀਂ ਸਾੜਣੇ ਪੈਣਗੇ ਅਤੇ ਤੈਨੂੰ ਵਿਆਜ਼ ਨਾ ਦੇਣਾ ਪਏਗਾ।ਜਦੋਂ ਤੇਰੇ ਪਾਸ ਪੈਸੇ ਹੋਏ ਤਾਂ ਮੂਲ ਮੋੜ ਦੇਵੀ।''
ਗ਼ਰੀਬੂ ਨੂੰ ਧੰਨੀ ਦੀ ਇਹ ਸਲਾਹ ਚੰਗੀ ਲੱਗੀ।ਉਹ ਘਰ ਆ ਕੇ ਆਪਣੀ ਘਰਵਾਲੀ ਰਾਮ ਰੱਖੀ ਨੂੰ ਆਖਣ ਲੱਗਾ ਕਿ ਧੰਨੀ ਕਰਜ਼ੇ ਨੂੰ ਤਾਂ ਮੰਨ ਗਿਆ ਹੈ, ਪਰ ਆਪਣੀ ਸੁਮਿੱਤਰੀ ਨੂੰ ਉਸਦੇ ਘਰ ਕੰਮ ਕਰਨਾ ਪਵੇਗਾ। ਇਕੱਲਾ ਇੱਕਹਿਰਾ ਹੈ, ਘਰ ਰੋਟੀ ਟੁੱਕ ਦਾ ਕੋਈ ਸਾਧਨ ਵੀ ਨਹੀਂ। ਰਾਮ ਰੱਖੀ ਦਾ ਇਹ ਗੱਲ ਸੁਣ ਕੇ ਕਲੇਜਾ ਹਿੱਲ ਗਿਆ।ਉਹ ਆਪਣੀ ਧੀ ਨੂੰ ਕਿਸੇ ਦੇ ਘਰ ਇਸ ਤਰ੍ਹਾਂ ਇਕੱਲਿਆਂ ਭੇਜਣਾ ਨਹੀਂ ਚਾਹੁੰਦੀ ਸੀ।ਹੁਣ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਇੱਕ ਪਾਸੇ ਆਪਣੇ ਮੁੰਡੇ ਦਾ ਡੁਬੱਈ ਜਾਣ ਦੀ ਵੱਡੀ ਰਕਮ ਦਾ ਫ਼ਿਕਰ, ਦੂਸਰੇ ਪਾਸੇ ਧੀ ਨੂੰ ਇਕੱਲਿਆਂ ਕਿਸੇ ਬੰਦੇ ਦੇ ਘਰ ਵਿੱਚ ਕੰਮ 'ਤੇ ਭੇਜਣ ਦਾ ਤੌਖ਼ਲਾ।ਜਦੋਂ ਮਾਪਿਆਂ ਨੇ ਸੁਮਿੱਤਰੀ ਨੂੰ ਧੰਨੀ ਦੇ ਘਰ ਕੰਮ ਕਰਨ ਵਾਰੇ ਪੁੱਛਿਆ ਤਾਂ ਉਸ ਗ਼ਰੀਬ ਧੀ ਪਾਸ ਹੋਰ ਰਸਤਾ ਵੀ ਕੀ ਸੀ? ਨਾਂਹ ਕਰਦੀ ਤਾਂ ਭਰਾ ਦਾ ਭਵਿੱਖ ਨ੍ਹੇਰੇ ਵਿੱਚ ਦਿੱਸਦਾ। ਉਸ ਨੇ ਨਾਂ ਚਾਹੁੰਦੀ ਨੇ ਵੀ ਕੌੜਾ ਘੁੱਟ ਪੀ ਲਿਆ।ਇੱਕ ਮਜ਼ਬੂਰੀ ਵਿੱਚ ਕਿਸੇ ਗ਼ਰੀਬ ਨੂੰ ਕਿਨ੍ਹਾਂ ਹਾਲਾਤਾਂ ਵਿੱਚੋਂ ਲੰਘਣਾ ਪੈਂਦਾ ਹੈ, ਉਹੀ ਜਾਣਦੇ ਹਨ।
ਦੂਸਰੇ ਦਿਨ ਗ਼ਰੀਬੂ ਧੰਨੀ ਰਾਮ ਤੋਂ ਇੱਕ ਲੱਖ ਦਾ ਕਰਜ਼ਾ ਲੈ ਆਇਆ 'ਤੇ ਸੁਮਿੱਤਰੀ ਉਸਦੇ ਘਰ ਸਾਫ਼ ਸਫ਼ਾਈ ਅਤੇ ਰੋਟੀ ਟੁੱਕ ਕਰਨ ਜਾਣ ਲੱਗ ਪਈ।ਰਾਮੂੰ ਪੈਸਿਆਂ ਦਾ ਇੰਤਜ਼ਾਮ ਹੁੰਦਿਆਂ ਸਾਰ ਡੁੱਬਈ ਚਲਾ ਗਿਆ। ਸੁਮਿੱਤਰੀ ਕੀ ਜਾਣਦੀ ਸੀ ਕਿ ਧੰਨੀ ਰਾਮ ਨੇ ਇਸ ਦੇ ਬਾਪੂ ਨੂੰ ਪੈਸੇ ਦੇ ਕੇ ਕਿਸ ਤਰ੍ਹਾਂ ਇਸ ਤੇ ਆਪਣੀ ਹੱਵਸ ਦੀ ਨਿਗਾਹ ਰੱਖਣੀ ਹੈ? ਧੰਨੀ ਦੀ ਤਾਂ ਇਹ ਸੋਚੀ ਸਮਝੀ ਸਕੀਮ ਸੀ ਕਿ ਕਿਵੇਂ ਗਰੀਬੀ ਨੂੰ ਕੈਸ਼ ਕਰਨਾ ਹੈ। ਦਿਨਾਂ-ਦਿਨਾਂ ਵਿੱਚ ਹੀ ਧੰਨੀ ਨੇ ਸੁਮਿੱਤਰੀ ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ।ਸੁਮਿੱਤਰੀ ਨੂੰ ਇਸ ਧੰਨੀ ਦੀਆਂ ਹਰਕਤਾਂ ਕੋਝੀਆਂ ਲੱਗਦੀਆਂ, ਪਰ ਉਹ ਤਾਂ ਬਾਪੂ ਦੇ ਕਰਜ਼ੇ ਦੀ ਮਜ਼ਬੂਰੀ ਵਿੱਚ ਕੰਮ ਕਰਨ ਲਈ ਮੰਨੀ ਸੀ।ਧੰਨੀ ਦੀ ਹੱਵਸ ਦੀ ਅੱਗ ਸੁੱਲਗਦੀ-ਸੁੱਲਗਦੀ ਭਾਂਬੜ ਬਣ ਗਈ, ਅਤੇ ਇੱਕ ਦਿਨ ਸੁਮਿੱਤਰੀ ਦੀ ਇੱਜ਼ਤ ਇਸ ਹੱਬਸ ਦੀ ਅੱਗ ਵਿੱਚ ਸੁੱਲਘ ਗਈ।ਸੁਮਿੱਤਰੀ ਬੜੇ ਹੀ ਗੁੱਸੇ ਵਿੱਚ ਸੋਚਣ ਲੱਗੀ ਕਿ ਉਸ ਪਾਸ ਦੋ ਹੀ ਰਾਹ ਹਨ, ਜਾਂ ਤਾਂ ਕਿਸੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਵੇ, ਜਾਂ ਫਿਰ ਇਹ ਹਾਦਸਾ ਆਪਣੇ ਬਾਪੂ ਨੂੰ ਦੱਸ ਦੇਵੇ।ਦੂਸਰੇ ਪਾਸੇ ਖ਼ਿਆਲ ਆਉਣ ਲੱਗੇ ਕਿ ਉਸ ਦਾ ਵੀਰ ਅਜੇ ਤਾਜ਼ਾ-ਤਾਜ਼ਾ ਡੁਬੱਈ ਗਿਆ ਹੈ, ਕਿਤੇ ਧੰਨੀ ਮੇਰੇ ਬਾਪੂ ਪਾਸੋਂ ਕਰਜ਼ਾ ਨਾ ਮੰਗ ਲਵੇ। ਇਸ ਨੂੰ ਇਹ ਵੀ ਡਰ ਸੀ ਕਿ ਇਨ੍ਹਾਂ ਅਮੀਰਾਂ ਦੇ ਉੱਪਰ ਤੱਕ ਪੈਰ ਹੁੰਦੇ ਹਨ, ਸਾਡੀ ਗਰੀਬ ਦੀ ਕਿਸ ਨੇ ਸੁਣਨੀ ਹੈ? ਇਹ ਤਾਂ ਚਾਰ ਪੈਸੇ ਦੇ ਕੇ ਛੁੱਟ ਜਾਵੇਗਾ ਪਰ ਸਾਡੀ ਗਰੀਬਾਂ ਦੀ ਤਾਂ ਦੁਨੀਆਂ ਵਿੱਚ ਹੋਏ-ਹੋਏ ਹੋਵੇਗੀ ਅਤੇ ਉੱੱਤੋਂ ਧੰਨੀ ਨਾਲ ਜ਼ਾਤੀ ਦੁਸ਼ਮਣੀ।ਸਾਰੀਆਂ ਗੱਲਾਂ ਦਾ ਮਨ ਵਿੱਚ ਉਬਾਲ ਆਉਣ ਦੇ ਬਾਵਜੂਦ, ਸੁਮਿੱਤਰੀ ਆਪਣੇ 'ਤੇ ਬੀਤੀ ਆਪਣੇ ਤੱਕ ਸੀਮਤ ਰੱਖਣ ਤੇ ਮਜ਼ਬੂਰ ਹੋ ਗਈ।
ਰਾਮੂੰ ਡੁਬੱਈ ਵਿੱਚ ਆਪਣੇ ਦੋ ਸਾਲਾਂ ਦੇ ਮਿਲੇ ਕੰਮ ਦੇ ਠੇਕੇ ਦੇ ਮੁਤਾਬਕ ਕਿਸੇ ਕੰਪਨੀ ਵਿੱਚ ਕੰਮ ਕਰਦਾ ਰਿਹਾ। ਮਹੀਨੇ ਦੇ ਤੀਹ ਕੁ ਹਜ਼ਾਰ ਰੁਪਏ ਮਿਲਦੇ ਸਨ, ਉਨਾਂ ਵਿੱਚੋਂ ਅੱਧੇ ਕੁ ਉੱਥੇ ਰਹਿਣ ਦੇ ਖ਼ਰਚ ਹੋ ਜਾਂਦੇ ਸਨ।ਫਿਰ ਵੀ ਪੰਦਰਾਂ ਵੀਹ ਹਜ਼ਾਰ ਰੁਪਿਆ ਮਹੀਨਾ ਬਚਾ ਕੇ ਆਪਣੇ ਬਾਪੂ ਨੂੰ ਭੇਜ ਦਿੰਦਾ।ਰਾਮੂੰ ਆਪਣੀ ਤੀਹ ਹਜ਼ਾਰ ਦੀ ਰਕਮ ਨੂੰ ਵੀ ਚੰਗਾ ਸਮਝਦਾ, ਕਿਉਂਕਿ ਪਿੰਡ ਉਸਨੂੰ ਦਿਹਾੜੀਆਂ ਲਾ ਕੇ ਮਸਾਂ ਪੰਜ ਛੇ ਹਜ਼ਾਰ ਰੁਪਏ ਮਿਲਦੇ ਸਨ।
ਰਾਮੂੰ ਦਾ ਦੋ ਸਾਲ ਦਾ ਠੇਕਾ ਮੁੱਕ ਗਿਆ।ਪਰ ਇਸ ਦੇ ਠੇਕੇਦਾਰ ਨੇ ਇਸ ਦੇ ਮਿਹਨਤੀ ਸੁਭਾਅ ਕਰਕੇ ਇਸ ਦੇ ਵੀਜ਼ੇ ਦੀ ਮਿਆਦ ਦੋ ਸਾਲ ਹੋਰ ਵਧਾ ਦਿੱਤੀ।ਰਾਮੂ ਨੂੰ ਖੁਸ਼ੀ ਹੋਈ ਕਿ ਹੁਣ ਅਗਲੇ ਦੋ ਸਾਲਾਂ ਵਿੱਚ ਉਹ ਧੰਨੀ ਰਾਮ ਦਾ ਕਰਜ਼ਾ ਮੋੜ ਦੇਵੇਗਾ ਅਤੇ ਕੁੱਝ ਪੈਸੇ ਵਿਆਹ ਲਈ ਵੀ ਜੁੜ ਜਾਣਗੇ।ਪਰ ਇਸ ਵਿਚਾਰੇ ਨੂੰ ਕੀ ਪਤਾ ਸੀ ਕਿ ਇਸ ਦੀ ਭੈਣ ਨਾਲ ਕੀ ਬੀਤੀ ਹੈ? ਪਤਾ ਨਹੀਂ ਕਿੰਨੇ ਹੀ ਗ਼ਰੀਬਾਂ ਦੀਆਂ ਧੀਆਂ ਇਸ ਅਜ਼ਾਦ ਭਾਰਤ ਵਿੱਚ ਮਾਪਿਆਂ ਦੀ ਇਸ ਮਜ਼ਬੂਰੀ ਤੇ ਪਰਦਾ ਪਾਉਂਦੀਆਂ ਆਪਣੀਆਂ ਇੱਜ਼ਤਾਂ ਤੇ ਖੇਡ ਗਈਆਂ ਪਰ ਡਾਢੇ ਸਮਾਜ ਅੱਗੇ ਮੂੰਹ ਨਾ ਖੋਲ ਸਕੀਆਂ।ਭਾਰਤੀ ਪ੍ਰਸ਼ਾਸਨ ਫਿਰ ਵੀ ਅਮੀਰਾਂ ਦਾ ਹੀ ਪੱਖ ਪੂਰਦਾ ਹੈ।ਗਰੀਬ ਪਾਸ ਆਪਣੀ ਬੁੱਕਲ ਵਿੱਚ ਸਿਰ ਲਕੋ ਕੇ ਰੋਣ ਬਿਨਾਂ ਕੋਈ ਚਾਰਾ ਨਹੀਂ।
ਰਾਮੂੰ ਦੀ ਕਿਸਮਤ ਨੇ ਮੋੜਾ ਖਾਧਾ।ਡੁਬੱਈ ਰਹਿੰਦਿਆਂ ਇਸ ਦੇ ਕੰਮ ਦੇ ਕਿਸੇ ਸਾਥੀ ਨੇ ਇੱਕ ਏਜੰਟ ਨਾਲ ਇੰਗਲੈਂਡ ਜਾਣ ਦੀ ਵਿਉਂਤ ਘੜੀ।ਇਹ ਏਜੰਟ ਪਹਿਲਾਂ ਫਰਾਂਸ ਲਿਜਾਂਦਾ ਅਤੇ ਮੌਕਾ ਪੈਣ ਦੇ ਸਮੁੰਦਰ ਰਸਤੇ ਬਾਰਡਰ ਪਾਰ ਕਰਾ ਦਿੰਦਾ। ਪਰ ਆਪਣੇ ਗਾਹਕਾਂ ਨੂੰ ਇਹ ਜ਼ਰੂਰ ਦੱਸ ਦਿੰਦਾ ਕਿ ਰਸਤਾ ਖ਼ਤਰਨਾਕ ਹੈ, 'ਤੇ ਉਹ ਆਪਣੀ ਜਾਨ ਦੇ ਆਪ ਜ਼ਿੰਮੇਵਾਰ ਹੋਣਗੇ। ਇਸ ਖ਼ਤਰਨਾਕ ਕੰਮ ਦੇ ਪੈਸੇ ਵੀ ਡਾਢੇ ਲੈ ਲੈਂਦਾ ਸੀ।ਇੰਨੇ ਰਿਸਕੀ ਕੰਮ ਹੋਣ ਦੇ ਬਾਵਜੂਦ ਵੀ ਹਜ਼ਾਰਾਂ ਮੁੰਡੇ ਵੱਡੀਆਂ ਰਕਮਾਂ ਦੇ ਕੇ ਆਪਣੀਆਂ ਜਾਨਾਂ ਦੀ ਬਾਜ਼ੀ ਲਗਾ ਕੇ, ਰੋਜ਼ੀ ਰੋਟੀ ਖ਼ਾਤਰ ਵਿਕਸਿਤ ਮੁਲਕਾਂ ਵੱਲ ਵਹੀਰਾਂ ਘੱਤੀ ਬੈਠੇ ਹਨ।ਰਾਮੂੰ ਇਹ ਖ਼ਤਰਾ ਮੁੱਲ ਲੈ ਕੇ ਇੰਗਲੈਂਡ ਆ ਗਿਆ।ਜਿਹੜੇ ਚਾਰ ਪੈਸੇ ਆਪਣੀ ਭੈਣ ਦੀ ਵਿਆਹ ਅਤੇ ਸ਼ਾਹੂਕਾਰ ਦਾ ਕਰਜ਼ਾ ਲਾਹੁਣ ਲਈ ਜੋੜੇ ਸਨ, ਇਸ ਕਾਰਜ ਵਿੱਚ ਲਾ ਦਿੱਤੇ।
ਰਾਮੂੰ ਦਾ ਇੰਗਲੈਂਡ ਵਿੱਚ ਕੋਈ ਨਜ਼ਦੀਕੀ ਰਿਸ਼ਤੇਦਾਰ ਨਾ ਹੋਣ ਕਰਕੇ ਇਸ ਨੂੰ ਰਿਹਾਇਸ਼ ਦੀ ਬੜੀ ਕਠਿਨਾਈ ਆਈ। ਬਲੈਕ ਬੰਦਿਆਂ ਨੂੰ ਇੰਮੀਗਰੇਸ਼ਨ ਵਾਲਿਆਂ ਦੀ ਫੜ ਫੜਾਈ ਤੋਂ ਡਰਦਿਆਂ, ਇਸ ਨੂੰ ਕੋਈ ਬੰਦਾ ਕਮਰਾ ਕਿਰਾਏ ਤੇ ਨਾ ਦੇਵੇ। ਹਰ ਰੋਜ਼ ਨਾਲ ਲੱਗਦੇ ਗੁਰਦੁਆਰੇ ਜਾ ਕੇ, ਨਾਲੇ ਲੰਗਰ ਖਾ ਆਉਂਦਾ ਅਤੇ ਨਾਲ ਹੀ ਉੱਥੇ ਰਾਤ ਕੱਟ ਲੈਂਦਾ।ਰਾਮੂ ਵਾਹਿਗੁਰੂ ਅੱਗੇ ਰੋਜ਼ ਅਰਦਾਸ ਕਰਦਾ ਕਿ ਕਦੇ ਉਸ ਵਿਚਾਰੇ ਦੀ ਵੀ ਸੁਣੇ ਅਤੇ ਕੋਈ ਰਹਿਣ ਦਾ ਉਪਾਅ ਕਰੇ।ਇੱਕ ਐਤਵਾਰ ਇੱਕ ਸੱਜਣ ਜਿਸ ਨੂੰ ਲੋਕ ਸ਼ੀਰਾ ਕਰਕੇ ਸੱਦਦੇ ਸਨ, (ਇਸ ਵਾਂਗ ਬਲੈਕ ਰਹਿਣ ਵਾਲਾ) ਗੁਰਦੁਆਰੇ ਮੱਥਾ ਟੇਕਣ ਆਇਆ।ਇਸ ਦੀ ਨਿਗਾਹ ਰਾਮੂੰ ਤੇ ਪੈ ਗਈ।ਇਸ ਨੂੰ ਲੱਗਾ ਕਿ ਇਹ ਵੀ ਉਸ ਵਾਂਗ ਫੌਜੀ (ਰਫਿਊਜੀ) ਹੈ।ਜਿਵੇਂ ਇੱਕ ਚੋਰ ਨੂੰ ਦੂਸਰੇ ਚੋਰ ਦੀ ਪਹਿਚਾਣ ਹੁੰਦੀ ਹੈ,ਇਸੇ ਤਰ੍ਹਾਂ ਇੰਮੀਗਰੇਸ਼ਨ ਤੋਂ ਬਿਨਾਂ ਰਫ਼ਿਊਜੀਆਂ, (ਫ਼ੌਜੀਆਂ) ਨੂੰ ਵੀ ਦੂਸਰੇ ਰਫ਼ਿਊਜੀਆਂ ਦੀ ਪਹਿਚਾਣ ਹੁੰਦੀ ਹੈ।
ਸ਼ੀਰਾ ਲੰਗਰ ਹਾਲ ਵਿੱਚ ਆਪਣੀ ਥਾਲੀ ਲਿਆ ਕੇ ਰਾਮੂੰ ਪਾਸ ਲੰਗਰ ਛੱਕਣ ਲੱਗ ਪਿਆ।ਖਾਂਦਿਆਂ-ਖਾਂਦਿਆਂ ਜਾਣ ਪਹਿਚਾਣ ਕੱਢ ਲਈ। ਜਦੋਂ ਰਾਮੂੰ ਨੇ ਆਪਣੇ ਰਿਹਾਇਸ਼ ਅਤੇ ਕੰਮ ਨਾ ਮਿਲਣ ਦੀ ਗਾਥਾ ਸੁਣਾਈ ਤਾਂ ਸ਼ੀਰੇ ਨੇ ਇਸ ਨੂੰ ਸਲਾਹ ਦਿੱਤੀ ਕਿ ਇਹ ਉਸਨੂੰ ਲੰਡਨ ਕਿਸੇ ਬਾਹਰਲੇ ਕੰਮ ਤੇ ਲੁਆ ਦੇਵੇਗਾ, 'ਤੇ ਇਹ ਦੋਵੇਂ ਵੈਨ ਵਿੱਚ ਜਿਸ ਵਿੱਚ ਇੱਥੋਂ ਹੋਰ ਵੀ ਕਾਮੇ ਕੰਮ ਤੇ ਜਾਂਦੇ ਹਨ, ਨਾਲ ਚਲੇ ਜਾਇਆ ਕਰਨਗੇ।ਰਿਹਾਇਸ਼ ਵੀ ਦੋਵੇਂ ਇਕੱਠੇ ਇੱਕ ਕਮਰੇ ਵਿੱਚ ਕਰ ਲੈਣਗੇ।ਇਹ ਕੰਮ ਹੈ ਤਾਂ ਭਾਰਾ ਅਤੇ ਸਦਾ ਮੀਂਹ ਹਨ੍ਹੇਰੀਆਂ ਅਤੇ ਬਰਫ਼ ਪੈਂਦੀ ਵਿੱਚ ਹੀ ਕਰਨਾ ਪੈਂਦਾ ਹੈ।ਸ਼ੀਰੇ ਦੀ ਗੱਲ ਸੁਣ ਕੇ ਰਾਮੂੰ ਨੇ ਇਕਦੱਮ ਹਾਂ ਕਰ ਦਿੱਤੀ ਕਿ ਕੱਲ੍ਹ ਤੋਂ ਹੀ ਇਹ ਉਸ ਨਾਲ ਕੰਮ 'ਤੇ ਚਲਾ ਜਾਵੇਗਾ।
ਮਜ਼ਬੂਰੀ ਵੱਸ ਰਾਮੂੰ ਨੇ ਸ਼ੀਰੇ ਨਾਲ ਕੰਮ 'ਤੇ ਤਾਂ ਜਾਣਾ ਸ਼ੁਰੂ ਕਰ ਦਿੱਤਾ। ਪਰ ਇੰਗਲੈਂਡ ਦਾ ਠੰਡਾ ਮੌਸਮ, ਉਪਰੋਂ ਬਰਫ਼ਬਾਰੀ ਅਤੇ ਤੇਜ਼ ਹਵਾਵਾਂ। ਰਾਮੂ ਦੇ ਠੰਡ ਨਾਲ ਕੰਨ ਮੂੰਹ ਲਾਲ ਹੋ ਜਾਣੇ। ਅੱਖਾਂ ਵਿੱਚੋਂ ਸੀਤ ਲਹਿਰ ਨਾਲ ਪਾਣੀ ਵੱਗਣ ਤੋਂ ਨਾ ਹਟੇ।ਇੱਧਰ ਸੁਪਰਵਾਈਜ਼ਰ ਕੰਮ ਨੂੰ ਸੀਮਤ ਸਮੇਂ ਵਿੱਚ ਨਿਬੇੜਨ ਦੀ ਤਾੜਨਾ ਕਰੇ। ਮਜ਼ਬੂਰੀ ਇਨਸਾਨ ਤੋਂ ਕੀ ਨਹੀਂ ਕਰਾਉਂਦੀ। ਭਾਰਤ ਵਿੱਚ ਬੈਠਾ ਕੋਈ ਵੀ ਇਨਸਾਨ ਇਹ ਸੋਚਦਾ ਹੋਏਗਾ ਕਿ ਇਹ ਪ੍ਰਵਾਸੀ (NRI) ਧੜਾ ਧੜ ਕੋਠੀਆਂ ਬਣਾਈ ਜਾ ਰਹੇ ਹਨ।ਜਦੋਂ ਕਦੇ ਛੁੱਟੀਆਂ ਵਿੱਚ ਭਾਰਤ ਜਾਂਦੇ ਹਨ ਤਾਂ ਪੈਸਾ ਖ਼ਰਚਨ ਲੱਗੇ ਅੱਗਾ ਪਿੱਛਾ ਨਹੀਂ ਦੇਖਦੇ।ਜ਼ਨਾਨੀਆਂ ਮਹਿੰਗਾ ਸੂਟ ਲੈਣ ਲੱਗੀਆਂ ਦੁਕਾਨਦਾਰ ਨੂੰ ਭਾਅ ਘੱਟ ਕਰਨ ਨੂੰ ਨਹੀਂ ਪੁੱਛਦੀਆਂ, ਚਾਹੇ ਜਿੰਨੀ ਮਰਜ਼ੀ ਛਿੱਲ ਲਾਹ ਲਵੇ। ਇਨ੍ਹਾਂ ਨੂੰ ਕੌਣ ਦੱਸੇ ਕਿ ਇਹੋ ਜਿਹੀਆਂ ਭਿਆਨਕ ਰੁੱਤਾਂ ਅਤੇ ਖ਼ਤਰਨਾਕ ਹਾਲਤਾਂ ਵਿੱਚ ਕਿਵੇਂ ਪੌਂਡ ਅਤੇ ਡਾਲਰ ਕਮਾਏ ਜਾਂਦੇ ਹਨ?
ਰਾਮੂੰ ਮਨ ਮਾਰ ਕੇ ਮਿਹਨਤ ਨਾਲ ਇੰਗਲੈਂਡ ਕੰਮ ਕਰਦਾ ਗਿਆ।ਪੰਜ ਛੇ ਸਾਲ ਲੰਘ ਗਏ। ਕੋਈ ਪੱਕੇ ਹੋਣ ਦਾ ਤਾਂ ਚਾਂਸ ਹੀ ਨਹੀਂ ਸੀ।ਇੱਥੋਂ ਦੀ ਜੰਮਪਲ ਕੁੜੀ ਭਾਰਤ ਦੇ ਮੁੰਡਿਆਂ ਨਾਲ ਵਿਆਹ ਨਹੀਂ ਕਰਦੀਆਂ ਬੱਸ ਪੈਸਾ ਕਮਾਉਣਾ ਹੀ ਰਾਮੂੰ ਦੀ ਜ਼ਿੰਦਗੀ ਬਣ ਗਿਆ ਸੀ।ਇਸ ਦੀ ਆਪਣੀ ਉਮਰ ਤੀਹਾਂ ਨੂੰ ਟੱਪ ਗਈ ਸੀ। ਪਿੱਛੇ ਪੰਜਾਬ ਵਿੱਚ ਭੈਣਾਂ ਦੀ ਉਮਰ ਵੀ ਵਿਆਹ ਤੋਂ ਟੱਪਦੀ ਜਾ ਰਹੀ ਸੀ।ਕਦੇ-ਕਦੇ ਸੋਚਦਾ ਕਿ ਹੁਣ ਭੈਣਾਂ ਦੇ ਵਿਆਹਾਂ ਜੋਗਾ ਪੈਸਾ ਤਾਂ ਜੋੜ ਲਿਆ ਹੈ, ਕਿਉਂ ਨਾ ਵਾਪਸ ਪੰਜਾਬ ਮੁੜਿਆ ਜਾਵੇ।ਪਰ ਫਿਰ ਵਿਆਹਾਂ ਤੋਂ ਬਾਅਦ ਬੇਕਾਰੀ ਦਾ ਦੈਂਤ ਸਾਹਮਣੇ ਖੜ੍ਹਾ ਨਜ਼ਰ ਆਉਣ ਲੱਗਦਾ।
ਮੁਸ਼ਕਲਾਂ ਅਤੇ ਮੁਸੀਬਤਾਂ ਦੀ ਲੜਾਈ ਲੜਦਾ ਇਹ ਸਾਹਸੀ ਯੋਧਾ, ਫਿਰ ਵੀ ਕਿਸੇ ਉੱਜਲੇ ਭਵਿੱਖ ਦੀ ਆਸ ਲਾਈ ਬੈਠਾ ਸੀ।ਆਪਣਾ ਇਰਾਦਾ ਪੱਕਾ ਕਰਕੇ ਹਨ੍ਹੇਰੇ ਦੀ ਸੁਰੰਗ ਵਿੱਚੋਂ ਸੂਰਜ ਦੀ ਕਿਰਨ ਭਾਲਦਾ।ਇੰਗਲੈਂਡ ਵਿੱਚ ਪਹੁੰਚਣ ਵਾਂਗ ਸਦਾ ਹੀ ਯਤਨਸ਼ੀਲ ਰਹਿੰਦਾ ਕਿ ਕੋਈ ਨਾ ਕੋਈ ਰਾਹ ਲੱਭ ਕੇ ਜਾਂ ਤਾਂ ਇੰਗਲੈਂਡ ਵਿੱਚ ਪੱਕਿਆਂ ਹੋਇਆ ਜਾਵੇ, ਜਾਂ ਫਿਰ ਕਿਸੇ ਹੋਰ ਮੁਲਕ ਦੀ ਉਡਾਰੀ ਮਾਰੀ ਜਾਵੇ।ਚਾਹ ਨੂੰ ਰਾਹ ਦੇ ਵਾਂਗ ਇਸ ਨੇ ਦੁਬਾਰਾ ਆਪਣੇ ਦੋਸਤ ਸੋਢੀ ਨਾਲ ਆਪਣੀ ਕਹਾਣੀ ਸਾਂਝੀ ਕੀਤੀ ਤੇ ਆਪਣੀ ਕੈਨੇਡਾ ਜਾਣ ਦੀ ਇੱਛਾ ਜਾਹਿਰ ਕੀਤੀ।ਸੋਢੀ ਨੇ ਉੱਡਦੀ ਜਿਹੀ ਜਾਣਕਾਰੀ ਦਿੱਤੀ ਕਿ ਵਲ਼ੈਤ ਅਤੇ ਹੋਰ ਯੂਰਪੀਅਨ ਮੁਲਕਾਂ ਤੋਂ ਮੁੰਡੇ ਬਲੈਕ ਵਿੱਚ ਤਾਂ ਆ ਰਹੇ ਹਨ, ਪਰ ਪੈਸਿਆਂ ਦੀਆਂ ਪੰਡਾਂ ਲੱਗ ਜਾਂਦੀਆਂ ਹਨ।ਏਜੰਟ ਕੈਨੇਡਾ ਪਹੁੰਚਾਉਣ ਤੱਕ ਪੰਦਰਾਂ ਵੀਹ ਲੱਖ ਰੁਪਿਆ ਲੈ ਲੈਂਦੇ ਹਨ।ਉਸਨੇ ਪੁੱਛਿਆ ਕਿ ਉਹ ਕਿੰਨੇ ਕੁ ਪੈਸੇ ਲਾ ਸਕਦਾ ਹੈ।ਰਾਮੂੰ ਨੇ ਆਖਿਆ ਕਿ ਉਹ ਦਸ ਕੁ ਲੱਖ ਤਾਂ ਲਾ ਦੇਵੇਗਾ ਪਰ ਇਸ ਤੋਂ ਵੱਧ ਨਹੀਂ। ਸੋਢੀ ਨੇ ਆਪਣੀ ਦੋਸਤੀ ਅਤੇ ਰਾਮੂ ਦੇ ਘਰ ਦੀ ਗ਼ਰੀਬੀ ਨੂੰ ਧਿਆਨ ਗੋਚਰੇ ਰੱਖਦੇ ਹੋਏ, ਬਾਕੀ ਰਕਮ ਆਪ ਲਾਉਣ ਦਾ ਵਾਇਦਾ ਕੀਤਾ।ਰਾਮੂੰ ਆਪਣੇ ਦੋਸਤ ਸੋਢੀ ਦੀ ਮੱਦਦ ਨਾਲ ਕੁੱਝ ਚਿਰ ਬਾਅਦ ਕੈਨੇਡਾ ਪਹੁੰਚ ਗਿਆ।
ਕੈਨੇਡਾ ਪਹੁੰਚ ਕੇ ਰਾਮੂੰ ਆਪਣੇ ਘਰ ਵਾਂਗ ਮਹਿਸੂਸ ਕਰ ਰਿਹਾ ਸੀ।ਕਿਉਂਕਿ ਇੱਥੇ ਇਸ ਦੇ ਦੋਸਤ ਨੇ ਘਰ ਵਿੱਚ ਹੀ ਰਿਹਾਇਸ਼ ਦੇ ਦਿੱਤੀ ਸੀ ਅਤੇ ਨਾਲ ਹੀ ਹੋਰ ਜਰੂਰੀ ਮੱਦਦ। ਇੱਥੇ ਸੋਢੀ ਨੇ ਤਰੱਕੀ ਕਰਦਿਆਂ ਆਪਣੀ ਟਰੱਕਾਂ ਦੀ ਕੰਪਨੀ ਚਲਾ ਰੱਖੀ ਸੀ।ਇਸ ਪਾਸ ਚਾਰ ਪੰਜ ਟਰੱਕ ਸਨ 'ਤੇ ਡਰਾਈਵਰ ਰੱਖ ਕੇ ਇਹ ਕੈਨੇਡਾ ਦੇ ਛੋਟੇ ਸ਼ਹਿਰਾਂ ਵਿੱਚ ਭਾੜਾ ਢੌਂਹਦਾ ਸੀ। ਸੋਢੀ ਨੇ ਰਾਮੂੰ ਨੂੰ ਇੱਕ ਟਰੱਕ ਡਰਾਈਵਰ ਨਾਲ ਸਹਾਇਤਾ ਕਰਨ ਦੀ ਨੌਕਰੀ ਦੇ ਦਿੱਤੀ।ਰਾਮੂੰ ਕਈ ਵਾਰ ਆਪਣੇ ਦੋਸਤ ਸੋਢੀ ਦੀ ਇਸ ਦੀ ਜ਼ਿੰਦਗੀ ਵਿੱਚ ਕੀਤੀ ਮਦਦ ਦੀ ਦਾਦ ਦਿੰਦਾ ਭਾਵੁਕ ਹੋ ਜਾਂਦਾ ਅਤੇ ਸੋਚਦਾ ਕਿ ਮੁਲਕ ਦੇ ਫ਼ਿਰਕੂ ਆਗੂਆਂ ਨੂੰ ਕੌਮ ਦੇ ਭਰਾਵਾਂ ਵਾਂਗ ਰਹਿੰਦੇ ਇਨਸਾਨਾਂ ਨੂੰ ਐਵੇਂ ਵੱਖ-ਵੱਖ ਵਰਗਾਂ ਵਿੱਚ ਵੰਡ ਕੇ ਸਮਾਜ ਨੂੰ ਅੱਡੋ-ਅੱਡ ਕੀਤਾ ਹੋਇਆ ਹੈ, ਤਾਂ ਕਿ ਆਪਣੀਆਂ ਰਾਜਨੀਤਿਕ ਰੋਟੀਆਂ ਸੇਕੀ ਜਾਣ ਅਤੇ ਸੱਤਾ ਤੇ ਕਾਬਜ਼ ਰਹਿਣ।
ਪਿੰਡਾਂ ਵਿੱਚ ਵੱਖ-ਵੱਖ ਧੜੇ ਬਣਾ ਕੇ, ਵੱਖ-ਵੱਖ ਗੁਰਦੁਆਰੇ ਬਣਾ ਕੇ ਧਰਮਾਂ ਦੀਆਂ ਵੰਡੀਆਂ ਪਾ ਦਿੱਤੀਆਂ ਹਨ। ਮਨੂੰ ਨੇ ਤਾਂ ਇਹ ਭੈੜੀ ਪ੍ਰਣਾਲੀ ਚਲਾਈ ਹੀ ਸੀ,ਪਰ ਮੌਜੂਦਾ ਆਗੂਆਂ ਨੇ ਇਸ ਬੀਮਾਰੀ ਨੂੰ ਦੂਰ ਕਰਨ ਦੀ ਬਿਜਾਏ ਸਗੋਂ ਸਮਾਜ ਵਿੱਚ ਅਸਿੱਧੇ ਤੌਰ 'ਤੇ ਜਾਤਾਂ ਪਾਤਾਂ ਨੂੰ ਤੂਲ ਦੇ ਕੇ ਆਪਣੇ ਹੀ ਰਾਜਸੀ ਜਾਂ ਸਿਆਸੀ ਮਸਲੇ ਹੱਲ ਕੀਤੇ। ਸਮਾਜ ਦੇ ਵੱਖ-ਵੱਖ ਵਰਗ ਇਸ ਦੀ ਬੀਮਾਰੀ ਦੀ ਜੜ੍ਹ ਤੱਕ ਜਾਣ ਦੀ ਬਿਜਾਏ ਆਪਸ ਵਿੱਚ ਹੀ ਉੱਲਝੇ ਪਏ ਨੇ।ਆਪਸ ਵਿੱਚ ਵੰਡੇ ਹੋਏ ਲੋਕੀਂ ਕਿਉਂ ਨਹੀਂ ਸਮਝ ਰਹੇ ਕਿ ਉਹ ਆਪ ਖ਼ੁਦ ਘੱਟ ਗਿਣਤੀਆਂ 'ਚੋਂ ਹਨ, ਇਸ ਤੋਂ ਉੱਪਰ ਹੋਰ ਵੰਡੀਆਂ ਪਾ ਕੇ ਹੋਰ ਕੀ ਖੱਟਣਗੇ?
ਰਾਮੂੰ ਸੋਢੀ ਦੀ ਕੰਪਨੀ ਵਿੱਚ ਹੁਣ ਇੱਕ ਸਿੱਖਿਅੱਕ ਡਰਾਈਵਰ ਬਣ ਗਿਆ।ਇਸ ਦਾ ਪੀ. ਆਰ. ਦਾ ਕੇਸ ਕਿਸੇ ਚੰਗੇ ਵਕੀਲ ਰਾਹੀਂ ਲਾ ਦਿੱਤਾ ਗਿਆ।ਸੋਢੀ ਕਦੇ ਵੀ ਇਸ ਗੱਲ ਦਾ ਨਜ਼ਾਇਜ ਫ਼ਾਇਦਾ ਨਾ ਲੈਂਦਾ ਕਿ ਰਾਮੂੰ ਅਜੇ ਕੈਨੇਡਾ ਵਿੱਚ ਕੱਚਾ ਹੈ। ਉਹ ਬਾਕੀ ਡਰਾਈਵਰਾਂ ਵਾਂਗ ਪੂਰੀ ਤਨਖ਼ਾਹ ਦਿੰਦਾ।ਰਾਮੂੰ ਆਰਥਿਕ ਤੌਰ 'ਤੇ ਪੂਰੀ ਤਰ੍ਹਾਂ ਆਪਣੇ ਪੈਰਾਂ 'ਤੇ ਖੜ੍ਹ ਗਿਆ ਸੀ। ਸਿਰਫ਼ ਹੁਣ ਲੋੜ ਸੀ ਕਿ ਇਸ ਨੂੰ ਪੀ. ਆਰ. (Permanenet Residence) ਮਿਲ ਜਾਵੇ। ਇੱਕ ਸਾਊ ਸੁਭਾਅ ਦਾ ਇਨਸਾਨ ਆਮ ਮੁੰਡਿਆਂ ਵਾਂਗ ਸ਼ਰਾਬ ਪੀਣ ਜਾਂ ਬਾਹਰ ਘੁੰਮਣ ਫਿਰਨ ਦਾ ਆਦੀ ਨਹੀਂ ਸੀ। ਕੰਮ ਤੋਂ ਘਰ ਅਤੇ ਘਰ ਤੋਂ ਕੰਮ।ਅਗਰ ਮਨ ਉਦਾਸ ਹੋਣਾ ਤਾਂ ਸੋਢੀ ਦੇ ਪਰਿਵਾਰ ਨਾਲ ਬੈਠ ਕੇ ਸਮਾਂ ਬਿਤਾ ਲੈਣਾ।ਸੋਢੀ ਨੇ ਇਸ ਨੂੰ ਆਪਣੇ ਘਰ ਦੀ ਬੇਸਮੈਂਟ ਦੇ ਰੱਖੀ ਸੀ ਅਤੇ ਇਹ ਰੋਟੀ ਪਾਣੀ ਸੋਢੀ ਦੇ ਪਰਿਵਾਰ ਨਾਲ ਹੀ ਖਾ ਲੈਂਦਾ। ਸੋਢੀ ਨੂੰ ਰਾਮੂੰ ਆਪਣਾ ਦੂਸਰਾ ਭਰਾ ਸਮਝਦਾ। ਇਸ ਕਰਕੇ ਇਸ ਦਾ ਦਿਲ ਕਦੇ ਉਦਾਸ ਨਾ ਹੁੰਦਾ।
ਰਾਮੂੰ ਦੇ ਇੰਮੀਗਰੇਸ਼ਨ (ਪੀ. ਆਰ.) ਦੇ ਕੇਸ ਨੂੰ ਹੁਣ ਸਾਲ ਤੋਂ ਉੱਪਰ ਹੋ ਗਿਆ ਸੀ। ਇਸ ਨੂੰ ਹੁਣ ਕਦੇ ਵੀ ਖੁਸ਼ੀ ਦੀ ਖ਼ਬਰ ਆ ਸਕਦੀ ਸੀ।ਪਿੱਛੇ ਪੰਜਾਬ ਵਿੱਚ ਮਾਪੇ ਆਪਣੇ ਪੁੱਤ ਅਤੇ ਭੈਣਾਂ ਹਰ ਰੋਜ਼ ਆਪਣੇ ਭਰਾ ਦਾ ਰਾਹ ਤੱਕਦੀਆ ਰਹਿੰਦੀਆਂ। ਰੋਜ਼ਾਨਾਂ ਵਾਂਗ ਅੱਜ ਵੀ ਰਾਮੂੰ ਨੇ ਵੈਨਕੂਵਰ ਤੋਂ ਟਰੱਕ ਦਾ ਲੋਡ ਲੱਦਿਆ 'ਤੇ ਕੈਮਲੂਪਸ ਲਈ ਟਰੱਕ ਤੌਰ ਲਿਆ। ਸਰਦੀਆਂ ਦੇ ਦਿਨ ਅਤੇ ਰਾਤ ਦੀ ਬਰਫ਼ਬਾਰੀ ਹੋਣ ਕਰਕੇ ਸੜਕਾਂ ਤੇ ਬਰਫ਼ ਜੰਮੀ ਪਈ ਸੀ।ਪਹਾੜੀ ਰਸਤਾ ਹੋਣ ਕਰਕੇ ਪਹਾੜਾਂ ਤੇ ਪਈ ਹੋਈ ਬਰਫ਼ ਇਉਂ ਲੱਗ ਰਹੀ ਸੀ, ਜਿਵੇਂ ਰੱਬ ਨੇ ਇੱਕ ਦੁੱਧ ਚਿੱਟੀ ਚਾਦਰ ਵਿਛਾ ਰੱਖੀ ਹੋਵੇ।ਸੜਕ ਤੇ ਵਿਰਲੀਆਂ ਹੀ ਗੱਡੀਆਂ ਚੱਲ ਰਹੀਆਂ ਸਨ।ਰਾਮੂੰ ਆਪਣੀ ਧੀਮੀ ਚਾਲੇ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਸੀ। ਭਾਵੇਂ ਹੁਣ ਬਰਫ਼ ਪੈਣੀ ਬੰਦ ਹੋ ਚੁੱਕੀ ਸੀ, ਪਰ ਫਿਰ ਵੀ ਹਵਾ ਵਿੱਚੋਂ ਬਰਫ਼ ਨਾਲ ਭਰੇ ਵਰੋਲੇ ਜਿਹੇ ਟਰੱਕ ਦੇ ਮੋਹਰਲੇ ਸ਼ੀਸ਼ੇ 'ਤੇ ਡਿੱਗ ਕੇ ਆਪਣੀ ਹੋਂਦ ਦਾ ਅਹਿਸਾਸ ਕਰਾ ਰਹੇ ਸਨ।ਰਾਮੂੰ ਗੱਡੀ ਦੇ ਵਾਈਪਰਾਂ ਦਾ ਬਟਨ ਨੱਪ ਕੇ ਬਰਫ਼ ਨੂੰ ਸ਼ੀਸ਼ੇ ਤੋਂ ਪਰ੍ਹੇ ਕਰਨ ਦੀ ਕੋਸ਼ਿਸ਼ ਕਰਦਾ।ਕਦੇ-ਕਦੇ ਬਰਫ਼ ਦੇ ਗੋਲੇ ਵੱਧ ਜਾਣ ਤਾਂ ਰਾਮੂੰ ਆਪਣਾ ਟਰੱਕ ਸੜਕ ਦੇ ਇੱਕ ਪਾਸੇ ਖੜ੍ਹਾ ਕਰਕੇ, ਬਰਫ਼ ਮੱਧਮ ਹੋਣ ਦੀ ਇੰਤਜ਼ਾਰ ਕਰਦਾ।
ਰਾਮੂੰ ਦਾ ਟਰੱਕ ਪਹਾੜਾਂ ਦੀਆਂ ਵਿੰਗੀਆਂ ਟੇਢੀਆਂ ਘਾਟੀਆਂ ਰਾਹੀਂ ਲੰਘਦਾ ਹੋਇਆ ਹੌਲੀ-ਹੌਲੀ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਸੀ। ਇਸ ਨੇ ਆਪਣੇ ਨਿਸ਼ਚਿਤ ਸਮੇਂ 'ਤੇ ਟਰੱਕ ਦਾ ਲੋਡ ਟਿਕਾਣੇ 'ਤੇ ਪਹੁੰਚਾਉਣਾ ਸੀ।ਇਸ ਕਰਕੇ ਇਹ ਰਸਤੇ ਵਿੱਚ ਬਹੁਤਾ ਵੀ ਰੁੱਕ ਨਹੀਂ ਸੀ ਸਕਦਾ। ਜਾਂਦਿਆਂ-ਜਾਂਦਿਆਂ ਇਸ ਨੂੰ ਆਪਣੇ ਪਿਛੋਕੜ ਦੀ ਯਾਦ ਆ ਜਾਂਦੀ।ਆਪਣੇ ਮਾਂ ਬਾਪ ਦੀ ਗ਼ਰੀਬੀ ਅਤੇ ਭੈਣਾਂ ਦਾ ਪਿਆਰ।ਦੂਸਰੇ ਪਾਸੇ ਇਸ ਨੂੰ ਆਪਣੀ ਪੀ. ਆਰ. ਮਿਲਣ ਦੇ ਸੁਪਨਿਆਂ ਵਿੱਚ ਗੁਆਚਾ ਇਹ ਮਨੋ ਮਨੀ ਪੰਜਾਬ ਆਪਣੇ ਘਰ ਪਹੁੰਚ ਜਾਂਦਾ।ਮੁੱਦਤਾਂ ਤੋਂ ਛੱਡੇ ਆਪਣੇ ਮਾਂ ਬਾਪ ਅਤੇ ਭੈਣਾਂ ਦੀ ਨਿੱਘੀ ਯਾਦ, ਇਸ ਦੀ ਛਾਤੀ ਚੀਰ ਜਾਂਦੀ। ਫੇਰ ਰੱਬ ਦਾ ਸ਼ੁਕਰ ਕਰਦਾ ਕਿ ਰੱਬ ਨੇ ਉਸ ਨੂੰ ਇੱਕ ਅਮੀਰ ਦੇਸ਼ ਵਿੱਚ ਭੇਜ ਦਿੱਤਾ ਹੈ, ਜਿੱਥੇ ਇਸ ਦੀ ਕਿਸਮਤ ਦੇ ਸਿਤਾਰੇ ਹੁਣ ਚਮਕਣ ਹੀ ਵਾਲੇ ਹਨ।
ਇਨ੍ਹਾਂ ਸੋਚਾਂ ਦੀ ਘੁੰਮਣ ਘੇਰੀ ਵਿੱਚ ਘਿਰਿਆ ਰਾਮੂੰ ਮੋੜ ਤੋਂ ਟਰੱਕ ਦਾ ਸਟੀਅਰਿੰਗ ਇਕਦੱਮ ਮੋੜਨ ਲੱਗਾ, ਕਿਉਂਕਿ ਇਸ ਨੂੰ ਲੱਗਾ ਕਿ ਖੱਡਾ ਬਹੁਤ ਲਾਗੇ ਹੈ। ਬਰਫ਼ ਪਈ ਹੋਣ ਕਰਕੇ ਅਤੇ ਇਕਦੱਮ ਬਰੇਕ ਲੱਗਣ ਕਰਕੇ ਟਰੱਕ ਇੱਕ ਪਾਸੇ ਨੂੰ ਫਿੱਸਲ ਗਿਆ 'ਤੇ ਦੇਖਦਿਆਂ-ਦੇਖਦਿਆਂ ਇੱਕ ਡੂੰਘੀ ਖਾਈ ਵਿੱਚ ਜਾ ਡਿੱਗਆ।ਪਿੱਛੇ ਆਉਂਦੇ ਟਰੱਕ ਡਰਾਈਵਰ ਨੇ ਇਹ ਹਾਦਸਾ ਅੱਖੀਂ ਦੇਖਿਆ ਤਾਂ ਬਿਨਾਂ ਦੇਰੀ ਕੀਤਿਆਂ ਪੁਲੀਸ ਨੂੰ ਫੋਨ ਕਰ ਦਿੱਤਾ।ਮਿੰਟਾਂ ਵਿੱਚ ਹੀ ਪੁਲੀਸ ਐਬੂਲੈਂਸ ਵਾਲਾ ਹੈਲੀਕੋਪਟਰ ਮੌਕੇ 'ਤੇ ਪਹੁੰਚਿਆ। ਰਾਮੂੰ ਦੀ ਡਰਾਈਵਰ ਵਾਲੀ ਬਾਰੀ ਵੱਢ ਕੇ ਇਸ ਨੂੰ ਬਾਹਰ ਕੱਢਿਆ।ਪਰ ਐਕਸੀਡੈਂਟ ਇੰਨਾ ਖ਼ਤਰਨਾਕ ਸੀ, ਕਿ ਉਸ ਦਾ ਸਾਰਾ ਸਰੀਰ ਲਹੂ ਨਾਲ ਲੱਥ-ਪੱਥ ਹੋਇਆ ਪਿਆ ਸੀ।ਪਰ ਉਸਦੀ ਨਬਜ਼ ਕਿਤੇ-ਕਿਤੇ ਚੱਲ ਰਹੀ ਸੀ।
ਪੁਲੀਸ ਰਾਮੂੰ ਨੂੰ ਹੈਲੀਕੋਪਟਰ ਵਿੱਚ ਰੱਖ ਕੇ ਹਸਪਤਾਲ ਵੱਲ ਉੱਡ ਪਿਆ।ਟਰੱਕ ਨੂੰ ਅੱਗ ਲੱਗਣ ਕਰਕੇ ਅੱਧੇ ਨਾਲੋਂ ਵੱਧ ਸਰੀਰ ਅੱਗ ਵਿੱਚ ਝੁੱਲਸ ਚੁੱਕਾ ਸੀ ਅਤੇ ਖੱਡ ਵਿੱਚ ਡਿੱਗਦਿਆਂ ਸਾਰ ਸਿਰ ਵਿੱਚ ਡੂੰਘੀ ਸੱਟ ਲੱਗ ਗਈ ਸੀ।ਖ਼ੂਨ ਹੱਦੋਂ ਵੱਧ ਵੱਗ ਗਿਆ ਸੀ ਅਤੇ ਨਾਲ ਹੀ ਅੱਗ ਨਾਲ ਝੁਲਸਣ ਦੀ ਅਥਾਹ ਪੀੜ।ਹੈਲੀਕੋਟਰ ਵਿੱਚ ਮੈਡੀਕਲ ਸਟਾਫ਼ ਦੀ ਅਣਥੱਕ ਕੋਸ਼ਿਸ ਦੇ ਬਾਵਜੂਦ ਰਾਮੂੰ ਦੀ ਹਾਲਤ ਵਿਗੜਦੀ ਗਈ।ਰਾਮੂੰ ਨੇ ਅਚਾਨਕ ਇੱਕ ਡੂੰਘਾ ਸਾਹ ਲਿਆ ਤੇ ਰੱਬ ਨੂੰ ਪਿਆਰਾ ਹੋ ਗਿਆ।ਆਪਣੇ ਉੱਜਲੇ ਭਵਿੱਖ ਦੀ ਆਸ ਵਿੱਚ ਤੁਰਿਆ ਇਹ ਵਿਖੜੇ ਪੈਂਡਿਆਂ ਦਾ ਰਾਹੀ ਆਪਣੀ ਮੰਜ਼ਿਲ ਅਧੂਰੀ ਛੱਡ ਕੇ ਕਿਸੇ ਅਣਜਾਣ ਮੰਜ਼ਿਲ ਵਲ ਤੁਰ ਗਿਆ।ਪਿੱਛੇ ਮਾਪੇ ਅਤੇ ਭੈਣਾਂ ਅਜੇ ਵੀ ਉਸ ਰਾਹੀ ਦਾ ਰਾਹ ਤੱਕਦੀਆਂ ਰੋ ਰੋ ਕੇ ਅੱਖਾਂ ਸੁਜਾਈ ਬੈਠੀਆਂ ਹਨ।
ਬਲਵੰਤ ਸਿੰਘ ਗਿੱਲ (ਬੈਡਫੋਰਡ)
ਮੋ: 7400717165