ਹੁਣ ਬੇਸੁਰੇ ਤਮਾਸ਼ੇ ਦਾ ਮੰਚਨ ਬੰਗਾਲ ਤੋਂ … - ਅਵਿਜੀਤ ਪਾਠਕ
ਕੀ ਸਾਡੀ ਸਿਆਸਤ ਵਿਚ ਫਿਲਮੀ ਡਰਾਮੇ ਤੋਂ ਇਲਾਵਾ ਕੁਝ ਵੀ ਨਹੀਂ ਬਚਿਆ ? ਦਰਅਸਲ, ਜਦੋਂ ਮੁੱਖ ਸਿਆਸੀ ਪਾਰਟੀਆਂ ਨੇ 2021 ਦੀਆਂ ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤਣ ਲਈ ਆਪੋ-ਆਪਣੀਆਂ ਰਣਨੀਤੀਆਂ ਵਿਉਂਤਣੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਇਸ ਦੇ ਨਾਲ ਹੀ ਇਸ ਡਰਾਮੇ ਦਾ ਮੰਚਨ ਸ਼ੁਰੂ ਹੋ ਗਿਆ। ਆਓ ਸਭ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਹੀ ਲੈਂਦੇ ਹਾਂ ਜਿਨ੍ਹਾਂ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਹ ਘਾਗ ਰਣਨੀਤੀਕਾਰ ਹਨ ਤੇ ਚੁਣਾਵੀ ਰਾਜਨੀਤੀ ਦਾ ਮਨੋਵਿਗਿਆਨ ਤੇ ਗਣਿਤ ਸਮਝਦੇ ਹਨ। ਹਰ ਥਾਂ ਮੀਡੀਆ ਦੀ ਭਰਮਾਰ ਤੇ ਚਕਾਚੌਂਧ ਵਾਲੀ ਅਜੋਕੀ ਦੁਨੀਆ ਵਿਚ ਸ਼ਾਇਦ ਸਚਾਈ ਅਤੇ ਆਡੰਬਰ ਵਿਚਕਾਰ ਫ਼ਰਕ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ। ਲਿਹਾਜਾ, ਅਮਿਤ ਸ਼ਾਹ ਜਦੋਂ ਵੀ ਬੰਗਾਲ ਦੌਰੇ ਤੇ ਜਾਂਦੇ ਹਨ ਤਾਂ ਮੀਡੀਆ ਵਾਰ ਵਾਰ ਅਜਿਹੀਆਂ ਝਲਕੀਆਂ ਪੇਸ਼ ਕਰਨ ਵਿਚ ਮਸ਼ਗੂਲ ਹੋ ਜਾਂਦਾ ਹੈ ਤਾਂ ਕਿ ਲੋਕ ਇਹ ਯਕੀਨ ਕਰਨ ਲੱਗ ਪੈਣ ਕਿ ਉਹ ਰਾਬਿੰਦਰਨਾਥ ਟੈਗੋਰ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ, ਬੰਗਾਲੀ ਫ਼ਕੀਰਾਂ ਦੇ ਰਹੱਸਵਾਦ ਤੋਂ ਬਿਨਾਂ ਉਨ੍ਹਾਂ ਨੂੰ ਕੁਝ ਨਹੀਂ ਸੁੱਝਦਾ ਅਤੇ ਜਿਵੇਂ ਸਵਾਮੀ ਵਿਵੇਕਾਨੰਦ ਦੇ ਉਪਦੇਸ਼ ਤਾਂ ਉਨ੍ਹਾਂ ਦੇ ਜੀਵਨ ਦਾ ਅੰਗ ਹੀ ਬਣ ਗਏ ਹਨ।
ਇਹੀ ਨਹੀਂ, ਅੱਜ ਕੱਲ੍ਹ ਨਰਿੰਦਰ ਮੋਦੀ ਨੂੰ ਸ੍ਰੀ ਅਰਬਿੰਦੋ ਦੇ ਕਥਨਾਂ ਦਾ ਸ਼ੁਦਾਅ ਚੜ੍ਹ ਗਿਆ ਹੈ ਅਤੇ ਉਹ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਬਹਾਦਰੀ ਦੇ ਸੋਹਲੇ ਗਾ ਕੇ ਬੰਗਾਲ ਦਾ ਗੁਆਚਿਆ ਮਾਣ ਬਹਾਲ ਕਰਨਾ ਚਾਹੁੰਦੇ ਹਨ। ਦੂਜੇ ਸ਼ਬਦਾਂ ਵਿਚ, ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ : ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਭਾਜਪਾ ‘ਬਾਹਰਲਿਆਂ’ ਦੀ ਪਾਰਟੀ ਹੈ ਅਤੇ ਉਹ ਨਹੀਂ ਜਾਣਦੀ ਕਿ ਬੰਗਾਲ ਕਿਸ ਨੂੰ ਚਾਹੁੰਦਾ ਹੈ : ਭਾਵੇਂ ਉਹ ਰਾਬਿੰਦਰ ਸੰਗੀਤ ਦੀ ਗੱਲ ਹੋਵੇ ਜਾਂ ਫਿਰ ਰਾਮਕ੍ਰਿਸ਼ਨ ਪਰਮਹੰਸ ਦੇ ਦਕਸ਼ਿਨੇਸ਼ਵਰ ਕਾਲੀ ਮੰਦਰ ਦੀ। ਟੈਗੋਰ ਅਤੇ ਵਿਵੇਕਾਨੰਦ ਦੀ ਮਦਦ ਨਾਲ ਮਾਰਖੋਰੇ ਰਾਸ਼ਟਰਵਾਦੀ ਤੋਂ ਨਾਜ਼ੁਕ ਤੇ ਰੂਹਾਨੀ ਤੌਰ ਤੇ ਸੰਵੇਦਨਸ਼ੀਲ ਰੂਹਾਂ ਵਿਚ ਤਬਦੀਲ ਹੋਣ ਦੇ ਇਸ ਸਮੁੱਚੇ ਨਾਟਕ ਰਾਹੀਂ ਬੰਗਾਲੀ ਦਰਸ਼ਕਾਂ ਨੂੰ ਭਰਮਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਸਭ ਕਾਹਦੇ ਲਈ ਕੀਤਾ ਜਾ ਰਿਹਾ ਹੈ ? ਇਸ ਸਵਾਲ ਦਾ ਸਾਰਥਕ ਜਵਾਬ ਦੇਣ ਲਈ ਬੰਗਾਲੀ ਭੱਦਰਲੋਕ (ਮੁੱਖ ਤੌਰ ਤੇ ਉਚ ਸ਼੍ਰੇਣੀ ਹਿੰਦੂ) ਦੀ ਚੇਤਨਾ ਨੂੰ ਸਮਝਣਾ ਪਵੇਗਾ। ਸ਼ਾਇਦ ਇਹ ਕਹਿਣਾ ਪੂਰੀ ਤਰ੍ਹਾਂ ਗ਼ਲਤ ਨਹੀਂ ਹੋਵੇਗਾ ਕਿ ਇਹ ਚੇਤਨਾ ਅਜੇ ਤੱਕ ਆਪਣੇ ਆਪ ਨੂੰ 19ਵੀਂ ਅਤੇ 20ਵੀਂ ਸਦੀ ਦੀ ਉਸ ਗੁਆਚੀ ਹੋਈ ਸਾਖ ਤੋਂ ਮੁਕਤ ਨਹੀਂ ਕਰ ਸਕੀ ਜਦੋਂ ਬੰਗਾਲ ਸੱਭਿਆਚਾਰ, ਧਰਮ ਤੇ ਰਾਜਨੀਤੀ ਦੇ ਖੇਤਰਾਂ ਵਿਚ ਪੁਨਰਜਾਗਰਨ ਦੀਆਂ ਹਸਤੀਆਂ (ਰਾਜਾ ਰਾਮਮੋਹਨ ਰਾਓ ਤੋਂ ਈਸ਼ਵਰ ਚੰਦਰ ਵਿਦਿਆਸਾਗਰ ਤੱਕ ਜਾਂ ਬੰਕਿਮ ਚੰਦਰ ਚੈਟਰਜੀ ਤੋਂ ਲੈ ਕੇ ਜਗਦੀਸ਼ ਚੰਦਰ ਬੋਸ ਤੱਕ) ਆਪਣੇ ਨਕਸ਼ ਤਲਾਸ਼ਦਾ ਸੀ। ਹਾਲੀਆ ਸਮਿਆਂ, ਖਾਸ ਕਰ ਵੰਡ ਦੀ ਤਰਾਸਦੀ ਤੋਂ ਬਾਅਦ ਵੱਡੀ ਤਾਦਾਦ ਵਿਚ ਸ਼ਰਨਾਰਥੀਆਂ ਦੀ ਆਮਦ, ਲਗਾਤਾਰ ਬਣੀਆਂ ਆਰਥਿਕ ਦਿੱਕਤਾਂ ਅਤੇ ਸਮਾਜਿਕ-ਸੱਭਿਆਚਾਰਕ ਉਥਲ ਪੁਥਲ ਕਾਰਨ ਹਰ ਖੇਤਰ- ਭਾਵੇਂ ਸਿੱਖਿਆ ਹੋਵੇ ਜਾਂ ਸਮਾਜਿਕ-ਆਰਥਿਕ, ਦੇ ਵਿਕਾਸ ਵਿਚ ਬੰਗਾਲ ਦਾ ਪਤਨ ਹੋਇਆ ਹੈ ਤੇ ਬੱਸ ਹੁਣ ਅਤੀਤ ਦਾ ਉਦਰੇਵਾਂ ਬਾਕੀ ਰਹਿ ਗਿਆ ਹੈ, ਤੇ ਆਜ਼ਾਦੀ ਤੋਂ ਬਾਅਦ ਦੇ ਭਾਰਤ ਵਿਚ ਇਸ ਨਵੀਂ ਹਕੀਕਤ ਨਾਲ ਅੱਖਾਂ ਮਿਲਾਉਣ ਤੋਂ ਟਾਲਮਟੋਲ ਕਰਨ ਦੇ ਤਿੰਨ ਸਿੱਟੇ ਸਾਹਮਣੇ ਆਏ ਹਨ।
ਪਹਿਲਾ, ਅਸੀਂ ਇਕ ਕਿਸਮ ਦਾ ਨਿਘਾਰ ਦੇਖ ਰਹੇ ਹਾਂ : ਆਪਣੇ ਖਾਸ ਪਛਾਣ ਵਾਲੇ ਮਿਥਿਹਾਸਕ ਸੱਭਿਆਚਾਰਕ ਗੌਰਵ ਨਾਲ ਚਿੰਬੜੇ ਰਹਿਣ ਦੀ ਬਿਰਤੀ ਬਣੀ ਹੋਈ ਹੈ। ਲਿਹਾਜ਼ਾ, ਭੱਦਰਲੋਕ ਮਾਨਸਿਕਤਾ ਦੀ ਥਾਹ ਰੱਖਣ ਵਾਲਾ ਕੋਈ ਸਮੀਖਿਅਕ ਇਹ ਆਖੇਗਾ ਕਿ ਗ਼ੈਰ ਬੰਗਾਲੀਆਂ ਨੂੰ ਦੂਜੈਲੀ ਅੱਖ ਨਾਲ ਦੇਖਣ ਦਾ ਸਿਲਸਿਲਾ ਕੋਈ ਅਪਵਾਦ ਨਹੀਂ ਹੈ। ਮਸਲਨ, ਉਨ੍ਹਾਂ ਦੀ ਧਾਰਨਾ ਹੈ ਕਿ ਮਾਰਵਾੜੀ ਅਤੇ ਬਿਹਾਰੀ ਸਤਿਆਜੀਤ ਰੇਅ ਜਾਂ ਮ੍ਰਿਣਾਲ ਸੇਨ ਦੀਆਂ ਫਿਲਮਾਂ ਨਹੀਂ ਸਮਝ ਸਕਦੇ, ਇਸ ਤਰ੍ਹਾਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਗੁਜਰਾਤੀਆਂ ਨੂੰ ਸਿਰਫ਼ ਵਪਾਰ ਸਮਝ ਆਉਂਦਾ ਹੈ ਤੇ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਰਾਬਿੰਦਰਨਾਥ ਟੈਗੋਰ ਜਾਂ ਫਿਰ ਅਮ੍ਰਿਤਆ ਸੇਨ ਹੋਣ ਦਾ ਕੀ ਮਾਇਨਾ ਹੈ। ਦੂਜਾ, ਸਮਾਂ ਬੀਤਣ ਦੇ ਨਾਲ ਇਹ ਜਾਪਦਾ ਹੈ ਕਿ ਇਨ੍ਹਾਂ ਬੰਗਾਲੀ ਮਹਾਂ ਮਾਨਵਾਂ ਨਾਲ ਸਾਂਝ ਵੀ ਮੰਤਰ ਜਾਪ ਜਾਂ ਮੰਗਲਾਚਰਨ ਦੀ ਰਸਮ ਮਾਤਰ ਬਣ ਕੇ ਰਹਿ ਗਈ ਹੈ। ਤੀਜਾ, ਸਿਆਸੀ ਜਮਾਤ ਨੇ ਹਮੇਸ਼ਾ ਇਨ੍ਹਾਂ ਮਹਾਂ ਪੁਰਸ਼ਾਂ ਨੂੰ ਆਪਣੇ ਮਕਸਦਾਂ ਲਈ ਵਰਤਣ ਅਤੇ ਇਨ੍ਹਾਂ ਵਡੇਰੇ ਪ੍ਰਤੀਕਾਂ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਿਸਾਲ ਦੇ ਤੌਰ ਤੇ ਇਕ ਆਮ ਬੰਗਾਲੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਵੇਗਾ ਕਿ ਨੇਤਾਜੀ ਅਸਲ ਨਾਇਕ ਸਨ ਅਤੇ ਮਹਾਤਮਾ ਗਾਂਧੀ ਤੇ ਨਹਿਰੂ ਵਰਗੇ ਆਗੂਆਂ ਨੇ ਉਨ੍ਹਾਂ ਨਾਲ ਵਿਸਾਹਘਾਤ ਕੀਤਾ ਸੀ। ਇਸੇ ਤਰ੍ਹਾਂ, ਖੱਬੇਪੱਖੀ ਵੀ ਟੈਗੋਰ ਦੇ ਕਥਨਾਂ ਦਾ ਗਿਣ ਮਿੱਥ ਕੇ ਇਸਤੇਮਾਲ ਕਰਦੇ ਹਨ ਅਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਇਕ ਲੇਖੇ ਤੋਂ ਮਾਰਕਸਵਾਦੀ ਹੀ ਸਨ। ਦਰਅਸਲ, ਮੱਧਮਾਰਗੀ ਹੋਣ ਜਾਂ ਸੱਜੇਪੱਖੀ ਜਾਂ ਫਿਰ ਖੱਬੇਪੱਖੀ, ਸ਼ਾਇਦ ਹੀ ਕੋਈ ਅਜਿਹਾ ਸਿਆਸੀ ਗਰੁਪ ਹੋਵੇਗਾ ਜਿਸ ਨੇ ਟੈਗੋਰ, ਵਿਵੇਕਾਨੰਦ, ਕਾਜ਼ੀ ਨਜ਼ਰੁਲ ਇਸਲਾਮ ਅਤੇ ਸੁਭਾਸ਼ ਚੰਦਰ ਬੋਸ ਤੇ ਆਪੋ ਆਪਣਾ ਹੱਕ ਜਤਾਉਣ ਦੀ ਕੋਸ਼ਿਸ਼ ਨਾ ਕੀਤੀ ਹੋਵੇ।
ਆਪਣੇ ਜੇਤੂ ਏਜੰਡਾ ਲੈ ਕੇ ਭਾਜਪਾ ਵੀ ਇਸ ਪੱਖੋਂ ਪਿੱਛੇ ਨਹੀਂ ਰਹਿਣਾ ਚਾਹੁੰਦੀ। ਭਾਜਪਾ ਜਾਣਦੀ ਹੈ ਕਿ ਇਸ ਨੂੰ ਆਪਣੀ ‘ਉੱਤਰ ਭਾਰਤੀਆਂ ਦੀ ਪਾਰਟੀ’ ਵਾਲੀ ਦਿੱਖ ਬਦਲਣੀ ਪਵੇਗੀ ਅਤੇ ਸਾਰੇ ਬੰਗਾਲੀ ਮਹਾਂ ਮਾਨਵਾਂ ਅਤੇ ਪ੍ਰਤੀਕਾਂ ਨਾਲ ਸਾਂਝ ਦਿਖਾਉਣੀ ਪਵੇਗੀ, ਇੰਜ ਸਿਆਸੀ ਕੁੱਕੜਖੋਹ ਦੀ ਖੇਡ ਖੇਡਣੀ ਪਵੇਗੀ। ਇਸ ਲਈ, ਜਿਵੇਂ ਇਸ ਨੇ ਸੋਚਿਆ ਹੈ, ਵਿਵੇਕਾਨੰਦ ਅਤੇ ਟੈਗੋਰ ਦਾ ਵਾਰ-ਵਾਰ ਨਾਂ ਜਪਣਾ ਪਵੇਗਾ ਤਾਂ ਕਿ ਬੰਗਾਲ ਸਭਿਆਚਾਰ ’ਤੇ ਮਮਤਾ ਬੈਨਰਜੀ ਜਾਂ ਭੱਦਰਲੋਕ ਮਾਰਕਸਵਾਦੀਆਂ ਦੀ ਸਰਦਾਰੀ ਨੂੰ ਸੰਨ੍ਹ ਲਾਈ ਜਾ ਸਕੇ। ਸਿਆਸੀ ਕੁੱਕੜਖੋਹ ਦਾ ਇਹ ਨਾਟਕੀ ਮੰਚਨ ਹੁਣ ਆਮ ਵਰਤਾਰਾ ਬਣ ਰਿਹਾ ਹੈ ਪਰ ਇਸ ਨਾਲ ਸਾਡੀਆਂ ਨੈਤਿਕ ਅਤੇ ਸਿਆਸੀ ਸੰਵੇਦਨਾਵਾਂ ਕੁੰਦ ਹੋ ਰਹੀਆਂ ਹਨ। ਸਵਾਮੀ ਵਿਵੇਕਾਨੰਦ ਦੇ ਸ਼ਿਕਾਗੋ ਵਿਚ ਸੰਸਾਰ ਧਰਮ ਸਭਾ ਵਿਚ ਦਿੱਤੇ ਯਾਦਗਾਰੀ ਭਾਸ਼ਣ ਦੀ ਕਲਪਨਾ ਕਰੋ ਕਿ ਅੱਡੋ ਅੱਡਰੇ ਪੰਥਾਂ ਅਤੇ ਰਵਾਇਤਾਂ ਵਿਚ ਉਪਨਿਸ਼ਦਾਂ ਦੇ ਏਕਤਾ ਦੇ ਸੰਦੇਸ਼ ਨੂੰ ਕਿਵੇਂ ਸਲਾਹਿਆ ਗਿਆ ਸੀ, ਜਾਂ ‘ਵਿਹਾਰਕ ਵੇਦਾਂਤ’ ਨੂੰ ਰੈਡੀਕਲ ਧਰਮ ਵਿਚ ਤਬਦੀਲ ਕਰਨ ਦੀ ਉਨ੍ਹਾਂ ਦੀ ਤੜਫ ਕਿਵੇਂ ਝਲਕਦੀ ਹੈ ਤਾਂ ਕਿ ਮਾਨਵੀ/ਸਮਤਾਵਾਦੀ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਕੀ ਭਾਜਪਾ ਇਹ ਜਾਣਦੀ ਹੈ ਕਿ ਇਹ ਰੈਡੀਕਲ ਭਿਖਸ਼ੂ ਉਸ ਦੇ ਕੱਟੜ ਹਿੰਦੂਤਵ ਦੀ ਧਾਰਨਾ ਵਿਚ ਫਿੱਟ ਨਹੀਂ ਬੈਠ ਸਕਦਾ ? ਜਾਂ ਫਿਰ ਟੈਗੋਰ ਨੂੰ ਲੈ ਲਓ ਜਿਨ੍ਹਾਂ ਸਵੈ-ਕੇਂਦਰਤ ਰਾਸ਼ਟਰਵਾਦ ਅਤੇ ਇਸ ਨਾਲ ਜੁੜੀ ਹੋਈ ਹਿੰਸਾ ਦੇ ਮਨੋਵਿਗਿਆਨ ਦੀ ਆਲੋਚਨਾ ਕੀਤੀ ਹੈ ਅਤੇ ਆਪਣੀ ਕਾਵਿਕ ਸਰਬਵਿਆਪਕਤਾ ਨੂੰ ਸੱਚਾ ਧਰਮ ਕਰਾਰ ਦਿੱਤਾ ਹੈ। ਕੀ ਸ਼ਾਹ ਜਾਂ ਮੋਦੀ ਗੁਰੂਦੇਵ ਦੀ ‘ਗੀਤਾਂਜਲੀ’ ਅਤੇ ਸ਼ਾਹਕਾਰ ਨਾਵਲ ‘ਗੋਰਾ’ ਨੂੰ ਸੱਚੇ ਮਨੋਂ ਪੜ੍ਹ ਕੇ ਆਪਣੇ ਅੰਦਰ ਝਾਤ ਮਾਰ ਸਕਣਗੇ ਅਤੇ ਆਪਣੀ ਰਾਜਨੀਤੀ ਬਾਰੇ ਮੁੜ ਵਿਚਾਰ ਕਰ ਸਕਣਗੇ? ਜਾਂ ਫਿਰ ਇਹ ਮਹਿਜ਼ ਕਿਸੇ ਦੇ ਫਿਲਮ ਦਾ ਕਿਰਦਾਰ ਨਿਭਾਉਣ ਵਰਗੀ ਗੱਲ ਬਣ ਕੇ ਰਹਿ ਜਾਵੇਗੀ?
ਬਹਰਹਾਲ, ਸਵਾਲਾਂ ਦਾ ਸਵਾਲ ਇਹ ਹੈ : ਕੀ ਤੁਸੀਂ ਤੇ ਮੈਂ ਆਪਣੀ ਤਨਕੀਦੀ ਸਲਾਹੀਅਤ ਨੂੰ ਨਵਿਆ ਕੇ ਇਨ੍ਹਾਂ ‘ਸਮਾਰਟ ਅਦਾਕਾਰਾਂ’ ਨੂੰ ਇਹ ਸੰਦੇਸ਼ ਦੇਵਾਂਗੇ ਕਿ ਉਨ੍ਹਾਂ ਦਾ ਇਹ ਬੇਸੁਰਾ ਡਰਾਮਾ ਸਾਨੂੰ ਨਹੀਂ ਮੋਹ ਸਕੇਗਾ।
* ਲੇਖਕ ਸਮਾਜ ਸ਼ਾਸਤਰੀ ਹੈ।