ਵੱਡਾ ਘੱਲੂਘਾਰਾ ਸਿੱਖ ਕੌਮ ਦੇ ਸੀਨੇ 'ਤੇ ਇੱਕ ਵੱਡਾ ਜ਼ਖ਼ਮ - ਗੁਰਭਿੰਦਰ ਸਿੰਘ ਗੁਰੀ

ਅਹਿਮਦ ਸ਼ਾਹ ਅਬਦਾਲੀ ਇੱਕ ਗਰੀਬ ਪਠਾਣ ਸੀ,ਜੋ ਕਿ ਆਪਣੀ ਤਾਕਤ ਨੂੰ ਵਧਾਉਂਦੇ-ਵਧਾਉਂਦੇ ਬਲਖ,ਸਿੰਧ ਅਤੇ ਕੰਧਾਰ'ਤੇ ਜਿੱਤ ਪ੍ਰਾਪਤ ਕਰਨ ਮਗਰੋਂ ਪੰਜਾਬ ਤੇ ਕਸ਼ਮੀਰ ਨੂੰ ਵੀ ਆਪਣੇ ਅਧੀਨ ਕਰਨਾ ਚਾਹੁੰਦਾ ਸੀ।ਉਸ ਨੇ ਭਾਰਤ 'ਤੇ ਅੱਠ ਹਮਲੇ ਕੀਤੇ ਜਿਨ੍ਹਾਂ ਵਿੱਚੋਂ ਛੇਵਾਂ ਹਮਲਾ ਉਸ ਨੇ ਫਰਵਰੀ 5-  1762 ਨੂੰ ਸਿੱਖਾਂ ਦਾ ਸਰਵਨਾਸ਼ ਕਰਨ ਲਈ ਕੀਤਾ।ਇਸ ਹਮਲੇ ਵਿੱਚ ਉਸ ਦੀਆਂ ਤੁਰਕੀ ਫੌਜਾਂ ਅਤੇ ਸਰਹਿੰਦ ਤੇ ਮਾਲੇਰਕੋਟਲਾ ਦੀਆਂ ਮੁਗ਼ਲ ਫੌਜਾਂ ਹੱਥੋਂ ਇੱਕ ਹੀ ਦਿਨ ਵਿੱਚ 35,000-40,000 ਸਿੱਖਾਂ ਨੇ ਸ਼ਹੀਦੀ ਪਾਈ।ਇਹ ਤਿੰਨੇ ਫੌਜਾਂ ਸਿੱੱਖਾਂ 'ਤੇ ਇੱਕੋ ਹੀ ਸਮੇਂ ਅਲੱਗ-ਅਲੱਗ ਥਾਵਾਂ ,ਤੇ ਹਮਲੇ ਕਰਦੀਆਂ ਰਹੀਆਂ।ਅਬਦਾਲੀ ਨੇ ਇਸ ਹਮਲੇ ਦੌਰਾਨ ਸਿੱਖਾਂ ਦਾ ਸਰਵਨਾਸ਼ ਕਰਨ ਲਈ ਸਿੱਖਾਂ ਦੇ ਖਿਲਾਫ਼ ਜੋ ਇਕ ਵੱਡੀ ਪੱਧਰ 'ਤੇ ਤਬਾਹੀ ਮਚਾਈ ਉਸ ਨੂੰ 'ਵੱਡਾ ਘੱਲੂਘਾਰਾ' ਕਿਹਾ ਜਾਂਦਾ ਹੈ।
            ਇਸ ਛੇਵੇਂ ਹਮਲੇ ਦਾ ਪਿਛੋਕੜ ਇਹ ਹੈ ਕਿ 14 ਜਨਵਰੀ,1761 ਨੂੰ ਪਾਣੀਪਤ ਦੀ ਇਤਿਹਾਸ ਪ੍ਰਸਿੱਧ ਤੀਜੀ ਲੜਾਈ ਵਿੱਚ ਅਬਦਾਲੀ ਦੀ ਸੈਨਾ ਨੇ ਮਰਾਠਿਆਂ ਦੀ ਲਗਭਗ ਤਿੰਨ ਲੱਖ ਦੀ ਸੈਨਾ ਨੂੰ ਬੁਰੀ ਤਰ੍ਹਾਂ ਹਰਾ ਕੇ ਜਿੱਤ ਪਰਾਪਤ ਕੀਤੀ ਸੀ। ਜਿੱਤ ਤੋਂ  ਬਾਅਦ ਜਦੋਂ ਅਬਦਾਲੀ ਤਕਰਬੀਨ 2,200 ਮਰਾਠੀ ਹਿੰਦੂ ਕੁਆਰੀਆ ਲੜਕੀਆਂ ਨੂੰ ਲੈ ਕੇ ਅਫ਼ਗਾਨਿਸਤਾਨ ਜਾ ਰਿਹਾ ਸੀ ਤਾਂ ਸਤਲੁਜ ਨਦੀ ਪਾਰ ਕਰਨ ਸਮੇਂ ਸਿੱਖਾਂ ਨੇ ਹਮਲਾ ਕਰ ਕੇ ਉਨ੍ਹਾਂ ਦੇ ਮਾਪਿਆਂ ਕੋਲ ਪੁਹੰਚਾ ਦਿਤਾ ਸੀ। ਪਰ ਸਿੱਖਾਂ ਦੀ ਇਸ ਬਹਾਦਰੀ ਦੇ ਕਾਰਨਾਮੇ ਦਾ ਸਿੱਟਾ  ਇਹ ਨਿਕਲਿਆ ਕਿ ਅਬਦਾਲੀ ਜੋ ਹੁਣ ਤੱਕ ਸਿੱਖਾਂ ਨੂੰ ਡਾਕੂ ਹੀ ਸਮਝਦਾ ਸੀ ਜੋ ਕਿ ਉਸ ਦੇ ਵਾਪਰੀ ਦੇ ਰਸਤੇ ਸਮੇਂ ਲੁੱਟ-ਖਸੱਟ ਕਰ ਕੇ ਉਸ ਵੱਲੋਂ ਲਟਿਆ  ਹੋਇਆ ਧਨ-ਦੋਲਤ ਖੋਂਹਦੇ ਸਨ, ਨੂੰ ਹੁਣ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਸਿੱਖ ਡਾਕੂ ਨਹੀਂ ਸਨ ਸਗੋਂ ਇੱਕ ਸ਼ਕਤੀਸ਼ਾਲੀ ਕੋਮ ਸਨ, ਜੋ ਕਿ ਪੰਜਾਬ ਦੀ ਧਰਤੀ ਦੇ ਮਾਲਕ ਸਨ ।ਉਸ ਦੇ ਦਿਮਾਗ ਵਿੱਚ ਇਹ ਗਲ ਆਈ  ਕਿ ਜਦੋਂ ਤੱਕ ਉਹ  ਉਨ੍ਹਾਂ ਨੂੰ ਖ਼ਤਮ ਨਹੀਂ ਕਰੇਗਾ ਉਹ ਪੰਜਾਬ ਅਤੇ ਭਾਰਤ ਵਿੱਚ ਪਠਾਨੀ ਰਾਜ ਸੱਤਾ ਕਾਇਮ ਨਹੀਂ ਕਰ ਸਕੇਗਾ ।
             
             ਅਬਦਾਲੀ ਸਿੰਘਾਂ ਦੇ ਖਿਲਾਫ਼ ਗੁੱਸੇ ਨਾਲ ਭਰਿਆ ਹੋਇਆ ਫਰਵਰੀ,1762 ਦੇ ਸ਼ੁਰੂ ਵਿੱਚ ਹੀ ਲਾਹੌਰ ਪਹੁੰਚ ਗਿਆ।ਦਲ ਖਾਲਸਾ ਨੂੰ ਪਤਾ ਸੀ ਕਿ ਇਸ ਵਾਰ ਅਬਦਾਲੀ ਉਨ੍ਹਾਂ ਨਾਲ ਦੋ-ਹੱਥ ਕਰਨ ਲਈ ਹੀ ਆਇਆ ਹੈ ਤੇ ਸਿੱਖ ਹੀ ਉਸ ਦਾ ਮੁੱਖ ਨਿਸ਼ਾਨਾ ਹਨ।ਇਸ ਲਈ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਆਪਣੇ ਸਾਰੇ ਪਰਵਾਰਾਂ ਨੂੰ ਹਮਲਾਵਾਰ ਦੀ ਪਹੁੰਚ ਤੋਂ ਕਿਤੇ ਦੂਰ ਕਿਸੇ ਦੱਖਣ-ਪੱਛਮੀ ਇਲਾਕੇ ਵਿੱਚ ਰਾਏਪੁਰ ਅਤੇ ਗੁੱਜਰਵਾਲ ਪਿੰਡਾਂ ਦੇ ਨੇੜੇ ਤੇੜੇ ਪਹੁੰਚਾ ਦੇਣ ਜੋ ਕਿ ਹੁਣ ਲੁਧਿਆਣਾ ਜ਼ਿਲ੍ਹਾ ਵਿੱਚ ਪੈਂਦੇ ਹਨ।ਪਿੰਡ ਗੁੱਜਰਵਾਲ ਲੁਧਿਆਣੇ ਤੋਂ 30 ਕਿਲੋਮੀਟਰ ਦੱਖਣ-ਪੱਛਮ ਵੱਲ ਹੈ ਅਤੇ ਡੇਹਲੋਂ ਦੇ ਅਸਥਾਨ ਤੋਂ ਲੁਧਿਆਣਾ-ਮਾਲੇਰਕੋਟਲਾ-ਸੰਗਰੂਰ ਮੁੱਖ ਸੜਕ ਨਾਲ ਜੁੜਿਆ ਹੋਇਆ ਹੈ।ਉਪਰੋਕਤ ਫੈਸਲੇ ਅਨੁਸਾਰ ਦਲ ਖਾਲਸਾ ਆਪਣੇ ਸਾਰੇ ਪਰਵਾਰਾਂ ਨੂੰ ਅਤੇ ਹੋਰ ਲੋੜੀਂਦਾ ਸਾਮਾਨ ਲੈ ਕੇ ਮਾਝੇ ਅਤੇ ਦੁਆਬੇ ਵਿੱਚੋਂ ਨਿਕਲ ਕੇ ਲੁਧਿਆਣੇ ਦੇ ਇਲਾਕੇ ਵਿੱਚ ਆ ਗਿਆ ਸੀ।ਇੱਥੇ ਲੁਧਿਆਣੇ ਜ਼ਿਲ੍ਹੇ ਦੇ ਦੋ ਪਿੰਡਾਂ ਗੁਰਮ ਅਤੇ ਡੇਹਲੋਂ ਜੋ ਕਿ ਇੱਕ ਦੂਜੇ ਦੇ ਨੇੜੇ-ਨੇੜੇ ਹਨ,ਦੀ ਜੂਹ ਵਿੱਚ ਖਾਲਸੇ ਦੇ ਪਰਿਵਾਰਾਂ ਨੇ ਡੇਰਾ ਲਾ ਲਿਆ ਸੀ।ਪਿੰਡ ਡੇਹਲੋਂ ਲੁਧਿਆਣੇ ਤੋਂ 19 ਕਿਲੋਮੀਟਰ ਦੱਖਣ ਵੱਲ ਲੁਧਿਆਣਾ-ਮਾਲੇਰਕੋਟਲਾ ਸੜਕ 'ਤੇ ਸਥਿਤ ਹੈ।ਇਸ ਇਲਾਕੇ ਦੀ ਅਬਾਦੀ ਸਿੱਖ ਸੀ ਅਤੇ ਸਾਰਾ ਇਲਾਕਾ ਰੇਤਲੇ ਟਿੱਬਿਆਂ ਵਾਲਾ ਅਤੇ ਸੰਘਣੇ ਜੰਗਲਾਂ ਵਾਲਾ ਸੀ।ਗੁਰਮ ਪਿੰਡ ਦੀ ਜੂਹ ਵਿੱਚ ਇੱਕ ਬਹੁਤ ਤਕੜਾ ਜੰਗਲ ਵੀ ਸੀ।ਸਿੱਖ ਪਰਵਾਰ ਇਸੇ ਪਿੰਡ ਵਿੱਚ ਹੀ ਡੇਰਾ ਲਾ ਕੇ ਬੈਠ ਗਏ ਸਨ।
            ਅਬਦਾਲੀ ਲਾਹੌਰ ਪਹੁੰਚ ਗਿਆ ਸੀ ਤੇ ਦਲ ਖਾਲਸਾ ਨੇ ਪਹਿਲੇ ਘੱਲੂਘਾਰੇ (1746) ਵਿੱਚ ਵਰਤੀ ਗਈ ਢਾਈ ਫੱਟ ਵਾਲੀ ਨੀਤੀ ਤਹਿਤ ਹੀ ਦੁਸ਼ਮਣ ਨਾਲ ਨਜਿੱਠਣ ਦਾ ਫੈਸਲਾ ਕਰ ਲਿਆ ਸੀ।ਇਸ ਦਾ ਪਹਿਲਾ ਫੱਟ ਜਾਂ ਪੈਂਤੜਾ ਹੁੰਦਾ ਹੈ ਕਿ ਦੁਸ਼ਮਣ ਉੱਪਰ ਉਸ ਸਮੇਂ ਇੱਕਦਮ ਹਮਲਾ ਕਰਨਾ ਜਦੋਂ  ਦੁਸ਼ਮਣ ਉਸ ਦੀ ਪੂਰੀ ਮਾਰ ਹੇਠਾ ਆ ਗਿਆ ਹੋਵੇ ।ਇੱਕਦਮ ਹਮਲਾ ਕਰਨਾ ਪਹਿਲਾ ਪੈਂਤੜਾ ਤੇ ਫਿਰ ਇੱਕਦਮ ਦੋੜ੍ਹ ਜਾਣਾ ਦੂਸਰਾ ਪੈਂਤੜਾ ਹੁੰਦਾ ਹੈ। ਬਾਕੀ ਦਾ ਅੱਧਾ ਫੱਟ ਸੀ ਕਿ ਜੇਕਰ ਸਿੰਘ ਤੋਂ ਭੱਜਿਆ ਨਾ ਜਾ ਸਕਦਾ ਹੋਵੇ ਅਤੇ ਅਚਾਨਕ ਘੇਰੇ ਵਿੱਚ ਘਿਰ ਗਿਆ ਹੋਵੇ ਤਾਂ ਉਸ ਨੇ ਜਿਉਂਦਿਆਂ ਦੁਸ਼ਮਣ ਦੇ ਹੱਥ ਨਹੀਂ ਆਉਣਾ ਬਲਕਿ ਲੜਦੇ ਲੜਦੇ ਸ਼ਹੀਦ ਹੋਣਾ ਹੈ।
            4 ਫਰਵਰੀ, 1762 ਨੂੰ ਸਰਹਿੰਦ ਦੇ ਫੌਜਦਾਰ ਜੈਨ ਖਾਨ ਨੂੰ ਖਬਰ ਦਿੱਤੀ ਗਈ ਕਿ ਅਬਦਾਲੀ ਸਤਲੁਜ਼ ਦਰਿਆ ਪਾਰ ਕਰ ਚੁੱਕਾ ਹੈ ਤੇ ਉਹ ਅਗਲੇ ਦਿਨ  ਸਵੇਰ ਸਾਰ ਸਿੱਖਾਂ ਉੱਤੇ ਹਮਲਾ ਕਰ ਦੇਵੇਗਾ ਤੇ ਉਸ ਨੂੰ  ਵੀ ਅਗਲੇ ਦਿਨ ਸਵੇਰ ਸਾਰ ਹੀ ਸਿੱਖਾਂ ਉੱਤੇ ਹਮਲਾ ਕਰਨਾ ਚਾਹੀਦਾ ਹੈ ।  ਤਕਰਬੀਨ ਡੇਢ ਲੱਖ ਪੈਦਲ ਤੇ ਘੋੜ ਸਵਾਰ  ਸਿੱਖ ਸਰਹਿੰਦ ਦੀ ਰੋਹੀ ਵੱਲ ਆ ਗਏ ਸਨ ਜਿਨ੍ਹਾਂ ਵਿੱਚ 50-60 ਹਜ਼ਾਰ ਸੈਨਿਕ ਸ਼ਾਮਲ ਸਨ।ਇਸੇ ਦੌਰਾਨ ਸਰਹਿੰਦ ਦੇ ਫੌਜਦਾਰ ਜੈਨ ਖਾਨ ਨੇ 10-15 ਹਜ਼ਾਰ ਪੈਦਲ ਅਤੇ ਘੋੜ ਸਵਾਰ ਸੈਨਿਕਾਂ ਨਾਲ ਮਲੇਰਕੋਟਲੇ ਵਿਖੇ ਡੇਰਾ ਲਾ ਲਿਆ ਸੀ।ਸਿੱਖ ਵੀ ਇੱਥੋਂ ਤਕਰੀਬਨ 28 ਕਿਲੋਮੀਟਰ ਦੀ ਦੂਰੀ ਤੇ ਪਹੁੰਚ ਚੁੱਕੇ ਸਨ।
               ਇਸ ਸਮੇਂ ਦਲ ਖਾਲਸਾ ਦੀਆਂ ਅਤੇ ਅਬਦਾਲੀ ਦੀਆਂ ਫੌਜਾਂ ਦਾ 15-20 ਕਿਲੋਮੀਟਰ ਦਾ ਫਾਸਲਾ ਹੀ ਸੀ।ਜਿਉਂ ਹੀ ਅਬਦਾਲੀ ਸਤਲੁਜ ਵਾਲੇ ਪੱਤਣ ਤੋਂ ਮਾਲਵੇ ਵੱਲ ਰਵਾਨਾ ਹੋਇਆ ਤਾਂ ਦਲ ਖਾਲਸੇ ਨੇ ਉਸ ਉੱਪਰ ਹਮਲਾ ਕਰ ਦਿੱਤਾ।ਦੋਹਾਂ ਫੌਜਾਂ ਦੀ ਆਪਸ ਵਿੱਚ ਗਹਿਗੱਚ ਲੜਾਈ ਹੋਈ।ਜਦੋਂ ਜੈਨ ਖਾਨ ਨੇ ਅਗਲੇ ਦਿਨ ਸਵਖਤੇ ਹੀ ਸਿੱਖਾਂ ਵੱਲ ਚੜ੍ਹਾਈ ਕਰਨ ਦੀ ਕੀਤੀ ਤਾਂ ਇਸ ਦਾ ਸਿੱਖਾਂ ਨੂੰ ਵੀ ਪਤਾ ਲੱਗ ਗਿਆ ਸੀ।ਇਸੇ ਕਰਕੇ ਉਹ ਵੀ ਅੱਗੇ (ਸਤਲੁਜ ਵੱਲ) ਨੂੰ ਰਵਾਨਾ ਹੋ ਗਏ ਸਨ।ਜੈਨ ਖਾਨ ਨੇ ਕਾਸਿਮ ਖਾਨ ਨੂੰ ਸਿੱਖਾਂ ਦਾ ਪਿੱਛਾ ਕਰਨ ਲਈ ਭੇਜਿਆ। :”ਸਿੱਖਾਂ ਦੇ ਸਾਹਮਣੇ ਗਏ ਤਾਂ ਉਹ ਦੌੜ ਗਏ ਸਨ। ਉਹਨਾਂ ਦਾ ਅੱਧਾ ਕੋਹ (ਦੋ ਕਿਲੋਮੀਟਰ) ਤੱਕ ਪਿੱਛਾ ਕੀਤਾ।ਅੱਗੋਂ ਅਚਾਨਕ ਹੀ ਉਹੀ ਦੌੜ੍ਹ ਰਹੇ ਸਿੱਖਾਂ  ਨੇ ਇੱਕਦਮ ਰੁਕ ਕੇ ਤੇ ਪਿੱਛੇ ਮੁੜ ਕੇ ਹਮਲਾ ਕਰ ਦਿੱਤਾ।ਕਾਸਿਮ ਖਾਨ ਇਸ ਹਮਲੇ ਦਾ ਮੁਕਾਬਲਾ ਨਾ ਕਰ ਸਕਿਆ ਅਤੇ ਦੌੜ੍ਹ ਗਿਆ ਸੀ। ਆਪਣੀ ਸਾਰੀ ਸੈਨਿਕ ਟੁਕੜੀ ਲੈ ਕੇ ਮਲੇਰਕੋਟਲੇ ਵੱਲ ਭੱਜ ਗਿਆ ਸੀ।ਉਥੇ ਜਾ ਕੇ ਉਸ ਨੇ ਆਪਣਾ ਡੇਰਾ ਲਾ ਲਿਆ ਸੀ।
                 5 ਫਰਵਰੀ 1762 ਨੂੰ ਸਵੇਰ ਸਾਰ ਹੋਈ ਇੱਕ ਝੜਪ ਵਿੱਚ ਸੈਨਾ ਸਿੱਖਾਂ ਦਾ ਮੁਕਾਬਲਾ ਨਾ ਕਰ ਸਕੀ ਅਤੇ ਉਹ ਆਪਣੀ ਸਾਰੀ ਸੈਨਿਕ ਟੁਕੜੀ ਲੈ ਕੇ ਮਾਲੇਰਕੋਟਲੇ ਵੱਲ ਭੱਜ ਗਿਆ ਸੀ।ਦਲ ਖਾਲਸੇ ਨੇ ਫੈਸਲਾ ਕੀਤਾ ਕਿ ਗੁਰਮ ਅਤੇ ਡੇਹਲੋਂ ਪਿੰਡਾਂ ਵਿਖੇ ਜੋ ਉਨ੍ਹਾਂ ਦੇ ਪਰਵਾਰਾਂ ਦੀ ਵਹੀਰ ਹੈ ਉਸ ਨੂੰ ਬਰਨਾਲੇ ਵੱਲ ਨੂੰ ਭੇਜ ਦਿੱਤਾ ਜਾਵੇ ਕਿਉਂਕਿ ਬਰਨਾਲੇ ਦਾ ਸਾਰਾ ਆਲਾ-ਦੁਆਲਾ ਸਿੱਖ ਅਬਾਦੀ ਵਾਲਾ ਸੀ,ਤੇ ਦਲ ਖਾਲਸਾ ਆਪ ਹੀ ਨਾਲ ਸਿੱਧੀ ਟੱਕਰ ਲਵੇ।ਇਸ ਫੈਸਲੇ ਅਨੁਸਾਰ ਤਿੰਨ ਸਿੱਖ ਆਗੂ-ਭਾਈ ਸੰਗੂ ਸਿੰਘ ਵਕੀਲ ਭਾਈ ਕੇ ਦਰਾਜ ਵਾਲਾ,ਭਾਈ ਸੇਖੂ ਸਿੰਘ ਹੰਬਲਕੇ ਵਾਸ ਵਾਲਾ ਅਤੇ ਭਾਈ ਬੁੱਢਾ ਸਿੰਘ-ਆਪਣੇ ਨੇਜ਼ਿਆਂ ਉੱਪਰ ਚਾਦਰੇ ਟੰਗ ਕੇ ਅੱਗੇ-ਅੱਗੇ ਚੱਲ ਪਏ ਤੇ ਸਾਰੀ ਵਹੀਰ ਉਨ੍ਹਾਂ ਚਾਦਰਿਆਂ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਦੇ ਪਿੱਛੇ-ਪਿੱਛੇ ਬਰਨਾਲੇ ਵੱਲ ਨੂੰ ਹੋ ਤੁਰੀ।
               ਜਦੋਂ ਦਲ ਖਾਲਸਾ ਅਬਦਾਲੀ ਨਾਲ ਗਹਿਗੱਚ ਲੜਾਈ ਕਰ ਰਿਹਾ ਸੀ ਅਤੇ ਵਹੀਰ ਅਜੇ ਗੁਰਮ ਪਿੰਡ ਤੋਂ ਦਸ-ਬਾਰਾਂ ਕਿਲੋਮੀਟਰ ਦੀ ਦੂਰੀ 'ਤੇ ਹੀ ਗਈ ਸੀ ਤਾਂ ਅੱਗੋਂ ਮਲੇਰਕੋਟਲੇ ਵੱਲੋਂ ਉਸ ਵਹੀਰ ਉੱਪਰ ਅਚਾਨਕ ਹੀ ਸਰਹਿੰਦ ਦੇ ਫੌਜਦਾਰ ਜੈਨ ਖਾਨ ਅਤੇ ਨਵਾਬ ਮਾਲੇਰਕੋਟਲਾ ਭੀਖਣ ਖਾਨ ਦੀਆਂ ਫੌਜਾਂ ਨੇ ਹਮਲਾ ਕਰ ਦਿੱਤਾ।ਇਸ ਸਮੇਂ ਇਹ ਵਹੀਰ ਸੰਗਰੂਰ ਜ਼ਿਲ੍ਹੇ ਦੇ ਰਹੀੜਾ ਅਤੇ ਕੁੱਪ ਪਿੰਡਾਂ ਜੋ ਇੱਕ ਦੂਜੇ ਤੋਂ 4 ਕਿਲੋਮੀਟਰ ਦੀ ਵਿੱਥ ਤੇ ਹਨ,ਵਿੱਚੋਂ ਲੰਘ ਰਹੀ ਸੀ।ਇਹ ਪਿੰਡ ਲੁਧਿਆਣਾ-ਮਾਲੇਰਕੋਟਲਾ ਸੜਕ 'ਤੇ ਮਾਲੇਰਕੋਟਲੇ ਵੱਲੋਂ ਕ੍ਰਮਵਾਰ 15 ਅਤੇ 11 ਕਿਲੋਮੀਟਰ ਦੀ 'ਤੇ ਸਥਿਤ ਹਨ।ਉਸ ਸਮੇਂ ਇਹ ਦੋਵੇਂ ਪਿੰਡ ਮੁਸਲਮਾਨ ਅਬਾਦੀ ਵਾਲੇ ਸਨ।ਇਸ ਵਹੀਰ ਉੱਤੇ ਮੁਗਲਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਸਿੱਖ ਪਰਵਾਰਾਂ ਦਾ ਬਹੁਤ ਵੱਡੇ ਪੱਧਰ ਤੇ ਕਤਲੇਆਮ ਕੀਤਾ ਗਿਆ।ਜਿਸ ਨਾਲ ਚਾਰੇ ਪਾਸੇ ਹਾਹਾਕਾਰ ਮਚ ਗਈ।ਜਦੋਂ ਅਬਦਾਲੀ ਨਾਲ ਲੜ ਰਹੇ ਸਿੰਘਾਂ ਨੂੰ ਇਹ ਪਤਾ ਲੱਗਾ ਕਿ ਦੁਸ਼ਮਣ ਨੇ ਉਨ੍ਹਾਂ ਦੀ ਵਹੀਰ ਨੂੰ ਘੇਰ ਲਿਆ ਹੈ ਤਾਂ ਉਨ੍ਹਾਂ ਨੇ ਇੱਕ ਜੱਥਾ ਸਰਦਾਰ ਸ਼ਾਮ ਸਿੰਘ ਕਰੋੜਸਿੰਘੀਏ ਦੀ ਅਗਵਾਹੀ ਹੇਠ ਵਹੀਰ ਦੀ ਮਦਦ ਲਈ ਭੇਜ ਦਿੱਤਾ।ਇਸ ਜੱਥੇ ਨੇ ਜੈਨ ਖਾਨ ਦੀਆਂ ਫੌਜਾਂ ਨੂੰ ਮਾਰ ਕੁੱਟ ਕੇ ਭਜਾ ਦਿੱਤਾ।ਇਸ ਉਪਰੰਤ ਵਹੀਰ ਫਿਰ ਪਹਿਲਾਂ ਵਾਲੇ ਤਿੰਨ ਆਗੂਆਂ ਨਾਲ ਬਰਨਾਲੇ ਵੱਲ ਚੱਲ ਪਈ।ਦਲ ਖਾਲਸੇ ਨੇ ਤਾਂ ਅਬਦਾਲੀ ਨੂੰ ਸਤਲੁਜ ਦੇ ਪੱਤਣ'ਤੇ ਬੈਠੇ ਨੂੰ ਹੀ ਜਾ ਲਲਕਾਰਿਆ ਸੀ ਪਰ ਹੁਣ ਉਨਾਂ ਦੇ ਸਾਹਮਣੇ ਆਪਣੇ ਪਰਵਾਰਾਂ ਦੀ,ਜਿਸ ਵਿੱਚ ਬਜ਼ੁਰਗ,ਬੱਚੇ ਅਤੇ ਔਰਤਾਂ ਸ਼ਾਮਲ ਸਨ,ਸੁਰੱਖਿਆ ਦਾ ਮਸਲਾ ਆ ਖੜ੍ਹਾ ਹੋਇਆ ਸੀ।ਇਸ ਲਈ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਅਬਦਾਲੀ ਅੱਗੋਂ ਇੱਕਦਮ ਪਿੱਛੇ ਦੌੜ੍ਹ ਕੇ ਪਹਿਲਾਂ ਆਪਣੀ ਵਹੀਰ ਨੂੰ ਆਪਣੇ ਘੇਰੇ ਵਿੱਚ ਲੈਣ ਤੇ ਫਿਰ ਪਿੱਛੇ ਮਾਲਵੇ ਵੱਲ ਨੂੰ ਵਧਣ।ਇਸ ਵਿਉਂਤ ਅਨੁਸਾਰ ਦਲ ਖਾਲਸਾ ਅਬਦਾਲੀ ਅੱਗੋਂ ਦੌੜ੍ਹ ਕੇ ਪਿੱਛੇ ਨੂੰ ਮਲੇਰਕੋਟਲੇ ਵੱਲ ਨੂੰ ਆ ਗਿਆ ਤੇ ਕੁੱਪ-ਰਹੀੜੇ ਦੀ ਜੂਹ ਵਿੱਚ ਆਪਣੀ ਵਹੀਰ ਨਾਲ ਰਲ ਗਿਆ।ਇੱਥੇ ਪਹੁੰਚ ਕੇ ਖਾਲਸੇ ਆਪਣੀ ਵਹੀਰ ਨੂੰ ਆਪਣੇ ਘੇਰੇ ਵਿੱਚ ਲੈ ਕੇ ਅਬਦਾਲੀ ਦੀ ਫੌਜ ਨਾਲ ਲੜਦੇ ਪਿੱਛੇ ਹਟਦੇ ਹਟਦੇ ਹੋਏ ਲੜ ਰਹੇ ਸਨ।ਜੈਨ ਖਾਨ ਅਤੇ ਭੀਖਨ ਖਾਨ ਦੀਆਂ ਫੌਜਾਂ ਵਹੀਰ ਨੂੰ ਅੱਗੋਂ ਘੇਰਨ ਦੀ ਕੋਸ਼ਸ਼ ਕਰ ਰਹੀਆਂ ਸਨ।ਖਾਲਸੇ ਨੇ ਉਨ੍ਹਾਂ ਦੋਹਾਂ ਫੌਜਾਂ ਨੂੰ ਕੱਖਾਂ ਕਾਨਿਆਂ ਵਾਂਗ ਆਪਣੇ ਅੱਗੇ ਰੋੜ੍ਹ ਲਿਆ ਸੀ।ਸਿੰਘਾਂ ਨੇ ਅਬਦਾਲੀ ਦੀਆਂ ਫੌਜਾਂ ਦੇ ਅਨੇਕਾਂ ਘੋੜ ਸਵਾਰਾਂ ਨੂੰ ਮਾਰ ਕੇ ਉਨ੍ਹਾਂ ਦੇ ਘੋੜੇ ਖੋਹ ਲਏ ਸ ਨ ਤੇ ਜਿਨ੍ਹਾਂ ਸਿੰਘਾਂ ਦੇ ਘੋੜੇ ਮਰ ਗਏ ਸਨ ਉਨ੍ਹਾਂ ਨੂੰ ਉਹ ਘੋੜੇ ਦੇ ਦਿੱਤੇ ਗਏ ਸਨ।
                      ਦਲ ਖਾਲਸੇ ਦਾ ਪਿੱਛਾ ਕਰਦਾ ਹੋਇਆ ਅਬਦਾਲੀ ਵੀ ਕੁੱਪ-ਕਹੀੜੇ ਦੇ ਪਿੰਡਾਂ ਵਿੱਚ ਪਹੁੰਚ         ਜਿਸ ਦਾ ਭਾਵ ਇਹ ਹੋਇਆ ਕਿ ਜੇਕਰ ਅਬਦਾਲੀ ਕੁੱਪ-ਕਹੀੜੇ ਪਿੰਡਾਂ ਵਿੱਚ ਹੋਵੇ ਤਾਂ ਇਹ ਲੜਾਈ ਉਸ ਥਾਂ ਤੋਂ 40 ਕਿਲੋਮੀਟਰ ਦੀ ਦੂਰੀ 'ਤੇ ਬਰਨਾਲੇ ਅਤੇ ਰਾਏਕੋਟ ਦੇ ਬਿਲਕੁਲ ਵਿਚਕਾਰ ਵਸੇ ਕੁਤਬਾ-ਬਾਹਮਣੀਆਂ ਪਿੰਡਾਂ ਜੋ ਕਿ ਕੁੱਪ-ਕਹੀੜੇ ਤੋਂ ਪੱਛਮ ਵੱਲ ਜਿਲ੍ਹਾ ਬਰਨਾਲਾ ਵਿੱਚ ਪੈਂਦੇ ਹਨ, ਹੁਣ ਕਿਉਂਕਿ ਸਿੱਧੀਆਂ ਸੜਕਾਂ ਬਣ ਗਈਆਂ ਹਨ ਇਹ ਫਾਸਲਾ 25 ਕੁ ਕਿਲੋਮੀਟਰ ਹੀ ਹੈ। ਇਸ ਥਾਂ 'ਤੇ ਵਜ਼ੀਰ ਸ਼ਾਹ, ਵਲੀ ਖਾਨ ਅਤੇ ਜੈਨ ਖਾਨ ਦੀਆਂ ਫੌਜਾਂ ਜਿਨ੍ਹਾਂ ਵਿੱਚ 4,000 ਘੋੜ ਸਵਾਰ ਅਤੇ 4,000 ਨਿਪੁੰਨ ਤੀਰ-ਅੰਦਾਜ਼ ਘੋੜ ਸਵਾਰ ਸਨ,ਦਲ ਖਾਲਸੇ ਨਾਲ ਲੜ ਰਹੀਆਂ ਸਨ ਅਤੇ ਕੁੱਝ ਸਿੱਖਾਂ ਨੂੰ ਵੀ ਬੰਦੀ ਬਣਾਇਆ ਜਾ ਚੁੱਕਿਆ ਸੀ ਜੋ ਕਿ ਬਹਾਨੇ ਲੱਭ-ਲੱਭ ਕੇ ਦੁਸ਼ਮਣ ਦੇ ਪੰਜੇ ਵਿੱਚੋਂ ਛੁੱਟਣ ਦੀ ਕੋਸ਼ਸ਼ ਕਰ ਰਹੇ ਸਨ।ਖਾਲਸੇ ਨੇ ਜੈਨ ਖਾਨ ਅਤੇ ਉਸ ਦੇ ਦੀਵਾਨ ਲੱਛਮੀ ਨਰਾਇਣ ਦੀ ਫੌਜ ਨੂੰ ਮਾਰ-ਮਾਰ ਕੇ ਦੂਰ ਭਜਾ ਦਿੱਤਾ ਸੀ ਤੇ ਅਫ਼ਗਾਨੀ ਫੌਜ ਨੂੰ ਕੁੱਟ-ਕੁੱਟ ਕੇ ਆਪਣੇ ਪਰਵਾਰਾਂ ਦੀ ਵਹੀਰ ਤੋਂ ਬਹੁਤ ਦੂਰ ਕਰ ਦਿੱਤਾ ਸੀ।ਸਿੰਘਾਂ ਦੀ ਨੀਤੀ ਸੀ ਕਿ ਲੜਦੇ-ਲੜਦੇ ਪਿੱਛੇ ਹਟਦੇ ਜਾਵੋ ਅਤੇ ਪਿੱਛੇ ਹਟਦੇ-ਹਟਦੇ ਲੜਦੇ ਜਾਵੋ।ਸਿੰਘ ਘੰਟਾ ਡੇਢ ਘੰਟਾ ਪੂਰੇ ਜੋਸ਼ ਨਾਲ ਲੜੇ ਫਿਰ ਅਬਦਾਲੀ ਦੇ ਦੋ ਹੋਰ ਫੌਜੀ ਟੁਕੜੀਆਂ ਭੇਜ ਦਿੱਤੀਆਂ ਜਿਸ ਨਾਲ ਦਲ ਖਾਲਸੇ ਦੇ ਪੈਰ ਹਿੱਲ ਗਏ।ਪਹਿਲਾਂ ਡੱਟ ਕੇ ਲੜਦੇ ਸਨ।ਫਿਰ ਜਦੋਂ ਉਹ ਦੇਖਦੇ ਸਨ ਕਿ ਉਨ੍ਹਾਂ ਦੀ ਵਹੀਰ ਕਾਫ਼ੀ ਅੱਗੇ ਨਿਕਲ ਗਈ ਹੈ ਤਾਂ ਉਹ ਉਸ ਦੀ ਸੁਰੱਖਿਆ ਲਈ ਪਿੱਛੇ ਭੱਜ ਕੇ ਵਹੀਰ ਕੋਲ ਚਲੇ ਜਾਂਦੇ ਸਨ।ਇਸ ਪਰਕਾਰ ਸਿੰਘਾਂ ਨੇ ਪੂਰੀ ਹਿੰਮਤ ਨਾਲ ਦੁਸ਼ਮਣ ਦਾ ਜ਼ੋਰ ਵਹੀਰ 'ਤੇ ਨਾ ਪੈਣ ਦਿੱਤਾ।ਸਿੰਘਾਂ ਨੇ ਇਸ ਨਵੇਂ ਹਮਲੇ ਨੂੰ ਇੱਕ ਘੜੀ ਤੱਕ ਰੋਕ ਕੇ ਰੱਖਿਆ।ਜਦੋਂ ਅਬਦਾਲੀ ਨੇ ਦੇਖਿਆ ਕਿ ਉਸ ਵੱਲੋਂ ਭੇਜੀਆਂ ਗਈਆਂ ਦੋ ਟੁਕੜੀਆਂ ਵੀ ਸਿੰਘਾਂ ਦਾ ਜ਼ਿਆਦਾ ਨੁਕਸਾਨ ਨਹੀਂ ਸਨ ਕਰ ਸਕੀਆਂ ਤਾਂ ਉਹ ਆਪ ਆਪਣੀ ਰਿਜ਼ਰਵ ਫੌਜ ਜਿਸ ਦੀਆਂ ਚਾਰ ਟੁਕੜੀਆਂ ਵਿੱਚ 12,000 ਸੈਨਿਕ ਸਨ,ਲੈ ਕੇ ਪਹੁੰਚ ਗਿਆ।ਅਬਦਾਲੀ ਦੇ ਇਸ ਹਮਲੇ ਨੇ ਖਾਲਸੇ ਨੂੰ ਵਹੀਰ ਤੋਂ ਅਲੱਗ ਕਰ ਦਿੱਤਾ ਤੇ ਹੁਣ ਵਹੀਰ ਇਕੱਲੀ ਰਹਿ ਗਈ।
              ਇਹ ਰੇਤਲੇ ਟਿੱਬਿਆਂ ਵਾਲਾ ਇਲਾਕਾ ਸੀ ਤੇ ਇੱਥੇ ਪਾਣੀ ਦਾ ਕੋਈ ਸੋਮਾ ਨਹੀਂ ਸੀ।ਇਸ ਘੋਰ ਯੁੱਧ ਵਿੱਚ ਜੋ ਵਿਅਕਤੀ ਇੱਕ ਵਾਰ ਡਿੱਗ ਪੈਂਦਾ ਸੀ ਉਹ ਘੋੜਿਆਂ ਦੇ ਪੌੜਾਂ ਹੇਠ ਹੀ ਲਤਾੜਿਆ ਜਾਂਦਾ ਸੀ ਤੇ ਜੋ ਇੱਕ ਵਾਰ ਆਪਣੇ ਜੱਥੇ ਨਾਲੋਂ ਵਿਛੜ ਜਾਂਦਾ ਸੀ ਉਹ ਮੁੜਕੇ ਆਪਣੇ ਸਾਥੀਆਂ ਨਾਲ ਨਹੀਂ ਸੀ ਰਲ ਸਕਦਾ।ਜਦੋਂ ਅਬਦਾਲੀ ਦੀ ਫੌਜ ਨੇ ਵਹੀਰ ਵਿੱਚ ਵੜ ਕੇ ਕਤਲੇਆਮ ਸ਼ੁਰੂ ਕੀਤਾ ਤਾਂ ਸਭ ਪਾਸੇ ਚੀਕ ਚਿਹਾੜਾ ਤੇ ਹਾਹਾਕਾਰ ਮਚ ਗਈ।ਇਸ ਭਿਆਨਕ ਕਤਲੇਆਮ ਨੇ ਬੱਚਿਆਂ,ਔਰਤਾਂ ਅਤੇ ਬਜ਼ੁਰਗ ਮਰਦਾਂ ਦੀ ਬਹੁਤ ਬੁਰੀ ਦਸ਼ਾ ਕੀਤੀ।ਸਿੰਘ ਅਤੇ ਉਨ੍ਹਾਂ ਦੇ ਪਰਵਾਰ ਜਿਸ ਦੁਖਦਾਈ ਦਸ਼ਾ ਵਿੱਚੋਂ ਉਸ ਵੇਲੇ ਲੰਘ ਰਹੇ ਹੋਣਗੇ ਉਹ ਬਿਆਨ ਤੋਂ ਬਾਹਰ ਹੈ।ਆਪਣੀ ਵਹੀਰ ਦਾ ਬੁਰਾ ਹਾਲ ਹੁੰਦਾ ਦੇਖ ਕੇ ਸਿੰਘਾਂ ਨੇ ਇੱਕ ਅਜਿਹਾ ਹੰਭਲਾ ਮਾਰਿਆ ਕਿ ਵਹੀਰ ਦਾ ਕਤਲੇਆਮ ਕਰ ਰਹੇ ਦੁਸ਼ਮਣਾਂ 'ਤੇ ਹਮਲਾ ਕਰ ਕੇ ਉਨ੍ਹਾਂ ਦੇ ਤਕੜੇ ਆਹੂ ਲਾਹੇ।ਅਬਦਾਲੀ ਇਹ ਦੇਖ ਕੇ ਹੈਰਾਨ ਹੋ ਰਿਹਾ ਸੀ ਕਿ ਲਹੂ-ਲੁਹਾਨ ਹੋਏ ਸਿੰਘ ਵੀ ਬਰਾਬਰ ਲੜ ਰਹੇ ਸਨ।
               ਅਬਦਾਲੀ ਨੇ ਆਪਣੇ ਹਰਕਾਰੇ ਭੇਜ ਕੇ ਜੈਨ ਖਾਨ ਨੂੰ ਆਪਣੇ ਪਾਸ ਬੁਲਾ ਕੇ ਝਾੜ ਪਾਉਂਦਿਆਂ ਕਿਹਾ:”ਜੋ ਗੱਲ ਕਰਨ ਨੂੰ ਤੈਂ (ਜੈਨ ਖਾਨ) ਕਿਹਾ ਸੀ ਉਹ ਤੂੰ ਅਜੇ ਤਕ ਮੈਨੂੰ ਕਰ ਕੇ ਨਹੀਂ ਦਿਖਾ ਸਕਿਆ।ਤੇਰੇ ਕੋਲੋਂ ਅਜੇ ਤੱਕ ਸਿੰਘ ਅੱਗੋਂ ਨਹੀਂ ਘੇਰੇ ਗਏ।ਤੇਰੇ ਪਾਸ ਵੀਹ ਹਜ਼ਾਰ ਘੋੜ ਸਵਾਰ ਹਨ।ਕੀ ਇਹ ਸਿੰਘਾਂ ਨੇ ਮਾਰ ਕੇ ਥੋੜ੍ਹੇ ਕਰ ਦਿੱਤੇ ਹਨ?ਤੇਰੇ ਪਾਸ ਲੱਛਮੀ ਨਰਾਇਣ ਅਤੇ ਮਾਲੇ ਰੀਏ ਪਠਾਣਾਂ ਦੀ ਵੀ ਫੌਜ ਹੈ।ਤੂੰ ਫੇਰ ਵੀ ਇਨ੍ਹਾਂ ਕਾਫ਼ਰਾਂ ਨੂੰ ਘੇਰ ਨਹੀਂ ਸਕਿਆ।ਜੇ ਤੂੰ ਇਹਨਾਂ ਨੂੰ ਸਿਰਫ਼ ਚਾਰ ਘੜੀਆਂ (2 ਘੰਟੇ) ਤੱਕ ਵੀ ਰੋਕ ਲਵੇਂ ਤਾਂ ਮੈਂ ਇਨ੍ਹਾਂ ਦਾ ਸਾਰਾ ਕੰਮ ਹੀ ਤਮਾਮ ਕਰ ਦਿਆਂਗਾ।ਬਿਨਾ ਘੇਰੇ ਤੋਂ ਇਹ ਮਾਰੇ ਨਹੀਂ ਜਾ ਰਹੇ।
            ਜੈਨ ਖਾਨ ਨੇ ਅਬਦਾਲੀ ਨੂੰ ਉੱਤਰ ਦਿੱਤਾ,”ਸਿੰਘਾਂ ਨੂੰ ਅੱਗੋਂ ਘੇਰਨਾ ਬਹੁਤ ਔਖਾ ਹੈ।ਦੇਖਣ ਨੂੰ ਇਹ ਥੋੜ੍ਹੇ ਦਿਸਦੇ ਹਨ ਪਰ ਲੜਨ ਸਮੇਂ ਪਤਾ ਨਹੀਂ ਇਹ ਜ਼ਿਆਦਾ ਕਿਉਂ ਦਿਸਦੇ ਹਨ?”ਜੈਨ ਖਾਨ ਨੇ ਅਬਦਾਲੀ ਸਲਾਹ ਦਿੱਤੀ ਕਿ ਉਹ ਖੁਦ ਹੀ ਵਹੀਰ ਦਾ ਖਿਆਲ ਛੱਡ ਕੇ ਖਾਲਸਾ ਜੱਥਿਆਂ ਨੂੰ ਅੱਗੋਂ ਤੋਂ ਰੋਕੇ।ਇਸ ਲਈ ਅਬਦਾਲੀ ਨੇ ਆਪ ਵੀ ਸਿੰਘਾਂ ਨੂੰ ਘੇਰਨ ਦੀ ਕੋਸ਼ਸ਼ ਕੀਤੀ।ਪਰ ਸਿੰਘ ਅੱਗੇ ਨੂੰ ਵਧਦੇ ਗਏ ਤੇ ਅਬਦਾਲੀ ਨੂੰ ਰੋਕਦੇ ਹੋਏ ਉਹ ਛੇ ਕਿਲੋਮੀਟਰ ਹੋਰ ਅੱਗੇ ਚਲੇ ਗਏ।ਸਰਦਾਰ ਚੜ੍ਹਤ ਸਿੰਘ ਜੋ ਕਿ ਰਣਜੀਤ ਸਿੰਘ ਦੇ ਦਾਦਾ ਜੀ ਬਣੇ,ਵਹੀਰ ਦੇ ਵਿੱਚ ਰਹਿ ਕੇ ਦੁਸ਼ਮਣ ਨੂੰ ਰੋਕਦੇ ਰਹੇ।ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੋ ਕਿ ਇਸ ਸਾਰੀ ਕਾਰਵਾਈ ਦੇ ਜਰਨੈਲ ਸਨ ਦੇ ਸਰੀਰ ਤੇ 22 ਜ਼ਖ਼ਮ ਹੋ ਗਏ ਸਨ ਤੇ ਉਨ੍ਹਾਂ ਦਾ ਘੋੜਾ ਫੱਟੜ ਹੋਣ ਕਰਕੇ ਉਨ੍ਹਾਂ ਨੂੰ ਇੱਕ ਹੋਰ ਸਿੰਘ ਦਾ ਘੋੜਾ ਲੈਣਾ ਪਿਆ ਸੀ।ਹੁਣ ਸਿੰਘ ਆਪਣੀ ਵਹੀਰ ਅਤੇ ਆਪਣੇ ਜੱਥੇਦਾਰ ਨੂੰ ਬਚਾਉਂਦੇ ਹੋਏ ਪਿੱਛੇ ਵੱਲ ਨੂੰ ਜਾ ਰਹੇ ਸਨ।
               ਸਿੰਘਾਂ ਨੇ ਫਿਰ ਹਮਲਾ ਕਰ ਕੇ ਆਪਣੀ ਵਹੀਰ ਨੂੰ ਅਬਦਾਲੀ ਦੀ ਸਿੱਧੀ ਮਾਰ ਵਿੱਚੋਂ ਕੱਢ ਲਿਆ ਪਰ ਅੱਗੇ ਕੁਤਬਾ ਤੇ ਬਾਹਮਣੀਆਂ ਪਿੰਡ ਜੋ ਹੁਣ ਜ਼ਿਲ੍ਹਾ ਬਰਨਾਲਾ ਵਿੱਚ ਪੈਂਦੇ ਹਨ,ਆ ਗਏ ਸਨ ਜੋ ਕਿ ਮੁਸਲਮਾਨ ਅਬਾਦੀ ਵਾਲੇ ਸਨ।ਇਹ ਦੋਵੇਂ ਪਿੰਡ ਇੱਕ ਦੂਜੇ ਤੋਂ ਡੇਢ ਕੁ ਕਿਲੋਮੀਟਰ ਦੀ ਵਿੱਥ ਤੇ ਬਰਨਾਲਾ-ਰਾਏਕੋਟ ਸੜਕ ਉੱਪਰੋਂ ਲੰਘਦੀ ਬਠਿੰਡਾ ਬਰਾਂਚ ਨਹਿਰ ਦੇ ਨੇੜੇ ਹੀ ਵਸੇ ਹੋਏ ਹਨ।ਇਹ ਸਾਰਾ ਇਲਾਕਾ ਬੀਆਬਾਨ ਤੇ ਰੇਤਲੇ ਟਿੱਬਿਆਂ ਵਾਲਾ ਸੀ।ਇਨ੍ਹਾਂ ਪਿੰਡਾਂ ਵਿੱਚ ਜਿਹੜੇ ਹਿੰਦੂ ਅਤੇ ਸਿੱਖ ਰਹਿੰਦੇ ਸਨ ਉਹ ਆਪਣੇ ਘਰਾਂ ਨੂੰ ਛੱਡ ਕੇ ਜਾ ਚੁੱਕੇ ਸਨ।ਜਿਉਂ ਹੀ ਵਹੀਰ ਇਨ੍ਹਾਂ ਦੋਹਾਂ ਪਿੰਡਾਂ ਵਿੱਚ ਵੜੀ ਪਿੰਡ ਵਾਲੇ ਸਿੰਘਾਂ ਨੂੰ ਲੁੱਟਣ ਤੇ ਕੁੱਟਣ ਲੱਗ ਪਏ।ਗੁਰਮ ਪਿੰਡ ਤੋਂ ਤੁਰਿਆ ਸਿੰਘਾਂ ਦਾ ਕਾਫਲਾ ਪਿਆਸਾ ਹੀ ਤੁਰਿਆ ਜਾ ਰਿਹਾ ਸੀ।ਇਹ 40-45 ਕਿਲੋਮੀਟਰ ਦਾ ਪੈਂਡਾ ਉਨ੍ਹਾਂ ਨੇ ਲੜਦਿਆਂ ਤੇ ਭੱਜਦਿਆਂ ਹੀ ਤੈਅ ਕੀਤਾ ਸੀ।ਕੁਤਬਾ ਤੇ ਬਾਹਮਣੀਆਂ ਪਿੰਡਾਂ ਦੇ ਲੋਕਾਂ ਨੇ ਸਿੱਖਾਂ ਦੇ ਪਰਵਾਰਾਂ ਦਾ ਬਹੁਤ ਬੁਰਾ ਹਾਲ ਕੀਤਾ।ਹੁਣ ਇਹ ਦੋਵੇਂ ਪਿੰਡ ਸਿੱਖ ਅਬਾਦੀ ਵਾਲੇ ਹਨ ਪਰ ਉਸ ਸਮੇਂ ਇਹ ਦੋਵੇਂ ਪਿੰਡ ਮੁਸਲਮਾਨ ਅਬਾਦੀ ਵਾਲੇ ਸਨ।ਜੋ ਸਿੱਖ ਉਨ੍ਹਾਂ ਦੇ ਘਰਾਂ ਵਿੱਚ ਲੁਕਣ ਲਈ ਜਾਂਦੇ ਸਨ ਉਹ ਉਨ੍ਹਾਂ ਨੂੰ ਬਾਹਰ ਕੱਢ ਕੇ ਨਾਲੇ ਲੁੱਟ ਲੈਂਦੇ ਸਨ ਤੇ ਨਾਲੇ ਮਾਰ ਦਿੰਦੇ ਸਨ।ਕਈ ਸਿੱਖ ਪਿੰਡ ਤੋਂ ਬਾਹਰ ਬਣੇ ਪਾਥੀਆਂ ਦੇ ਗੁਹਾਰਿਆਂ ਵਿੱਚ ਲੁਕ ਗਏ ਤੇ ਕਈ ਜਵਾਰ,ਬਾਜਰਾ ਤੇ ਮੱਕੀ ਦੇ ਮਿਨਾਰਾਂ ਵਿੱਚ ਲੁਕ ਗਏ।ਦੁਸ਼ਮਣ ਦੀ ਫੌਜ ਨੇ ਤੇ ਸਥਾਨਕ ਲੋਕਾਂ ਨੇ ਇਨ੍ਹਾਂ ਮਿਨਾਰਾਂ ਨੂੰ ਅੱਗਾਂ ਲਾ ਦਿੱਤੀਆਂ ਜਿਸ ਨਾਲ ਭਾਰੀ ਗਿਣਤੀ ਵਿੱਚ ਬੱਚੇ,ਇਸਤਰੀਆਂ ਤੇ ਬਜ਼ੁਰਗ ਅੱਗ ਵਿੱਚ ਝੁਲਸ ਕੇ ਮਰ ਗਏ।ਚਾਰੇ ਪਾਸੇ ਕੁਰਲਾਹਟ ਮਚ ਗਈ।ਜਦੋਂ ਸਰਦਾਰ ਚੜ੍ਹਤ ਸਿੰਘ ਨੇ ਦੇਖਿਆ ਕਿ ਦੁਸ਼ਮਣ ਦੀ ਫੌਜ ਸਿੱਖਾਂ ਨੂੰ ਅੱਗਾਂ ਲਾ ਕੇ ਸਾੜ ਰਹੀ ਹੈ ਤਾਂ ਉਹ ਆਪਣਾ ਜੱਥਾ ਕੈ ਕੇ ਇੱਕਦਮ ਕੁਤਬਾ ਪਿੰਡ ਪਹੁੰਚੇ।ਉਨ੍ਹਾਂ ਦੇ ਜੱਥੇ ਨੇ ਸਥਾਨਕ ਲੋਕਾਂ ਨੂੰ ਮਾਰ-ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਦੇ ਢੇਰ ਲਗਾ ਦਿੱਤੇ।ਉਨ੍ਹਾਂ ਦੀਆਂ ਹੀ ਲਗਾਈਆਂ ਅੱਗਾਂ ਨਾਲ ਉਨ੍ਹਾਂ ਦੇ ਘਰ ਸਾੜ ਦਿੱਤੇ ਤੇ ਉਨ੍ਹਾਂ ਦੇ ਬਚੇ ਹੋਏ ਬਾਜਰੇ ਤੇ ਮੱਕੀ ਦੇ ਮਿਨਾਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਜਿਸ ਨਾਲ ਸਥਾਨਕ ਲੋਕ ਜਾਨ ਬਚਾਉਣ ਲਈ ਅਫਗਾਨ ਸੈਨਾ ਵੱਲ ਭੱਜ ਗਏ।ਅਫਗਾਨ ਸੈਨਾ ਦਾ ਵੀ ਬੁਰਾ ਹਾਲ ਹੋ ਰਿਹਾ ਸੀ।ਮਾਲੇਰਕੋਟਲੇ ਅਤੇ ਸਰਹਿੰਦ ਦੀਆਂ ਫੌਜਾਂ ਦਾ ਖਾਲਸੇ ਨੇ ਕਚੂਮਰ ਹੀ ਕੱਢ ਦਿੱਤਾ ਸੀ।ਅਬਦਾਲੀ ਦੀਆਂ ਫੌਜਾਂ ਨੇ ਕਈ ਵਾਰ ਸਿੱਖਾਂ ਵੱਲੋਂ ਵਹੀਰ ਦੇ ਦੁਆਲੇ ਕੀਤੀ ਗਈ ਨਾਕਾਬੰਦੀ ਨੂੰ ਤੋੜਿਆ ਤੇ ਗੈਰ-ਲੜਾਕੂ ਸਿੱਖਾਂ ਦਾ ਘਾਣ ਬੱਚਾ ਪੀੜਿਆ।ਪਰ ਹਰ ਵਾਰ ਸਿੱਖਾਂ ਨੇ ਵਹੀਰ ਦੁਆਲੇ ਦੁਬਾਰਾ ਘੇਰਾਬੰਦੀ ਕੀਤੀ ਤੇ ਵਹੀਰ ਨੂੰ ਅੱਗੇ ਨੂੰ ਚਲਦੀ ਰੱਖਿਆ।
                  ਕੁਤਬਾ ਪਿੰਡ ਤੋਂ ਬਾਹਰ ਵਾਰ ਇੱਕ ਬਹੁਤ ਵੱਡੀ ਪਾਣੀ ਦੀ ਢਾਬ ਸੀ।ਦੋਵੇਂ ਦੁਪਹਿਰ ਤੋਂ ਬਾਅਦ ਉੱਥੇ ਪਹੁੰਚ ਚੁੱਕੀਆਂ ਸਨ।ਦੋਹਾਂ ਧਿਰਾਂ ਦੇ ਸੈਨਿਕ ਜੋ ਕਿ ਬਹੁਤ ਥੱਕੇ ਟੁੱਟੇ ਤੇ ਪਿਆਸੇ ਸਨ ਇਸ ਵਿੱਚ ਵੜ ਗਏ।ਇਸ ਢਾਬ ਦੇ ਦੋਵੇਂ ਪਾਸੇ ਦੋਵਾਂ ਧਿਰਾਂ ਦੇ ਸੈਨਿਕਾਂ ਨੇ ਪਾਣੀ ਪੀਤਾ।ਜਿਨ੍ਹਾਂ ਅਫਗਾਨਾਂ ਦੇ ਘੋੜੇ ਢਾਬ ਵਿੱਚ ਵੜ ਗਏ ਸਨ ਉਹ ਅਫਗਾਨ ਧਰਤੀ ਉੱਤੇ ਹੀ ਲੰਮੇ ਪੈ ਗਏ।ਸੰਨ 1970-71 ਤੱਕ ਇਹ ਢਾਬ ਮੂਲ ਰੂਪ ਵਿੱਚ ਮੋਜੂਦ ਸੀ ਤੇ ਇਸ ਦੇ ਇੱਕੋ ਕੰਡੇ ਤੇ ਨਿਸ਼ਾਨ ਸਾਹਿਬ ਝੂਲਦੇ ਸਨ।ਪਰ ਹੁਣ ਇਸ ਢਾਬ ਵਾਲੀ ਥਾਂ ਨੂੰ ਮਿੱਟੀ ਨਾਲ ਭਰ ਕੇ ਇਸ ਨੂੰ ਵਾਹਕ ਜ਼ਮੀਨ ਨਾਲ ਮਿਲਾ ਦਿੱਤਾ ਗਿਆ ਹੈ ਕਿਉਂਕਿ ਇਹ ਢਾਬ ਮੁਰੱਬਾਬੰਦੀ ਸਮੇਂ ਕਿਸਾਨਾਂ ਨੂੰ ਅਲਾਟ ਕਰ ਦਿੱਤੀ ਗਈ ਸੀ।ਕੁੱਝ ਥਾਂ ਮੁੱਲ ਕੇ ਇੱਥੇ  ਇੱਕ ਛੋਟਾ ਜਿਹਾ ਗੁਰਦੁਆਰਾ ਗੁਰਦੁਆਰਾ ਢਾਬ ਸਾਹਿਬ ਉਸਾਰਿਆ ਗਿਆ ਹੈ।ਗਿਆਨ ਸਿੰਘ ਨੇ ਪਾਣੀ ਵਾਲੀ ਢਾਬ ਪਿੰਡ ਹਠੂਰ, ਜਿਲ੍ਹਾ ਲੁਧਿਆਣਾ ਵਿੱਖੇ ਦੱਸੀ ਹੈ। ਪਿੰਡ ਹਠੂਰ ਕੁਤਬਾ-ਬਾਹਮਣੀਆ ਤੋਂ ਅੱਗੇ ਪਰ ਇੱਕ  ਪਾਸੇ ਅੱਠ-ਦਸ ਕਿਲੋਮੀਟਰ ਦੀ ਵਿੱਥ 'ਤੇ ਹੈ।
                    ਜਦੋਂ ਅਫਗਾਨ ਸੈਨਿਕਾਂ ਨੇ ਮਾਲਵੇ ਵੱਲੋਂ ਸਿੱਖਾਂ ਦੇ ਜੱਥੇ ਜੈਕਾਰੇ ਬੁਲਾਉਂਦੇ ਹੋਏ ਤਾਂ ਉਹ ਡਰ ਗਏ ਤੇ ਪਿੱਛੇ ਨੂੰ ਹਟਣੇ ਸ਼ੁਰੂ ਹੋ ਗਏ।ਸਥਾਨਕ ਲੋਕਾਂ ਤੋਂ ਅਫ਼ਗਾਨਾਂ ਨੂੰ ਇਹ ਵੀ ਪਤਾ ਲੱਗ ਚੁੱਕਿਆ ਸੀ ਕਿ ਅੱਗੇ ਸਿੱਖਾਂ ਦੇ ਪਿੰਡ ਹਨ ਤੇ ਪਾਣੀ ਦੀਆਂ ਢਾਬਾਂ ਬਹੁਤ ਦੂਰ-ਦੂਰ ਹਨ।ਇਸ ਸਮੇਂ ਲੜਾਈ ਬੰਦ ਹੋ ਗਈ ਤੇ ਮੁੜ ਕਿਸੇ ਧਿਰ ਵੱਲੋਂ ਸ਼ੁਰੂ ਨਾ ਕੀਤੀ ਗਈ।
           ਮਾਲਵੇ ਵੱਲੋਂ ਆਏ ਜੱਥੇ ਸਿੰਘਾਂ ਦੀ ਵਹੀਰ ਨੂੰ ਆਪਣੇ ਘੇਰੇ ਵਿੱਚ ਲੈ ਕੇ ਅੱਗੇ ਮਾਲਵੇ ਦੇ ਪਿੰਡਾਂ ਵਿੱਚ ਲੈ ਗਏ।ਜਦੋਂ ਤੱਕ ਪਰਵਾਰਾਂ ਦੀ ਵਹੀਰ ਦੂਰ ਤੱਕ ਨਹੀਂ ਨਿਕਲ ਗਈ ਦਲ ਖਾਲਸਾ ਦੁਸ਼ਮਣ ਦੇ ਅੱਗੇ ਹੀ ਡੱਟਿਆ ਰਿਹਾ।ਪਿੰਡ ਗਹਿਲ,ਜ਼ਿਲ੍ਹਾ ਬਰਨਾਲਾ ਜੋ ਕਿ ਮਾਲੇਰਕੋਟਲਾ ਵੱਲੋਂ ਕੁਤਬਾ-ਬਾਹਮਣੀਆ ਤੋਂ ਤਕਰੀਬਨ ਪੰਦਰਾਂ ਕਿਲੋਮੀਟਰ ਅੱਗੇ ਹੈ,ਵਿੱਚ ਵੀ ਦੋਹਾਂ ਫੌਜਾਂ ਦੀ ਲੜਾਈ ਚਾਲੂ ਰਹੀ।ਇਸ ਮਹਾਂ ਯੁੱਧ ਵਿੱਚ ਜੋ ਕਿ ਕਈ ਪਿੰਡਾਂ ਵਿੱਚ ਫੈਲਿਆ ਰਿਹਾ ਕਿਸੇ ਵੀ ਧਿਰ ਨੂੰ ਜੇਤੂ ਨਹੀਂ ਕਿਹਾ ਜਾ ਸਕਦਾ।ਲੜਾਈ ਵਿੱਚ ਅਫ਼ਗਾਨਾਂ ਨੂੰ ਵੀ ਬਹੁਤ ਮਾਰ ਪਈ ਪਰ ਹਮਲਾਵਰ ਹੋਣ ਕਰਕੇ ਉਨ੍ਹਾਂ ਦੇ ਨੁਕਸਾਨ ਨੂੰ ਉਭਾਰਿਆ ਨਹੀਂ ਗਿਆ ਤੇ ਇਸ ਗੱਲ ਦੀ ਸੰਭਾਵਨਾ ਵੀ ਹੈ ਕਿ ਸਿੰਘਾਂ ਨਾਲੋਂ ਜ਼ਿਆਦਾ ਅਫਗਾਨ ਸੈਨਿਕ ਮਾਰੇ ਗਏ ਹੋਣ।
ਮੁਸਲਮਾਨੀ ਅਬਾਦੀ ਹੋਣ ਕਰਕੇ ਕੁੱਪ-ਕਹੀੜੇ ਵਿੱਚ ਅਤੇ ਕੁਤਬਾ-ਬਾਹਮਣੀਆਂ ਵਿੱਚ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਬਹੁਤ ਦੇਰ ਤੱਕ ਕੋਈ ਗੁਰੂਦੁਆਰਾ ਨਹੀਂ ਸੀ ਬਣਾਇਆ ਗਿਆ।ਹੁਣ ਪਿੰਡ ਰਹੀੜਾ ਵਿਖੇ ਵੱਡੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਿੰਘਾਂ,ਸਿੰਘਣੀਆਂ ਤੇ ਭੁਜੰਗੀਆਂ ਦੀ ਪਵਿੱਤਰ ਯਾਦ ਵਿੱਚ ਗੁਰੂਦੁਆਰਾ ਸ਼ਹੀਦ ਗੰਜ ਵੱਡਾ ਘੱਲੂਘਾਰਾ ਸਾਹਿਬ ਸੁਸ਼ੋਬਿਤ ਹੈ।ਇਸ ਤੋਂ ਇਲਾਵਾ ਇਸ ਗੁਰੂਦੁਆਰੇ ਦੇ ਨੇੜੇ ਹੀ ਇਸੇ ਨਾਂ ਦਾ ਇੱਕ ਹੋਰ ਗੁਰੂਦੁਆਰਾ ਸੁਸ਼ੋਬਿਤ ਸੀ ਜਿਸ ਦੀ ਥਾਂ 'ਤੇ ਹੁਣ ਸ਼ਹੀਦਾਂ ਦੀ ਯਾਦਗਾਰ ਉਸਾਰੀ ਗਈ ਹੈ।ਇੱਥੋਂ ਦੇ ਰੇਲਵੇ ਸਟੇਸ਼ਨ ਦਾ ਨਾਂ ਵੀ 'ਘੱਲੂਘਾਰਾ ਰਹੀੜਾ ਰੇਲਵੇ ਸਟੇਸ਼ਨ' ਰੱਖਿਆ ਗਿਆ। ਕੁਤਬਾ ਪਿੰਡ ਵਿਖੇ ਇਸ ਘੱਲੂਘਾਰੇ ਦੇ ਸ਼ਹੀਦਾ ਦੀ ਪਵਿੱਤਰ ਯਾਦ ਵਿੱਚ ਗੁਰੂਦੁਆਰਾ ਅਤਿ ਵੱਡਾ ਘੱਲੂਘਾਰਾ ਸਾਹਿਬ  ਅਤੇ ਗੁਰੂਦੁਆਰਾ ਢਬਿ ਸਾਹਿਬ ਸੁਸ਼ੋਬਿਤ ਹਨ। ਜਦੋਂ ਸਿੱਖ ਮਾਲਵੇ ਦੇ ਪਿੰਡਾਂ ਵਿੱਚ ਪਹੁੰਚੇ ਤਾਂ ਪਿੰਡਾਂ ਦੇ ਪਿੰਡ ਉਨ੍ਹਾਂ ਲਈ ਭਾਂਤ- ਭਾਂਤ ਦੇ ਖਾਣੇ ਤੇ ਦੁੱਧ ਲੈ ਕੇ ਪਹੁੰਚ ਗਏ। ਹਰ ਸਿੱਖ ਪਰਵਾਰ ਅਤੇ ਹਰ ਘੋੜਾ ਜ਼ਖਮੀ ਸੀ।ਤੰਬੂ ਲਾ ਕੇ ਵੈਦਾਂ ਤੇ ਹਕੀਮਾਂ  ਨੂੰ ਬੁਲਾ ਕੇ ਜ਼ਖਮੀ ਸਿੰਘ, ਸਿੰਘਣੀਆਂ ਤੇ ਭੁਜੰਗੀਆਂ ਦੀ ਮਲ੍ਹਮ ਪੱਟੀ ਕੀਤੀ ਗਈ।  ਇਹ ਸਮੁੱਚਾ  ਘੱਲੂਘਾਰਾ 5 ਫਰਵਰੀ, 1762 ਨੂੰ ਅਰਥਾਤ ਇੱਕੋ ਦਿਨ ਲਗਾਤਾਰ 45-50 ਕਿਲੋਮੀਟਰ ਦੇ ਲੰਮੇ ਖੇਤਰ ਵਿੱਚ ਵਾਪਰਿਆ। ਇਸ ਵਿੱਚ ਕੁੱਪ-ਰਹੀੜਾ, ਕੁਤਬਾ-ਬਾਹਮਣੀਆ, ਗਹਿਲ ਅਤੇ ਹਠੂਰ ਪਿੰਡਾਂ ਦੇ ਨਾਮ ਲਏ ਜਾਂਦੇ। ਗਹਿਲ ਨੂੰ ਛੱਡ ਕੇ ਬਾਕੀ ਸਾਰੇ ਪਿੰਡ ਉਸ ਸਮੇਂ ਮੁਸਲਮਾਨੀ ਅਬਾਦੀ ਵਾਲੇ ਸਨ।  ਗਹਿਲ ਪਿੰਡ ਵਿੱਚ ਸੱਤਵੇਂ ਪਾਤਿਸ਼ਾਹ ਦੀ ਯਾਦ ਵਿੱਚ  ਇੱਕ  ਗੁਰਦੁਆਰਾ ਸਾਹਿਬ  ਉਸਾਰਿਆ ਹੈ। ਇਹ ਅਫਗਾਨਾਂ ਵੱਲੋਂ ਇੱਕੋ ਇੱਕ ਦਿਨ ਵਿੱਚ ਕੀਤਾ ਗਿਆ ਬਹੁਤ ਭਿਅੰਕਰ ਕਤਲੇਆਮ ਸੀ ਜਿਸ ਵਿੱਚ ਸਿੱਖਾਂ ਨੂੰ ਕੁਚਲਣ ਦੀ ਕੋਸ਼ਸ ਕੀਤੀ ਗਈ ਸੀ। ਦੂਜੇ ਪਾਸੇ ਜਿਹੜੇ ਕੁਤਬਾ ਅਤੇ ਬਾਹਮਣੀਆ ਪਿੰਡਾਂ ਦੇ ਲੋਕ ਸਿੱਖਾਂ ਨਾਲ ਲੜੇ ਸਨ ਸਿੱਖ ਸੈਨਿਕਾਂ ਵੱਲੋਂ ਉਨ੍ਹਾਂ ਦਾ ਵੀ ਵੱਡੀ ਪੱਧਰ ਤੇ ਕਤਲੇਆਮ ਕੀਤਾ ਗਿਆ ਸੀ। ਇਸ ਘੱਲੂਘਾਰੇ ਵਿੱਚ ਅਫ਼ਗਾਨਾਂ ਦਾ ਵੀ ਬਹੁਤ ਭਾਰੀ ਨੁਕਸਾਨ ਹੋਇਆ। ਇਸ ਨੁਕਸਾਨ ਤੋਂ ਡਰਦੇ ਮਾਰੇ ਹੀ ਅਬਦਾਲੀ ਪਿੱਛੇ ਮੁੜਿਆ ਸੀ। ਅਬਦਾਲੀ ਦਿਲੋਂ ਸ਼ਰਮਿੰਦਾ ਸੀ ਕਿ ਜਨਵਰੀ,1761 ਵਿੱਚ ਉਹ ਲਗਭਗ ਤਿੰਨ ਲੱਖ ਦੀ ਗਿਣਤੀ ਵਿੱਚ ਇਕੱਠੀ ਹੋਈ ਮਰਾਠਾ ਸੈਨਾ ਨੂੰ ਪੂਰੀ ਤਰ੍ਹਾਂ ਕੁਚਲ ਸਕਿਆ ਸੀ ਪਰ ਇਸ ਘੱਲੂਘਾਰੇ ਵਿੱਚ 50-60 ਹਜ਼ਾਰ ਦੀ ਗਿਣਤੀ ਵਾਲੇ ਦਲ ਖਾਲਸਾ ਨੂੰ ਉਹ ਘੇਰ ਕੇ ਨਹੀਂ ਸੀ ਮਾਰ ਸਕਿਆ।ਅਬਦਾਲੀ ਸ਼ਾਮ ਹੋਣ 'ਤੇ ਕੁਤਬਾ-ਬਾਹਮਣੀਆਂ ਪਿੰਡਾਂ ਵਿੱਚ ਲੜਨੋ ਹਟ ਗਿਆ ਸੀ।ਲੜਨ ਤੋਂ ਹਟਣ ਦੀ ਪਹਿਲ ਅਬਦਾਲੀ ਨੇ ਕੀਤੀ ਸੀ। ਘੱਲੂਘਾਰੇ ਵਿੱਚ ਅਬਦਾਲੀ ਸਿੱਖਾਂ ਨੂੰ ਕੁਚਲਣ ਵਿੱਚ ਅਸਫਲ ਰਿਹਾ। ਦੋ ਕੁ ਮਹੀਨਿਆਂ ਤੋਂ ਪਿੱਛੋਂ 1762 ਈ. ਦੀ ਵਿਸਾਖੀ ਦੇ ਮੌਕੇ 'ਤੇ ਜਦੋਂ ਥੱਕਿਆ ਟੁੱਟਿਆ ਖਤਲਸਾ ਮੁੜ ਤੋਂ ਤਿਆਰ-ਬਰ-ਤਿਆਰ ਹੋਇਆ ਤਾਂ ਉਸ ਨੇ ਸਭ ਤੋਂ ਪਹਿਲਾਂ ਕੁੱਪ-ਰਹੀੜਾ ਅਤੇ ਕੁੱਪ-ਬਾਹਮਣੀਆਂ ਪਿੰਡਾਂ ਨੂੰ ਉਜਾੜਨ ਦਾ ਕੰਮ ਕੀਤਾ।ਰਹੀੜੇ ਦਾ ਥੇਹ ਜੋ ਕਿ ਗੁਰੂਦੁਆਰੇ ਕੋਲ ਹੀ ਹੈ ਇਸ ਉਜਾੜੇ ਦੀ ਗਵਾਹੀ ਪੇਸ਼ ਕਰਦਾ ਹੈ।ਇਸ ਸਮੇਂ ਇਸ ਥੇਹ ਦੇ ਉੱਪਰ 125 ਫੁੱਟ ਉੱਚਾ ਨਿਸ਼ਾਨ ਸਾਹਿਬ ਝੂਲ ਰਿਹਾ ਹੈ। ਇਸ ਘੱਲੂਘਾਰੇ ਵਿੱਚ ਸ਼ਹੀਦ ਹੋਏ  50-60 ਹਜ਼ਾਰ ਸਿੱਖਾਂ ਦੇ ਸਿਰਾਂ ਨਾਲ ਭਰੇ ਹੋਏ ਗੱਡੇ ਅਬਦਾਲੀ ਨੇ ਲਾਹੌਰ ਨੂੰ ਤੋਰ ਦਿੱਤੇ।ਇਸ ਤੋਂ ਇਲਾਵਾ ਉਹ ਸਰਹਿੰਦ ਤੋਂ ਲਾਹੌਰ ਵੱਲ ਜਾਂਦਾ ਹੋਇਆ ਸਾਰੇ ਪਿੰਡਾਂ ਵਿੱਚ ਵੜ ਕੇ ਸਾਰੇ ਸਿੱਖਾਂ ਨੂੰ ਕੈਦੀ ਬਣਾ ਕੇ ਵੀ ਆਪਣੇ ਨਾਲ ਲੈ ਗਿਆ।ਉਹ 3 ਮਾਰਚ,1762 ਨੂੰ ਲਾਹੌਰ ਪਹੁੰਚਿਆ।ਲਾਹੌਰ ਜਾ ਕੇ ਕਤਲ ਹੋਏ ਸਿੱਖਾਂ ਦੇ ਸਿਰਾਂ ਦੇ ਮਿਨਾਰ ਉਸਾਰੇ ਗਏ ਅਤੇ ਕਿਹਾ ਜਾਂਦਾ ਹੈ ਕਿ ਅਬਦਾਲੀ ਦੁਆਰਾ ਉਨ੍ਹਾਂ ਮਸਜਿਦਾਂ ਦੀਆਂ ਦਿਵਾਰਾਂ ਨੂੰ ਜਿਨ੍ਹਾਂ ਨੂੰ ਸਿੱਖਾਂ ਨੇਅਬਦਾਲੀ ਅਪਵਿੱਤਰ ਕੀਤਾ ਸੀ ਸਿੱਖਾਂ ਦੇ ਖੁਨ ਨਾਲ ਧੋਤਾ ਗਿਆ।ਅਬਦਾਲੀ ਨੇ ਸਿੱਖਾਂ ਤੇ ਜੋ ਤਸ਼ੱਦਦ ਢਾਹੇ ਉਹ ਬਿਆਨ ਤੋਂ ਬਾਹਰ ਹਨ। ਲਾਹੌਰ ਪਹੁੰਚ ਕੇ ਅਬਦਾਲੀ ਨੇ ਸਿੱਖਾਂ ਦਾ ਸਰਵਨਾਸ਼ ਕਰਨ ਦੀ ਯੋਜਨਾ ਬਣਾਈ।ਪੰਜਾਬ ਅਤੇ ਉੱਤਰੀ ਭਾਰਤ ਵਿੱਚ ਸਿੱਖਾਂ ਦੀ ਸ਼ਕਤੀ ਨੂੰ ਖਤਮ ਕਰਨ ਸੰਬੰਧੀ ਉਸ ਨੂੰ ਇਹ ਜਾਣਕਾਰੀ ਪਰਾਪਤ ਹੋਈ ਕਿ ਸਿੱਖ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਕੇ ਨਿਡਰ ਹੋ ਜਾਂਦੇ ਹਨ ਤੇ ਲੜਾਈਆਂ ਵਿੱਚ ਜਿੱਤ ਜਾਂਦੇ ਹਨ।ਉਹ ਫਰਵਰੀ 1762 ਦੇ ਆਖਰੀ ਹਫਤੇ ਵਿੱਚ ਅੰਮ੍ਰਿਤਸਰ ਪਹੁੰਚਿਆ।ਸਿੱਖਾਂ ਨੂੰ ਹੋਰ ਤੰਗ ਕਰਨ ਲਈ ਉਸ ਨੇ 10 ਅਪ੍ਰੈਲ,1762 ਨੂੰ ਵਿਸਾਖੀ ਦੇ ਤਿਉਹਾਰ ਸਮੇਂ ਸਿੱਖਾਂ ਉੱਤੇ ਹਮਲਾ ਕੀਤਾ।ਸ੍ਰੀ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉਡਵਾ ਦਿੱਤਾ ਤੇ ਪਵਿੱਤਰ ਸਰੋਵਰ ਨੂੰ ਗਊਆਂ ਦੇ ਖੁਨ ਨਾਲ ਅਪਵਿੱਤਰ ਕਰ ਕੇ ਇਸ ਵਿੱਚ ਕੂੜਾ ਕਰਕਟ ਅਤੇ ਮਲਵਾ ਭਰਵਾ ਦਿੱਤਾ।ਜੋ ਯਾਤਰੀਆਂ ਲਈ ਬੁੰਗੇ ਬਣੇ ਹੋਏ ਸਨ ਉਹ ਵੀ ਤਬਾਹ ਕਰਵਾ ਦਿੱਤੇ।ਜਿੰਨੇ ਸੇਵਾਦਾਰ ਖੜ੍ਹੇ ਸਨ,ਉਨ੍ਹਾਂ ਸਭ ਨੂੰ ਕਤਲ ਕਰਵਾ ਦਿੱਤਾ।ਇਤਿਹਾਸਕਾਰਾਂ ਅਨੁਸਾਰ ਜਦੋਂ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉਡਾਇਆ ਜਾ ਰਿਹਾ ਤਾਂ ਇੱਕ ਉੜਦਾ ਹੋਇਆ ਰੋੜਾ ਅਬਦਾਲੀ ਦੇ ਨੱਕ ਤੇ ਵੱਜਿਆ ਅਤੇ ਉੱਥੇ ਅਜਿਹਾ ਜ਼ਖਮ ਹੋ ਗਿਆ ਜੋ ਕਦੇ ਠੀਕ ਨਾ ਹੋਇਆ।ਜਿਸ ਦਾ ਦੋ ਸਾਲ ਦੁੱਖ ਸਹਾਰਨ ਤੋਂ ਬਾਅਦ ਉਹ ਮਰ ਗਿਆ। ਜਦੋਂ 17 ਅਕਤੂਬਰ,1762 ਨੂੰ ਵੱਡੇ ਘੱਲੂਘਾਰੇ ਵਿੱਚ ਹੋਏ ਨੁਕਸਾਨ ਅਤੇ ਪਵਿੱਤਰ ਅਸਥਾਨ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਲਈ 60,000 ਖਾਲਸਾ ਅੰਮ੍ਰਿਤਸਰ ਦੀ ਖੰਡਰ ਹੋਈ ਧਰਤੀ 'ਤੇ ਦੀਵਾਲੀ ਦੇ ਸਮਾਗਮ ਲਈ ਇਕੱਠਾ ਹੋਇਆ ਤਾਂ ਅਬਦਾਲੀ ਵੀ ਆਪਣੀ ਸੈਨਾ ਲੈ ਕੇ ਪਹੁੰਚ ਗਿਆ।ਸਵੇਰ ਤੋਂ ਰਾਤ ਪੈਣ ਤੱਕ ਲੜਾਈ ਚੱਲਦੀ
 ਕਿ ਰਾਤ ਦੇ ਹਨੇਰੇ ਦੀ ਆੜ ਲੈ ਕੇ ਅੰਤ ਵਿੱਚ ਅਬਦਾਲੀ ਆਪਣੀਆਂ ਫੌਜਾਂ ਲੈ ਕੇ ਵਾਪਸ ਲਾਹੌਰ ਭੱਜ ਜਾਣ ਲਈ ਮਜਬੂਰ ਹੋ ਗਿਆ।ਅਗਲੇ ਦਿਨ ਅਬਦਾਲੀ ਦਾ ਇੱਕ ਵੀ ਸੇਨਿਕ ਲੜਾਈ ਵਾਲੀ ਥਾਂ 'ਤੇ ਨਾ ਪਹੁੰਚਿਆ।ਇਸ ਪਰਕਾਰ ਨਾਲ ਸਿੰਘਾਂ ਨੇ ਉਸ ਤੋਂ ਵੱਡੇ ਘੱਲੂਘਾਰੇ ਦਾ ਬਦਲਾ ਲੈ ਲਿਆ ਸੀ।
             12 ਦਸੰਬਰ,1762 ਨੂੰ ਅਬਦਾਲੀ ਨੇ ਲਾਹੌਰ ਤੋਂ ਕਾਬਲ ਜਾਣ ਤੋਂ ਪਹਿਲਾਂ ਦੀਵਾਨ ਕਾਬੁਲੀਮੱਲ ਨੂੰ ਧੱਕੇ ਨਾਲ ਲਾਹੌਰ ਦੀ ਸੂਬੇਦਾਰੀ ਸੌਂਪ ਦਿੱਤੀ।ਅਬਦਾਲੀ ਦੇ ਜਾਣ ਤੋਂ ਇੱਕਦਮ ਬਾਅਦ ਕਾਬੁਲੀਮੱਲ ਨੇ ਸਿੱਖਾਂ ਨੂੰ ਸੁਨੇਹੇ ਭੇਜ ਦਿੱਤੇ ਕਿ ਉਹ ਆ ਕੇ ਲਾਹੌਰ ਦਾ ਪਰਬੰਧ ਆਪਣੇ ਹੱਥਾਂ ਵਿੱਚ ਲੈ ਲੈਣ।ਕਾਬੁਲੀਮੱਲ ਦੇ ਸਮੇਂ ਸਿੰਘ ਬਹੁਤ ਸਾਰੇ ਪਠਾਣਾਂ ਨੂੰ ਕੈਦ ਕਰ ਕੇ ਅੰਮ੍ਰਿਤਸਰ ਲੈ ਆਏ ਤੇ ਉਨ੍ਹਾਂ ਤੋਂ ਅੰਮ੍ਰਿਤਸਰ ਦੇ ਪਵਿੱਤਰ ਅਸਥਾਨ ਦੀ ਕਾਰ ਸੇਵਾ ਕਰਵਾਈ।ਇਸ ਪਰਕਾਰ 1763 ਈ.ਦੀ ਵਿਸਾਖੀ ਤੱਕ ਅੰਮ੍ਰਿਤਸਰ ਮੁੜ ਤੋਂ ਸਾਫ ਸੁਥਰਾ ਕਰ ਲਿਆ ਗਿਆ।
             ਮੁਤੱਸਵੀ ਅਬਦਾਲੀ ਨੇ ਜੋ ਸਿੱਖਾਂ ਨਾਲ ਪਾਪ ਕਮਾਏ ਉਨ੍ਹਾਂ ਨੂੰ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ।ਵੱਡਾ ਘੱਲੂਘਾਰਾ ਸਿੱਖ ਕੌਮ ਦੇ ਸੀਨੇ 'ਤੇ ਇੱਕ ਵੱਡਾ ਜ਼ਖ਼ਮ ਹੈ।ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਵੱਡੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਿੰਘਾਂ,ਸਿੰਘਣੀਆਂ ਤੇ ਭੁਜੰਗੀਆਂ ਦੀ ਕੁਰਬਾਨੀ ਨੂੰ ਯਾਦ ਰੱਖੇਗੀ ਤੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਟ ਭੇਟ ਕਰਦੀ ਰਹੇਗੀ।
ਗੁਰਭਿੰਦਰ ਸਿੰਘ ਗੁਰੀ
99157-27311