ਮਹਾਮਾਰੀ ਦੌਰਾਨ ਮਨੁੱਖੀ ਵਤੀਰਾ - ਡਾ. ਅਰੁਣ ਮਿੱਤਰਾ

ਮਨੁੱਖ ਵੱਖੋ ਵੱਖਰੀਆਂ ਸਥਿਤੀਆਂ ਦੇ ਅਨੁਕੂਲ ਆਪਣੇ ਆਪ ਨੂੰ ਢਾਲ ਲੈਂਦਾ ਹੈ। ਇਸ ਸਮਰੱਥਾ ਦੇ ਨਤੀਜੇ ਵਜੋਂ ਮਨੁੱਖੀ ਪ੍ਰਜਾਤੀ (ਹੋਮੋ ਸੇਪੀਅਨਜ਼) ਨੇ ਅਰੰਭਕ ਯੁੱਗ ਤੋਂ ਆਧੁਨਿਕ ਸਮੇਂ ਤੱਕ ਤਰੱਕੀ ਕੀਤੀ। ਬਹੁਤ ਸਾਰੇ ਹੋਰ ਜਾਨਵਰਾਂ ਦੀਆਂ ਕਿਸਮਾਂ ਅਣਸੁਖਾਵੇਂ ਹਾਲਾਤ ਵਿੱਚ ਖਤਮ ਹੋ ਗਈਆਂ। ਪਰ ਮਨੁੱਖ ਨੇ ਕੋਸ਼ਿਸ਼ ਅਤੇ ਮਿਹਨਤ ਨਾਲ ਸੰਕਟ ਵਿੱਚੋਂ ਲੰਘਣਾ ਸਿੱਖਿਆ ਹੈ। ਇਹੀ ਕਾਰਨ ਹੈ ਕਿ ਮਨੁੱਖ ਮਨਫੀ 70 ਡਿਗਰੀ ਸੈਲਸੀਅਸ ਤੋਂ ਲੈ ਕੇ 50 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ ਵਿਚ ਜੀਉਂਦਾ ਰਹਿ ਸਕਦਾ ਹੈ। ਨਾ ਸਿਰਫ ਮਨੁੱਖ ਜਾਤੀ ਕਈ ਮਾਰੂ ਬਿਮਾਰੀਆਂ ਦੇ ਬਾਵਜੂਦ ਜ਼ਿੰਦਗੀ ਨੂੰ ਅੱਗੇ ਵਧਾਉਣ ਵਿਚ ਕਾਮਯਾਬ ਹੋਈ ਬਲਕਿ ਇਨ੍ਹਾਂ ਬਿਮਾਰੀਆਂ ‘ਤੇ ਕਾਬੂ ਪਾਇਆ ਅਤੇ ਨਵੀਆਂ ਕਾਢਾਂ ਅਤੇ ਸਖਤ ਮਿਹਨਤ ਦੁਆਰਾ ਉਨ੍ਹਾਂ ਨੂੰ ਮੁੜ ਤੋਂ ਫੈਲਣ ਤੋਂ ਰੋਕਿਆ। ਕੁਝ ਬਿਮਾਰੀਆਂ ਜਿਵੇਂ ਬੁਬੋਨਿਕ ਪਲੇਗ ਅਤੇ ਚੇਚਕ ਨੇ ਇਕ ਸਮੇਂ ਤਬਾਹੀ ਮਚਾਈ ਹੋਈ ਸੀ, ਪਰ ਹੁਣ ਉਹ ਕਿਤੇ ਨਜ਼ਰ ਵੀ ਨਹੀਂ ਆਉਂਦੀਆਂ। ਪਿਛਲੀ ਸਦੀ ਵਿਚ 1918-19 ਦੌਰਾਨ ਦੁਨੀਆ ਵਿਚ ਸਪੈਨਿਸ਼ ਫਲੂ ਮਹਾਮਾਰੀ ਦੇਖਣ ਨੂੰ ਮਿਲੀ ਜਿਸ ਨੇ ਦੁਨੀਆ ਭਰ ਵਿਚ 5-10 ਕਰੋੜ ਲੋਕਾਂ ਦੀ ਜਾਨ ਲੈ ਲਈ ਜਿਸ ਵਿਚੋਂ 1.20 ਕਰੋੜ ਇਕੱਲੇ ਭਾਰਤ ਵਿਚ ਮਾਰੇ ਗਏ। ਪਰ ਮਨੁੱਖ ਅੱਗੇ ਵਧਦਾ ਗਿਆ। ਸਾਰਸ ਕੋਵ-2 ਜਾਂ ਕੋਵਿਡ-19 ਦੀ ਮੌਜੂਦਾ ਮਹਾਮਾਰੀ ਨੇ ਸਾਨੂੰ ਇਕ ਵਾਰ ਫਿਰ ਬਿਮਾਰੀਆਂ ਦੇ ਨਾਲ ਲੜਨ ਦਾ ਸੰਕਲਪ ਦਿਵਾਇਆ ਹੈ।
      ਕੋਵਿਡ 19 ਦਾ ਇਹ ਸਮਾਂ ਵੱਖੋ-ਵੱਖਰੀਆਂ ਚੁਣੌਤੀਆਂ ਭਰਿਆ ਰਿਹਾ ਹੈ, ਜਿਵੇਂ ਕਿ ਉਕਤਾਈ, ਰਹਿਮ, ਡਰ, ਅਵਿਸ਼ਵਾਸ, ਅਲੱਗਪਣ, ਚਿੰਤਾ, ਆਰਥਿਕ ਤੰਗੀ, ਕਾਰੋਬਾਰੀ ਜੁਗਤਾਂ, ਸਹਿਯੋਗ, ਮਿੱਥਿਆ, ਨਵੀਨਤਾ ਅਤੇ ਵਿਗਿਆਨਕ ਨਜ਼ਰੀਆ। ਹਾਲਾਂਕਿ ਸਾਨੂੰ ਦਸੰਬਰ 2019 ਵਿੱਚ ਕੋਵਿਡ ਮਾਮਲਿਆਂ ਬਾਰੇ ਪਤਾ ਲਗ ਚੁੱਕਾ ਸੀ ਪਰ ਸਾਡੀ ਸਰਕਾਰ ਪੂਰੀ ਤਰ੍ਹਾਂ ਬੇਫਿਕਰ ਸੀ ਕਿਉਂਕਿ ਉਹ ਫਰਵਰੀ 2020 ਦੇ ਆਖਰੀ ਹਫ਼ਤੇ ਅਹਿਮਦਾਬਾਦ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਸਵਾਗਤ ਵਿੱਚ ਰੁਝੀ ਹੋਈ ਸੀ, ਇਸ ਤੱਥ ਦੇ ਬਾਵਜੂਦ ਕਿ 30 ਜਨਵਰੀ 2020 ਨੂੰ ਕੌਮਾਂਤਰੀ ਸਿਹਤ ਨਿਯਮਾਂ ਅਧੀਨ ਬੁਲਾਈ ਗਈ ਐਮਰਜੈਂਸੀ ਕਮੇਟੀ ਦੀ ਦੂਜੀ ਬੈਠਕ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਡਾਇਰੈਕਟਰ-ਜਨਰਲ ਡਾ਼ ਟੇਡਰੋਸ ਅਡਾਨੋਮ ਗੇਬਰਈਅਸਸ ਨੇ ਕੋਵਿਡ ਨੂੰ ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ ਹੋਣ ਦਾ ਐਲਾਨ ਕੀਤਾ ਸੀ। ਫਿਰ ਫਰਵਰੀ 2020 ਦੇ ਆਖਰੀ ਹਫ਼ਤੇ ਦਿੱਲੀ ਵਿਚ ਗਿਣੇ-ਮਿਥੇ ਫਿਰਕੂ ਦੰਗੇ ਕਰਵਾਏ ਗਏ, ਜਿਨ੍ਹਾਂ ਵਿਚ ਬਹੁਤ ਸਾਰੇ ਨਿਰਦੋਸ਼ ਵਿਅਕਤੀਆਂ ਦੀ ਮੌਤ ਹੋ ਗਈ। ਕਈ ਅਜੇ ਵੀ ਬਿਨਾਂ ਮੁਕੱਦਮੇ ਦੇ ਜੇਲ੍ਹਾਂ ਵਿਚ ਬੰਦ ਹਨ।
   ਆਪਣੀ ਅਸਫਲਤਾ ਨੂੰ ਢੱਕਣ ਲਈ, ਪ੍ਰਧਾਨ ਮੰਤਰੀ ਵਲੋਂ 24 ਮਾਰਚ 2020 ਨੂੰ ਬਿਨਾਂ ਕਿਸੇ ਯੋਜਨਾ ਦੇ ਅਚਾਨਕ ਤਾਲਾਬੰਦੀ ਲਗਾ ਦਿੱਤੀ ਗਈ ਜਿਸਨੇ ਕਰੋੜਾਂ ਲੋਕਾਂ ਨੂੰ ਭੋਜਨ, ਨੌਕਰੀ, ਰੋਜ਼ੀ-ਰੋਟੀ ਅਤੇ ਰਿਹਾਇਸ਼ ਦੇ ਅਤਿ ਦੇ ਸੰਕਟ ਵਿੱਚ ਧੱਕ ਦਿੱਤਾ। ਸਰਕਾਰ ਵੱਲੋਂ ਉਨ੍ਹਾਂ ਦੀ ਮਦਦ ਲਈ ਕੋਈ ਠੋਸ ਕਾਰਵਾਈ ਜਾਂ ਭਰੋਸੇ ਦੀ ਅਣਹੋਂਦ ਅਤੇ ਕਿਸੇ ਵੀ ਆਵਾਜਾਈ ਦੇ ਸਾਧਨ ਦੀ ਅਣਹੋਂਦ ਵਿੱਚ, ਉਹ ਸੈਂਕੜੇ ਕਿਲੋਮੀਟਰ ਪੈਦਲ, ਸਾਈਕਲ, ਪੈਡਲ ਰਿਕਸ਼ਾ, ਆਟੋ ਜਾਂ ਹੋਰ ਕਿਸੇ ਵੀ ਢੰਗ ਨਾਲ ਆਪਣੇ ਘਰਾਂ ਨੂੰ ਚੱਲ ਪਏ ਸਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਭੁੱਖ, ਥਕਾਵਟ ਜਾਂ ਹਾਦਸਿਆਂ ਦੇ ਨਾਲ ਰਸਤੇ ਵਿੱਚ ਮਰ ਗਏ। ਗਰੀਬ ਭੁੱਖਿਆਂ ਨੂੰ ਬਿਨਾਂ ਕਾਰਨ ਲਾਠੀਆਂ ਬਰਸਾਉਣ ਵਾਲੇ ਪੁਲੀਸ ਮੁਲਾਜ਼ਮਾਂ ਦੇ ਕਹਿਰ ਦਾ ਸਾਹਮਣਾ ਵੀ ਕਰਨਾ ਪਿਆ। ਉੱਚੇ ਅਹੁਦਿਆਂ ’ਤੇ ਬੈਠੇ ਲੋਕਾਂ ਨੂੰ ਇਹ ਸਭ ਪਤਾ ਨਹੀਂ ਸੀ, ਇਸ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਪਰ ਇਸ ਸਭ ਨੇ ਇਹ ਦਰਸਾ ਦਿੱਤਾ ਕਿ ਮਨੁੱਖ ਸਮਾਜ ਦੇ ਹਾਸ਼ੀਏ ‘ਤੇ ਚੱਲਣ ਵਾਲੇ ਵਰਗ ਪ੍ਰਤੀ ਆਪਣੇ ਵਿਵਹਾਰ ਵਿਚ ਇੰਨਾ ਨਿਰਦਈ ਅਤੇ ਉਦਾਸੀਨ ਵੀ ਹੋ ਸਕਦਾ ਹੈ। ਗਰੀਬਾਂ ਪ੍ਰਤੀ ਪੱਖਪਾਤ ਅਤੇ ਨਫ਼ਰਤ ਮੱਧ ਵਰਗ ਦੇ ਲੋਕਾਂ ਵਿਚਕਾਰ ਵੀ ਸਪੱਸ਼ਟ ਸੀ ਜਿਨ੍ਹਾਂ ਨੇ ਆਪਣੀਆਂ ਕਲੋਨੀਆਂ ਵਿੱਚ ਘਰੇਲੂ ਕਰਮੀਆਂ ਦੇ ਦਾਖਲੇ ਨੂੰ ਇਹ ਦੋਸ਼ ਲਗਾਉਂਦੇ ਹੋਏ ਰੋਕ ਦਿੱਤਾ ਕਿ ਉਹ ਇਸ ਬਿਮਾਰੀ ਨੂੰ ਉਨ੍ਹਾਂ ਦੇ ਘਰਾਂ ਵਿੱਚ ਲਿਆਉਣਗੇ। ਭਾਵੇਂ ਅਸੀਂ ਸਮੇਂ ਦੇ ਬੀਤਣ ਨਾਲ ਇਹ ਸਿੱਖਿਆ ਹੈ ਕਿ ਕੰਮ ਕਰਨ ਵਾਲੇ ਲੋਕਾਂ ਵਿਚ ਬਿਮਾਰੀ ਨਾਂ ਦੇ ਬਰਬਰ ਫੈਲੀ। ਇਸ ਨਾਲ ਲੱਖਾਂ ਲੋਕਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਨ੍ਹਾਂ ਦੇ ਬਹੁਤੇ ਮਾਲਕਾਂ ਨੇ ਉਨ੍ਹਾਂ ਨੂੰ ਤਨਖਾਹ ਦੇਣ ਤੋਂ ਇਨਕਾਰ ਕਰ ਦਿੱਤਾ। ਗਰੀਬ ਮਿਹਨਤਕਸ਼ ਲੋਕਾਂ ਨੂੰ ਗੈਰ ਸਰਕਾਰੀ ਸੰਗਠਨਾਂ ਜਾਂ ਪਰਉਪਕਾਰੀ ਲੋਕਾਂ ਦੇ ਰਹਿਮ ‘ਤੇ ਛੱਡ ਦਿੱਤਾ ਗਿਆ ਸੀ ਜੋ ਉਨ੍ਹਾਂ ਲਈ ਰਾਸ਼ਨ ਜਾਂ ਪੱਕਿਆ ਭੋਜਨ ਇਕੱਠਾ ਕਰਨ ਅਤੇ ਵੰਡਣ ਲਈ ਕਾਫ਼ੀ ਦਿਆਲਤਾ ਨਾਲ ਲੱਗੇ ਰਹੇ। ਇਸ ਦੀ ਅਣਹੋਂਦ ਵਿਚ ਹੋਰ ਬਹੁਤ ਸਾਰੇ ਭੁੱਖੇ ਮਰ ਗਏ ਹੁੰਦੇ।
       ਕਰੋੜਾਂ ਲੋਕਾਂ ਲਈ ਇਹ ਵੱਖੋ ਵੱਖਰੇ ਕਿਸਮਾਂ ਦੇ ਸੰਕਟ ਦਾ ਦੌਰ ਰਿਹਾ ਹੈ। ਮੱਧ ਅਤੇ ਉੱਚ ਵਰਗ ਨੂੰ ਵੱਖ ਵੱਖ ਕਿਸਮਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਸ਼ੁਰੂ ਵਿਚ ਉਨ੍ਹਾਂ ਨੂੰ ਜ਼ਿਆਦਾ ਪ੍ਰਵਾਹ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਆਪਣੇ ਲਈ ਭੋਜਨ ਵਿਚ ਕੋਈ ਮੁਸ਼ਕਲ ਨਹੀਂ ਸੀ। ਪਰ ਜਲਦੀ ਹੀ ਉਨ੍ਹਾਂ ਨੇ ਵੀ ਨੌਕਰੀਆਂ ਦੇ ਖੁੱਸਣ ਅਤੇ ਕਾਰੋਬਾਰ ਦੇ ਬੰਦ ਹੋਣ ਕਾਰਨ ਆਰਥਿਕ ਤੰਗੀ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਸਰਕਾਰ ਨੇ ਤਾਂ ਕੋਈ ਸਹਾਇਤਾ ਨਹੀਂ ਦਿੱਤੀ। ਛੋਟੇ ਕਾਰੋਬਾਰੀਆਂ ਕੋਲ ਆਪਣੇ ਕਾਮਿਆਂ ਨੂੰ ਕੱਢਣ ਜਾਂ ਉਨ੍ਹਾਂ ਦੀ ਤਨਖਾਹ ਘਟਾਉਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ ਜਿਸ ਨਾਲ ਕਿਰਤੀ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੀ ਵਧ ਗਈਆਂ। ਹਾਲਾਂਕਿ ਹਾਲਾਤ ਵਿੱਚ ਥੋੜਾ ਸੁਧਾਰ ਹੋਇਆ ਹੈ ਪਰ ਫਿਰ ਵੀ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਲੀਹ ’ਤੇ ਨਹੀਂ ਆਏ। ਇਸ ਨਾਲ ਕਾਫੀ ਜਨਸੰਖਿਆ ਵਿਚ ਮਾਨਸਿਕ ਪਰੇਸ਼ਾਨੀਆਂ ਪੈਦਾ ਹੋ ਗਈਆਂ ਜਿਸ ਕਰਕੇ ਅਨੇਕਾਂ ਖੁਦਕੁਸ਼ੀ ਕਰਨ ਵਰਗੇ ਕਦਮ ਚੁੱਕਣ ਲਈ ਮਜਬੂਰ ਹੋ ਗਏ। ਹਾਲਾਂਕਿ ਮੁਸ਼ਕਲ ਹਾਲਤਾਂ ਵਿੱਚ ਵੀ ਵੱਖ-ਵੱਖ ਸੈਕਟਰਾਂ ਦੇ ਕਾਮੇ ਕੰਮ ਕਰਨਾ ਜਾਰੀ ਰੱਖਦੇ ਰਹੇ ਅਤੇ ਆਰਥਿਕਤਾ ਨੂੰ ਇੱਕ ਹੱਦ ਤੱਕ ਬਣਾਈ ਰੱਖਿਆ। ਜਨਤਕ ਖੇਤਰ ਦੀਆਂ ਇਕਾਈਆਂ ਨੇ ਜ਼ਰੂਰੀ ਸੇਵਾਵਾਂ ਜਾਰੀ ਰੱਖਦਿਆਂ ਚੰਗਾ ਕੰਮ ਕੀਤਾ।
       ਲੌਕਡਾਊਨ ਕਾਰਨ ਲੋਕ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਹੋ ਗਏ ਤੇ ਉਨ੍ਹਾਂ ਦੇ ਵਿਵਹਾਰ ਨਾਲ ਜੁੜੀਆਂ ਕਈ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ। ਸਕੂਲ ਅਤੇ ਹਾਣ ਦੇ ਸਾਥੀਆਂ ਨੂੰ ਮਿਲਣ ਤੋਂ ਬਿਨਾਂ ਬੱਚੇ ਚਿੜਚਿੜੇ ਅਤੇ ਗੁੱਸਾਖ਼ੋਰ ਹੋ ਗਏ। ਉਨ੍ਹਾਂ ਵਿਚੋਂ ਕੁਝ ਮੋਬਾਈਲ ਫੋਨਾਂ ਵਿਚ ਉਲਝ ਗਏ ਜਿਸਨੇ ਉਨ੍ਹਾਂ ਦੇ ਨਜ਼ਰੀਏ ’ਤੇ ਨਾਂਹ ਪੱਖੀ ਪ੍ਰਭਾਵ ਪਾਇਆ। ਬਿਨਾਂ ਸਕੂਲ ਦੀ ਇਸ ਸਥਿਤੀ ਦਾ ਉਨ੍ਹਾਂ ਦੇ ਵਿਕਾਸ ’ਤੇ ਮਾੜਾ ਅਸਰ ਪਿਆ। ਬਹੁਤ ਛੋਟੇ ਬੱਚਿਆਂ ਨੂੰ ਜਬਰੀ ਆਨਲਾਈਨ ਸਿੱਖਿਆ ਦੇਣਾ ਸਿੱਖਿਆ ਦੇ ਮੁਢਲੇ ਨਿਯਮਾਂ ਦੇ ਵਿਰੁੱਧ ਹੈ। ਘੱਟ ਆਮਦਨੀ ਦੇ ਲੋਕ ਆਨਲਾਈਨ ਸਿਖਿਆ ਨਹੀਂ ਦੇ ਸਕਦੇ ਤੇ ਉਨ੍ਹਾਂ ਦੇ ਬੱਚੇ ਸਿੱਖਿਆ ਤੋਂ ਵਾਂਝੇ ਰਹਿ ਗਏ। ਘਰੇਲੂ ਕੰਮ ਤੋਂ ਬਾਅਦ ਜਿਹੜੀਆਂ ਔਰਤਾਂ ਆਪਸ ਵਿਚ ਨਿਯਮਤ ਬੈਠਕਾਂ ਕਰਦੀਆਂ ਸਨ ਉਨ੍ਹਾਂ ਨੂੰ ਪਰਿਵਾਰ ਲਈ ਘਰ ਰਸੋਈ ਵਿਚ ਹੀ ਰਹਿਣਾ ਪਿਆ। ਅਜਿਹੀਆਂ ਸਥਿਤੀਆਂ ਵਿਚ ਘਰੇਲੂ ਤਣਾਓ ਤੇ ਹਿੰਸਾ ਵਿੱਚ ਵਾਧਾ ਹੋਇਆ।
       ਪੂਰਾ ਸਮਾਜ ਬਿਮਾਰੀ ਦੇ ਡਰ ਭੈਅ ਵਿਚ ਫਸਿਆ ਹੋਇਆ ਸੀ। ਜੇ ਪਰਿਵਾਰ ਦਾ ਕੋਈ ਵੀ ਮੈਂਬਰ ਕੋਵਿਡ ਦੇ ਕਾਰਨ ਬਿਮਾਰ ਹੋ ਜਾਂਦਾ ਹੈ, ਤਾਂ ਸਾਰੇ ਪਰਿਵਾਰਕ ਮੈਂਬਰ ਬਹੁਤ ਚਿੰਤਤ ਹੋ ਜਾਂਦੇ ਹਨ। ਕਿਸੇ ਵੀ ਹਾਦਸੇ ਦੀ ਸਥਿਤੀ ਵਿਚ ਹਾਲਾਤ ਹੋਰ ਵਿਗੜ ਜਾਂਦੇ ਹਨ, ਕਿ ਪਰਿਵਾਰਕ ਮੈਂਬਰਾਂ ਨੂੰ ਕੋਵਿਡ ਨਾਲ ਹਸਪਤਾਲ ਵਿਚ ਦਾਖਲ ਵਿਅਕਤੀ ਨੂੰ ਮਿਲਣ ਦੀ ਆਗਿਆ ਨਹੀਂ ਸੀ, ਇਸ ਨਾਲ ਉਨ੍ਹਾਂ ਦੀ ਚਿੰਤਾ ਹੋਰ ਵੀ ਵਧੀ। ਲੋਕਾਂ ਦਾ ਸਭ ਤੋਂ ਬੁਰਾ ਹਾਲ ਉਦੋਂ ਹੋਇਆ ਜਦੋਂ ਕਰੋਨਾ ਕਾਰਨ ਮ੍ਰਿਤਕ ਹੋਏ ਵਿਅਕਤੀ ਦੇ ਰਿਸ਼ਤੇਦਾਰਾਂ ਨੂੰ ਵੀ ਲਾਸ਼ ਵੇਖਣ ਦੀ ਆਗਿਆ ਨਹੀਂ ਸੀ। ਡਰ ਇੰਨਾ ਸੀ ਕਿ ਕੁਝ ਥਾਵਾਂ ‘ਤੇ ਮੈਨੇਜਮੈਂਟਾਂ ਨੇ ਕਰੋਨਾ ਨਾਲ ਮਰੇ ਵਿਅਕਤੀ ਦੇ ਸ਼ਮਸ਼ਾਨਘਾਟ ਵਿਚ ਸੰਸਕਾਰ ਤੱਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਨਾਲ ਦੁਖਾਂਤ ਵਿਚ ਹੋਰ ਵਾਧਾ ਹੋ ਗਿਆ।
      ਇਨ੍ਹਾਂ ਵਿਪਰੀਤ ਸਥਿਤੀਆਂ ਵਿੱਚ ਵੀ ਲੋਕਾਂ ਦਾ ਇੱਕ ਹਿੱਸਾ ਮਿੱਥਿਆ ਨੂੰ ਫੈਲਾਉਣ ਵਿਚ ਲੱਗਿਆ ਰਿਹਾ। ਗਾਂ ਦੇ ਪਿਸ਼ਾਬ ਅਤੇ ਗੋਬਰ ਨਾਲ ਕਰੋਨਾ ਦਾ ਰੋਗੀ ਠੀਕ ਹੋ ਜਾਂਦਾ ਹੈ, ਦਾ ਪ੍ਰਚਾਰ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਤਾਂ ਘੰਟੀਆਂ ਖੜਕਾ ਕੇ, ਤਾੜੀਆਂ ਵਜਾ ਕੇ, ਸੰਖ ਵਜਾ ਕੇ ਕਰੋਨਾ ਨੂੰ ਭਜਾਉਣ ਦੀ ਗੱਲ ਆਖ ਦਿੱਤੀ।
       ਕੁਝ ਲੋਕ ਦੂਜਿਆਂ ਦੀਆਂ ਮੁਸ਼ਕਲਾਂ ਪ੍ਰਤੀ ਪੂਰੀ ਤਰ੍ਹਾਂ ਅਸੰਵੇਦਨਸ਼ੀਲ ਸਨ। ਉਹ ਇਸ ਕਠਿਨ ਘੜੀ ਵਿਚ ਵੀ ਪੈਸੇ ਬਟੋਰਨ ਵਿੱਚ ਰੁਝੇ ਰਹੇ। ਕਈ ਛੋਟੇ ਕਾਰੋਬਾਰੀਆਂ ਨੇ ਵੀ ਉੱਚ ਕੀਮਤ ‘ਤੇ ਸਮੱਗਰੀ ਵੇਚ ਕੇ ਖੂਬ ਧਨ ਕਮਾਇਆ। ਟੈਕਸੀ, ਟਰੱਕ ਅਤੇ ਬੱਸਾਂ ਸਮੇਤ ਆਟੋਆਂ ਦੇ ਚਾਲਕਾਂ ਨੇ ਉਨ੍ਹਾਂ ਲੋਕਾਂ ਤੋਂ ਬਹੁਤ ਜ਼ਿਆਦਾ ਪੈਸੇ ਲਏ ਜੋ ਇਸ ਅਨਿਸ਼ਚਿਤਤਾ ਦੀ ਘੜੀ ਵਿਚ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਸਨ। ਉਂਝ ਇਸ ਦੌਰਾਨ ਸਿਹਤ ਕਰਮਚਾਰੀਆਂ, ਖ਼ਾਸਕਰ ਸਰਕਾਰੀ ਖੇਤਰ ਦੇ ਕਰਮੀਆਂ ਨੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਵਧੀਆ ਕੰਮ ਕੀਤਾ। ਪਰ ਕਾਰਪੋਰੇਟ ਹਸਪਤਾਲਾਂ ਨੇ ਕੋਈ ਰਹਿਮ ਨਹੀਂ ਕੀਤਾ ਅਤੇ ਭਾਰੀ ਪੈਸੇ ਲੈ ਕੇ ਧਨ ਕਮਾਇਆ। ਬਹੁਤ ਸਾਰੇ ਡਾਕਟਰ ਜਿਨ੍ਹਾਂ ਨੂੰ ਨਾ ਤਾਂ ਕੋਈ ਖਤਰਨਾਕ ਰੋਗ ਸੀ ਅਤੇ ਨਾ ਉਹ ਉਸ ਉਮਰ ਸਮੂਹ ਵਿਚ ਸਨ ਜਿਸ ਵਿਚ ਬਿਮਾਰ ਪੈਣ ਦਾ ਖਤਰਾ ਵਧ ਹੁੰਦਾ ਹੈ, ਇੰਨੇ ਘਬਰਾ ਗਏ ਕਿ ਉਨ੍ਹਾਂ ਨੇ ਮਰੀਜ਼ਾਂ ਦੀ ਜਾਂਚ ਕਰਨੀ ਬੰਦ ਕਰ ਦਿੱਤੀ। ਇੰਝ ਨਿੱਜੀ ਖੇਤਰ ਵਿਚ ਹੋਇਆ ਹੈ। ਸਿਹਤ ਕਰਮਚਾਰੀਆਂ ਦਾ ਅਜਿਹਾ ਵਿਵਹਾਰ ਡਾਕਟਰੀ ਨੈਤਿਕਤਾ ਦੇ ਵਿਰੁੱਧ ਸੀ ਤੇ ਨਾ ਮੰਨਣਯੋਗ ਹੈ। ਵਰਨਣਯੋਗ ਹੈ ਕਿ 700 ਤੋਂ ਵੱਧ ਯੋਗ ਡਾਕਟਰ ਕਰੋਨਾ ਵਿਰੁੱਧ ਲੜਾਈ ਵਿਚ ਆਪਣੀ ਜਾਨ ਗੁਆ ਬੈਠੇ। ਇਹ ਅੱਤ ਦੀ ਦੁਖਦਾਈ ਗੱਲ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਕੋਲ ਆਪਣੀ ਜਾਨ ਗਵਾਉਣ ਵਾਲੇ ਡਾਕਟਰਾਂ ਦੀ ਗਿਣਤੀ ਦਾ ਕੋਈ ਅੰਕੜਾ ਨਹੀਂ ਸੀ।
       ਖੋਜੀ ਵਤੀਰੇ ਕਾਰਨ ਮਨੁੱਖ ਬਿਮਾਰੀ ਦਾ ਕਾਰਨ, ਇਲਾਜ ਅਤੇ ਬਚਾਅ ਲੱਭਣ ਵਿਚ ਲਗ ਪਏ। ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ ਨੇ ਵੱਡੇ ਪੱਧਰ ‘ਤੇ ਸਮਾਜ ਵਿਚ ਚੇਤਨਾ ਫੈਲਾਉਣ ਵਿਚ ਸਹਾਇਤਾ ਕੀਤੀ। ਨਤੀਜੇ ਵਜੋਂ ਅਸੀਂ 100 ਸਾਲ ਪਹਿਲਾਂ ਸਪੈਨਿਸ਼ ਫਲੂ ਦੇ ਮੁਕਾਬਲੇ ਮੌਤਾਂ ਦੀ ਗਿਣਤੀ ਨੂੰ ਕਾਫ਼ੀ ਹੱਦ ਤੱਕ ਘਟਾਉਣ ਵਿਚ ਕਾਮਯਾਬ ਹੋਏ ਹਾਂ। ਸ਼ੁਰੂ ਵਿਚ ਲੋਕਾਂ ਨੂੰ ਮਾਸਕ ਪਹਿਨਣਾ ਮੁਸ਼ਕਲ ਲੱਗ ਰਿਹਾ ਸੀ, ਪਰ ਸਮੇਂ ਦੇ ਬੀਤਣ ਨਾਲ ਉਨ੍ਹਾਂ ਨੂੰ ਇਸਦੀ ਆਦਤ ਪੈ ਗਈ। ਪਰ ਬਾਅਦ ਵਿਚ ਲੰਮੇ ਸਮੇਂ ਪਿੱਛੋਂ ਉਹ ਅੱਕ ਗਏ ਹਨ ਅਤੇ ਸਾਵਧਾਨੀ ਵਰਤਣੀ ਘਟਾ ਦਿੱਤੀ ਹੈ। ਜਨ ਸਿਹਤ ਮਾਹਿਰਾਂ ਨੂੰ ਇਹ ਵਿਚਾਰਨ ਅਤੇ ਅਧਿਐਨ ਕਰਨਾ ਜ਼ਰੂਰੀ ਹੈ ਕਿ ਦਿੱਲੀ ਬਾਰਡਰ ਦੇ ਆਸਪਾਸ ਬੈਠੇ ਲੱਖਾਂ ਕਿਸਾਨ ਜੋ ਮਾਸਕ ਨਹੀਂ ਵਰਤ ਰਹੇ, ਦੇ ਵਿਚ ਕੋਵਿਡ ਨਹੀਂ ਹੈ। ਇਸੇ ਤਰ੍ਹਾਂ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿਚ ਰਹਿਣ ਵਾਲੇ ਗਰੀਬ ਲੋਕਾਂ ਵਿਚ ਆਰਥਿਕ ਪੱਖੋਂ ਬਿਹਤਰ ਸਥਿਤੀ ਵਿਚ ਲੋਕਾਂ ਦੇ ਮੁਕਾਬਲੇ ਬਹੁਤ ਘੱਟ ਗਿਣਤੀ ਵਿਚ ਕੋਵਿਡ ਫੈਲਿਆ।

ਸੰਪਰਕ : 94170-00360