ਆਸ ਨੂੰ ਜਿਊਂਦਾ ਰੱਖਦਿਆਂ - ਅਮਿਤ ਭਾਦੁੜੀ

ਯਕੀਨੀ ਤੇ ਬਦਹਵਾਸੀ ਦੇ ਦੌਰ ਵਿਚ ਪਾਬਲੋ ਨੇਰੂਦਾ ਦੀ ਇਕ ਸਤਰ ਯਾਦ ਰੱਖਣ ਦੀ ਲੋੜ ਪੈਂਦੀ ਹੈ: ‘‘ਤੁਸੀਂ ਸਾਰੇ ਫੁੱਲਾਂ ਨੂੰ ਵੱਢ ਸਕਦੇ ਹੋ ਪਰ ਤੁਸੀਂ ਬਹਾਰ ਨੂੰ ਆਉਣ ਤੋਂ ਨਹੀਂ ਰੋਕ ਸਕਦੇ।’’ ਸਰਕਾਰ ਨੇ ਸਾਰੇ ਰਾਹ ਬੰਦ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਸੜਕਾਂ ਬੰਦ ਕਰਵਾ ਦਿੱਤੀਆਂ, ਟਰੈਕਟਰਾਂ ਨੂੰ ਸ਼ਹਿਰ ਅੰਦਰ ਆਉਣ ਤੋਂ ਰੋਕਣ ਲਈ ਟੋਏ ਪੁਟਵਾਏ ਗਏ, ਹੱਦਾਂ ਟੱਪਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਕਿੱਲਾਂ ਗਡਵਾ ਦਿੱਤੀਆਂ ਗਈਆਂ। ਇਹੀ ਹੀ ਨਹੀਂ ਸਗੋਂ ਹਥਿਆਰਬੰਦ ਪੁਲੀਸ ਕਰਮੀ ਪਹਿਰੇ ’ਤੇ ਬਿਠਾ ਦਿੱਤੇ ਗਏ ਜਿਵੇਂ ਅੰਦੋਲਨਕਾਰੀ ਦੇਸ਼ ਦੇ ਦੁਸ਼ਮਣ ਹੋਣ ਤੇ ਸਾਡੇ ਆਗੂਆਂ ਨੇ ਉਨ੍ਹਾਂ ਨੂੰ ਦੇਸ਼ਧ੍ਰੋਹੀ, ਅੰਦੋਲਨਜੀਵੀ ਤੇ ਪਰਜੀਵੀ ਆਖਿਆ।
        ਇੰਨਾ ਹੀ ਕਾਫ਼ੀ ਨਹੀਂ ਸੀ ਕਿ ਉੱਪਰੋਂ ਕੋਵਿਡ-19 ਦੀ ਦੂਜੀ ਲਹਿਰ ਦਾ ਪਰਛਾਵਾਂ ਪੈਣਾ ਸ਼ੁਰੂ ਹੋ ਗਿਆ। ਬਿਨਾਂ ਸ਼ੱਕ ਮਹਾਮਾਰੀ ਖ਼ਤਰਨਾਕ ਹੈ, ਪਰ ਜਿਵੇਂ ਕਿਸਾਨ ਅੰਦੋਲਨ ਦੇ ਇਕ ਆਗੂ ਨੇ ਆਖਿਆ ਸੀ ਕਿ ਤਿੰਨ ਖੇਤੀ ਕਾਨੂੰਨ ਇਸ ਮਹਾਮਾਰੀ ਤੋਂ ਵੀ ਜ਼ਿਆਦਾ ਖ਼ਤਰਨਾਕ ਹਨ। ਸੱਚ ਇਹ ਹੈ ਕਿ ਕਿਸਾਨਾਂ ਨੂੰ ਜਰਕਾਇਆ ਨਹੀਂ ਜਾ ਸਕਦਾ।
       ਦਿੱਲੀ ਇਕ ਘਿਰੇ ਹੋਏ ਸ਼ਹਿਰ ਦੀ ਤਰ੍ਹਾਂ ਮਹਿਸੂਸ ਕਰਦੀ ਹੈ ਜਿੱਥੇ ਅੱਜ ਡਿਜੀਟਲ ਜ਼ਮਾਨੇ ’ਚ ਬਾਹਰੋਂ ਕੋਈ ਖ਼ਬਰ ਵੀ ਪਰ ਨਹੀਂ ਮਾਰ ਸਕਦੀ ਕਿਉਂਕਿ ਆਗਿਆਕਾਰੀ ਕੌਮੀ ਮੀਡੀਆ ਇਸ ਹੱਦ ਤਕ ਚਲਾ ਗਿਆ ਹੈ ਤੇ ਸਰਕਾਰੀ ਮੀਡੀਆ ਦੀ ਤਾਂ ਗੱਲ ਹੀ ਛੱਡੋ। ਜੇ ਕੋਈ ਇਸ ਹਕੂਮਤ ਦੀ ਹਾਂ ਵਿਚ ਹਾਂ ਨਹੀਂ ਮਿਲਾਉਂਦਾ ਤਾਂ ਉਸ ਨੂੰ ਇਸ ਦੀ ਮਹਿੰਗੀ ਕੀਮਤ ਤਾਰਨੀ ਪੈਂਦੀ ਹੈ। ਜਮਹੂਰੀ ਤਰੀਕੇ ਨਾਲ ਚੁਣੀ ਗਈ ਇਸ ਸਰਕਾਰ ਨੇ ਵਿਰੋਧ ਕਰਨ ਵਾਲੇ ਹਰ ਸ਼ਖ਼ਸ ਅਤੇ ਹੱਦਾਂ ’ਤੇ ਬੈਠੇ ਉਨ੍ਹਾਂ ‘ਦੇਸ਼ਧ੍ਰੋਹੀਆਂ’ ਨੂੰ ਪੂਰੀ ਤਰ੍ਹਾਂ ਦਰੜ ਕੇ ਰੱਖ ਦੇਣ ਦਾ ਤਹੱਈਆ ਕੀਤਾ ਹੋਇਆ ਹੈ। ਇਸ ਲਈ ਲੋਕਾਂ ਨੂੰ ਝੂਠੀਆਂ ਖ਼ਬਰਾਂ, ਫ਼ਰਜ਼ੀ ਖ਼ਬਰਾਂ ਤੇ ਕੂੜ ਪ੍ਰਚਾਰ ਪਰੋਸਿਆ ਜਾ ਰਿਹਾ ਹੈ ਤਾਂ ਕਿ ਉਹ ਕਿਸਾਨਾਂ ਦਾ ਸਾਥ ਨਾ ਦੇਣ ਅਤੇ ਉਨ੍ਹਾਂ ਨੂੰ ਦੁਸ਼ਮਣ ਦੀ ਤਰ੍ਹਾਂ ਸਮਝਣ।
       ਸਰਕਾਰ ਹਰ ਕਿਸਮ ਦਾ ਸੰਚਾਰ ਤੋੜ ਕੇ ਤੇ ਸੰਵਾਦ/ਗੱਲਬਾਤ ਦੇ ਸਾਰੇ ਰਾਹ ਬੰਦ ਕਰ ਕੇ ਵਿਰੋਧ ਦੇ ਸੁਰ ’ਤੇ ਜਿੰਨਾ ਜ਼ਿਆਦਾ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕਰਦੀ ਹੈ, ਕਿਸਾਨਾਂ ਵੱਲੋਂ ਸਮੂਹਿਕ ਤੌਰ ’ਤੇ ਸੰਚਾਰ ਦੇ ਓਨੇ ਹੀ ਜ਼ਿਆਦਾ ਨਵੇਂ ਤੌਰ ਤਰੀਕੇ ਈਜ਼ਾਦ ਕਰ ਲਏ ਜਾਂਦੇ ਹਨ। ਇਹ ਸਮਾਜਿਕ ਵਿਹਾਰ ਦਾ ਜਾਣਿਆ ਪਛਾਣਿਆ ਪਹਿਲੂ ਹੈ ਕਿ ਲੋਕ ਭੂਚਾਲ ਜਿਹੀ ਕਿਸੇ ਬਿਪਤਾ ਮੌਕੇ ਇਕਜੁੱਟਤਾ ਦੀ ਭਾਵਨਾ ਨਾਲ ਕੰਮ ਕਰਦੇ ਹਨ। ਕਿਸਾਨ ਅੰਦੋਲਨ ਦੌਰਾਨ ਵੀ ਕੁਝ ਇਹੋ ਜਿਹਾ ਹੀ ਵਾਪਰਿਆ ਹੈ। ਇਸ ਅਮਲ ਵਿਚ ਵੀ ਇਕ ਤੋਂ ਬਾਅਦ ਇਕ ਔਕੜ ’ਤੇ ਪਾਰ ਪਾਇਆ ਗਿਆ ਹੈ ਅਤੇ ਕੁਝ ਦੇਰ ਪਹਿਲਾਂ ਜੋ ਗੱਲ ਅਸੰਭਵ ਜਾਪਦੀ ਸੀ, ਹੁਣ ਬਿਲਕੁਲ ਸੰਭਵ ਜਾਪ ਰਹੀ ਹੈ।
    ਇਕਜੁੱਟਤਾ ਦੀ ਤਾਕਤ ਸਿੱਲ ਪੱਥਰਾਂ ਵਿਚ ਜਾਨ ਪਾ ਕੇ ਕੁਝ ਕਰਨ ਦੇ ਰਾਹ ਪਾ ਦਿੰਦੀ ਹੈ। ਰਾਜਕੀ ਸੱਤਾ ਦਾ ਇਸਤੇਮਾਲ ਉਦੋਂ ਹੀ ਕੰਮ ਦਿੰਦਾ ਹੈ ਜਦੋਂ ਸਮਾਜ ਅੰਦਰ ਰਵਾਇਤੀ ਦੁਫੇੜਾਂ ਤਰੇੜਾਂ ਉੱਭਰਨੀਆਂ ਸ਼ੁਰੂ ਹੋ ਜਾਣ। ਸ਼ਾਇਦ ਦੁਨੀਆਂ ਦੇ ਹੋਰ ਕਿਸੇ ਵੀ ਦੇਸ਼ ਦੇ ਮੁਕਾਬਲੇ ਭਾਰਤ ਵਿਚ ਇਹ ਦੁਫੇੜਾਂ-ਤਰੇੜਾਂ ਕੁਝ ਜ਼ਿਆਦਾ ਹੀ ਹਨ। ਅਨੇਕਤਾ ’ਚ ਏਕਤਾ ਦੇ ਨਾਅਰੇ ਨਾਲ ਇਨ੍ਹਾਂ ਦੁਫੇੜਾਂ ਤਰੇੜਾਂ ਦੀ ਪਰਦਾਪੋਸ਼ੀ ਕਰਨ ਦੀ ਰਸਮ ਨਿਭਾਈ ਜਾਂਦੀ ਹੈ, ਪਰ ਕਿਸੇ ਲਹਿਰ ਦੀ ਹਕੀਕੀ ਤਾਕਤ ਨੂੰ ਇਹੋ ਜਿਹੇ ਲਕਬਾਂ ਦੀ ਲੋੜ ਨਹੀਂ ਪੈਂਦੀ। ਕਿਸਾਨ ਅੰਦੋਲਨ ਦੀ ਸਭ ਤੋਂ ਬੇਮਿਸਾਲ ਗੱਲ ਇਸ ਦਾ ਸਹਿਜ-ਮਤ ਹੈ ਜੋ ਨਾ ਕਿਸੇ ਵਾਦ ਦਾ ਮੁਥਾਜ ਹੈ ਤੇ ਨਾ ਹੀ ਸਿਆਸੀ ਪਾਰਟੀਆਂ ਦਾ। ਇਸ ਲਈ ਨਿੱਤ ਨਵੀਂ ਬਹਾਰ ਆਉਂਦੀ ਦਿਸਦੀ ਹੈ, ਸ਼ਾਇਦ ਇਸ ਦੇ ਆਉਣ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਹੈ।
        ਹਿੰਦੂ ਸਮਾਜ ਜਾਤਾਂ ਤੇ ਉਪ ਜਾਤਾਂ ਦੀ ਬਹੁਤ ਪੇਚੀਦਾ ਗਾਹ ਹੈ। ਇਹ ਤੱਥ ਹੈ ਕਿ ਅੰਦੋਲਨ ਦੀ ਅਗਵਾਈ ਮੁੱਖ ਤੌਰ ’ਤੇ ਸਿੱਖ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਅੰਦਰ ਅਜਿਹੀ ਕੋਈ ਦੁਫੇੜ ਨਹੀਂ ਪਾਈ ਜਾ ਸਕਦੀ। ਪੰਜਾਬ ਵਿਚ ਅਨੁਸੂਚਿਤ ਜਾਤੀਆਂ ਦੀ ਸਭ ਤੋਂ ਵੱਧ ਤਾਦਾਦ (ਲਗਭਗ ਇਕ ਤਿਹਾਈ) ਹੈ ਤੇ ਇਸ ਦੇ ਨਾਲ ਹੀ ਛੋਟੀ ਤੇ ਦਰਮਿਆਨੀ ਜੱਟ ਕਿਸਾਨੀ ਅਤੇ ਬਹੁਤੇ ਬੇਜ਼ਮੀਨੇ ਤੇ ਦਿਹਾੜੀਦਾਰ ਦਲਿਤਾਂ ਵਿਚਕਾਰ ਪਾੜਾ ਵੀ ਮੌਜੂਦ ਹੈ। ਭਾਰਤ ਵਿਚ ਸਭਨੀਂ ਥਾਈਂ ਜਮਾਤ ਤੇ ਜਾਤ ਦਾ ਪਾੜਾ ਆਮ ਤੌਰ ’ਤੇ ਨਾਲੋ-ਨਾਲ ਚੱਲਦਾ ਰਹਿੰਦਾ ਹੈ। ਜਦੋਂ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਧਰਨਾ ਲਾ ਕੇ ਬੈਠ ਗਏ ਤਾਂ ਗੁਰਦੁਆਰਿਆਂ ਦੀ ਲੰਗਰ ਤੇ ਪੰਗਤ ਦੀ ਸਰਬਸਾਂਝੀ ਭਾਵਨਾ ਨੇ ਇਕ ਹੱਦ ਤਕ ਆਪਸੀ ਦੂਰੀਆਂ ਮਿਟਾ ਦਿੱਤੀਆਂ। ਬਹਰਹਾਲ, ਇਹ ਸੰਦੇਸ਼ ਉਦੋਂ ਤਕ ਸੰਕੇਤਕ ਹੀ ਰਹੇਗਾ ਜਿੰਨੀ ਦੇਰ ਤਕ ਵਿਆਪਕ ਪੱਧਰ ’ਤੇ ਇਹ ਸੰਦੇਸ਼ ਨਹੀਂ ਫੈਲਾਇਆ ਜਾਂਦਾ ਕਿ ਖੇਤੀ ਜਿਣਸਾਂ ਲਈ ਘੱਟੋ ਘੱਟ ਸਮਰਥਨ ਮੁੱਲ ਅਤੇ ਗ਼ਰੀਬਾਂ ਲਈ ਖੁਰਾਕ ਦੀ ਉਪਲੱਬਧਤਾ ਦੇ ਸਾਧਨ ਵਜੋਂ ਜਨਤਕ ਵੰਡ ਪ੍ਰਣਾਲੀ ਉਸ ਖੁਰਾਕ ਸੁਰੱਖਿਆ ਵਿਵਸਥਾ ਦੇ ਹੀ ਦੋ ਪਾਸੇ ਹਨ। ਤਿੰਨੋਂ ਕਾਨੂੰਨਾਂ ਦੀ ਕਰੀਬੀ ਪੜ੍ਹਤ ਤੋਂ ਸਾਫ਼ ਪਤਾ ਚੱਲਦਾ ਹੈ ਕਿ ਕਿਵੇਂ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਇਨਕਾਰ ਕਰ ਕੇ ਤੇ ਜ਼ਰੂਰੀ ਵਸਤਾਂ ਤੇ ਚੌਲਾਂ ਜਿਹੀਆਂ ਪ੍ਰੋਸੈੱਸਡ ਵਸਤਾਂ ਦੀ ਜ਼ਖੀਰੇਬਾਜ਼ੀ ਤੋਂ ਰੋਕਾਂ ਹਟਾ ਕੇ ਤੇ ਹਰ ਥਾਂ ਬਿਨਾਂ ਕਿਸੇ ਟੈਕਸ ਤੋਂ ਇਲੈੱਕਟ੍ਰੌਨਿਕ ਤਜ਼ਾਰਤ ਨੂੰ ਖੁੱਲ੍ਹ ਦੇ ਕੇ ਖੁੱਲ੍ਹੀ ਪ੍ਰਾਈਵੇਟ ਜ਼ਖ਼ੀਰੇਬਾਜ਼ੀ ਨੂੰ ਹੱਲਾਸ਼ੇਰੀ ਦੇ ਰਹੀ ਹੈ ਤੇ ਖੁਰਾਕ ਸੁਰੱਖਿਆ ਵਿਵਸਥਾ ਦੀ ਅਜਿਹੀ ਹਰੇਕ ਧਾਰਨਾ ਨੂੰ ਤਹਿਸ ਨਹਿਸ ਕਰਨ ’ਤੇ ਉਤਾਰੂ ਹੈ।
        ਹੈਰਾਨੀ ਦੀ ਗੱਲ ਨਹੀਂ ਹੈ ਕਿ ਤਿੰਨ ਕਾਨੂੰਨ ਖ਼ਤਮ ਕਰਾਉਣ ਲਈ ਕਿਸਾਨਾਂ ਦੀ ਹਮਾਇਤ ਦੀ ਗੂੰਜ ਦਲਿਤ ਬੇਜ਼ਮੀਨੇ ਤੇ ਅਰਧ ਜ਼ਮੀਨੇ ਖੇਤ ਮਜ਼ਦੂਰਾਂ ਵਿਚ ਵੀ ਗੂੰਜਣ ਲੱਗ ਪਈ ਹੈ। ਸਮੁੱਚੇ ਦੇਸ਼ ਅੰਦਰ ਇਸ ਦਾ ਨਾਟਕੀ ਪਸਾਰ ਉਦੋਂ ਸ਼ੁਰੂ ਹੋ ਗਿਆ ਜਦੋਂ ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਖਾਪ ਪੰਚਾਇਤਾਂ ਜੋ ਰਵਾਇਤੀ ਤੌਰ ’ਤੇ ਉੱਚ ਜਾਤੀਆਂ ਦਾ ਮੁੱਖ ਆਧਾਰ ਗਿਣੀਆਂ ਜਾਂਦੀਆਂ ਰਹੀਆਂ ਹਨ, ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਨ ਵਾਲੇ ਸਾਰੇ ਲੋਕਾਂ ਲਈ ਆਪਣੀਆਂ ਮਹਾਪੰਚਾਇਤਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ।
        ਖੇਤੀਬਾੜੀ ਦੇ ਕਾਰ ਵਿਹਾਰ ਵਿਚ ਔਰਤਾਂ ਹਮੇਸ਼ਾਂ ਤੋਂ ਵੱਡੀ ਭੂਮਿਕਾ ਨਿਭਾਉਂਦੀਆਂ ਆ ਰਹੀਆਂ ਹਨ। ਉਹ ਹੁਣ ਟਰੈਕਟਰ ਜੋੜ ਕੇ, ਬੱਸਾਂ ’ਤੇ ਚੜ੍ਹ ਕੇ, ਪੈਦਲ ਚੱਲ ਕੇ ਅੰਦੋਲਨ ਵਿਚ ਹਿੱਸਾ ਲੈਣ ਆ ਰਹੀਆਂ ਹਨ ਅਤੇ ਸੰਘਰਸ਼ ਵਿਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਸਨਅਤਾਂ ਦੀਆਂ ਰਵਾਇਤੀ ਵੱਖੋ-ਵੱਖਰੀਆਂ ਟਰੇਡ ਯੂਨੀਅਨਾਂ ਤੋਂ ਇਲਾਵਾ ਯੁਵਾ ਕਾਮਿਆਂ ਤੇ ਕਾਰਕੁਨਾਂ ਦੀ ਅਗਵਾਈ ਵਾਲੀਆਂ ਆਜ਼ਾਦ ਕਿਰਤ ਜਥੇਬੰਦੀਆਂ, ਜੇਲ੍ਹਾਂ ਤੋਂ ਛੁੱਟ ਕੇ ਆਏ ਕਾਰਕੁਨ ਵੀ ਇਸ ਅੰਦੋਲਨ ਵਿਚ ਸ਼ਾਮਲ ਹੋ ਰਹੇ ਹਨ। ਇਸੇ ਤਰ੍ਹਾਂ ਖ਼ਾਸ ਤੌਰ ’ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਮੁਸਲਮਾਨ ਕਿਸਾਨ ਫ਼ਿਰਕੂ ਦੰਗਿਆਂ ਦੇ ਸੱਜਰੇ ਜ਼ਖ਼ਮਾਂ ਦੀ ਪੀੜ ਭੁਲਾ ਕੇ ਆ ਰਹੇ ਹਨ। ਇਸ ਕਿਸਮ ਦੀ ਇਕਜੁੱਟਤਾ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲੀ। ਗਾਂਧੀ ਤੇ ਨਹਿਰੂ ਦੀ ਅਗਵਾਈ ਵਾਲੇ ਸੁਤੰਤਰਤਾ ਅੰਦੋਲਨ ਵੇਲਿਆਂ ਵਿਚ ਵੀ ਨਹੀ। ਇਹ ਸਾਨੂੰ ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਾਲੀ ਆਜ਼ਾਦ ਹਿੰਦ ਫ਼ੌਜ ਦੀ ਦ੍ਰਿਸ਼ਟੀ ਦਾ ਚੇਤਾ ਕਰਵਾਉਂਦਾ ਹੈ ਜੋ ਸਿੰਘੂ ਸਰਹੱਦ ਦੀਆਂ ਦੋ ਸਭ ਤੋਂ ਵੱਧ ਦਿਲਕਸ਼ ਤਸਵੀਰਾਂ ਦੇ ਚਿਹਰੇ ਹਨ। ਜਿਵੇ ਜਿਵੇਂ ਇਹ ਅੰਦੋਲਨ ਕੁਲ ਹਿੰਦ ਸੰਘਰਸ਼ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਤਿਵੇਂ ਤਿਵੇਂ ਪੇਰੀਆਰ ਤੇ ਬਾਬਾ ਸਾਹਿਬ ਅੰਬੇਡਕਰ ਦੇ ਨਾਂ ਵੀ ਅੱਗੇ ਆ ਰਹੇ ਹਨ। ਬਹਰਹਾਲ, ਹਰ ਕਿਸਮ ਦੀਆਂ ਭੜਕਾਹਟਾਂ ਤੇ ਧਮਕੀਆਂ ਦੇ ਬਾਵਜੂਦ ਕਿਸਾਨ ਅੰਦੋਲਨ ਪੂਰੀ ਸ਼ਿੱਦਤ ਨਾਲ ਸ਼ਾਂਤਮਈ ਰੂਪ ਵਿਚ ਚੱਲ ਰਿਹਾ ਹੈ ਅਤੇ ਇਸ ਦਾ ਜਨਤਕ ਸਰੂਪ ਨਿੱਖਰਦਾ ਹੀ ਜਾ ਰਿਹਾ ਹੈ।
         ਅਜੇ ਤਕ ਜੰਗ ਦਾ ਫ਼ੈਸਲਾ ਨਹੀਂ ਹੋਇਆ ਅਤੇ ਦੋਵੇਂ ਪਾਸੇ ਭਾਰੀ ਲਾਮਬੰਦੀ ਚੱਲ ਰਹੀ ਹੈ। ਵਿਰੋਧੀ ਧਿਰ ਦੀਆਂ ਜ਼ਿਆਦਾਤਰ ਪਾਰਟੀਆਂ ਨੇ ਅੰਦੋਲਨ ਦੀ ਹਮਾਇਤ ਕੀਤੀ ਹੈ, ਪਰ ਉਹ ਅਜੇ ਬਾਹਰਲੀ ਲਾਈਨ ’ਤੇ ਬੈਠੀਆਂ ਹੋਈਆਂ ਹਨ। ਜਦੋਂ ਤਕ ਉਹ ਖੇਤੀਬਾੜੀ ਬਾਰੇ, ਜ਼ਮੀਨਾਂ ਗ੍ਰਹਿਣ ਕਰਨ ਤੇ ਦਿਹਾਤੀ ਵਿਕਾਸ ਬਾਰੇ ਆਪਣਾ ਨਜ਼ਰੀਆ ਤੇ ਰੁਖ਼ ਸਪੱਸ਼ਟ ਨਹੀਂ ਕਰਦੀਆਂ ਤਦ ਤੀਕਰ ਇਹ ਆਰਜ਼ੀ ਦਾਅ-ਪੇਚ ਹਮਾਇਤ ਤੋਂ ਵੱਧ ਕੁਝ ਵੀ ਨਹੀਂ ਹੈ। ਦੂਜੇ ਪਾਸੇ, ਹਿੰਦੂ ਰਾਸ਼ਟਰ ਦੇ ਲਾਮ-ਲਸ਼ਕਰ ਖੜ੍ਹੇ ਹਨ ਤੇ ਉਨ੍ਹਾਂ ਦੇ ਭੱਥਿਆਂ ਵਿਚ ਬ੍ਰਾਹਮਣਵਾਦ ਦੇ ਤੀਰ ਹਨ ਅਤੇ ਖਾਸ ਤੌਰ ’ਤੇ ਮੁਸਲਮਾਨਾਂ ਵੱਲ ਸੇਧਿਤ ਨਫ਼ਰਤ ਦੇ ਸ਼ਸਤਰ ਹਨ। ਹਿੰਦੂ ਰਾਸ਼ਟਰ ਦੀ ਮੁੱਖ ਸ਼ਕਤੀ ਕਾਰਪੋਰੇਟ ਹਿੱਤ ਹਨ ਅਤੇ ਸਭ ਤੋਂ ਵਧ ਕੇ ਉਨ੍ਹਾਂ ਦੇ ਧਨ ਬਲ ਦੇ ਸਹਾਰੇ ਹੀ ਹਾਸਲ ਕੀਤੀਆਂ ਜਾਂਦੀਆਂ ਵੋਟਾਂ ਤੇ ਜਨ ਨੁਮਾਇੰਦਿਆਂ ਦੀ ਕੀਤੀ ਜਾਂਦੀ ਖਰੀਦੋ-ਫ਼ਰੋਖ਼ਤ ਹਨ। ਉਂਜ, ਸਰਕਾਰ ਨੂੰ ਸ਼ਾਇਦ ਇਹ ਗੱਲ ਸਮਝ ਪੈ ਰਹੀ ਹੈ ਕਿ ਨਾ ਤਾਂ ਪੈਸਾ ਹਰ ਸ਼ੈਅ ਖ਼ਰੀਦ ਸਕਦਾ ਹੈ ਤੇ ਨਾ ਹੀ ਰਾਜਕੀ ਸੱਤਾ ਦੇ ਸਹਾਰੇ ਵਿਰੋਧ ਦਾ ਹਰ ਸੁਰ ਦਬਾਇਆ ਜਾ ਸਕਦਾ ਹੈ। ਜਿਵੇਂ ਹੀ ਸਰਕਾਰ ਆਪਣੇ ਸਾਰੇ ਧਨ ਬਲ, ਫ਼ਰਜ਼ੀ ਖ਼ਬਰਾਂ ਤੇ ਇਸ਼ਤਿਹਾਰਾਂ ਦੇ ਮਾਇਆ ਜਾਲ ਪਿੱਛੇ ਛੁਪਣ ਵਿਚ ਨਾਕਾਮ ਹੋ ਰਹੀ ਹੈ ਤੇ ਪੱਤਰਕਾਰੀ ਨੂੰ ਕੰਟਰੋਲ ਕਰਨ ਦੀ ਇਸ ਦੀ ਤਾਕਤ ਅਤੇ ਵਿਰੋਧ ਦੇ ਸੁਰ ਨੂੰ ਦਬਾਉਣ ਵਿਚ ਨਾਕਾਮ ਸਾਬਤ ਹੋ ਰਹੀ ਹੈ ਤਾਂ ਕੋਵਿਡ-19 ਦੀ ਦੂਜੀ ਲਹਿਰ ਵੇਲੇ ਦੁਨੀਆ ਸਾਹਮਣੇ ਠੂਠਾ ਫੜਨ ਦੀ ਨੌਬਤ ਸਭ ਦੇ ਸਾਹਮਣੇ ਆ ਗਈ ਹੈ। ਸੱਚਾਈ ਇਹ ਹੈ ਕਿ ਤੁਸੀਂ ਕੁਝ ਲੋਕਾਂ ਨੂੰ ਮੂਰਖ ਬਣਾ ਸਕਦੇ ਹੋ, ਪਰ ਸਾਰੇ ਲੋਕਾਂ ਨੂੰ ਸਦਾ ਲਈ ਮੂਰਖ ਨਹੀਂ ਬਣਾ ਸਕਦੇ, ਤੁਸੀਂ ਕੁਝ ਸਮੇਂ ਲਈ ਕੁਝ ਲੋਕਾਂ ਦਾ ਵਿਰੋਧ ਦਬਾ ਸਕਦੇ ਹੋ, ਪਰ ਤੁਸੀਂ ਵਿਰੋਧ ਦਾ ਹਰ ਸੁਰ ਸਦਾ ਲਈ ਨਹੀਂ ਦਬਾ ਸਕਦੇ। ਧਨ, ਬਲ ਅਤੇ ਰਾਜਕੀ ਸੱਤਾ ਦੀ ਵੀ ਇਕ ਸੀਮਾ ਹੁੰਦੀ ਹੈ। ਕਿਸਾਨਾਂ ਦੇ ਅੰਦੋਲਨ ਦਾ ਇਹ ਸਿਦਕ ਤੇ ਸਿਰੜ ਇਹੀ ਸਾਬਤ ਕਰ ਰਿਹਾ ਹੈ ਅਤੇ ਕੋਵਿਡ-19 ਸਾਡੇ ਸਾਰਿਆਂ ਲਈ ਇਕ ਆਕਾਸ਼ ਗੂੰਜਾਊ ਸਬਕ ਦੀ ਤਰ੍ਹਾਂ ਨਸ਼ਰ ਹੋ ਰਿਹਾ ਹੈ। ਬਹੁਤ ਸਾਰੇ ਗ਼ੁਲ ਸ਼ਾਇਦ ਮਿਟ ਜਾਣਗੇ, ਪਰ ਬਹਾਰ ਨੂੰ ਆਉਣ ਤੋਂ ਕੋਈ ਨਹੀਂ ਰੋਕ ਸਕਦਾ।