05 ਫਰਵਰੀ 2021 ਦੇ ਅੰਕ ਲਈ ਸਿੱਖ ਇਤਿਹਾਸ ਦਾ ਖ਼ੂਨੀ ਪੰਨਾ : ਵੱਡਾ ਘੱਲੂਕਾਰਾ - ਡਾ.ਚਰਨਜੀਤ ਸਿੰਘ ਗੁਮਟਾਲਾ
ਸਿੱਖ ਇਤਿਹਾਸ ਵਿਚ ਵੱਡਾ ਘਲੂੱਕਾਰਾ ਵਿਸ਼ੇਸ਼ ਸਥਾਨ ਰਖਦਾ ਹੈ।ਪ੍ਰਿਸੀਪਲ ਤੇਜਾ ਸਿੰਘ ਤੇ ਡਾ.ਗੰਡਾ ਸਿੰਘ ਨੇ ਇਸ ਦੇ ਇਤਿਹਾਸਿਕ ਪਿਛੋਕੜ ਬਾਰੇ ਆਪਣੀ ਪੁਸਤਕ ‘ਸਿੱਖ ਇਤਿਹਾਸ(1469-1765) ਵਿਚ ਲਿਖਿਆ ਹੈ ਕਿ ਦੀਵਾਲੀ ਦੇ ਆਪਣੇ ਵਾਰਸ਼ਿਕ ਉਤਸਵ ਨੂੰ ਮਨਾਉਣ ਲਈ ਸਰਬਤ ਖ਼ਾਲਸਾ 27 ਅਕਤੂਬਰ, 1761 ਨੂੰ ਸਭ ਪਾਸਿਆਂ ਤੋਂ ਅੰਮ੍ਰਿਤਸਰ ਵਿੱਚ ਇਕੱਠਾ ਹੋਇਆ। ਉਨ੍ਹਾਂ ਨੇ ਗੁਰਮਤਾ ਪਾਸ ਕੀਤਾ ਕਿ ਅਹਿਮਦ ਸ਼ਾਹ ਦੇ ਸਾਰੇ ਸਾਥੀਆਂ ਅਤੇ ਸਮਰਥਕਾਂ ਦੇ ਅੱਡਿਆਂ ਉੱਤੇ ਜੋ ਮੁਲਕ ਦੀ ਆਜ਼ਾਦੀ ਦੇ ਰਾਹ ਵਿੱਚ ਰੁਕਾਵਟ ਸਿੱਧ ਹੋ ਰਹੇ ਸਨ, ਕਬਜ਼ਾ ਕਰ ਲਿਆ ਜਾਏ। ਸਭ ਤੋਂ ਲਾਗੇ ਆਕਲ ਦਾਸ ਦਾ ਜੰਡਿਆਲੇ ਦਾ ਅੱਡਾ ਸੀ ਜੋ ਨਿਰੰਜਣੀਆਂ ਦੇ ਸਿੱਖ-ਵਿਰੋਧੀ ਫ਼ਿਰਕੇ ਦਾ ਆਗੂ ਸੀ ਅਤੇ ਜੋ ਸਦਾ ਹੀ ਸਿੱਖਾਂ ਦੇ ਵੈਰੀਆਂ ਦੀ ਸਹਾਇਤਾ ਕਰਦਾ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਉਸ ਨੂੰ ਖ਼ਾਲਸੇ ਦੇ ਫੈਸਲੇ ਤੋਂ ਜਾਣੂ ਕਰਾ ਦਿੱਤਾ ਸੀ। ਇਹ ਸ਼ਾਇਦ ਇਸ ਲਈ ਕੀਤਾ ਸੀ ਕਿ ਉਹ ਸਿੱਖਾਂ ਦੀ ਅਧੀਨਗੀ ਪ੍ਰਵਾਨ ਕਰ ਲਵੇ ਪਰ ਉਸ ਨੇ ਸਿੱਖਾਂ ਨਾਲ ਸਮਝੌਤਾ ਕਰਨ ਦੀ ਥਾਂ ਤੁਰੰਤ ਅਹਿਮਦ ਸ਼ਾਹ ਵੱਲ ਚਿੱਠੀ ਲਿਖੀ ਅਤੇ ਉਸ ਨੂੰ ਆਪਣੀ ਸਹਾਇਤਾ ਲਈ ਸੱਦਿਆ।
ਅਹਿਮਦ ਸ਼ਾਹ ਦੁਰਾਨੀ ਜੋ ਆਪਣੇ ਛੇਵੇਂ ਹਮਲੇ ‘ਤੇ ਪਹਿਲਾਂ ਹੀ ਭਾਰਤ ਵੱਲ ਨੂੰ ਆ ਰਿਹਾ ਸੀ, ਆਕਲ ਦਾਸ ਦੇ ਏਲਚੀਆਂ ਨੂੰ ਰੋਹਤਾਸ ਦੇ ਅਸਥਾਨ ‘ਤੇ ਮਿਲਿਆ। ਉਹ ਬੜੀ ਕਾਹਲੀ ਕਾਹਲੀ ਜੰਡਿਆਲੇ ਪੁੱਜਾ ਅਤੇ ਉਸ ਨੂੰ ਪਤਾ ਲੱਗਾ ਕਿ ਸਿੱਖ ਜੰਡਿਆਲੇ ਦਾ ਘੇਰਾ ਛੱਡ ਕੇ ਸਰਹਿੰਦ ਵੱਲ ਨੂੰ ਚਲੇ ਗਏ ਸਨ। ਸਿੱਖਾਂ ਦੇ ਛੇਤੀ ਹੀ ਵਾਪਿਸ ਮੁੜ ਜਾਣ ਦਾ ਕਾਰਨ ‘ਹੁਸੈਨ ਸ਼ਾਹੀ’ ਪੁਸਤਕ ਦੇ ਕਰਤਾ ਅਨੁਸਾਰ ਇਹ ਸੀ ਕਿ ਆਕਲ ਦਾਸ ਦੇ ਪੈਰੋਕਾਰ ਨੇ ਗਊਆਂ ਦੀਆਂ ਹੇਠਲੀਆਂ ਲੱਤਾਂ ਕਿਲ੍ਹੇ ਦੀਆਂ ਦੀਵਾਰਾਂ ਨਾਲ ਲਟਕਾਈਆਂ ਹੋਈਆਂ ਸਨ ਪਰ ਸਿੱਖਾਂ ਦੇ ਛੇਤੀ ਵਾਪਿਸ ਮੁੜ ਜਾਣ ਦਾ ਅਸਲ ਕਾਰਣ ਇਹ ਸੀ ਕਿ ਉਹ ਆਪਣੇ ਨਾਲ ਆਪਣੇ ਪਰਿਵਾਰਾਂ ਨੂੰ ਹਮਲਾਅਵਰ ਦੀ ਪਹੁੰਚ ਤੋਂ ਦੂਰ ਕਿਸੇ ਥਾਂ ‘ਤੇ ਲਿਜਾਣਾ ਅਤੇ ਛੱਡ ਆਉਣਾ ਚਾਹੁੰਦੇ ਸਨ ਜਾਂ ਉਹ ਉਨ੍ਹਾਂ ਨੂੰ ਦੱਖਣ-ਪੱਛਮੀ ਇਲਾਕੇ ਵਿੱਚ ਰਹਿ ਰਹੇ ਆਪਣੇ ਮਿੱਤਰਾਂ ਜਾਂ ਦੱਖਣ ਵਿੱਚ ਰਾਇਪੁਰ ਅਤੇ ਗੁੱਜਰਵਾਲ ਦੇ ਨੇੜੇ ਪੁਚਾਉਣਾ ਚਾਹੁੰਦੇ ਸਨ। ਸਿੱਖ ਸਰਦਾਰ ਦਿਆਲ ਸਿੰਘ ਬਰਾੜ ਦੀ ਮੌਤ ਦਾ ਵੀ ਬਦਲਾ ਲੈਣਾ ਚਾਹੁੰਦੇ ਸਨ ਜਿਸ ਨੂੰ ਥੋੜ੍ਹੀ ਦੇਰ ਪਹਿਲਾ ਸਰਹਿੰਦ ਦੇ ਗਵਰਨਰ ਜ਼ੈਨ ਖ਼ਾਂ ਨੇ ਮਰਵਾਇਆ ਸੀ। ਇਹ ਖ਼ਬਰ ਸੁਣ ਕੇ, ਕਿ ਸਿੱਖ ਮਲੇਰਕੋਟਲੇ ਦੇ ਲਾਗੇ ਦੇ ਪਿੰਡਾਂ ਵਿੱਚ ਇਕੱਠੇ ਹੋ ਰਹੇ ਹਨ, ਉੱਥੋਂ ਦੇ ਅਫ਼ਗਾਨ ਹਾਕਮ ਭੀਖਨ ਖ਼ਾਂ ਨੇ ਜ਼ੈਨ ਖ਼ਾਂ ਤੋਂ ਮਦਦ ਮੰਗੀ ਅਤੇ ਅਹਿਮਦ ਸ਼ਾਹ ਨੂੰ ਸਿੱਖਾਂ ਵੱਲੋਂ ਖ਼ਤਰੇ ਤੋਂ ਜਾਣੂ ਕਰਵਾਇਆ।
ਇਹ ਖ਼ਬਰ ਸੁਣ ਕੇ ਅਹਿਮਦ ਸ਼ਾਹ 3 ਫਰਵਰੀ, 1762 ਨੂੰ ਲਾਹੌਰ ਤੋਂ ਚਲਿਆ ਅਤੇ ਬੜੀ ਤੇਜ਼ੀ ਨਾਲ ਮਾਲਵੇ ਦੇ ਇਲਾਕੇ ਵਿੱਚ ਆ ਪੁੱਜਾ। 5 ਫਰਵਰੀ ਦੀ ਸਵੇਰ ਤੱਕ ਉਹ ਮਲੇਰਕੋਟਲੇ ਦੇ ਲਾਗੇ ਕੁੱਪ ਪਿੰਡ ਵਿੱਚ ਪੁੱਜ ਗਿਆ ਜਿੱਥੇ ਲਗਭਗ ਤੀਹ ਹਜ਼ਾਰ ਸਿੱਖ ਆਪਣੇ ਪਰਿਵਾਰਾਂ ਅਤੇ ਸਾਮਾਨ ਸਮੇਤ ਡੇਰਾ ਲਾਈ ਬੈਠੇ ਸਨ। ਉਸ ਨੇ ਜ਼ੈਨ ਖ਼ਾਂ ਨੂੰ ਪਹਿਲੇ ਹੀ ਹਿਦਾਇਤਾਂ ਭੇਜ ਦਿੱਤੀਆਂ ਸਨ ਕਿ ਉਹ ਆਪਣੀਆਂ ਸਭ ਫ਼ੌਜਾਂ ਸਮੇਤ ਕੂਚ ਕਰੇ ਅਤੇ ਸਿੱਖਾਂ ਦੇ ਅਗਲੇ ਹਿੱਸੇ ਉੱਤੇ ਹਮਲਾ ਕਰੇ ਜਦ ਕਿ ਉਹ ਆਪ ਉਨ੍ਹਾਂ ਦੇ ਪਿਛਲੇ ਪਾਸਿਉਂ ਹਮਲਾ ਕਰੇਗਾ। ਉਸ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦੇ ਰੱਖਿਆ ਸੀ ਕਿ ਜਿਸ ਕਿਸੇ ਨੂੰ ਵੀ ਉਹ ਭਾਰਤੀ ਲਿਬਾਸ ਵਿੱਚ ਦੇਖਣ ਉਸ ਨੂੰ ਮਾਰ ਦੇਣ। ਜ਼ੈਨ ਖ਼ਾਂ ਦੀਆਂ ਭਾਰਤੀ ਫੌਜਾਂ ਨੂੰ ਸਿੱਖਾਂ ਦੀਆਂ ਫੌਜਾਂ ਤੋਂ ਭਿੰਨ ਰੱਖਣ ਲਈ ਉਨ੍ਹਾਂ ਦੀਆਂ ਪਗੜੀਆਂ ਵਿੱਚ ਹਰੇ ਪੱਤੇ ਟੰਗਣ ਦੀ ਹਿਦਾਇਤ ਕੀਤੀ ਗਈ ਸੀ।
ਸਿੱਖਾਂ ਨੂੰ ਅਚਨਚੇਤ ਘੇਰ ਲਿਆ ਗਿਆ ਸੀ। ਉਨ੍ਹਾਂ ਨੇ ਇੱਕ ਦਮ ਸਲਾਹ ਮਸ਼ਵਰਾ ਕਰਕੇ ਫ਼ੈਸਲਾ ਕੀਤਾ ਕਿ ਉਨ੍ਹਾਂ ਨੂੰ ਲੜ ਕੇ ਮਰਨਾ ਚਾਹੀਦਾ ਹੈ। ਉਨ੍ਹਾਂ ਨੇ ਆਪਣੀਆਂ ਇਸਤਰੀਆਂ ਅਤੇ ਬੱਚਿਆਂ ਦੁਆਲੇ ਇੱਕ ਘੇਰਾ ਬੰਨ੍ਹ ਲਿਆ ਅਤੇ ਲੜਦੇ ਹੋਏ ਅਗਾਂਹ ਵੱਧਦੇ ਗਏ। ਕਦੇ ਕਦੇ ਉਹ ਆਪਣੇ ਹਮਲਾਆਵਰਾਂ ਉੱਤੇ ਭੌ ਕੇ ਵਾਰ ਕਰਦੇ ਅਤੇ ਉਨ੍ਹਾਂ ਦਾ ਕਾਫ਼ੀ ਨੁਕਸਾਨ ਕਰ ਦਿੰਦੇ।ਸ. ਸ਼ਾਮ ਸਿੰਘ ਕਰੋੜ ਸਿੰਘੀਆ, ਸ.ਜੱਸਾ ਸਿੰਘ ਆਹਲੂਵਾਲੀਆ ਅਤੇ ਸ. ਚੜ੍ਹਤ ਸਿੰਘ ਸ਼ੁਕਰਚੱਕੀਆ ਆਪਣੀ ਮੁੱਖ ਸੈਨਾ ਦੀ ਅਗਵਾਈ ਕਰ ਰਹੇ ਸਨ ਅਤੇ ਆਪਣੀ ਰੱਖਿਆ ਵਿੱਚ ਲਏ ਗੈਰ-ਲੜਾਕੂ ਬੰਦਿਆਂ (ਭਾਵ ਸਿੱਖ ਔਰਤਾਂ, ਬੱਚਿਆਂ ਅਤੇ ਬੁੱਢਿਆਂ) ਦੇ ਕੂਚ ਦੀ ਨਿਗਰਾਨੀ ਕਰ ਰਹੇ ਸਨ। ਅਹਿਮਦ ਸ਼ਾਹ ਸਿੱਖਾਂ ਨਾਲ ਕਿਸੇ ਥਾਂ ਜੰਮ ਕੇ ਲੜਾਈ ਕਰਨਾ ਚਾਹੁੰਦਾ ਸੀ ਪਰ ਉਹ ਉਸ ਨੂੰ ਮੌਕਾ ਨਹੀਂ ਸਨ ਦੇ ਰਹੇ। ਉਹ ਅਗਾਂਹ ਅਤੇ ਅਗਾਂਹ ਤੁਰਦੇ ਜਾ ਰਹੇ ਸਨ ਅਤੇ ਪਿੰਡੋਂ ਪਿੰਡ ਉਨ੍ਹਾਂ ਨਾਲ ਲੜਾਈ ਹੁੰਦੀ ਜਾ ਰਹੀ ਸੀ। ਕੁਤਬ-ਬਾਹਮਣੀ, ਗਾਹਲ ਅਤੇ ਹੋਰ ਥਾਂਵਾਂ ਦੇ ਲੋਕਾਂ ਨੇ, ਜਿੱਥੋਂ ਦੀ ਇਹ ਸਿੱਖ ਲੰਘੇ ਸਨ, ਹਮਲਾਆਵਰ ਦੇ ਬਦਲੇ ਦੇ ਡਰ ਕਰਕੇ ਸਿੱਖਾਂ ਨੂੰ ਸ਼ਰਨ ਨਹੀਂ ਦਿੱਤੀ ਸਗੋਂ ਉਨ੍ਹਾਂ ਨੇ ਸਿੱਖਾਂ ਉੱਤੇ ਹਮਲਾ ਕਰਕੇ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਦਿੱਤਾ। ਸਿੱਖ ਹੋਰ ਅਗਾਂਹ ਜਾਣ ਲਈ ਹੀ ਮਜ਼ਬੂਰ ਸਨ। ਉਹ ਬਰਨਾਲੇ ਪੁੱਜਣਾ ਚਾਹੁੰਦੇ ਸਨ ਜਿੱਥੇ ਉਹ ਬਾਬਾ ਆਲਾ ਸਿੰਘ ਦੀ ਸਹਾਇਤਾ ਨਾਲ ਕੁਝ ਬਚਾਅ ਦੀ ਆਸ ਰੱਖਦੇ ਸਨ ਅਤੇ ਆਲਾ ਸਿੰਘ ਵੱਲੋਂ ਮਦਦ ਨਾ ਮਿਲਣ ਦੀ ਹਾਲਤ ਵਿੱਚ ਉਹ ਬਠਿੰਡੇ ਦੇ ਪਾਣੀ ਤੋਂ ਖਾਲੀ ਰੇਗਿਸਤਾਨ ਵਿੱਚ ਚਲੇ ਜਾਣਾ ਚਾਹੁੰਦੇ ਸਨ।
ਉਨ੍ਹਾਂ ਦੇ ਬਰਨਾਲੇ ਪੁੱਜਣ ਤੋਂ ਪਹਿਲਾਂ ਹੀ ਅਫ਼ਗਾਨਾਂ ਨੇ ਉਸ ਘੇਰੇ ਨੂੰ ਤੋੜ ਦਿੱਤਾ ਜੋ ਸਿੱਖਾਂ ਨੇ ਆਪਣੀਆਂ ਔਰਤਾਂ ਅਤੇ ਬੱਚਿਆਂ ਦੁਆਲੇ ਪਾਇਆ ਹੋਇਆ ਸੀ ਅਤੇ ਇਸ ਤਰ੍ਹਾਂ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ। ਇਸ ਲੜਾਈ ਵਿੱਚ ਕਿੰਨਾ ਜਾਨੀ ਨੁਕਸਾਨ ਹੋਇਆ ਇਸ ਬਾਰੇ ਵੱਖ ਵੱਖ ਵਿਚਾਰ ਹਨ ।ਕਨਿੰਘਮ ਇਹ ਗਿਣਤੀ 12 ਤੋਂ 25 ਹਜ਼ਾਰ ਤੱਕ ਦਿੰਦਾ ਹੈ । ਤਾਰੀਖ਼ੇ ਅਹਿਮਦੀ ਤੇ ਇਬਰਤ ਨਾਮਾ ਇਹ ਗਿਣਤੀ 30 ਹਜ਼ਾਰ ਦੇਂਦੇ ਹਨ। ਇਸ ਡਰਾਉਣੇ ਕਤਲੇਆਮ ਨੰ, ਜੋ 5 ਫਰਵਰੀ, 1762 ਨੂੰ ਹੋਇਆ ਸੀ, ਸਿੱਖ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਜਾਂ ਦੂਜਾ ਮਹਾਨ ਘੱਲੂਘਾਰਾ ਕਿਹਾ ਜਾਂਦਾ ਹੈ। ਪਹਿਲਾ ਘੱਲੂਘਾਰਾ 1746 ਈ. ਵਿੱਚ ਹੋਇਆ ਸੀ। ਗੁਰੂ ਗ੍ਰੰਥ ਸਾਹਿਬ ਦੀ ਉਹ ਮਹਾਨ ਬੀੜ ਜੋ ਗੁਰੁ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿੱਚ ਸੰਪੂਰਨ ਕੀਤੀ ਸੀ ਅਤੇ ਜੋ ਸਿੱਖ ਫ਼ੌਜਾਂ ਆਪਣੇ ਕੂਚ ਸਮੇਂ ਆਪਣੇ ਅੱਗੇ ਅੱਗੇ ਲਿਜਾ ਰਹੀਆਂ ਸਨ, ਇਸ ਲੜਾਈ ਵਿੱਚ ਗੁੰਮ ਹੋ ਗਈ।
ਮਾਲਵੇ ਦੇ ਸਿੱਖ ਮੁਕਾਬਲਤਨ ਵਧੇਰੇ ਅਮਨ ਪਸੰਦ ਸਨ ਅਤੇ ਉਨ੍ਹਾਂ ਨੇ ਹਮਲਾਆਵਰ ਨੂੰ ਕੋਈ ਦੁੱਖ ਨਹੀਂ ਸੀ ਦਿੱਤਾ। ਮਾਲਵੇ ਦੇ ਸਿੱਖਾਂ ਦਾ ਆਗੂ ਪਟਿਆਲੇ ਦਾ ਸਰਦਾਰ ਆਲਾ ਸਿੰਘ ਸੀ, ਜੋ ਇੱਕ ਨਿਰਪੱਖ ਨੀਤੀ ‘ਤੇ ਚਲ ਰਿਹਾ ਸੀ ਅਤੇ ਉਸ ਨੇ ਮੁਸੀਬਤ ਵਿੱਚ ਫਸੇ ਆਪਣੇ ਹਮਧਰਮੀਆਂ ਦੀ ਕੋਈ ਸਹਾਇਤਾ ਨਹੀਂ ਸੀ ਕੀਤੀ। ਇਸ ਲਈ ਉਸ ਵਿਰੁੱਧ ਕਾਰਵਾਈ ਕਰਨ ਲਈ ਅਹਿਮਦ ਸ਼ਾਹ ਦੁਰਾਨੀ ਪਾਸ ਕੋਈ ਕਾਰਨ ਨਹੀਂ ਸੀ ਪਰ ਉਸ ਦੇ ਲਾਗਲੇ ਵਿਰੋਧੀ ਸਰਹਿੰਦ ਅਤੇ ਮਲੇਰਕੋਟਲੇ ਦੇ ਨਵਾਬਾਂ ਨੇ ਇਹ ਕਹਿ ਕੇ ਅਹਿਮਦ ਸ਼ਾਹ ਦੇ ਕੰਨ ਭਰ ਦਿੱਤੇ ਕਿ ਆਲਾ ਸਿੰਘ ਗੁਪਤ ਰੂਪ ਵਿੱਚ ਮਾਝੇ ਦੇ ਸਿੱਖਾਂ ਦਾ ਸਾਥੀ ਸੀ ਅਤੇ ਜੇ ਉਸ ਨੂੰ ਫੜ ਲਿਆ ਜਾਵੇ ਤਾਂ ਸੌਖਿਆ ਹੀ ਪੰਜਾਹ ਲੱਖ ਰੁਪਏ ਮੁਆਵਜ਼ੇ ਵੱਜੋਂ ਉਗਰਾਹੇ ਜਾ ਸਕਦੇ ਹਨ।
ਜਦੋਂ ਅਹਿਮਦ ਸ਼ਾਹ ਬਰਨਾਲੇ ਵਿੱਚ ਦਾਖ਼ਲ ਹੋਇਆ, ਜੋ ਆਲਾ ਸਿੰਘ ਦੇ ਇਲਾਕੇ ਵਿੱਚ ਸੀ, ਤਾਂ ਇਹ ਆਸ ਕੀਤੀ ਜਾਂਦੀ ਸੀ ਕਿ ਆਲਾ ਸਿੰਘ ਇੱਕ ਜਾਗੀਰਦਾਰ ਸਰਦਾਰ ਵਜੋਂ ਆਪਣੇ ਆਪ ਨੂੰ ਅਹਿਮਦ ਸ਼ਾਹ ਦੇ ਪੇਸ਼ ਕਰੇਗਾ ਅਤੇ ਉਸ ਦੀ ਅਧੀਨਗੀ ਪ੍ਰਵਾਨ ਕਰੇਗਾ ਪਰ ਆਲਾ ਸਿੰਘ ਅਹਿਮਦ ਸ਼ਾਹ ਦੇ ਆਉਣ ਤੋਂ ਪਹਿਲਾਂ ਹੀ ਬਰਨਾਲੇ ਵਿੱਚੋਂ ਨਿਕਲ ਕੇ ਭਵਾਨੀਗੜ੍ਹ ਦੇ ਕਿਲ੍ਹੇ ਵਿੱਚ ਚਲਾ ਗਿਆ। ਸ਼ਾਹ ਨੇ ਆਲਾ ਸਿੰਘ ਦੀ ਗ਼ੈਰਹਾਜ਼ਰੀ ਵਿੱਚ ਬਰਨਾਲੇ ਦੇ ਕਸਬੇ ਨੂੰ ਸਾੜ ਦਿੱਤਾ ਅਤੇ ਭਵਾਨੀਗੜ੍ਹ ਵੱਲ ਕੂਚ ਕੀਤਾ। ਇਸ ਅਰੋਕ ਹੋਣੀ ਤੋਂ ਬਚਣ ਦਾ ਕੋਈ ਰਾਹ ਨਾ ਦੇਖ ਕੇ ਆਲਾ ਸਿੰਘ ਨੇ ਨਜੀਬ-ਉਦ-ਦੌਲਾ ਦੇ ਵਸੀਲੇ ਨਾਲ ਅਹਿਮਦ ਸ਼ਾਹ ਦੇ ਪੇਸ਼ ਹੋਣ ਦਾ ਯਤਨ ਕੀਤਾ ਅਤੇ ਪੰਜ ਲੱਖ ਰੁਪਇਆ ਭੇਟਾ ਦੇ ਤੌਰ ‘ਤੇ ਸ਼ਾਹ ਨੂੰ ਅਦਾ ਕਰਕੇ ਉਸ ਨੂੰ ਠੰਡਿਆਂ ਕੀਤਾ। ਇਸ ਤੋਂ ਇਲਾਵਾ ਸਵਾ ਲੱਖ ਰੁਪਇਆ ਇਸ ਗੱਲ ਦੀ ਪ੍ਰਵਾਨਗੀ ਲਈ ਦਿੱਤਾ ਕਿ ਉਹ ਆਪਣੇ ਕੇਸਾਂ ਅਤੇ ਦਾੜ੍ਹੀ ਸਮੇਤ ਬਾਦਸ਼ਾਹ ਦੇ ਪੇਸ਼ ਹੋ ਸਕੇ। ਕੁਝ ਸਮੇਂ ਲਈ ਉਸ ਨੂੰ ਨਜ਼ਰਬੰਦ ਕਰਕੇ ਫਿਰ ਛੱਡ ਦਿੱਤਾ ਗਿਆ ਅਤੇ ਉਸ ਨੂੰ ਆਪਣੇ ਇਲਾਕੇ ਦੇ ਹਾਕਮ ਵਜੋਂ ਇਸ ਇਕਰਾਰ ਉੱਤੇ ਪੱਕਿਆ ਕਰ ਦਿੱਤਾ ਕਿ ਉਹ ਸਾਲਾਨਾ ਰਕਮ ਭਰਦਾ ਰਹੇਗਾ।
ਅਹਿਮਦ ਸ਼ਾਹ 3 ਮਾਰਚ ਨੂੰ ਲਾਹੌਰ ਵਾਪਿਸ ਚਲਾ ਗਿਆ ਅਤੇ ਸਿੱਖ ਵਸੋਂ ਉੱਤੇ ਆਪਣੀ ਪ੍ਰਮੁਖਤਾ ਦਾ ਪ੍ਰਭਾਵ ਪਾਉਣ ਲਈ ਉਹ ਆਪਣੇ ਨਾਲ ਇਸ ਲੜਾਈ ਵਿੱਚ ਮਾਰੇ ਗਏ ਸਿੱਖਾਂ ਦੇ ਸਿਰਾਂ ਦੇ 50 ਗੱਡੇ ਲੱਦ ਕੇ ਲਾਹੌਰ ਲੈ ਗਿਆ ਅਤੇ ਬਹੁਤ ਸਾਰੇ ਲੋਕਾਂ ਨੂੰ ਕੈਦੀ ਬਣਾ ਕੇ ਵੀ ਆਪਣੇ ਨਾਲ ਲੈ ਗਿਆ। “ਕਤਲ ਹੋਏ ਸਿੱਖਾਂ ਦੇ ਸਿਰਾਂ ਨਾਲ ਮੀਨਾਰ ਉਸਾਰੇ ਗਏ ਅਤੇ ਕਿਹਾ ਜਾਂਦਾ ਹੈ ਕਿ ਅਹਿਮਦ ਸ਼ਾਹ ਦੁਆਰਾ ਉਨ੍ਹਾਂ ਮਸਜਿਦਾਂ ਦੀਆਂ ਦੀਵਾਰਾਂ ਨੂੰ, ਜਿਨ੍ਹਾਂ ਨੂੰ ਸਿੱਖਾਂ ਨੇ ਅਪਵਿੱਤਰ ਕੀਤਾ ਸੀ, ਉਨ੍ਹਾਂ ਦੇ ਖ਼ੂਨ ਨਾਲ ਧੋਤਾ ਗਿਆ”।
ਸਿੱਖਾਂ ਨੂੰ ਹੋਰ ਵਧੇਰੇ ਸਜ਼ਾ ਦੇਣ ਲਈ ਅਹਿਮਦ ਸ਼ਾਨ ਨੇ 10 ਅਪ੍ਰੈਲ, 1762 ਨੂੰ ਵਿਸਾਖੀ ਦੇ ਉਤਸਵ ਸਮੇਂ ਅੰਮ੍ਰਿਤਸਰ ਦੇ ਸਿੱਖਾਂ ਉੱਤੇ ਹਮਲਾ ਕੀਤਾ। ਇਸ ਸਮੇਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਹਜ਼ਾਰਾਂ ਸਿੱਖ ਉੱਥੇ ਇਕੱਠੇ ਹੋਏ ਹੋਏ ਸਨ ਪਰ ਉਸ ਦੇ ਹਮਲਾ ਕਰਨ ਸਮੇਂ ਸਿੱਖ ਖਿੰਡ ਪੁੰਡ ਗਏ ਅਤੇ ਉਸ ਨੂੰ ਸਿੱਖਾਂ ਦੇ ਪਵਿੱਤਰ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾਉਣ ਦਾ ਮੌਕਾ ਮਿਲ ਗਿਆ। ਯਾਤਰੀਆਂ ਲਈ ਬਣੇ ਹੋਏ ਬੁੰਗੇ ਵੀ ਬਰਬਾਦ ਕਰ ਦਿੱਤੇ ਗਏ ਅਤੇ ਸਰੋਵਰ ਨੂੰ ਗਊਆਂ ਦੇ ਖ਼ੂਨ ਨਾਲ ਅਪਵਿੱਤਰ ਕਰਕੇ ਕੂੜਾ ਕਰਕਟ ਅਤੇ ਮਲਬੇ ਨਾਲ ਭਰ ਦਿੱਤਾ। ਕਿਹਾ ਜਾਂਦਾ ਹੈ ਕਿ ਜਿਸ ਵੇਲੇ ਇਹ ਇਮਾਰਤਾਂ ਉਡਾਈਆਂ ਜਾ ਰਹੀਆਂ ਸਨ ਤਾਂ ਇੱਕ ਉਡਦਾ ਹੋਇਆ ਰੋੜਾ ਅਹਿਮਦ ਸ਼ਾਹ ਦੇ ਨੱਕ ਉਪਰ ਜਾ ਵੱਜਾ ਅਤੇ ਉੱਥੇ ਅਜਿਹਾ ਜ਼ਖ਼ਮ ਹੋ ਗਿਆ ਜੋ ਕਦੇ ਰਾਜ਼ੀ ਨਾ ਹੋਇਆ।
ਡਾ.ਚਰਨਜੀਤ ਸਿੰਘ ਗੁਮਟਾਲਾ, 91 941753306 , gumtalacs@gmail.com