ਆਪਣੀ ਬੋਲੀ ਬੋਲ ਪੰਜਾਬੀ - ਸੁਰਿੰਦਰਜੀਤ ਕੌਰ
ਆਪਣੀ ਬੋਲੀ ਬੋਲ ਪੰਜਾਬੀ ।
ਇਹ ਭਾਸ਼ਾ ਅਨਮੋਲ ਪੰਜਾਬੀ ।
ਮਾਂ ਵਰਗੀ ਇਹ ਠੰਡੀ ਛਾਂ ਹੈ,
ਨਿੱਘੀ ਮਾਂ ਦੀ ਝੋਲ ਪੰਜਾਬੀ ।
ਗੁੜੵਤੀ ਦੇ ਵਿਚ ਮਿਲੀ ਅਸਾਂਨੂੰ,
ਮਿੱਟੀ ਵਿਚ ਨਾ ਰੋਲ ਪੰਜਾਬੀ ।
ਇੱਕ ਇੱਕ ਲਫ਼ਜ਼ ਦੇ ਨਾਲ ਹੈ ਦੇਂਦੀ,
ਮੂੰਹ ਵਿਚ ਮਿਸ਼ਰੀ ਘੋਲ ਪੰਜਾਬੀ ।
ਦਿਲ ਦੀ ਸਿੱਪੀ ਦੇ ਵਿਚ ਵੱਸਦੀ,
ਬਣ ਮੋਤੀ ਅਨਮੋਲ ਪੰਜਾਬੀ ।
ਜੋ ਚਾਹੇ ਉਹਦੇ ਮਨ ਦੇ ਜੰਦਰੇ,
ਝਟ ਪਟ ਦੇਂਦੀ ਖੋਹਲ ਪੰਜਾਬੀ ।
ਇਹ ਮਹਿਬੂਬ ਦੇ ਵਾਂਗੂ ਰਹਿੰਦੀ,
ਸਾਡੇ ਦਿਲ ਦੇ ਕੋਲ ਪੰਜਾਬੀ ।
ਸਾਡਿਆਂ ਹੋਠਾਂ ਦੇ ਵਿਚ ਹੱਸਦੀ,
ਮਿੱਠੀ ਬੋਲੀ ਬੋਲ ਪੰਜਾਬੀ ।
ਸਾਡੇ ਕਦਮਾਂ ਨਾਲ ਇਹ ਨੱਚੇ,
ਗਿੱਧਿਆਂ ਦੇ ਬਣ ਬੋਲ ਪੰਜਾਬੀ।
ਭੰਗੜੇ ਦੇ ਵਿਚ ਨਾਲ ਗਭਰੂਆਂ
ਬਣ ਜਾਂਦੀ ਏ ਢੋਲ ਪੰਜਾਬੀ ।
ਅੰਦਰੋਂ ਦੁਸ਼ਮਣ ਬਾਹਰੋਂ ਬੇਲੀ,
ਖੋਹਲੇ ਉਸ ਦੇ ਪੋਲ ਪੰਜਾਬੀ ।
ਸਭ ਦੀਆਂ ਸਧਰਾਂ ਕਰੇ ਪੂਰੀਆਂ
ਭਰ ਦੇਂਦੀ ਏ ਝੋਲ ਪੰਜਾਬੀ।