ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
07 June 2021
ਕੇਂਦਰ ਨੇ ਕੇਜਰੀਵਾਲ ਦੀ ਘਰ-ਘਰ ਰਾਸ਼ਨ ਦੀ ਸਕੀਮ ਰੋਕੀ-ਇਕ ਖ਼ਬਰ
ਨਾ ਬਈ ਨਾ! ਅਸੀਂ ਕੇਜਰੀਵਾਲ ਨੂੰ ਲੋਕਾਂ ‘ਤੇ ਇਹ ‘ਜ਼ੁਲਮ’ ਨਹੀਂ ਕਰਨ ਦੇਣਾ।
ਟੀਕਾਕਰਨ ਲਈ ਜਾਰੀ ਕੀਤੇ 35 ਹਜ਼ਾਰ ਕਰੋੜ ਰੁਪਏ ਕਿੱਥੇ ਗਏ?- ਪ੍ਰਿਅੰਕਾ ਗਾਂਧੀ
ਜਿਧਰ ਗਈਆਂ ਬੇੜੀਆਂ, ਉਧਰ ਗਏ ਮਲਾਹ।
ਹੁਣ ਵਿਧਾਇਕਾਂ ਦੇ ਪੁੱਤਰਾਂ ਨੂੰ ਹੀ ਮਿਲਣਗੀਆਂ ਸਰਕਾਰੀ ਨੌਕਰੀਆਂ- ਅਜੈ ਲਿਬੜਾ
ਅੰਨ੍ਹਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਦੇਹ।
ਪ੍ਰਾਈਵੇਟ ਹਸਪਤਾਲਾਂ ਨੂੰ ਕੋਰੋਨਾ ਵੈਕਸੀਨ ਵੇਚ ਰਹੀ ਹੈ ਕੈਪਟਨ ਸਰਕਾਰ- ਸੁਖਬੀਰ ਬਾਦਲ
ਪੰਜ ਛੇ ਮਹੀਨੇ ਰਹਿ ਗਏ ਸਾਰੇ, ਬਣਾ ਲੈਣ ਦੇ ਚਾਰ ਪੈਸੇ, ਕਾਹਨੂੰ ਢਿੱਡ ‘ਤੇ ਲੱਤ ਮਾਰਦੈਂ।
ਕਾਂਗਰਸ ਦਾ ਦੋਹਰਾ ਚਿਹਰਾ- ਵਿਧਾਇਕ ਨੇ ਰਿਲਾਇੰਸ ਪੰਪ ਦਾ ਕੀਤਾ ਉਦਘਾਟਨ- ਇਕ ਖ਼ਬਰ
ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ।
ਪੰਜ ਦਿਨਾਂ ਬਾਅਦ ਵੀ ਡਿਗੇ ਦਰਖਤ ਨੂੰ ਸੜਕ ‘ਚੋਂ ਹਟਾਉਣ ਵਿਚ ਚੰਡੀਗੜ੍ਹ ਨਗਮ ਫੇਲ੍ਹ- ਇਕ ਖ਼ਬਰ
ਯਾਰ, ਇਕ ਅੱਧਾ ਐਕਸੀਡੈਂਟ ਤਾਂ ਹੋ ਲੈਣ ਦਿਉ, ਬਹੁਤ ਕਾਹਲੇ ਪੈ ਜਾਂਦੇ ਹੋ ਤੁਸੀਂ।
ਆਪਣੇ ਵਿਆਹ ਦੇ ਚਾਅ ਵਿਚ ਲਾੜੀ ਨੇ ਗੋਲੀ ਚਲਾਈ- ਇਕ ਖ਼ਬਰ
ਮੈਂ ਕਿਹੜਾ ਤੇਰੇ ਨਾਲ਼ੋਂ ਘੱਟ ਮੁੰਡਿਆ, ਘੋੜਾ ਦੱਬਦੀ ਦੀ ਫ਼ੋਟੋ ਖਿੱਚ ਮੁੰਡਿਆ।
ਸਿੱਧੂ ਸਣੇ 25 ਵਿਧਾਇਕਾਂ ਨੇ ਕਾਂਗਰਸ ਕਮੇਟੀ ਸਾਹਮਣੇ ਰੱਖਿਆ ਆਪਣਾ ਪੱਖ- ਇਕ ਖ਼ਬਰ
ਸਾਡੀ ਕਦਰ ਕਿਸੇ ਨਾ ਜਾਣੀ ਜੀ, ਸਾਡੀ ਸੁਣ ਲਇਓ ਰਾਮ ਕਹਾਣੀ ਜੀ।
1984 ਦੇ ਸਰਕਾਰੀ ਤਸ਼ੱਦਦ ਦਾ ਰਿਕਾਰਡ ਅਕਾਲ ਤਖ਼ਤ ਵਲੋਂ ਇਕੱਠਾ ਕੀਤਾ ਜਾਵੇਗਾ- ਜਥੇਦਾਰ
ਜਥੇਦਾਰ ਜੀ, ਕੀ ਆਪਣੇ ਆਕਾਵਾਂ ਤੋਂ ਆਗਿਆ ਲੈ ਲਈ ਹੈ?
ਭਾਰਤੀ ਅਰਥਚਾਰੇ ਲਈ ਸਭ ਤੋਂ ਹਨ੍ਹੇਰਾ ਵਰ੍ਹਾ 2020-21-ਚਿਦੰਬਰਮ
ਗਰਦ ਚੜ੍ਹੀ ਆਸਮਾਨ ਨੂੰ, ਹੋਇਆ ਧੁੰਦੂਕਾਰਾ।
ਡਰ ਅਤੇ ਘਬਰਾਹਟ ਜਿਹੇ ਸ਼ਬਦ ਮੇਰੀ ਜ਼ਿੰਦਗੀ ਦੀ ਡਿਕਸ਼ਨਰੀ ਨਹੀਂ ਹਨ-ਜਥੇ:ਹਵਾਰਾ
ਸ਼ਾਹ ਮੁਹੰਮਦਾ ਸਿਰਾਂ ਦੀ ਲਾ ਬਾਜ਼ੀ, ਨਹੀਂ ਮੋੜਦੇ ਸੂਰਮੇ ਅੰਗ ਮੀਆਂ।
ਉੱਤਰ ਪ੍ਰਦੇਸ਼ ਦੀਆਂ ਚੋਣਾਂ ‘ਚ ਹਿੰਦੂ ਪੱਤਾ ਖੇਡੇਗੀ ਭਾਜਪਾ- ਇਕ ਖ਼ਬਰ
ਬੋਦੀ ਵਾਲ਼ਾ ਤਾਰਾ ਚੜ੍ਹਿਆ, ਘਰ ਘਰ ਹੋਣ ਵਿਚਾਰਾਂ।
ਕੈਪਟਨ ਅਤੇ ਬਾਗ਼ੀ ਧੜੇ ਦੀਆਂ ਨਜ਼ਰਾਂ ਗਾਂਧੀ ਪਰਵਾਰ ‘ਤੇ ਟਿਕੀਆਂ- ਇਕ ਖ਼ਬਰ
ਵਿਚ ਦਰਬਾਰ ਦੋਵੇਂ ਅਰਜ਼ ਕਰੇਂਦੇ, ਮਿਹਰ ਕਰੀਂ ਤੂੰ ਦਾਤੀਏ।
ਭਾਜਪਾ ਨੂੰ ਸਰਕਾਰ ਬਣਾਉਣ ਦਾ ਮੌਕਾ ਦੇਣ ਲਈ ਪੰਜਾਬੀ ਤਿਆਰ- ਦੁਸ਼ਿਅੰਤ ਗੌਤਮ
ਘੱਲਿਆ ਸੀ ਮੈਂ ਹੋਲ਼ਾਂ ਕਰਨ ਨੂੰ, ਸਾੜ ਲਿਆਇਆ ਦਾੜ੍ਹੀ।