ਲਾਲ ਕਿਲ੍ਹਾ ਘਟਨਾ ਤੋਂ ਘਬਰਾਉਣ ਦੀ ਲੋੜ ਨਹੀਂ : ਕਿਸਾਨ ਭਰਾਵੋ ਬਿੱਲੀ ਥੈਲਿਓਂ ਬਾਹਰ ਆ ਗਈ -  ਉਜਾਗਰ ਸਿੰਘ

  ਕਿਸਾਨ ਭਰਾਵੋ ਤੇ ਭੈਣੋ ਅਤੇ ਕਿਸਾਨ ਅੰਦੋਲਨ ਵਿਚ ਸਹਿਯੋਗ ਕਰ ਰਹੇ ਦੇਸ ਵਾਸੀਓ 26 ਜਨਵਰੀ ਨੂੰ ਦਿੱਲੀ ਵਿਖੇ ਲਾਲ ਕਿਲੇ ਵਿਚ ਹੋਈ ਘਟਨਾ ਇਕ ਸੋਚੀ ਸਮਝੀ ਸ਼ਾਜ਼ਸ ਦਾ ਸਿੱਟਾ ਹੈ। ਤੁਹਾਨੂੰ ਪਤਾ ਹੀ ਹੈ ਕਿ  ਇਸ ਤੋਂ ਪਹਿਲਾਂ ਵੀ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਹੱਥਕੰਡੇ ਵਰਤੇ ਗਏ ਸਨ। ਜਦੋਂ ਉਹ ਸਾਰੀਆਂ ਕੋਸਿਸ਼ਾਂ ਅਸਫਲ ਹੋ ਗਈਆਂ ਤਾਂ ਅਖ਼ੀਰ ਵਿਚ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਿਚ ਸਰਕਾਰ ਅਤੇ ਗੋਦੀ ਮੀਡੀਆ ਸਫਲ ਹੋ ਗਿਆ। ਨਿਰਾਸ਼ ਹੋਣ ਦੀ ਲੋੜ ਨਹੀਂ। ਮੁੱਠੀ ਭਰ ਲੋਕ ਜਿਨ੍ਹਾਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਉਹ ਕਦੀ ਵੀ ਕਿਸਾਨ ਅੰਦੋਲਨ ਦਾ ਹਿੱਸਾ ਨਹੀਂ ਰਹੇ। ਸੰਯੁਕਤ ਕਿਸਾਨ ਮੋਰਚੇ ਨੇ ਡੇਢ ਮਹੀਨਾ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਇਹ ਲੋਕ ਇਨ੍ਹਾਂ ਲੋਕਾਂ ਦਾ ਕਿਸਾਨ ਮੋਰਚੇ ਨਾਲ ਕੋਈ ਸੰਬੰਧ ਨਹੀਂ। ਸ਼ੋਸ਼ਲ ਮੀਡੀਆ ਉਪਰ ਘਟਨਾ ਨੂੰ ਅੰਜਜ਼ਜਾ ਦੇਣ ਵਾਲੇ ਵਿਅਕਤੀ ਦੀ ਤਸਵੀਰ ਭ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਵਾਇਰਲ ਹੋਣ ਤੋਂ ਬਾਅਦ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਦਿੱਲੀ ਦੀ ਸਰਹੱਦ ਉਪਰ ਦੋ ਮਹੀਨੇ ਤੋਂ ਵੱਧ ਸਮੇਂ ਦੇ ਚਲ ਰਹੇ ਕਿਸਾਨ ਅੰਦੋਲਨ ਦੀ ਵਰਤਮਾਨ ਸਥਿਤੀ 1972 ਵਿਚ ਮੋਗਾ ਵਿਖੇ ਹੋਏ ਵਿਦਿਆਰਥੀ ਅੰਦੋਲਨ ਤੋਂ ਵੀ ਜ਼ਿਆਦਾ ਸੰਜੀਦਾ ਹੈ। ਉਹ ਅੰਦੋਲਨ ਨੌਜਵਾਨ ਵਿਦਿਆਰਥੀਆਂ ਦੇ ਹੱਥ ਹੋਣ ਕਰਕੇ ਹਿੰਸਕ  ਸੀ ਪ੍ਰੰਤੂ ਕਿਸਾਨ ਅੰਦੋਲਨ ਮੰਝੇ ਹੋਏ ਕਿਸਾਨ ਨੇਤਾਵਾਂ ਦੀ ਅਗਵਾਈ ਵਿਚ ਹੋਣ ਕਰਕੇ ਬਿਲਕੁਲ ਸ਼ਾਂਤਮਈ ਢੰਗ ਨਾਲ ਚਲ ਰਿਹਾ ਹੈ। ਮੋਗਾ ਅੰਦੋਲਨ ਰੀਗਲ ਸਿਨਮਾ ਦੇ ਬਾਹਰ ਦੋ ਵਿਦਿਆਰਥੀਆਂ ਦੇ ਪੁਲਿਸ ਦੀ ਗੋਲੀ ਨਾਲ ਮਾਰੇ ਜਾਣ ਦੇ ਵਿਰੁਧ ਸੀ, ਭਾਵ ਪੁਲਿਸ ਦੀ ਵਧੀਕੀ ਦੇ ਵਿਰੁਧ ਸੀ ਪ੍ਰੰਤੂ ਕਿਸਾਨ ਅੰਦੋਲਨ ਕਿਸਾਨਾ ਦੇ ਹੱਕਾਂ ਤੇ ਕੇਂਦਰ ਸਰਕਾਰ ਵੱਲੋਂ ਡਾਕਾ ਮਾਰਨ ਦੇ ਵਿਰੁਧ ਹੈ। ਦੋਹਾਂ ਦੀ ਇਕ ਗੱਲ ਸਾਂਝੀ ਹੈ ਕਿ ਉਸ ਅੰਦੋਲਨ ਤੇ ਇਸ ਅੰਦੋਲਨ ਵਿਚ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ‘ਤੇ ਅੜੀਆਂ ਹੋਈਆਂ ਹਨ। ਗਲਬਾਤ ਵਿਚ ਖੜੋਤ ਆਈ ਹੋਈ ਹੈ। ਉਸ ਅੰਦੋਲਨ ਵਿਚ ਅਗਵਾਈ ਪੰਜਾਬ ਸਟੂਡੈਂਟਸ ਯੂਨੀਅਨ ਐਮ ਐਲ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਘਾਗ ਵਿਦਿਆਰਥੀ ਨੇਤਾ ਪਿ੍ਰਥੀਪਾਲ ਸਿੰਘ ਰੰਧਾਵਾ ਕਰ ਰਹੇ ਸਨ। ਕਿਸਾਨ ਅੰਦੋਲਨ ਸਿਆਸੀ ਨਹੀਂ ਸਗੋਂ ਲੋਕ ਅੰਦੋਲਨ ਹੈ। ਉਦੋਂ ਗਿਆਨੀ ਜ਼ੈਲ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਿਆਂ ਅਜੇ ਥੋੜ੍ਹਾ ਸਮਾ ਹੀ ਹੋਇਆ ਸੀ। ਉਨ੍ਹਾਂ ਲਈ ਵਿਦਿਆਰਥੀ ਅੰਦੋਲਨ ਵੰਗਾਰ ਦੀ ਤਰ੍ਹਾਂ ਮੂੰਹ ਅੱਡੀ ਖੜ੍ਹਾ ਸੀ। ਉਸ ਸਮੇਂ ਵੀ ਨਾ ਤਾਂ ਸਰਕਾਰ ਵਿਦਿਆਰਥੀਆਂ ਦੀ ਮੰਗ ਮੰਨ ਰਹੀ ਸੀ ਅਤੇ ਅਤੇ ਨਾ ਹੀ ਵਿਦਿਆਰਥੀ ਸਰਕਾਰ ਦੀਆਂ ਤਜ਼ਵੀਜਾਂ ਨੂੰ ਮੰਨਦੇ ਸਨ। ਵਿਦਿਆਰਥੀ ਨੇਤਾ ਗਿ੍ਰਫਤਾਰੀ ਦੇ ਡਰ ਕਰਕੇ ਰੂਹਪੋਸ਼ ਹੋਏ ਬੈਠੇ ਸਨ। ਸਥਿਤੀ ਟਕਰਾਓ ਵਾਲੀ ਬਣੀ ਹੋਈ ਸੀ। ਸਰਕਾਰੀ ਬੱਸਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ। ਦੋਹਾਂ ਪਾਸਿਆਂ ਤੋਂ ਕੋਈ ਵੀ ਪਿਛੇ ਹਟਣ ਨੂੰ ਤਿਆਰ ਨਹੀਂ ਸੀ। ਬਹੁਤ ਸਾਰੇ ਵਿਅਕਤੀਆਂ ਵੱਲੋਂ ਵਿਦਿਆਰਥੀਆਂ ਅਤੇ ਸਰਕਾਰ ਨੂੰ ਸਮਝਾਉਣ ਦੀਆਂ ਅਣਥੱਕ ਕੋਸਿਸ਼ਾਂ ਹੋਈਆਂ ਪ੍ਰੰਤੂ ਵਿਦਿਆਰਥੀ ਟੱਸ ਤੋਂ ਮਸ ਨਾ ਹੋਏ। ਉਸ ਅੰਦੋਲਨ ਅਤੇ ਕਿਸਾਨ ਅੰਦੋਲਨ ਦਾ ਇਕ ਬਹੁਤ ਵੱਡਾ ਫਰਕ ਹੈ। ਵਿਦਿਆਰਥੀ ਇਨਸਾਫ ਚਾਹੁੰਦੇ ਸਨ ਪ੍ਰੰਤੂ ਸਰਕਾਰ ਇਨਸਾਫ ਦੇਣ ਲਈ ਤਿਆਰ ਸੀ। ਪ੍ਰੰਤੂ ਸਰਕਾਰ ਨੂੰ ਜਾਨ ਬਚਾਉਣ ਲਈ ਰਸਤਾ ਨਹੀਂ ਸੀ ਲੱਭ ਰਿਹਾ, ਸਰਕਾਰ ਘਮੰਡੀ ਵੀ ਨਹੀਂ ਸੀ। ਸਰਕਾਰ ਸਮਝੌਤਾ ਕਰਨ ਦੇ ਹੱਕ ਵਿਚ ਸੀ ਪ੍ਰੰਤੂ ਏਥੇ ਸਰਕਾਰ ਦੇ ਮਨ ਵਿਚ ਖੋਟ ਹੈ। ਇਸ ਅੰਦੋਲਨ ਵਿਚ ਕਿਸਾਨ ਇਨਸਾਫ ਚਾਹੁੰਦੇ ਹਨ ਪ੍ਰੰਤੂ ਸਰਕਾਰ ਹਓਮੈ ਦੀ ਸ਼ਿਕਾਰ ਹੈ ਅਤੇ ਅੰਦਲੋਨ ਨੂੰ ਫੇਲ੍ਹ ਕਰਨ  ਲਈ ਚਾਲਾਂ ਚਲ ਰਹੀ ਹੈ। ਸਰਕਾਰ ਫਸੀ ਜ਼ਰੂਰ ਹੋਈ ਹੈ, ਰਸਤਾ ਸਰਕਾਰ ਨੂੰ ਵੀ ਨਹੀਂ ਲੱਭ ਰਿਹਾ। ਜਿਸ ਨਾਲ ਸਰਕਾਰ ਦੀ ਹਓਮੈ ਨੂੰ ਠੇਸ ਨਾ ਪਹੁੰਚੇ। ਉਹ ਅੰਦੋਲਨ ਇਕ ਰਾਜ ਅਤੇ ਇਕ ਸਿਆਸੀ ਪਾਰਟੀ ਤੱਕ ਸੀਮਤ ਸੀ ਪ੍ਰੰਤੂ ਕਿਸਾਨ ਅੰਦੋਲਨ ਸਮੁਚੇ ਦੇਸ ਦਾ ਲੋਕ ਅੰਦੋਲਨ ਬਣ ਚੁੱਕਾ ਹੈ। ਉਦੋਂ ਵੀ ਸਿਆਸੀ ਨੇਤਾਵਾਂ ਦਾ ਪਿੰਡਾਂ ਵਿਚ ਵੜਨਾ ਅਤੇ ਸਿਆਸੀ ਸਮਾਗਮ ਕਰਨਾ ਅਸੰਭਵ ਹੋ ਗਿਆ ਸੀ। ਬਿਲਕੁਲ ਅੱਜ ਦੀ ਤਰ੍ਹਾਂ ਸਿਆਸਤਦਾਨ ਲੁਕਦੇ ਫਿਰਦੇ ਸਨ। ਇਸ ਸਮੇਂ ਵੀ ਸਿਆਸਤਦਾਨਾ ਨੂੰ ਕਿਸਾਨ ਅੰਦੋਲਨ ਵਿਚ ਵੜਨ ਨਹੀਂ ਦਿੱਤਾ ਜਾਂਦਾ। ਇਥੋਂ ਤੱਕ ਕਿ ਪੰਜਾਬ ਅਤੇ ਹਰਿਆਣਾ ਵਿਚ ਤਾਂ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਅਤੇ ਉਨ੍ਹਾਂ ਦੇ ਘਰਾਂ ਦਾ ਘੇਰਾਓ ਵੀ ਹੋ ਰਿਹਾ ਹੈ। ਭਾਵੇਂ ਉਸ ਅੰਦੋਲਨ ਅਤੇ ਕਿਸਾਨ ਅੰਦੋਲਨ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਪ੍ਰੰਤੂ ਟਕਰਾਓ ਬਿਲਕੁਲ ਉਸੇ ਤਰ੍ਹਾਂ ਹੈ। ਇਕ ਕਿਸਮ ਨਾਲ ਗਲਬਾਤ ਭਾਵੇਂ ਹੁੰਦੀ ਰਹੀ ਹੈ ਪ੍ਰੰਤੂ ਸਥਿਤੀ ਵਿਚ ਕੋਈ ਫਰਕ ਨਹੀਂ ਪੈ ਰਿਹਾ। ਗਲਬਾਤ ਵਿਚ ਵੀ ਖੜੋਤ ਪੈਦਾ ਹੋ ਗਈ ਹੈ। ਗਲਬਾਤ ਵੀ ਦੋਹਾਂ ਧਿਰਾਂ ਵਿਚ ਸਿੱਧੀ ਹੋ ਰਹੀ ਹੈ। ਇਸ ਅੰਦੋਲਨ ਦੀ ਸੰਸਾਰ ਵਿਚ ਇਕ ਵੱਖਰੀ ਪਛਾਣ ਬਣ ਚੁੱਕੀ ਹੈ। ਵਿਦਿਅਰਥੀ ਅੰਦੋਲਨ ਤਾਂ ਸਿਰਫ ਵਿਦਿਆਰਥੀਆਂ ਦਾ ਸੀ। ਪ੍ਰੰਤੂ ਗਲਬਾਤ ਲਈ ਕਿਸੇ ਵੀ ਵਿਚੋਲਗੀ ਦਾ ਇਤਨਾ ਇਤਰਾਜ਼ ਨਹੀਂ ਕਰਦੇ ਸਨ। ਕਿਸਾਨ ਅੰਦੋਲਨ ਵਿਚ ਵਿਚੋਲਗੀ ਦੀ ਮਨਾਹੀ ਹੈ। ਵਿਦਿਆਰਥੀ ਅੰਦੋਲਨ ਵਿਚ ਭਾਵੇਂ ਸਮਾਜ ਦੇ ਸਾਰੇ ਵਰਗ ਸ਼ਾਮਲ ਨਹੀਂ ਸਨ ਪ੍ਰੰਤੂ ਸਥਿਤੀ ਬਿਲਕੁਲ ਕਿਸਾਨ ਅੰਦੋਲਨ ਵਰਗੀ ਹੈ। ਆਮ ਲੋਕਾਂ ਦੀ ਹਮਦਰਦੀ ਕਿਸਾਨ ਅੰਦੋਲਨ ਦੀ ਤਰ੍ਹਾਂ ਸਮਾਜ ਦੇ ਸਾਰੇ ਵਰਗਾਂ ਦੀ ਵਿਦਿਆਰਥੀਆਂ ਨਾਲ ਸੀ। ਕਿਸਾਨ ਅੰਦੋਲਨ ਵਿਚ ਤਾਂ ਸਮਾਜ ਦੇ ਸਾਰੇ ਵਰਗ ਸ਼ਾਮਲ ਹੀ ਨਹੀਂ ਹੁੰਦੇ ਸਗੋਂ ਅੰਦੋਲਨ ਵਿਚ ਹਰ ਵਰਗ ਦੇ ਲੋਕ ਜਿਵੇਂ ਤੀਰਥ ਅਸਥਾਨਾਂ ਤੇ ਜਾਂਦੇ ਹਨ, ਬਿਲਕੁਲ ਉਸੇ ਤਰ੍ਹਾਂ ਹਰ ਰੋਜ਼ ਪਹੁੰਚ ਰਹੇ ਹਨ। ਆਮ ਤੌਰ ਤੇ ਜਦੋਂ ਕੋਈ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਕੋਈ ਨਾ ਕੋਈ ਵਿਅਕਤੀ ਟਕਰਾਓ ਖ਼ਤਮ ਕਰਨ ਅਤੇ ਮਸਲੇ ਹਲ ਲਈ ਅੱਗੇ ਆਉਂਦਾ ਹੈ ਕਿਉਂਕਿ ਸੰਸਾਰ ਦਾ ਇਤਿਹਾਸ ਗਵਾਹ ਹੈ ਕਿ ਹਰ ਸਮੱਸਿਆ ਦਾ ਹਲ ਗਲਬਾਤ ਰਾਹੀਂ ਹੀ ਹੁੰਦਾ ਹੈ। ਇਹ ਅੰਦੋਲਨ ਲੰਬਾ ਵੀ ਤਾਂ ਹੀ ਹੋ ਰਿਹਾ ਹੈ ਕਿਉਂਕਿ ਕਿਸਾਨ ਕਿਸੇ ਹੋਰ ਵਿਅਕਤੀ ਨੂੰ ਵਿਚੋਲਗੀ ਕਰਨ ਦੀ ਪ੍ਰਵਾਨਗੀ ਨਹੀਂ ਦਿੰਦੇ ਪ੍ਰੰਤੂ ਇਤਿਹਾਸ ਗਵਾਹ ਹੈ ਕਿ ਜਦੋਂ ਅਜਿਹੀ ਖੜੋਤ ਪੈਦਾ ਹੋ ਜਾਵੇ ਤਾਂ ਕਿਸੇ ਦੀ ਵਿਚੋਲਗੀ ਪ੍ਰਵਾਨ ਕਰਨੀ ਹੁੰਦੀ ਹੈ। ਅੰਦੋਲਨ ਦੇ ਲੰਬਾ ਹੋਣ ਨਾਲ ਸਰਕਾਰ ਵੀ ਬੁਖਲਾ ਗਈ ਹੈ ਪ੍ਰੰਤੂ ਕਿਸਾਨਾ ਲਈ ਵੀ ਮੁਸ਼ਕਲ ਬਣਦੀ ਜਾ ਰਹੀ ਹੈ। ਹਰ ਰੋਜ ਖ਼ਰਚੇ ਤਾਂ ਹੋ ਰਹੇ ਹਨ ਪ੍ਰੰਤੂ ਆਮਦਨ ਦੇ ਸਾਧਨ ਬੰਦ ਹੋ ਗਏ ਹਨ। ਅੰਦੋਲਨ ਲਈ ਪਿੰਡਾਂ ਵਿਚੋਂ ਰਸਦ ਅਤੇ ਮਾਇਆ ਇਕੱਠੀ ਕਰਕੇ ਆਪੋ ਆਪਦੇ ਪਿੰਡਾਂ ਦੇ ਕਿਸਾਨਾ ਨੂੰ ਭੇਜੀ ਜਾ ਰਹੀ ਹੈ। ਇਸ ਦੇ ਉਲਟ ਵਿਦੇਸ਼ਾਂ ਵਿਚੋਂ ਪੈਸੇ ਆਉਣ ਦੇ ਇਲਜ਼ਾਮਾ ਦਾ ਕਿਸਾਨਾ ਨੂੰ ਮੁਕਾਬਲਾ ਕਰਨਾ ਪੈ ਰਿਹਾ ਹੈ। ਦੇਸ਼ ਦੀ ਆਰਥਿਕ ਹਾਲਤ ਵੀ ਡਾਵਾਂ ਡੋਲ ਹੋ ਜਾਵੇਗੀ।

       ਭਾਰਤ ਅਤੇ ਪਾਕਿਸਤਾਨ ਦੀਆਂ ਆਪਸੀ ਦੋ ਜੰਗਾਂ ਹੋ ਚੁੱਕੀਆਂ ਹਨ। ਚੀਨ ਨਾਲ ਵੀ ਲੜਾਈ ਹੋ ਚੁੱਕੀ ਹੈ। ਇਨ੍ਹਾਂ ਤਿੰਨਾਂ ਲੜਾਈਆਂ ਵਿਚ ਅਨੇਕਾਂ ਮਨੁੱਖੀ ਜਾਨਾ ਦਾ ਨੁਕਸਾਨ ਹੋਇਆ ਹੈ। ਦੇਸ ਅਤੇ ਖਾਸ ਤੌਰ ਤੇ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਵਧੇਰੇ ਨੁਕਸਾਨ ਝੱਲ ਚੁੱਕਿਆ ਹੈ। ਤਿੰਨਾ ਲੜਾਈਆਂ ਵਿਚ ਅਖ਼ੀਰ ਸਮਝੌਤਾ ਕਰਨਾ ਪਿਆ। ਸੰਸਾਰ ਦੀਆਂ ਵੀ ਦੋ ਜੰਗਾਂ ਹੋਈਆਂ ਉਥੇ ਵੀ ਸਮਝੌਤੇ ਹੋਏ। ਚੀਨ ਅਤੇ ਪਾਕਿਸਤਾਨ ਨਾਲ ਹੁਣ ਵੀ ਭਾਰਤ ਦਾ ਇਟ ਖੜੱਕਾ ਹੁੰਦਾ ਰਹਿੰਦਾ ਹੈ। ਫਿਰ ਆਪਸ ਵਿਚ ਬੈਠਕੇ ਸਮਝੌਤੇ ਹੁੰਦੇ ਹਨ। ਇਸ ਲਈ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਨੂੰ ਧੀਰਜ ਨਾਲ ਸੋਚਣਾ ਬਣਦਾ ਹੈ। ਮੋਗਾ ਵਿਦਿਆਰਥੀ ਅੰਦੋਲਨ ਦੀ ਉਦਾਹਰਣ ਦੇਣੀ ਚਾਹੁੰਦਾ ਹਾਂ। ਜਦੋਂ ਕੋਈ ਹਲ ਨਾ ਹੁੰਦਾ ਦਿਸਿਆ ਸਰਕਾਰ ਬੜੀ ਅਸੰਜਮ ਵਿਚ ਸੀ ਕਿਉਂਕਿ ਉਹ ਵਿਦਿਆਰਥੀਆਂ ਨਾਲ ਸਖਤੀ ਨਹੀਂ ਵਰਤਣੀ ਚਾਹੁੰਦੀ ਸੀ। ਲੋਕਤੰਤਰ ਵਿਚ ਅਜਿਹੀ ਸੋਚ ਰੱਖਣੀ ਸਰਕਾਰ ਦੇ ਅਤੇ ਅੰਦੋਲਨਕਾਰੀਆਂ ਦੇ ਹੱਕ ਵਿਚ ਹੁੰਦੀ ਹੈ। ਏਥੇ ਵੀ ਸਰਕਾਰ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ। ਕਿਸਾਨ ਜਥੇਬੰਦੀਆਂ ਨੂੰ ਵੀ ਕੋਈ ਰਸਤਾ ਲੱਭਣਾ ਚਾਹੀਦਾ ਹੈ। ਤਰਲੋਚਨ ਸਿੰਘ ਜਿਸਨੂੰ ਹੁਣੇ ਪਦਮ ਭੂਸ਼ਣ ਦੇਣ ਦਾ ਐਲਾਨ ਹੋਇਆ ਹੈ, ਉਦੋਂ ਮਾਰਕਫੈਡ ਵਿਚ ਸੰਪਰਕ ਅਧਿਕਾਰੀ ਲੱਗਿਆ ਹੋਇਆ ਸੀ। ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਨਜ਼ਦੀਕੀ ਸਮਝਿਆ ਜਾਂਦਾ ਸੀ। ਇਸ ਕਰਕੇ ਉਨ੍ਹਾਂ ਨੂੰ ਸਜਾ ਦੇਣ ਲਈ ਫਰੀਦਕੋਟ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਲਾ ਕੇ ਮੋਗਾ ਹੈਡ ਕੁਆਰਟਰ ਕਰ ਦਿੱਤਾ ਗਿਆ ਅਤੇ ਵਿਦਿਆਰਥੀਆਂ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ। ਉਹ ਪਹਿਲਾਂ ਫੀਰੋਜਪੁਰ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਰਹੇ ਸਨ। ਉਦੋਂ ਮੋਗਾ ਫੀਰੋਜਪੁਰ ਵਿਚ ਹੁੰਦਾ ਸੀ। ਉਹ ਮੋਗਾ ਦੇ ਸਥਾਨਕ ਕਾਂਗਰਸੀ ਸਿਆਸਤਦਾਨ ਜੁਗਰਾਜ ਸਿੰਘ ਗਿੱਲ ਨੂੰ ਜਾਣਦੇ ਸਨ। ਤਰਲੋਚਨ ਸਿੰਘ ਜੁਗਰਾਜ ਸਿੰਘ ਗਿੱਲ ਦੇ ਘਰ ਹੀ ਰਹਿਣ ਲੱਗ ਪਏ ਅਤੇ ਜੁਗਰਾਜ ਸਿੰਘ ਗਿੱਲ ਦਾ ਅਸਰ ਰਸੂਖ ਵਰਤਕੇ ਰੂਹਪੋਸ਼ ਵਿਦਿਆਰਥੀ ਨੇਤਾਵਾਂ ਨੂੰ ਕਿਸੇ ਟਿਊਬਵੈਲ ਤੇ ਜਾ ਕੇ ਮਿਲੇ। ਵਿਦਿਆਰਥੀ ਨੇਤਾ ਪੁਲਿਸ ਅਤੇ ਜਿਲ੍ਹਾ ਪ੍ਰਸ਼ਸਾਨ ਤੇ ਵਿਸ਼ਵਾਸ ਨਹੀਂ ਕਰਦੇ ਸਨ। ਇਸ ਲਈ ਤਰਲੋਚਨ ਸਿੰਘ ਨੂੰ ਮਿਲ ਲਏ ਕਿਉਂਕਿ ਦੋ ਮਹੀਨੇ ਲੁਕ ਛਿਪਕੇ ਰਹਿ ਰਹੇ ਸਨ। ਵਿਦਿਆਰਥੀ ਨੇਤਾਵਾਂ ਨੇ ਗਿਆਨੀ ਜ਼ੈਲ ਸਿੰਘ ਨੂੰ ਸਿੱਧੇ ਮਿਲਕੇ ਗੱਲ ਕਰਨ ਦੀ ਇਛਾ ਜ਼ਾਹਰ ਕੀਤੀ। ਸ਼ਰਤਾਂ ਰੱਖੀਆਂ ਕਿ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਨੂੰ ਬਦਲ ਦਿੱਤਾ ਜਾਵੇ। ਸਿਨਮਾ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਵੇ। ਅੰਦੋਲਨ ਦੀ ਅਹਿਮੀਅਤ ਨੂੰ ਸਮਝਦੇ ਹੋਏ, ਅਗਲੇ ਦਿਨ ਗਿਆਨੀ ਜ਼ੈਲ ਸਿੰਘ ਵਿਦਿਆਰਥੀ ਨੇਤਾਵਾਂ ਨੂੰ ਮਿਲਣ ਲਈ ਜਗਰਾਓਂ ਪਹੁੰਚ ਗਏ। ਰਾਤ ਨੂੰ 9-00 ਵਜੇ ਨੇਤਾਵਾਂ ਦੀ ਮੁੱਖ ਮੰਤਰੀ ਨਾਲ ਗੱਲ ਹੋਈ। ਮੁੱਖ ਮੰਤਰੀ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ। ਵਿਦਿਆਰਥੀ ਨੇਤਾਵਾਂ ਨੇ ਚੰਡੀਗੜ੍ਹ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਗਿਆਨੀ ਜ਼ੈਲ ਸਿੰਘ ਨੇ ਸਮੱਸਿਆ ਦੀ ਗੰਭੀਰਤਾ ਨੂੰ ਵੇਖਦਿਆਂ ਫਿਰਾਕਦਿਲੀ ਵਿਖਾਈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਵੀ ਅੰਦੋਲਨ ਦੇ ਲੰਬੇ ਸਮੇਂ ਲਈ ਪੈਣ ਵਾਲੇ ਪ੍ਰਭਾਵਾਂ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ। ਮੇਰਾ ਏਥੇ ਦੱਸਣ ਦਾ ਭਾਵ ਇਹੋ ਹੈ ਕਿ ਸਰਕਾਰ ਨੂੰ ਆਪਣਾ ਅਕਸ ਬਚਾਉਣ ਲਈ ਕਿਸਾਨਾ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਅਤੇ ਕਿਸਾਨਾ ਨੂੰ ਵੀ ਕਿਸੇ ਆਪਣੇ ਭਰੋਸੇਯੋਗ ਵਿਅਕਤੀ ਨੂੰ ਵਿਚ ਪਾ ਕੇ ਗੱਲਬਾਤ ਕਰਕੇ ਮਸਲਾ ਹਲ ਕਰਨਾ ਚਾਹੀਦਾ ਹੈ। ਬਹੁਤੇ ਨੇਤਾਵਾਂ ਦੀ ਗਲਬਾਤ ਸਿਰੇ ਚੜ੍ਹਨੀ ਅਸੰਭਵ ਹੁੰਦੀ ਹੈ। ਜੋ ਵੀ ਫੈਸਲਾ ਕਰਨਾ ਹੈ, ਉਸਨੂੰ ਸਾਰੀਆਂ ਜਥੇਬੰਦੀਆਂ ਦੇ ਨੇਤਾਵਾਂ ਦੀ ਮੀਟਿੰਗ ਕਰਕੇ ਉਸ ਵਿਚ ਵਿਚਾਰਕੇ ਜੇ ਠੀਕ ਲੱਗ ਤਾਂ ਪ੍ਰਵਾਨਗੀ ਦੇਣ। ਟਕਰਾਓ ਕਿਸੇ ਸਮੱਸਿਆ ਦਾ ਹਲ ਨਹੀਂ ਹੁੰਦਾ।

  ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  

ਮੋਬਾਈਲ-94178 13072

  ujagarsingh48@yahoo.com