ਤੁਰ ਗਿਆ "ਗ਼ੈਰ ਹਾਜ਼ਿਰ" ਆਦਮੀ - ਗੁਰਮੀਤ ਕੜੀਆਲਵੀ

ਪ੍ਰੇਮ ਗੋਰਖੀ ਅਣਹੋਇਆ ਦਾ ਲੇਖਕ ਸੀ। ਉਸਦੀ ਸਵੈ ਜੀਵਨੀ "ਗ਼ੈਰ ਹਾਜ਼ਿਰ ਆਦਮੀ" ਨਾਗਮਣੀ 'ਚ ਛਪਦੀ ਹੁੰਦੀ ਸੀ। ਉਹਨਾਂ ਦਿਨਾਂ 'ਚ ਗੋਰਖੀ ਦੀ ਜੀਵਨੀ ਅਤੇ ਬਲਦੇਵ ਸਿੰਘ ਸੜਕਨਾਮਾ ਦਾ ਕਾਲਮ "ਸੜਕਨਾਮਾ" ਪੜ੍ਹਨ ਲਈ ਹੀ ਨਾਗਮਣੀ ਲੱਭ ਲੱਭ ਕੇ ਪੜ੍ਹੀ ਦਾ ਸੀ। ਪ੍ਰੇਮ ਗੋਰਖੀ ਨਾਗਮਣੀ ਅਤੇ ਅੰਮ੍ਰਿਤਾ ਦਾ ਚਹੇਤਾ ਲੇਖਕ ਸੀ। ਉਸਦੀ ਸਵੈ ਜੀਵਨੀ ਇਸ ਕਰਕੇ ਵੀ ਚੰਗੀ ਲੱਗਦੀ ਕਿ ਉਸ ਵਿੱਚੋਂ ਮੇਰੇ ਵਰਗਿਆਂ ਨੂੰ ਆਪਣੇ ਆਪ ਦਾ ਝਾਉਲਾ ਪੈਂਦਾ। ਉਸ ਵਿਚਲਾ ਪ੍ਰੇਮ ਕਦੇ ਕਿਸੇ ਕੁੜੀ ਪਿੱਛੇ ਲੜਾਈ ਮੁੱਲ ਲੈਂਦਾ ਅਤੇ ਕਦੇ ਪੈਸੇ ਦੀ ਤੰਗੀ ਕਰਕੇ ਚੋਰੀ ਚਕਾਰੀ ਵੀ ਕਰਦਾ। ਉਸਨੇ ਆਪਣੇ ਆਪ ਨੂੰ ਵਡਿਆਇਆ ਨਹੀਂ ਸੀ। ਆਪਣੇ ਆਪ ਨੂੰ ਗਲੋਰੀਫਾਈ ਨਹੀਂ ਸੀ ਕੀਤਾ। ਬਿਲਕੁੱਲ ਸਾਧਾਰਨ ਗਰੀਬ ਘਰ ਦਾ ਮੁੰਡਾ ਜੋ ਅੱਖਾਂ 'ਚ ਮੁਹੱਬਤ ਦੇ ਵੀ ਸੁਪਨੇ ਬੁਣਦਾ ਹੈ ਤੇ ਕੁੱਝ ਨਵਾਂ ਕਰਨ ਦੇ ਵੀ। "ਗ਼ੈਰ ਹਾਜ਼ਿਰ ਆਦਮੀ" ਇਕ ਸਾਧਾਰਨ ਮਨੁੱਖ ਦੀ ਸਾਧਾਰਨਤਾ ਦੀ ਬਾਤ ਸੀ। ਇਸੇ ਕਰਕੇ ਇਸ ਸਵੈ ਜੀਵਨੀ ਨੇ ਪਹਿਲੀ ਵਾਰ ਸਵੈ ਜੀਵਨੀ ਲੇਖਣ ਦੇ ਖੇਤਰ 'ਚ ਭਰਵੀਂ ਚਰਚਾ ਛੇੜੀ ਸੀ। ਇਸਦਾ ਲੇਖਕ ਮਹਾਨ ਮਨੁੱਖ ਨਹੀਂ ਸੀ। ਕੋਈ ਆਜ਼ਾਦੀ ਘੁਲਾਟੀਆ, ਕੋਈ ਮਹਾਨ ਵਿਗਿਆਨੀ, ਖਿਡਾਰੀ ਜਾਂ ਲਿਖਾਰੀ ਨਹੀਂ ਸੀ ਫਿਰ ਵੀ ਇਹ ਸਵੈ ਜੀਵਨੀ ਵੱਧ ਪੜ੍ਹੀਆਂ ਜਾਣ ਵਾਲੀਆਂ ਰਚਨਾਵਾਂ ਵਿੱਚ ਸ਼ਾਮਲ ਸੀ। ਬਹੁਤ ਸਾਰੇ ਪਾਠਕ "ਗ਼ੈਰ ਹਾਜ਼ਿਰ ਆਦਮੀ" ਲਈ ਹੀ ਨਾਗਮਣੀ ਪੜਦੇ ਸਨ।

      ਪ੍ਰੇਮ ਗੋਰਖੀ ਦੀ ਕਹਾਣੀ "ਇਕ ਟਿਕਟ ਰਾਮਪੁਰਾ ਫੂਲ" ਦ੍ਰਿਸ਼ਟੀ ਮੈਗਜ਼ੀਨ ਵਿਚ ਛਪੀ ਤਾਂ ਇਸਦੀ ਭਰਵੀਂ ਚਰਚਾ ਹੋਈ। ਇਹ 'ਦੀਵਾ ਬੱਲੇ ਸਾਰੀ ਰਾਤ' ਵਾਲਾ ਸਮਾਂ ਸੀ। ਕ੍ਰਿਪਾਲ ਕਜ਼ਾਕ, ਦਲਬੀਰ ਚੇਤਨ,ਨਛੱਤਰ, ਗੁਰਚਰਨ ਚਾਹਲ ਭੀਖੀ, ਸੁਰਿੰਦਰ ਸ਼ਰਮਾ, ਬਲਦੇਵ ਸਿੰਘ ਸੜਕਨਾਮਾ ਤੇ ਉਸ ਪੀੜੀ ਦੇ ਹੋਰ ਵੀ ਨਾਮਵਰ ਕਹਾਣੀਕਾਰ ਸਾਰੀ ਸਾਰੀ ਰਾਤ ਕਹਾਣੀਆਂ ਪੜ੍ਹਦੇ। ਪੜ੍ਹੀਆਂ ਕਹਾਣੀਆਂ 'ਤੇ ਨਿੱਠ ਕੇ ਚਰਚਾ ਹੁੰਦੀ। ਬੇਲਿਹਾਜ਼ ਹੋ ਕੇ ਇਕ ਦੂਜੇ ਦੀਆਂ ਕਹਾਣੀਆਂ ਦੀ ਛਿੱਲ ਲਾਹੀ ਜਾਂਦੀ। ਇਕ ਦੂਜੇ ਦੀ ਪਿੱਠ ਖੁਰਕਣ ਦਾ ਉਦੋਂ ਅਜੇ ਬਹੁਤਾ ਰਿਵਾਜ਼ ਨਹੀਂ ਸੀ ਪਿਆ। ਐਨੇ ਐਵਾਰਡ ਵੀ ਸ਼ੁਰੂ ਨਹੀਂ ਸਨ ਹੋਏ। ਪ੍ਰੇਮ ਗੋਰਖੀ ਕਹਾਣੀਆਂ ਦੀ ਇਸ ਰਾਤ "ਦੀਵਾ ਬਲੇ ਸਾਰੀ ਰਾਤ" ਦਾ ਮੋਹਰੀ ਆਗੂ ਹੁੰਦਾ ਸੀ। ਪੰਜਾਬ ਦੇ ਹਾਲਾਤ ਜਿਆਦਾ ਵਿਗੜੇ ਤਾਂ ਕਹਾਣੀਆਂ ਵਾਲੀਆਂ ਰਾਤਾਂ ਵੀ ਬੰਦ ਹੋ ਗਈਆਂ। ਦੁਬਾਰਾ ਸ਼ੁਰੂ ਕਰਨ ਦਾ ਯਤਨ ਤਾਂ ਹੋਇਆ ਪਰ ਉਦੋਂ ਨੂੰ ਕਹਾਣੀਕਾਰਾਂ ਦਾ ਨਵਾਂ ਪੂਰ ਪਿੜ 'ਚ ਆ ਚੁੱਕਾ ਸੀ ਜਿਹੜਾ ਆਪਣੇ ਆਪ ਨੂੰ ਸਰਵ ਸੰਪਨ ਸਮਝਦਾ ਅਜਿਹੀਆਂ ਗੋਸ਼ਟੀਆਂ ਜਾਂ ਵਿਚਾਰ ਚਰਚਾ ਨੂੰ ਫਜ਼ੂਲ ਸਮਝਦਾ ਸੀ। "ਦੀਵਾ ਬਲੇ ਸਾਰੀ ਰਾਤ" ਦੇ ਦੂਜੇ ਪੜਾਅ ਵਿੱਚ ਹੀ ਉਹਨਾਂ ਦੇ ਹੁਕਮਾਂ 'ਤੇ ਪਟਿਆਲੇ ਡੀ ਸੀ ਡਬਲਿਊ (ਰੇਲਵੇ ਕਾਲੋਨੀ) ਦੇ ਕੁਆਰਟਰਾਂ 'ਚ ਹੋਈ ਗੋਸ਼ਟੀ 'ਚ ਸ਼ਾਮਲ ਹੋਣ ਦਾ ਸਬੱਬ ਬਣਿਆ। ਫੇਰ ਬਲਦੇਵ ਸਿੰਘ ਸੜਕਨਾਮਾ ਦੇ ਘਰ 'ਚ ਕਹਾਣੀਕਾਰਾਂ ਨੇ ਦੀਵਾ ਬਾਲਿਆ। ਪ੍ਰੇਮ ਗੋਰਖੀ ਚੰਡੀਗੜ੍ਹ ਤੋਂ ਚੱਲ ਕੇ ਆਇਆ। ਜਸਵੀਰ ਕਲਸੀ ਅਤੇ ਮੇਰੇ ਤੋਂ ਵੀ ਕਹਾਣੀਆਂ ਸੁਣੀਆਂ। ਸਾਡੇ 'ਚ ਐਨਾ ਸਬਰ ਨਹੀਂ ਸੀ।

        ਪ੍ਰੇਮ ਗੋਰਖੀ ਪੰਜਾਬੀ ਕਹਾਣੀ ਦੀ ਇਕ ਵਿਲੱਖਣ ਧਾਰਾ ਦਾ ਨਾਂ ਸੀ। ਉਸਨੇ ਦਲਿਤਾਂ ਦੀ ਯਥਾਰਥਿਕ ਸਥਿਤੀ ਬਾਰੇ ਮਹਿਜ਼ ਫੋਟੋਗ੍ਰਾਫੀ ਕਰਨ ਦੀ ਥਾਂ 'ਤੇ ਉਹਨਾਂ ਦੀ ਮਾਨਸਿਕਤਾ ਅਤੇ ਉਹਨਾਂ ਅੰਦਰਲੇ ਦਵੰਦਾਂ ਨੂੰ ਪੇਸ਼ ਕਰਨ ਦਾ ਕਾਰਜ ਕੀਤਾ। ਦਲਿਤ ਪਾਤਰਾਂ ਨੂੰ ਚਿਤਰਦਿਆਂ ਉਹ ਉਲਾਰ ਨਹੀਂ ਸੀ ਹੁੰਦਾ ਸਗੋਂ ਇਹਨਾਂ ਅੰਦਰਲੀਆਂ ਵਿਸੰਗਤੀਆਂ ਅਤੇ ਕਮੀਨਗੀਆਂ ਨੂੰ ਵੀ ਇਮਾਨਦਾਰੀ ਨਾਲ ਪੇਸ਼ ਕਰਦਾ ਸੀ। ਉਹ ਪਾਤਰਾਂ ਦੇ ਅੰਦਰ ਉਤਰਨਾ ਜਾਣਦਾ ਸੀ। ਉਸਦੀ ਕਹਾਣੀ ਬੜੀ ਸ਼ੂਖਮ ਛੋਹਾਂ ਵਾਲੀ ਹੁੰਦੀ ਸੀ। ਦੁਆਬੇ ਦੇ ਦਲਿਤਾਂ ਅੰਦਰ ਆ ਰਹੀਆਂ ਆਰਥਿਕ, ਸਮਾਜਿਕ ਅਤੇ ਮਾਨਸਿਕ ਤਬਦੀਲੀਆਂ ਬਾਰੇ ਜਿੰਨੀ ਸਹਿਜਤਾ ਨਾਲ ਪ੍ਰੇਮ ਗੋਰਖੀ ਨੇ ਲਿਖਿਆ ਹੈ, ਸ਼ਾਇਦ ਹੋਰ ਲੇਖਕ ਨਾ ਲਿਖ ਸਕਿਆ ਹੋਵੇ।

        ਕੁੰਡਾ, ਅਰਜਨ ਸਫੈਦੀ ਵਾਲਾ, ਭੇਤੀ ਬੰਦੇ, ਬਚਨਾ ਬੱਕਰਵੱਡ, ਵਿੱਥ, ਧੀਆਂ, ਆਖਰੀ ਕਾਨੀ ਵਰਗੀਆਂ ਅਮਰ ਕਹਾਣੀਆਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲਾ ਪ੍ਰੇਮ ਗੋਰਖੀ ਜਲੰਧਰ ਲਾਗਲੇ ਪਿੰਡ ਲਾਡੋਵਾਲੀ ਦਾ ਜੰਮਪਲ ਸੀ। ਕਾਗਜ਼ਾਂ 'ਚ ਉਸਦੀ ਜਨਮ ਤਾਰੀਕ 15 ਜੂਨ 1947 ਹੈ। ਉਸਦੇ ਬਾਪ ਦਾ ਨਾਂ ਅਰਜਨ ਦਾਸ ਤੇ ਮਾਂ ਦਾ ਨਾਂ ਰੱਖੀ ਸੀ। ਉਸਨੇ "ਮਿੱਟੀ ਰੰਗੇ ਲੋਕ" "ਧਰਤੀ ਪੁੱਤਰ" "ਅਰਜਨ ਸਫੈਦੀ ਵਾਲਾ" "ਜੀਣ ਮਰਨ" ਉਸਦੇ ਕਹਾਣੀ ਸੰਗ੍ਰਹਿ ਹਨ। 'ਤਿੱਤਰ ਖੰਭੀ ਜੂਹ' ਨਾਵਲਿਟ ਵੀ ਚਰਚਿਤ ਮੈਗਜ਼ੀਨ 'ਦ੍ਰਿਸ਼ਟੀ' 'ਚ ਛਪਿਆ ਸੀ। 'ਵਣਵੇਲਾ' ਤੇ 'ਬੁੱਢੀ ਰਾਤ ਤੇ ਸੂਰਜ' ਵੀ ਪੰਜਾਬੀ ਪਾਠਕਾਂ 'ਚ ਖਾਸੇ ਪ੍ਰਵਾਨ ਹੋਏ ਸਨ।

       ਪ੍ਰੇਮ ਗੋਰਖੀ ਪਹਿਲਾਂ ਅਜੀਤ 'ਚ ਪਰੂਫ ਰੀਡਿੰਗ ਦਾ ਕੰਮ ਕਰਦਾ ਰਿਹਾ। ਪੰਜਾਬੀ ਟ੍ਰਿਬਿਊਨ ਅਖਬਾਰ ਸ਼ੁਰੂ ਹੋਣ 'ਤੇ ਬਤੌਰ ਪਰੂਫ ਰੀਡਰ ਚੰਡੀਗੜ੍ਹ ਆ ਗਿਆ ਤੇ ਇਥੋਂ ਹੀ ਸੀਨੀਅਰ ਪਰੂਫ ਰੀਡਰ ਰਿਟਾਇਰ ਹੋਇਆ। ਉਹ ਮੇਰੇ ਸਮੇਤ ਅਨੇਕਾਂ ਨਵੇਂ ਕਹਾਣੀਕਾਰਾਂ ਨੂੰ ਸੇਧ ਦਿੰਦਾ ਰਹਿੰਦਾ। ਚਿਠੀਆਂ ਦੇ ਲੰਮੇ ਜੁਆਬ ਲਿਖਦਾ। ਅਕਸਰ ਉਸ ਕੋਲ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਜਾਣਾ ਬਣਿਆ ਰਹਿੰਦਾ। ਸੈਕਟਰ 29 ਵਾਲੀ ਟ੍ਰਿਬਿਊਨ ਕਾਲੋਨੀ ਵਾਲੇ ਉਸਦੇ ਘਰ ਲੇਖਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ। ਉਹ ਨਵਿਆਂ ਪੁਰਾਣਿਆਂ ਨੂੰ ਇੱਕੋ ਜਿੰਨੇ ਮੋਹ ਪਿਆਰ ਨਾਲ ਮਿਲਦਾ। ਉਸਦਾ ਦਾਇਰਾ ਭਾਵੇਂ ਵੱਡਾ ਸੀ ਪਰ ਉਹ ਜੁਗਾੜੀ ਲੇਖਕ ਨਹੀਂ ਸੀ, ਇਸੇ ਕਰਕੇ ਕੋਈ ਵੱਡਾ ਇਨਾਮ ਉਸਦੇ ਹਿੱਸੇ ਨਾ ਆ ਸਕਿਆ। ਕਈ ਸਾਲ ਹੋਏ ਉਸਦਾ ਭਿਆਨਕ ਐਕਸੀਡੈਂਟ ਹੋਇਆ। ਜਾਨ ਤਾਂ ਭਾਵੇਂ ਬਚ ਗਈ ਪਰ ਸਿਰ ਦੀ ਸੱਟ ਨੇ ਉਸਨੂੰ ਸਾਵਾਂ ਨਾ ਰਹਿਣ ਦਿੱਤਾ। ਉਸਦੀਆਂ ਸਰਗਰਮੀਆਂ 'ਚ ਪਹਿਲਾਂ ਜਿਹਾ ਤਿੱਖਾਪਣ ਨਾ ਰਿਹਾ। ਉਹ ਚੰਡੀਗੜ੍ਹ ਤੋਂ ਜਲੰਧਰ ਜਾਂਦਾ ਤੇ ਭਗਵੰਤ, ਕਾਲੀ ਤੇ ਮੱਖਣ ਮਾਨ ਵਰਗੇ ਉਮਰੋਂ ਛੋਟੇ ਬੇਲੀਆਂ ਨੂੰ ਮਿਲ ਲੈਂਦਾ। ਬਾਕੀ ਪੰਜਾਬ ਨਾਲੋਂ ਨਾਤਾ ਜਿਵੇਂ ਟੁੱਟ ਗਿਆ ਸੀ।

       ਹੁਣ ਉਸਦੀ ਕਲਮ ਦੁਬਾਰਾ ਰਵਾਂ ਹੋਈ ਸੀ। ਉਸਨੇ ਪੰਜਾਬੀ ਟ੍ਰਿਬਿਊਨ ਵਿੱਚ ਆਪਣੇ ਪਾਤਰਾਂ ਬਾਰੇ ਲਿਖਣਾ ਸ਼ੁਰੂ ਕੀਤਾ। ਰਾਜਿੰਦਰ ਬਿਮਲ, ਕਰਨ ਭੀਖੀ ਤੇ ਹੋਰ ਪ੍ਰਕਾਸ਼ਕਾਂ ਨੇ ਉਹਨਾਂ ਦੀਆਂ ਕਿਤਾਬਾਂ ਦੇ ਨਵੇਂ ਐਡੀਸ਼ਨ ਛਾਪਣ ਦੀ ਚਾਰਾਜੋਈ ਕਰਨੀ ਆਰੰਭੀ। ਉਮੀਦ ਬੱਝੀ ਕਿ ਹੁਣ ਉਹਨਾਂ ਦੀਆਂ ਨਵੀਂਆਂ ਕਹਾਣੀਆਂ ਵੀ ਪੜਨ ਨੂੰ ਮਿਲਣਗੀਆਂ।

      ਪਿਛਲੇ ਤੋ ਪਿਛਲੇ ਸਾਲ ਮੋਹਨਜੀਤ, ਪਿਛਲੇ ਸਾਲ ਕਿਰਪਾਲ ਕਜ਼ਾਕ ਤੇ ਫਿਰ ਐਤਕੀਂ ਗੁਰਦੇਵ ਸਿੰਘ ਰੁਪਾਣਾ ਨੂੰ ਸਾਹਿਤ ਅਕਾਡਮੀ ਐਵਾਰਡ ਮਿਲ ਜਾਣ ਨਾਲ ਆਸ ਬੱਝੀ ਸੀ ਕਿ ਚਿਰਾਂ ਦੇ ਅਣਗੌਲੇ ਤੁਰੇ ਆਉਂਦੇ ਪ੍ਰੇਮ ਗੋਰਖੀ ਦੀ ਝੋਲੀ ਵੀ ਅਜ ਭਲਕ ਇਹ ਐਵਾਰਡ ਪੈ ਹੀ ਜਾਵੇਗਾ। ਉਸਦੇ ਸੰਗੀ ਸਾਥੀ ਉਸਦੀਆਂ ਚਿਰ ਸਥਾਈ ਰਚਨਾਵਾਂ ਦੀ ਗੱਲ ਕਰਕੇ ਉਸਦੇ ਅਣਗੌਲੇ ਰਹਿ ਜਾਣ ਦਾ ਰੰਜ ਕਰਦੇ ਰਹਿੰਦੇ ਸਨ।

  ਇਸਤੋਂ ਪਹਿਲਾਂ ਕਿ ਭਾਸ਼ਾ ਵਿਭਾਗ, ਅਕਾਡਮੀ ਜਾਂ ਹੋਰ ਸੰਸਥਾਵਾਂ ਆਪਣੀ ਭੁੱਲ ਸੁਧਾਰਦੀਆਂ- ਪੰਜਾਬੀ ਕਹਾਣੀ ਵਿੱਚ ਅਣਹੋਇਆ ਦੀ ਬਾਤ ਪਾਉਣ ਵਾਲਾ ਗੋਰਖੀ ਲੰਮੇ ਰਾਹਾਂ 'ਤੇ ਤੁਰ ਗਿਆ। ਹੁਣ ਫੋਨ 'ਤੇ ਉਸਦੀ ਪਿਆਰੀ ਖੜਕਵੀਂ ਆਵਾਜ਼, "ਕੈਸੇ ਹੈ ਪਿਆਰਿਓ ? ਠੀਕ ਓਂ। ਕੋਈ ਨਵੀਂ ਕਹਾਣੀ ਲਿਖੀ ਐ ?" ਸੁਨਣ ਨੂੰ ਨਹੀਂ ਮਿਲਣੀ।