ਵਿਗੜੇ-ਤਿਗੜਿਆਂ ਦੀ ਵੇਲ... - ਰਾਮਚੰਦਰ ਗੁਹਾ
ਸਾਲ 2020 ਦੇ ਕੈਲੰਡਰ ਸਾਲ ਦੌਰਾਨ ਤਿੰਨ ਮੁੱਦੇ ਸੁਰਖੀਆਂ ’ਚ ਛਾਏ ਰਹੇ। ਇਹ ਸਨ ਮਹਾਂਮਾਰੀ ਦੇ ਰੂਪ ਵਿਚ ਆਇਆ ਖ਼ਤਰਾ, ਅਰਥਚਾਰੇ ਦੀ ਪਤਲੀ ਹਾਲਤ ਅਤੇ ਚੀਨ ਨਾਲ ਲੱਗਦੀ ਸਰਹੱਦ ’ਤੇ ਫ਼ੌਜੀ ਟਕਰਾਅ। ਭਾਰਤ ਦੇ ਮੀਡੀਆ ਤੇ ਆਮ ਤੌਰ ’ਤੇ ਭਾਰਤੀ ਲੋਕਾਂ ’ਤੇ ਸਿਆਸਤ ਦਾ ਜਨੂੰਨ ਸਵਾਰ ਰਹਿੰਦਾ ਹੈ, ਪਰ 2020 ਵਿਚ ਸਿਹਤ, ਅਰਥਚਾਰਾ ਅਤੇ ਰੱਖਿਆ ਦੇ ਮੁੱਦਿਆਂ ਨੇ ਸਿਆਸਤ ਨੂੰ ਪਿਛਾਂਹ ਧੱਕ ਦਿੱਤਾ।
ਇਸ ਦੇ ਹੁੰਦੇ ਸੁੰਦੇ ਵੀ ਭਾਰਤੀ ਸਿਆਸਤ ਵਿਚ ਪਿਛਲੇ ਸਾਲ ਇਕ ਵੱਡਾ ਘਟਨਾਕ੍ਰਮ ਵਾਪਰਿਆ-ਇਕ ਅਜਿਹਾ ਘਟਨਾਕ੍ਰਮ ਜੋ ਸਾਡੇ ਗਣਰਾਜ ਦੀ ਹੋਣੀ ਲਈ ਬਹੁਤ ਗਹਿਰੇ ਤੇ ਉਥਲ ਪੁਥਲ ਵਾਲੇ ਸਿੱਟੇ ਪੈਦਾ ਕਰ ਸਕਦਾ ਹੈ। ਇਹ ਘਟਨਾਕ੍ਰਮ ਸੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਭਾਰਤ ਦੀ ਸਭ ਤੋਂ ਅਹਿਮ ਸਿਆਸੀ ਪਾਰਟੀ ਦੇ ਆਉਣ ਵਾਲੇ ਆਗੂ ਵਜੋਂ ਉੱਭਰਨਾ। 2019 ਦੇ ਅੰਤ ਤਕ ਇਹੀ ਲੱਗਦਾ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 2024 ਵਿਚ ਹੋਣ ਵਾਲੀਆਂ ਆਮ ਚੋਣਾਂ ਲਗਾਤਾਰ ਤੀਜੀ ਵਾਰ ਜਿੱਤਣ ਲਈ ਪ੍ਰਧਾਨ ਮੰਤਰੀ ਦੇ ਅਹੁਦੇ ਵਾਸਤੇ ਨਰਿੰਦਰ ਮੋਦੀ ਦੇ ਜਾਨਸ਼ੀਨ ਹੋਣਗੇ। ਸ਼ਾਹ ਮੋਦੀ ਦੀ ਸੱਜੀ ਬਾਂਹ ਮੰਨੇ ਜਾਂਦੇ ਹਨ ਅਤੇ ਦੋ ਦਹਾਕਿਆਂ ਤੋਂ ਅੰਦਰੂਨੀ ਸੁਰੱਖਿਆ ਦੇ ਮਹਿਕਮੇ ਸੰਭਾਲ ਰਹੇ ਹਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਧਾਰਾ 370 ਮਨਸੂਖ਼ ਕਰਨ ਅਤੇ ਨਾਗਰਿਕਤਾ ਸੋਧ ਐਕਟ ਪਾਸ ਕੀਤੇ ਗਏ ਸਨ। ਇਹ ਜਾਪ ਰਿਹਾ ਸੀ ਜਿਵੇਂ ਉਹ ਆਪਣੇ ਬੌਸ ਦੀ ਸਹਿਮਤੀ ਨਾਲ ਆਪਣੇ ਆਪ ਨੂੰ ਉਸ ਦੇ ਜਾਨਸ਼ੀਨ ਵਜੋਂ ਉਭਰਨ ਦੇ ਯਤਨ ਕਰ ਰਹੇ ਹਨ।
ਸਾਲ 2020 ਜਦੋਂ ਸ਼ੁਰੂ ਹੋਇਆ ਸੀ ਤਾਂ ਰਵਾਇਤੀ ਸੂਝ-ਬੂਝ ਇਹੀ ਸੀ ਕਿ ਅਮਿਤ ਸ਼ਾਹ ਨਰਿੰਦਰ ਮੋਦੀ ਦੇ ਇਕਮਾਤਰ ਵਾਰਸ ਹਨ। ਹੁਣ ਇਕ ਸਾਲ ਬਾਅਦ ਸਥਿਤੀ ਬਿਲਕੁਲ ਉਵੇਂ ਦੀ ਨਹੀਂ ਰਹੀ। ਪਾਰਟੀ ਹੁਣ ਆਦਿੱਤਿਆਨਾਥ ਵੱਲ ਤੱਕਦੀ ਨਜ਼ਰ ਆ ਰਹੀ ਹੈ ਜਿਵੇਂ ਭਾਜਪਾ ਦੇ ਕਈ ਬਹੁਤ ਹੀ ਸੀਨੀਅਰ ਆਗੂ ਵੀ ਇਹ ਗੱਲ ਸਵੀਕਾਰਦੇ ਹਨ। ਜ਼ਰਾ ਗ਼ੌਰ ਕਰੋ ਕਿ ਸ਼ਿਵਰਾਜ ਸਿੰਘ ਚੌਹਾਨ ਅਤੇ ਬੀ ਐੱਸ ਯੇਡੀਯੁਰੱਪਾ ਨੇ ਕਿੱਡੇ ਚਾਅ ਨਾਲ ਯੂਪੀ ਦੇ ਮੁੱਖ ਮੰਤਰੀ ਦੀ ਨਕਲ ਕਰਦਿਆਂ ਆਪੋ ਆਪਣੇ ਰਾਜਾਂ ਵਿਚ ਕਾਨੂੰਨ ਬਣਾਏ ਹਨ। ਚੌਹਾਨ ਅਤੇ ਯੇਡੀਯੁਰੱਪਾ ਜਿਨ੍ਹਾਂ ਨੂੰ ਇਕ ਸਮੇਂ ‘ਵਾਜਪਾਈ ਦੌਰ’ ਦੀ ਛਾਪ ਵਜੋਂ ਦੇਖਿਆ ਜਾਂਦਾ ਸੀ ਤੇ ਉਹ ਸ਼ਾਹ ਤੇ ਮੋਦੀ ਵਰਗਿਆਂ ਦੇ ਨਿਸਬਤਨ ਵਧੇਰੇ ਨਰਮ ਮਿਜ਼ਾਜ ਅਤੇ ਮਿਲਣਸਾਰ ਗਿਣੇ ਜਾਂਦੇ ਸਨ, ਨੇ ਹੁਣ ਆਪਣੀ ਹੋਣੀ ਆਦਿੱਤਿਆਨਾਥ ਦੇ ਰਥ ਨਾਲ ਗੰਢ ਲਈ ਹੈ ਤੇ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਜੇ ਉਨ੍ਹਾਂ ਸਿਆਸੀ ਤੌਰ ’ਤੇ ਜ਼ਿੰਦਾ ਰਹਿਣਾ ਹੈ ਤਾਂ ਇਹ ਮਾੜੀ ਮੋਟੀ ਰਵਾਦਾਰੀ ਵੀ ਤਜ ਕੇ ਪੂਰੀ ਕੱਟੜਤਾ ਅਪਣਾਉਣੀ ਪੈਣੀ ਹੈ।
ਜਦੋਂ 2012-13 ਵਿਚ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੀਆਂ ਖਾਹਸ਼ਾਂ ਤੋਂ ਪਰਦਾ ਲਾਹਿਆ ਸੀ ਤਾਂ ਉਹ ‘ਗੁਜਰਾਤ ਮਾਡਲ’ ਦੀ ਗੱਲ ਕਰਦੇ ਸਨ ਜਿਸ ਨੂੰ ਉਹ ਭਾਰਤ ਭਰ ’ਚ ਲਾਗੂ ਕਰਨ ਦੇ ਖਾਹਸ਼ਮੰਦ ਸਨ। ਮੋਦੀ ਦਾ ਦਾਅਵਾ ਸੀ ਕਿ ਉਨ੍ਹਾਂ ਦਾ ਇਹ ਮਾਡਲ ਇਕ ਅਗਾਂਹਵਧੂ, ਆਰਥਿਕ ਵਿਸ਼ਾਲਤਾ ਅਤੇ ਸਮਾਜਿਕ ਜਾਵੀਏ ਦੀ ਤਰਜਮਾਨੀ ਕਰਦਾ ਹੈ ਹਾਲਾਂਕਿ ਉਨ੍ਹਾਂ ਦੇ ਆਲੋਚਕ ਗੁਜਰਾਤ ਦੇ ਮੁਸਲਮਾਨਾਂ ਦੀ ਦੁਰਦਸ਼ਾ ਅਤੇ ਅਸਹਿਮਤੀ ਦੇ ਸੁਰਾਂ ਨੂੰ ਦਬਾਉਣ ਦੇ ਪਸਮੰਜ਼ਰ ਵਿਚ ਮੁੱਖ ਮੰਤਰੀ ਵਜੋਂ ਮੋਦੀ ਦੇ ਰਿਕਾਰਡ ਦਾ ਹਵਾਲਾ ਦੇ ਕੇ ਇਸ ਮਾਡਲ ਦੇ ਸਿਆਹ ਪੱਖਾਂ ਦੀ ਨਿਸ਼ਾਨਦੇਹੀ ਕਰ ਰਹੇ ਸਨ। ਆਦਿੱਤਿਆਨਾਥ ਨੇ ਹਾਲੇ ਤਕ ਇਸ ਕਿਸਮ ਦਾ ਕੋਈ ਦਾਅਵਾ ਪੇਸ਼ ਨਹੀਂ ਕੀਤਾ ਕਿ ਉਹ ਆਪਣਾ ‘ਯੂਪੀ ਮਾਡਲ’ ਭਾਰਤ ਭਰ ’ਚ ਲਾਗੂ ਕਰਨਾ ਚਾਹੁੰਦੇ ਹਨ। ਬਹਰਹਾਲ, ਆਪਣੇ ਸੂਬੇ ਵਿਚ ਹੁਣ ਤਕ ਉਹ ਜੋ ਕੁਝ ਕਰ ਚੁੱਕੇ ਹਨ, ਉਸ ਦੇ ਆਧਾਰ ’ਤੇ ਅਸੀਂ ਠੀਕ-ਠਾਕ ਅਨੁਮਾਨ ਲਾ ਸਕਦੇ ਹਾਂ ਕਿ ਉਹ ਕਿਨ੍ਹਾਂ ਚੀਜ਼ਾਂ ਦੀ ਤਰਜਮਾਨੀ ਕਰਨਗੇ।
ਬਿਨਾਂ ਸ਼ੱਕ, ਮੋਦੀ ਤੇ ਆਦਿੱਤਿਆਨਾਥ ਵਿਚਕਾਰ ਪ੍ਰਤੱਖ ਸਮਾਨਤਾਈਆਂ ਹਨ। ਦੋਵੇਂ ਸੱਤਾਵਾਦੀ ਸ਼ਖ਼ਸੀਅਤ ਦੀਆਂ ਪੁਖ਼ਤਾ ਮਿਸਾਲਾਂ ਹਨ। ਕੈਬਨਿਟ ਦੇ ਸਾਥੀ ਹੋਣ ਜਾਂ ਵਿਧਾਨਪਾਲਿਕਾ, ਅਫ਼ਸਰਸ਼ਾਹ, ਵਿਗਿਆਨਕ ਮਾਹਿਰ, ਪ੍ਰੈੱਸ ਜਾਂ ਆਮ ਲੋਕ ਹੋਣ-ਦੋਵੇਂ ਆਪਣੇ ਆਸ-ਪਾਸ ਸਭ ਚੀਜ਼ਾਂ ’ਤੇ ਆਪਣੀ ਮਰਜ਼ੀ ਥੋਪਣ ਦੇ ਚਾਹਵਾਨ ਹਨ। ਦੋਵਾਂ ’ਤੇ ਤਾਕਤ ਤੇ ਕੰਟਰੋਲ ਹਾਸਲ ਕਰਨ ਦਾ ਖ਼ਬਤ ਸਵਾਰ ਹੈ ਤੇ ਖਾਹਸ਼ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਸੱਚੀਆਂ-ਝੂਠੀਆਂ ਪ੍ਰਾਪਤੀਆਂ ਦਾ ਸਿਹਰਾ ਸਿਰਫ਼ ਤੇ ਸਿਰਫ਼ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ।
ਇਸ ਦੇ ਬਾਵਜੂਦ ਕੁਝ ਅਹਿਮ ਵਖਰੇਵੇਂ ਵੀ ਹਨ। ਮੋਦੀ ਦੇ ਮੁਕਾਬਲੇ ਆਦਿੱਤਿਆਨਾਥ ਖੁੱਲ੍ਹੇਆਮ ਤੇ ਨੰਗਾ ਚਿੱਟਾ ਬਹੁਗਿਣਤੀਪ੍ਰਸਤ ਹੈ। ਮੋਦੀ ਆਪਣੀ ਧਾਰਮਿਕ ਵਾਬਸਤਗੀ ਦੇ ਨਾਲ ਨਾਲ ਕਦੇ ਕਦਾਈਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ (ਸਬ ਕਾ ਸਾਥ) ਕਰਦਾ ਹੈ। ਉਹ ਕਦੇ ਕਦਾਈਂ ਕਿਸੇ ਮੈਟਰੋ ਵਿਚ ਮੁਸਲਮਾਨਾਂ ਨਾਲ ਫੋਟੋਆਂ ਖਿਚਵਾ ਲੈਂਦਾ ਹੈ। ਅਦਿੱਤਿਆਨਾਥ ਨੂੰ ਅਜਿਹੇ ਢਕਵੰਜ ਰਚਣ ਦੀ ਵੀ ਲੋੜ ਮਹਿਸੂਸ ਨਹੀਂ ਹੁੰਦੀ। ਉਹ ਆਪਣੇ ਸ਼ਬਦਾਂ ਅਤੇ ਆਪਣੇ ਕੰਮਾਂ ਰਾਹੀਂ ਇਹ ਸਪੱਸ਼ਟ ਕਰਦਾ ਹੈ ਕਿ ਉਹ ਇਹ ਮੰਨਦਾ ਹੈ ਕਿ ਹਿੰਦੂ ਹੋਰਨਾਂ ਸਾਰੇ ਭਾਰਤੀ ਧਰਮਾਂ ਖਾਸਕਰ ਮੁਸਲਮਾਨਾਂ ਤੋਂ ਸ੍ਰੇਸ਼ਠ ਹਨ।
ਮੋਦੀ ਨੇ ਮੁੱਖ ਮੰਤਰੀ ਹੁੰਦਿਆਂ ਗੁਜਰਾਤ ਅੰਦਰ ਆਪਣੇ ਵਿਰੋਧੀਆਂ ਨੂੰ ਦਬਾਉਣ ਅਤੇ ਉਨ੍ਹਾਂ ਦੀ ਜ਼ੁਬਾਨ ਬੰਦ ਕਰਾਉਣ ਲਈ ਪੁਲੀਸ ਅਤੇ ਕਾਨੂੰਨ ਦੇ ਹੋਰਨਾਂ ਸੰਦਾਂ ਦਾ ਇਸਤੇਮਾਲ ਕੀਤਾ ਸੀ। ਆਦਿੱਤਿਆਨਾਥ ਵੀ ਆਪਣੇ ਸੂਬੇ ਵਿਚ ਇਹ ਕਰਦਾ ਹੈ। ਨਾਗਰਿਕਤਾ ਸੋਧ ਐਕਟ ਖਿਲਾਫ਼ ਸ਼ਾਂਤਮਈ ਰੋਸ ਮੁਜ਼ਾਹਰਿਆਂ ਨੂੰ ਜਿਸ ਵਹਿਸ਼ਤ ਨਾਲ ਕੁਚਲਿਆ ਗਿਆ, ਇਹ ਉਸ ਦੀ ਸ਼ਾਹਦੀ ਭਰਦਾ ਹੈ। ਉਂਜ, ਉਹ ਮੁੱਖ ਮੰਤਰੀ ਵਜੋਂ ਮੋਦੀ ਤੋਂ ਵੀ ਦੋ ਕਦਮ ਅੱਗੇ ਜਾਂਦਾ ਹੈ ਤੇ ਭਾਰਤ ਵਿਚ ਕਿਤੇ ਵੀ ਆਪਣੇ ਆਲੋਚਕਾਂ ’ਤੇ ਹਮਲਾ ਕਰਨ ਲਈ ਜਿਵੇਂ ਪੁਲੀਸ ਅਤੇ ਹੇਠਲੀਆਂ ਅਦਾਲਤਾਂ ਦਾ ਇਸਤੇਮਾਲ ਕਰਦਾ ਹੈ। ਉੱਤਰ ਪ੍ਰਦੇਸ਼ ਵਿਚ ਪੱਤਰਕਾਰਾਂ ਅਤੇ ਹੋਰਨਾਂ ਸੂਬਿਆਂ ਵਿਚ ਕੰਮ ਕਰਦੇ ਵਿਅੰਗਕਾਰਾਂ ਖਿਲਾਫ਼ ਜਿੰਨੇ ਕੇਸ ਦਰਜ ਕੀਤੇ ਗਏ ਹਨ ਉਸ ਤੋਂ ਪਤਾ ਚੱਲਦਾ ਹੈ ਕਿ ਸੱਤਾਵਾਦੀ ਦੇ ਤੌਰ ’ਤੇ ਆਦਿੱਤਿਆਨਾਥ ਮੋਦੀ ਤੋਂ ਵੀ ਚਾਰ ਚੰਦੇ ਉੱਪਰ ਹੈ।
ਯਕੀਨਦਹਾਨੀ ਵਾਸਤੇ, ਆਦਿੱਤਿਆਨਾਥ ਦੀਆਂ ਦਮਨਕਾਰੀ ਨੀਤੀਆਂ ਦਾ ਸੰਤਾਪ ਉਸ ਦੇ ਆਪਣੇ ਸੂਬੇ ਦੇ ਲੋਕਾਂ ਨੂੰ ਹੰਢਾਉਣਾ ਪੈ ਰਿਹਾ ਹੈ। ਇਸ ਤਰ੍ਹਾਂ ਜਿਵੇਂ ਕਿ ਇਕ ਬਾਕਮਾਲ ਵੈੱਬਸਾਈਟ ‘ਆਰਟੀਕਲ 14’ ਨੇ ਇਹ ਗੱਲ ਨੋਟ ਕੀਤੀ ਸੀ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਆਦਿੱਤਿਆਨਾਥ ਦੀ ਚੋਣ ਭਾਰਤੀ ਗਣਰਾਜ ਵਿਚ ਭਾਜਪਾ ਦੀ ਪੇਸ਼ਕਦਮੀ ਦੇ ਸਫ਼ਰ ਦਾ ਇਕ ਅਹਿਮ ਮੋੜ ਸਾਬਤ ਹੋਇਆ ਹੈ। ਇਸ ਨੇ ਸ਼ਾਸਨ ਦੇ ਇਕ ਅਜਿਹੇ ਮਾਡਲ ਦਾ ਸੰਕੇਤ ਦਿੱਤਾ ਹੈ ਜੋ ਆਪਣੇ ਮੁਸਲਿਮ ਨਾਗਰਿਕਾਂ ਨੂੰ ਸ਼ਰੇਆਮ ਤੇ ਬੇਸ਼ਰਮੀ ਨਾਲ ਨਿਸ਼ਾਨਾ ਬਣਾਉਂਦਾ ਹੈ ਅਤੇ ਸਿਆਸੀ ਵਿਰੋਧੀਆਂ ਨਾਲ ਜਨਤਕ ਦੁਸ਼ਮਣ ਵਾਲਾ ਸਲੂਕ ਕਰਦਾ ਹੈ। ਉਸ ਲੇਖ ਵਿਚ ਕਿਹਾ ਗਿਆ ਕਿ ‘ਅਹੁਦਾ ਸੰਭਾਲਣ ਵਾਲੇ ਦਿਨ ਤੋਂ ਲੈ ਕੇ ਮੁੱਖ ਮੰਤਰੀ ਨੇ ਇਕ ਅਜਿਹੀ ਸਟੇਟ ਕਾਇਮ ਕਰ ਕੇ ਉਸ ਨੂੰ ਮਜ਼ਬੂਤ ਬਣਾਉਣ ਲਈ ਸ਼ਾਸਨ ਦੇ ਸੰਦਾਂ ਦੀ ਵਰਤੋਂ ’ਚ ਕੋਈ ਝਿਜਕ ਨਹੀਂ ਦਿਖਾਈ ਜਿਹੜੇ ਆਪੂੰ ਬਣੇ ਪਹਿਰੇਦਾਰ ਗਰੁੱਪਾਂ ਦੇ ਸਰੋਕਾਰਾਂ ’ਤੇ ਹਰਕਤ ਵਿਚ ਆਉਂਦਾ ਹੈ ਅਤੇ ਹਿੰਦੂਆਂ ਖਾਸਕਰ ਉੱਚ ਜਾਤੀ ਹਿੰਦੂਆਂ ਨੂੰ ਤਰਜੀਹ ਦਿੰਦਾ ਹੈ ਅਤੇ ਮੁਸਲਮਾਨਾਂ ਅਤੇ ਅਸਹਿਮਤੀ ਪ੍ਰਗਟ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣ, ਬਦਨਾਮ ਕਰਨ, ਸਲਾਖਾਂ ਪਿੱਛੇ ਤਾੜਨ ਅਤੇ ਕੁਝ ਸੂਰਤਾਂ ਵਿਚ ਮਾਰ ਮੁਕਾਉਣ ਲਈ ਕਾਨੂੰਨ ਤੇ ਪੁਲੀਸ ਦਾ ਸਹਾਰਾ ਲੈਂਦਾ ਹੈ..।’ ਹਿਰਾਸਤ ਵਿਚ ਹੱਤਿਆਵਾਂ ਅਤੇ ਰਿਆਸਤ ਵੱਲੋਂ ਮੁਸਲਮਾਨਾਂ ਅਤੇ ਕਾਰਕੁਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਬਹੁਤ ਸਾਰੀਆਂ ਮਿਸਾਲਾਂ ਦਿੰਦਿਆਂ ਲੇਖ ਵਿਚ ਇਹ ਸਿੱਟਾ ਕੱਢਿਆ ਗਿਆ ਹੈ ਕਿ ‘ਆਦਿੱਤਿਆਨਾਥ ਸਰਕਾਰ ਨੇ ਬਦਲੇਖੋਰ, ਬਹੁਗਿਣਤੀਪ੍ਰਸਤ ਅਤੇ ਦਮਨਕਾਰੀ ਸ਼ਾਸਨ ਦੇ ਅਜਿਹੇ ਮਾਡਲ ਨੂੰ ਸ਼ਿਸ਼ਕੇਰ ਦਿੱਤਾ ਹੈ ਜਿਸ ਨੇ ਉਹ ਸਭ ਹੱਦਾਂ ਬੰਨ੍ਹੇ ਪਾਰ ਕਰ ਦਿੱਤੀਆਂ ਹਨ ਜਿਨ੍ਹਾਂ ਨੂੰ ਭਾਜਪਾ ਦੀਆਂ ਪਹਿਲੀਆਂ ਹਕੂਮਤਾਂ ਵੀ ਉਲੰਘਣ ਤੋਂ ਝਿਜਕਦੀਆਂ ਸਨ।’
ਮੁੱਖ ਮੰਤਰੀ ਬਣਨ ਤੋਂ ਬਹੁਤ ਚਿਰ ਪਹਿਲਾਂ ਆਦਿੱਤਿਆਨਾਥ ਨੇ ‘ਹਿੰਦੂ ਯੁਵਾ ਵਾਹਿਨੀ’ ਨਾਂ ਦਾ ਇਕ ਗਰੁੱਪ ਬਣਾਇਆ ਸੀ ਜੋ ਆਪਣੇ ਆਪ ਨੂੰ ਹਿੰਦੂਤਵ ਅਤੇ ਰਾਸ਼ਟਰਵਾਦ ਪ੍ਰਤੀ ਵਚਨਬੱਧ ਇਕ ਕੱਟੜ ਸੱਭਿਆਚਾਰਕ ਅਤੇ ਸਮਾਜਿਕ ਜਥੇਬੰਦੀ’ ਦੱਸਦਾ ਹੈ। ਖਾੜਕੂ, ਜਥੇਬੰਦਕ ਅਤੇ ਹਿੰਸਾ ਦੇ ਇਸਤੇਮਾਲ ਦੇ ਚਾਹਵਾਨ ਇਸ ਗਰੁੱਪ ਉੱਪਰ ਦੰਗੇ ਕਰਵਾਉਣ, ਹੱਤਿਆ ਅਤੇ ਅੱਗਜ਼ਨੀ ਦੇ ਦੋਸ਼ਾਂ ਤੋਂ ਇਲਾਵਾ ਮਸਜਿਦਾਂ, ਘਰਾਂ, ਬੱਸਾਂ ਅਤੇ ਰੇਲਗੱਡੀਆਂ ਸਾੜਨ ਦੇ ਦੋਸ਼ ਆਇਦ ਹਨ।’
ਯੁਵਾ ਵਾਹਿਨੀ ਦੇ ਮੈਂਬਰ ਆਪਣੇ ਆਗੂ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਹਨ ਅਤੇ ਉਸ ਦੀ ਕਮਾਂਡ ’ਤੇ ਕਾਰਵਾਈ ਕਰਨ ਲਈ ਤਿਆਰ ਰਹਿੰਦੇ ਹਨ। ਇਸ ਲਿਹਾਜ਼ ਤੋਂ ਆਦਿੱਤਿਆਨਾਥ ਆਜ਼ਾਦ ਭਾਰਤ ਦੇ ਇਤਿਹਾਸ ਦਾ ਇਕਲੌਤਾ ਅਜਿਹਾ ਸਿਆਸਤਦਾਨ ਹੈ ਜਿਸ ਨੇ ਆਪਣੇ ਸੂਬੇ ਦਾ ਮੁੱਖ ਮੰਤਰੀ ਬਣਨ ਤੋਂ ਬਹੁਤ ਚਿਰ ਪਹਿਲਾਂ ਇਕ ਆਪੂੰ ਬਣਿਆ ਪਹਿਰੇਦਾਰ ਗਰੁੱਪ ਕਾਇਮ ਕਰ ਕੇ ਇਸ ਨੂੰ ਚਲਾਇਆ ਹੈ।
ਜਦੋਂ 2001 ਵਿਚ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਬਣੇ ਸਨ ਤਾਂ ਉਸ ਰਾਜ ਵਿਚ ਪਹਿਲਾਂ ਤੋਂ ਹੀ ਬਹੁਤ ਮਜ਼ਬੂਤ ਸਨਅਤੀ ਆਧਾਰ ਮੌਜੂਦ ਸੀ ਤੇ ਉੱਦਮਸ਼ੀਲਤਾ ਦਾ ਸੱਭਿਆਚਾਰ ਪਣਪ ਰਿਹਾ ਸੀ। ਆਦਿੱਤਿਆਨਾਥ ਦੇ 2017 ਵਿਚ ਉੱਤਰ ਪ੍ਰਦੇਸ਼ ਦੇ ਸ਼ਾਸਨ ਦੀ ਵਾਗਡੋਰ ਸੰਭਾਲਣ ਤੋਂ ਪਹਿਲਾਂ ਉੱਥੇ ਅਜਿਹੀ ਕੋਈ ਗੱਲ ਨਹੀਂ ਸੀ। ਭਾਰਤ ਦਾ ਸਭ ਤੋਂ ਵੱਧ ਜਨਸੰਖਿਆ ਵਾਲਾ ਇਹ ਸੂਬਾ ਆਰਥਿਕ ਅਤੇ ਸਮਾਜਿਕ ਪਹਿਲੂਆਂ ਤੋਂ ਪੱਛੜੇਪਣ ਦਾ ਪ੍ਰਤੀਕ ਬਣਿਆ ਸੀ ਅਤੇ ਆਦਿੱਤਿਆਨਾਥ ਦੀਆਂ ਨੀਤੀਆਂ ਉੱਤਰ ਪ੍ਰਦੇਸ਼ ਦੀ ਇਹ ਦਿੱਖ ਬਦਲਣ ਵਿਚ ਬਿਲਕੁਲ ਨਾਕਾਮ ਰਹੀਆਂ ਹਨ।
ਇਹ ਸੰਖੇਪ ਵਿਚ ਉਸ ਸ਼ਖ਼ਸ ਦਾ ਜ਼ਾਤੀ ਤੇ ਸਿਆਸੀ ਰਿਕਾਰਡ ਸੀ ਜਿਸ ਬਾਰੇ ਭਾਜਪਾ ਦੇ ਸਿਰਮੌਰ ਆਗੂ ਵਜੋਂ ਨਰਿੰਦਰ ਮੋਦੀ ਦੇ ਜਾਨਸ਼ੀਨ ਬਣਨ ਦੀਆਂ ਗੱਲਾਂ ਹੋ ਰਹੀਆਂ ਹਨ। ਜੇ ਆਦਿੱਤਿਆਨਾਥ ਅਗਲੀਆਂ ਆਮ ਚੋਣਾਂ ਵਿਚ ਆਪਣੀ ਪਾਰਟੀ ਦੀ ਮੁਹਿੰਮ ਦੀ ਅਗਵਾਈ ਕਰਦਾ ਹੈ ਤਾਂ ਉਹ ਵੋਟਰਾਂ ਲਈ ਕਿਹੋ ਜਿਹੇ ‘ਅੱਛੇ ਦਿਨਾਂ’ ਦਾ ਵਾਅਦਾ ਕਰੇਗਾ? ਪਿੱਛੇ 2013-14 ਵਿਚ ਮੋਦੀ ਨੇ ਦਾਅਵਾ ਕੀਤਾ ਸੀ ਕਿ ਉਹ ਭਾਰਤੀ ਨੌਜਵਾਨਾਂ ਨੂੰ ਰੁਜ਼ਗਾਰ, ਖੁਸ਼ਹਾਲੀ ਅਤੇ ਸੁਰੱਖਿਆ ਮੁਹੱਈਆ ਕਰਵਾਏਗਾ। ਕੀ ਹਿੰਦੂ ਯੁਵਾ ਵਾਹਿਨੀ ਦਾ ਬਾਨੀ ਨੌਜਵਾਨ ਭਾਰਤੀਆਂ ਨੂੰ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਨਪੀੜਨ ਦੀ ਤਸੱਲੀ ਦੇਣ ਤੋਂ ਇਲਾਵਾ ਹੋਰ ਕੋਈ ਵਾਅਦਾ ਕਰ ਸਕਦਾ ਹੈ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਨਾਂ ਮੁਲਕਾਂ ਦੇ ਆਗੂਆਂ ਨੂੰ ਪਤਿਆਉਣ ਲਈ ਦੁਨੀਆਂ ਭਰ ਦੇ ਦੌਰਿਆਂ ’ਤੇ ਜਾਂਦੇ ਰਹੇ ਹਨ (ਅਲਬੱਤਾ ਸਫਲਤਾ ਮਿਲੀ ਜੁਲੀ ਰਹਿੰਦੀ ਸੀ)। ਜੇ ਆਦਿੱਤਿਆਨਾਥ ਕਦੇ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਤਾਂ ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਉਹ ਉਸ ਸਭ ਕਾਸੇ ਦੀ ਪਰਵਾਹ ਕਰੇਗਾ ਜੋ ਦੁਨੀਆਂ ਉਸ ਜਾਂ ਉਸ ਦੇ ਮੁਲਕ ਬਾਰੇ ਸੋਚਦੀ ਹੈ। ਉਸ ਦਾ ਸਾਰਾ ਧਿਆਨ ਭਾਰਤ ਵਿਚ ਆਪਣੀ ਸੱਤਾ ਨੂੰ ਪੱਕੇ ਪੈਰੀਂ ਕਰਨ ਤੇ ਖ਼ਾਸਕਰ ਉਨ੍ਹਾਂ ਭਾਰਤ ਵਾਸੀਆਂ ’ਤੇ ਕੇਂਦਰਤ ਰਹੇਗਾ ਜਿਨ੍ਹਾਂ ਦੀ ਸੋਚ ਉਸ ਦੇ ਸਿਆਸੀ, ਦਾਰਸ਼ਨਿਕ ਜਾਂ ਰੂਹਾਨੀ ਵਿਸ਼ਵਾਸਾਂ ਨਾਲ ਮੇਲ ਨਹੀਂ ਖਾਂਦੀ। ਕੁਝ ਮਹੀਨੇ ਪਹਿਲਾਂ ਮੌਜੂਦਾ ਅਤੇ ਬੀਤੇ ਸਮਿਆਂ ਦੇ ਪ੍ਰਧਾਨ ਮੰਤਰੀਆਂ ਦੇ ਸਿਆਸੀ ਅੰਦਾਜ਼ ਬਾਰੇ ਲਿਖੇ ਇਕ ਕਾਲਮ ਵਿਚ ਮੈਂ ਦਲੀਲ ਦਿੱਤੀ ਸੀ ਕਿ ਕੇਂਦਰੀਕਰਨ ਤੇ ਕੰਟਰੋਲ ਦੀ ਰੁਚੀ ਦੇ ਲਿਹਾਜ਼ ਤੋਂ ਨਰਿੰਦਰ ਮੋਦੀ ਕੁਝ ਉਵੇਂ ਦਾ ਹੈ ‘ਜਿਵੇਂ ਇੰਦਰਾ ਗਾਂਧੀ ਨੂੰ ਸਟੀਰਾਇਡਜ਼ ਦੇ ਦਿੱਤੇ ਹੋਣ।’ ਜੇ ਆਦਿੱਤਿਆਨਾਥ ਕਦੇ ਪ੍ਰਧਾਨ ਮੰਤਰੀ ਬਣ ਗਿਆ ਤਾਂ ਉਹ ਸਟੀਰਾਇਡ (ਆਮ ਤੌਰ ’ਤੇ ਵਿਖਾਵਟੀ ਜਿਸਮਾਨੀ ਤਾਕਤ ਲਈ ਵਰਤੇ ਜਾਂਦੇ ਬਣਾਉਟੀ ਰਸਾਇਣ) ਲੈ ਕੇ ਚੱਲ ਰਹੇ ਨਰਿੰਦਰ ਮੋਦੀ ਦਾ ਰੂਪ ਬਣ ਜਾਵੇਗਾ। ਦੇਸ਼ ਭਰ ਵਿਚ ਗੁਜਰਾਤ ਮਾਡਲ ਦੀ ਸੱਤ ਸਾਲਾਂ ਦੀ ਅਮਲਦਾਰੀ ਨੇ ਸਾਡੇ ਗਣਰਾਜ ਦੇ ਸਮਾਜਿਕ ਤੇ ਸੰਸਥਾਈ ਤਾਣੇ ਬਾਣੇ ਨੂੰ ਬੁਰੀ ਤਰ੍ਹਾਂ ਸੱਟ ਮਾਰੀ ਹੈ। ਯੂਪੀ ਮਾਡਲ ਦਾ ਇਕ ਕਾਰਜਕਾਲ ਹੀ ਸਭ ਕੁਝ ਮਲੀਆਮੇਟ ਕਰ ਕੇ ਰੱਖ ਦੇਵੇਗਾ।