ਪੰਜਾਬ ਦੀਆਂ ਚੋਣਾਂ ਵਿੱਚ ਇੱਕ ਸਾਲ ਰਹਿੰਦਿਆਂ ਇਹ ਝਲਕ ਮਿਲਦੀ ਹੈ ਰਾਜਨੀਤੀ ਦੀ - ਜਤਿੰਦਰ ਪਨੂੰ
ਭਾਰਤ ਦੇ ਪੰਜਾਂ ਰਾਜਾਂ ਵਿੱਚ ਇਸ ਵਕਤ ਵਿਧਾਨ ਸਭਾ ਚੋਣਾਂ ਦਾ ਅਮਲ ਚੱਲ ਰਿਹਾ ਹੈ। ਸਾਡੀ ਸੂਚਨਾ ਮੁਤਾਬਕ ਇਸ ਸਾਲ ਹੋਰ ਕਿਸੇ ਰਾਜ ਦੀ ਵਿਧਾਨ ਸਭਾ ਲਈ ਚੋਣ ਹੋਣ ਦੀ ਕੋਈ ਸੰਭਾਵਨਾ ਨਹੀਂ। ਜੇ ਕਿਸੇ ਰਾਜ ਵਿਚਲੀ ਸਰਕਾਰ ਆਪਣੇ ਮੱਤਭੇਦਾਂ ਜਾਂ ਦਲ-ਬਦਲੀਆਂ ਨਾਲ ਟੁੱਟਣ ਦੀ ਨੌਬਤ ਆ ਗਈ ਤਾਂ ਕੋਈ ਚੋਣ ਹੋ ਵੀ ਸਕਦੀ ਹੈ, ਵਰਨਾ ਅਗਲੇ ਸਾਲ ਤੱਕ ਕੋਈ ਚੋਣ ਨਹੀਂ ਹੋਣੀ ਅਤੇ ਅਗਲੇ ਸਾਲ ਜਿਨ੍ਹਾਂ ਰਾਜਾਂ ਵਿੱਚ ਸਭ ਤੋਂ ਪਹਿਲਾਂ ਚੋਣਾਂ ਹੋਣੀਆਂ ਹਨ, ਪੰਜਾਬ ਦਾ ਨਾਂਅ ਵੀ ਉਨ੍ਹਾਂ ਵਿੱਚ ਸ਼ਾਮਲ ਹੈ, ਉੱਤਰ ਪ੍ਰਦੇਸ਼ ਤੇ ਉੱਤਰਾ ਖੰਡ ਜਾਂ ਮਨੀਪੁਰ ਤੇ ਗੋਆ ਦਾ ਵੀ। ਇਸ ਵੇਲੇ ਦੀਆਂ ਚੋਣਾਂ ਵਾਲੇ ਪੰਜ ਰਾਜਾਂ ਵਿੱਚੋਂ ਕੇਰਲਾ, ਤਾਮਿਲ ਨਾਡੂ, ਆਸਾਮ ਅਤੇ ਪੁੱਡੂਚੇਰੀ ਦੇ ਨਤੀਜਿਆਂ ਦਾ ਅਗਾਊਂ ਅੰਦਾਜ਼ਾ ਲੱਗ ਸਕਦਾ ਹੈ, ਪਰ ਪੱਛਮੀ ਬੰਗਾਲ ਬਾਰੇ ਅੰਦਾਜ਼ਾ ਲਾਉਣਾ ਔਖਾ ਹੈ। ਆਪਣੀਆਂ ਖਾਹਿਸ਼ਾਂ ਦੇ ਮੁਤਾਬਕ ਨਤੀਜੇ ਦਾ ਅੰਦਾਜ਼ਾ ਲਾਉਣ ਵਾਲੇ ਜੋ ਮਰਜ਼ੀ ਆਖੀ ਜਾਣ, ਊਠ ਓਥੇ ਕਿਸੇ ਪਾਸੇ ਵੀ ਬੈਠ ਸਕਦਾ ਹੈ ਅਤੇ ਉਸ ਦੇ ਨਤੀਜੇ ਦੀ ਚਰਚਾ ਅਗਲੇ ਸਾਲ ਦੇ ਚੋਣ ਘੋਲ ਵਿੱਚ ਦਾਅ ਉੱਤੇ ਲੱਗਣ ਵਾਲੇ ਪਹਿਲੇ ਪੰਜਾਂ ਰਾਜਾਂ ਵਿੱਚ ਜ਼ੋਰ ਨਾਲ ਹੋਣੀ ਹੈ। ਬਾਕੀਆਂ ਰਾਜਾਂ ਦਾ ਪਤਾ ਨਹੀਂ, ਪੰਜਾਬ ਉੱਤੇ ਪੱਛਮੀ ਬੰਗਾਲ ਜਾਂ ਦੂਸਰੇ ਚਹੁੰ ਰਾਜਾਂ ਦੀਆਂ ਚੋਣਾਂ ਨਾਲ ਕੋਈ ਖਾਸ ਅਸਰ ਨਹੀਂ ਪਵੇਗਾ। ਏਥੇ ਪੰਜਾਬ ਦਾ ਆਪਣਾ ਚੋਣ-ਦ੍ਰਿਸ਼ ਹੈ ਅਤੇ ਇਸ ਦੀਆਂ ਦੂਸਰੇ ਰਾਜਾਂ ਤੋਂ ਵੱਖਰੀਆਂ ਆਪਣੀਆਂ ਚੋਣ ਸੰਭਾਵਨਾਵਾਂ ਹਨ, ਜਿਹੜੀਆਂ ਵੱਲ ਏਥੋਂ ਦੇ ਆਮ ਲੋਕਾਂ ਨੇ ਵੀ ਵੇਖਣਾ ਹੈ ਤੇ ਏਥੋਂ ਦੀਆਂ ਰਾਜਸੀ ਪਾਰਟੀਆਂ ਨੂੰ ਵੀ ਸੋਚਣਾ ਪੈਣਾ ਹੈ।
ਪਹਿਲੀ ਗੱਲ ਇਹ ਮੰਨਣੀ ਬਣਦੀ ਹੈ ਕਿ ਕਿਸਾਨੀ ਮੁੱਦੇ ਦੀ ਮਾਰ ਕਾਰਨ ਉਹ ਪਾਰਟੀ ਪੰਜਾਬ ਵਿੱਚ ਬਹੁਤਾ ਕੁਝ ਕਰਨ ਜੋਗੀ ਨਹੀਂ ਰਹਿ ਗਈ, ਜਿਹੜੀ ਬਾਕੀ ਭਾਰਤ ਵਿੱਚ ਹੁੜਦੰਗ ਮਚਾਉਂਦੀ ਫਿਰਦੀ ਤੇ ਪੰਜਾਬ ਦੀਆ ਸਭਨਾਂ ਇੱਕ ਸੌ ਸਤਾਰਾਂ ਸੀਟਾਂ ਤੋਂ ਉਮੀਦਵਾਰ ਖੜੇ ਕਰਨ ਦੇ ਦਮਗਜ਼ੇ ਮਾਰ ਰਹੀ ਹੈ। ਇਸ ਪਾਰਟੀ ਦੇ ਲੀਡਰ ਇਸ ਵਕਤ ਕਿਸੇ ਦੇ ਵਿਆਹ-ਸ਼ਾਦੀ ਜਾਂ ਮਰਗ ਦੇ ਭੋਗ ਮੌਕੇ ਜਾਣ ਜੋਗੇ ਵੀ ਨਹੀਂ ਰਹੇ ਤੇ ਕੱਲ੍ਹ ਨੂੰ ਕੋਈ ਮੋੜਾ ਵੀ ਪੈ ਜਾਵੇ ਤਾਂ ਦੂਸਰੀ ਕਿਸੇ ਹੋਰ ਪਾਰਟੀ ਨੇ ਇਹੋ ਜਿਹੇ ਹਾਲਾਤ ਵਿੱਚ ਇਸ ਨਾਲ ਸਾਂਝ ਪਾਉਣ ਦਾ ਹੌਸਲਾ ਨਹੀਂ ਕਰਨਾ। ਇਹ ਪਾਰਟੀ ਅਗਲੀ ਚੋਣ ਵਿੱਚ ਉਸ ਆਗੂ ਉੱਤੇ ਵੱਡੀ ਟੇਕ ਰੱਖੀ ਫਿਰਦੀ ਹੈ, ਜਿਸ ਨੂੰ ਕੁਝ ਮਹੀਨੇ ਪਹਿਲਾਂ ਉਸ ਨੇ ਕੇਂਦਰ ਦਾ ਵੱਡਾ ਅਹੁਦਾ ਦੇ ਕੇ ਸਮਝ ਲਿਆ ਹੈ ਕਿ ਉਹ ਪਾਰਟੀ ਦੇ ਪੱਖ ਵਿੱਚ ਹਨੇਰੀ ਵਗਾ ਦੇਵੇਗਾ। ਰਿਕਾਰਡ ਦੱਸਦਾ ਹੈ ਕਿ ਜਦੋਂ ਇਸੇ ਲੀਡਰ ਨੂੰ ਲਕਸ਼ਮੀ ਕਾਂਤਾ ਚਾਵਲਾ ਦਾ ਤਿੰਨ ਵਾਰੀਆਂ ਦਾ ਜਿੱਤਿਆ ਹਲਕਾ ਖੋਹ ਕੇ ਟਿਕਟ ਦਿੱਤੀ ਤਾਂ ਪਹਿਲੀ ਵਾਰੀ ਤੇਰਾਂ ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰਿਆ ਸੀ ਤੇ ਦੂਸਰੀ ਵਾਰੀ ਹਾਰ ਦਾ ਫਰਕ ਇੱਕੀ ਹਜ਼ਾਰ ਤੋਂ ਵਧ ਗਿਆ ਸੀ। ਬਾਕੀ ਹਲਕਿਆਂ ਵਿੱਚ ਵੀ ਹਾਲਤ ਇਸ ਪਾਰਟੀ ਦੀ ਸੁਧਰੀ ਨਹੀਂ ਤੇ ਚੋਣ ਲੜਨ ਦੇ ਚਾਹਵਾਨ ਕੰਨੀ ਕਤਰਾਉਂਦੇ ਫਿਰਦੇ ਹਨ।
ਹਾਲਾਤ ਦੱਸਦੇ ਹਨ ਕਿ ਅਗਲੇ ਸਾਲ ਦੀਆਂ ਚੋਣਾਂ ਵਿੱਚ ਮੁਕਾਬਲਾ ਤਿੰਨ-ਧਿਰਾ ਰਹਿਣ ਦੀ ਸੰਭਾਵਨਾ ਹੈ ਤੇ ਸਭ ਨੂੰ ਪਤਾ ਹੈ ਕਿ ਇਹ ਤਿੰਨ ਧਿਰਾਂ ਰਾਜ ਕਰਦੀ ਕਾਂਗਰਸ ਪਾਰਟੀ, ਅੱਜ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਤੇ ਕਈ ਵਾਰ ਰਾਜ ਕਰ ਚੁੱਕਾ ਸ਼੍ਰੋਮਣੀ ਅਕਾਲੀ ਦਲ ਹੀ ਹਨ। ਅਕਾਲੀਆਂ ਨੂੰ ਵਹਿਮ ਹੈ ਕਿ ਲੋਕ ਜਦੋਂ ਕਾਂਗਰਸ ਤੋਂ ਨਾਰਾਜ਼ ਹੋ ਕੇ ਪਾਸਾ ਵੱਟਣਗੇ ਤਾਂ ਸਾਡੇ ਬਿਨਾਂ ਕਿਸੇ ਹੋਰ ਪਾਸੇ ਵੱਲ ਜਾਣ ਜੋਗੇ ਨਹੀਂ ਰਹਿਣੇ ਅਤੇ ਏਸੇ ਲਈ ਇੱਕ ਵਾਰ ਫਿਰ ਰਾਜ-ਸੱਤਾ ਵਾਲਾ ਬਟੇਰਾ ਆਪਣੇ ਆਪ ਸਾਡੇ ਪੈਰ ਥੱਲੇ ਆ ਜਾਣਾ ਹੈ। ਕਾਂਗਰਸ ਵਾਲੇ ਵੀ ਏਸੇ ਵਹਿਮ ਦਾ ਸ਼ਿਕਾਰ ਹਨ ਕਿ ਵਿਰੋਧੀ ਧਿਰਾਂ ਵਿੱਚੋਂ ਕੋਈ ਉੱਠ ਨਹੀਂ ਰਹੀ ਤੇ ਸਾਨੂੰ ਦੋਬਾਰਾ ਚੁਣਨਾ ਲੋਕਾਂ ਦੀ ਮਜਬੂਰੀ ਬਣ ਜਾਣਾ ਹੈ। ਇਹੋ ਜਿਹਾ ਵਹਿਮ ਜਿਸ ਨੂੰ ਵੀ ਪੈ ਜਾਵੇ, ਉਹ ਮਾਰਿਆ ਜਾਂਦਾ ਹੁੰਦਾ ਹੈ। ਅਕਾਲੀ ਆਗੂਆਂ ਨੂੰ ਇਹ ਸਮਝ ਨਹੀਂ ਆਈ ਕਿ ਅਗਲੇ ਦਿਨਾਂ ਵਿੱਚ ਬਰਗਾੜੀ ਦੇ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਦੇ ਗੋਲੀ ਕਾਂਡ ਦੀ ਸੁਣਵਾਈ ਜਦੋਂ ਹੋਣੀ ਹੈ ਤਾਂ ਇਹ ਹਾਲਾਤ ਵੀ ਬਣ ਸਕਦੇ ਹਨ ਕਿ ਉਨ੍ਹਾਂ ਲਈ ਪਿੰਡਾਂ ਵਿੱਚ ਜਾਣਾ ਔਖਾ ਹੋ ਜਾਵੇ। ਇਹੋ ਨਹੀਂ, ਕਿਸਾਨੀ ਵਿਰੁੱਧ ਨਰਿੰਦਰ ਮੋਦੀ ਸਰਕਾਰ ਦੇ ਬਿੱਲਾਂ ਦੀ ਪਹਿਲਾਂ ਹਮਾਇਤ ਕਰਨ ਦੇ ਬਾਅਦ ਉਹ ਭਾਵੇਂ ਕਿਸਾਨਾਂ ਦਾ ਸਮੱਰਥਨ ਵੀ ਕਰਨ ਲੱਗ ਪਏ, ਪਰ ਉਸ ਪਹਿਲੀ ਗਲਤੀ ਦਾ ਮਾੜਾ ਪ੍ਰਭਾਵ ਅਜੇ ਵੀ ਇਸ ਪਾਰਟੀ ਦਾ ਰਾਹ ਰੋਕਣ ਵਾਲਾ ਬਣਦਾ ਜਾਪਦਾ ਹੈ। ਅਕਾਲੀ ਦਲ ਦਾ ਪ੍ਰਧਾਨ ਅਤੇ ਉਸ ਦੇ ਨਾਲ ਜੁੜੀ ਹੋਈ ਟੀਮ ਦੇ ਲੋਕ ਜਿਵੇਂ ਲਗਾਤਾਰ ਗਲਤੀਆਂ ਕਰਨ ਲੱਗੇ ਰਹਿੰਦੇ ਹਨ, ਉਨ੍ਹਾਂ ਗਲਤੀਆਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੋਣ ਸਣੇ ਕਈ ਹੋਰ ਮੁੱਦੇ ਮਿਲ ਕੇ ਅਗਲੇ ਸਾਲ ਦੀਆਂ ਚੋਣਾਂ ਵਿੱਚ ਉਨ੍ਹਾਂ ਲਈ ਪਿੰਡ-ਪਿੰਡ ਸਵਾਲਾਂ ਦੀ ਵਾਛੜ ਦਾ ਕਾਰਨ ਬਣ ਸਕਦੇ ਹਨ।
ਆਮ ਆਦਮੀ ਪਾਰਟੀ ਨੇ ਪਿਛਲੀ ਵਾਰੀ ਆਪਣੀ ਮੁਹਿੰਮ ਬਹੁਤ ਜ਼ਿਆਦਾ ਚੜ੍ਹਾ ਦਿੱਤੀ ਸੀ, ਪਰ ਆਖਰੀ ਵਕਤ ਕੁਝ ਗਲਤੀਆਂ ਕਰ ਕੇ ਆਪ ਹੀ ਨੁਕਸਾਨ ਕਰ ਲਿਆ ਸੀ। ਉਨ੍ਹਾਂ ਦੇ ਇੱਕ ਕੇਂਦਰੀ ਲੀਡਰ ਦਾ ਇਹ ਕਹਿਣਾ ਠੀਕ ਹੈ ਕਿ ਇਸ ਪਾਰਟੀ ਦੇ ਚਾਰ ਸਾਲ ਪਹਿਲਾਂ ਦੇ ਉਸ ਤਜਰਬੇ ਬਾਰੇ ਇੱਕ ਕਿਤਾਬ 'ਜਿੱਤੀ ਬਾਜ਼ੀ ਹਾਰਨ ਦੇ ਨੁਸਖੇ' ਲਿਖੀ ਜਾਵੇ ਤਾਂ ਉਸ ਦੇ ਲਈ ਮਸਾਲਾ ਬਹੁਤ ਸਾਰਾ ਤਿਆਰ ਮਿਲਦਾ ਹੈ। ਲੱਗਦਾ ਹੈ ਕਿ ਇਹ ਪਾਰਟੀ ਇਸ ਵਾਰੀ ਕਾਫੀ ਸੋਚ-ਸੋਚ ਕੇ ਕਦਮ ਪੁੱਟ ਰਹੀ ਹੈ ਅਤੇ ਆਪਣੀ ਅੰਦਰੂਨੀ ਹਾਲਾਤ ਨੂੰ ਸੁਧਾਰਨ ਵਾਸਤੇ ਵੀ ਖੁਦ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧਿਆਨ ਲੱਗਾ ਪਿਆ ਹੈ। ਮਾੜੀ ਗੱਲ ਫਿਰ ਇਹੀ ਹੈ ਕਿ ਪੰਜਾਬ ਵਿੱਚ ਪਾਰਟੀ ਦੇ ਲੀਡਰਾਂ ਨੂੰ ਅਜੇ ਵੀ ਉਹ ਵਜ਼ਨ ਨਹੀਂ ਦਿੱਤਾ ਜਾ ਰਿਹਾ, ਜਿਹੜਾ ਨਾ ਦੇਣ ਕਾਰਨ ਪਿਛਲੇ ਸਮੇਂ ਵਿੱਚ ਨੁਕਸਾਨ ਹੋਇਆ ਸੀ। ਉਂਜ ਇਸ ਵਾਰੀ ਇਸ ਪਾਰਟੀ ਨੇ ਚੋਣ ਸਰਗਰਮੀ ਚੋਖਾ ਅਗੇਤੀ ਸ਼ੁਰੂ ਕੀਤੀ ਹੈ। ਕੇਜਰੀਵਾਲ ਵੱਲੋਂ ਇਸ ਹਫਤੇ ਬਾਘਾ ਪੁਰਾਣਾ ਰੈਲੀ ਲਈ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਉੱਤਰਨ ਅਤੇ ਲੋਕਾਂ ਵਿੱਚ ਆਧਾਰ ਰੱਖਦੀ, ਪਰ ਲਾਂਭੇ ਕੀਤੀ ਹੋਈ ਭਾਜਪਾ ਦੀ ਆਗੂ ਲਕਸ਼ਮੀ ਕਾਂਤਾ ਚਾਵਲਾ ਨਾਲ ਮੀਟਿੰਗ ਕਰਨ ਨੇ ਭਾਜਪਾ ਦੇ ਨਾਲ ਕਾਂਗਰਸ ਤੇ ਅਕਾਲੀ ਦਲ ਦੇ ਆਗੂਆਂ ਨੂੰ ਵੀ ਸੋਚੀਂ ਪਾ ਦਿੱਤਾ ਹੈ। ਇਸ ਪਾਰਟੀ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਬਾਰੇ ਭਾਵੇਂ ਚਰਚੇ ਹਨ ਕਿ ਉਹ ਫਿਰ ਕਾਂਗਰਸ ਵਿੱਚ ਜਾ ਸਕਦਾ ਹੈ ਤੇ ਇੱਕ-ਦੋ ਜਣੇ ਹੋਰ ਵੀ ਜਾ ਸਕਦੇ ਹਨ, ਪਰ ਕਾਂਗਰਸ ਅਤੇ ਅਕਾਲੀ ਦਲ ਵਿੱਚੋਂ ਮੁਕਾਬਲਤਨ ਚੰਗੇ ਅਕਸ ਵਾਲੇ ਕੁਝ ਲੋਕ ਇਸ ਪਾਰਟੀ ਵੱਲ ਆਉਣ ਲਈ ਚੋਖਾ ਯਤਨ ਕਰਦੇ ਪਏ ਹਨ। ਪਿਛਲੇ ਦਿਨੀਂ ਏਦਾਂ ਦੇ ਇੱਕ-ਦੋ ਜਣੇ ਆਪੋ-ਆਪਣੀ ਪੰਜਾਬ ਦੀ ਲੀਡਰਸ਼ਿਪ ਤੋਂ ਓਹਲਾ ਰੱਖ ਕੇ ਦਿੱਲੀ ਵਿੱਚ ਕਈ ਦਿਨ ਇੱਕ ਹੋਟਲ ਵਿੱਚ ਡੇਰੇ ਲਾ ਕੇ ਬੈਠੇ ਇਹੋ ਯਤਨ ਕਰਦੇ ਰਹੇ ਸਨ, ਪਰ ਆਮ ਆਦਮੀ ਪਾਰਟੀ ਇਹ ਸੋਚਦੀ ਰਹੀ ਸੀ ਕਿ ਇਹ ਸਾਡੇ ਵੱਲ ਆਏ ਦੇ ਬਜਾਏ ਕਿਸੇ ਵੱਲੋਂ ਸਾਡੀ ਸੂਹ ਲੈਣ ਲਈ ਭੇਜੇ ਵੀ ਹੋ ਸਕਦੇ ਹਨ।
ਰਹਿ ਗਈ ਕਹਾਣੀ ਕਾਂਗਰਸ ਪਾਰਟੀ ਦੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਰਣਨੀਤੀ ਦਾ ਮਾਹਰ ਗਿਣਿਆ ਜਾਂਦਾ ਪ੍ਰਸ਼ਾਂਤ ਕਿਸ਼ੋਰ ਭਾਵੇਂ ਅਗੇਤਾ ਸੱਦ ਲਿਆ ਹੈ, ਉਸ ਦੀ ਮੁੱਢਲੀ ਸਰਗਰਮੀ ਇਸ ਪਾਰਟੀ ਦੇ ਆਗੂਆਂ ਦਾ ਹੌਸਲਾ ਵਧਾਉਣ ਵਾਲੀ ਵੀ ਨਹੀਂ ਤੇ ਪਾਰਟੀ ਆਗੂਆਂ ਨੂੰ ਪਸੰਦ ਆਉਣ ਵਾਲੀ ਵੀ ਨਹੀਂ। ਉਹ ਆਪਣੇ ਆਪ ਵਿੱਚ ਇੱਕ ਬੌਸ ਵਾਂਗ ਵਿਹਾਰ ਕਰਨ ਦਾ ਆਦੀ ਹੋਣ ਕਾਰਨ ਕਈ-ਕਈ ਦਹਾਕਿਆਂ ਦੇ ਪਾਰਟੀ ਨਾਲ ਜੁੜੇ ਆਗੂ ਉਸ ਦੇ ਦਰਬਾਰ ਵਿੱਚ ਪੇਸ਼ ਹੋਣ ਲਈ ਮਾਨਸਿਕ ਤੌਰ ਉੱਤੇ ਤਿਆਰ ਨਹੀਂ ਹੋ ਰਹੇ। ਕੁਝ ਵਿਧਾਇਕਾਂ ਦੀ ਮੀਟਿੰਗ ਉਸ ਨੇ ਕਰਵਾਈ ਤਾਂ ਇਸ ਬਾਰੇ ਜਿੰਨਾ ਕੁਝ ਅਖਬਾਰਾਂ ਵਿੱਚ ਆਇਆ ਹੈ, ਉਹ ਦੱਸਦਾ ਹੈ ਕਿ ਵਿਧਾਇਕਾਂ ਨੇ ਸਾਫ ਕਿਹਾ ਕਿ ਮੰਤਰੀਆਂ ਨਾਲ ਗੱਲ ਕਰਨੀ ਸਾਡੇ ਲਈ ਵੀ ਔਖੀ ਹੈ, ਆਮ ਲੋਕ ਤਾਂ ਚੋਣਾਂ ਦੇ ਦਿਨਾਂ ਤੋਂ ਬਿਨਾਂ ਮੰਤਰੀਆਂ ਨੂੰ ਉਂਜ ਹੀ ਕਦੇ ਪਸੰਦ ਨਹੀਂ ਆਇਆ ਕਰਦੇ। ਵਿਧਾਇਕਾਂ ਨੇ ਇਹ ਵੀ ਕਹਿ ਦਿੱਤਾ ਕਿ ਅਕਾਲੀ-ਭਾਜਪਾ ਰਾਜ ਵੇਲੇ ਦੇ ਉਸ ਸਰਕਾਰ ਦੀ ਵਫਾਦਾਰੀ ਵਾਲੇ ਅਫਸਰ ਅਜੇ ਤੱਕ ਏਨੇ ਭਾਰੂ ਹਨ ਕਿ ਉਹ ਉਨ੍ਹਾਂ ਸਾਡਾ ਫੋਨ ਤੱਕ ਨਹੀਂ ਸੁਣਨਾ ਚਾਹੁੰਦੇ। ਮੁੱਖ ਮੰਤਰੀ ਨਾਲ ਜੁੜੀ ਹੋਈ ਟੀਮ ਬਾਰੇ ਵੀ ਕਈ ਵਿਧਾਇਕਾਂ ਨੂੰ ਸ਼ਿਕਾਇਤਾਂ ਹਨ, ਪਰ ਅਜੇ ਪੰਜ-ਸੱਤ ਮਹੀਨਿਆਂ ਤੱਕ ਉਨ੍ਹਾਂ ਬਾਰੇ ਕੋਈ ਇਸ ਲਈ ਕੁਝ ਨਹੀਂ ਬੋਲੇਗਾ ਕਿ ਉਹ ਪਿੱਛੇ ਨਾ ਪੈ ਜਾਂਦੇ ਹੋਣ। ਜਿਹੜੇ ਵਿਧਾਇਕਾਂ ਦੀ ਪਹਿਲਾਂ ਬਹੁਤੀ ਬਦਨਾਮੀ ਹੁੰਦੀ ਰਹੀ ਸੀ, ਇਸ ਵਕਤ ਉਨ੍ਹਾਂ ਤੋਂ ਵੱਧ ਬਦਨਾਮੀ ਇਹੋ ਜਿਹੇ ਵਿਧਾਇਕਾਂ ਦੀ ਹੋ ਰਹੀ ਹੈ, ਜਿਨ੍ਹਾਂ ਨੇ ਸਰਕਾਰੀ ਪੈਸੇ ਨਾਲ ਆਪਣੇ ਹਲਕੇ ਵਿੱਚ ਬਣ ਰਹੀਆਂ ਗਲੀਆਂ ਵਿੱਚ ਇੰਟਰ ਲਾਕਿੰਗ ਟਾਈਲਾਂ ਵਾਸਤੇ ਕਾਹਲੀ ਵਿੱਚ ਫੈਕਟਰੀਆਂ ਲਾਈਆਂ ਹਨ ਤੇ ਸਾਰਾ ਕੱਚਾ-ਪਿੱਲਾ ਅਤੇ ਗੈਰ-ਮਿਆਰੀ ਮਾਲ ਆਪਣੇ ਹਲਕੇ ਦੇ ਪਿੰਡਾਂ ਵਿੱਚ ਲਵਾਉਣਾ ਸ਼ੁਰੂ ਕਰ ਰੱਖਿਆ ਹੈ।
ਇਹ ਗੱਲ ਕਾਂਗਰਸੀ ਧਿਰ ਵਿੱਚ ਕੁਝ ਲੋਕਾਂ ਦਾ ਹੌਸਲਾ ਬੰਨ੍ਹਾਉਣ ਵਾਲੀ ਹੈ ਕਿ ਮੁੱਖ ਮੰਤਰੀ ਨੇ ਅਗਲੀਆਂ ਚੋਣਾਂ ਫਿਰ ਲੜਨ ਦਾ ਐਲਾਨ ਕਰ ਦਿੱਤਾ ਹੈ, ਪਰ ਇਹੋ ਗੱਲ ਕੁਝ ਹੋਰ ਲੋਕਾਂ ਵਿੱਚ ਕੌੜ ਪੈਦਾ ਕਰਨ ਵਾਲੀ ਹੈ। ਨਿੱਜੀ ਪੱਧਰ ਦੀਆਂ ਮੀਟਿੰਗਾਂ ਵਿੱਚ ਕੁਝ ਮੰਤਰੀ ਵੀ ਇਹ ਕਹਿਣ ਤੋਂ ਨਹੀਂ ਝਿਜਕਦੇ ਕਿ ਮੁੱਖ ਮੰਤਰੀ ਸਾਹਿਬ ਸਾਨੂੰ ਮਿਲਣ ਜੋਗਾ ਵੀ ਵਕਤ ਨਹੀਂ ਕੱਢਦੇ। ਏਹੋ ਜਿਹੀਆਂ ਗੱਲਾਂ ਜੇ ਉਹ ਮੰਤਰੀ ਸਾਡੇ ਕੋਲ ਕਰ ਜਾਂਦੇ ਹਨ ਤਾਂ ਏਦਾਂ ਹੋਰ ਵੀ ਕਈ ਥਾਂ ਕਰਦੇ ਹੋਣਗੇ। ਸਾਡੀ ਸੋਚ ਹੈ ਕਿ ਉਨ੍ਹਾਂ ਦਾ ਮੁੱਖ ਮੰਤਰੀ ਬਾਰੇ ਇਹ ਕਹਿਣਾ ਗਲਤ ਨਹੀਂ, ਪਰ ਏਦਾਂ ਦੀਆਂ ਗੱਲਾਂ ਕਰ ਕੇ ਉਹ ਆਪਣੀਆਂ ਪਿਛਲੇ ਚਾਰ ਸਾਲਾ ਵਿੱਚ ਕੁਝ ਨਾ ਕਰਨ ਜਾਂ ਮਲਾਈ ਚੱਟਣ ਲੱਗੇ ਰਹਿਣ ਦੀਆਂ ਕਹਾਣੀਆਂ ਕੱਜਣ ਦਾ ਯਤਨ ਵੀ ਕਰਦੇ ਹਨ। ਜੇ ਏਦਾਂ ਦੇ ਆਗੂਆਂ ਅਤੇ ਮੰਤਰੀਆਂ ਬਾਰੇ ਸਧਾਰਨ ਲੋਕਾਂ ਤੱਕ ਨੂੰ ਪਤਾ ਹੈ ਤਾਂ ਮੁੱਖ ਮੰਤਰੀ ਨੂੰ ਵੀ ਪਤਾ ਹੋਣਾ ਚਾਹੀਦਾ ਹੈ, ਪਰ ਮੁੱਖ ਮੰਤਰੀ ਨੇ ਇੱਕ ਸਾਲ ਬਾਅਦ ਹੋ ਰਹੀਆਂ ਚੋਣਾਂ ਲਈ ਸਰਗਰਮੀ ਦਾ ਕੋਈ ਮੁੱਢ ਕਦੋਂ ਤੱਕ ਬੰਨ੍ਹਣਾ ਹੈ, ਇਸ ਦਾ ਕੋਈ ਸੰਕੇਤ ਕਿਤੇ ਨਹੀਂ ਮਿਲ ਰਿਹਾ। ਕਾਂਗਰਸ ਦੇ ਬਹੁਤ ਸਾਰੇ ਆਗੂ ਵਹਿਮ ਦਾ ਸ਼ਿਕਾਰ ਹਨ ਕਿ ਕੁਝ ਕਰੀਏ ਨਾ ਕਰੀਏ, ਵਿਰੋਧੀ ਧਿਰ ਕਮਜ਼ੋਰ ਹੋਣ ਕਾਰਨ ਲੋਕਾਂ ਕੋਲ ਹੋਰ ਕੋਈ ਬਦਲ ਨਹੀਂ ਤੇ ਵੋਟਾਂ ਕਾਂਗਰਸ ਨੂੰ ਹੀ ਮਿਲਣੀਆਂ ਹਨ। ਇਹ ਵਹਿਮ ਉਨ੍ਹਾਂ ਨੂੰ ਡੋਬ ਵੀ ਸਕਦਾ ਹੈ ਤੇ ਜੇ ਏਸੇ ਤਰ੍ਹਾਂ ਚੱਲਦਾ ਰਿਹਾ ਤਾਂ ਅਗਲੀ ਚੋਣ ਦੇ ਬਾਅਦ ਆਮ ਆਦਮੀ ਪਾਰਟੀ ਦੇ ਲੀਡਰਾਂ ਵਾਂਗ ਇਹ ਵੀ ਕਹਿਣਗੇ ਕਿ ਜਿੱਤੀ ਬਾਜ਼ੀ ਕਿਵੇਂ ਹਾਰੀ ਜਾਂਦੀ ਹੈ, ਇਸ ਬਾਰੇ ਕਿਤਾਬ ਲਿਖਣ ਜੋਗਾ ਮਸਾਲਾ ਸਾਡੇ ਕੋਲ ਆ ਗਿਆ ਹੈ। ਜੇ ਇਹੋ ਕੰਮ ਕਰਨਾ ਹੈ ਤਾਂ ਇਹ ਰਾਹੁਲ ਗਾਂਧੀ ਅਤੇ ਉਸ ਨਾਲ ਜੁੜੀ ਟੀਮ ਦੇ ਤਜਰਬੇ ਨਾਲ ਵੀ ਹੋ ਸਕਦਾ ਹੈ, ਪਰ ਜੇ ਪੰਜਾਬ ਦੀ ਕਾਂਗਰਸ ਪਾਰਟੀ ਤੇ ਮੁੱਖ ਮੰਤਰੀ ਦੀ ਆਪਣੀ ਟੀਮ ਏਦਾਂ ਦਾ ਤਜਰਬਾ ਖੁਦ ਕਰਨਾ ਚਾਹੁੰਦੀ ਹੈ ਤਾਂ ਕਰ ਕੇ ਵੇਖ ਲਵੇਗੀ। ਏਦਾਂ ਦੀ ਕਿਤਾਬ ਪੰਜਾਬ ਦਾ ਕੋਈ ਕਾਂਗਰਸੀ ਨਾ ਲਿਖਣਾ ਚਾਹੇ ਤਾਂ ਕੋਈ ਫਰਕ ਨਹੀਂ ਪੈਂਦਾ, ਪੰਜਾਬ ਦਾ ਏਦਾਂ ਦਾ ਤਜਰਬਾ ਪੀ ਕੇ ਵਾਸਤੇ ਕਿਸੇ ਹੋਰ ਰਾਜ ਵਿੱਚ ਚੋਣਾਂ ਦਾ ਰਾਜਸੀ ਟੈਂਡਰ ਭਰਨ ਵਾਸਤੇ ਉਸ ਦੇ ਕੰਮ ਆ ਜਾਵੇਗਾ। ਚੋਣਾਂ ਵਿੱਚ ਇੱਕ ਸਾਲ ਤੋਂ ਘੱਟ ਸਮਾਂ ਰਹਿੰਦਾ ਹੈ, ਇਸ ਦੀ ਕਾਂਗਰਸੀ ਆਗੂਆਂ ਨੂੰ ਪ੍ਰਵਾਹ ਨਹੀਂ ਤਾਂ ਸਮਾਂ ਵੀ ਆਪਣੇ ਆਪ ਨੂੰ ਫੰਨੇ ਖਾਂ ਸਮਝਣ ਵਾਲਿਆਂ ਦੀ ਪ੍ਰਵਾਹ ਨਹੀਂ ਕਰਦਾ ਹੁੰਦਾ।
ਜਿਹੜਾ ਕੁਝ ਅਗਲੀਆਂ ਚੋਣਾਂ ਤੋਂ ਇੱਕ ਸਾਲ ਪਹਿਲਾਂ ਦੇ ਸਾਡੇ ਪ੍ਰਭਾਵਾਂ ਬਾਰੇ ਅਸੀਂ ਲਿਖਿਆ ਹੈ, ਇਹ ਪੰਜਾਬ ਦੇ ਅਜੋਕੇ ਹਾਲਤ ਦੇ ਚੌਖਟੇ ਵਿੱਚੋਂ ਦਿੱਸਦਾ ਹੈ, ਕੱਲ੍ਹ ਨੂੰ ਸਮਾਂ ਕੀ ਕਰਵਟ ਲਵੇਗਾ, ਹਾਲ ਦੀ ਘੜੀ ਕਹਿਣਾ ਔਖਾ ਹੈ।