ਪੱਛਮੀ ਬੰਗਾਲ ਵਿੱਚ ਕੇਂਦਰ ਸਰਕਾਰ ਦੀ ਬੇ ਲੋੜੀ  ਦਖਲ ਅੰਦਾਜੀ। - ਹਰਜਿੰਦਰ ਸਿੰਘ ਗੁਲਪੁਰ

ਮਮਤਾ ਬੈਨਰਜੀ ਨੇ ਜਿਸ ਦਿਨ ਪੱਛਮੀ ਬੰਗਾਲ ਦੀ ਮੁਖਮੰਤਰੀ ਵਜੋਂ ਸਹੁੰ ਚੁੱਕੀ ਸੀ ਉਸੇ ਦਿਨ ਗਵਰਨਰ ਜਗਦੀਪ ਧਨਖੜ ਨੇ ਸੀ ਬੀ ਆਈ ਨੂੰ ਸਹੁੰ ਚੁੱਕਣ ਵਾਲੇ 4 ਵਿਧਾਇਕਾਂ ਖਿਲਾਫ ਇੱਕ 7 ਸਾਲ ਪੁਰਾਣੇ ਕਥਿਤ ਰਿਸ਼ਵਤ ਕਾਂਡ ਵਿੱਚ ਕਾਰਵਾਈ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਉਸੇ ਦਿਨ ਤੋਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਇਹਨਾਂ ਵਿਧਾਇਕਾਂ ਖਿਲਾਫ ਕਿਸੇ ਸਮੇਂ ਵੀ ਕਾਰਵਾਈ ਹੋ ਸਕਦੀ ਹੈ। ਇਸ ਦੌਰਾਨ ਇਹ ਸਵਾਲ ਵੀ ਉਠਦੇ ਰਹੇ ਹਨ ਕਿ ਮੁਖ ਮੰਤਰੀ ਨੂੰ ਬਾਈ ਪਾਸ ਕਰਕੇ ਸੀ ਬੀ ਆਈ ਨੂੰ ਅਜਿਹੀ ਸਿਫਾਰਸ਼ ਕਰਨ ਦਾ ਗਵਰਨਰ ਨੂੰ ਸੰਵਿਧਾਨਿਕ ਅਧਿਕਾਰ ਹੈ ਜਾ ਨਹੀਂ ? ਵਿਧਾਨ ਸਭਾ ਸਪੀਕਰ ਦਾ ਅਜਿਹੀ ਸਥਿਤੀ ਵਿੱਚ ਕੀ ਰੋਲ ਹੋ ਸਕਦਾ ਹੈ ? ਇਸ ਤਰ੍ਹਾਂ ਦੇ ਸੰਵਿਧਾਨਿਕ ਸੰਕਟ ਵਾਰ ਵਾਰ ਆਉਂਦੇ ਰਹੇ ਹਨ ਪਰ 74 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜਿਹੇ ਸੰਕਟਾਂ ਦਾ ਹੁੱਲ ਨਹੀਂ ਲੱਭਿਆ। ਮੋਮ ਦੇ ਨੱਕ ਵਰਗਾ ਸੰਵਿਧਾਨ ਇੱਕ ਮਜ਼ਾਕ ਬਣ ਕੇ ਰਹਿ ਗਿਆ ਹੈ ਜਿੱਥੇ "ਜਿਸ ਕੀ ਲਾਠੀ ਉਸ ਕੀ ਭੈਂਸ"  ਵਾਲਾ ਜੰਗਲੀ ਫਾਰਮੂਲਾ ਚੱਲਦਾ ਹੈ। ਖਦਸ਼ਾ ਪੈਦਾ ਹੋ ਗਿਆ ਹੈ ਕਿ ਜੇ 100 ਤੋੰ ਉੱਪਰ ਸੋਧਾਂ ਹੋ ਸਕਦੀਆਂ ਹਨ ਤਾਂ ਪੂਰਾ ਸੰਵਿਧਾਨ ਵੀ ਬਦਲਿਆ ਜਾ ਸਕਦਾ ਹੈ। ਉਪਰੋਕਤ ਕਿਆਸ ਅਰਾਈਆਂ ਉਦੋਂ ਸਹੀ ਸਾਬਤ ਜੋ ਗਈਆਂ ਜਦੋਂ ਸੀ ਬੀ ਆਈ ਨੇ ਮਮਤਾ ਬੈਨਰਜੀ ਦੇ ਬਹੁਤ ਨਜਦੀਕੀ ਮੰਤਰੀ ਫਰਹਾਦ ਹਕੀਮ ਨੂੰ ਕਥਿਤ 'ਨਾਰਦ ਰਿਸ਼ਵਤ ਕਾਂਡ' ਵਿਚ ਬਾਕਾਇਦਾ ਗ੍ਰਿਫਤਾਰ ਕਰ ਲਿਆ ਹੈ। ਸੀ ਬੀ ਆਈ, ਮਦਨ ਮਿੱਤਰ, ਸ਼ੋਭਨ ਦੇਵ ਚਟੋਪਾਧਿਆਏ ਅਤੇ ਸੁਬਰਨ ਮੁਖਰਜੀ ਨੂੰ ਵੀ ਕਲਕੱਤਾ ਸਥਿਤ ਕੇਂਦਰ ਸਰਕਾਰ ਦੇ  ਕੰਪਲੈਕਸ ਨਿਜ਼ਾਮ ਪੈਲਿਸ ਲੈ ਗਈ ਹੈ। ਇਹ ਤਿੰਨੇ ਟੀ ਐਮ ਸੀ ਦੇ ਵਿਧਾਇਕ ਹਨ। ਇੱਥੇ ਉਹਨਾਂ ਨੂੰ ਪੁੱਛਗਿੱਛ ਲਈ ਲਿਆਂਦਾ ਗਿਆ ਹੈ। ਇਸ ਕਾਰਵਾਈ ਲਈ ਗਵਰਨਰ ਵਲੋਂ ਚੁੱਕੇ ਗਏ ਕਦਮ ਉੱਤੇ ਰਾਜਸੀ ਹਲਕਿਆਂ ਵਿੱਚ ਕਾਫੀ ਹਲਚਲ  ਹੋਣ ਦੀ ਸੰਭਾਵਨਾ ਹੈ। ਦਰ ਅਸਲ 2014 ਵਿੱਚ ਇੱਕ ਪੱਤਰਕਾਰ ਨੇ ਇੱਕ ਸਟਿੰਗ ਅਪਰੇਸ਼ਨ ਕੀਤਾ ਸੀ।  ਉਸ ਨੇ ਕੁੱਝ ਰਾਜ ਨੇਤਾਵਾਂ ਅਤੇ ਇੱਕ ਪੁਲਿਸ ਅਫਸਰ ਨੂੰ ਇਹ ਕਿਹਾ ਉਹ ਇੱਕ ਉਦਯੋਗਪਤੀ ਹੈ ਅਤੇ ਪੱਛਮੀ ਬੰਗਾਲ ਵਿੱਚ ਵੱਡਾ ਨਿਵੇਸ਼ ਕਰਨਾ ਚਾਹੁੰਦਾ ਹੈ ਜਿਸ ਲਈ ਉਸ ਨੂੰ ਸਹਾਇਤਾ ਦੀ ਲੋੜ ਹੈ। ਖੁਦ ਨੂੰ ਉਦਯੋਗਪਤੀ ਦੱਸਣ ਵਾਲਾ ਉਹ ਪੱਤਰਕਾਰ ਨੋਟਾਂ ਦੇ ਬੰਡਲ ਉਹਨਾਂ ਨੂੰ ਸੌਂਪਦਾ ਹੈ ਅਤੇ ਇਸ ਕਾਰਵਾਈ ਨੂੰ ਕੈਮਰੇ ਵਿੱਚ ਕੈਦ ਕਰ ਲੈਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਚੁਣੇ ਹੋਏ ਪ੍ਰਤੀਨਿਧ ਅਤੇ ਇੱਕ ਪੁਲਿਸ ਅਫਸਰ ਕਿਸੇ ਅਜਨਬੀ ਦੇ ਜਾਲ ਵਿੱਚ ਕਿਵੇਂ ਫਸ ਜਾਂਦੇ ਹਨ। ਉਸ ਨੇ ਇਹ ਖੇਡ 7 ਸੰਸਦਾਂ,1 ਵਿਧਾਇਕ, 4 ਮੰਤਰੀਆਂ ਅਤੇ 1 ਪੁਲਿਸ ਅਫਸਰ ਨਾਲ ਖੇਡੀ। ਜਦੋਂ ਇਸ ਸਟਿੰਗ ਅਪਰੇਸ਼ਨ ਨੂੰ ਬੰਗਲਾ ਟੀ ਵੀ ਚੈਨਲਾਂ (ਨਾਰਦ ਚੈਨਲ) ਤੇ ਚਲਾਇਆ ਗਿਆ ਤਾਂ ਇੱਕ ਤਰਾਂ ਨਾਲ ਹੜਕੰਪ ਮਚ ਗਿਆ। ਇਸ ਨੂੰ ਨਾਰਦ ਰਿਸ਼ਵਤ ਕਾਂਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਨੰਦ ਬਜਾਰ ਪਤਰਿਕਾ ਅਨੁਸਾਰ ਸੋਮਵਾਰ ਦੀ ਸਵੇਰ ਸੀ ਬੀ ਆਈ ਵਲੋਂ ਕਲਕੱਤਾ ਦੇ ਚੇਤਲਾ ਸਥਿਤ ਫਰਹਾਦ ਹਕੀਮ ਦੇ ਘਰ ਨੂੰ ਸਾਰੇ ਪਾਸਿਆਂ ਤੋਂ ਘੇਰ ਲਿਆ ਗਿਆ। ਇਸ ਤੋਂ ਬਾਅਦ ਉਹਨਾਂ ਨੂੰ ਕਲਕੱਤਾ ਸਥਿਤ ਨਿਜ਼ਾਮ ਪੈਲਿਸ ਲਿਜਾਇਆ ਗਿਆ। ਨਿਜ਼ਾਮ ਪੈਲਿਸ ਕੰਪਲੈਕਸ ਵਿੱਚ ਕੇਂਦਰ ਸਰਕਾਰ ਦੇ ਕਈ ਦਫਤਰ ਹਨ। ਫਰਹਾਦ ਹਕੀਮ ਦਾ ਕਹਿਣਾ ਹੈ ਕਿ ਉਸ ਨੂੰ ਸੀ ਬੀ ਆਈ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਕੋਈ ਨੋਟਿਸ ਨਹੀਂ ਦਿੱਤਾ। ਉਸ ਦਾ ਕਹਿਣਾ ਹੈ ਕਿ ਸਪੀਕਰ ਦੀ ਇਜਾਜ਼ਤ ਤੋਂ ਬਿਨਾਂ ਹੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਲਈ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਣਗੇ। "ਅਨੰਦ ਬਜਾਰ ਪੱਤ੍ਰਿਕਾ" ਅਨੁਸਾਰ ਇਹਨਾਂ ਚਾਰਾਂ ਖਿਲਾਫ ਚਾਰਜ ਸ਼ੀਟ ਤਿਆਰ ਕਰ ਲਈ ਗਈ ਹੈ, ਜਿਸ ਨੂੰ ਦਿੱਲੀ ਭੇਜਿਆ ਗਿਆ ਹੈ। ਰਿਸ਼ਵਤਖੋਰਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ , ਕਿਸੇ ਦਾ ਲਿਹਾਜ ਨਹੀਂ ਹੋਣਾ ਚਾਹੀਦਾ। ਇਹ ਕਾਰਵਾਈ ਚੋਣਵੀਂ ਨਹੀਂ ਹੋਣੀ ਚਾਹੀਦੀ। ਜਦੋਂ ਇੱਕ ਬਜਾਰ ਵਿੱਚ ਦੋ ਭਾਅ ਚੱਲਣ ਲੱਗਦੇ ਹਨ ਤਾਂ ਅਵਾਮ ਦੇ ਕੰਨ ਖੜ੍ਹੇ ਹੋਣੇ ਸੁਭਾਵਿਕ ਹਨ। ਸਵਾਲ ਪੈਦਾ ਹੁੰਦਾ ਹੈ ਕਿ ਇਸ ਸਟਿੰਗ ਅਪਰੇਸ਼ਨ ਸਮੇ ਜਿਹੜੇ ਲੋਕ ਟੀ ਐਮ ਸੀ ਵਿੱਚ ਸਨ ਅਤੇ ਬਾਅਦ ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਗਏ ਉਹਨਾਂ ਖਿਲਾਫ ਸੀ ਬੀ ਆਈ ਵਲੋਂ ਇਹ ਕਾਰਵਾਈ ਕਿਉ ਨਹੀ ਕੀਤੀ ਗਈ। ਨਾਰਦ ਘੋਟਾਲਾ ਮਾਮਲੇ ਵਿੱਚ  ਟੀ ਐਮ ਸੀ ਦੇ ਜਿਹਨਾਂ 7 ਸੰਸਦਾਂ ਦਾ ਨਾਮ ਆਇਆ ਸੀ, ਉਹਨਾਂ ਵਿੱਚ ਮੁਕਲ ਰਾਏ ਰਾਜ ਸਭਾ ਮੈਂਬਰ ਸਨ। ਮੁਕਲ ਰਾਏ ਬਾਅਦ ਵਿੱਚ ਟੀ ਐਮ ਸੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਹਾਲ ਹੀ ਵਿੱਚ ਵਿਧਾਇਕ ਚੁਣੇ ਗਏ ਹਨ। ਕਿਸੇ ਸਮੇਂ ਮਮਤਾ ਬੈਨਰਜੀ ਦਾ ਸੱਜਾ ਹੱਥ ਰਹੇ ਸੁਭੇਂਧੂ ਅਧਿਕਾਰੀ ਵੀ ਇਸ ਮਾਮਲੇ ਵਿਚ ਸ਼ਾਮਿਲ ਹਨ। ਉਸ ਨੇ ਨੰਦੀਗਰਾਮ ਤੋਂ ਮਮਤਾ ਬੈਨਰਜੀ ਨੂੰ ਹਰਾਇਆ ਹੈ। ਭਾਜਪਾ ਨੇ ਅਧਿਕਾਰੀ ਨੂੰ ਪੱਛਮੀ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦਾ ਆਗੂ ਬਣਾਇਆ ਹੈ। 2016 ਦੌਰਾਨ ਹੋਈਆਂ ਬੰਗਾਲ ਵਿਧਾਨ ਸਭਾਈ ਚੋਣਾਂ ਵਿੱਚ ਇਸ ਕਥਿਤ ਕਾਂਡ ਨੂੰ ਬੜਾ ਮੁੱਦਾ ਬਣਾਇਆ ਗਿਆ ਸੀ। ਇਸ ਦੇ ਬਾਵਜੂਦ ਮਮਤਾ ਬੈਨਰਜੀ ਬਹੁਮਤ ਲੈ ਕੇ ਵਾਪਸ ਆਈ ਸੀ। ਉਸ ਸਮੇਂ ਮਮਤਾ ਨੇ ਦਾਅਵਾ ਕੀਤਾ ਸੀ ਕਿ ਬੰਗਾਲ ਦੀ ਜਨਤਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਤਿਰਮੂਲ ਕਾਂਗਰਸ ਉੱਤੇ ਲਗਾਏ ਦੋਸ਼ ਨਿਰ ਆਧਾਰ ਹਨ।  ਇਹ ਪਹਿਲੀ ਵਾਰ ਨਹੀਂ ਹੈ ਕਿ ਭਾਜਪਾ ਉੱਤੇ ਪੱਖਪਾਤ ਕਰਨ ਅਤੇ ਬਦਲਾ ਲਊ ਭਾਵਨਾ ਅਧੀਨ ਕਾਰਵਾਈਆਂ ਕਰਨ ਦੇ ਦੋਸ਼ ਲੱਗੇ ਹਨ। ਇਸ ਤੋਂ ਪਹਿਲਾਂ ਵੀ ਉਸ ਉੱਤੇ ਅਜਿਹੇ ਦੋਸ਼ ਲੱਗਦੇ ਰਹੇ ਹਨ। ਕੇਂਦਰੀ ਜਾਂਚ ਏਜੰਸੀਆਂ ਦਾ ਆਪਣੇ ਹੁੱਕ ਵਿੱਚ ਇਸਤੇਮਾਲ ਕਰਨ ਲਈ ਭਾਜਪਾ ਸਭ ਹੱਦਾਂ ਬੰਨੇ ਟੱਪ ਗਈ ਹੈ। ਇੱਥੋਂ ਤੱਕ ਕਿ ਚੋਣਾਂ ਦੌਰਾਨ ਵੀ ਕੇਂਦਰੀ ਏਜੰਸੀਆਂ ਦਾ ਦੁਰ ਉਪਯੋਗ ਹੁੰਦਾ ਰਿਹਾ ਹੈ। ਜਿਸ ਤਰਾਂ ਬੰਗਾਲ ਦੀ ਸਿਆਸਤ ਵਿੱਚ ਖਤਮ ਹੋ ਚੁੱਕੇ ਮੁੱਦਿਆਂ ਨੂੰ ਭਾਜਪਾ ਸਰਕਾਰ ਨੇ ਫੇਰ ਤੋਂ ਸਾਹਮਣੇ ਲਿਆਂਦਾ ਹੈ ਉਸ ਨਾਲ ਦੇਸ਼ ਭਰ ਦੀ ਸਿਆਸਤ ਵਿੱਚ ਉਬਾਲ ਆਵੇਗਾ। ਆਉਣ ਵਾਲੇ ਦਿਨਾਂ ਵਿੱਚ ਬੰਗਾਲ ਅਤੇ ਕੇਂਦਰ ਸਰਕਾਰ ਦਰਮਿਆਨ ਟਕਰਾਅ ਵਧੇਗਾ ਜਿਸ ਤੋਂ ਬਚਣ ਦੀ ਲੋੜ ਹੈ। ਇਸੇ ਦੌਰਾਨ ਜਾਣਕਾਰੀ ਮਿਲੀ ਹੈ ਕਿ ਨਿਜ਼ਾਮ ਪੈਲਿਸ ਸਥਿਤ ਕੇਂਦਰੀ ਜਾਂਚ ਬਿਊਰੋ ਦੇ ਦਫਤਰ ਸਾਹਮਣੇ ਤਿਰਮੂਲ ਕਾਂਗਰਸ ਸਮਰਥਕਾਂ ਅਤੇ ਕੇਂਦਰੀ ਸੁਰਖਿਆ ਬਲਾਂ ਦਰਮਿਆਨ ਝੜਪਾਂ ਹੋਈਆਂ ਹਨ। ਟੀ ਐਮ ਸੀ ਦੇ ਕਾਰਕੁਨਾਂ ਨੇ ਸੀ ਬੀ ਆਈ ਦੇ ਦਫਤਰ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ। ਪਥਰਾਅ ਅਤੇ ਲਾਠੀਚਾਰਜ ਹੋਣ ਦੀਆਂ ਵੀ ਖਬਰਾਂ ਹਨ।  ਬੀਜੇਪੀ ਦੀ ਕੇਂਦਰ ਸਰਕਾਰ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਘਿਰੀ ਹੋਈ ਹੈ। ਦੇਸ਼ ਇਸ ਸਮੇਂ ਕਰੋਨਾ ਮਹਾਮਾਰੀ ਦੀ ਸਭ ਤੋਂ ਵੱਡੀ ਸਮੱਸਿਆ ਵਿੱਚ ਘਿਰਿਆ ਹੋਇਆ ਹੈ ਪ੍ਰੰਤੂ ਕੇਂਦਰ ਸਰਕਾਰ ਆਪਣੀਆਂ ਰਾਜਨੀਤਕ ਗੋਟੀਆਂ ਫਿੱਟ ਕਰਨ ਦੇ ਆਹਰ ਵਿੱਚ ਲੱਗੀ ਹੋਈ ਹੈ। ਬੰਗਾਲ ਵਿੱਚ ਹੋਈ ਹਾਰ ਨੂੰ ਖਿੜੇ ਮੱਥੇ ਪ੍ਰਵਾਨ ਕਰ ਕੇ ਉਸ ਨੂੰ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕੇਂਦਰ ਸਰਕਾਰ ਦੇ ਸਿਰ ਸੰਵਿਧਾਨ ਅਨੁਸਾਰ ਦੇਸ਼ ਚਲਾਉਣ ਦੀ ਵੱਡੀ ਜੁੰਮੇਵਾਰੀ ਹੈ ।

ਹਰਜਿੰਦਰ ਸਿੰਘ ਗੁਲਪੁਰ
ਮੈਲਬੌਰਨ (ਆਸਟ੍ਰੇਲੀਆ)
0061411218801