ਪਵਿਤਰ ਰਮਜ਼ਾਨੁਲ ਮੁਬਾਰਕ ਤੇ ਵਿਸ਼ੇਸ਼ ਲੇਖ: ਲੇਖਕ ਚੋਧਰੀ ਮਕਬੂਲ ਅਹਿਮਦ ਜਰਨਾਲਿਸਟ ਕਾਦੀਆਂ - ਮਕਬੂਲ ਅਹਿਮਦ
ਪਵਿਤਰ ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਚੁਕਾ ਹੈ। ਕੁਰਆਨੇ ਪਾਕ ਇਸੇ ਪਵਿਤਰ ਮਹੀਨੇ ਵਿੱਚ ਖ਼ੁਦਾ ਵਲੋ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਤੇ ਉਤਾਰਿਆ ਗਿਆ ਸੀ । ਅਲਾਹ ਨੇ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਨੂੰ ਦੁਨਿਆ ਦੇ ਮਾਰਗ ਦਰਸ਼ਨ ਲਈ ਇਸ ਦੁਨਿਆ ਵਿੱਚ ਭੇਜਿਆ। ਰਮਜ਼ਾਨ ਦਾ ਮਹੀਨਾ ਰਹਿਮਤਾਂ ਅਤੇ ਬਰਕਤਾਂ ਦਾ ਮਹੀਨਾ ਹੈ। ਇਸ ਮਹੀਨੇ ਜਨਤ ਦੇ ਦਰਵਾਜੇ ਖੋਲੇ ਜਾਂਦੇ ਹਨ ਅਤੇ ਨਰਕ ਦੇ ਦਰਵਾਜ਼ੇ ਬੰਦ ਕੀਤੇ ਜਾਂਦੇ ਹਨ। ਸ਼ੈਤਾਨ ਨੂੰ ਕੈਦ ਕਰ ਦਿਤਾ ਜਾਂਦਾ ਹੈ। ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਦਾ ਕਥਨ ਹੈ ਕਿ ਨੇਕੀ ਅਤੇ ਇਮਾਨਦਾਰੀ ਤੇ ਕਾਇਮ ਰਹਿੰਦੇ ਹੋਏ ਇਸ ਮਹੀਨੇ ਇਬਾਦਤ ਵੱਲ ਵਿਸ਼ੇਸ਼ ਧਿਆਨ ਦਿਤਾ ਜਾਵੇ, ਰੋਜ਼ੇ ਰਖੇ ਜਾਣ, ਨਮਾਜਾਂ ਪੜੀ ਜਾਣ, ਇਸ ਤਰ੍ਹਾਂ ਜਿਥੇ ਸਾਡੇ ਅੰਦਰ ਨੇਕ ਪਾਕ ਤਬਦੀਲੀ ਪੈਦਾ ਹੁੰਦੀ ਹੈ, ਇਨਸਾਨ ਹਰ ਪ੍ਰਕਾਰ ਦੀ ਬੁਰਾਈ ਤੋਂ ਬਚਿਆ ਰਹਿੰਦਾ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਰੋਜ਼ੇ ਨੂੰ ਸ਼ਰੀਰ ਦੀ ਜ਼ਕਾਤ ਕਿਹਾ ਹੈ । ਇਹ ਰੋਜ਼ੇ ਖ਼ੁਦਾ ਨੂੰ ਖ਼ੁਸ਼ ਕਰਨ ਲਈ ਰਖੇ ਜਾਂਦੇ ਹਨ। ਇਨ੍ਹਾਂ ਰੋਜ਼ਿਆਂ ਦਾ ਕਾਫ਼ੀ ਮੈਡੀਕਲੀ ਮਹਤੱਵ ਵੀ ਹੈ। ਅਸੀਂ ਸਾਰਾ ਸਾਲ ਕੁਝ ਨਾ ਕੁਝ ਖਾਂਦੇ ਰਹਿੰਦੇ ਹਾਂ। ਪਰ ਜਦੋਂ ਰੋਜ਼ੇ ਆਂਉਂਦੇ ਹਨ ਤਾਂ ਪੂਰਾ ਇਕ ਮਹੀਨਾ ਪੇਟ ਨੂੰ ਜਿਥੇ ਆਰਾਮ ਮਿਲਦਾ ਹੈ ਰੋਜ਼ੇ ਰਖਣ ਕਾਰਨ ਸਾਡੇ ਅੰਦਰ ਦਾ ਸਿਸਟਮ ਵੀ ਤੰਦਰੁਸਤ ਰਹਿੰਦਾ ਹੈ। ਕਈ ઠਤਰਾਂ ਦੀਆਂ ਬਿਮਾਰਿਆਂ ਤੋਂ ਬਚਿਆ ਜਾ ਸਕਦਾ ਹੈ। ਰਮਜ਼ਾਨ ਵਿੱਚ ਜਦੋਂ ਇਨਸਾਨ ਰੋਜ਼ੇ ਵਿੱਚ ਹੁੰਦਾ ਹੈ ਤਾਂ ਹਰ ਪ੍ਰਕਾਰ ਦੇ ਲੜਾਈ ਝਗੜੇ ਤੋਂ ਬਚਿਆ ਰਹਿੰਦਾ ਹੈ। ਜੇ ਕੋਈ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਰੋਜੇਥਦਾਰ ਕਹਿੰਦਾ ਹੈ ਕਿ ਮੈਂ ਝਗੜਾ ਨਹੀਂ ਕਰ ਸਕਦਾ ਕਿਉਂਕਿ ਮੈਂ ਰੋਜ਼ੇ ਵਿੱਚ ਹਾਂ। ਰੋਜ਼ੇ ਰਖਣ ਨਾਲ ਸਹਨਸ਼ੀਲਤਾ ਦੀ ਭਾਵਨਾ ਪੈਦਾ ਹੁੰਦੀ ਹੈ। ਜੋ ਮੁਸਲਮਾਨ ਇਸ ਮਹੀਨੇ ਦਾ ਫ਼ਾਇਦਾ ਨਹੀਂ ਉਠਾਂਉਂਦਾ ਉਹ ਬੜਾ ਹੀ ਬਦਕਿਸਮਤ ਇਨਸਾਨ ਹੈ। ਇਹ ਪਾਕ ਮਹੀਨੇ ਪੂਰੇ ਸਾਲ ਵਿੱਚ ਇਕ ਵਾਰ ਹੀ ਆਉਂਦਾ ਹੈ। ਇਸ ਲਈ ਜੋ ਵਿਅਕਤੀ ਇਸ ਮਹੀਨੇ ਵਿੱਚ ਨੇਕੀ ਪੈਦਾ ਨਹੀਂ ਕਰਦਾ ਅਤੇ ਆਪਣੇ ਪਾਪ ਨਹੀਂ ਬਖ਼ਸ਼ਵਾਂਉਂਦਾ ਉਹ ਵਿਅਕਤੀ ਬੜਾ ਹੀ ਬਦਕਿਸਮਤ ਹੁੰਦਾ ਹੈ। ਰੋਜ਼ੇ ਦਾ ਮਕਸਦ ਮਨੁਖ ਨੂੰ ਬੁਰਾਈ ਤੋਂ ਰੋਕਣਾ ਹੁੰਦਾ ਹੈ। ਪਵਿਤੱਰ ਕੁਰਆਨ ਵਿੱਚ ਕਿਹਾ ਗਿਆ ਹੈ ਕਿ ਇਸ ਮਹੀਨੇ ਕੁਰਆਨੇ ਪਾਕ ਨੂੰ ਸਭ ਤੋਂ ਜ਼ਿਆਦਾ ਪੜਨਾਂ ਅਤੇ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋਅਲੈਹੇਵਸਲਮ ਤੇ ਦਰੂਦ ਭੇਜਣਾ ਚਾਹੀਦਾ ਹੈ। ਰੋਜ਼ੇ ਰਖਣ ਨਾਲ ਮਨੁਖ ਅੰਦਰ ਮੁਸ਼ਕਿਲਾਂ ਬਰਦਾਸ਼ਤ ਕਰਨ ਅਤੇ ਕੁਰਬਾਨੀ ਦੇਣ ਦਾ ਜਜ਼ਬਾ ਪੈਦਾ ਹੁੰਦਾ ਹੈ। ਭੁਖੇ ਪਿਆਸੇ, ਬੇਬਸ, ਲਾਚਾਰ ਬੇਸਹਾਰਾ ਅਤੇ ਗ਼ਰੀਬਾਂ ਦੇ ਪ੍ਰਤਿ ਸਦਭਾਵਨਾ ਦਾ ਜਜ਼ਬਾ ਪੈਦਾ ਹੁੰਦਾ ਹੈ। ਰੋਜ਼ੇ ਰਖਣ ਨਾਲ ਕਈ ਪ੍ਰਕਾਰ ਦੀਆਂ ਬਿਮਾਰਿਆਂ ਤੋਂ ਛੁਟਕਾਰਾ ਹਾਸਿਲ ਹੋ ਜਾਂਦਾ ਹੈ। ਜਿਗਰ ਦੀ ਬਿਮਾਰਿਆਂ, ਜੋੜਾਂ ਦਾ ਦਰਦ ਵਰਗੀ ਬਿਮਾਰਿਆਂ ਤੋਂ ਰੋਜ਼ੇ ਰਖਣ ਕਾਰਨ ਆਰਾਮ ਮਿਲਦਾ ਹੈ। ਸ਼ਰੀਰ ਵਿੱਚੋਂ ਗ਼ੈਰ ਜ਼ਰੂਰੀ ਤਤ ਬਾਹਰ ਆ ਜਾਂਦੇ ਹਨ। ਇਸ ਲਈ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋਅਲੈਹੇਵਸਲਮ ਨੇ ਰੋਜ਼ੇ ਨੂੰ ਸ਼ਰੀਰ ਦੀ ਜ਼ਕਾਤ ਕਿਹਾ ਹੈ। ਰੋਜ਼ੇ ਮਰੀਜ਼ਾਂ ਨੂੰ ਗਰਭਵਤੀ ਮਹਿਲਾਂਵਾ ਨੂੰ ਅਤੇ ਬਚਿਆਂ ਲਈ ਮਾਫ਼ ਹਨ। ਇਸੇ ਪ੍ਰਕਾਰ ਜੇ ਕੋਈ ਸਫ਼ਰ ਤੇ ਹੋਵੇ ਤਾਂ ਵੀ ਰੋਜ਼ੇ ਰਖਣ ਦੀ ਛੁਟ ਹਾਸਿਲ ਹੈ। ਪਰ ਜਾਣ ਬੁਝਕੇ ਰੋਜ਼ੇ ਨਾ ਰਖਣਾ ਗੁਨਾਹ ਹੈ। ਜੇ ਕਿਸੇ ਦੀ ਕਿਸੇ ਕਾਰਣ ਰੋਜ਼ੇ ਛੁਟ ਜਾਂਦੇ ਹਨ ਤਾਂ ਬਾਅਦ ਵਿੱਚ ਰੋਜ਼ੇ ਪੂਰੇ ਕੀਤੇ ਜਾ ਸਕਦੇ ਹਨ। ਪਵਿਤਰ ਰਮਜ਼ਾਨ ਦੇ ਸ਼ੁਰੂ ਹੋਣ ਤੇ ਸਾਰੇ ਭਾਈਚਾਰੇ ਨੂੰ ਬਹੁਤ ਬਹੁਤ ਵਧਾਈ ਹੋਵੇ।