20 ਜਨਵਰੀ ਨੂੰ ਸਹੁੰ ਚੁੱਕਣ ‘ਤੇ ਵਿਸ਼ੇਸ਼ : ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ - ਉਜਾਗਰ ਸਿੰਘ

ਕਿਸੇ ਵੀ ਇਨਸਾਨ ਦੇ ਵਿਅਕਤਿਤਵ ਦੇ ਨਿਖ਼ਾਰ ਅਤੇ ਸੁਨਹਿਰੇ ਭਵਿਖ ਦੀ ਉਸਾਰੀ ਵਿਚ   ਉਸਦੇ ਪਰਿਵਾਰ ਦੀ ਵਿਰਾਸਤ, ਵਾਤਾਵਰਨ ਅਤੇ ਜਿਹੋ ਜਹੇ ਹਾਲਾਤ ਵਿਚ ਉਹ ਵਿਚਰ ਰਿਹਾ ਹੁੰਦਾ ਹੈ, ਉਸਦਾ ਗਹਿਰਾ ਪ੍ਰਭਾਵ ਪੈਂਦਾ ਹੈ। ਉਸ ਪ੍ਰਭਾਵ ਦੇ ਕਰਕੇ ਹੀ ਉਹ ਵਿਅਕਤੀ ਸਮਾਜ ਵਿਚ ਆਪਣਾ ਸਥਾਨ ਬਣਾਉਂਦਾ ਹੈ। ਅਮਰੀਕਾ ਦੀਆਂ ਤਿੰਨ ਨਵੰਬਰ 2020 ਨੂੰ ਹੋਈਆਂ ਜਨਰਲ ਚੋਣਾਂ ਵਿਚ ਪਹਿਲੀ ਅਮਰੀਕੀ ਸਿਆਫਮ ਤੇ ਦੱਖਣ ਏਸ਼ੀਆਈ ਮੂਲ ਦੀ ਇਸਤਰੀ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਮਾਈਕ ਪੈਂਸ ਨੂੰ ਹਰਾ ਕੇ ਉਪ ਰਾਸ਼ਟਰਪਤੀ ਬਣਨ ਅਤੇ ਉਸਦੇ ਵਿਅਕਤਿਤਵ ਦੇ ਉਭਰਨ ਵਿਚ ਇਹ ਤਿੰਨੋ ਗੱਲਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਕਮਲਾ ਹੈਰਿਸ ਦੇ ਪਰਿਵਾਰ ਦੀ  ਵਿਰਾਸਤ ਨਾਨਾ ਅਤੇ ਨਾਨੀ ਦੋਵੇਂ ਸਵਤੰਤਰਤਾ ਸੰਗਰਾਮੀ, ਉਸਦੇ ਮਾਤਾ ਪਿਤਾ ਅਮਰੀਕਾ ਵਰਗੇ ਦੇਸ ਵਿਚ ਸਿਆਫਮ ਲੋਕਾਂ ਦੇ ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੇ, ਉਸਦਾ ਪਾਲਣ ਪੋਸ਼ਣ ਆਜ਼ਾਦ ਖਿਆਲਾਤ ਵਾਲੇ ਵਾਤਵਰਨ ਅਤੇ ਉਚ ਪੜ੍ਹਾਈ ਸਮੇਂ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੀ ਜਥੇਬੰਦੀ ਵਿਚ ਕੰਮ ਕਰਨ ਕਰਕੇ ਨੇਤਾਗਿਰੀ ਨੂੰ ਪ੍ਰਫੁਲਤ ਹੋਣ ਦਾ ਮੌਕਾ ਮਿਲਦਾ ਰਿਹਾ। ਜਿਸ ਤਰ੍ਹਾਂ ਸੰਸਾਰ ਵਿਚ ਭਾਰਤੀ ਆਪਣੀਆਂ ਸਿਆਸੀ ਜਿੱਤਾਂ ਦੇ ਝੰਡੇ ਗੱਡੀ ਜਾ ਰਹੇ ਹਨ, ਉਸੇ ਲੜੀ ਵਿਚ ਕਮਲਾ ਦੇਵੀ ਹੈਰਿਸ ਭਾਰਤੀ ਮੂਲ ਦੀ ਪਹਿਲੀ ਇਸਤਰੀ ਹੈ, ਜਿਹੜੀ ਅਮਰੀਕਾ ਦੀ ਉਪ ਰਾਸ਼ਟਰਪਤੀ ਬਣੀ ਹੈ। ਇਸ ਤੋਂ ਪਹਿਲਾਂ ਕੋਈ ਅਮਰੀਕਨ ਇਸਤਰੀ ਵੀ ਇਸ ਅਹੁਦੇ ਤੱਕ ਨਹੀਂ ਪਹੁੰਚ ਸਕੀ ਸੀ। ਉਹ 20 ਜਨਵਰੀ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕ ਰਹੀ ਹੈ। ਕਮਲਾ ਦੇਵੀ ਹੈਰਿਸ ਦੇ ਨਾਨਾ ਪੀ ਵੀ ਗੋਪਾਲਨ ਅਤੇ ਨਾਨੀ ਰਾਜਮ ਗੋਪਾਲਨ ਦੋਵੇਂ ਭਾਰਤ ਵਿਚ ਸੁਤੰਤਰਤਾ ਸੰਗਰਾਮੀਏ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਸਨ। ਸਿਆਸਤ ਦੀ ਗੁੜ੍ਹਤੀ ਕਮਲਾ ਹੈਰਿਸ ਨੂੰ ਆਪਣੇ ਨਾਨਾ ਅਤੇ ਨਾਨੀ ਦੀ ਪ੍ਰੇਰਨਾ ਨਾਲ ਹੀ ਮਿਲੀ ਸੀ। ਉਨ੍ਹਾਂ ਦੇ ਨਾਨਾ ਪੀ ਵੀ ਗੋਪਾਲਨ ਭਾਰਤ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਦੇ ਦਫਤਰ ਵਿਚ ਸੰਯੁਕਤ ਸਕੱਤਰ ਦੇ ਤੌਰ ਤੇ ਕੰਮ ਕਰਦੇ ਰਹੇ ਸਨ। ਅਮਰੀਕਾ ਵਿਚ ਕਮਲਾ ਹੈਰਿਸ ਦੀ ਮਾਤਾ ਅਤੇ ਪਿਤਾ ਵੀ ਦੋਵੇਂ ਹੀ ਕਾਲੇ ਲੋਕਾਂ ਦੇ ਹੱਕਾਂ ਲਈ ਜਦੋਜਹਿਦ ਕਰਦੇ ਰਹੇ ਹਨ। ਲਿਖਣ ਤੋਂ ਭਾਵ ਸਿਆਸਤ ਕਮਲਾ ਹੈਰਿਸ ਦੇ ਖ਼ੂਨ ÇÎਵਚ ਹੈ।
    ਪੀ ਵੀ ਗੋਪਾਲਨ ਤਾਮਿਲਨਾਡੂ ਦੇ ਕਾਵੇਰੀ ਨਦੀ ਤੇ ਕੰਢੇ ਤੇ ਵਸੇ ਪਿੰਡ ਤੁਲਾਸੈਂਦਰਾਪੁਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਅਗਾਂਹਵਧੂ ਵਿਚਾਰਧਾਰਾ ਵਾਲਾ ਅਤੇ ਪੜਿ੍ਹਆ ਲਿਖਿਆ ਪਰਿਵਾਰ ਸੀ। ਕਮਲਾ ਹੈਰਿਸ ਦਾ ਨਾਨਕਾ ਪਿੰਡ ਉਸਦੇ ਨਾਨਾ ਦੇ ਪਿੰਡ ਦੇ ਨਾਲ ਲਗਦਾ ਪਾਇੰਗਾਨਾਇਡੂ ਸੀ। ਉਨ੍ਹਾਂ ਦੇ ਨਾਨਾ ਨਾਨੀ ਦਿੱਲੀ ਵਿਚ ਆ ਕੇ ਵਸ ਗਏ ਸਨ। ਕਮਲਾ ਹੈਰਿਸ ਦੀ ਮਾਂ ਸ਼ਿਆਮਾਲਾ ਗੋਪਾਲਨ 1958 ਵਿਚ 19 ਸਾਲ ਦੀ ਉਮਰ ਵਿਚ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿਚ ਨਿਊਟਰੀਸ਼ਨ ਦੀ ਪੜ੍ਹਾਈ ਕਰਨ ਲਈ ਆਏ ਸਨ। ਉਨ੍ਹਾਂ ਦਿਨਾ ਵਿਚ ਕੋਈ ਟਾਵਾਂ ਟਾਵਾਂ ਭਾਰਤੀ ਹੀ ਅਮਰੀਕਾ ਪੜ੍ਹਨ ਲਈ ਆਉਂਦਾ ਸੀ। ਯੂਨੀਵਰਸਿਟੀ ਵਿਚ ਸਿਆਫਮ ਵਿਦਿਆਰਥੀ ਹਫਤੇ ਵਿਚ ਇਕ ਦਿਨ ਆਪਣੀਆਂ ਸਮੱਸਿਆਵਾਂ ਅਤੇ ਹੱਕਾਂ ਲਈ ਆਪਸ ਵਿਚ ਮਿਲਕੇ ਵਿਚਾਰ ਵਟਾਂਦਰਾ ਕਰਦੇ ਸਨ। ਡੌਨਾਲਡ ਜੇ ਹੈਰਿਸ ਜਮਾਇਕਾ ਤੋਂ ਪੜ੍ਹਨ ਲਈ ਆਇਆ ਹੋਇਆ ਸੀ। ਸ਼ਿਅਮਾਲਾ ਗੋਪਾਲਨ ਦੇ ਭਾਸ਼ਣ ਤੋਂ ਡੌਨਲਡ ਜੇ ਹੈਰਿਸ ਪ੍ਰਭਾਵਤ ਹੋ ਗਏ। ਉਸ ਤੋਂ ਬਾਅਦ ਉਨ੍ਹਾਂ ਦਾ ਪਿਆਰ ਵਿਆਹ ਪੜ੍ਹਾਈ ਦੌਰਾਨ ਹੀ ਹੋ ਗਿਆ। ਪੜ੍ਹਾਈ ਕਰਕੇ ਸ਼ਿਆਮਾਲਾ ਨੇ ਇਸਤਰੀਆਂ ਦੀ ਛਾਤੀ ਦੇ ਕੈਂਸਰ ਦੇ ਵਿਸ਼ੇ ‘ਤੇ  1964 ਵਿਚ ਪੀ ਐਚ ਡੀ ਕਰਕੇ ਸਾਇੰਟਿਸਟ ਬਣ ਗਏ। ਉਨ੍ਹਾਂ ਦੇ ਦੋ ਲੜਕੀਆਂ ਕਮਲਾ ਦੇਵੀ ਹੈਰਿਸ ਅਤੇ ਮਾਇਆ ਦੇਵੀ ਹੈਰਿਸ ਪੈਦਾ ਹੋਈਆਂ। ਸਿਆਮਲਾ ਗੋਪਾਲਨ ਹੈਰਿਸ ਦਾ ਪਤੀ ਸਟੈਂਡਫੋਰਡ ਯੂਨੀਵਰਸਿਟੀ ਵਿਚ ਪ੍ਰੋਫੈਸਰ ਲੱਗ ਗਿਆ ਪ੍ਰੰਤੂ ਸ਼ਿਆਮਲਾ ਉਥੇ ਜਾਣਾ ਨਹੀਂ ਚਾਹੁੰਦੇ ਸਨ। ਫਿਰ ਇਸੇ ਤਕਰਾਰਬਾਜ਼ੀ ਵਿਚ ਉਨ੍ਹਾਂ ਦਾ ਤਲਾਕ ਹੋ ਗਿਆ। ਜਿਵੇਂ ਅਮਰੀਕਾ ਵਰਗੇ ਦੇਸ ਵਿਚ ਹਰ ਮਰਦ ਤੇ ਇਸਤਰੀ ਨੂੰ ਆਪੋ ਆਪਣੀ ਜ਼ਿੰਦਗੀ ਜਿਓਣ ਦੀ ਆਜ਼ਾਦੀ ਹੈ, ਇਹ ਵਿਆਹ ਵੀ ਉਸੇ ਆਜ਼ਾਦੀ ਦੀ ਭੇਂਟ ਚੜ੍ਹ ਗਿਆ। ਸ਼ਿਆਮਾਲਾ ਦਾ ਆਪਣੇ ਪਤੀ ਡੌਨਾਲਡ ਜੇ ਹੈਰਿਸ ਨਾਲੋਂ ਤਲਾਕ ਉਦੋਂ ਹੋ ਗਿਆ ਜਦੋਂ ਕਮਲਾ ਅਜੇ 7 ਸਾਲ ਦੇ ਸਨ। ਅਮਰੀਕਾ ਵਰਗੇ ਦੇਸ਼ ਵਿਚ ਇਕੱਲੀ ਇਸਤਰੀ ਨੂੰ ਪਰਦੇਸ ਵਿਚ, ਜਿਥੇ ਉਨ੍ਹਾਂ ਨੂੰ ਕੋਈ ਬਹੁਤਾ ਜਾਣਦਾ ਵੀ ਨਾ ਹੋਵੇ, ਲਈ ਬੱਚਿਆਂ ਦੇ ਪਾਲਣ ਪੋਸ਼ਣ ਦੀ ਸਮੱਸਿਆ ਖੜ੍ਹੀ ਹੋ ਗਈ। ਸ਼ਿਆਮਾਲਾ ਨੇ ਸਖਤ ਮਿਹਨਤ ਕਰਕੇ ਦਲੇਰੀ ਨਾਲ ਆਪਣੀਆਂ ਦੋਵੇਂ ਲੜਕੀਆਂ ਦੀ ਪਾਲਣ ਪੋਸ਼ਣ ਕੀਤੀ ਅਤੇ ਪੜ੍ਹਾਇਆ। ਕਮਲਾ ਹੈਰਿਸ ਨੇ ਮਾਂ ਬਾਪ ਦੇ ਤਲਾਕ ਤੋਂ ਬਾਅਦ ਵੀ ਆਪਣੇ ਪਿਤਾ ਨਾਲ ਆਪਣੇ ਸੰਬੰਧ ਬਰਕਰਾਰ ਰੱਖੇ। ਕਮਲਾ ਹੈਰਿਸ ਆਪਣੇ ਨਾਨਾ ਤੋਂ ਬਹੁਤ ਪ੍ਰਭਾਵਤ ਸਨ, ਜਿਨ੍ਹਾਂ ਨੇ ਉਨ੍ਹਾਂ ਦੀ ਮਾਂ ਨੂੰ ਅਮਰੀਕਾ ਵਿਚ ਪੜ੍ਹਨ ਲਈ ਭੇਜਣ ਦਾ ਪ੍ਰਬੰਧ ਕੀਤਾ ਸੀ। ਇਸ ਲਈ ਉਹ ਬਚਪਨ ਤੋਂ ਹੀ ਆਪਣੇ ਨਾਨਾ ਦੇ ਪਦ ਚਿੰਨਾਂ ਤੇ ਚਲਣ ਦੀ ਇੱਛਾ ਰਖਦੀ ਸੀ। ਕਮਲਾ ਹੈਰਿਸ ਦੀ ਮਾਤਾ ਕਿਉਂਕਿ ਮਨੁੱਖੀ ਹੱਕਾਂ ਲਈ ਕੰਮ ਕਰਦੀ ਸੀ। ਇਸ ਲਈ ਬੱਚਿਆਂ ਤੇ ਪ੍ਰਭਾਵ ਪੈਣਾ ਕੁਦਰਤੀ ਸੀ। ਉਨ੍ਹਾਂ ਦੀ ਮਾਤਾ ਨੇ ਬੱਚਿਆਂ ਨੂੰ ਅਜਿਹੀ ਸਿਖਿਆ ਦਿੱਤੀ ਕਿ ਲੋਕਾਂ ਨੂੰ ਇਹ ਦੱਸਣਾ ਨਾ ਪਵੇ ਕਿ ਅਸੀਂ ਕੀ ਹਾਂ, ਸਗੋਂ ਉਨ੍ਹਾਂ ਦੀ ਕਾਬਲੀਅਤ ਹੀ ਲੋਕਾਂ ਨੂੰ ਦੱਸੇ ਕਿ ਉਹ ਕੀ ਹਨ ? ਕਮਲਾ ਹੈਰਿਸ ਦੀ ਮਾਂ ਆਪਣੀਆਂ ਬੱਚੀਆਂ ਨੂੰ ਸਿੱਖਿਆ ਦਿੰਦੀ ਰਹੀ ਕਿ ਹਰ ਨੌਕਰੀ ਭਾਵੇਂ ਛੋਟੀ ਜਾਂ ਵੱਡੀ ਹੋਵੇ, ਉਸਦੀ ਆਪਣੀ ਅਹਿਮੀਅਤ ਹੁੰਦੀ ਹੈ। ਇਸ ਲਈ ਜਿਹੜੀ ਵੀ ਨੌਕਰੀ ਹੋਵੇ, ਉਸਨੂੰ ਸੁਚੱਜੇ ਢੰਗ ਨਾਲ ਨਿਭਾਇਆ ਜਾਵੇ। ਕਮਲਾ ਹੈਰਿਸ ਨੇ ਆਪਣੀ ਮਾਂ ਨੂੰ ਵੀ ਪ੍ਰੇਰਨਾ ਸਰੋਤ ਬਣਾਇਆ ਅਤੇ ਉਨ੍ਹਾਂ ਦੇ ਪਦ ਚਿੰਨ੍ਹਾਂ ਤੇ ਚਲਣਾ ਸ਼ੁਰੂ ਕਰ ਦਿੱਤਾ। ਕਮਲਾ ਹੈਰਿਸ ਨੇ ਆਪਣੀ ਮਾਂ ਦੀ ਤਰ੍ਹਾਂ ਪੜ੍ਹਾਈ ਦੌਰਾਨ ਹੀ ਵਿਦਿਆਰਥੀ ਜਥੇਬੰਦੀ Îਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸਿਆਫਮ ਵਿਦਿਆਰਥੀਆਂ ਨੂੰ ਲਾਮਬੰਦ ਕੀਤਾ। ਕਮਲਾ ਹੈਰਿਸ ਦਾ ਵਿਆਹ ਵੀ ਉਨ੍ਹਾਂ ਦੀ ਮਾਤਾ ਦੀ ਤਰ੍ਹਾਂ ਬਹੁਤੀ ਦੇਰ ਨਾ ਚਲਿਆ । ਉਨ੍ਹਾਂ ਦੇ ਦੋ ਬੱਚੇ ਕੋਲ ਐਮਹੌਫ ਅਤੇ ਈਲਾ ਹਨ। ਫਿਰ ਉਨ੍ਹਾਂ 2014 ਵਿਚ ਦੁਬਾਰਾ ਡੌਗਲਸ ਐਮਹਾਫ ਨਾਲ ਵਿਆਹ ਕਰਵਾ ਲਿਆ।
  ਕਮਲਾ ਹੈਰਿਸ ਦਾ ਜਨਮ 20 ਅਕਤੂਬਰ 1964 ਕੈਲੇਫੋਰਨੀਆਂ ਦੇ ਓਕਲੈਂਡ ਵਿਚ ਹੋਇਆ।  ਉਨ੍ਹਾਂ ਨੇ ਹਾਈ ਸਕੂਲ ਤੱਕ ਦੀ ਪੜ੍ਹਾਈ ਸੇਂਟ ਵੈਸਟ ਮਾਊਂਟ ਹਾਈ ਸਕੂਲ ਵਿਚੋਂ 1981 ਵਿਚ ਮੁਕੰਮਲ ਕਰ ਲਈ। ਉਸਤੋਂ ਬਾਅਦ ਹਾਵਰਡ ਯੂਨੀਵਰਸਿਟੀ ਵਿਚੋਂ ਅੰਡਰ ਗ੍ਰੈਜੂਏਸ਼ਨ 1986 ਵਿਚ ਪਾਸ ਕੀਤੀ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਯੂਨੀਵਰਸਿਟੀ ਆਫ ਦਾ ਕੈਲੇਫੋਰਨੀਆਂ ਦੇ ਹਾਸਟਿੰਗ ਕਾਲਜ ਆਫ ਲਾਅ ਵਿਚ ਦਾਖਲਾ ਲੈ ਲਿਆ ਅਤੇ 1989 ਵਿਚ ਲਾਅ ਦੀ ਡਿਗਰੀ ਪ੍ਰਾਪਤ ਕੀਤੀ। ਉਹ ਯੂਨੀਵਰਸਿਟੀ ਵਿਚ ਬਲੈਕ ਲਾਅ ਸਟੂਡੈਂਟਸ ਐਸੋਸੀਏਸ਼ਨ ਦੀ ਪ੍ਰਧਾਨ ਵੀ ਰਹੇ ਹਨ। ਡੈਮੋਕਰੈਟਿਕ ਪਾਰਟੀ ਵਿਚ ਉਹ ਪਹਿਲਾਂ ਹੀ ਸਰਗਰਮੀ ਨਾਲ ਜੁੜੇ ਹੋਏ ਸਨ। 1990 ਵਿਚ ਕਮਲਾ ਹੈਰਿਸ ਕੈਲੇਫੋਰਨੀਆ ਦੀ ਬਾਰ ਦੀ ਮੈਂਬਰ ਬਣ ਗਈ। ਲਾਅ ਦੀ ਡਿਗਰੀ ਕਰਨ ਤੋਂ ਬਾਅਦ ਪਹਿਲਾਂ ਉਨ੍ਹਾਂ ਅਲਾਮਡਾ ਕਾਊਂਟੀ ਦੀ ਜਿਲ੍ਹਾ ਅਟਾਰਨੀ ਦੇ ਤੌਰ ਤੇ ਕੰਮ ਕੀਤਾ। 2003 ਵਿਚ ਸਨਫਰਾਂਸਿਸਕੋ ਦੇ ਜਿਲ੍ਹਾ ਅਟਾਰਨੀ ਬਣ ਗਏ ਜਿਥੇ ਦੋ ਟਰਮਾਂ ਕੰਮ ਕਰਦੇ ਰਹੇ।  ਏਥੇ ਕੰਮ ਕਰਦਿਆਂ ਉਨ੍ਹਾਂ ਨਸ਼ਿਆਂ ਨਾਲ ਸੰਬੰਧਤ ਗੁਨਾਹਗਾਰਾਂ ਨੂੰ ਹਾਈ ਸਕੂਲ ਡਿਪਲੋਮਾ ਕਰਨ ਦੀ ਇਜ਼ਾਜ਼ਤ ਦੇ ਕੇ ਆਪਣਾ ਗੁਜ਼ਾਰਾ ਆਪ ਕਰਨ ਦੇ ਯੋਗ
 ਬਣਨ ਦੇ ਮੌਕੇ ਦਿੱਤੇ। ਜਦੋਂ ਉਨ੍ਹਾਂ ਦਾ ਕਾਨੂੰਨ ਦੇ ਖੇਤਰ ਵਿਚ ਨਾਮ ਬਣ ਗਿਆ ਤਾਂ ਉਹ  2010 ਵਿਚ ਕੈਲੇਫੋਰਨੀਆਂ ਦੇ ਅਟਾਰਨੀ ਚੁਣੇ ਗਏ। ਦੁਬਾਰਾ 2014 ਵਿਚ ਉਹ ਫਿਰ ਕੈਲੇਫੋਰਨੀਆਂ ਦੇ ਅਟਾਰਨੀ ਚੁਣੇ ਗਏ। ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਇਸਤਰੀ ਉਹ ਵੀ ਸਿਆਫਮ ਉਪ ਰਾਸ਼ਟਰਪਤੀ ਬਣਨ ਵਾਲੀ ਕਮਲਾ ਹੈਰਿਸ ਹੈ।  ਕਮਲਾ ਹੈਰਿਸ 2016 ਵਿਚ ਪਹਿਲੀ ਵਾਰੀ ਕੈਲੇਫੋਰਨੀਆਂ ਤੋਂ ਸੈਨੇਟਰ ਚੁਣੀ ਗਈ ਸੀ। ਉਹ ਸੈਨਟ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਕਮੇਟੀਆਂ ਦੀ ਮੈਂਬਰ ਰਹੀ ਹੈ। ਸੈਨਟ ਦੀ ਮੈਂਬਰ ਬਣਨ ਵਾਲੀ ਉਹ ਦੂਜੀ ਸਿਆਫਮ ਇਸਤਰੀ ਹੈ। ਸੈਨਟ ਦੀ ਮੈਂਬਰ ਹੁੰਦਿਆਂ ਉਨ੍ਹਾਂ ਹੈਲਥ ਕੇਅਰ, ਸਿਟੀਜ਼ਨਸ਼ਿਪ, ਇਮੀਗਰੇਸ਼ਨ, ਟੈਕਸ ਰਿਫਾਰਮਜ਼ ਅਤੇ ਹਥਿਆਰਾਂ ਤੇ ਪਾਬੰਦੀ ਆਦਿ ਵਿਸ਼ਿਆਂ ਤੇ ਵਿਸ਼ੇਸ਼ ਤੌਰ ਤੇ ਕੰਮ ਕੀਤਾ। ਸੈਨਟ ਵਿਚ ਡੋਨਾਲਡ ਟਰੰਪ ਦੇ ਗ਼ਲਤ ਫੈਸਲਿਆਂ ਉਪਰ ਉਨ੍ਹਾਂ ਬਹਿਸ ਵਿਚ ਅਜਿਹੇ ਢੰਗ ਨਾਲ ਹਿੱਸਾ ਲਿਆ ਅਤੇ ਡੌਨਾਲਡ ਟਰੰਪ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ। ਖਾਸ ਤੌਰ ਤੇ ਜਦੋਂ ਟਰੰਪ ਪ੍ਰਬੰਧ ਨੇ ਸੁਪਰੀਮ ਕੋਰਟ ਦੇ ਇਕ ਅਜਿਹੇ ਵਿਅਕਤੀ ਨੂੰ ਜੱਜ ਨਿਯੁਕਤ ਕਰ ਦਿੱਤਾ, ਜਿਹੜਾ ਸੈਕਸ ਸਕੈਂਡਲ ਦਾ ਦੋਸ਼ੀ ਸੀ। ਜਿਸ ਤੋਂ ਬਾਅਦ ਕਮਲਾ ਹੈਰਿਸ ਸੁਰਖੀਆਂ ਵਿਚ ਆ ਗਈ। ਉਨ੍ਹਾਂ ਨੇ ਰਾਸ਼ਟਰਪਤੀ ਦੀ ਚੋਣ ਲੜਨ ਲਈ ਡੈਮੋਕਰੈਟਿਕ ਪਾਰਟੀ ਵਿਚ ਨਾਮਜ਼ਦਗੀ ਲਈ ਦਾਅਵਾ ਪੇਸ਼ ਕੀਤਾ ਸੀ ਪ੍ਰੰਤੂ ਪਾਰਟੀ ਦਾ ਬਹੁਮਤ ਜੋਅ ਬਾਇਡਨ ਨਾਲ ਹੋਣ ਦੇ ਹੰਦੇਸੇ ਕਰਕੇ ਉਨ੍ਹਾਂ ਪ੍ਰਾਇਮਰੀ ਵਿਚੋਂ ਹੀ ਆਪਣਾ ਨਾਮ ਵਾਪਸ ਲੈ ਲਿਆ। ਟਰੰਪ ਪ੍ਰਸ਼ਾਸਨ ਦੌਰਾਨ ਕਾਲੇ ਲੋਕਾਂ ਤੇ ਕੀਤੇ ਜਾਂਦੇ ਅਤਿਆਚਾਰਾਂ ਕਰਕੇ ਸਿਆਫਮ ਸਮੁਦਾਏ ਦੇਸ਼ ਵਿਚ ਮੁਜ਼ਾਹਰੇ ਕਰ ਰਹੇ ਸਨ। ਇਸ ਮੌਕੇ ਨੂੰ ਭਾਂਪਦਿਆਂ ਜੋਅ ਬਾਇਡਨ ਨੇ ਸਿਆਣਪ ਤੋਂ ਕੰਮ ਲੈਂਦਿਆਂ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਲਈ ਨਾਮਜ਼ਦ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਕਮਲਾ ਹੈਰਿਸ ਦੀ ਨਾਮਜ਼ਦਗੀ ਕਰਕੇ ਸਿਆਫਮ ਵੋਟਰ ਡੈਮੋਕਰੈਟ ਉਮੀਦਵਾਰ ਨੂੰ ਵੋਟਾਂ ਪਾਉਣਗੇ। । ਜੇਕਰ ਸਿਆਸੀ ਪੜਚੋਲਕਾਰਾਂ ਦੀ ਮੰਨੀਏਂ ਤਾਂ ਜੋਅ ਬਾਇਡਨ ਦੀ ਜਿੱਤ ਵਿਚ ਸਿਆਫਮ ਲੋਕਾਂ ਦਾ ਵੱਡਾ ਯੋਗਦਾਨ ਹੈ ਕਿਉਂਕਿ ਕਮਲਾ ਹੈਰਿਸ ਸਿਆਫਮ ਹੋਣ ਕਰਕੇ ਬਹੁਤੇ ਕਾਲੇ ਲੋਕਾਂ ਨੇ ਜੋਅ ਬਾਇਡਨ ਨੂੰ ਵੋਟਾਂ ਪਾ ਦਿੱਤੀਆਂ । 3 ਨਵੰਬਰ 2020  ਵਿਚ ਹੋਈਆਂ ਚੋਣਾਂ ਵਿਚ 18 ਭਾਰਤੀ ਮੂਲ ਦੇ ਅਮਰੀਕਨ ਸੈਨਟ ਅਤੇ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਹਨ, ਜਿਨ੍ਹਾਂ ਵਿਚ ਦੋ ਭਾਰਤੀ ਮੂਲ ਦੀਆਂ ਇਸਤਰੀਆਂ ਪ੍ਰੋਮਿਲਾ ਜੈਪਾਲ ਅਤੇ ਹੀਰਲ ਤਿ੍ਰਪਨਾਨ ਹਨ।  ਭਾਰਤੀਆਂ ਲਈ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੇ ਦੇਸ ਦੀ ਮੂਲ ਨਿਵਾਸੀ ਇਸਤਰੀ ਸੰਸਾਰ ਦੇ ਸਭ ਤੋਂ ਵੱਡੇ ਪਰਜਾਤੰਤਰਿਕ ਦੇਸ਼ ਅਮਰੀਕਾ ਦੀ ਉਪ ਰਾਸ਼ਟਰਪਤੀ ਚੁੱਣੀ ਗਈ  ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                                                    ਮੋਬਾਈਲ-94178 13072   
ujagarsingh48@yahoo.com