8-ਮਾਰਚ ਕੌਮਾਂਤਰੀ ਦਿਵਸ ‘ਤੇ : ਇਸਤਰੀ ਬੰਦ ਖਲਾਸੀ ਲਈ  ਸੰਘਰਸ਼ ਜ਼ਰੂਰੀ - ਰਾਜਿੰਦਰ ਕੌਰ ਚੋਹਕਾ

ਜਦੋਂ ਤੋਂ ਹੀ ਇਸ ਮਨੁੱਖੀ ਸਮਾਜ ਅੰਦਰ ਮਨੁੱਖ ਨੇ ਉਤਪਾਦਿਕ ‘ਚ ਵਾਧਾ ਕਰਨ ਦਾ ਸਫ਼ਰ ਸ਼ੁਰੂ ਕੀਤਾ, ਕੁਦਰਤ ਸਮਾਜ ਅਤੇ ਸੋਚ ਦੀਆਂ ਧਾਰਨਾਵਾਂ ਵੀ ਵਿਕਸਤ ਹੋਣੀਆਂ ਸ਼ੁਰੂ ਹੋ ਗਈਆਂ। ਜਿਨ੍ਹਾਂ ਨੇ ਅੱਗੋਂ ਆਰਥਿਕ ਰਿਸ਼ਤਿਆਂ ਨੂੰ ਜਨਮ ਦਿੱਤਾ। ਖੇਤੀ ਦੀ ਸੂਝ ਨਾਲ ਹੀ ਮਨੁੱਖੀ ਸਮਾਜ ਅੰਦਰ ਆਰਥਿਕਤਾ ਅਧਾਰਿਤ ਸਮਾਜ ਇਸ ਰਾਹ ਤੇ ਤੁਰ ਪਿਆ। ਸਮਾਜਿਕ ਤਬਦੀਲੀਆਂ ਅੰਦਰ ਹੀ ‘ਇਕ ਔਰਤ ਅਤੇ ਇਕ ਮਰਦ` ਦੀ ਸਾਂਝ ਨੇ ਹੀ ਇਕ ਪ੍ਰਵਾਰ ਰੂਪੀ ਸਮਾਜਿਕ ਜੀਵਨ ਨੂੰ ਜਨਮ ਦਿੱਤਾ। ਹੌਲੀ ਹੌਲੀ ਮਾਤਰੀ ਸਮਾਜ ਦੀ ਥਾਂ, ਪਿਤਰੀ ਸਮਾਜ ਹੋਂਦ ‘ਚ ਆਉਂਦਾ ਗਿਆ ਤੇ ਮਜ਼ਬੂਤ ਹੁੰਦਾ ਗਿਆ। ਆਰਿਥਕ ਅਧਿਕਾਰਾਂ ਤੋਂ ਵਿਰਵੀ ਹੋਈ ਇਸਤਰੀ, ਪਹਿਲਾਂ ‘ਸਮਾਜਿਕ ਅਧਿਕਾਰਾਂ ਅਤੇ ਫਿਰ ਨਿੱਜੀ ਅਧਿਕਾਰਾਂ` ਤੋਂ ਵੀ ਵੰਚਿਤ ਹੁੰਦੀ ਗਈ। ਆਖਰ ਜਿਸਮਾਨੀ ਤੌਰ ਤੇ ਉਹ ਮਰਦ ‘ਪ੍ਰਧਾਨ ਸਮਾਜ ਦੀ ਗੁਲਾਮ` ਹੁੰਦੀ ਗਈ। ਮਾਂ ਦੀ ਆਪਣੇ ਬੱਚਿਆਂ ਨਾਲ ਮੋਹ ਮਮਤਾ, ਇਸ ਲਈ ਕਿ ? ਉਸ ਨੂੰ ਯਕੀਨ ਹੈ, ਕਿ ਇਹ ਉਸ ਦੇ ਬੱਚੇ ਹਨ ? ਇਸਤਰੀ ਮਰਦ ਦੀ ਦੁਨਿਆਵੀ ਸਾਂਝ ਕਾਰਨ ਹੀ ਇਸਤਰੀ ਪ੍ਰੀਵਾਰ ਦੀ ਨਾਰੀਵਾਦੀ ਦੇ ਅਰੰਭ ਤੇ ਵਿਕਾਸ ਅੰਦਰ ਯੁੱਗ ਵਿਚਾਰਧਾਰਾਵਾਂ ਦਾ ਅਤੇ ਉਨ੍ਹਾਂ ਦੇ ਟਕਰਾਅ ਦਾ ਰਿਹਾ ਹੈ। ਜਿਸ ਕਾਰਨ ਪ੍ਰੀਵਾਰ ਅੰਦਰ ਦੋ ਰੂਪ ਧਾਰਨ ਕਰਦਾ ਗਿਆ। ਸਦੀਆਂ ਤੋਂ ਹੀ ਇਸਤਰੀ  ਨੂੰ ਇਸ ਸਮਾਜ ਅੰਦਰ ‘‘ਸਮਾਜਿਕ ਅਤੇ ਆਰਥਿਕ ਅਧਿਕਾਰਾਂ ਅੰਦਰ ਬਰਾਬਰੀ ਦੇ ਹੱਕਾਂ ਤੋਂ ਵਾਝਿਆਂ ਰੱਖਿਆ ਗਿਆ ! ਉਸ ਨੂੰ ਸਮਾਜਿਕ, ਆਰਥਿਕ ਤੇ ਰਾਜਨੀਤਕ ਖੇਤਰ ਵਿੱਚ ਅਧਿਕਾਰਾਂ ਲਈ ਜਦੋ-ਜਹਿਦ ਕਰਨੀ ਪਈ ਅਤੇ ਕਰਨੀ ਪੈ ਰਹੀ ਹੈ ! `` ਅੱਜ ! ਵੀ 21-ਵੀਂ ਸਦੀ ਵਿੱਚ ਵੀ ਇਸਤਰੀਆਂ ਨਾਲ ਇਹ ਵਿਤਕਰੇ ਜਾਰੀ ਹਨ।

        ਕਬੀਲਦਾਰੀ ਯੁੱਗ ਵਿੱਚ ਇਸਤਰੀ ਨੂੰ ਘਰ ਦੀ ਮੁੱਖੀ ਵਜੋਂ ਮੰਨਿਆ ਜਾਂਦਾ ਸੀ। ਉਸ ਨੂੰ ਘਰ ਵਿੱਚ ਅਤੇ ਸਮਾਜ ਵਿੱਚ ਵੀ ਹਰ ਥਾਂ ਸਨਮਾਨ ਯੋਗ ਅਸਥਾਨ ਪ੍ਰਾਪਤ ਸੀ। ਪ੍ਰਤੂੰ ਗੁਲਾਮ ਦਾਰੀ ਯੁੱਗ ਇਸਤਰੀ ਗੁਲਾਮਾਂ ਵਾਂਗੂੰ ਵਿਚਰਦੇ ਹੋਏ, ਜਾਗੀਰਦਾਰੀ ਯੁੱਗ ਵਿੱਚ ਇਕ ਐਸ਼ੋ-ਇਸ਼ਰਤ ਦੀ ਵਸਤੂ ਬਣਾ ਦਿੱਤੀ ਗਈ ਅਤੇ ਅੱਜ ! ਸਰਮਾਏਦਾਰੀ ਸਿਸਟਮ ਵਿੱਚ ਉਸ ਦੀ ਲੁੱਟ-ਚੋਂਘ ਹੋਰ ਵੀ ਵੱਧ ਗਈ ਹੈ। ਸਮਾਜਿਕ ਸੁਧਾਰਕਾਂ, ਧਾਰਮਿਕ ਆਗੂਆਂ ਤੇ ਨੀਤੀਵਾਨ ਆਗੂਆਂ ਨੇ ਭਾਵੇਂ ! ਇਸਤਰੀਆਂ ਤੇ ਹੋ ਰਹੇ ਜ਼ੁਲਮਾਂ ਦੇ ਵਿਰੁੱਧ ਅਵਾਜ਼ ਉਠਾਈ ਹੈ ; ਪ੍ਰਤੂੰ ! ਵਿਡੰਬਨਾ ਇਹ ਹੈ, ‘ਕਿ ਅਜ੍ਹੇ ਤੱਕ ਵੀ ਇਸਤਰੀਆਂ ਨਾਲ ਘੋਰ ਬੇਇਨਸਾਫ਼ੀਆਂ ਜਾਰੀ ਹਨ। ਅੱਜ ! 21-ਵੀਂ ਸਦੀ ਵਿੱਚ ਦਾਖਲ ਹੋ ਗਏ ਹਾਂ, ਪਰ ! ਅਣਜੰਮੀਆਂ ਬੱਚੀਆਂ ਨੂੰ ਮਾਂ ਦੀ ਕੁੱਖ ਵਿੱਚ ਹੀ ਮਾਰਿਆ ਜਾ ਰਿਹਾ ਹੈ।

        ਭਾਵੇਂ ! ਭਾਰਤ ਦੇ ਸੰਵਿਧਾਨ ਵਿੱਚ ਇਸਤਰੀਆਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿੰਦੇ ਹੋਏ, ਇਨ੍ਹਾਂ ਅਧਿਕਾਰਾਂ ਵਿੱਚ ਸਪਸ਼ਟ ਤੌਰ ਤੇ ਇਹ ਵੀ ਲਿੱਖਿਆ ਗਿਆ ਹੈ; ‘‘ਕਿ ਰਾਜ ਸਰਕਾਰਾਂ ਕਿਸੇ ਵੀ ਵਿਅਕਤੀ ਦੇ ਨਾਲ ਰੰਗ, ਨੱਸਲ, ਲਿੰਗ ਦੇ ਅਧਾਰ ਤੇ ਭਿੰਨ-ਭੇਦ ਨਹੀਂ ਕਰਨਗੀਆਂ, ਪ੍ਰਤੂੰ ! ਵਿੱਦਿਆ ਦੇ ਦਰ ਖੁਲ੍ਹਣ ਬਾਦ, ‘‘ਸ਼ਹਿਰੀਕਰਨ ਅਤੇ ਸਨਅਤੀ ਕਰਨ`` ਹੋਣ ਬਾਦ, ਅਜ਼ਾਦੀ ਦੇ -73 ਸਾਲ ਬੀਤ ਜਾਣ ਤੇ ਅੱਜ ! ਵੀ ਭਾਰਤੀ ਇਸਤਰੀ ‘‘ਸਮਾਜਿਕ,ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਤੌਰ ਤੇ ਪੱਛੜੀ ਹੋਈ ਹੈ।`` ਦੁੱਨੀਆਂ ਅੰਦਰ ਆਰਥਿਕ ਸ਼ਕਤੀ ਕਹਿਲਾਉਣ ਵਾਲੇ ਭਾਰਤ ਦੇਸ਼ ਵਿੱਚ ਅਜੇ ਵੀ ਸਮਾਜ ਅੰਦਰ ਇਸਤਰੀ ਨੂੰ ਦੂਜੇ ਦਰਜੇ ਦੀ ਨਾਗਰਿਕ ਹੀ ਸਮਝਿਆ ਜਾ ਰਿਹਾ ਹੈ।

        ਇਸਤਰੀ ਦੀ ਮੁਕਤੀ ਦੇ ਸੰਘਰਸ਼ਾਂ ਦੀ ਜਦੋਂ-ਜਹਿਦ ਦਾ ਬਹੁਤ ਹੀ ਲੰਬਾ ਤੇ ਪੁਰਾਣਾ ਇਤਿਹਾਸ ਹੈ। ‘‘-1789 ਦੇ ਫਰਾਂਸ`` ਵਿੱਚ ਪਹਿਲੇ ਇਨਕਲਾਬ ਸਮੇਂ ਅਤੇ ਫਿਰ ‘‘1848 ਦੇ ਪੈਰਿਸ ਕਮਿਊਨ`` ਵੇਲ ਇਸਤਰੀਆਂ ਦੇ ‘ਬਰਾਬਰ ਦੀ ਮੰਗ` ਉਭਰੀ ਸੀ। -1848 ਨੂੰ ਪੈਰਿਸ ਵਿੱਚ ਪਹਿਲੇ ਸਰਵਹਾਰਾ ਇਨਕਲਾਬ ਨੇ ਇਸਤਰੀਆਂ ਨੂੰ ਉਤਸ਼ਾਹਿਤ ਕਰ ਦਿੱਤਾ। ਇਸ ਇਨਕਲਾਬ ਅੰਦਰ ਬਹਾਦਰ ਇਸਤਰੀਆਂ ਵਿਚੋਂ ਇਕ ਸੀ ਬਹਾਦਰ ਇਸਤਰੀ ‘‘ਲੂਈ ਮਿਸ਼ੇਲ`` ਜਿਸ ਨੇ ਇਸ ਇਨਕਲਾਬ ਦੀ ਜਿੱਤ ਵਿੱਚ ਮੋਹਰੀ ਰੋਲ ਅਦਾ ਕੀਤਾ। ‘‘ਐਲਿਜ਼ਾਬੈਥ ਕੈਂਡੀ ਸਟੈਨ ਟਨ ਅਤੇ ਲੁਕੇਸ਼ੀਆ ਕਫ਼ਿਨ ਮੋਟ ਨੇ ਫ਼ਰਾਂਸ`` ਅਤੇ ‘‘ਸੇਨੇਕਾ ਫਾਲਸ ਨੇ ਨਿਊਯਾਰਕ`` ਅੰਦਰ ਇਸਤਰੀਆਂ ਦੇ ਅਧਿਕਾਰਾਂ ਲਈ ਸਭ ਤੋਂ ਪਹਿਲਾਂ ਅਵਾਜ਼ ਉਠਾਈ। -‘‘1888 ਨੂੰ ਕੌਮਾਂਤਰੀ ਇਸਤਰੀ ਕੌਂਸਲ`` ਦੀ ਸਥਾਪਨ੍ਹਾ ਕੀਤੀ ਗਈ ਅਤੇ -1904 ਨੂੰ ਪਹਿਲੀ ਵਾਰ ‘‘ਕੌਮਾਂਤਰੀ ਇਸਤਰੀ ਮੱਤ ਅਧਿਕਾਰ ਗਠ-ਜੋੜ`` ਬਣਿਆ।        ਭਾਵੇ! 20-ਵੀਂ ਸਦੀ ਵਿੱਚ ਵੀ ਕੁਝ ਧਾਰਮਿਕ ਸੁਧਾਰਵਾਦੀ, ਅਧਿਆਤਮਵਾਦੀ ਅਤੇ ਸੰਕੀਰਨਤਾਵਾਦੀ ਕੌਮਪ੍ਰਸਤ ਗਰੁੱਪਾ ਵਲੋਂ ਵੀ ਇਸਤਰੀਆਂ ਦੇ ਹੱਕ ਵਿੱਚ ਅਵਾਜ਼ ਉਠਾਈ ਗਈ ! ਪਰ ! ਉਨ੍ਹਾਂ ਸਾਰਿਆਂ ਦੀ ਮਨਛਾ, ‘‘ਇਸਤਰੀਆਂ ਨੂੰ ਹਕੀਕੀ ਅਜ਼ਾਦੀ ਨੂੰ ਤੋਂ ਦੂਰ ਰੱਖ ਕੇ ਸੁਧਾਰਵਾਦੀ ਘੇਰਿਆਂ ਵਿੱਚ ਹੀ ਕੈਦ ਰੱਖਣਾ ਸੀ।`` ਪੈਰਿਸ ਕਮਿਊਨ ਦੌਰਾਨ ਇਸਤਰੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਇਸ ਮੰਗ ਨੂੰ ਲੈ ਕੇ ਫਰਾਂਸ ਦੀ ਇਕ ਉੱਘੀ ਜੁਝਾਰੂ ਇਸਤਰੀ ਆਗੂ ਨੇ ਕਿਹਾ ਸੀ, ‘‘ਕਿ, ਜੇਕਰ ਇਸ ਸਮਾਜ ਅੰਦਰ ਇਸਤਰੀਆਂ ਨੂੰ ਜਲਾਦ ਦੀ ਛੁਰੀ ਹੇਠ ਮਰਨ ਦਾ ਹੱਕ ਹੈ, ਤਾਂ !  ਉਨ੍ਹਾਂ ਨੂੰ ‘‘ਸਮਾਜਿਕ ਬੇ-ਇਨਸਾਫ਼ੀ ਤੇ ਜ਼ੁਲਮਾ ਦੇ ਵਿਰੁਧ ਬੋਲਣ ਦਾ ਅਧਿਕਾਰ`` ਵੀ ਹੋਣਾ ਚਾਹੀਦਾ ਹੈ ?`` ‘‘ਇਹ ਮਹਾਨ ਇਸਤਰੀ ਖੁੱਦ ਵੀ ਫਰਾਂਸ ਦੀ ਮਜ਼ਦੂਰ ਜਮਾਤ ਲਈ ਬੜੀ ਬਹਾਦਰੀ ਨਾਲ ਲੜਦੀ ਹੋਈ ਫਾਂਸੀ ਤੇ ਚੜੀ ਸੀ। ਇਨ੍ਹਾਂ ਸ਼ਹਾਦਤਾਂ ਸਦਕਾ ਹੀ ਅਗੋਂ ਸੰਸਾਰ ਅੰਦਰ ਇਸਤਰੀਆਂ ਦੇ ਹੱਕਾਂ-ਹਿੱਤਾ ਲਈ ਜੂਝਣ ਵਾਸਤੇ ‘‘ਇਸਤਰੀ ਲਹਿਰਾਂ`` ਨੂੰ ਜਨਮ ਦਿੱਤਾ।

        ਇਸਤਰੀਾਂ ਦੀ ਲਹਿਰ ਦਾ ਮੁੱਢ, ਭਾਵੇਂ !  -1910 ਵਿੱਚ ‘ਕੋਪਨ ਹੈ ਗਨ`` ਵਿਖੇ ਸਮਾਜਵਾਦੀ ਵਿਚਾਰਧਾਰਾ ਵਾਲੀਆਂ ਇਸਤਰੀਆਂ ਦੀ ਦੂਸਰੀ ਕੌਮਾਂਤਰੀ ਕਾਨਫਰੰਸ ਜਿਸ ਦੀ ਨਿਧੜਕ ਆਗੂ ‘‘ਕਲਾਰਹ ਜੈਟਕਿਨ`` ਸੀ ਦੁਰਾਨ ਬਝਿਆ। ਕਾਨਫਰੰਸ ਵੱਲੋਂ 8-ਮਾਰਚ 1911 ਨੂੰ ਦੁੱਨੀਆਂ ਭਰ ਵਿੱਚ ‘‘ਇਸਤਰੀ ਦਿਵਸ`` ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ। ਅੱਜ ਤੋਂ -164 ਸਾਲ ਪਹਿਲਾ, ਇਤਿਹਾਸਕ ਪੱਖੋਂ -8 ਮਾਰਚ 1857 ਵਿੱਚ ਅਮਰੀਕਾ ਵਿਖੇ ਸੂਤੀ ਮਿਲਾਂ ਵਿੱਚ ਕੰਮ ਕਰਦੀਆਂ ਇਸਤਰੀ ਕਾਮਿਆਂ ਵੱਲੋਂ -16 ਘੰਟੇ ਦੀ ਦਿਹਾੜੀ ਘਟਾ ਕੇ 10-ਘੰਟੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਗਿਆ ਸੀ। ਅਮਰੀਕਾ ਦੇ ਸ਼ਹਿਰ ‘ਮਨਹਟਨ` ਵਿਖੇ ਸੂਈਆਂ ਦੇ ਕਾਰਖਾਨੇ ਵਿੱਚ ਕੰਮ ਕਰਦੀਆਂ ਕਾਮਾਂ ਇਸਤਰੀਆਂ ਨੇ ਆਪਣੇ ਕੰਮ ਦੇ ਘੰਟਿਆਂ ਨੂੰ 10 ਘੰਟੇ ਕਰਨ ਲਈ ਹੜਤਾਲ ਕੀਤੀ ਸੀ ਅਤੇ ਸਾਰੇ ਸ਼ਹਿਰ ਵਿੱਚ ਇਸਤਰੀ ਕਾਮਿਆਂ ਨੇ ਚੱਕਾ ਜਾਮ ਕਰ ਦਿੱਤਾ ਸੀ। ਇਸ ਇਤਿਹਾਸਕ ਘਟਨਾ ਦੀ ਯਾਦ ਵਿੱਚ ਇਹ ਦਿਨ ਦੁੱਨੀਆਂ ਭਰ ਵਿੱਚ ਇਸਹਤਰੀਆਂ ਨਾਲ ਇਕ ਮੁਠਤਾ ਵਜੋਂ ਮਨਾਇਆ ਜਾਂਦਾ ਹੈ। ਇਸਤਰੀਆਂ ਦੇ ਇਨ੍ਹਾਂ ਸੰਘਰਸ਼ਾਂ ਦੇ ਸਦਕਾ ਹੀ ਕੌਮਾਂਤਰੀ ਪੱਧਰ ਤੇ ਇਸਤਰੀ ਲਹਿਰਾਂ ਅੱਗੇ ਝੁਕਦੇ ਹੋਏ ‘-1967 ਨੂੰ ਸੰਯੁਕਤ ਰਾਸ਼ਟਰ` ਵਲੋਂ ਇਸਤਰੀਆਂ ਨਾਲ ਹੋ ਰਹੇ ਹਰ ਤਰ੍ਹਾਂ ਦੇ ਵਿਤਕਰੇ, ਜੋ ਬਰਾਬਰ ਦੇ ਅਧਿਕਾਰਾਂ ਦੀ ਉਲੰਘਣਾ ਕਰਦੇ ਸਨ ਉਨ੍ਹਾਂ ਵਿਰੁੱਧ ਇਕ ਮੱਤਾ ਪਾਸ ਕਰਕੇ ਸਾਰੇ ਮੈਂਬਰ ਦੇਸ਼ਾਂ ਨੂੰ, -‘8ਮਾਰਚ -1975 ਤੋਂ ਲੈ ਕੇ -1985 ਤੱਕ ਇਕ ਦਹਾਕਾ ਇਸਤਰੀ ਦਿਵਸ, ਇਸਤਰੀਆਂ ਲਈ ਬਰਾਬਰਤਾ, ਉਨੱਤੀ ਅਤੇ ਅਮਨ ਦੇ ਨਾਅਰੇ ਹੇਠ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ। ਇਸ ਐਲਾਨਨਾਮੇਂ ਦੇ -46 ਸਾਲ ਬੀਤਣ ਬਾਦ ਵੀ ਇਸਤਰੀਆਂ ਦੀ ਦਸ਼ਾ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ।

        ਦੁੱਨੀਆਂ ਅੰਦਰ ਇਸਤਰੀਆਂ ਦ ਹੱਕਾਂ ਹਿਤਾਂ ਦੀ ਰਾਖੀ ਲਈ ਸਮੇਂ-ਸਮੇਂ ਤੇ ਕਈ ਕਾਨਫਰੰਸਾਂ ਵੀ ਹੋਈਆਂ। ‘‘ਪ੍ਰਿਥਵੀ ਸਿਖਰ ਸੰਮੇਲਨ, ਰੀਓ-ਡੀ-ਜੇਨੋਰੋ-1992,`` ‘‘ਮਨੁੱਖੀ ਅਧਿਕਾਰ ਵਿਆਨਾ-1993,`` ‘‘ਜਨਸੰਖਿਆ ਕਾਹਿਰਾ-1994``, ‘‘ਸਮਾਜਿਕ ਵਿਕਾਸ ਕੋਪਨ ਹੈਰਾਨ-1995``, ‘‘ਬੀਜਿੰਗ ਕਾਨਫਰੰਸ ਸਤੰਬਰ-1995,`` ‘‘5 ਤੋਂ 9 ਜੂਨ 2000 ਤੱਕ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਪੰਜਵਾਂ ਸੰਮੇਲਨ, ‘‘2005 ਵਿੱਚ ਕੀਨੀਆਂ  ਵਿਖੇ ਹੋਈ ਕਾਨਫਰੰਸ ਅਤੇ ਪ੍ਰਮੁੱਖ ਰਾਸ਼ਟਰੀ ਸੰਮੇਲਨਾ ਦੌਰਾਨ ਕਈ ਵਾਰ ਅਵਾਜ਼ਾ ੳੁੱਠੀਆਂ।`` -1 ਜੂਨ ਤੋਂ -18 ਜੂਨ ਤੱਕ -2010 ਨੂੰ ਜਨੇਵਾ ਵਿਖੇ  ਹੋਈ ਕਾਨਫਰੰਸ ਵਿੱਚ ਵੀ ਇਹਸਤਰੀਆਂ ਨਾਲ ਸਬੰਧਿਤ ਮਸਲਿਆਂ ਨੂੰ ਉਠਾਇਆ ਗਿਆ। -1975  ਤੋਂ ਲੈ ਕੇ ਹੁਣ ਤੱਕ (2021 -ਤਕ) ਅਲੱਗ-ਅਲੱਗ ਹੋਈਆਂ ਕਾਨਫਰੰਸਾਂ ਵਿੱਚ ਸੰਸਾਰ ਭਰ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਇਸਤਰੀਆਂ ਦੀਆਂ ਪ੍ਰਤੀਨਿਧਾਂ ਵਜੋਂ ਪ੍ਰਭਾਵਸ਼ਾਲੀ ਢੰਗ ਦੇ ਨਾਲ ਆਪਣੇ-ਆਪਣੇ  ਭਾਸ਼ਨਾਂ ਰਾਂਹੀ ਇਸਤਰੀਆਂ ਨਾਲ ਹੁੰਦੇ ਮਨੁੱਖੀ ਅਧਿਕਾਰਾਂ ਦੇ ਹਿਰਦੇ  ਵੇਧਿਕ ਵਿਥਿਆਵਾ ਨੂੰ ਦੁੱਨੀਆਂ ਦੇ ਕੋਨੇ-ਕੋਨੇ ‘ਚ ਪਹੰੁਚਾਇਆ। ਪਰ ! ਇਸਤਰੀਆਂ ਦੀ ਦਸ਼ਾ ਵਿੱਚ ਕੋਈ ਬਹੁਤਾ ਸੁਧਾਰ ਨਹੀ ਹੋਇਆ ਹੈ।

        1911 ਤੋਂ ਲੈ ਕੇ ਹੁਣ ਤੱਕ (2021) ਪਿਛਲੇ 110 ਸਾਲਾਂ ਵਿੱਚ ਕੌਮਾਂਤਰੀ ਇਸਤਰੀ ਲਹਿਰ ਨੇ ਦੁੱਨੀਆਂ ਦੀਆਂ ਇਸਤਰੀਆਂ ਨੂੰ ਕਾਫੀ ਪ੍ਰਭਾਵਿਤ ਕੀਤਾ। ਜਿਸ ਦਾ ਅਸਰ ਸਾਡੇ ਦੇਸ਼ ਭਾਰਤ ਤੇ ਪੈਣਾ ਵੀ ਲਾਜ਼ਮੀ ਸੀ। ‘‘ਵਿਸ਼ਵ ਬੈਂਕ ਦੀ ਸਰਵੇਖ਼ਣ ਰੀਪੋਰਟ (7-ਅਗਸਤ 2020) ਮੁਤਾਬਿਕ ਇਸਤਰੀ ਕਾਮਿਆਂ ਤੋਂ ਕੰਮ ਕਰਾਉਣ ਦੇ ਮਾਮਲੇ ਵਿੱਚ -190 ਦੇਸ਼ਾਂ ਦੀ ਸੂਚੀ ਵਿਚੋਂ ਭਾਰਤ 177-ਵੇਂ ਸਥਾਨ ਤੇ ਹੈ। ਜੋ ਬਹੁਤ ਹੀ ਚਿੰਤਾਜਨਕ ਹੈ। ਪਿਛਲੇ 15 ਸਾਲਾਂ ਤੋਂ ਭਾਰਤ ‘ਚ ਇਸਤਰੀ ਕਾਮਿਆਂ ਦੀ ਗਿਣਤੀ ਘਟਦੀ ੀਜਾ ਰਹੀ ਹੈ। ਸਾਲ -2005 ਵਿੱਚ 26.4 ਫੀ-ਸਦ ਇਸਤਰੀ ਕਾਮੇ ਸਨ ਤੇ 190 ਦੇਸ਼ਾਂ ਦੀ ਸੂਚੀ ਵਿਚੋਂ ਭਾਰਤ 168-ਵੇਂ ਸਥਾਨ ਤੇ ਸੀ। ਸਾਲ-2010 ‘ਚ ਇਸਤਰੀ ਕਾਮਿਆਂ ਦੀ ਗਿਣਤੀ 23-ਫੀ-ਸਦ ਸੀ ਜੋ 174-ਵੇਂ ਸਥਾਨ ਤੇ ਆ ਗਈ। ਵਿਸ਼ਵ ਭਰ ਵਿੱਚ ਇਸਤਰੀ ਕਾਮੇ 38.9ਫੀ-ਸਦ ਪਾਏ ਗਏ। ਜਦਕਿ ਭਾਰਤ ‘ਚ 20.1 ਫੀ-ਸਦ, ਚੀਨ ‘ਚ 43.7 ਫੀ-ਸਦ, ਅਫ਼ਗਾਨਿਸਤਾਨ 21.4 ਫੀ-ਸਦ (ਭਾਰਤ ਨਾਲੋ ਬਿਹਤਰ) ਪਾਕਿਸਤਾਨ 20.3 ਫੀ-ਸਦ ਨੇਪਾਲ 55.7 ਫੀ-ਸਦ, ਸ਼੍ਰੀ ਲੰਕਾ 34.7 ਫੀ-ਸਦ ਅਤੇ ਬੰਗਲਾ ਦੇਸ਼ 30.5 ਫੀ-ਸਦ ਇਸਤਰੀ ਕਾਮੇ ਸਨ। ਭਾਵ! ਇਹ ਦੇਸ਼ ਇਸਤਰੀ ਕਾਮਿਆਂ ਨੂੰ ਰੁਜ਼ਗਾਰ ਦੇਣ ‘ਚ ਭਾਰਤ ਨਾਲੋਂ ਮੋਹਰੀ ਹਨ।

        ਇਕ ਹੋਰ ਸਰਵੇਖਣ ਮੁਤਾਬਿਕ ਸੰਸਾਰ ਮੰਦੀ ਦੇ ਇਸ ਦੌਰ ਨੇ ਇਸਤਰੀਆਂ ਨੂੰ ਰੁਜ਼ਗਾਰ ਲਈ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਉਸ ਨੂੰ ਅਣਸੁਖਾਵੇਂ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਆਪਣੀ ਆਰਥਿਕਤਾ ਨੂੰ ਬਿਹਤਰ ਬਨਾਉਣ ਲਈ ਜਿਥੇ ਘਰੋਂ ਬਾਹਰ ਜਾ ਕੇ ਵੀ ਕੰਮ ਕਰਨਾ ਪੈਂਦਾ ਹੈ, ਉੱਥੇ ਘਰੇਲੂ ਕੰਮਾਂ ਵਿੱਚ ਵੀ ਉਸ ਦੀ ਭਾਗੀਦਾਰੀ ਮਰਦ ਨਾਲੋਂ ਵੱਧ ਹੁੰਦੀ ਹੈ। ਏਨੀ ਮੁਸ਼ਕਤ ਕਰਨ ਦੇ ਬਾਵਜੂਦ ਵੀ ਉਸ ਨੂੰ ਘਰ-ਬਾਰ, ਜਮੀਨ-ਜਾਇਦਾਦ ਅਤੇ ਸਮਾਜਕ ਰੁਤਬੇ ਅੰਦਰ ਬਰਾਬਰ ਦਾ ਅਧਿਕਾਰ ਨਹੀਂ ਮਿਲ ਰਿਹਾ ਹੈ। ਭਾਰਤ ਦੀ ਖੇਤੀ ਵਿਕਾਸ ਵਿੱਚ ਇਸਤਰੀ ਦੀ ਭੂਮਿਕਾ ਅਹਿਮ ਹੈ। ਇਸ ਸਮੇਂ ਦੇਸ਼ ਦੇ 6.4 ਲੱਖ ਪਿੰਡਾਂ ਵਿੱਚ ਤਕਰੀਬਨ  60 ਤੋਂ 65-ਫੀ-ਸਦ ਅਬਾਦੀ ਖੇਤੀ ਤੇ ਅਧਾਰਿਤ ਹੈ। -2015-16 ਦੇ ਸਰਵੇਖਣ ਮੁਤਾਬਿਕ ਦੇਸ਼ ‘ਚ 145 ਮਿਲੀਅਨ ਪ੍ਰੀਵਾਰ ਹਨ। ਦੁੱਨੀਆਂ ਭਰ ਵਿੱਚ 900 ਮਿਲੀਅਨ ਇਸਤਰੀਆਂ ਖੇਤੀ ਦੇ ਧੰਦਿਆਂ ਨਾਲ ਸਿੱਧਾ ਖੇਤੀ ਨਾਲ ਜੁੜੀਆਂ ਹੋਈਆਂ ਹਨ। ਭਾਰਤ ‘ਚ 80-ਫੀ-ਸਦ ਇਸਤਰੀਆਂ ਕਿਸੇ ਨਾ ਕਿਸੇ ਤਰ੍ਹਾਂ ਖੇਤੀ ਨਾਲ ਜੁੜੀਆਂ ਹਨ। ਪ੍ਰਤੂੰ ਸਭ ਤੋਂ ਵੱਧ ਹੈਰਾਨੀ ਵਾਲਾ ਤੱਥ ਇਹ ਹੈ, ‘ਕਿ ਜ਼ਮੀਨ ਤੇ ਮਾਲਿਕਾਨਾ ਅਧਿਕਾਰ ਅੰਦਰ ਇਸਤਰੀਆਂ ਦਾ ਸਿਰਫ਼ 13.87 ਫੀ-ਸਦ ਹਿੱਸਾ ਬਣਦਾ ਹੈ! -2018 ਦੇ ਅੰਕੜਿਆ ਮੁਤਾਬਿਕ ਇਸਤਰੀ ਕਿਰਤੀਆਂ ਦਾ ਮਾਲਿਕਾਨਾ ਅਧਿਕਾਰ ਸਿਰਫ-2ਫੀ-ਸਦ ਹੀ ਹੈ। ਕਿਸਾਨ ਪ੍ਰੀਵਾਰਾਂ ਨਾਲ ਸਬੰਧਤ 86-ਫੀ-ਸਦ ਇਸਤਰੀਆਂ ਜਮੀਨ ਦੇ ਅਧਿਕਾਰ ਤੋਂ ਵਾਂਝੀਆਂ ਹਨ। 98-ਫੀ-ਸਦ ਖੇਤ ਮਜ਼ਦੂਰ ਇਸਤਰੀਆਂ ਨੂੰ ਕੋਈ ਵੀ ਮਾਲਕਿਨਾ ਅਧਿਕਾਰ ਨਹੀਂ ਹੈ। ਇਨ੍ਹਾਂ ਵਿਚੋਂ 81-ਫੀ-ਸਦ ਇਸਤਰੀਆਂ ਅਨੁਸੂਚਿਤ ਜਾਤੀਆਂ ਅਤੇ ਆਦਿਵਾਸੀਆਂ ਨਾਲ ਸਬੰਧ ਰੱਖਦੀਆਂ ਹਨ। ਗੱਲ ਕੀ ? ਇਸਤਰੀਆਂ ਵੱਲ ਖੇਤੀ ਦੇ ਖੇਤਰ, ‘ਚ ਅਹਿਮ ਭੂਮਿਕਾ ਨਿਭਾਉਣ ਦੇ ਬਾਵਜੂਦ ਵੀ, ਉਹ ‘‘ਜਾਇਦਾਦ ਦੇ ਅਧਿਕਾਰ ਤੋਂ ਵਿਰਵੀਆਂ ਹਨ।`` ਘਰਾਂ ਦੇ ਕੰਮ ਕਰਨ ਤੋਂ ਬਾਦ ਝਾੜੂ ਪੋਚਾ, ਬਰਤਨ ਸਾਫ ਕਰਨਾਂ, ਘਰ ਦੀ ਸਫਾਈ, ਬੱਚਿਆਂ, ਬਜ਼ੁਰਗਾਂ ਦੀ ਦੇਖ ਭਾਲ, ਬੱਚਿਆਂ ਨੂੰ ਸਕੂਲ ਭੇਜਣਾ, ਪਸ਼ੂਅ ਦੀ ਦੇਖਭਾਲ, ਕਰਨ ਤੋਂ ਬਾਦ ਖੇਤੀ ਦੇ ਧੰਦਿਆਂ ਵਿੱਚ ਵੀ ਮਰਦ ਨਾਲ ਹੱਥ ਵਟਾਉਂਦੀਆਂ ਹਨ। ਫਸਲ ਦੀ ਬਿਜਾਈ ਕਟਾਈ ਦੀ ਦੇਖਭਾਲ ਵੀ ਕਰਦੀ ਹੈ। ਜ਼ਮੀਨ ਜਾਇਦਾਦ ਆਪਣੇ ਨਾਂ ਹੋਣ ਦੇ ਬਾਵਜੂਦ ਵੀ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਹੈ।

        ਅੱਜ ! ਦੀ ਇਸਤਰੀ ਮਰਦ ਪ੍ਰਧਾਨ ਸਮਾਜ ਅੰਦਰ ਮਰਦ ਦੇ ਬਰਾਬਰ ਦਾ ਰੁਤਬਾ ਰੱਖਣ ਵਾਲੀ ਜੋ ਭਾਵੇਂ ਦੇਸ਼ ਦੇ ਵਿਕਾਸ ਵਿੱਚ ਪੂਰਨ ਰੂਪ ਨਾਲ ਯੋਗਦਾਨ ਪਾਉਂਦੀ ਹੈ। ਪਰ ! ਜਾਇਦਾਦ ਦੀ ਵਿਰਾਸਤ ਦਾ ਹੱਕ ਲੈਣ ਲਈ ਸਮਾਜਿਕ ਰੀਤੀ ਰਿਵਾਜਾਂ ਅਧੀਨ ਵਿਆਹਾਂ ਦੇ ਨਰੜ ਵਿਰੁੱਧ ਵਿਆਹ ਤੇ ਤਲਾਕ ਸਬੰਧੀ ਕਾਨੂੰਨਾਂ ਨੂੰ ਲਾਗੂ ਕਰਾਉਣ ਲਈ ਬੇ-ਵਸ ਹੈ। ਘਰੇਲੂ ਹਿੰਸਾ, ਦਾਜ ਦਹੇਜ਼, ਭਰੂਣ ਹੱਤਿਆ (ਟੈਸਟ), ਗੁੰਡਾਗਰਦੀ, ਛੇੜ-ਛਾੜ ਅਤੇ ਬਲਾਤਕਾਰ ਵਿਰੁੱਧ ਸੰਘਰਸ਼ ਕਰਨਾ ਪੈ ਰਿਹਾ ਹੈ। ਵਿੱਦਿਆ ਸਿਹਤ ਸਹੂਲਤ ਲਈ ਅਤੇ ਬਰਾਬਰ ਦੇ ਅਧਿਕਾਰ ਲੈਣ ਲਈ ਅਜੇ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਦੇਸ਼ ਵਿੱਚ ਵੱਧ ਰਹੇ ਸੰਸਾਰੀਕਰਨ ਤੇ ਉਦਾਰੀਕਰਨ ਦੇ ਉਸ ਦੇ ਰੁਜ਼ਗਾਰ ਤੇ ਪੈ ਰਹੇ ਪ੍ਰਭਾਵਾਂ ਵਿਰੁੱਧ ਲੜਨਾ ਪੈ ਰਿਹਾ ਹੈ।

        ਪਿਛਲੇ ਦਿਨੀ ਦੇਸ਼ ਅੰਦਰ ਇਸਤਰੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। -16 ਦਸੰਬਰ-2012 ਨੂੰ ਦਾਮਨੀ ਘਟਨਾ ਤੋਂ ਬਾਦ ਇਹ ਘਟਨਾਵਾਂ ਰੁਕਣ ਦੀ ਬਜਾਏ ਤੇਜ਼ੀ ਨਾਲ ਵੱਧ ਰਹੀਆਂ ਹਨ। ਅੱਜ ! ਕੇਂਦਰ ਦੀ ਸਰਕਾਰ ਇਹੋ ਜਿਹੀਆਂ ਘਟਨਾਵਾਂ ਨੂੰ ਲੈ ਕੇ ਫਿਰਕੂ ਰੰਗਤ ਦੇ ਕੇ ਜਾਤਾਂ, ਧਰਮਾਂ, ਖਿੱਤਿਆਂ ਵਿੱਚ ਲੋਕਾਂ ਲੂੰ ਵੰਡ ਕੇ ਰਾਜਨੀਤੀ ਕਰ ਰਹੀ ਹੈ। ਦੇਸ਼ ਦੀ ਨਿਆ ਵਿਵਸਥਾ ‘ਚ ਨਿਘਾਰ ਆ ਰਿਹਾ ਹੈ। ਦਾਮਨੀ ਕੇਸ ਵਿੱਚ ‘‘ਜਸਟਿਸ ਵਰਮਾ` ਨੇ ਕਿਹਾ ਸੀ, ‘ਕਿ ਦੇਸ਼ ਅੰਦਰ ਚਾਹੇ ਅਪਰਾਧਿਕ ਵਿਰਤੀ ਵਾਲੇ ਲੋਕ ਹੋਣ, ਵਰਦੀਧਾਰੀ, ਪੁਲੀਸ ਜਾਂ ਫੌਜ਼, ਸਮਾਜ ਅੰਦਰ ਵੱਡਾ ਜਾ ਛੋਟਾ, ਰਾਜਨੀਤਕ ਲੋਕ ਕੋਈ ਵੀ ਹੋਵੇ, ਜੋ ਸੈਕਸ ਅਪਰਾਧ ਕਰਦਾ ਹੈ, ਉਸ ਵਿਰੁੱਧ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾਵਾਂ ਮਿਲਣਗੀਆਂ ਚਾਹੀਦੀਆਂ ਹਨ? ਹਥਿਆਰਬੰਦ ਫੋਰਸਾਂ ਸਬੰਧੀ, ਵਿਸ਼ੇਸ਼ ਅਧਿਕਾਰ ਕਾਨੂੰਨ ਦੀ ਮੁੜ ਸਮੀਖਿਆ ਹੋਣੀ ਚਾਹੀਦੀ ਹੈ। ਯੌਨ ਸੋਸ਼ਣ ਨਾਲ ਜੁੜੇ ਸਾਰੇ ਕੇਸਾਂ ਸਬੰਧੀ ਅਤੇ ਯੌਨ ਹਿੰਸਾਂ ਦੇ ਕੇਸਾਂ ਦੇ ਨਿਪਟਾਰੇ ਲਈ ਪੂਰੇ ਅਧਿਕਾਰਾਂ ਨਾਲ  ਲੈੱਸ ਵਿਸ਼ੇਸ਼ ਕਮਿਸ਼ਨਰ ਨਿਯੁਕਤ ਕੀਤੇ ਜਾਣ। ਪ੍ਰਤੂੰ ! -9 ਸਾਲ ਬੀਤ ਜਾਣ ਦੇ ਬਾਦ ਵੀ ਕੇਂਦਰ ਦੀ ਬੀ.ਜੇ.ਪੀ. ਦੀ ਮੋਦੀ ਸਰਕਾਰ ਵਲੋਂ ਇਨ੍ਹਾਂ ਸਿਫ਼ਾਰਸ਼ਾਂ ਨੂੰ ਲਾਗੂ ਤਾਂ ਕੀ ਕਰਨਾ, ਸਗੋਂ ! ਤੇ ਇਹੋ ਜਿਹੇ ਕੇਸਾਂ ਵਿੱਚ ਵਾਧਾ ਹੀ ਹੋ ਰਿਹਾ ਹੈ ? ਊਨਾਓ ਕਾਂਡ, ਹਾਥਰਸ ਦੀ ਘਟਨਾ, ਤੇਲਗਾਨਾਂ ਕਾਂਡ, ਜਲਾਲਪੁਰ ਤੋਂ ਇਲਾਵਾ ਹੋਰ ਛੋਟੀਆਂ ਛੋਟੀਆਂ ਬੱਚੀਆਂ ਨਾਲ ਹੋ ਰਹੀਆਂ ਇਹੋ ਜਿਹੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਛੋਟੀਆਂ ਬੱਚੀਆਂ ਨਾਲ ਰੇਪ ਕੇਸਾਂ ‘ਚ ਵਾਧਾ ਇਕ ਗੰਭੀਰ ਵਿਸ਼ਾ ਬਣਦਾ ਜਾ ਰਿਹਾ ਹੈ।

        ਇਸਤਰੀਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾਂ, ‘‘ਸੂਚਨਾ ਤੇ ਸਹਾਇਕ ਕੇਂਦਰ, ਥਾਮਸਨ ਰਾਈਟਰਜ਼ ਟਰਸਟ ਲਾਅ ਵੋਮੈਨ`` ਵਲੋਂ ਜਾਰੀ ਕੀਤੀ ਗਈ ਰੀਪਰੋਟ ਮੁਤਾਬਿਕ, ‘‘ਭਾਰਤ ਦੇ਼ਸ ਇਸਤਰੀਆਂ ਦੇ ਰਹਿਣ ਲਈ ਖਤਰਨਾਕ ਦੇਸ਼ ਹੈ ?`` ‘‘ਗਰਡੀਅਨ ਦੀ ਰੀਪੋਰਟ ਮੁਤਾਬਿਕ, ‘‘ਜੀ-20 ਦੇਸ਼ਾਂ ‘ਚ ਇਸਤਰੀਆਂ ਲਈ ਭਾਰਤ ‘ਚ ਰਹਿਣ ਲਈ ਸਭ ਤੋਂ ਮਾੜੀ ਥਾਂ ਹੈ?`` ਭਾਰਤ ਦੇਸ਼ ਦੁੱਨੀਆਂ ਅੰਦਰ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਤੇ ਮਾਣ ਕਰ ਰਿਹਾ ਹੈ ; ਪਰ ! ਇਸਤਰੀਆਂ ਘੱਟ ਗਿਣਤੀ, ਦਲਿਤਾਂ ਅਤੇ ਕਬਾਇਲੀ ਲੋਕਾਂ ਅਤੇ ਉਨ੍ਹਾਂ ਦੀਆਂ ਇਸਤਰੀਆਂ ਅਤੇ ਬੱਚਿਆਂ ਉਪਰ ਸਭ ਤੋਂ ਵੱਧ ਅਪਰਾਧ, ਹਿੰਸਕ ਵਾਰਦਾਤਾਂ ਅਤੇ ਸ਼ੋਸ਼ਣ ਦੀਆਂ ਘਟਨਾਵਾਂ ਇਨ੍ਹਾਂ ਨਾਲ ਵਾਪਰ ਰਹੀਆਂ ਹਨ। ਜਿਸ ਦਾ ਮੁੱਖ ਕਾਰਨ, ‘‘ਕਾਨੂੰਨ ਦਾ ਪਾਲਣ ਕਰਾਉਣ ਅਤੇ ਨਿਆਂ ਦਿਵਾਉਣ ਵਾਲੀ ਪੁਰਾਣੀ ਬਰਤਾਨਵੀ ਸਾਮਰਾਜ ਵੇਲੇ ਦੀ ਨਿਆਂ ਪ੍ਰਣਾਲੀ ਅਤੇ ਸਾਡਾ ਗਲਿਆ-ਸੜਿਆ ਸਮਾਜ, ਰਾਜਸੀ ਢਾਂਚਾ ਤੇ ਰਾਜਤੰਤਰ ਹੀ ਮੁੱਖ ਜਿੰਮੇਵਾਰ ਹੈ ?`` ਇਸ ਨੁੂੰ ਬਦਲਣ  ਤੋਂ ਬਿਨ੍ਹਾਂ ਇਸਤਰੀ ਦੀ ਬੰਦ ਖਲਾਸੀ ਸੰਭਵ ਨਹੀਂ ਹੋ ਸਕਦੀ ਹੈ !

        ਅੱਜ ! ਸਾਡੇ ਲਈ ਸਮਝਣ ਵਾਲੀ ਗੱਲ ਹੈ, ਕਿ ਮੌਜੂਦਾ ਪੂੰਜੀਵਾਦੀ ਯੁੱਗ ਅੰਦਰ ਹਾਕਮ ਆਪਣੀ ਗਦੀ ਬਚਾਉਣ ਲਈ ਸਾਮਰਾਜੀ ਲੁੱਟ ਰਾਂਹੀ ਮਨੁੱਖੀ ਖੂਨ ਨਿਚੋੜਨ ਲਈ ਹੀ ਨੀਤੀਆਂ ਘੜ ਰਹੇ ਹਨ। ਤਾਂ ਇਹੋ ਜਿਹੇ ਦੇਸ਼ ਅੰਦਰ ਉਨ੍ਹਾਂ ਦੇ ਸ਼ੋਸ਼ਣ ਦਾ ਸਿ਼ਕਾਰ ਇਸਤਰੀ ਵਰਗ ਹੀ ਹੋਵੇਗੀ ? ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਇਸਤਰੀ ਵਰਗ ਨੂੰ ਸਮਾਜਿਕ-ਸਭਿਆਚਾਰਕ ਧਰਾਤਲ ਉਪਰ ਵੀ ਇਸਤਰੀਆਂ ਨੂੰ ਸੰਗਠਿਤ ਹੋ ਕੇ ਸੰਘਰਸ਼ ਕਰਨਾ ਜ਼ਰੂਰੀ ਹੈ। ਪੂੰਜੀਵਾਦੀ ਯੁੱਗ ਅੰਦਰ ਇਸ ਮਰਦ ਪ੍ਰਧਾਨ ਸਮਾਜ ਦੀਆਂ ਵਿਵਸਥਾਵਾਂ ਦੇ ਪੁਰਾਣੇ ਘਸੇ-ਪਿਟੇ ਰੀਤੀ-ਰਿਵਾਜ, ਮਾਨਤਾਵਾਂ ਅਤੇ ਸੰਸਥਾਂਗਤ ਸੋਚਾਂ ਵਿਰੁੱਧ ਸੰਘਰਸ਼, ਇਕ ਲੰਬੇ ਸਮੇਂ ਵਾਲਾ ਸੰਘਰਸ਼ ਹੀ ਉਸ ਨੂੰ ਮੁਕਤੀ ਦਿਵਾ ਸਕਦਾ ਹੈ। ਸਮਾਜਵਾਦੀ ਸਮਾਜ ਦੀ ਸਥਾਪਨਾ ਦੇ ਅੰਤਰਗਤ ਇਕ ਲੰਬੇ ਸਮੇਂ ਦੇ ਸੰਘਰਸ਼ ਬਾਦ ਹੀ ਇਸਤਰੀ ਦੀ ਪੂਰਨ ਬੰਦ ਖੁਲਾਸੀ ਸੰਭਵ ਹੈ। ਕਿਉਂਕਿ ਇਹ ਸਵਾਲ ਸਮਾਜਵਾਦ ਦੀ ਜਿੱਤ-ਹਾਰ ਨਾਲ ਜੁੜਿਆ ਹੋਇਆ ਹੈ। ਸੋਵੀਅਤ ਰੂਸ ਦੇ ਟੁੱਟਣ ਬਾਅਦ ਦੁਨੀਆਂ ਅੰਦਰ ਕਿਰਤੀ ਵਰਗ ਦੀ ਲੁੱੱਟ ਲਈ ਸਾਮਰਾਜੀਆਂ ਨੇ ਕਿਵੇਂ ਦਰਵਾਜੇ ਖੋਲ ਦਿੱਤੇ ਹਨ, ਉਹ ਸਾਰੀਆਂ ਆਰਥਿਕ ਸਹੂਲਤਾਂ ਜੋੋ ਸਮਾਜਵਾਦੀ ਦਬਾਓ ਕਾਰਨ ਕਿਰਤੀ ਮਾਣ ਰਿਹਾ ਸੀ, ਉਹ ਸਾਰੀਆਂ ਆਰਥਿਕ ਸਹੂਲਤਾਂ ਇਕ ਇਕ ਕਰਕੇ ਖੁੱਸ ਰਹੀਆਂ ਹਨ।

        ਅੱਜ ! ਇਸਤਰੀ ਵਰਗ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਹਰ ਮੋਰਚਿਆ ਤੇ ਭਾਵੇਂ ! ਉਹ ਸਮਾਜਿਕ, ਆਰਥਿਕ, ਰਾਜਨੀਤਕ ਜਾਂ ਸਭਿਆਚਾਰ ਹੋਣ, ਉਨ੍ਹਾਂ ਨਾਲ ਮਿਲ ਕੇ ਸੰਘਰਸ਼ਸ਼ੀਲ ਹੋਣਾ ਪਏਗਾ। ਇਸਤਰੀ ਵਰਗ ਵਿਰੁੱਧ ਪੈਦਾ ਹੋਈ ਸਦੀਆਂ ਪੁਰਾਣੀ ਮਾਨਸਿਕ ਗੁਲਾਮੀ ਦੇ ਖਾਤਮੇ ਲਈ ਇਸਤਰੀ ਸੰਗਠਨਾਂ ਦੀਆਂ ਪਹਿਲ ਕਦਮੀਆਂ, ਫੈਸਲਾ ਲੈਣ ਦੀ ਅਜ਼ਾਦੀ, ਆਪਣੀ ਸਖਸ਼ੀ ਅਜ਼ਾਦੀ ਨੂੰ ਅੱਗੇ ਵਧਾਉਣ ਲਈ, ਕਿਰਤੀ ਵਰਗ ਦੀ ਪਾਰਟੀ  ਨੂੰ ਇਸਤਰੀਆਂ ਨੂੰ ਆਪਣੀਆਂ ਸਫ਼ਾ ਅੰਦਰ ਸ਼ਮੂਲੀਅਤ ਕਰਾਉਣ ,ਹਰ ਪੱਧਰ ਦੇ ਕਾਜ ਸੰਗਠਨਾਂ ਦੀ ਹਿੱਸੇਦਾਰੀ ਬਨਾਉਣ ਲਈ ਉਤਸ਼ਾਹਿਤ ਕੀਤਾ ਜਾਵੇ ਤੇ ਸੰਘਰਸ਼ਸ਼ੀਲ ਬਣਾਇਆ ਜਾਵੇ।

        ਜੀਵਨ ਦੇ ਹਰ ਖੇਤਰ ਵਿੱਚ ਇਸਤਰੀ ਦੀ ਆਪਣੀ ਸੁਤੰਤਰ ਹੈਸੀਅਤ ਤੇ ਅਜ਼ਾਦ ਪਹਿਚਾਣ ਲਈ ਸੰਘਰਸ਼ ਦਾ ਸਵਾਲ ਦੂਰਗਾਮੀ ਅਤੇ ਇਤਿਹਾਸਕ ਮਹੱਤਤਾ ਰੱਖਦਾ ਹੈ। ਇਸ ਨੂੰ ਕੇਵਲ ਇਕ ਗੈਰ ਦ੍ਰਿਸ਼ਟੀਕੋਨ ਕਹਿ ਕੇ ਖਾਰਜ ਕਰ ਦੇਣਾ ਠੀਕ ਨਹੀਂ ਹੈ। ‘‘ਅੱਜ ਦੇ ਯੁੱਗ ਅੰਦਰ ਉਠ ਰਹੇ ਪੱਛਮੀ ਨਾਰੀਵਾਦੀ ਅੰਦੋਲਨ ਗਲਤ ਧਾਰਨਾਵਾਂ, ਕਿਰਤੀ ਵਰਗ ਅੰਦਰ ਵੰਡੀਆਂ ਪਾਉਣ, ਨਸਲਵਾਦ ਅਤੇ ਸੱਜ ਪਿਛਾਖੜ ਸਭ ਕੁਰਾਹਿਆਂ ਜਿਹੜੇ ਕਿਰਤੀ ਜਮਾਤ ਅੰਦਰ ਫੁੱਟ ਪਾਉਂਦੇ ਹਨ ਉਨ੍ਹਾਂ ਨੂੰ ਨਕਾਰਨਾ ਚਾਹੀਦਾ ਹੈ। ਇਸਤਰੀਆਂ ਨੂੰ ਆਪਣੀ ਬੰਦ ਖਲਾਸੀ ਲਈ ‘‘ਰੁਜ਼ਗਾਰ ਦੇਣ, ਬੇ-ਰੁਜ਼ਗਾਰੀ ਵਿਰੁੱਧ, ਮਹਿੰਗਾਈ, ਗਰੀਬੀ ਨੂੰ ਖਤਮ ਕਰਾਉਣ, ਹਰ ਇਕ ਨੂੰ ਵਿੱਦਿਆ ਤੇ ਸਿਹਤ ਸੇਵਾਵਾਂ ਦਾ ਹੱਕ, ਫ਼ਿਰਕਾਪ੍ਰਸਤੀ ਤੇ ਨਸਲਵਾਦ ਵਿਰੁੱਧ, ‘‘ਵਾਤਾਵਰਣ ਦੀ ਰੱਖਿਆ ਅਤੇ ਸੰਸਾਰ ਅਮਨ`` ਦੀ ਮੰਗ ਉਠਾਉਣੀ ਚਾਹੀਦੀ ਹੈ।

        ‘‘ਆਓ! ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਸਾਨੂੰ ‘ਜਮਹੂਰੀਅਤ-ਬਰਾਬਰਤਾ, ਇਸਤਰੀਆਂ ਦੀ ਬੰਦ ਖਲਾਸੀ ਲਈ ਅਵਾਜ਼ ਬੁਲੰਦ ਕਰੀਏ ? ਸਾਨੂੰ ਸੰਗਠਿਤ ਹੋ ਕੇ ਲੜਾਈ ਜਾਰੀ ਰੱਖਣੀ ਪਏਗੀ। ਤਾਂ ਹੀ ਅਸੀਂ ਜਿੱਤ ਵੱਲ ਵੱਧ ਸਕਦੇ ਹਾਂ।``

 
ਰਾਜਿੰਦਰ ਕੌਰ ਚੋਹਕਾ
91-98725-44738   
001-403-285-4208