ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

10 ਮਈ 2021

 

ਚਾਲੀ ਲੱਖ ਦੀ ਰਾਸ਼ੀ ਨਾਲ ਪਿਹੋਵਾ ‘ਚ ਆਕਸੀਜਨ ਪਲਾਂਟ ਲਗੇਗਾ- ਹਰਿਆਣਾ ਦਾ ਸਿਹਤ ਮੰਤਰੀ
ਜਦ ਲੰਘ ਗਿਆ ਈਦ ਦਾ ਮੇਲਾ, ਤੰਬਿਆਂ ਦਾ ਭਾਅ ਪੁੱਛਦੇ।

ਬਾਦਲ ਪਰਵਾਰ ਦੀ ਇੱਛਾ ਮੁਤਾਬਕ ਕੰਮ ਕਰ ਰਹੀ ਹੈ ਕੈਪਟਨ ਸਰਕਾਰ- ਨਵਜੋਤ ਸਿੱਧੂ
ਵੇ ਘਰ ਤੇਲਣ ਦੇ, ਤੇਰਾ ਚਾਦਰਾ ਖੜਕੇ।

ਬੇਅਦਬੀ ਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਲਈ ਸਰਕਾਰ ਹੋਈ ਪੱਬਾਂ ਭਾਰ:- ਧਿਆਨ ਸਿੰਘ ਮੰਡ
ਤੇ ਤੁਸੀਂ ਜਿਹੜਾ ਚੰਦ ਚਾੜ੍ਹਿਆ ਸੀ ਉਹ ਕਿਹੜਾ ਗੁੱਝਾ ਕਿਸੇ ਕੋਲੋਂ।

ਮਮਤਾ ਸਰਕਾਰ ਨੂੰ ਬਦਨਾਮ ਕਰਨ ਲਈ ਭਾਜਪਾ ਨੇ ਮੁਹਿੰਮ ਵਿੱਢੀ- ਬਲਦੇਵ ਸਿੰਘ ਮਾਨ
ਲੱਸੀ ਲੈਣ ਦੇ ਬਹਾਨੇ ਆਉਂਦੇ, ਛੜਿਆਂ ਦੀ ਨੀਤ ਬੁਰੀ।               
                                                      
ਕੇਂਦਰ ਨੇ ਕੋਰੋਨਾ ਸੰਕਟ ਦੌਰਾਨ ਸੂਬਿਆਂ ਅਤੇ ਲੋਕਾਂ ਨੂੰ ਅਧਵਾਟੇ ਛੱਡਿਆ- ਰਾਣਾ ਸੋਢੀ
ਲਾਉਣੀ ਸੀ ਜੇ ਕਮਲ਼ੀਏ, ਨਿਭਾਉਣੀ ਕਿਉਂ ਨਾ ਸਿੱਖੀ।

ਮੋਦੀ ਨੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜਿਆ- ਚਿਦੰਬਰਮ
ਹੁਣ ਤੂੰ ਕਿਧਰ ਗਿਆ, ਜੇਠ ਬੋਲੀਆਂ ਮਾਰੇ।

ਕੋਟਕਪੂਰਾ ਗੋਲੀਕਾਂਡ: ਕੈਪਟਨ ਅਮਰਿੰਦਰ ਸਿੰਘ ਨੇ ਬਣਾਈ ਨਵੀਂ ਸਿੱਟ- ਇਕ ਖ਼ਬਰ
ਤਰਫ਼ ਮੁਲਕ ਦੇ ਨਹੀਂ ਧਿਆਨ ਤੇਰਾ, ਮਤਲਬ ਆਪਣੇ ਦਾ ਨਿਰਾ ਯਾਰ ਐਂ ਤੂੰ।

ਦਿੱਲੀ ਵਿਚ ਆਕਸੀਜਨ ਕੰਨਸਟਰੇਟਰ ਬਲੈਕ ‘ਚ ਵੇਚ ਰਹੇ ਚਾਰ ਵਿਅਕਤੀ ਕਾਬੂ- ਇਕ ਖ਼ਬਰ
ਪਵੇ ਹਾਸ਼ਮਾਂ ਗੈਬ ਦੀ ਧਾੜ ਇਹਨਾਂ, ਨਿੱਤ ਮਾਸ ਬਿਗਾਨੜਾ ਖਾਂਵਦੇ ਨੇ।

ਭਾਜਪਾ ਪ੍ਰਧਾਨ ਨੱਢਾ ਵਲੋਂ ਐਨ.ਡੀ.ਏ. ਸਰਕਾਰ ਦੀ ਸ਼ਲਾਘਾ- ਇਕ ਖ਼ਬਰ
ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ।

ਪੱਛਮੀ ਬੰਗਾਲ ‘ਚ ਹਾਰ ਲਈ ਭਾਜਪਾ ਦਾ ਹੰਕਾਰ ਜ਼ਿੰਮੇਵਾਰ- ਸ਼ਿਵ ਸੈਨਾ
ਰੱਬ ਚਾੜ੍ਹ ਪਹਾੜ ਤੋਂ ਡੇਗ ਦਿੰਦਾ, ਗਰਬ ਕਰੀਏ ਨਾ ਵੱਡੇ ਇਕਬਾਲ ਦਾ ਜੀ।

ਗਰੀਬ ਰੇਹੜੀ ਵਾਲੇ ਦੀ ਲੱਤ ਮਾਰ ਕੇ ਸਬਜ਼ੀ ਸੁੱਟਣ ਵਾਲੇ ਥਾਣੇਦਾਰ ਦੀ ਕੀਤੀ ਬਦਲੀ- ਇਕ ਖ਼ਬਰ
ਨਵੇਂ ਥਾਂ ‘ਤੇ ਜਾ ਕੇ ਵੀ ਇਹੋ ਕਰਤੂਤਾਂ ਹੀ ਕਰੂ। ਵਾਦੜੀਆਂ ਸਜਾਦੜੀਆਂ...............।

ਨਾ ਵੈਕਸੀਨ, ਨਾ ਰੁਜ਼ਗਾਰ, ਬਿਲਕੁਲ ਫੇਲ੍ਹ ਮੋਦੀ ਸਰਕਾਰ- ਰਾਹੁਲ ਗਾਂਧੀ
ਕੰਤ ਨਿਆਣੇ ਦਾ, ਖਾ ਗਿਆ ਹੱਡਾਂ ਨੂੰ ਝੋਰਾ।

ਬੇਅਦਬੀ ਮਾਮਲੇ ‘ਚ ਸਿੱਧੂ ਨੇ ਫਿਰ ਕੈਪਟਨ ‘ਤੇ ਨਿਸ਼ਾਨਾ ਸਾਧਿਆ- ਇਕ ਖ਼ਬਰ
ਕਾਦਰਯਾਰ ਅਸਵਾਰ ਹੋ ਖ਼ਾਲਸਾ ਜੀ, ਮੱਥਾ ਨਾਲ਼ ਫਿਰੰਗੀ ਦੇ ਲਾਂਵਦੇ ਨੇ।

ਨਵੀਂ ਪਾਰਟੀ ਦੇ ਗਠਨ ਲਈ ਬ੍ਰਹਮਪੁਰਾ ਅਤੇ ਢੀਂਡਸਾ ਦੀ ਮੀਟਿੰਗ ਹੋਈ- ਇਕ ਖ਼ਬਰ
ਠੰਢੇ ਠੰਢੇ ਹੋ ਚਲੀਏ, ਸਾਰਾ ਚਾਰ ਕੋਹ ਬਰਨਾਲਾ।

ਕਿਸਾਨੀ ਸੰਘਰਸ਼ ਨੂੰ ਆਜ਼ਾਦੀ ਸੰਗਰਾਮ ਵਾਂਗ ਭਖਾਉਣ ਦਾ ਸੱਦਾ- ਇਕ ਖ਼ਬਰ
ਮੇਰਾ ਰੰਗ ਦੇ ਬਸੰਤੀ ਚੋਲਾ ਮਾਏਂ ਮੇਰਾ ਰੰਗ ਦੇ ਬਸੰਤੀ ਚੋਲਾ।