ਸਰਬੰਸ ਦਾਨੀ :ਸ੍ਰੀ ਗੁਰੂ ਗੋਬਿੰਦ ਸਿੰਘ ਜੀ - ਡਾ.ਚਰਨਜੀਤ ਸਿੰਘ ਗੁਮਟਾਲਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਹਾਰ ਸੂਬੇ ਦੇ ਪ੍ਰਸਿੱਧ ਸ਼ਹਿਰ ਪਟਨਾ ਜਿਸ ਦਾ ਉਸ ਸਮੇਂ ਨਾਂ ਪਾਟਲੀਪੁਤਰ ਸੀ ਵਿੱਚ 22 ਦਸੰਬਰ ਸੰਨ 1666 ਈ. ਪੋਹ ਸੁਦੀ ਸਤਵੀਂ ਵਾਲੇ ਦਿਨ ਅਵਤਾਰ ਧਾਰਿਆ।ਉਨ੍ਹਾਂ ਦੇ ਪਿਤਾ ਨੌਵੇਂ ਗੁਰੂ ਤੇਗ ਬਹਾਦਰ ਜੀ ਸਨ ਅਤੇ ਦਾਦਾ ਛੇਵੇਂ ਗੁਰੂ ਸ੍ਰੀ ਹਰਿ ਗੋਬਿੰਦ ਜੀ ਸਨ।ਮਾਤਾ ਦਾ ਨਾਂ ਮਾਤਾ ਗੁਜਰੀ ਸੀ।ਬਾਲ ਗੁਰੂ ਗੋਬਿੰਦ ਰਾਇ ਪੰਜ ਛੇ ਸਾਲ ਪਟਨਾ ਰਹੇ। ਇੱਥੇ ਇਨ੍ਹਾਂ ਦੇ ਕਈ ਕੌਤਕ ਪ੍ਰਸਿੱਧ ਹਨ ।ਇੱਥੇ ਹੀ ਬੰਗਾਲੀ, ਹਿੰਦੀ, ਪੰਜਾਬੀ, ਫਾਰਸੀ, ਸੰਸਕ੍ਰਿਤ, ਬ੍ਰਜੀ ਆਦਿ ਬੋਲੀਆਂ ਸਿਖੀਆਂ।
ਗੁਰੂ ਤੇਗ਼ ਬਹਾਦਰ ਜੀ 1671 ਈ. ਦੇ ਸ਼ੁਰੂ ਵਿੱਚ ਪ੍ਰਵਾਰ ਨੂੰ ਪਟਨਾ ਛੱਡ ਕੇ ਵੈਸਾਖੀ ਦੇ ਕਰੀਬ ਆਨੰਦਪੁਰ (ਮਾਖੋਵਾਲ) ਪੁੱਜ ਗਏ। ਛੇਤੀ ਹੀ ਉਨ੍ਹਾਂ ਪ੍ਰਵਾਰ ਨੂੰ ਵਾਪਸ ਮੰਗਵਾਇਆ।ਇੱਥੇ ਹੀ ਔਰੰਗਜ਼ੇਬ ਤੋਂ ਦੁੱਖੀ ਕਸ਼ਮੀਰੀ ਪੰਡਿਤਾਂ ਦੀ ਵਿੱਥਿਆ ਸੁਣ ਕੇ ਗੁਰੂ ਜੀ 7 ਸਾਲ ਦੇ ਬਾਲਕ ਗੁਰੂ ਗੋਬਿੰਦ ਰਾਇ ਜੀ ਨੂੰ ਗੁਰ-ਗੱਦੀ ਸੌਂਪ ਕੇ ਕੁਝ ਮੁੱਖੀ ਸਿੱਖਾਂ ਸਮੇਤ ਦਿੱਲੀ ਨੂੰ ਰਵਾਨਾ ਹੋਇ ।ਡਾ. ਦੀਵਾਨ ਸਿੰਘ ਨੇ ਆਪਣੀ ਪੁਸਤਕ ‘ਦਸਮ ਗੁਰੂ ਜੀਵਨ ਤੇ ਸਖ਼ਸ਼ੀਅਤ’ ਵਿਚ ਵਿਸਥਾਰ ਨਾਲ ਲਿਖਦੇ ਹੋਏ ਇਹ ਸਮਾਂ 1673 ਈ. ਦਾ ਲਿਖਿਆ ਹੈ। ਦੋ ਕੁ ਸਾਲ ਗੁਰੂ ਜੀ ਨੇ ਪ੍ਰਚਾਰ ਵਿੱਚ ਬਿਤਾਏ ਸਨ ਤਾਂ ਜਦ ਗੁਰੂ ਜੀ ਆਗਰੇ ਠਹਿਰੇ ਹੋਏ ਸਨ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ। ਔਰੰਗਜ਼ੇਬ ਦੇ ਹੁਕਮ ਨਾਲ ਉਨ੍ਹਾਂ ਨੂੰ ਅਤੇ ਭਾਈ ਮਤੀਦਾਸ ਜੀ, ਭਾਈ ਦਿਆਲ ਦਾਸ ਜੀ, ਭਾਈ ਸਤੀ ਦਾਸ ਜੀ ਆਦਿ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ।
1675 ਤੋਂ 1688 ਈ. ਦਾ ਸਮਾਂ ਸਿੱਖ ਸ਼ਕਤੀ ਦੇ ਸੰਗਠਨ ਦਾ ਸਮਾਂ ਸੀ। ਸੈਨਿਕ ਅਤੇ ਬੀਰ ਰਸੀ ਜੋਸ਼ ਵਧਾਉਣ ਲਈ ਰਣਜੀਤ ਨਗਾਰਾ ਤਿਆਰ ਕਰਵਾਇਆ ਗਿਆ। ਜਿਸ ਦੀ ਆਵਾਜ਼ ਸਾਰੇ ਪਹਾੜੀ ਰਾਜਾਂ ਵਿੱਚ ਗੂੰਜ ਉਠੀ। ਇੱਕ ਸਿੱਖ ਦੁਨੀ ਚੰਦ ਕਾਬਲ ਤੋਂ ਇੱਕ ਬਹੁਤ ਸੁੰਦਰ ਅਤੇ ਕੀਮਤੀ ਸ਼ਮਿਆਨਾ ਬਣਵਾ ਕੇ ਲਿਆਇਆ ਤੇ ਗੁਰੂ ਜੀ ਨੂੰ ਭੇਟ ਕੀਤਾ, ਜਿਸ ਦੀ ਕੀਮਤ ਢਾਈ ਲੱਖ ਰੁਪਏ ਸੀ। ਆਸਾਮ ਦਾ ਰਾਜਾ ਰਤਨ ਰਾਏ ਬਹੁਤ ਕੀਮਤੀ ਤੋਹਫੇ ਜਿਨ੍ਹਾਂ ਵਿੱਚ ਇੱਕ ਸੁੰਦਰ ਹਾਥੀ, ਇੱਕ ਤਖ਼ਤ, ਪੰਜ ਵਧੀਆ ਤੇ ਸਜੇ ਸਜਾਏ ਘੋੜੇ, ਇੱਕ ਅਦੁੱਤੀ ਹਥਿਆਰ ਜਿਸ ਵਿੱਚੋਂ ਪੰਜ ਹਥਿਆਰ ਨਿਕਲਦੇ ਸਨ ਅਤੇ ਹੋਰ ਕਿੰਨਾਂ ਕੀਮਤੀ ਸਾਜੋ-ਸਾਮਾਨ ਸੀ।
ਗੁਰੂ ਸਾਹਿਬ ਦੀ ਸ਼ਕਤੀ ਵੱਧਦੀ ਵੇਖ ਕੇ ਬਿਲਾਸਪੁਰ ਦਾ ਰਾਜਾ ਭੀਮ ਚੰਦ ਈਰਖਾ ਦੀ ਅੱਗ ਵਿੱਚ ਸੜਨ ਲੱਗ ਪਿਆ। ਜਿਸ ਦਾ ਸਿੱਟਾ ਪਹਿਲੀ ਲੜਾਈ ਭੰਗਾਲੀ ਦੇ ਯੁੱਧ ਦਾ ਕਾਰਨ ਬਣੀ ਜੋ 1688 ਈ.ਵਿਚ ਲੜੀ ਗਈ। 1677 ਈ. ਵਿੱਚ ਆਪ ਦੀ ਸ਼ਾਦੀ ਲਾਹੌਰ ਦੇ ਸਿੱਖ ਭਾਈ ਭਿਖੀਆ ਦੀ ਲੜਕੀ ਜੀਤੋ ਨਾਲ ਆਨੰਦਪੁਰ ਸਾਹਿਬ ਹੋਈ।
1685 ਈ. ਵਿੱਚ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ ‘ਤੇ ਆਪਣੀ ਸੈਨਾ ਤੇ ਪ੍ਰਵਾਰ ਸਮੇਤ ਆਪ ਨਾਹਨ ਚਲੇ ਗਏ। ਰਾਜੇ ਦੀ ਬੇਨਤੀ ਕਰਨ ‘ਤੇ ਜਮਨਾ ਕੰਢੇ ਰਮਣੀਕ ਥਾਂ ‘ਤੇ 12 ਦਿਨਾਂ ਵਿੱਚ ਹੀ ਕਿਲ੍ਹਾ ਤਿਆਰ ਕਰਵਾਇਆ ਜਿਸ ਦਾ ਨਾਂ ਪਾਉਂਟਾ (ਪੈਰ ਰੱਖਣ ਦੀ ਥਾਂ) ਰੱਖਿਆ। ਏਥੇ ਆਪ ਤਿੰਨ ਸਾਲ ਰਹੇ ਤੇ ਬਹੁਤ ਸਾਰਾ ਸਾਹਿਤ ਰਚਿਆ।1688 ਈ. ਇੱਥੇ ਰਹਿੰਦਿਆਂ ਸਭ ਤੋਂ ਵੱਡੀ ਘਟਨਾ ਭੰਗਾਣੀ ਦਾ ਯੁੱਧ ਹੋਇਆ, ਜਿਸ ਵਿਚ ਗੁਰੂ ਜੀ ਦੀ ਸੈਨਾ ਨੂੰ ਬੜੀ ਭਾਰੀ ਜਿੱਤ ਹੋਈ ।
ਪਾਉਂਟਾ ਸਾਹਿਬ ਵਿੱਚ ਹੀ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਦਾ ਸੰਨ 1687 ਵਿੱਚ ਜਨਮ ਹੋਇਆ।ਭੰਗਾਣੀ ਦੇ ਯੁੱਧ ਤੋਂ ਬਾਅਦ 1688 ਈ. ਵਿੱਚ ਗੁਰੂ ਸਾਹਿਬ ਆਨੰਦਪੁਰ ਵਾਪਿਸ ਆ ਗਏ। ਗੁਰੂ ਜੀ ਦੇ ਬਾਕੀ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਵੀ ਇੱਥੇ ਹੀ ਹੋਇਆ । 1690 ਈ. ਨਦੌਣ ਦੀ ਲੜਾਈ ਹੋਈ।
ਗੁਰੂ ਜੀ ਨੇ ਸਿੱਖਾਂ ਨੂੰ ਨਿਆਰਾ ਰੂਪ ਦੇਣ ਲਈ 1699 ਦੀ ਵਿਸਾਖੀ ਨੂੰ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਖ਼ਾਲਸਾ ਪੰਥ ਦੀ ਸਾਜਣਾ ਨਾਲ ਪਹਾੜੀ ਰਾਜਿਆਂ ਵਿੱਚ ਗੁਰੂ ਜੀ ਪ੍ਰਤੀ ਈਰਖਾ ਹੋਰ ਵੱਧ ਗਈ। ਸੂਬਾ ਸਰਹੰਦ ਨੇ ਦਸ ਹਜ਼ਾਰ ਫੌਜ ਸਮੇਤ ਜਰਨੈਲ ਅਦੀਨਾ ਬੇਗ ਅਤੇ ਪੈਂਦਾ ਖ਼ਾਨ ਨੂੰ ਆਨੰਦਪੁਰ ‘ਤੇ ਹਮਲਾ ਕਰਨ ਲਈ ਭੇਜਿਆ। ਇਸ ਵਿੱਚ ਜਿੱਤ ਗੁਰੂ ਜੀ ਦੀ ਹੀ ਹੋਈ।
ਇਨ੍ਹਾਂ ਦਿਨਾਂ ਵਿੱਚ ਰੁਹਤਾਸ ਦੇ ਇੱਕ ਸਿੱਖ ਨੇ ਆਪਣੀ ਲੜਕੀ ਸਾਹਿਬ ਦੀ ਸ਼ਾਦੀ ਗੁਰੂ ਜੀ ਨਾਲ ਇੱਕ ਪ੍ਰਣ ਅਨੁਸਾਰ ਕੀਤੀ। ਗੁਰੂ ਜੀ ਨੇ ਅੰਮ੍ਰਿਤ ਛਕਾ ਕੇ ਉਸ ਦਾ ਨਾਂ ਸਾਹਿਬ ਕੌਰ ਰੱਖਿਆ। ਇਸੇ ਸਮੇਂ ਭਾਈ ਰਾਮ ਕੁੰਵਰ (ਬਾਬਾ ਬੁੱਢਾ ਜੀ ਦੇ ਵੰਸ਼ਜ) ਨੂੰ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਤੇ ਉਸ ਦਾ ਨਾਂ ਭਾਈ ਗੁਰਬਖਸ਼ ਸਿੰਘ ਰੱਖਿਆ। ਇਸੇ ਲੜਾਈ ਦੌਰਾਨ ਭਾਈ ਘਨ੍ਹਈਆ ਵਾਲਾ ਪ੍ਰਸੰਗ ਵਾਪਰਿਆ।
ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦਾ ਨਿਸ਼ਾਨਾ ਆਨੰਦਪੁਰ ਸੀ। ਲਗਾਤਾਰ 8 ਮਹੀਨੇ ਤੋ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਗਿਆ । ਬਿਕ੍ਰਮੀ ਸੰਮਤ 1762 ਦੀ 6-7 ਪੋਹ ਦੀ ਦਰਮਿਆਨੀ ਰਾਤ ਨੂੰ ਆਨੰਦ ਗੜ ਦਾ ਕਿਲ੍ਹਾ ਖਾਲੀ ਕਰਨ ਤੋਂ ਬਾਅਦ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨੇ ਚੁੱਕੀਆਂ ਕਸਮਾਂ ਨੂੰ ਤੋੜ ਕੇ ਕੀਰਤਪੁਰ ਸਾਹਿਬ ਪਾਰ ਕਰਦਿਆਂ ਹੀ ਸਿੱਖ ਫੌਜਾਂ ਤੇ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕੰਢੇ ਜੰਗ ਹੋਈ, ਕਾਫੀ ਸਿੰਘ ਸ਼ਹੀਦ ਹੋ ਗਏ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ।
ਉਨ੍ਹਾਂ ਦੇ ਮਾਤਾ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਰੋਪੜ ਵੱਲ ਨੂੰ ਗਏ। ਜਿੱਥੋਂ ਇੱਕ ਪੁਰਾਣਾ ਨੌਕਰ ਗੰਗੂ ਬ੍ਰਾਮਣ ਉਨ੍ਹਾਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ। ਰਾਤ ਨੂੰ ਮਾਤਾ ਜੀ ਪਾਸੋਂ ਜੇਵਰ ਤੇ ਨਕਦੀ ਚੁਰਾ ਲਈ ਤੇ ਹਜ਼ਮ ਕਰਨ ਲਈ ਉਨ੍ਹਾਂ ਵਿਰੁੱਧ ਮੋਰਿੰਡੇ ਚੌਧਰੀ ਨੂੰ ਖ਼ਬਰ ਕਰ ਦਿੱਤੀ। ਉਸ ਨੇ ਉਨ੍ਹਾਂ ਦੇ ਸੂਬੇਦਾਰ ਸਰਹੰਦ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ। ਵਜ਼ੀਰ ਖਾਂ ਨੇ ਆਪਣੇ ਵਜ਼ੀਰ ਸੁੱਚਾ ਨੰਦ ਖ਼ਤਰੀ ਦੇ ਜ਼ੋਰ ਦੇਣ ‘ਤੇ ਦੋਵਾਂ ਮਾਸੂਮ ਬੱਚਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਮਾਤਾ ਜੀ ਬੱਚਿਆਂ ਦਾ ਦੁੱਖ ਨਾ ਸਹਾਰਦੇ ਹੋਏ ਸ਼ਹਾਦਤ ਪਾ ਗਏ।
ਅਗਲਾ ਟਾਕਰਾ 8ਪੋਹ ਨੂੰ 1762 (ਸੰਨ 1705) ਚਮਕੌਰ ਦੀ ਗੜ੍ਹੀ ਤੇ ਭਾਰੀ ਜੰਗ ਹੋਇਆ ।ਇਸ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ , ਹੋਰਨਾਂ ਚਾਲੀ ਕੁ ਸਿੰਘਾਂ ਸਮੇਤ ਲੜਦਿਆਂ ਸ਼ਹੀਦ ਹੋ ਗਏ। ਇਸ ਤੋਂ ਬਾਅਦ 30 ਪੋਹ 1762 ਬਿਕ੍ਰਮੀ (ਸੰਨ1705ਈ. ) ਵਿੱਚ ਖਿਦਰਾਣਾ ਦੀ ਢਾਬ ਤੇ ਸੂਬਾ ਸਰਹਿੰਦ ਦੀ ਦਸ ਹਜ਼ਾਰ ਮੁਗ਼ਲਾ ਫੌਜ ਨਾਲ ਜੰਗ ਲੜੀ । ਇੱਥੇ ਚਾਲੀ ਸਿੰਘਾਂ ਵਲੋਂ ਲਿਖਿਆ ਗਿਆ ਬੇਦਾਵਾ ਗੁਰੂ ਜੀ ਨੇ ਪਾੜ ਦਿੱਤਾ। ਇਸ ਕਰ ਕੇ ਇਸ ਨੂੰ ਚਾਲੀ ਮੁਕਤਿਆ ਦੀ ਮੁਕਤੀ ਕਾਰਨ ਮੁਕਤਸਰ ਕਿਹਾ ਜਾਣ ਲੱਗਾ।
ਚਮਕੌਰ ਤੋਂ ਗੁਰੂ ਜੀ ਇਕੱਲੇ ਆਪਣੇ ਤਿੰਨ ਸਿੱਖਾਂ ਨਾਲੋਂ ਵਿਛੜ ਕੇ ਮਾਛੀਵਾੜੇ ਜਾ ਪੁੱਜੇ। ਮਾਛੀਵਾੜੇ ਉਨ੍ਹਾਂ ਦੇ ਤਿੰਨ ਸਾਥੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਵੀ ਆ ਮਿਲੇ। ਇੱਥੇ ਹੀ ਉਨ੍ਹਾਂ ਦੇ ਸ਼ਰਧਾਲੂ ਪਠਾਨ ਨਬੀ ਖ਼ਾਨ ਤੇ ਗ਼ਨੀ ਖ਼ਾਨ ਆ ਮਿਲੇ। ਜਿਨ੍ਹਾਂ ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਗੁਰੂ ਜੀ ਨੂੰ ‘ਉੱਚ ਦਾ ਪੀਰ’ ਬਣਾਇਆ ਅਤੇ ਨੀਲੀ ਪੁਸ਼ਾਕ ਪਹਿਨਾ ਕੇ ਪਾਲਕੀ ਵਿੱਚ ਸਵਾਰ ਕਰਕੇ ਮੁਗ਼ਲ ਫੌਜਾਂ ਤੋਂ ਬਚਦੇ ਹੋਏ ਕਾਫੀ ਦੂਰ ਚਲੇ ਗਏ।ਗੁਰੂ ਜੀ ਇਸ ਵਿਉਂਤ ਨਾਲ ਜਗਰਾਉਂ ਤੇ ਰਾਏਕੋਟ ਹੁੰਦੇ ਹੋਏ ਜੱਟਪੁਰੇ ਪੁੱਜੇ। ਇੱਥੋਂ ਦੇ ਮੁਸਲਮਾਨ ਹਾਕਮ ਰਾਏ ਕਲ੍ਹਾ ਨੇ ਗੁਰੂ ਜੀ ਦੀ ਪੂਰੀ ਸਹਾਇਤਾ ਕੀਤੀ। ਰਾਏ ਕਲ੍ਹਾ ਨੇ ਗੁਰੂ ਜੀ ਦੇ ਕਹਿਣ ‘ਤੇ ਸਰਹੰਦ ਤੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਦੀ ਖ਼ਬਰ ਮੰਗਵਾਈ। ਜਦ ਮਾਹੀ ਨਾਮੀ ਹਰਕਾਰਾ ਇਹ ਅਤੀ ਦੁੱਖਦਾਈ ਖ਼ਬਰ ਲਿਆਇਆ ਤਾਂ ਉਸ ਵੇਲੇ ਗੁਰੂ ਜੀ ਜੰਗਲ ਵਿੱਚ ਬੈਠੇ ਹੋਏ ਸਨ। ਗੁਰੂ ਜੀ ਨੇ ਇੱਕ ਕਾਹੀ ਦਾ ਬੂਟਾ ਪੁੱਟਦੇ ਹੋਏ ਫਰਮਾਇਆ ਕਿ ਜਿਸ ਤਰ੍ਹਾਂ ਇਹ ਬੂਟਾ ਪੁੱਟਿਆ ਗਿਆ ਹੈ, ਉਸੇ ਤਰ੍ਹਾਂ ਮੁਗ਼ਲ ਹਕੂਮਤ ਦੀਆਂ ਛੇਤੀ ਹੀ ਜੜ੍ਹਾਂ ਪੁੱਟੀਆਂ ਜਾਣਗੀਆਂ।
ਇਸ ਉਪਰੰਤ ਮੌਜੂਦਾ ਮੁਕਤਸਰ ਦੀ ਥਾਂ ‘ਤੇ ਮੁਗ਼ਲਾਂ ਨਾਲ ਮੁੜ ਮੁਠਭੇੜ ਹੁੰਦੀ ਹੈ, ਜਿੱਥੇ ਚਾਲੀ ਸਿੰਘ ਜੋ ਬੇਦਾਵਾ ਦੇ ਗਏ ਸਨ ਮੁਗਲ ਫੌਜਾਂ ਨਾਲ ਬੜੀ ਬਹਾਦਰੀ ਨਾਲ ਲੜਦੇ ਸ਼ਹੀਦੀ ਪ੍ਰਾਪਤ ਕਰਦੇ ਹਨ।ਗੁਰੂ ਜੀ ਨੇ ਇਸ ਲੜਾਈ ਨੂੰ ਉੱਚੇ ਟਿੱਬੇ ਤੋਂ ਵੇਖਿਆ।ਗੁਰੂ ਜੀ ਨੇ ਇਕੱਲੇ ਇਕੱਲੇ ਸਿੰਘ ਨੂੰ ਆਪਣੀ ਗੋਦ ਵਿਚ ਲਿਆ ਤੇ ੇ ਬੇਦਾਵਾ ਪਾੜ ਕੇ ਉਨ੍ਹਾਂ ਨੂੰ ਮੁਕਤੇ ਆਖ ਕੇ ਨਿਵਾਜਿਆ। ਇੱਥੇ ਹੁਣ ‘ਮੁਕਤਸਰ’ ਆਬਾਦ ਹੈ। ਮੁਕਤਸਰ ਤੋਂ ਬਾਅਦ ਗੁਰੂ ਜੀ ਤਲਵੰਡੀ ਸਾਬੋ ਪੁੱਜੇ। ਜਿੱਥੇ ਉਹ 9 ਮਹੀਨੇ ਰਹੇ ਤੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ ਅਤੇ ਇਸ ਨੂੰ ਹੁਣ ਵਾਲਾ ਸੰਪੂਰਨ ਰੂਪ ਬਖ਼ਸ਼ਿਆ ਅਤੇ ‘ਗੁਰੂ ਕੀ ਕਾਂਸ਼ੀ’ ਆਖ ਕੇ ਵਡਿਆਇਆ। ਤਲਵੰਡੀ ਵਿੱਚ ਹੀ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਜੀ ਦਿੱਲੀ ਤੋਂ ਆ ਕੇ ਗੁਰੂ ਜੀ ਨੂੰ ਮਿਲੇ ਅਤੇ ਉਨ੍ਹਾਂ ਦਾ ਏਥੇ ਹੀ ਪਤਾ ਲੱਗਾ।
ਤਲਵੰਡੀ ਸਾਬੋ ਜਾਂਦਿਆ ਜਦ ਗੁਰੂ ਜੀ ਦੀਸੇ ਠਹਿਰੇ ਹੋਏ ਸਨ ਤਾਂ ਔਰੰਗਜ਼ੇਬ ਵਲੋਂ ਉਨ੍ਹਾਂ ਨੂੰ ਇੱਕ ਸ਼ਾਹੀ ਪੱਤਰ ਪੁੱਜਾ ਜਿਸ ਵਿੱਚ ਉਨ੍ਹਾਂ ਨੂੰ ਦੱਖਣ ਵਿੱਚ ਕਿਆਮ ਕਰਦੇ ਬਾਦਸ਼ਾਹ ਨੂੰ ਮਿਲਣ ਦਾ ਸੱਦਾ ਸੀ। ਸ਼ਾਹੀ ਪੱਤਰ ਦੇ ਉੱਤਰ ਵਿੱਚ ਗੁਰੂ ਜੀ ਨੇ ਫ਼ਾਰਸੀ ਕਵਿਤਾ ਵਿੱਚ ਇੱਕ ਲੰਮਾ ਪੱਤਰ ਲਿਖਿਆ, ਜਿਸ ਦਾ ਨਾਂ ‘ਜ਼ਫ਼ਰਨਾਮਾ’ (ਜਿੱਤ ਦਾ ਪੱਤਰ) ਰੱਖਿਆ ਗਿਆ। ਇਹ ਮਹਾਨ ਕਾਵਿ-ਪੱਤਰ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਰਾਹੀਂ ਔਰੰਗਜ਼ੇਬ ਵੱਲ ਭੇਜਿਆ ਗਿਆ। ਜਦ ਉਹ ਬਹੁਤ ਸਮਾਂ ਵਾਪਿਸ ਨਾ ਆਏ ਤਾਂ ਗੁਰੂ ਜੀ ਔਰੰਗਜੇਬ ਨੂੰ ਮਿਲਣ ਲਈ ਦਖਣ ਵਲ ਨੂੰ ਅਕਤੂਬਰ 1706 ਈ. ਵਿੱਚ ਆਪ ਰਵਾਨਾ ਹੋ ਗਏ।
ਫਰਵਰੀ 1707 ਈ ਵਿਚ ਜਦ ਗੁਰੂ ਜੀ ਬਘੇਰ ਦੇ ਨੇੜੇ ਪੁੱਜੇ ਤਾਂ ਬਾਦਸ਼ਾਹ ਦੇ ਦੇਹਾਂਤ ਦੀ ਖ਼ਬਰ ਮਿਲੀ ।ਔਰੰਗਜ਼ੇਬ ਦੀ ਮੌਤ ਪਿੱਛੋਂ ਬਹਾਦਰ ਸ਼ਾਹ ਦਿੱਲੀ ਦੇ ਤਖ਼ਤ ‘ਤੇ ਬਿਰਾਜਮਾਨ ਹੋ ਗਿਆ।ਆਗਰੇ ਵਿੱਚ ਗੁਰੂ ਜੀ ਬਹਾਦਰ ਸ਼ਾਹ ਨੂੰ ਮਿਲੇ। ਉਸ ਨੇ ਗੁਰੂ ਜੀ ਦਾ ਬਹੁਤ ਆਦਰ ਸਤਿਕਾਰ ਕੀਤਾ ਅਤੇ ਵੱਡਮੁੱਲਾ ‘ਖਿਲਅਤ’ ਪੇਸ਼ ਕੀਤਾ।ਗੁਰੂ ਜੀ ਵਜ਼ੀਰ ਖਾਂ ਨੂੰ ਦੰਡ ਦਿਵਾਉਣਾ ਚਾਹੁੰਦੇ ਸਨ ਪਰ ਉਹ ਇਸ ਗੱਲ ਨੂੰ ਟਾਲਦਾ ਰਿਹਾ। ਕਿਉਂਕਿ ਵਜ਼ੀਰ ਖ਼ਾਨ ਨੂੰ ਦੰਡ ਦੇਣ ਦਾ ਉਸ ਨੂੰ ਹੀਆ ਨਹੀਂ ਪੈਂਦਾ। ਉਹ ਚਾਹੁੰਦਾ ਸੀ ਕਿ ਆਪਣਾ ਰਾਜ ਚੰਗੀ ਤਰ੍ਹਾਂ ਸਥਾਪਤ ਕਰਕੇ ਕੋਈ ਅਜਿਹਾ ਕਦਮ ਉਠਾਏ।ਅੰਤ ਗੁਰੂ ਜੀ ਬਾਦਸ਼ਾਹ ਤੋਂ ਨਿਰਾਸ਼ ਹੋ ਕੇ ਉਸ ਦੀਆਂ ਫੌਜਾਂ ਨਾਲੋਂ ਵੱਖਰੇ ਹੋ ਕੇ ਨਾਦੇੜ ਚਲੇ ਗਏ।
ਨਾਦੇੜ ਵਿੱਚ ਰਹਿੰਦੇ ਇੱਕ ਸਾਧੂ ਬੈਰਾਗੀ ਲਛਮਨ ਦਾਸ ਜਾਂ ਮਾਧੋ ਦਾਸ ਨੂੰ ਗੁਰੂ ਜੀ ਨੇ ਪੂਰਨ ਮਰਯਾਦਾ ਅਨੁਸਾਰ ਅੰਮ੍ਰਿਤ ਛਕਾਇਆ ਅਤੇ ‘ਬੰਦਾ ਸਿੰਘ’ ਨਾਮ ਰੱਖਿਆ, ਜਿਸ ਦੀ ਉਮਰ 38 ਸਾਲ ਸੀ। ਫਿਰ ਉਸ ਨੂੰ ਥਾਪੜਾ ਜਾਂ ਅਸ਼ੀਰਵਾਦ ਦਿੱਤੀ ਤੇ ਕੁਝ ਸਿੰਘਾਂ ਦੇ ਨਾਲ ਪੰਜਾਬ ਵੱਲ ਰਾਜਸੀ ਕਰਤਵ ਦੀ ਪੂਰਤੀ ਲਈ ਭੇਜ ਦਿੱਤਾ। ਗੁਰੂ ਜੀ ਨੇ ਉਸ ਨੂੰ ਆਪਣੇ ਭੱਥੇ ਵਿੱਚੋਂ ਪੰਜ ਤੀਰ ਆਤਮਕ ਸਹਾਇਤਾ ਲਈ ਬਖਸ਼ੇ ਅਤੇ ਹੋਰ ਵੀ ਧਾਰਮਿਕ ਉਪਦੇਸ਼ ਤੇ ਕ੍ਰਿਪਾ ਨਾਲ ਨਿਹਾਲ ਕੀਤਾ,ਜਿਸ ਦੀ ਮਿਸਾਲ ਦੁਨੀਆਂ ਵਿੱਚ ਨਹੀਂ ਮਿਲਦੀ। ਉਨ੍ਹਾਂ ਨੇ ਬੰਦਾ ਬਹਾਦਰ ਵਿੱਚ ਆਪਣੀ ਸਾਰੀ ਸੈਨਿਕ ਤੇ ਰਾਜਸੀ ਸ਼ਕਤੀ ਭਰ ਦਿੱਤੀ, ਜਿਸ ਨੇ ਭਾਰਤ ਦੀ ਹੋਣੀ ਅਤੇ ਇਤਿਹਾਸ ਬਦਲ ਕੇ ਰੱਖ ਦਿੱਤਾ।
ਗੁਰੂ ਜੀ ਨੇ ਸਰੀਰਕ ਅੰਤ ਨੇੜੇ ਜਾਣ ਕੇ ਕੱਤਕ ਸੁਦੀ ਪੰਜ 1765 ਬਿਕ੍ਰਮੀ (7 ਅਕਤੂਬਰ 1708 ਈ.) ਦੀ ਰਾਤ ਦੇ ਤੀਜੇ ਪਹਿਰ ਸਿੰਘਾਂ ਨੂੰ ਇਕੱਤਰ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਸਦਾ ਲਈ ਖ਼ਾਲਸੇ ਦਾ ਆਤਮਕ ਆਗੂ ਅਤੇ ਗੁਰੂ ਥਾਪ ਕੇ ਜੋਤੀ ਜੋਤ ਸਮਾ ਗਏ। ਇਸ ਪਵਿੱਤਰ ਸਥਾਨ ‘ਤੇ ‘ਸੱਚਖੰਡ ਸ੍ਰੀ ਹਜ਼ੂਰ ਸਾਹਿਬ’ ਜਾਂ ‘ਅਬਚਲ ਨਗਰ’ ਦਾ ਪ੍ਰਸਿੱਧ ਗੁਰਦੁਆਰਾ ਅਤੇ ਤਖ਼ਤ ਸਾਹਿਬ ਸੁਸ਼ੋਭਿਤ ਹੈ।
ਪੰਜਾਬ ਆ ਕੇ ਬਾਬਾ ਬੰਦਾ ਸਿੰਘ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।ਖਾਲਸਾ ਰਾਜ ਕਾਇਮ ਕੀਤਾ। ਜਮੀਨ ਵਾਹੀਕਾਰ ਦੀ ਕਰ ਦਿੱਤੀ।ਭਾਵੇਂ ਕਿ ਉਹ ਆਪਣਾ ਰਾਜ ਕਾਇਮ ਨਾ ਰਖ ਸਕਿਆ ਪਰ ਮੁਗ਼ਲ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ।ਬਾਦ ਵਿਚ ਮਿਸਲਾਂ ਦਾ ਰਾਜ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ, ਜਿਸ ਨੇ ਅਫ਼ਗਾਨ ਹਮਲਾਵਰਾਂ ਦੇ ਹਮਲਿਆਂ ਤੋਂ ਭਾਰਤ ਨੂੰ ਛੁਟਕਾਰਾ ਦੁਆਇਆ। ਗੁਰੂ ਸਾਹਿਬਾਨ ਦੀਆਂ ਘਾਲਣਾ ਦਾ ਸਿੱਟਾ ਹੀ ਹੈ ਕਿ ਅੱਜ ਸਿੱਖ ਸਾਰੀ ਦੁਨੀਆਂ ਵਿਚ ਆਨੰਦਮਾਣ ਰਹਿ ਹਨ ਤੇ ਨਾਮਣਾ ਖੱਟ ਰਹਿ ਹਨ{
ਡਾ.ਚਰਨਜੀਤ ਸਿੰਘ ਗੁਮਟਾਲਾ, 91 941753306 ,gumtalacs@gmail.com