ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ ਦਾ ਸ਼ਹੀਦੀ ਜੋੜ ਮੇਲਾ) - ਜਸਵੀਰ ਸ਼ਰਮਾਂ ਦੱਦਾਹੂਰ

ਦੇਸੀ ਮਹੀਨੇ ਪੋਹ ਦੇ ਆਖਰੀ ਦਿਨ ਭਾਵ ਲੋਹੜੀ ਤੋਂ ਅਗਲੇ ਦਿਨ ਚੜ੍ਹਨ ਵਾਲੇ  ਮਾਘ ਮਹੀਨੇ ਦੀ ਸੰਗਰਾਂਦ ਨੂੰ ਲੱਗਣ ਵਾਲੇ ਪਵਿੱਤਰ ਸ਼ਹੀਦੀ ਜੋੜ ਮੇਲੇ ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਵਿੱਚ ਖਾਸ ਮਹੱਤਵ ਹੈ।ਇਹ ਇਤਿਹਾਸਕ ਮੇਲਾ ਸ੍ਰੀ ਗੁਰੂ ਗੋਬਿੰਦ ਸਿੰਘ ਨਾਲੋਂ ਤੋੜ ਵਿਛੋੜਾ ਕਰਕੇ ਆਏ ਓਹਨਾਂ ਚਾਲੀ ਸਿੰਘਾਂ ਦੀ ਦਾਸਤਾਨ ਦੀ ਯਾਦ ਦਿਵਾਉਂਦਾ ਹੈ  ਤੇ ਓਹਨਾਂ ਮਹਾਨ ਸੂਰਮਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਹੀ ਮਨਾਇਆ ਜਾਂਦਾ ਹੈ। ਜਿਨ੍ਹਾਂ ਨੇ ਆਪਣੀ ਭੁੱਲ ਬਖਸ਼ਾ ਕੇ ਇਥੇ ਖਿਦਰਾਣੇ ਦੀ ਢਾਬ ਤੇ ਹੋਈ ਆਖਰੀ ਫੈਸਲਾ ਕੁੰਨ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਤੇ ਜੋ ਬੇਦਾਵਾ ਲਿਖ ਕੇ ਦੇ ਆਏ ਸਨ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਓਹ ਬੇਦਾਵਾ ਪੜਵਾ ਕੇ ਆਪਣੀ ਟੁੱਟੀ ਗੰਢੀ ਸੀ।
      ਬੇਸ਼ੱਕ ਲੋਹੜੀ ਦੇ ਤਿਉਹਾਰ ਦਾ ਵੀ ਆਪਣਾ ਮਹੱਤਵ ਹੈ ਨਵੇਂ ਜਨਮੇਂ ਪੁੱਤਰਾਂ ਦੀ ਤੇ ਨਵੇਂ ਵਿਹਾਏ ਜੋੜਿਆਂ ਦੀ ਲੋਹੜੀ ਵੰਡਣੀ ਖੁਸ਼ੀਆਂ ਵਿੱਚ ਅਥਾਹ ਵਾਧਾ ਕਰਦੀ ਹੈ,ਪਰ ਇਸ ਤੋਂ ਅਗਲੇ ਦਿਨ ਓਨਾਂ ਚਾਲੀ ਯੋਧਿਆਂ ਦੀ ਯਾਦ ਨੂੰ ਸਮਰਪਿਤ ਇਹ ਸ਼ਹੀਦੀ ਜੋੜ ਮੇਲਾ ਭਾਵੇਂ ਪੰਦਰਾਂ ਦਿਨ ਪੂਰੇ ਜਾਹੋ ਜਲਾਲ ਤੇ ਰਹਿੰਦਾ ਹੈ,ਪਰ ਮਾਘੀ ਵਾਲੇ ਦਿਨ ਚਾਲੀ ਮੁਕਤਿਆਂ ਦੀ ਯਾਦ ਵਿੱਚ ਬਣੇ ਗੁਰਦੁਆਰਾ  ਟੁੱਟੀ ਗੰਢੀ ਸਾਹਿਬ ਵਿਖੇ ਨਹਾਉਣ ਦਾ ਜੋ ਮਹੱਤਵ ਹੈ ਓਹ ਓਹਨਾਂ ਸੂਰਮਿਆਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੈ।ਇਸ ਦਿਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਮੂਲੀਅਤ ਕਰਦੀਆਂ ਹਨ ਤੇ ਓਨਾਂ ਸੂਰਮਿਆਂ ਨੂੰ ਨਤਮਸਤਕ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬਾਨ ਤੋਂ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ।
      ਜਿਥੇ ਇਸ ਦਿਨ ਇਸ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਦੀ ਮਹਾਂਨਤਾ ਹੈ ਓਥੇ ਹੋਰ ਵੀ ਛੇ ਗੁਰਦੁਆਰਾ ਸਾਹਿਬ ਹਨ ਇਸ ਦਿਨ ਬਾਹਰੋਂ ਆਉਣ ਵਾਲੀਆਂ ਸੰਗਤਾਂ ਓਨਾਂ ਦੇ ਦਰਸ਼ਨ ਦੀਦਾਰੇ ਵੀ ਜ਼ਰੂਰ ਕਰਦੀਆਂ ਹਨ। ਇਨ੍ਹਾਂ ਗੁਰਦੁਆਰਾ ਸਾਹਿਬਾਨਾਂ ਵਿੱਚ ਮਾਤਾ ਭਾਗ ਕੌਰ, ਗੁਰਦੁਆਰਾ ਅੰਗੀਠਾ ਸਾਹਿਬ, ਗੁਰਦੁਆਰਾ ਤਰਨਤਾਰਨ ਸਾਹਿਬ, ਗੁਰਦੁਆਰਾ ਰਕਾਬ ਗੰਜ ਸਾਹਿਬ, ਗੁਰਦੁਆਰਾ ਦਾਤਨ ਸਰ ਸਾਹਿਬ, ਗੁਰਦੁਆਰਾ ਤੰਬੂ ਸਾਹਿਬ ਅਤੇ ਗੁਰਦੁਆਰਾ ਟਿੱਬੀ ਸਾਹਿਬ ਇਤਹਾਸਕ ਗੁਰਦੁਆਰਾ ਸਾਹਿਬਾਨ ਹਨ। ਜਿਨ੍ਹਾਂ ਨੂੰ ਸਤਿਗੁਰਾਂ ਦੇ ਚਰਨ ਛੋਹ ਪ੍ਰਾਪਤ ਹੈ।
      ਨਹਿੰਗ ਸਿੰਘਾਂ ਦਾ ਹੋਲਾ ਮਹੱਲਾ ਵੀ ਵਿਸ਼ੇਸ਼ ਖਿੱਚ ਦਾ ਕਾਰਨ ਰਹਿਦਾ ਹੈ। ਵੈਸੇ ਤਾਂ ਇਹ ਇਤਿਹਾਸਕ ਜੋੜ ਮੇਲਾ ਨਹਾਉਣ ਤੋਂ ਬਾਅਦ ਸ਼ਹੀਦਾਂ ਨੂੰ ਨਤਮਸਤਕ ਹੋ ਕੇ ਤੇ ਹੋਲਾ ਮਹੱਲਾ ਤੋਂ ਬਾਅਦ ਹੀ ਸਮਾਪਨ ਹੋ ਜਾਂਦਾ ਹੈ,ਪਰ ਉਸ ਤੋਂ ਬਾਅਦ ਵੀ ਇਹ ਪੰਦਰਾਂ ਦਿਨ ਪੂਰੇ ਜਾਹੋ ਜਲਾਲ ਤੇ ਰਹਿੰਦਾ ਹੈ ਕਿਉਂਕਿ ਇਥੇ ਝੂਲੇ ਸਰਕਸ ਤੇ ਹੋਰ ਵੀ ਮਨੋਰੰਜਨ ਦੇ ਬਹੁਤ ਸਾਧਨ ਆਉਂਦੇ ਹਨ ਤੇ ਘੱਟੋ ਘੱਟ ਪੰਦਰਾਂ ਦਿਨ ਪਹਿਲਾਂ ਹੀ ਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ ਚੋਂ ਦੁਕਾਨਦਾਰ ਆਪਣੀਆਂ ਦੁਕਾਨਾਂ ਸਜਾਉਣ ਲੱਗ ਪੈਂਦੇ ਹਨ। ਅਤੇ ਓਹਨਾ ਨੂ ਇਹ ਜਗਾ ਕਿਰਾਏ ਤੇ ਮਿਲਦੀ ਹੈ। ਇਸੇ ਤਰ੍ਹਾਂ ਮੇਲੇ ਦਾ ਠੇਕਾ ਵੀ ਹਰ ਵਾਰ ਬਹੁਤ ਮਹਿੰਗਾ ਚੜ੍ਹਦਾ ਹੈ ਪ੍ਰਸ਼ਾਸਨ ਇਸ ਤੋਂ ਕਾਫੀ ਮੋਟੀ ਕਮਾਈ ਕਰਦਾ ਹੈ।ਜੋ ਕਿ ਬਹੁਤ ਹੀ ਮਾੜਾ ਵਤੀਰਾ ਹੈ।ਇਸ ਵਾਰ ਇਹ ਮੇਲੇ ਦਾ ਠੇਕਾ ਇਕਾਹਠ ਲੱਖ ਵਿੱਚ ਚੜ੍ਹਿਆ ਹੈ।ਇਹ ਸਾਰਾ ਭਾਰ ਭੋਲੀ ਭਾਲੀ ਜਨਤਾ ਉੱਤੇ ਹੀ ਪੈਣਾ ਹੈ ਜੋ ਪਹਿਲਾਂ ਹੀ ਕਰੋਨਾ ਦੀ ਮਾਰ ਕਰੀਬ ਪਿਛਲੇ ਨੌਂ ਮਹੀਨੇ ਤੋਂ ਝੱਲ ਰਹੀ ਹੈ।ਇਸ ਮਾਘੀ ਦੇ ਮੇਲੇ ਤੇ ਹਰ ਵਾਰ ਹੀ ਸਿਆਸੀ ਪਾਰਟੀਆਂ ਵੀ ਆਪੋ-ਆਪਣੀਆਂ ਕਾਨਫਰੰਸਾਂ ਕਰਦੀਆਂ ਹਨ,ਪਰ ਇਸ ਵਾਰ ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਇਹ ਕਾਨਫਰੰਸਾਂ ਨਹੀਂ ਹੋਣਗੀਆਂ।
        ਕਿਸਾਨੀ ਸੰਘਰਸ਼ ਦੇ ਕਾਰਣ ਇਸ ਵਾਰ ਇਸ ਮੇਲੇ ਤੇ ਕੋਈ ਜ਼ਿਆਦਾ ਰੌਣਕ ਨਾ ਹੋਣ ਦੀ ਹੀ ਆਸ ਲਾਈ ਜਾ ਰਹੀ ਹੈ ਕਿਉਂਕਿ ਲੱਖਾਂ ਦੀ ਗਿਣਤੀ ਵਿੱਚ ਦਿੱਲੀ ਬਾਰਡਰਾਂ ਤੇ ਸਾਡੇ ਸੰਘਰਸ਼ੀ ਯੋਧਿਆਂ ਨੇ ਆਪਣੀਆਂ ਹੱਕੀ ਮੰਗਾਂ ਲਈ ਪੱਕੇ ਡੇਰੇ ਲਾਏ ਹੋਏ ਹਨ।ਇਹ ਸਤਰਾਂ ਲਿਖਣ ਤੱਕ ਸਰਕਾਰ ਵੀ ਟੱਸ ਤੋਂ ਮੱਸ ਨਹੀਂ ਹੋ ਰਹੀ ਤੇ ਨਾ ਹੀ ਯੋਧਿਆਂ ਨੇ ਪਿੱਛੇ ਹਟਣਾ ਹੈ, ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਇਹ ਸੰਘਰਸ਼ ਜਲਦੀ ਖਤਮ ਹੋਵੇ ਤੇ ਅੰਤਾਂ ਦੀ ਠੰਢ ਤੋਂ ਸਾਡੇ ਵੀਰ ਘਰੀਂ ਪਰਤਣ।
       ਲੱਖਾਂ ਸ਼ਰਧਾਲੂ ਆਉਂਣ ਕਰਕੇ ਹਰ ਸਾਲ ਮਾਘੀ ਮੇਲੇ ਦੇ ਇਸ ਪਵਿੱਤਰ ਤਿਉਹਾਰ ਤੇ ਹਜ਼ਾਰਾਂ ਦੇ ਹਿਸਾਬ ਨਾਲ ਭਾਂਤ ਭਾਂਤ ਤਰਾਂ ਦੇ ਪਕਵਾਨਾਂ ਦੇ ਲੰਗਰ ਲੱਗਦੇ ਹਨ।ਪਰ ਲੱਗਦੇ ਸਿਰਫ਼ ਦੋ ਜਾਂ ਤਿੰਨ ਦਿਨ ਹੀ ਹਨ ਕਿੰਨਾ ਚੰਗਾ ਹੋਵੇ ਜੇਕਰ ਇਹ ਲੰਗਰ ਪੰਦਰਾਂ ਵੀਹ ਦਿਨ ਹੀ ਲੱਗਣ ਕਿਉਂਕਿ ਸੈਂਕੜਿਆਂ ਦੀ ਤਾਦਾਦ ਵਿੱਚ ਲੋਕ ਹਰ ਰੋਜ਼ ਹੀ ਪਿੰਡਾਂ ਚੋਂ ਆਉਂਦੇ ਰਹਿੰਦੇ ਹਨ ਅਤੇ ਇੱਕ ਦਿਨ ਸਿਰਫ਼ ਔਰਤਾਂ ਦਾ ਮੇਲਾ ਵੀ ਲੱਗਦਾ ਹੈ।ਸਰਕਸ ਝੂਲੇ ਅਤੇ ਹੋਰ ਵੀ ਮਨੋਰੰਜਨ ਦੇ ਮਨ ਨੂੰ ਲੁਭਾਉਣ ਵਾਲੇ ਕਰਤਵ ਵਿਖਾਏ ਜਾਂਦੇ ਹਨ।
      ਬੇਸ਼ੱਕ ਇਸ ਮੇਲੇ ਤੇ ਹਰ ਵਾਰ ਪ੍ਰਸ਼ਾਸਨ ਤੇ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੀ ਬੇਨਤੀ ਤੇ ਸਪੈਸ਼ਲ ਟ੍ਰੇਨਾਂ ਵੀ ਚਲਾਈਆਂ ਜਾਂਦੀਆਂ ਹਨ ਪਰ ਇਸ ਵਾਰ ਕਿਉਂਕਿ ਕਿਸਾਨੀ ਸੰਘਰਸ਼ ਕਰਕੇ ਇਹ ਗੱਲ ਸਮੇਂ ਦੇ ਗਰਭ ਵਿੱਚ ਹੀ ਹੈ।ਉਂਝ ਠੇਕੇਦਾਰਾਂ ਵੱਲੋਂ ਲੋਕਾਂ ਨੂੰ ਲੁੱਟਣ ਦੀ ਹਰ ਵਾਰ ਹੀ ਚਰਚਾ ਹੁੰਦੀ ਹੈ ਤੇ ਇਸ ਵਾਰ ਵੀ ਇਹ ਸਿਲਸਲਾ ਜਿਉਂ ਦਾ ਤਿਉਂ ਹੀ ਹੋਵੇਗਾ ਕਿਉਂਕਿ ਓਨਾਂ ਨੇ ਠੇਕਾ ਭਰਿਆ ਹੈ ਤੇ ਇਸ ਤੋਂ ਵੱਧ ਹੀ ਚਾਰ ਛਿੱਲੜ ਬਣਾਉਣਗੇ।ਹਰ ਸਾਲ ਇਸ ਪਵਿੱਤਰ ਦਿਹਾੜੇ ਤੇ ਮੀਂਹ ਵੀ ਜ਼ਰੂਰੀ ਪੈਂਦਾ ਹੈ ਇਹ ਧਾਰਨਾ ਪਿਛਲੇ ਕਾਫੀ ਸਾਲਾਂ ਤੋਂ ਦਾਸ ਵੀ ਵੇਖ ਰਿਹਾ ਹੈ ਪਰ ਇਸ ਵਾਰ ਤਾਂ ਪਹਿਲਾਂ ਹੀ ਵਾਹਿਗੁਰੂ ਨੇ ਮੀਂਹ ਦਾ ਜਲਵਾ ਵਿਖਾ ਦਿੱਤਾ ਹੈ। ਬਾਹਰੋਂ ਆਉਣ ਵਾਲੇ ਦੁਕਾਨਦਾਰਾਂ ਲੲੀ ਇਹ ਠੰਢ ਦੇ ਦਿਨਾਂ ਵਿੱਚ ਬਹੁਤ ਔਖਾ ਹੋ ਜਾਂਦਾ ਹੈ।
      ਸ੍ਰੀ ਮੁਕਤਸਰ ਸਾਹਿਬ ਵਿਖੇ ਆਵਾਰਾ ਪਸ਼ੂਆਂ ਦੇ ਕਾਰਨ ਵੀ ਕੲੀ ਵਾਰ ਕਾਫ਼ੀ ਨੁਕਸਾਨ ਹੋ ਜਾਂਦਾ ਹੈ। ਬੇਸ਼ੱਕ ਪ੍ਰਸ਼ਾਸਨ ਮੇਲੇ ਦੇ ਸੁਖਾਵੇਂ ਪ੍ਰਬੰਧਾਂ ਲਈ ਬਹੁਤ ਦੇਰ ਪਹਿਲਾਂ ਤੋਂ ਹੀ ਅੱਡੀ ਚੋਟੀ ਦਾ ਜ਼ੋਰ ਲਗਾਉਣ ਲੱਗ ਜਾਂਦਾ ਹੈ ਟੁੱਟੀਆਂ ਸੜਕਾਂ ਤੇ ਪੱਚ ਵੀ ਲਾਏ ਜਾਂਦੇ ਹਨ,ਆਰਜੀ ਬੱਸ ਸਟੈਂਡ,ਆਰਜੀ ਲੈਟਰੀਨਾ ਵੀ ਬਣਾਈਆਂ ਜਾਂਦੀਆਂ ਹਨ ਕਿ ਇਸ ਪਵਿੱਤਰ ਸ਼ਹਿਰ ਦੀ ਪਵਿੱਤਰਤਾ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇ ਇਸ ਮੌਕੇ ਜਿਥੇ ਪ੍ਰਸ਼ਾਸਨ ਇਸ ਸਮੇਂ ਤੇ ਆਪਣੇ ਵੱਲੋਂ ਪੂਰਾ ਤਾਣ ਲਾਉਂਦਾ ਹੈ ਓਥੇ ਅਨੇਕਾਂ ਹੀ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਵੀ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਪਰ ਫਿਰ ਵੀ ਇਹ ਸਾਰੇ ਪ੍ਰਬੰਧ ਇਕੱਠ ਅੱਗ਼ੇ ਹਰ ਵਾਰ ਘੱਟ ਹੀ ਰਹਿ ਜਾਂਦੇ ਹਨ।ਕਰੀਬ ਸਾਰੇ ਹੀ ਪੰਜਾਬ ਚੋਂ ਉਚੇਚੇ ਤੌਰ ਤੇ ਪੁਲਿਸ ਬੁਲਾਈ ਜਾਂਦੀ ਹੈ ਕਿ ਮਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।ਇਹ ਸ਼ਹੀਦੀ ਜੋੜ ਮੇਲਾ ਦੁਨੀਆਂ ਦੇ ਇਤਿਹਾਸ ਵਿੱਚ ਆਪਣੀ ਵਿਲੱਖਣ ਪਛਾਣ ਰੱਖਦਾ ਹੈ।ਓਸ ਅਕਾਲਪੁਰਖ ਅੱਗੇ ਇਹੀ ਅਰਦਾਸ ਬੇਨਤੀ ਜੋਦੜੀ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਸ਼ਹੀਦੀ ਜੋੜ ਮੇਲਾ ਬਿਨਾਂ ਕਿਸੇ ਲੜਾਈ ਝਗੜੇ ਦੇ ਸਮਾਪਤ ਹੋ ਜਾਵੇ ਅਤੇ ਸਾਡੇ ਅਣਖੀ ਯੋਧੇ ਜੋ ਅੰਤਾਂ ਦੀ ਠੰਢ ਵਿੱਚ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਵਿਖੇ ਬੈਠੇ ਹਨ ਓਹ ਜੇਤੂ ਹੋ ਕੇ ਵਾਪਸ ਆਪਣੇ ਘਰੀਂ ਪਰਤਣ।


ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556