ਜੇ ਪਤੀ ਗੁਲਾਬ ਹੈ ਤਾਂ ਪਤਨੀ ਸੁਗੰਧ ਹੈ - ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'

ਵਿਆਹ ਸੱਭਿਅਕ ਸਮਾਜ ਦੀ ਮਹੱਤਵਪੂਰਨ ਇਕਾਈ ਹੈ। ਵਿਆਹ ਦੇ ਪਵਿਤਰ ਬੰਧਨ 'ਚ ਬੱਝੇ ਜਾਣ ਮਗਰੋ ਹਰੇਕ ਨੂੰ ਸਤਰੰਗੀ ਪੀਘ 'ਤੇ ਦੌੜਨ ਦਾ ਅਹਿਸਾਸ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਜੋੜੀਆਂ ਸਵਰਗ 'ਚ ਬਣਦੀਆਂ ਹਨ ਅਤੇ ਧਰਤੀ 'ਤੇ ਉਨ੍ਹਾਂ ਦਾ ਮਿਲਨ ਹੁੰਦਾ ਹੈ।ਇਸ ਵਿਚ ਕੋਈ ਸ਼ੱਕ ਨਹੀਂ ਕਿ ਪਤੀ-ਪਤਨੀ ਇਕ ਦੂਜੇ ਦੇ ਪੂਰਕ ਹਨ ਜਿਸ ਤਰਾਂ ਬਿਜ਼ਲੀ ਦਾ ਯੰਤਰ ਚਲਾਉਣ ਲਈ ਕਰੰਟ ਅਤੇ ਅਰਥ ਦੀ ਜ਼ਰੂਰਤ ਹੁੰਦੀ ਹੈ ਉਸੇ ਤਰਾਂ ਹੀ ਘਰ-ਗ੍ਰਹਿਸਥੀ  ਦਾ ਰਥ ਚਲਾਉਣ ਲਈ ਪਤੀ-ਪਤਨੀ ਦੀ ਜ਼ਰੂਰਤ ਹੁੰਦੀ ਹੈ। ਵਿਆਹ ਦੋ ਸ਼ਬਦਾਂ, ਵਾਹ ਤੇ ਆਹ ਦਾ ਜੋੜ ਹੈ।ਜੇ ਵਿਚਾਰ ਮਿਲਦੇ ਹੋਣ ਤਾਂ ਲੋਕ ਖ਼ੁਸ਼ ਹੋ ਕੇ ਕਹਿੰਦੇ ਹਨ, '' ਵਾਹ! ਕਿਆ ਜੋੜੀ ਹੈ''। ਪਰ ਜੇ ਵਿਚਾਰ ਨਾ ਮਿਲਦੇ ਹੋਣ ਤਾਂ ਪਤੀ ਜਾਂ ਪਤਨੀ ਇਕ ਦੂਜੇ ਬਾਰੇ ਭਰੇ ਮਨ ਨਾਲ ਕਹਿੰਦੇ ਹਨ, ''ਆਹ! ਇਸ ਨੇ ਹੀ ਮੇਰੀ ਕਿਸਮਤ ਫੋੜੀ ਹੈ''। ਪਤੀ-ਪਤਨੀ ਦੇ ਚੁਲਬੁਲੇ ਰਿਸ਼ਤੇ ਬਾਰੇ ਅਨੇਕਾਂ ਕਿੱਸੇ ਆਮ ਹੀ ਸੁਣਨ ਨੂੰ ਮਿਲਦੇ ਹਨ। ਜਿਵੇਂ ਵਿਚਾਰੇ ਪਤੀ ਦੀ ਹਾਲਤ 'ਤੇ ਮਜ਼ੇ ਲੈਣ ਵਾਰੇ ਕਿਹਾ ਜਾਂਦਾ ਹੈ ਕਿ
 ਜੇ ਔਰਤ 'ਤੇ ਹੱਥ ਉਠਾਉਂਦਾ ਹੈ ਤਾਂ ਜ਼ਾਲਮ  / ਜੇ ਔਰਤ ਤੋਂ ਕੁਟ ਖਾ ਲਵੇ ਤਾਂ ਬੁਜ਼ਦਿਲ,
 ਘਰ ਤੋਂ ਬਾਹਰ ਰਹੇ ਤਾਂ ਆਵਾਰਾ  / ਘਰ 'ਚ ਰਹੇ ਤਾਂ ਨਕਾਰਾ,
 ਬੱਚਿਆਂ ਨੂੰ ਘੂਰੇ ਤਾਂ ਜ਼ਾਲਿਮ  /  ਬੱਚਿਆਂ ਨੂੰ ਨਾ ਘੂਰੇ ਤਾਂ ਲਾਪਰਵਾਹ
ਘਰਵਾਲੀ ਨੂੰ ਨੌਕਰੀ 'ਤੇ ਭੇਜੇ ਤਾਂ ਪਰਜੀਵੀ  /  ਘਰਵਾਲੀ ਨੂੰ ਨੌਕਰੀ 'ਤੇ ਨਾ ਭੇਜੇ ਤਾਂ ਸ਼ੱਕੀ ਮਿਜਾਜ਼,
 ਮਾਂ ਦੀ ਮੰਨੇ ਤਾਂ ਮਾਂ ਦਾ ਚਮਚਾ /  ਘਰ ਵਾਲੀ ਦੀ ਮੰਨੇ ਤਾਂ ਜ਼ੋਰੂ ਦਾ ਗੁਲਾਮ !!
 ਇਸ ਵਿਸ਼ੇ ਨਾਲ ਸਬੰਧਿਤ ਮੈਂ ਇਕ ਰੌਚਕ ਘਟਨਾ ਦਾ ਜ਼ਿਕਰ ਕਰਨਾ ਚਾਹੁੰਗਾ ਇਕ ਦਿਨ 'ਹਰਮਨ ਰੇਡੀਓ ਆਸਟਰੇਲੀਆ' 'ਤੇ ਸਮਾਜਿਕ ਰਿਸ਼ਤਿਆਂ ਸਬੰਧੀ ਮੇਰਾ ਪ੍ਰੋਗਰਾਮ ਚੱਲ ਰਿਹਾ ਸੀ। ਰੇਡੀਓ ਜ਼ੌਕੀ ਨੇ ਤੇਜ਼ੀ ਨਾਲ ਇਕ ਸਵਾਲ ਦਾਗ਼ਿਆ, ''ਤਿਆਗੀ ਸਾਹਿਬ, ਕਿਹਾ ਜਾਂਦਾ ਹੈ ਕਿ ਵਿਆਹ ਮੋਤੀਚੂਰ ਦਾ ਲੱਡੂ ਹੈ, ਜਿਹੜਾ ਖਾਊ ਉਹ ਵੀ ਪਛਤਾਊ ਤੇ ਜਿਹੜਾ ਨਹੀਂ ਖਾਊ ਉਹ ਵੀ ਪਛਤਾਊ, ਤੇ ਵਿਆਹ ਵਾਲਾ ਇਹ ਲੱਡੂ ਤੁਸੀਂ ਵੀ ਖਾ ਚੁੱਕੇ ਹੋਂ! ਤੁਹਾਡਾ ਕੀ ਤਜ਼ਰਬਾ ਹੈ?'' ਮੈਂ ਰੇਡੀਓ ਜ਼ੋਕੀ ਨੂੰ ਕਿਹਾ ਕਿ ਤੁਹਾਡਾ ਸਵਾਲ ਹੀ ਗ਼ਲਤ ਹੈ! ਮੈਂ ਉਸ ਨੂੰ ਉਲਟਾ ਸਵਾਲ ਕਰਦਿਆਂ ਪੁੱਛਿਆਂ, ਕੀ ਤੁਸੀਂ ਕਦੇ ਮੋਤੀਚੂਰ ਦਾ ਲੱਡੂ ਖਾਧਾ? ਮੋਤੀਚੂਰ ਦਾ ਲੱਡੂ ਤਾਂ ਦਰਅਸਲ ਸਵਾਦ ਹੀ ਐਨਾ ਹੁੰਦਾ ਹੈ ਕਿ ਖਾ ਕੇ ਪਛਤਾਉਣ ਦਾ ਤਾਂ ਕੋਈ ਮਤਲਬ ਹੀ ਨਹੀਂ ਸਗੋਂ ਇੱਕ ਲੱਡੂ ਖਾ ਕੇ ਬੰਦਾ ਹੋਰ ਮੰਗਦਾ ਹੈ ਕੇ ਦੋ ਹੋਰ ਧਰ ਦੇ! ਆਪਣੀ ਗੱਲ ਨੂੰ ਜਾਰੀ ਰੱਖਦਿਆਂ ਮੈਂ ਕਿਹਾ ਕਿ ਅਸਲ ਵਿੱਚ ਇਹ ਕਹਾਵਤ ਮੋਤੀਚੂਰ ਦੇ ਲੱਡੂ ਜਿਹੜਾ ਖਾਊ ਉਹ ਵੀ ਪਛਤਾਊ ਤੇ ਜਿਹੜਾ ਨਹੀਂ ਖਾਊ ਉਹ ਵੀ ਪਛਤਾਊ  ਨਹੀਂ ਸਗੋ 'ਬੂਰ ਦੇ ਲੱਡੂ ਜਿਹੜਾ ਖਾਊ ਉਹ ਵੀ ਪਛਤਾਊ  ਤੇ ਜਿਹੜਾ ਨਹੀਂ ਖਾਊ ਉਹ ਵੀ ਪਛਤਾਊ'  ਹੈ। ਆਜ਼ਾਦੀ ਤੋਂ ਪਹਿਲਾ ਕਈ ਮੇਲਿਆਂ 'ਚ  ਦੁਕਾਨਦਾਰ ਆਪਣੇ ਮੁਨਾਫ਼ੇ ਲਈ ਲੱਡੂਆਂ ਦਾ ਸਾਇਜ਼ ਵੱਡਾ ਕਰਨ ਲਈ ਲੱਡੂ ਬਣਾਉਣ ਸਮੇਂ ਹੀ ਉਨ੍ਹਾਂ 'ਚ ਬੂਰ ਦੀ ਮਿਲਾਵਟ ਕਰ ਦਿੰਦੇ ਸਨ। ਇਹ ਗੂੜ੍ਹੇ ਪੀਲੇ ਰੰਗ ਦੇ ਵੱਡੇ-ਵੱਡੇ ਲੱਡੂ ਹਰ ਮੇਲੀ ਦਾ ਧਿਆਨ ਆਪਣੇ ਵੱਲ ਖਿੱਚਦੇ। ਜਿਹੜਾ ਬੰਦਾ ਆਪਣੀ ਭੁੱਖ ਸਾਂਤ ਕਰਨ ਲਈ ਇਹ ਲੱਡੂ ਖਾ ਲੈਂਦਾ, ਕੁੱਝ ਦੇਰ ਮਗਰੋਂ ਹੀ ਲੱਡੂ ਵਿਚਲਾ ਬੂਰ ਉਸਦੇ ਢਿੱਡ 'ਚ ਖਰੂਦ ਪਾ ਦਿੰਦਾ। ਢਿੱਡ 'ਚ ਹੁੰਦੀ ਤਕਲੀਫ਼ ਕਾਰਨ ਬੰਦਾ ਪਛਤਾਉਂਦਾ ਕਿ ਇਹ ਲੱਡੂ ਮੈਂ ਕਿਉਂ ਖਾਧੇ ਹਨ। ਦੂਜੇ ਪਾਸੇ ਜਿਹੜਾ ਇਹ ਲੱਡੂ ਨਾ ਖਾਂਦਾ, ਉਹ ਵੀ ਪਛਤਾਉਂਦਾ ਕਿ ਵੱਡੇ ਲੱਡੂ ਖਾਣ ਦਾ ਮੌਕਾ ਸੀ, ਮੈਂ ਲੱਡੂ ਕਿਉਂ ਨਹੀਂ ਖਾਧੇ। ਹਾਂ, ਵਿਆਹ ਸਬੰਧੀ ਇਸ ਸੰਦਰਭ 'ਚ ਇਹ ਕਿਹਾ ਜਾ ਸਕਦੇ ਹਾ ਕਿ ਜੇਕਰ ਪਤੀ-ਪਤਨੀ ਦੇ ਸਬੰਧ ਮਧੁਰ ਹਨ ਤਾਂ ਵਿਆਹ ਉਨ੍ਹਾਂ ਲਈ ਮੋਤੀਚੂਰ ਦਾ ਲੱਡੂ ਹੈ ਨਹੀਂ ਤਾਂ ਫਿਰ ਬੂਰ ਦਾ ਹੀ ਲੱਡੂ ਹੈ!
      ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜਿੱਥੇ ਹਰ ਰਿਸ਼ਤੇ ਦਾ ਸਰੂਪ ਬਦਲਿਆ ਹੈ ਉਥੇ ਪਤੀ-ਪਤਨੀ ਦੇ ਰਿਸ਼ਤੇ ਵਿਚ ਵੀ ਤਬਦੀਲੀ ਆਈ ਹੈ।ਪਹਿਲਾਂ ਇਹ ਵਿਚਾਰ ਪ੍ਰਚਲਿਤ ਸੀ ਕਿ ਮੁਟਿਆਰ ਦੀ ਜਿਸ ਘਰ ਵਿਚ ਡੋਲ੍ਹੀ ਗਈ ਹੈ ਉਸ ਦੀ ਅਰਥੀ ਵੀ ਉਸੇ ਘਰ ਚੌਂ ਹੀ ਨਿਕਲੇਗੀ ਪਰ ਅੱਜ ਨਾਰੀ ਦੇ ਚੇਤਨ ਹੋਣ ਕਾਰਨ ਸਥਿਤੀ ਕੁਝ ਹੋਰ ਹੈ ਜਿਸ ਨੂੰ ਪਹਿਲਾ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਸਮਝਿਆ ਜਾਂਦਾ ਸੀ ਅੱਜ ਉਹ ਅਸਮਾਨ ਵਿਚ ਮਸ਼ੀਨ ਉਡਾ ਰਹੀ ਹੈ ਜਿਸ ਨੂੰ ਪਹਿਲਾਂ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਅੱਜ ਉਹ ਸਿਰ ਦੀ ਪੱਤ ਬਣ ਗਈ ਹੈ।ਹੁਣ ਪਤਨੀ ਬਰਾਬਰ ਦੀ ਧਿਰ ਬਣ ਗਈ ਹੈ ਇਸ ਕਰਕੇ ਗ੍ਰਹਿਸਥੀ ਜੀਵਨ ਸਫਲ ਬਣਾਉਣ ਲਈ ਪਤੀ-ਪਤਨੀ ਵਿੱਚ ਆਪਸੀ ਸੂਝ-ਬੂਝ ਹੋਣਾ ਜ਼ਰੂਰੀ ਹੋ ਗਿਆ ਹੈ।ਅੱਗੇ ਦਿੱਤੇ  ਸੁਝਾਵਾਂ ਨੂੰ ਦਿਮਾਗ਼ 'ਚ ਰੱਖ ਕੇ ਪਤੀ-ਪਤਨੀ ਜ਼ਿੰਦਗੀ ਦੇ ਸਫ਼ਰ ਨੂੰ ਹੋਰ ਵੀ ਸੁਹਾਵਣਾ ਬਣਾ ਸਕਦੇ ਹਨ।
1. ਘਰ ਦਾ ਮਹੋਲ ਖੁਸ਼ਗਵਾਰ ਰੱਖਣ ਲਈ ਪਤਨੀ ਦਾ ਬਹੁਤ ਹੱਥ ਹੁੰਦਾ ਹੈ। ਉਸਨੂੰ ਸਿਰਫ ਪਤੀ ਨਾਲ ਹੀ ਨਹੀਂ ਸਗੋਂ ਸੱਸ ਸਹੁਰੇ ਨਾਲ ਵੀ ਸਲੀਕੇ ਨਾਲ ਰਿਸ਼ਤੇ ਨਿਭਾਉਣੇ ਚਾਹੀਦੇ ਹਨ।
2. ਜ਼ਿੰਦਗੀ 'ਚ ਵਿਚਰਦਿਆਂ ਕਈ ਵਾਰ ਗ਼ਲਤ ਫ਼ੈਸਲੇ ਦੀ ਬਦੋਲਤ ਕਿਸੇ ਕਠਿਨਾਈ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਅਜਿਹੀ ਸਥਿਤੀ ਵਿਚ ਇਕ ਦੂਜੇ ਨੂੰ ਕੋਸਣ ਦੀ ਬਜਾਏ ਸਮੱਸਿਆ ਦੇ ਹੱਲ 'ਤੇ ਧਿਆਨ ਕੇਂਦਰਿਤ ਕਰਨਾ ਚਾਹਿਦਾ ਹੈ। ਜੇਕਰ ਕਦੇ ਕੋਈ ਮਸਲਾ ਜ਼ਿਆਦਾ ਉਲਝ ਜਾਵੇ ਤਾਂ 'ਕਰੋ ਗੱਲ ਮਿਲੇਗਾ ਹੱਲ' ਦੇ ਸਿਧਾਂਤ ਨੂੰ ਦਿਮਾਗ਼ 'ਚ ਰੱਖ ਕੇ ਆਪਣੇ ਪਾਰਟਨਰ ਨਾਲ ਖੁੱਲ ਕੇ ਗੱਲ ਕਰਨੀ ਚਾਹਿਦੀ ਹੈ। ਜ਼ਰੂਰੀ ਨਹੀਂ ਕਿ ਹਰ ਵਿਸ਼ੇ 'ਤੇ ਤੁਹਾਡੇ ਵਿਚਾਰ ਮੇਲ ਹੀ ਖਾਣ, ਕਈ ਵਿਸ਼ਿਆਂ 'ਤੇ ਦੋਨਾਂ ਦੀ ਰਾਏ ਵੱਖ-ਵੱਖ ਹੋ ਸਕਦੀ ਹੈ, ਅਜਿਹੀ ਸਥਿਤੀ ਵਿਚ ਆਕੜ ਪਰੇ ਰੱਖ ਕੇ, ਪਿਆਰ ਮੁੱਹਬਤ ਨਾਲ ਵਿਚਾਰਕ ਮਤਭੇਦ ਖ਼ਤਮ ਕਰ ਲੈਣਾ ਹੀ ਚੰਗਾ ਹੁੰਦਾ ਹੈ।
3. ਗ਼ਲਤੀ ਕਿਸੇ ਤੋਂ ਵੀ ਹੋ ਸਕਦੀ ਹੈ। ਦੂਜੇ 'ਤੇ ਦੋਸ਼ ਮੜ੍ਹਨ ਦੀ ਬਜਾਏ ਜੇਕਰ ਤੁਸੀਂ ਅਜਿਹੀ ਸਥਿਤੀ ਵਿਚ ਦੂਜੇ ਦੀ ਥਾਂ ਆਪਣੇ ਆਪ ਨੂੰ ਰੱਖ ਕੇ ਸੋਚੋਗੇ ਤਾਂ ਸਾਰੀ ਸਥਿਤੀ ਹੀ ਸਮਝ ਆ ਜਾਵੇਗੀ ਆਪਣੀ ਗ਼ਲਤੀ ਮੰਨ ਲੈਣਾ ਵੀ ਵੱਡੇਪਣ ਦੀ ਨਿਸ਼ਾਨੀ ਹੁੰਦੀ ਹੈ।
4. ਆਪਣੇ ਪਾਰਟਨਰ ਦੀ ਕਿਸੇ ਹੋਰ ਦੇ ਪਤੀ ਜਾਂ ਪਤਨੀ ਨਾਲ ਤੁਲਨਾ ਨਹੀਂ ਕਰਨੀ ਚਾਹਿਦੀ ਕਿਉਂਕਿ ਹਰ ਇਕ ਦਾ ਆਪਣਾ ਵਿਅਕਤੀਤਵ ਹੁੰਦਾ ਹੈ। ਉਸ ਨੂੰ ਉਸ ਸਥਿਤੀ 'ਚ ਹੀ ਸਵਿਕਾਰ ਕਰਨਾ ਚਾਹਿਦਾ ਹੈ। ਜੋ ਪਤੀ ਦੂਸਰਿਆਂ ਦੀ ਹਾਜ਼ਰੀ ਵਿੱਚ ਆਪਣੀ ਬੇਗਮ ਸਾਹਿਬਾ ਦੀ ਅਲੋਚਨਾ ਕਰਦੇ ਹਨ।ਉਨਾ ਨੂੰ ਸਜ਼ਾ ਦੇ ਰੂਪ ਵਿੱਚ ਬੇ-ਸੁਆਦਾ ਭੋਜਨ ਖਾਣਾ ਪੈਂਦਾ ਹੈ ਤੇ ਕਈ ਵਾਰ ਪਤਨੀ ਨੂੰ ਗਹਿਣੇ ਜਾਂ ਕੱਪੜੇ ਵੀ ਲੈ ਕੇ ਦੇਣੇ ਪੈਂਦੇ ਹਨ।
5. ਪਤਨੀ ਸਾਰਾ ਦਿਨ ਘਰ ਦਾ ਕੰਮ-ਕਾਰ ਕਰਕੇ ਥੱਕ ਜਾਂਦੀ ਹੈ, ਇਸ ਲਈ ਜੇਕਰ ਕਦੇ  ਦਾਲ-ਸਬਜ਼ੀ 'ਚ ਨਮਕ ਘੱਟ ਹੈ ਤਾਂ ਚੀਕਣ ਜਾਂ ਖਾਣੇ ਨੂੰ ਨਿੰਦਣ ਦੀ ਬਜਾਏ ਸਲਾਦ 'ਤੇ ਨਮਕ ਛਿੜਕਣ ਦੇ ਬਹਾਨੇ ਨਮਕ ਮੰਗਾ ਕੇ ਖਾਣੇ ਦੇ ਜ਼ਾਇਕੇ ਦਾ ਆਨੰਦ ਲਿਆ ਜਾ ਸਕਦਾ ਹੈ! ਪਤਨੀ ਨੂੰ 'ਕਿਚਨ ਲੀਵ' ਦੇਣ  ਲਈ ਕਦੇ ਕਦਾਈ ਬਾਹਰ ਖਾਣਾ ਖਾਣ ਦਾ ਪ੍ਰੋਗਰਾਮ ਬਣਾਉਣਾ ਵੀ ਆਪਸੀ ਰਿਸ਼ਤੇ 'ਚ ਰੰਗਤ ਭਰਦਾ ਹੈ।
6. ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਪਤਨੀ ਮੂਰਖਾਂ ਵਾਗੂੰ ਉੱਚੀ ਆਵਾਜ਼ 'ਚ ਬੋਲ ਕੇ ਆਢ-ਗੁਆਢ ਆਪਣੀ ਅਕਲ ਦੀ ਮੁਨਿਆਦੀ ਕਰਦੀ ਰਹਿੰਦੀ ਹੈ ਤੇ ਆਪਣੇ ਪੇਕੇ ਘਰ ਦਾ ਰੌਅਬ ਦਿਖਾ ਕੇ ਪਤੀ 'ਤੇ ਨੌਕਰ ਵਾਂਗ ਚੌਧਰ ਘੋਟਦੀ ਹੈ।ਉਹ ਇਹ ਗੱਲ ਭੁੱਲ ਜਾਂਦੀ ਹੈ ਕਿ ਕਿ ਜੇ ਪਤੀ ਨਾਲ ਨੌਕਰ ਵਾਂਗ ਵਿਵਹਾਰ ਕਰੇਗੀ ਤਾਂ ਨੌਕਰ ਦੀ ਘਰਵਾਲੀ ਨੌਕਰਾਣੀ ਹੀ ਬਣੇਗੀ ਤੇ ਜੇ ਆਪਣੇ ਪਤੀ ਨੂੰ ਰਾਜਾ ਸਮਝੇਗੀ ਤਾਂ ਖ਼ੁਦ ਰਾਣੀ ਬਣੇਗੀ ! ਇਸੇ ਤਰ੍ਹਾਂ ਇਹ ਗੱਲ  ਪਤੀ 'ਤੇ ਵੀ ਲਾਗੂ ਹੁੰਦੀ ਹੈ।
7. ਪਰਿਵਾਰਕ ਬਗਿਚੀ ਦੀ ਮਹਿਕ ਬਰਕਰਾਰ ਰੱਖਣ ਲਈ ਪਤੀ ਨੂੰ ਚਾਹਿਦਾ ਹੈ ਕਿ ਸ਼ਰਾਬ ਆਦਿ ਤੋਂ ਪਰਹੇਜ਼ ਰੱਖੇ, ਸੋਸ਼ਲ ਮੀਡੀਆ 'ਤੇ ਸਮਾਂ ਘੱਟ ਤੇ ਆਪਣੀ ਜੀਵਨ ਸਾਥਣ ਨਾਲ ਜ਼ਿਆਦਾ ਸਮਾਂ ਗੁਜ਼ਾਰੇ।
8.  ਜੇਕਰ ਪਤਨੀ ਨੌਕਰੀ ਸ਼ੁਦਾ ਹੈ ਤਾਂ ਪਤੀ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਘਰ ਦੇ ਕੰਮ ਵਿਚ ਉਸਦਾ ਸਾਥ ਦੇਵੇ ਅਤੇ ਉਸਦੀ ਹਰ ਇੱਛਾ ਦਾ ਧਿਆਨ ਰੱਖੇ।ਜੇਕਰ ਪਤੀ ਕਿਸੇ ਦਫਤਰ ਵਿੱਚ ਕੰਮ ਕਰਦਾ ਹੈ ਤਾਂ ਉਸਨੂੰ ਚਾਹੀਦਾ ਹੈ ਕਿ ਫਾਇਲਾ ਘਰ ਵਿੱਚ ਲਿਜਾ ਕੇ ਘਰ ਨੂੰ ਦਫ਼ਤਰ ਨਾ ਬਣਾਵੇ। ਦਫ਼ਤਰ ਦੀਆ ਗੱਲਾਂ ਬਾਹਰ ਹੀ ਛੱਡ ਦੇਣੀਆ ਚਾਹੀਦੀਆਂ ਹਨ ਤਾਂ ਕਿ ਘਰ ਦਾ ਮਾਹੋਲ ਸਾਂਤ ਤੇ ਖੁਸ਼ਗਵਾਰ ਰਹੇ ਅਤੇ ਤੁਸੀ ਆਪਣੇ ਬੀਵੀ  ਬੱਚਿਆ ਨਾਲ ਸਮਾਂ ਗੁਜ਼ਾਰ ਸਕੋ।
9. ਗ੍ਰਹਿਸਥੀ ਨੂੰ ਚਲਾਉਣ ਲਈ ਪਤਨੀ ਦੀ ਸੱਚੀ ਤਾਰੀਫ਼ ਉਨ੍ਹੀ ਹੀ ਜ਼ਰੂਰੀ ਹੁੰਦੀ ਜਿੰਨ੍ਹੀ ਕਿ ਕਾਰ ਨੂੰ ਚਲਾਉਣ ਲਈ ਪੈਟਰੋਲ ਦੀ। ਪਤੀ-ਪਤਨੀ ਦੇ ਰਿਸ਼ਤੇ 'ਚ ਸੈਰ-ਸਪਾਾਟਾ ਅਤੇ ਛੋਟੇ-ਛੋਟੇ ਸਰਪ੍ਰਾਇਜ਼ ਗਿਫ਼ਟ ਵੀ ਪਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
 ਪਤੀ-ਪਤਨੀ ਦਾ ਰਿਸ਼ਤਾ ਵਿਸ਼ਵਾਸ਼ ਤੇ ਖੜ੍ਹਾ ਹੈ ਤੇ ਸ਼ੱਕ ਨਾਂ ਦੀ ਸਿਉਂਕ ਇਸ ਰਿਸ਼ਤੇ ਨੂੰ ਕਮਜ਼ੋਰ ਕਰਦੀ ਹੈ। ਪਤਨੀ ਨੂੰ ਚਾਹਿਦਾ ਹੈ ਕਿ ਉਹ ਗ਼ੈਰ ਜ਼ਰੂਰੀ ਕੰਮ ਲਈ ਪਤੀ ਨੂੰ ਮਜ਼ਬੂਰ ਨਾ ਕਰੇ ਕਿਉਂਕਿ ਜਿਸ ਰਿਸ਼ਤੇ ਦੀ ਬੁਨਿਆਦ ਵਿੱਚ ਮਜ਼ਬੂਰੀ ਹੈ।ਉਹ ਰਿਸ਼ਤਾ ਕਿੰਨਾ ਕੁ ਹੰਢਣਸਾਰ ਹੋ ਸਕਦਾ ਹੈ?
10. ਪਤਨੀ ਵੀ ਹੱਡ-ਮਾਸ ਦੀ ਬਣੀ ਹੁੰਦੀ ਹੈ। ਉਸ ਦੀਆਂ ਵੀ ਭਾਵਨਾਵਾਂ ਹੁੰਦੀਆਂ ਹਨ। ਕਈ ਵਾਰ ਸਾਰਾ ਦਿਨ ਘਰ ਦੇ ਕੰਮ-ਕਾਰ  ਕਰਨ ਕਾਰਨ ਉਹ ਅਕੇਵਾ ਮਹਿਸੂਸ ਕਰਦੀ ਹੈ ਸਿੱਟੇ ਵੱਜੋਂ ਉਸਦੇ ਸੁਭਾਅ 'ਚ ਗੁੱਸਾ ਤੇ ਚਿੜਚੜਾਪਣ ਆ ਜਾਂਦਾ ਹੈ। ਪਤਨੀ ਦੇ ਚਿੜਚੜੇ ਸੁਭਾਅ ਨੂੰ ਠੀਕ ਕਰਨ ਲਈ  ਪੇਕੇ ਪਿੰਡ ਦੀ ਫੇਰੀ ਬਹੁਤ ਕਾਰਗਰ ਸਾਬਿਤ ਹੁੰਦੀ ਹੈ।

11. ਪਤੀ-ਪਤਨੀ ਦੇ ਰਿਸ਼ਤੇ 'ਚ ਖੱਟੀਆਂ ਮਿੱਠੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਜਿਵੇਂ ਖ਼ੂਸ਼ਬੂ ਤੋਂ ਬਿਨਾ ਫੁੱਲ ਅਧੂਰਾ ਹੈ ਉਸੇ ਤਰ੍ਹਾਂ ਪਤੀ-ਪਤਨੀ ਇਕ ਦੂਜੇ ਤੋਂ ਬਿਨਾ ਅਧੂਰੇ ਹਨ। ਕੋਈ ਵੀ ਬੰਦਾ ਸੰਪੂਰਨ ਨਹੀਂ ਹੁੰਦਾ। ਇਕ ਦੂਜੇ ਦੀਆਂ ਕਮੀਆਂ ਨੂੰ ਸਵੀਕਾਰ ਕਰਕੇ ਤੇ ਚੰਗੇ ਗੁਣਾ ਦੀ ਪ੍ਰਸੰਸਾ ਕਰਕੇ ਹੌਂਸਲਾ ਵਧਾਉਣਾ ਹੀ ਗ੍ਰਸਿਥੀ ਜੀਵਨ ਦਾ ਆਧਾਰ ਹੈ। ਮੁੱਕਦੀ ਗੱਲ ਇਹ ਹੈ ਕਿ ਛੋਟੇ-ਮੋਟੇ  ਭੇਦ-ਭਾਵ ਮਿਟਾ ਕੇ ਜ਼ਿੰਦਗੀ ਦੇ ਸੁਹਾਵਣੇ ਸਫ਼ਰ ਦਾ ਲੁਤਫ਼ ਲੈਣਾ ਚਾਹਿਦਾ ਹੈ।
ਲੇਖਕ  :  ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
 ਸੰਸਥਾਪਕ ਤੇ ਮੁੱਖ ਬੁਲਾਰਾ:  ਮਿਸ਼ਨ ''ਜ਼ਿੰਦਗੀ ਖ਼ੂਬਸੂਰਤ ਹੈ''  
ਇੰਗਲਿਸ਼ ਕਾਲਜ, ਮਾਲੇਰਕੋਟਲਾ (ਪੰਜਾਬ) 9814096108