ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

31 ਮਈ 2021

ਕੋਰੋਨਾ ਦੇ ਸਰੋਤ ਸਬੰਧੀ ਅਮਰੀਕੀ ਮੀਡੀਆ ਦਾ ਚੀਨ ਵਲ ਪੁਖ਼ਤਾ ਇਸ਼ਾਰਾ- ਇਕ ਖ਼ਬਰ

ਵਾਰਸਸ਼ਾਹ ਹੈ ਚੁਗਲ ਦੀ ਸ਼ਕਲ ਕੈਦੋ, ਇਹ ਮੂਲ ਹੈ ਸਭ ਬਖੇੜਿਆਂ ਦਾ।

 

ਸਰਕਾਰ ਨੇ ਬਿਜਲੀ ਸਮਝੌਤਿਆਂ ਬਾਰੇ ਵ੍ਹਾਈਟ ਪੇਪਰ ਤੋਂ ਪਾਸਾ ਵੱਟਿਆ-ਇਕ ਖ਼ਬਰ

ਸੋਨੇ ਦੇ ਤਵੀਤ ਵਾਲੀਏ, ਤੇਰੀ ਹਰ ਮੱਸਿਆ ਬਦਨਾਮੀ।

 

ਮੋਦੀ ਸਰਕਾਰ ਨੇ ਕਿਸਾਨਾਂ ਦੇ ਜੀਵਨ ‘ਚ ਬਦਲਾਅ ਲਿਆਂਦਾ- ਜਾਵੜੇਕਰ

ਖਵਾਜੇ ਦਾ ਗਵਾਹ ਡੱਡੂ।

 

ਮੌਜੂਦਾ ਸਰਕਾਰ ਦਾ ਅਕਸ ਵਿਗਾੜਨ ਦੀ ਸਿਆਸੀ ਕੋਸ਼ਿਸ਼ ਕੀਤੀ ਜਾ ਰਹੀ ਹੈ-ਜੈਸ਼ੰਕਰ

ਟੁੱਟ ਪੈਣੇ ਦਾ ਕੁਲੱਛਣਾ ਬੋਤਾ, ਚੜ੍ਹਦੀ ਨੂੰ ਵੱਢੇ ਦੰਦੀਆਂ।

 

ਮੋਦੀ ਰਾਜ ਵਿਚ ਕੇਂਦਰ ਅਤੇ ਸੂਬਿਆਂ ਦਰਮਿਆਨ ਵਧੀ ਤਲਖੀ- ਕਾਂਗਰਸੀ ਨੇਤਾ ਮੋਇਲੀ

ਚੰਨਣ ਦੇਹੀ ਆਪ ਗਵਾ ਲਈ, ਬਾਂਸਾਂ ਵਾਂਗੂੰ ਖਹਿ ਕੇ।

 

ਬਾਦਲਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਨਿਜੀ ਜਾਗੀਰ ਬਣਾਇਆ- ਬ੍ਰਹਮਪੁਰਾ

ਰਾਤੀਂ ਧਾੜ ਪਈ, ਲੁੱਟਿਆ ਤਖ਼ਤ ਹਜ਼ਾਰਾ।

 

ਕਾਂਗਰਸ ਦੀ ਪਾਟੋਧਾੜ ਰੋਕਣ ਲਈ ਹਰੀਸ਼ ਰਾਵਤ ਸਭ ਨੂੰ ਠੰਢਾ ਕਰ ਰਹੇ ਹਨ-ਇਕ ਖ਼ਬਰ

ਪਾ ਕੇ ਮੁੰਦਰਾਂ ਤੂੰ ਤੋਰ ਦੇ ਫ਼ਕੀਰ ਨੂੰ, ਤੇਰਾ ਕਿਹੜਾ ਮੁੱਲ ਲਗਦਾ।

 

ਦੇਸ਼ ਭਰ ‘ਚ ਹੋ ਰਹੇ ਵਿਰੋਧ ਤੋਂ ਸਬਕ ਲਵੇ ਭਾਜਪਾ-ਸੰਯੁਕਤ ਕਿਸਾਨ ਮੋਰਚਾ

ਪੀ ਸ਼ਰਾਬਾਂ ਤਖ਼ਤੋਂ ਲੱਥੇ ਰਾਜੇ ਰਾਜ ਗਵਾ ਕੇ, ਤਾਜ ਲੁਹਾ ਕੇ।

 

ਕਿਸੇ ਦੇ ਪਿਓ ‘ਚ ਦਮ ਨਹੀਂ ਜੋ ਮੈਨੂੰ ਗ੍ਰਿਫ਼ਤਾਰ ਕਰ ਸਕੇ- ਰਾਮਦੇਵ

ਮੈਂ ਸਲਵਾਰ ਪਹਿਨ ਉੜ ਜਾਊਂਗਾ, ਤੁਮ ਦੇਖਤੇ ਰਹੀਉ।

 

ਕਰੋਨਾ ਮਹਾਂਮਾਰੀ ਦੀ ਥਾਂ ਭਾਜਪਾ ਦਾ ਸਾਰਾ ਧਿਆਨ ਯੂ.ਪੀ. ਚੋਣਾਂ ਵਲ- ਸ਼ਿਵ ਸੈਨਾ

ਤਰਫ਼ ਮੁਲਕ ਦੇ ਨਹੀਂ ਖ਼ਿਆਲ ਤੇਰਾ, ਮਤਲਬ ਆਪਣੇ ਦਾ ਨਿਰਾ ਯਾਰ ਏਂ ਤੂੰ।

 

ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਲਈ ਪ੍ਰਧਾਨ ਮੰਤਰੀ ਦੀ ‘ਨੌਟੰਕੀ’ ਜ਼ਿੰਮੇਵਾਰ-ਰਾਹੁਲ ਗਾਂਧੀ

ਕਾਂ ਬਾਗ਼ ਦੇ ਵਿਚ ਕਲੋਲ ਕਰਦੇ, ਕੂੜਾ ਫੋਲਣੇ ਦੇ ਉੱਤੇ ਮੋਰ ਕੀਤੇ।

 

ਚੋਣਾਂ ਵਾਲੇ ਹਰ ਸੂਬੇ ‘ਚ ਕਿਸਾਨਾਂ ਵਲੋਂ ਭਾਜਪਾ ਵਿਰੁੱਧ ਲਾਮਬੰਦੀ ਦਾ ਐਲਾਨ-ਇਕ ਖ਼ਬਰ

ਤੇਰੀ ਤੋੜ ਕੇ ਛੱਡਣਗੇ ਗਾਨੀ, ਨੀਂ ਸੋਨੇ ਦੇ ਤਵੀਤ ਵਾਲੀਏ।

 

ਜੂਨ ਵਿਚ ਪੰਜਾਬ ਫੇਰੀ ‘ਤੇ ਅਮਿਤ ਸ਼ਾਹ ਦੇ ਆਉਣ ਦੀਆਂ ਕੰਨਸੋਆਂ- ਇਕ ਖ਼ਬਰ

ਆਪਣੇ ਆਪ ਨੂੰ ਖ਼ੁਦਾ ਕਹਾਵਨਾ ਏਂ, ਤੂੰ ਤਾਂ ਬੜਾ ਏਂ ਕੋਈ ਸ਼ੈਤਾਨ ਭਾਈ।

 

ਸਰਕਾਰ ਵਲੋਂ ਸਿੱਖਿਆ ਦਾ ਮਿਆਰ ਉੱਪਰ ਚੁੱਕਣ ਲਈ ਵਿਸ਼ੇਸ਼ ਉਪਰਾਲੇ- ਨਾਗਰਾ

ਦੇਖਿਉ ਕਿਤੇ ਏਨਾ ਨਾ ਚੁੱਕ ਦਿਉ ਕਿ ਹੇਠਾਂ ਉਤਾਰਨਾ ਮੁਸ਼ਕਿਲ ਹੋ ਜਾਵੇ।

 

ਮੋਦੀ ਸਾਹਿਬ ਜ਼ਿਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨੋ- ਸੁਖਬੀਰ ਬਾਦਲ

ਪਿੱਛੋਂ ਆਖਦੇ ਰੱਬਾ ਤੂੰ ਸੁਖ ਰੱਖੀਂ, ਲਾ ਕੇ ਰੂਈਂ ਦੇ ਨਾਲ਼ ਅੰਗਾਰਿਆਂ ਨੂੰ।

 

ਮਨਪ੍ਰੀਤ ਬਾਦਲ ਨੇ ਖਜ਼ਾਨਾ ਮੰਤਰੀ ਸੀਤਾਰਮਨ ਨੂੰ ਖ਼ਤ ਲਿਖਿਆ- ਇਕ ਖ਼ਬਰ

ਕਦੇ ਚੁੱਕਦੀ ਨਹੀਂ ਫੋਨ ਮੇਰਾ ਵੈਰਨੇ, ਤਾਹੀਉਂ ਖ਼ਤ ਲਿਖਣਾ ਪਿਆ।