ਘੁਮੰਡ ਦੇ ਘੋੜੇ ਉੱਤੇ ਚੜ੍ਹੇ ਹੋਏ ਆਗੂ ਨੂੰ ਧਰਤੀ ਵੱਲ ਵੇਖਣਾ ਚਾਹੀਦੈ - ਜਤਿੰਦਰ ਪਨੂੰ
ਪੰਝੀ ਕੁ ਸਾਲ ਪਹਿਲਾਂ ਦੀ ਗੱਲ ਹੈ, ਓਦੋਂ ਇਹ ਮੁੱਦਾ ਬੜੇ ਗੰਭੀਰ ਰੂਪ ਵਿੱਚ ਉੱਠਿਆ ਸੀ ਕਿ ਅਕਲ ਦੀ ਗੱਲ ਕਰਨ ਵਾਲੇ 'ਬੁੱਧੀਜੀਵੀ' ਆਪਣੀ ਬੁੱਧੀ ਨੂੰ ਲੋਕਾਂ ਦੇ ਭਲੇ ਲਈ ਵਰਤਣ ਦੀ ਬਜਾਏ ਇੱਕ ਜਾਂ ਦੂਜੀ ਧਿਰ ਦੇ ਹਿੱਤਾਂ ਲਈ ਵਰਤਦੇ ਅਤੇ ਇਸ ਤਰ੍ਹਾਂ ਬੁੱਧੀ ਨਾਲ ਬੇਵਫਾਈ ਕਰਦੇ ਹਨ। ਉਸ ਵੇਲੇ ਅਸੀਂ ਇਹ ਲਿਖਿਆ ਸੀ ਕਿ ਜਿਸ ਕਿਸੇ ਨੇ ਵੀ 'ਬੁੱਧੀਜੀਵੀ' ਲਫਜ਼ ਦੀ ਕਾਢ ਕੱਢੀ ਹੋਵੇਗੀ, ਉਸ ਨੇ ਠੀਕ ਨਹੀਂ ਸੀ ਕੀਤਾ। ਅੰਗਰੇਜ਼ੀ ਦੇ ਦੋ ਸ਼ਬਦ 'ਇੰਟੈਲੀਜੈਂਟ' ਤੇ 'ਇੰਟੈਲੀਜੈਂਸ਼ੀਆ' ਇਸ ਮਕਸਦ ਲਈ ਵਰਤੇ ਜਾਂਦੇ ਹਨ ਤੇ ਇਨ੍ਹਾਂ ਦਾ ਅਸਲ ਅਰਥ ਸਾਡੀ ਸਮਝ ਦੇ ਮੁਤਾਬਕ ਬੁੱਧੀ ਨੂੰ ਵਰਤਣ ਵਾਲੇ ਲੋਕ ਹੋ ਸਕਦਾ ਹੈ, ਬੁੱਧੀ ਦੇ ਆਸਰੇ ਜਿਊਣ ਵਾਲੇ ਨਹੀਂ ਬਣਦਾ। ਇਨ੍ਹਾਂ ਲਈ ਢੁਕਵਾਂ ਸ਼ਬਦ ਜੇ ਵਰਤਣਾ ਹੋਵੇ ਤਾਂ 'ਬੁੱਧੀਮਾਨ' ਵੱਧ ਠੀਕ ਲੱਗਦਾ ਹੈ। ਖੈਰ ਉਹ ਮਾਮਲਾ ਤਾਂ ਬੁੱਧੀਜੀਵੀ ਦਾ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਫਤੇ ਇੱਕ ਲਫਜ਼ 'ਅੰਦੋਲਨ-ਜੀਵੀ' ਬੋਲ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਉਸ ਨੇ ਇਹ ਵੀ ਆਖਿਆ ਕਿ ਜਿਵੇਂ 'ਪਰ-ਜੀਵੀ' ਹੁੰਦੇ ਹਨ, ਜਿਹੜੇ ਆਪਣੇ ਲਈ ਖੁਰਾਕ ਦਾ ਜੁਗਾੜ ਖੁਦ ਨਹੀਂ ਕਰਦੇ, ਸਗੋਂ ਖੁਰਾਕ ਦਾ ਪ੍ਰਬੰਧ ਕਰ ਸਕਣ ਵਾਲੇ ਜੀਵਾਂ ਨੂੰ ਚੰਬੜ ਕੇ ਉਨ੍ਹਾਂ ਦੇ ਆਸਰੇ ਜਿਉਂਦੇ ਹਨ, ਏਦਾਂ ਹੀ 'ਅੰਦੋਲਨ-ਜੀਵੀ' ਹਨ, ਜਿਹੜੇ ਕਿਸੇ ਵੀ ਕਿਸਮ ਦਾ ਕੋਈ ਵੀ ਅੰਦੋਲਨ ਹੋਵੇ, ਉਸ ਨਾਲ ਜੁੜ ਜਾਂਦੇ ਅਤੇ ਆਪਣਾ ਕੰਮ ਚਲਾਉਂਦੇ ਹਨ। ਉਨ੍ਹਾਂ ਦੇ ਇਸ ਤਰ੍ਹਾਂ ਕਹਿਣ ਦਾ ਵੱਡੇ ਪੱਧਰ ਉੱਤੇ ਵਿਰੋਧ ਹੋਇਆ ਤੇ ਕਈ ਲੋਕਾਂ ਨੇ ਜਵਾਬ ਵਿੱਚ ਮੋਦੀ ਦੀ ਪਾਰਟੀ ਭਾਜਪਾ ਦੇ ਆਗੂਆਂ ਨੂੰ 'ਚੰਦਾ-ਜੀਵੀ' ਤੋਂ ਸ਼ੁਰੂ ਕਰ ਕੇ 'ਦੰਗਾ-ਜੀਵੀ' ਅਤੇ 'ਰਕਤ-ਜੀਵੀ' ਤੱੱਕ ਦੇ ਮੋੜਵੇਂ ਮਿਹਣੇ ਮਾਰੇ ਹਨ। ਨਰਿੰਦਰ ਮੋਦੀ ਕਿਸੇ ਧਿਰ ਵੱਲੋਂ ਵੀ ਮਾਰੇ ਗਏ ਮਿਹਣੇ ਦੀ ਪ੍ਰਵਾਹ ਨਹੀਂ ਕਰਦਾ ਹੁੰਦਾ, ਉਹ ਜਿੱਦਾਂ ਚੱਲ ਰਿਹਾ ਸੀ, ਓਸੇ ਤਰ੍ਹਾਂ ਚੱਲ ਰਿਹਾ ਹੈ।
ਸਾਰਿਆਂ ਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਲਫਜ਼ ਨਾਲ ਚੋਟ ਇੱਕ ਖਾਸ ਆਗੂ ਬਾਰੇ ਕੀਤੀ ਹੈ, ਪਰ ਪ੍ਰਭਾਵ ਸਾਰੇ ਕਿਸਾਨ ਆਗੂਆਂ ਅਤੇ ਸੰਘਰਸ਼ ਕਰਨ ਵਾਲੇ ਹੋਰ ਸਾਰੇ ਲੋਕਾਂ ਬਾਰੇ ਸਾਂਝੀ ਟਿਪਣੀ ਦਾ ਬਣਿਆ ਹੈ। ਅੱਜ ਦੇ ਦੌਰ ਵਿੱਚ ਕਿਸਾਨਾਂ ਦੀ ਅਗਵਾਈ ਕਰਦੇ ਆਗੂ 'ਅੰਦੋਲਨ-ਜੀਵੀ' ਬਿਲਕੁਲ ਨਹੀਂ ਕਹੇ ਜਾ ਸਕਦੇ। ਪਰ-ਜੀਵੀ ਆਪਣੇ ਕੁਦਰਤੀ ਸੁਭਾਅ ਵਜੋਂ ਪਰਾਏ ਖੂਨ ਨਾਲ ਜਿਊਣ ਵਾਲਾ ਹੁੰਦਾ ਹੈ। ਕਿਸਾਨਾਂ ਜਾਂ ਮਜ਼ਦੂਰਾਂ ਲਈ ਸੰਘਰਸ਼ ਦਾ ਰਾਹ ਚੁਣਨ ਵਾਲੇ ਵਰਕਰ ਇਨ੍ਹਾਂ ਅੰਦੋਲਨਾਂ ਆਸਰੇ ਜ਼ਿੰਦਗੀ ਗੁਜ਼ਾਰਨ ਦੀ ਸੋਚ ਵਾਲੇ ਨਹੀਂ ਹੁੰਦੇ, ਇਹ ਲੋਕ ਕਿਸੇ ਖਾਸ ਪੜਾਅ ਉੱਤੇ ਕਿਸੇ ਖਾਸ ਮੁੱਦੇ ਉੱਤੇ ਮਜਬੂਰੀ ਵਿੱਚ ਅੰਦੋਲਨ ਦੇ ਰਾਹ ਓਦੋਂ ਪੈਂਦੇ ਹਨ, ਜਦੋਂ ਸਰਕਾਰ ਅੰਦੋਲਨ ਤੋਂ ਬਿਨਾਂ ਕੀਤੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੀ। ਇਸ ਵੇਲੇ ਚੱਲਦੇ ਕਿਸਾਨ ਅੰਦੋਲਨ ਦੇ ਆਗੂ ਵੀ ਮੋਦੀ ਸਰਕਾਰ ਦੇ ਜ਼ਿੱਦੀ ਵਿਹਾਰ ਦੇ ਕਾਰਨ ਇਸ ਅੰਦੋਲਨ ਦੇ ਮੈਦਾਨ ਵਿੱਚ ਨਿੱਤਰੇ ਹਨ, ਅੰਦੋਲਨਾਂ ਦੇ ਆਸਰੇ ਜ਼ਿੰਦਗੀ ਗੁਜ਼ਾਰਨ ਦੀ ਨੀਤ ਹੇਠ ਉਹ ਲੋਕ ਇਸ ਸੰਘਰਸ਼ ਦੇ ਲਈ ਠੰਢੀਆਂ ਰਾਤਾਂ ਨੂੰ ਸੜਕਾਂ ਉੱਤੇ ਸੌਣ ਨਹੀਂ ਆਏ। ਪ੍ਰਧਾਨ ਮੰਤਰੀ ਨੂੰ ਏਦਾਂ ਦੇ ਸ਼ਬਦਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਪਦਵੀ ਦੀ ਥੋੜ੍ਹੀ-ਬਹੁਤ ਝਿਜਕ ਰੱਖ ਕੇ ਬੋਲਣਾ ਚਾਹੀਦਾ ਸੀ।
ਅਸਲ ਵਿੱਚ ਜੇ ਕਿਸੇ ਨੂੰ 'ਅੰਦੋਲਨ-ਜੀਵੀ' ਕਿਹਾ ਜਾ ਸਕਦਾ ਹੈ ਤਾਂ ਉਹ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਪਾਰਟੀ ਦੇ ਲੋਕ ਹਨ, ਜਿਹੜੇ ਵੱਖ-ਵੱਖ ਅੰਦੋਲਨ ਲੋਕਾਂ ਦੇ ਵਾਸਤੇ ਨਹੀਂ, ਰਾਜ-ਗੱਦੀਆਂ ਤੱਕ ਪੁੱਜਣ ਲਈ ਖੁਦ ਚਲਾਉਂਦੇ ਰਹੇ ਹਨ ਅਤੇ ਇਸ ਵਕਤ ਵੀ ਗੱਦੀਆਂ ਕਾਇਮ ਰੱਖਣ ਲਈ ਚਲਾਈ ਜਾਂਦੇ ਹਨ। ਆਜ਼ਾਦੀ ਵੇਲੇ ਆਪਣੇ ਪਹਿਲੇ ਰਾਜਨੀਤਕ ਰੂਪ ਹਿੁੰਦੂ ਮਹਾਂ ਸਭਾ ਤੋਂ ਬਾਅਦ ਭਾਰਤੀ ਜਨ-ਸੰਘ ਤੋਂ ਚੱਲਦੀ ਹੋਈ ਮੁਰਾਰਜੀ ਡਿਸਾਈ ਨਾਲ ਮਿਲਣ ਤੇ ਪਿੱਛੇ ਹਟਣ ਪਿੱਛੋਂ ਨਵੀਂ ਬਣਾਈ ਭਾਰਤੀ ਜਨਤਾ ਪਾਰਟੀ ਇਸ ਸਾਰੇ ਦੌਰ ਵਿੱਚ ਹਿੰਦੂ ਭਾਈਚਾਰੇ ਦੀਆਂ ਵੋਟਾਂ ਬਟੋਰਨ ਲਈ 'ਰਾਮ ਮੰਦਰ' ਬਣਾਉਣ ਦਾ ਅੰਦੋਲਨ ਚਲਾਉਂਦੀ ਆਈ ਹੈ। ਇਸ ਪਾਰਟੀ ਨੇ ਕਦੇ 'ਰਾਸ਼ਟਰੀ ਏਕਤਾ ਅਭਿਆਨ' ਸ਼ੁਰੂ ਕੀਤਾ ਸੀ, ਕਦੀ ਰਾਮ-ਮੰਦਰ ਦੇ ਲਈ ਰੱਥ-ਯਾਤਰਾ ਚਲਾਈ ਤੇ ਕਦੇ ਜੰਮੂ-ਕਸ਼ਮੀਰ ਤੋਂ ਕੇਰਲਾ ਤੱਕ 'ਏਕਤਾਮਕਤਾ ਯਾਤਰਾ' ਸ਼ੁਰੂ ਕਰ ਕੇ ਲੋਕਾਂ ਨੂੰ ਇੱਕ ਖਾਸ ਧਰਮ ਦੇ ਨਾਂਅ ਉੱਤੇ ਬਣੀ ਇਸ ਪਾਰਟੀ ਨੂੰ ਵੋਟਾਂ ਪਾਉਣ ਲਈ ਉਕਸਾਉਣ ਦਾ ਕੰਮ ਕੀਤਾ ਸੀ। ਇਹ ਸਾਰੇ ਅੰਦੋਲਨ ਸਿਆਸੀ ਲੋੜਾਂ ਲਈ ਚਲਾਏ ਗਏ ਸਨ ਅਤੇ ਇਨ੍ਹਾਂ ਨੂੰ ਚਲਾਉਣ ਵਲਿਆਂ ਨੂੰ 'ਅੰਦੋਲਨ-ਜੀਵੀ' ਕਿਹਾ ਜਾ ਸਕਦਾ ਹੈ, ਜਦ ਕਿ ਪ੍ਰਧਾਨ ਮੰਤਰੀ ਸਾਹਿਬ ਦੂਜਿਆਂ ਬਾਰੇ ਇਹ ਗੱਲ ਕਹਿ ਰਹੇ ਹਨ। ਰਾਜਸੀ ਲੋੜਾਂ ਦੇ ਲਈ ਇਸ ਤਰ੍ਹਾਂ ਦੀਆਂ 'ਯਾਤਰਾਵਾਂ' ਅਤੇ ਅੰਦੋਲਨ ਚਲਾਉਣ ਵਾਲੀ ਇਹ ਪਾਰਟੀ ਅੱਜਕੱਲ੍ਹ ਪੱਛਮੀ ਬੰਗਾਲ ਵਿੱਚ 'ਪ੍ਰੀਵਰਤਨ ਯਾਤਰਾ' ਦਾ ਢੌਂਗ ਰਚਾ ਕੇ ਕੁਰਸੀ-ਅੰਦੋਲਨ ਚਲਾ ਰਹੀ ਹੈ। ਏਦਾਂ ਉਹ ਪਹਿਲਾਂ ਵੀ ਕਈ ਰਾਜਾਂ ਵਿੱਚ ਕਰ ਚੁੱਕੀ ਹੈ ਅਤੇ ਅੱਗੋਂ ਵੀ ਕਰਦੀ ਰਹੇਗੀ, ਪਰ ਮਿਹਣੇ ਮੋਦੀ ਸਾਹਿਬ ਹੋਰਨਾਂ ਨੂੰ ਮਾਰਦੇ ਹਨ, ਜਦ ਕਿ ਭਾਜਪਾ ਤੋਂ ਉਲਟ ਕਿਸਾਨਾਂ ਦੇ ਆਗੂ ਇਸ ਵਕਤ ਆਮ ਕਿਸਾਨਾਂ ਦੀ ਹੋਂਦ ਅਤੇ ਪੀੜ੍ਹੀਆਂ ਦੇ ਭਵਿੱਖ ਦੀ ਲੜਾਈ ਲੜਦੇ ਪਏ ਹਨ।
ਇੱਕ ਆਮ ਕਹਾਵਤ ਹੈ ਕਿ ਆਦਮੀ ਜਿਸ ਖਸਲਤ ਦਾ ਹੋਵੇ, ਉਸ ਨੂੰ ਦੂਸਰੇ ਲੋਕਾਂ ਵਿੱਚੋਂ ਵੀ ਓਦਾਂ ਦੀ ਤਸਵੀਰ ਨਜ਼ਰ ਆਉਣ ਲੱਗ ਜਾਂਦੀ ਹੈ। ਬਚਪਨ ਤੋਂ ਲੈ ਕੇ ਜਿਸ ਆਦਮੀ ਨੇ ਸਿਰਫ ਅੰਦੋਲਨ ਕੀਤੇ ਅਤੇ ਅਗਲੀ ਉਚਾਈ ਵੱਲ ਨੂੰ ਵਧਣ ਲਈ ਅੰਦੋਲਨਾਂ ਨੂੰ ਪੌੜੀਆਂ ਬਣਾ ਕੇ ਵਰਤਿਆ ਹੈ, ਉਸ ਨੂੰ ਇਹ ਸਮਝ ਨਹੀਂ ਆ ਸਕਦੀ ਕਿ ਇਸ ਦੇ ਬਿਨਾਂ ਵੀ ਕੋਈ ਅੰਦੋਲਨ ਹੁੰਦਾ ਹੈ। ਭਾਰਤ ਵਿੱਚ ਸਮਾਜ ਸੁਧਾਰ ਅੰਦੋਲਨ ਵੀ ਹੋਏ ਹਨ, ਇਸ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਸਤੇ ਵੀ ਹੋਏ ਹਨ, ਭ੍ਰਿਸ਼ਟਾਚਾਰ ਦੇ ਵਿਰੁੱਧ ਵੀ ਅੰਦੋਲਨ ਹੋਏ ਹਨ ਅਤੇ ਧੀਆਂ ਨੂੰ ਜੰਮਣ ਤੋਂ ਪਹਿਲਾਂ ਮਾਰ ਦੇਣ ਵਾਲੀ ਗੰਦੀ ਮਾਨਸਿਕਤਾ ਠੱਲ੍ਹਣ ਲਈ ਭਰੂਣ ਹੱਤਿਆ ਵਿਰੁੱਧ ਵੀ ਅੰਦੋਲਨ ਹੋਏ ਹਨ। ਇਹੋ ਜਿਹੇ ਅੰਦੋਲਨਾਂ ਵਿੱਚ ਸ਼ਾਮਲ ਹੋਣ ਵਾਲੇ ਆਮ ਲੋਕ ਤੇ ਜਨਤਕ ਆਗੂ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਸੁਫਨਾ ਲੈਣ ਵਾਲੇ ਨਹੀਂ ਸਨ, ਉਹ ਮਨੁੱਖ ਹਿਤੈਸ਼ੀ ਸੋਚ ਨੂੰ ਪ੍ਰਣਾਏ ਹੋਣ ਕਰ ਕੇ ਇਨ੍ਹਾਂ ਅੰਦੋਲਨਾਂ ਵਿੱਚ ਕੁੱਦਦੇ ਤੇ ਜੇਲ੍ਹ ਤੱਕ ਭੁਗਤਦੇ ਰਹੇ ਸਨ। ਭਾਜਪਾ ਹਮਾਇਤੀ ਕਿਸੇ ਰਾਮਦੇਵ ਦਾ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਚੋਰ-ਚੋਰ ਦਾ ਰੌਲਾ ਪਾ ਕੇ ਆਪਣੀ ਦੁਕਾਨਦਾਰੀ ਚਮਕਾਉਣ ਵਾਲਾ ਸੀ, ਪਰ ਰਾਮਦੇਵ ਨੇ ਜਦੋਂ ਮਰਨ-ਵਰਤ ਦਾ ਸਾਂਗ ਰਚਿਆ ਸੀ ਤੇ ਸਾਰੇ ਭਾਰਤ ਦੇ ਭਾਜਪਾ ਪੱਖੀ ਸਾਧ-ਸੰਤ ਉਸ ਦਾ ਵਰਤ ਛੁਡਾਉਣ ਲਈ ਨਾਟਕ ਕਰਦੇ ਪਏ ਸਨ, ਓਦੋਂ ਓਸੇ ਹਸਪਤਾਲ ਵਿੱਚ ਇੱਕ ਅਸਲੀ ਅੰਦੋਲਨਕਾਰੀ ਅੰਤਲੇ ਸਾਹ ਲੈ ਰਿਹਾ ਸੀ। ਪ੍ਰਸਿੱਧੀ ਵਾਲੇ ਅਦਾਰੇ ਤੋਂ ਇੰਜੀਨੀਅਰ ਦੀ ਡਿਗਰੀ ਕਰਨੀ ਛੱਡ ਕੇ ਤਿਆਗੀ ਬਣੇ ਉਸ ਵਿਅਕਤੀ ਨੇ ਜਦੋਂ ਵੇਖਿਆ ਕਿ ਕੁਦਰਤ ਦੇ ਨਾਲ ਖਿਲਵਾੜ ਹੋ ਰਿਹਾ ਹੈ ਤਾਂ ਵਾਤਾਵਰਣ ਬਚਾਉਣ ਲਈ ਉਸ ਨੇ ਏਦਾਂ ਅੰਦੋਲਨ ਛੇੜਿਆ ਸੀ, ਜਿਹੜਾ ਜੀਵਨ ਦੇ ਆਖਰੀ ਸਾਹ ਤੱਕ ਜਾਰੀ ਰੱਖਿਆ ਸੀ। ਗੰਗਾ ਨਦੀ ਇਸ ਦੇਸ਼ ਵਿੱਚ ਪਵਿੱਤਰ ਮੰਨੀ ਜਾਂਦੀ ਹੈ, ਪਰ ਇਸ ਵਿੱਚ ਸਭ ਤੋਂ ਵੱਧ ਗੰਦ ਉਹੋ ਪਾਉਂਦੇ ਹਨ, ਜਿਹੜੇ ਇਸ ਨੂੰ 'ਮਾਂ ਗੰਗਾ' ਕਹਿੰਦੇ ਹਨ। ਉਸ ਇੰਜੀਨੀਅਰ ਤੋਂ ਸੰਤ ਬਣੇ ਨਿਗਮਾਨੰਦ ਨੇ ਇਸ ਗੰਦ ਨੂੰ ਰੋਕਣ ਲਈ ਅੰਦੋਲਨ ਛੇੜਿਆ ਸੀ ਅਤੇ ਇੱਕ ਸੌ ਪੰਦਰਾਂ ਦਿਨਾਂ ਦੀ ਭੁੱਖ ਹੜਤਾਲ ਦੇ ਬਾਅਦ ਆਪਣੀ ਸੋਚ ਲਈ ਜਾਨ ਵਾਰ ਗਿਆ ਸੀ। ਅਸਲੀ ਸੰਤਾਂ ਦਰਮਿਆਨ ਉਸ ਨੂੰ 'ਗੰਗਾ ਪੁੱਤਰ' ਕਿਹਾ ਜਾਂਦਾ ਹੈ। ਮੋਦੀ ਭਗਤਾਂ ਨੂੰ ਪੁੱਛ ਕੇ ਵੇਖ ਲਓ, ਉਨ੍ਹਾਂ ਵਿੱਚੋਂ ਕੋਈ ਉਸ ਬਾਰੇ ਜਾਣਦਾ ਤੱਕ ਨਹੀਂ ਹੋਵੇਗਾ, ਕਿਉਂਕਿ ਇਹ ਲੋਕ ਸਿਰਫ ਡਰਾਮਬਾਜ਼ਾਂ ਨੂੰ ਜਾਣਦੇ ਹਨ, ਅਸਲੀ ਸੰਤ ਅਤੇ ਅਸਲੀ ਅੰਦੋਲਨਕਾਰੀ ਨੂੰ ਜਾਨਣ ਲੱਗਿਆਂ ਇਨ੍ਹਾਂ ਨੂੰ ਸ਼ਰਮ ਆਉਂਦੀ ਹੈ। ਇਹੀ ਕਾਰਨ ਹੈ ਕਿ ਸੌ ਚਲਿੱਤਰ ਕਰਨ ਵਾਲਾ ਰਾਮਦੇਵ ਇਨ੍ਹਾਂ ਨੂੰ ਸਾਧੂ ਜਾਪਦਾ ਹੈ, ਆਸਾ ਰਾਮ ਤੇ ਸਿਰਸੇ ਵਾਲੇ ਰਾਮ ਰਹੀਮ ਵਰਗਾ ਦੁਰਾਚਾਰੀ ਵੀ ਇਨ੍ਹਾਂ ਨੂੰ ਸੰਤ ਤੇ ਸਮਾਜ ਸੁਧਾਰਕ ਲੱਗਦਾ ਹੈ, ਪਰ ਨੇਕੀ ਦੇ ਰਾਹ ਉੱਤੇ ਚੱਲਣ ਵਾਲੇ ਲੋਕ ਚੰਗੇ ਨਹੀਂ ਲੱਗਦੇ, ਇਸ ਲਈ ਇਹ ਲੋਕ ਉਨ੍ਹਾਂ ਦੀ ਭੰਡੀ ਕਰਨ ਵਿੱਚ ਸ਼ਾਨ ਸਮਝਦੇ ਹਨ। ਨਰਿੰਦਰ ਮੋਦੀ ਨੇ ਵੀ ਇਹੋ ਕੀਤਾ ਹੈ।
ਵਕਤ-ਵਕਤ ਦੀ ਗੱਲ ਹੁੰਦੀ ਹੈ। ਅੱਜ ਨਰਿੰਦਰ ਮੋਦੀ ਦਾ ਸਿੱਕਾ ਚੱਲਦਾ ਤੇ ਉਸ ਦੀ ਹਰ ਗੱਲ ਏਦਾਂ ਸੱਚੀ ਮੰਨੀ ਜਾਂਦੀ ਹੈ, ਜਿਵੇਂ ਪੰਜਾਬੀ ਮੁਹਾਵਰਾ ਹੈ ਕਿ 'ਲੋਕਾਂ ਦਾ ਨਹੀਂ ਦੁੱਧ ਵਿਕਦਾ, ਤੇਰਾ ਵਿਕਦਾ ਜੈ ਕੁਰੇ ਪਾਣੀ', ਪਰ ਦਿਨ ਸਦਾ ਇੱਕੋ ਜਿਹੇ ਨਹੀਂ ਰਹਿੰਦੇ ਹੁੰਦੇ। ਜਿਨ੍ਹਾਂ ਨੇ ਇੱਕ ਸਮੇਂ 'ਇੰਦਰਾ ਇਜ਼ ਇੰਡੀਆ' ਦਾ ਨਾਅਰਾ ਲਾਉਣ ਦੀ ਖੁਸ਼ੀ ਮਹਿਸੂਸ ਕੀਤੀ ਸੀ, ਉਹ ਅੱਜ ਕੱਖੋਂ ਹੌਲੇ ਹੋਏ ਪਏ ਹਨ। ਉਹ ਦਿਨ ਨਹੀਂ ਰਹਿ ਸਕੇ ਤਾਂ ਅੱਜ ਵਾਲੇ ਵੀ ਨਹੀਂ ਰਹਿਣੇ। ਸਮਾਂ ਕਦੋਂ ਕਿੱਧਰ ਨੂੰ ਪਲਟੀ ਮਾਰ ਜਾਵੇ, ਪਤਾ ਨਹੀਂ ਲੱਗਦਾ ਅਤੇ ਇਸ ਬਾਰੇ ਨਰਿੰਦਰ ਮੋਦੀ ਨੂੰ ਉਸ ਲਾਲ ਕ੍ਰਿਸ਼ਨ ਅਡਵਾਨੀ ਵੱਲ ਵੇਖ ਕੇ ਸਮਝ ਜਾਣਾ ਚਾਹੀਦਾ ਹੈ, ਜਿਹੜਾ ਕਦੀ ਡਿਪਟੀ ਪ੍ਰਧਾਨ ਮੰਤਰੀ ਹੁੰਦਿਆਂ ਅਸਲੀ ਪ੍ਰਧਾਨ ਮੰਤਰੀ ਤੋਂ ਵੱਧ ਭਾਰੂ ਗਿਣਿਆ ਜਾਂਦਾ ਸੀ ਤੇ ਅੱਜ ਉਸ ਨੂੰ ਕੋਈ ਮਿਲਣ ਵੀ ਨਹੀਂ ਜਾਂਦਾ। ਜਿਹੜੇ ਲੋਕ ਅੱਜ ਪ੍ਰਧਾਨ ਮੰਤਰੀ ਦੀ ਕੁਰਸੀ ਮੱਲੀ ਬੈਠੇ ਨਰਿੰਦਰ ਮੋਦੀ ਦੇ ਅੱਗੇ-ਪਿੱਛੇ ਨੱਚਦੇ ਫਿਰਦੇ ਹਨ, ਜ਼ਰਾ ਕੁ ਹਾਲਾਤ ਬਦਲ ਗਏ ਤਾਂ ਇਹ ਨਵੇਂ ਲੀਡਰ ਦੇ ਚਰਨ ਚੁੰਮਣ ਤੁਰ ਪੈਣਗੇ। ਬੰਦੇ ਦੇ ਜੀਵਨ ਦੀਆਂ ਤ੍ਰਿਕਾਲਾਂ ਪੈਂਦਿਆਂ ਚਿਰ ਲੱਗਦਾ ਹੈ, ਹਾਲਾਤ ਦਾ ਪ੍ਰਛਾਵਾਂ ਢਲਦਿਆਂ ਦਾ ਪਤਾ ਨਹੀਂ ਲੱਗਦਾ ਹੁੰਦਾ। ਘੁਮੰਡ ਦੇ ਘੋੜੇ ਉੱਤੇ ਚੜ੍ਹੇ ਹੋਏ ਆਗੂ ਨੂੰ ਜ਼ਰਾ ਕੁ ਧਰਤੀ ਵੱਲ ਵੇਖ ਕੇ ਬੋਲਣਾ ਚਾਹੀਦਾ ਹੈ।