ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
16 ਮਈ 2021
ਸਿੱਧੂ ਖ਼ਿਲਾਫ਼ ਕਾਰਵਾਈ ਲਈ ਫਾਈਲਾਂ ਤੋਂ ਮਿੱਟੀ ਝਾੜਨ ਲੱਗਾ ਵਿਜੀਲੈਂਸ ਵਿਭਾਗ-ਇਕ ਖ਼ਬਰ
ਕਰੋ ਮੁਸ਼ਕਾਂ ਬੰਨ੍ਹ ਕੇ ਪੇਸ਼, ਰਾਜੇ ਦੇ ਦਰਬਾਰ।
ਵਿਧਾਨਕ ਤਾਕਤਾਂ ਦੀ ਵਰਤੋਂ ਲਈ ਮਜਬੂਰ ਨਾ ਕਰੇ ਤ੍ਰਿਣਮੂਲ ਕਾਂਗਰਸ- ਰਾਜਪਾਲ ਧਨਖੜ
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ, ਤੇਰੇ ‘ਚ ਤੇਰਾ ਯਾਰ ਬੋਲਦਾ।
ਪ੍ਰਧਾਨ ਮੰਤਰੀ ਮੋਦੀ ਨੂੰ 12 ਵਿਰੋਧੀ ਧਿਰਾਂ ਨੇ ਲਿਖੀ ਚਿੱਠੀ- ਇਕ ਖ਼ਬਰ
ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਵਲ ਪਾਈਆਂ।
ਨੀਰਵ ਮੋਦੀ ਵਲੋਂ ਭਾਰਤ ਹਵਾਲਗੀ ਫ਼ੈਸਲੇ ਵਿਰੁੱਧ ਲੰਡਨ ਅਦਾਲਤ ਵਿਚ ਅਪੀਲ-ਇਕ ਖ਼ਬਰ
ਅੱਜ ਦੀ ਦਿਹਾੜੀ ਰੱਖ ਡੋਲੀ ਨੀਂ ਮਾਂ.................
ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ ‘ਚ ਘਮਸਾਣ ਦਾ ਯੁੱਧ- ਇਕ ਖ਼ਬਰ
ਕੂੰਡੇ ਟੁੱਟ ਗਏ ਘੋਟਣੇ ਭੱਜ ਗਏ , ਤਕੀਏ ਮਲੰਗ ਲੜ ਪਏ।
ਗੁਰਦੁਆਰਾ ਸਾਹਿਬ ਅਤੇ ਗੁਰਮਤਿ ਵਿਦਿਆਲੇ ਦੇ ਨੀਂਹ- ਪੱਥਰ ਰੱਖਣ ਸਮੇਂ ਭੂਮੀ ਪੂਜਨ ਕੀਤਾ ਗਿਆ- ਇਕ ਖ਼ਬਰ
ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ, ਹੋਏ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ।
ਇਨਸਾਫ਼ ਤਾਂ ਹੋ ਕੇ ਰਹੇਗਾ. ਭਾਵੇਂ ਕੋਈ ਕੀਮਤ ਵੀ ਚੁਕਾਉਣੀ ਪਵੇ-ਨਵਜੋਤ ਸਿੱਧੂ
ਹੋਕਾ ਫਿਰੇ ਦਿੰਦਾ ਪਿੰਡਾਂ ਵਿਚ ਸਾਰੇ, ਆਉ ਕਿਸੇ ਫ਼ਕੀਰ ਜੇ ਹੋਵਣਾ ਈ।
ਕੋਰੋਨਾ ਮਾਮਲੇ ‘ਚ ਮੋਦੀ ਆਪਣੀ ਨਾਕਾਮੀ ਮੰਨਣ-ਸੋਨੀਆ ਗਾਂਧੀ
ਹੱਥ ਸੋਚ ਕੇ ਗੰਦਲ ਨੂੰ ਪਾਈਂ, ਨੀਂ ਕਿਹੜੀ ਏਂ ਤੂੰ ਸਾਗ ਤੋੜਦੀ।
ਤਿੰਨ ਕੈਬਨਿਟ ਮੰਤਰੀਆਂ ਵਲੋਂ ਸਿੱਧੂ ਖ਼ਿਲਾਫ਼ ਕਾਰਵਾਈ ਕਰਨ ਲਈ ਹਾਈ ਕਮਾਂਡ ਨੂੰ ਅਪੀਲ- ਇਕ ਖ਼ਬਰ
ਰੋ ਰੋ ਲੂਣਾ ਆਖੇ ਰਾਜਿਆ, ਕਰ ਪੂਰਨ ਜਲਦ ਹਲਾਲ।
ਐਡਵੋਕੇਟ ਅਤੁੱਲ ਨੰਦਾ ਨੂੰ ਅਹੁੱਦੇ ਤੋਂ ਹਟਾਇਆ ਜਾਵੇ- ਪਰਤਾਪ ਸਿੰਘ ਬਾਜਵਾ
ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ।
ਮੋਦੀ ਸਰਕਾਰ ਦੀਆਂ ਨਾਲਾਇਕੀਆਂ ਕਾਰਨ ਪੰਜਾਬ ਜੂਝ ਰਿਹਾ ਹੈ ਕੋਰੋਨਾ ਸੰਕਟ ਨਾਲ- ਨਿਮਿਸ਼ਾ ਮਹਿਤਾ
ਵੈਣ ਬੁੱਢੇ ਦੇ ਪਾਵਾਂ, ਬਹਿ ਕੇ ਟੇਸ਼ਣ ‘ਤੇ।
ਅਮਰੀਕੀ ਹਵਾਈ ਅੱਡੇ ‘ਤੇ ਭਾਰਤੀ ਯਾਤਰੀ ਕੋਲੋਂ ਬਰਾਮਦ ਹੋਈਆਂ ਪਾਥੀਆਂ- ਇਕ ਖ਼ਬਰ
ਪਾਥੀਆਂ ਨਹੀਂ ਬਈ, ਇਹ ਤਾਂ ਕੋਰੋਨਾ ਦੀ ਦੁਆਈ ਐ।
ਪੰਜਾਬ ਸੰਕਟ: ਕੈਪਟਨ ਖੁਦ ਨਿਕਲਿਆ ਰੁੱਸਿਆਂ ਨੂੰ ਮਨਾਉਣ ਲਈ- ਇਕ ਖ਼ਬਰ
ਅੜੀ ਵੇ ਅੜੀ ਨਾ ਕਰ ਬਹੁਤੀ ਵੇ ਅੜੀ, ਲੱਗੀ ਸਉਣ ਦੀ ਝੜੀ.....................
ਸੁਨੀਲ ਜਾਖੜ ਖੁੱਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਦੇ ਬਚਾਅ ‘ਚ ਉੱਤਰੇ- ਇਕ ਖ਼ਬਰ
ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ ਵੀ ਵਿੰਗਾ ਨਾ ਹੋਵੇ।
ਪ੍ਰਧਾਨ ਮੰਤਰੀ ਗੁਲਾਬੀ ਚਸ਼ਮਾ ਉਤਾਰ ਕੇ ਹਾਲਾਤ ਦੇਖਣ- ਰਾਹੁਲ ਗਾਂਧੀ
ਅਗਲੇ ਨੇ ਪੂਰਾ ਪਝੰਤਰ ਹਜ਼ਾਰ ਖ਼ਰਚਿਆ ਹੋਇਆ ਚਸ਼ਮੇ ‘ਤੇ।
ਕੋਰੋਨਾ ਖ਼ਿਲਾਫ਼ ਜੰਗ ‘ਚ ਵਿਗਿਆਨੀਆਂ ਤੇ ਖੋਜੀਆਂ ਦੀ ਭੂਮਿਕਾ ਅਹਿਮ- ਮੋਦੀ
ਕੁਝ ਆਪਣੀ ਭੂਮਿਕਾ ਬਾਰੇ ਵੀ ਉਚਰੋ ਸ਼੍ਰੀਮਾਨ ਜੀ।