ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

03 ਮਈ 2021

 

ਕਰੋਨਾ ਵਾਇਰਸ ਦੀ ਦੂਜੀ ਲਹਿਰ ਲਈ ਚੋਣ ਕਮਿਸ਼ਨ ਜ਼ਿੰਮੇਵਾਰ- ਮਦਰਾਸ ਹਾਈ ਕੋਰਟ
ਖ਼ਬਰਦਾਰ ਰਹਿਣਾ ਬਈ, ਚੌਂਕੀ ਜ਼ਾਲਮਾਂ ਦੀ ਆਈ।

ਸਰਕਾਰੀ ਸਕੂਲਾਂ ਵਿਚ 1.51 ਲੱਖ ਵਿਦਿਆਰਥੀਆਂ ਦਾ ਵਾਧਾ-ਪੰਜਾਬ ਸਰਕਾਰ
ਕਿੰਨੇ ਅਧਿਆਪਕਾਂ ਦੇ ਡਾਂਗ ਵਰ੍ਹਾਈ, ਇਹ ਵੀ ਦੱਸੋ ਸਰਕਾਰ ਜੀ।

ਔਖੀ ਘੜੀ ਵੇਲੇ ਕੇਂਦਰ ਪੰਜਾਬ ਪ੍ਰਤੀ ਅਪਣਾ ਰਵੱਈਆ ਬਦਲੇ- ਜਾਖੜ
ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦਾ ਹੱਕ ਮਾਰ ਕੇ।

ਭਾਰਤ ਸਰਕਾਰ ਨੇ ਵਾਇਰਸ ਬਾਰੇ ਚਿਤਾਵਨੀਆਂ ਨਜ਼ਰ ਅੰਦਾਜ਼ ਕੀਤੀਆਂ- ਇਕ ਖ਼ਬਰ
ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ਼ ਪਤਾਸੇ ਪੀਵੇ।

ਸ਼ਿਵ ਸੈਨਾ ਨੇ ਮਮਤਾ ਨੂੰ ਦੱਸਿਆ ‘ਬੰਗਾਲ ਦੀ ਸ਼ੇਰਨੀ’- ਇਕ ਖ਼ਬਰ   
ਲੋਕਾਂ ਦਾ ਦੁੱਧ ਵਿਕਦਾ, ਤੇਰਾ ਵਿਕਦਾ ਗੁਜਰੀਏ ਪਾਣੀ।

ਸੁੱਚਾ ਸਿੰਘ ਲੰਗਾਹ ਦਾ ਮੁੰਡਾ ਸਾਥੀਆਂ ਸਮੇਤ ਹੈਰੋਇਨ ਪੀਂਦਾ ਗ੍ਰਿਫ਼ਤਾਰ- ਇਕ ਖ਼ਬਰ
ਗੁਰੂ ਜਿਹਨਾਂ ਦੇ ਟੱਪਣੇ, ਚੇਲੇ ਜਾਣ ਛੜੱਪ।

ਲੀਡਰਸ਼ਿੱਪ ’ਤੇ ਸਵਾਲ ਖੜ੍ਹੇ ਕਰ ਕੇ ਪਾਰਟੀ ਨੂੰ ਕਮਜ਼ੋਰ ਕਰ ਰਿਹੈ ਸਿੱਧੂ- ਸ਼ਾਮ ਸੁੰਦਰ ਅਰੋੜਾ
ਜੱਗ ਭਾਵੇਂ ਕਰੇ ਨਿੰਦਿਆ, ਸੱਸ ਪਿੱਟਣੀ ਪੰਜੇਬਾਂ ਪਾ ਕੇ।

ਦੋ ਹਫ਼ਤਿਆਂ ਮਗਰੋਂ ਮੁੱਖ ਮੰਤਰੀ ਨੂੰ ਚੇਤੇ ਆਏ ਮੰਡੀਆਂ ‘ਚ ਖ਼ਰੀਦ ਪ੍ਰਬੰਧ- ਇਕ ਖ਼ਬਰ
ਮੈਂ ਮਰ ਗਈ ਪੁੰਨਣਾਂ ਵੇ, ਤੇਰੀ ਪੈੜ ਨਜ਼ਰ ਨਹੀਂ ਆਉਂਦੀ।

ਔਰਤਾਂ ਦੀ ਸ਼ਮੂਲੀਅਤ ਨੇ ਕਿਸਾਨੀ ਧਰਨਿਆਂ ਦੀ ਮਜ਼ਬੂਤੀ ਬਣਾਈ-ਇਕ ਖ਼ਬਰ
ਪੂਣੀਆਂ ਦੇ ਸੱਪ ਬਣਦੇ, ਸਾਡੀ ਕੱਤਣੀ ਫਰਾਟੇ ਮਾਰੇ।

ਕੈਪਟਨ ਦੇ ਸਿਰ ‘ਤੇ ਜਸ਼ਨ ਮਨਾ ਰਹੇ ਹਨ ਬਾਦਲ- ਭਗਵੰਤ ਮਾਨ
ਵੇ ਤੂੰ ਹੋਰ ਨਾ ਮਾਰੀਂ ਮਿਰਜ਼ਿਆ, ਤੇਰੇ ਬੜੇ ਗਜ਼ਬ ਦੇ ਤੀਰ।

ਕੈਪਟਨ ਨੇ ਸਿੱਧੂ ਨੂੰ ਚੋਣ ਲੜਨ ਲਈ ਲਲਕਾਰਿਆ- ਇਕ ਖ਼ਬਰ
ਜੇ ਤੂੰ ਚੁੰਘੀਆਂ ਬੂਰੀਆਂ ਤਾਂ ਵਿਚ ਮੈਦਾਨੇ ਆ।

ਸਾਡੇ ਕੋਲ ਬਾਦਲ ਵਿਰੁੱਧ ਪੂਰੇ ਸਬੂਤ ਹਨ, ਉਹ ਬਚ ਨਹੀਂ ਸਕੇਗਾ- ਕੈਪਟਨ
ਕਦੀ ਦੋ ਦਿਨ ਦਾ ਕਦੀ ਚਾਰ ਦਿਨ ਦਾ, ਸ਼ੋਖ਼ ਜਦੋਂ ਵੀ ਕੋਈ ਇਕਰਾਰ ਕਰਦਾ।

ਹੁਣ ਤਾਂ ਜੀ ਪੁਲਿਸ ਆਪਣੇ ਮੁਲਾਜ਼ਮਾਂ ਕੋਲੋਂ ਵੀ ਰਿਸ਼ਵਤ ਲੈਂਦੀ ਹੈ-ਇਕ ਖ਼ਬਰ
ਇਸੇ ਗੱਲ ਤੋਂ ਤਾਂ ਪਤਾ ਲਗਦੈ ਕਿ ਦੇਸ਼ ਵਿਕਾਸ ਕਰ ਰਿਹੈ।

ਨਵਜੋਤ ਸਿੱਧੂ ਤੋਂ ਬਾਅਦ ਹੁਣ ਪਰਗਟ ਸਿੰਘ ਨੇ ਵੀ ਕੈਪਟਨ ਖਿਲਾਫ਼ ਖੋਲ੍ਹਿਆ ਮੋਰਚਾ-ਇਕ ਖ਼ਬਰ
ਹੱਥ ਪਕੜ ਜੁੱਤੀ ਮੋਢੇ ਮਾਰ ਬੁੱਕਲ, ਰਾਂਝਾ ਹੋ ਤੁਰਿਆ ਵਾਰਸ ਸ਼ਾਹ ਜੇਹਾ।

ਮੂਰਖ ਬਣਾਉਣ ਵਾਲੀ ਸਰਕਾਰ ਵਿਰੁੱਧ ਵਿਦਰੋਹ ਕਰਨ ਲੋਕ- ਚਿਦੰਬਰਮ
ਆਟੇ ਦਾਲ਼ ਦੇ ਗੁਲਾਮਾਂ ਕੋਲੋਂ, ਰੱਖੋ ਨਾ ਐਸੀ ਆਸ ਬਾਬੂ ਜੀ।

ਮੋਦੀ ਤੋਂ ਅਸਤੀਫ਼ਾ ਮੰਗਣ ਵਾਲੀਆਂ ਪੋਸਟਾਂ ਫੇਸਬੁੱਕ ਨੇ ਬਲਾਕ ਕੀਤੀਆਂ- ਇਕ ਖ਼ਬਰ
ਮੇਰੇ ਯਾਰ ਨੂੰ ਮੰਦਾ ਨਾ ਬੋਲੀਂ ,ਮੇਰੀ ਭਾਵੇਂ ਜਿੰਦ ਕੱਢ ਲੈ।

ਮੋਦੀ ਦੇ ਕੋਰੋਨਾ ਨਾਲ਼ ਨਜਿੱਠਣ ਦੇ ਤਰੀਕੇ ਤੋਂ ਸੰਘ ਵੀ ਔਖਾ- ਇਕ ਖ਼ਬਰ
ਕੁਲੱਛਣਾ ਪੁੱਤ ਨਾ ਜੰਮਦਾ, ਧੀ ਅੰਨ੍ਹੀਂ ਚੰਗੀ।