ਤੈਨੂੰ ਯਾਦ ਤਾਂ ਕਰਾਂ, ਜੇ ਭੁੱਲਿਆ ਹੋਵਾਂ! - ਬੁੱਧ ਸਿੰਘ ਨੀਲੋਂ
ਜਿਉਂ ਜਿਉਂ ਜ਼ਿੰਦਗੀ ਜੁਆਨੀ ਤੋਂ ਬੁਢਾਪੇ ਵੱਲ ਵੱਧਦੀ ਹੈ, ਤਾਂ ਯਾਦਾਂ ਦੀ ਪੰਡ ਭਾਰੀ ਹੁੰਦੀ ਜਾਂਦੀ ਹੈ। ਇਹ ਪੰਡ ਵਿੱਚ ਚੰਗੀਆਂ-ਮਾੜੀਆਂ ਯਾਦਾਂ ਆਪਣੀ ਪਟਾਰੀ ਖੋਲ੍ਹ ਕੇ ਆਪ ਮੁਹਾਰੇ ਬਹਿ ਜਾਂਦੀਆਂ ਹਨ। ਇਹ ਯਾਦਾਂ ਤਾਂ ਆਪਣੀ ਪੋਟਲੀ ਖੋਲ੍ਹ ਲੈਂਦੀਆਂ ਪਰ ਮਨੁੱਖ ਕੋਲ ਇਨਾਂ ਯਾਦਾਂ ਦੇ ਨੇੜੇ ਢੁੱਕ ਕੇ ਬੈਠਣ ਦੀ ਵਿਹਲ ਨਹੀਂ ਹੁੰਦੀ। ਉਹ ਇੰਨ੍ਹਾਂ ਕੋਲੋਂ ਦੌੜਦਾ ਹੈ - ਪਰ ਦੌੜਦਾ ਦੌੜਦਾ ਇੱਕ ਦਿਨ ਅਜਿਹੀ ਦੌੜ ਵਿੱਚ ਸ਼ਾਮਿਲ ਹੋ ਜਾਂਦਾ ਹੈ। ਜਿੱਥੇ ਸਿਰਫ਼ ਰਾਮ ਨਾਮ ਸੱਤ ਸੁਣਾਈ ਦੇਂਦੇ ਹਨ। ਇਹ ਬੋਲ ਉਸ ਨੂੰ ਨਹੀਂ ਸਗੋਂ ਉਸ ਦੇ ਮਗਰ ਤੁਰੇ ਆਉਂਦਿਆਂ ਨੂੰ ਉਚਾਰੇ ਜਾਂਦੇ ਹਨ। ਇਹ ਬੋਲ ਅੰਤਿਮ ਸੰਸਕਾਰ ਤੱਕ ਹੀ ਬੋਲੇ ਸੁਣੇ ਜਾਂਦੇ ਹਨ, ਫ਼ਿਰ ਉਹੀ ਗੱਲਾਂ ਕਾਰ ਵਿਹਾਰ, ਝੰਜਟਾਂ, ਝਮੇਲਿਆਂ, ਦੁਸ਼ਵਾਰੀਆਂ ਤੇ ਦੁੱਖਾਂ ਦਰਦਾਂ ਤੇ ਆਪਣੇ ਕਾਰੋਬਾਰ ਦੀਆਂ ਕਥਾ ਕਹਾਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨਾਂ ਕਥਾ ਕਹਾਣੀਆਂ ਵਿੱਚ ਰਸ ਨਹੀਂ ਹੁੰਦਾ। ਕੋਈ ਕਿਸੇ ਨੂੰ ਦਿਲਚਸਪੀ ਨਹੀਂ ਹੁੰਦੀ। ਬਸ ਹਾਂ-ਹਾਂ ਦੀ ਅਵਾਜ਼ ਤੱਕ ਹੀ ਸੀਮਤ ਰਹਿੰਦੀਆਂ ਹਨ।
ਅੱਜ ਕੱਲ੍ਹ ਜ਼ਿੰਦਗੀ ਸੀਮਤ ਨਹੀਂ ਰਹੀ ਬਹੁਤ ਵਿਸ਼ਾਲ ਹੋ ਗਈ ਹੈ। ਸੰਚਾਰ ਸਾਧਨਾਂ ਨੇ ਸਾਰੀ ਧਰਤੀ ਇੱਕ ਥਾਂ, ਇੱਕ ਨਿੱਕੇ ਜਿਹੇ ਯੰਤਰ ਵਿੱਚ ਇਕੱਠੀ ਕਰ ਦਿੱਤੀ ਹੈ। ਇਸ ਯੰਤਰ ਨੇ ਜ਼ਿੰਦਗੀ ਨੂੰ ਚਿੱਟੇ ਦਿਨ ਝੂਠ ਦਾ ਵਪਾਰੀ ਬਣਾ ਦਿੱਤਾ ਹੈ। ਉਹ ਇਸ ਝੂਠ ਦੇ ਵਪਾਰ ਵਿੱਚ ਕਾਲੇ ਬਲਦ ਵਾਂਗ ਸਿਰ ਸੁੱਟੀ ਜਾ ਰਿਹਾ ਹੈ। ਉਸ ਅੰਦਰ ਇੱਕ ਲਾਲਸਾ ਤੇ ਲਲਕ ਏਨੀ ਵੱਧ ਗਈ ਹੈ ਕਿ ਉਹ ਸਭ ਕੁੱਝ ਭੁੱਲਦਾ ਜਾ ਰਿਹਾ ਹੈ। ਉਹ ਕੀ ਕੀ ਭੁੱਲਦਾ ਜਾ ਰਿਹਾ ਹੈ, ਇਸਦੀ ਉਸਨੂੰ ਵੀ ਸਮਝ ਨਹੀਂ। ਇਸ ਲਾਲਸਾ ਨੇ ਮਨੁੱਖ ਦੇ ਅੰਦਰੋਂ ਸਮਝ ਕੱਢ ਲਈ ਹੈ। ਉਸ ਦੀ ਥਾਂ ਉਸਨੂੰ ਨਿਸ਼ਾਨਾਂ ਦੇ ਦਿੱਤਾ ਹੈ। ਇਹ ਨਿਸ਼ਾਨਾ ਪੂਰਾ ਕਰਨ ਲਈ ਉਹ ਤਾਅ ਉਮਰ ਦੌੜਦਾ ਰਹਿੰਦਾ ਹੈ। ਪਰ ਉਸਦਾ ਇਹ ਟੀਚਾ ਪੂਰਾ ਨਹੀਂ ਹੁੰਦਾ। ਇਹ ਉਹ ਨਿਸ਼ਾਨਾ ਨਹੀਂ ਜਿਸਦੇ ਉੱਤੇ ਨਿਸ਼ਾਨੇਬਾਜ਼ ਨਿਸ਼ਾਨਾ ਲਗਾਉਂਦੇ ਹਨ, ਸਗੋਂ ਅਜਿਹਾ ਹੈ, ਜਿਸਨੇ ਉਸ ਅੰਦਰੋਂ ਜ਼ਿੰਦਗੀ ਜਿਉਣ ਦੀ ਸ਼ਾਂਤੀ ਭੰਗ ਕਰ ਦਿੱਤੀ ਹੈ। ਉੇਸਦੇ ਅੰਦਰ ਤੇ ਬਾਹਰ ਇੱਕ ਸ਼ੋਰ ਹੈ। ਉਹ ਸ਼ੋਰ ਜਿਹੜਾ ਸੁਣਾਈ ਨਹੀਂ ਦੇਂਦਾ।
ਸਗੋਂ ਅਜਿਹੀਆਂ ਅਲਾਮਤਾਂ ਦੇਂਦਾ ਹੈ ਕਿ ਮਨੁੱਖ ਡੇਰਿਆਂ, ਸਾਧਾਂ ਸੰਤਾਂ ਵੱਲ ਦੌੜਦਾ ਹੈ। ਰਮਣੀਕ ਵਾਦੀਆਂ, ਸਿਨੇਮੇ, ਘਰਾਂ, ਕੈਫਿਆਂ, ਮੁਜ਼ਰਿਆਂ ਵੱਲ ਜਾਂਦਾ ਹੈ। ਪਰ ਉਸਨੂੰ ਕਿਧਰੇ ਵੀ ਪਲ ਭਰ ਦਾ ਸਕੂਨ ਨਹੀਂ ਮਿਲਦਾ। ਉਹ ਉਥੋਂ ਦੌੜ ਕੇ ਬਜ਼ਾਰ ਵੱਲ ਦੌੜਦਾ ਹੈ। ਬਜ਼ਾਰ ਉਸਨੂੰ ਖਰੀਦਦਾ ਹੈ। ਉਸਨੂੰ ਸਮਝ ਨਹੀਂ ਲੱਗਦੀ ਉਸਨੇ ਕੁੱਝ ਖਰੀਦਿਆ ਹੈ ਜਾਂ ਵੇਚਿਆ ਹੈ। ਉਸਨੂੰ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਹ ਘਰ ਆ ਕੇ ਵੇਖਦਾ ਹੈ ਕਿ ਉਸਦੇ ਹੱਥ ਨਹੀਂ, ਕੰਨ ਨਹੀਂ, ਜੀਭ ਨਹੀਂ, ਉਹ ਛੇਤੀ ਛੇਤੀ ਪੈਰਾਂ ਵੱਲ ਝਾਤੀ ਮਾਰਦਾ ਹੈ। ਤੇ ਖੁਸ਼ ਹੁੰਦਾ ਹੈ ਕਿ ਉਸਦੇ ਪੈਰ ਤਾਂ ਹਨ।
ਇਹ ਪੈਰ ਉਸਨੂੰ ਤੁਰਦਾ ਰੱਖਦੇ ਹਨ। ਉਸਦੀਆਂ ਅੱਖਾਂ, ਦਿਮਾਗ, ਸੋਚ, ਸਮਝ, ਹੱਥ, ਕੰਨ, ਤੇ ਜੀਭ ਤਾਂ ਗਹਿਣੇ ਧਰੀ ਗਈ ਹੁੰਦੀ ਹੈ। ਗਹਿਣੇ ਪਈ ਕੋਈ ਚੀਜ਼ ਕਦੇ ਵੀ ਵਾਪਸ ਨਹੀਂ ਪਰਤਦੀ। ਗਹਿਣੇ ਪਈ ਜ਼ਿੰਦਗੀ ਤਾਂ ਕਿੱਥੋਂ ਵਾਪਸ ਪਰਤਦੀ ਹੈ। ਇਸੇ ਕਰਕੇ ਬਜ਼ਾਰ ਸਾਨੂੰ ਗਹਿਣੇ ਰੱਖਦਾ ਹੈ। ਉਹ ਗਹਿਣਿਆਂ (ਗਿਰਵੀ) ਬਦਲੇ ਸਾਨੂੰ ਥੋੜ੍ਹੀ ਜਿਹੀ ਜ਼ਿੰਦਗੀ ਦੇਂਦਾ ਹੈ। ਥੋੜ੍ਹਾ ਜਿਹਾ ਹਾਸਾ ਦੇਂਦਾ ਹੈ। ਥੋੜ੍ਹਾ ਜਿਹਾ ਸਕੂਨ ਖੁਸ਼ੀ ਦੇਂਦਾ ਹੈ।
ਹੁਣ ਸਾਨੂੰ ਬਜ਼ਾਰ ਹੀ ਦੱਸਦਾ ਹੈ, ਅਸੀਂ ਕਦੋਂ, ਕਿੱਥੇ, ਕਿੰਨਾਂ ਤੇ ਕਿਵੇਂ ਹੱਸਣਾ ਤੇ ਰੋਣਾ ਹੈ। ਹੁਣ ਅਸੀਂ ਖੁੱਲ੍ਹ ਕੇ ਨਾ ਹੱਸ ਸਕਦੇ ਹਾਂ ਤੇ ਨਾ ਹੀ ਰੋ ਸਕਦੇ ਹਾਂ। ਉਂਝ ਅਸੀਂ ਢੌਂਗ ਜ਼ਰੂਰ ਕਰਦੇ ਹਾਂ। ਜਿੰਦਗੀ ਨੇ ਸਾਨੂੰ ਬਾਣੀਏ ਬਣਾ ਦਿੱਤਾ ਹੈ। ਇਸੇ ਲਈ ਅਸੀਂ ਹਰ ਪਲ ਹਰ ਥਾਂ ਉੱਤੇ ਵਣਜ ਕਰਦੇ ਹਾਂ। ਇਸ ਵਣਜ ਵਿੱਚ ਅਸੀਂ ਸਭ ਕੁਝ ਹੀ ਦਾਅ ਉੱਤੇ ਲਾਉਂਦੇ ਹਾਂ। ਜਾਂ ਫਿਰ ਇਹ ਕਹਿ ਲਓ ਕਿ ਸਾਨੂੰ ਸਭ ਕੁੱਝ ਹੀ ਦਾਅ ਉੱਤੇ ਲਾਉਣ ਲਈ ਪ੍ਰੇਰਿਆ ਜਾਂਦਾ ਹੈ, ਉਕਸਾਇਆ ਜਾਂਦਾ ਹੈ, ਜਾਂ ਫ਼ਿਰ ਡਰਾਇਆ ਜਾਂਦਾ ਹੈ। ਇਹ ਡਰ ਸਾਡੇ ਅੰਦਰ ਕੁੱਟ ਕੁੱਟ ਕੇ ਭਰ ਦਿੱਤਾ ਹੈ। ਅਸੀਂ ਡਰ ਦੇ ਮਾਰੇ ਹੀ ਬਸ ਦੌੜ ਰਹੇ ਹਾਂ।
ਹੁਣ ਬਜ਼ਾਰ ਹੀ ਸਾਨੂੰ ਦੱਸਦਾ ਹੈ ਕਿ ਅਸੀਂ ਕੀ ਪਾਉਣਾ, ਕਿਹੋ ਜਿਹਾ ਪਾਉਣਾ ਹੈ, ਕਿੱਥੇ ਕਿੱਥੇ ਕੀ ਕੀ ਨਹੀਂ ਪਾਉਣਾ। ਇਸੇ ਲਈ ਅਸੀਂ ਅਕਸਰ ਹੀ ਚੰਗੇ ਹੋਣ ਦਾ ਢੋਂਗ ਕਰਦੇ ਹਾਂ। ਅਸੀਂ ਕਰਨ ਲਈ ਕੁੱਝ ਨਹੀਂ ਕਰਦੇ। ਸਗੋਂ ਬਜ਼ਾਰ ਦੇ ਲਈ ਅਸੀਂ ਉਹ ਕੁੱਝ ਕਰਦੇ ਹਾਂ ਜਿਹੜੀ ਕਦੇ-ਕਦੇ ਸਾਡੀ ਬਚੀ ਖੁਚੀ ਜ਼ਮੀਰ ਕਦੇ ਕਦਾਈਂ ਸਾਨੂੰ ਰੋਕਦੀ ਹੈ ਟੋਕਦੀ ਹੈ। ਅਸੀਂ ਬੋਲੇ ਵਾਂਗ ਚੁੱਪ ਵੱਟਦੇ ਹਾਂ। ਸਾਡੀ ਇਹੀ ਚੁੱਪ ਸਾਡੇ ਅੰਦਰਲੇ ਸ਼ੋਰ ਨੂੰ ਸ਼ਾਂਤ ਕਰਦੀ ਹੈ।
ਅਸੀਂ ਇਸ ਕਰਕੇ ਨਹੀਂ ਬੋਲਦੇ, ਕਿ ਅਸੀਂ ਕੀ ਲੈਣਾ ਹੈ। ਅਸੀਂ ਤਾਂ ਮਸਤ ਹਾਥੀ ਦੇ ਵਾਂਗ ਤੁਰੇ ਜਾ ਰਹੇ ਹਾਂ। ਸਾਡੀਆਂ ਅੱਖਾਂ ਉੱਤੇ ਟੋਪੇ ਹਨ, ਇਸੇ ਕਰਕੇ ਸਾਨੂੰ ਬਾਜ਼ਾਰ ਤੋਂ ਬਿਨਾਂ ਕੁੱਝ ਦਿਖਾਈ ਨਹੀਂ ਦਿੰਦਾ। ਅਸੀਂ ਤਾਂ ਉਹ ਕੁੱਝ ਦੇਖਦੇ ਹਾਂ, ਜਿਸ ਵਿੱਚ ਮੁਨਾਫ਼ਾ ਮਿਲੇ। ਉਂਝ ਅਸੀਂ ਮੁਨਾਫਾ ਖੋਰ ਨਾ ਬਨਣ ਲਈ ਚਿਹਰੇ ਉੱਤੇ ਮਖੌਟੇ ਲਾਉਂਦੇ ਹਾਂ। ਅਸੀਂ ਹਰ ਥਾਂ ਆਪਣੀ ਮਰਜ਼ੀ ਦਾ ਨਹੀਂ ਸਗੋਂ ਅਗਲੇ ਦੀ ਮਰਜ਼ੀ ਦਾ ਮਖੌਟਾ ਲਾਉਂਦੇ ਹਾਂ। ਇਸੇ ਕਰਕੇ ਸਾਡੇ ਚਿਹਰੇ ਨਹੀਂ ਪੜ੍ਹੇ ਜਾਂਦੇ। ਚਿਹਰਿਆਂ ਉੱਤੇ ਲੱਗੇ ਮਖੌਟੇ ਜਦੋਂ ਤੱਕ ਸਾਨੂੰ ਪੜ੍ਹਨ ਦੀ ਜਾਂਚ ਆਉਂਦੀ ਹੈ। ਸਮਾਂ ਹੱਥੋਂ ਕਿਰ ਜਾਂਦਾ ਹੈ। ਸਮਾਂ ਹੱਥੋ ਕਿਰਦਾ ਹੀ ਨਹੀਂ ਸਗੋਂ ਸਾਡੇ ਹੱਥ ਦੇ ਤੋਤੇ ਉਡਾ ਦਿੰਦਾ ਹੈ।
ਉੱਡ ਗਏ ਤੋਤੇ ਕਦੇ ਵਾਪਸ ਨਹੀਂ ਪਰਤਦੇ। ਤੋਤਿਆਂ ਨੂੰ ਬਾਗ਼ ਬਥੇਰੇ ਹੁੰਦੇ ਹਨ। ਅਸੀਂ ਲੁੱਟੇ ਜੁਆਰੀਏ ਵਾਂਗ ਹੱਥ ਮਲਦੇ ਰਹਿ ਜਾਂਦੇ ਹਾਂ। ਉਦੋਂ ਸਾਡੇ ਕੋਲ ਕੋਈ ਮੋਢਾ ਵੀ ਨਹੀਂ ਹੁੰਦਾ। ਜਿਸ ਦੇ ਉੱਪਰ ਸਿਰ ਰੱਖ ਕੇ ਘੜੀ-ਪਲ ਰੋ ਸਕੀਏ। ਕਿਉਂ ਕਿ ਰੋਣਾ ਤਾਂ ਸਾਨੂੰ ਭੁੱਲ ਹੀ ਗਿਆ ਹੈ। ਹੱਸਣਾ ਅਸੀਂ ਜਾਣਦੇ ਨਹੀਂ। ਜੇ ਅਸੀਂ ਹੱਸਾਂਗੇ ਤਾਂ ਸਵਾਲ ਖੜ੍ਹੇ ਹੋਣਗੇ। ਸਵਾਲਾਂ ਦੇ ਉੱਤਰ ਦੇਣ ਲਈ ਮਖੌਟਿਆਂ ਦਾ ਸਹਾਰਾ ਲੈਣਾ ਪਵੇਗਾ।
ਮਖੌਟੇਧਾਰੀਆਂ ਦੀ ਆਪਣੀ ਸੋਚ ਬਜ਼ਾਰ ਵਰਗੀ ਹੁੰਦੀ ਹੈ। ਬਜ਼ਾਰ ਦਾ ਕਾਰੋਬਾਰ ਹੈ, ਵੰਡਣਾ, ਖਰੀਦਣਾ ਅਤੇ ਵੇਚਣਾ। ਮੁਨਾਫ਼ਾ ਹਾਸਿਲ ਕਰਨਾ। ਕਦੇ ਇਹ ਮਖੌਟੇ ਧਰਮ, ਨਸਲ, ਜਾਤ, ਰੰਗ-ਭੇਦ ਦਾ ਪਾਉਂਦੇ ਹਨ। ਸਾਨੂੰ ਇੰਨ੍ਹਾਂ ਦੇ ਅਰਥ ਸਮਝਾਉਂਦੇ ਹਨ।
ਇਸ ਵਾਰ ਮਖੌਟਾਧਾਰੀਆਂ ਨੂੰ ਅਜਿਹਾ ਹੀ ਮਖੌਟਾ ਪਾ ਕੇ ਸਾਨੂੰ ਭੇਡਾਂ ਵਾਂਗ ਮਗਰ ਲਾਇਆ। ਭੇਡਾਂ ਦੀ ਕੋਈ ਸੋਚ ਸਮਝ ਨਹੀਂ ਹੁੰਦੀ। ਉਨ੍ਹਾਂ ਦੀ ਇੱਕੋ ਇੱਕ ਮੰਜਿਲ ਹੁੰਦੀ ਹੈ, ਕਿ ਉਨ੍ਹਾਂ ਕਦੋਂ ਕਿਸੇ ਡਾਈਨਿੰਗ ਟੇਬਲ ਤੇ ਪੁੱਜਣਾ ਹੈ। ਜਾਂ ਫ਼ਿਰ ਕਿਸੇ ਧਾਰਾ ਅਧੀਨ ਕਿਸੇ ਕਾਲ ਕੋਠੜੀ ਵਿੱਚ ਕਿੰਨੇ ਦਿਨ ਗੁਜਾਰਨੇ ਹਨ ਤੇ ਕਦੋਂ ਕਾਲ ਕੋਠੜੀ ਤੋਂ ਫ਼ਾਂਸੀ ਦੇ ਤਖਤ ਤੱਕ ਪੁੱਜਣਾ ਹੈ। ਇਹ ਉਹ ਫ਼ਾਂਸੀ ਦਾ ਤਖਤਾ ਨਹੀਂ, ਜਿਹੜਾ ਹਕੂਮਤਾਂ ਦੀਆਂ ਜੜ੍ਹਾਂ ਹਿਲਾਉਂਦਾ ਹੈ। ਸਗੋਂ ਇਹ ਤਖਤਾ ਹੈ ਜਿਹੜਾ ਤਖਤ ਵਾਲਿਆਂ ਨੂੰ ਮਖੌਟੇਧਾਰੀ ਬਣੇ ਰਹਿਣ ਦਾ ਸਮਾਂ ਦਿੰਦਾ ਹੈ। ਅਸੀਂ ਖਾਣਾ ਕੀ ਹੈ ? ਪੀਣਾ ਕੀ ਹੈ ? ਤੇ ਕਿਵੇਂ ਮਰਨਾ ਹੈ ? ਅੱਜ ਕੱਲ੍ਹ ਸਾਨੂੰ ਬਜ਼ਾਰ ਹੀ ਤਾਂ ਦੱਸਦਾ ਹੈ। ਅਸੀਂ ਜਿਊਂਦੇ ਤਾਂ ਹੈ ਨਹੀਂ ਸਿਰਫ਼ ਸਾਹ ਲੈਂਦੇ ਹਾਂ। ਉਸ ਹਵਾ ਵਿੱਚੋਂ ਜਿਸ ਵਿੱਚ ਇਨ੍ਹਾਂ ਮਖੌਟੇਧਾਰੀਆਂ ਨੇ ਜ਼ਹਿਰ ਰਲਾ ਦਿੱਤੀ ਹੈ। ਸਾਨੂੰ ਸਵਰਗ ਦੇ ਸੁਪਨਿਆਂ ਦੇ ਲੜ ਲਾ ਦਿੱਤਾ ਹੈ। ਅਸੀਂ ਸੁਪਨਿਆਂ ਵਿੱਚ ਜਿਉਂਦੇ ਹਾਂ ਤੇ ਹਕੀਕਤ ਵਿੱਚ ਮਰਦੇ ਹਾਂ। ਇਸੇ ਕਰਕੇ ਅੱਜ ਕੱਲ੍ਹ ਮਾਰ ਦਿੱਤੇ ਗਿਆਂ ਤੇ ਮਰ ਗਿਆਂ ਨੂੰ ਕੋਈ ਯਾਦ ਨਹੀਂ ਕਰਦਾ। ਕਿਉਂ ਕਿ ਉਨ੍ਹਾਂ ਨੂੰ ਤਾਂ ਕੋਈ ਤਾਂ ਯਾਦ ਕਰੇਗਾ, ਜੇ ਕੋਈ ਭੁੱਲਿਆ ਹੋਵੇਗਾ। ਇਸ ਲਈ ਹੱਸਣ ਨਾਲੋਂ ਰੋਣਾ ਚੰਗਾ ਹੈ। ਰੋਂਦਿਆਂ ਨੂੰ ਵੇਖ ਜੇ ਕੋਈ ਖੜ੍ਹ ਹੀ ਜਾਵੇ ਤਾਂ ਸਾਡੇ ਹੰਝੂ ਪੂੰਝ ਦੇਵੇ। ਇਸ ਲਈ ਰਾਸ਼ਟਰਵਾਦ ਦੇ ਨਾਂ ਉੱਤੇ ਜਿੰਨਾਂ ਤੁਸੀਂ ਰੋਵੋਂਗੇ,ਓਨਾਂ ਹੀ ਤੁਹਾਡਾ ਕਥਾਰਥ ਹੋਵੇਗਾ। ਤੁਹਾਨੂੰ ਮੁਕਤੀ ਮਿਲ ਸਕਦੀ ਹੈ। ਮੁਕਤੀ ਲੈਣ ਲਈ ਰੋਣਾ ਬਹੁਤ ਜ਼ਰੂਰੀ ਹੈ। ਮੁਕਤੀ ਦਾ ਮਾਰਗ ਸੰਘਰਸ਼ ਕਰਨ ਨਾਲ ਨਹੀਂ ਮਿਲਦੀ, ਸਗੋਂ ਭੇਡਾਂ ਬਣਨ ਨਾਲ ਮਿਲਦੀ ਹੈ। ਉਹ ਭੇਡਾਂ ਜਿਹੜੀਆਂ ਸਿਰ ਸੁੱਟ ਕੇ ਸਿਰ ਇੱਕ ਦੂਜੀ ਪਿੱਛੇ ਛਾਲਾਂ ਮਾਰਦੀਆਂ ਹਨ। ਇੱਕ ਦੂਜੇ ਦਾ ਢਿੱਡ ਤੇ ਸਿਰ ਪਾੜਦੀਆਂ ਹਨ। ਪਰ ਉਹਨਾਂ ਨੂੰ ਤੁਹਾਡੇ ਭੇਡਾਂ ਬਣੇ ਰਹਿਣ ਵਿੱਚ ਹੀ ਕਾਮਯਾਬੀ ਹੈ।
ਖੈਰ ਗੱਲ ਤਾਂ ਯਾਦਾਂ ਦੀ ਪੰਡ ਦੀ ਸੀ। ਯਾਦਾਂ ਤਾਂ ਹੁਣ ਬਹੁਤ ਬਣ ਗਈਆਂ ਹਨ। ਅਜੇ ਤਾਂ ਅਗਲਾ ਸਮਾਂ ਯਾਦਗਾਰ ਬਣਾਉਣ ਤੱਕ ਪੁੱਜਣ ਵਾਲਾ ਹੈ। ਇਸ ਲਈ ਬਹੁਤੇ ਉਦਾਸ ਨਾ ਹੋਵੋ। ਉਦਾਸੀ ਕਿਸੇ ਮਸਲੇ ਦਾ ਹੱਲ ਨਹੀਂ ਮਸਲਿਆਂ ਦੇ ਹੱਲ ਲਈ ਤੁਹਾਨੂੰ ਵੀ ਮਖੌਟੇਧਾਰੀ ਬਨਣਾ ਪਵੇਗਾ। ਉਨਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਣਾ ਪਵੇਗਾ। ਡਰਿਆਂ, ਮਰਿਆਂ ਮੁਕਤੀ ਨਹੀਂ ਮਿਲਣੀ। ਮੁਕਤੀ ਲਈ ਤਾਂ ਲੜਨਾ ਪੈਣਾ ਹੈ। ਇਸੇ ਲਈ ਤਾਂ ਅਸੀਂ ਉਨਾਂ ਦੇਸ਼ ਭਗਤਾਂ, ਸ਼ਹੀਦਾਂ ਅਤੇ ਯੋਧਿਆਂ ਨੂੰ ਕਦੇ ਭੁੱਲੇ ਨਹੀਂ, ਜਿੰਨਾਂ ਨੇ ਸਾਨੂੰ ਅਣਖ ਦੇ ਨਾਲ ਜਿਊਣ ਦਾ ਸੁਪਨਾ ਦਿੱਤਾ ਸੀ ਤੇ ਖੁਦ ਸ਼ਹੀਦ ਹੋ ਗਏ ਸਨ। ਪਰ ਅਸੀਂ ਕੀ ਕਰਦੇ ਹਾਂ। ਕਿਹੜੀ ਜੰਗ ਲੜ ਰਹੇ ਹਾਂ? ਸਾਡੀ ਜੰਗ ਕਦੇ ਉਨ੍ਹਾਂ ਮਖੌਟੇਧਾਰੀਆਂ ਦੀਆਂ ਕਰਤੂਤਾਂ, ਨੀਤੀਆਂ, ਬਦਨੀਤੀਆਂ ਦੇ ਵਿਰੁੱਧ ਵੀ ਹੋਵੇਗੀ ? ਜੇ ਹੋਵੇਗੀ ਤਾਂ ਹੁਣ ਫ਼ੈਸਲਾਕੁੰਨ ਹੀ ਹੋਵੇ, ਨਹੀਂ ਤਾਂ ਮਰਜਾ ਚਿੜੀਏ, ਜੀ ਪੈ ਚਿੜੀਏ ਵਰਗੀਆਂ ਬਹੁਤ ਜੰਗਾਂ ਹੋ ਗਈਆਂ। ਹੁਣ ਤੇ ਆਰ-ਪਾਰ ਦੀ ਜੰਗ ਦੀ ਲੋੜ ਹੈ। ਲੋੜ ਕਾਢ ਦੀ ਮਾਂ... ਪਰ ਸਾਨੂੰ ਗਊ ਨੂੰ ਮਾਂ ਆਖਣ ਲਾ ਦਿੱਤਾ ।
ਹੁਣ ਸਿਆਣੇ ਬਜ਼ੁਰਗਾਂ ਦੀ ਸੰਗਤ ਕਰਨ ਦੀ ਲੋੜ ਹੈ .. ਜਿਹਨਾਂ ਨੂੰ ਅਸੀਂ ਭੁੱਲ ਗਏ ਹਾਂ ....!
ਅਖੈ .. ਤੈਨੂੰ ਯਾਦ ਤਾਂ ਕਰਾਂ ਜੇ ਮੈਂ ਭੁੱਲਿਆ ਹੋਵਾਂ ... ਕਦੇ ਗੁਰਪਾਲ ਸਿੰਘ ਲਿੱਟ ਦੀਆਂ ਕਹਾਣੀਆਂ ਵਿੱਚੋਂ .. ਜਬਾੜੇ … ਕਹਾਣੀ ਪੜ੍ਹ ਲਿਓ..!
ਸੰਪਰਕ : 94643 70823