ਜਮਹੂਰੀਅਤ ’ਚ ਸੰਵਾਦ ਨਾਲ ਹੀ ਸੁਲਝਦੇ ਨੇ ਵਿਵਾਦ - ਅਵਿਜੀਤ ਪਾਠਕ
ਜਿਵੇਂ ਆਖਿਆ ਜਾਂਦਾ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਨਦਾਰ ਬੁਲਾਰੇ, ਭਾਸ਼ਣ ਕਰਤਾ ਹਨ। ਪਿਛਲੇ ਦਿਨੀਂ ਨਵੇਂ ਸੰਸਦ ਭਵਨ ਦੀ ਇਮਾਰਤ ਦਾ ਨੀਂਹ ਪੱਥਰ ਰੱਖਦਿਆਂ ਉਨ੍ਹਾਂ ਆਪਣੇ ਖ਼ਾਸ ਅੰਦਾਜ਼ ਵਿਚ ਗੁਰੂ ਨਾਨਕ ਦੇਵ ਜੀ ਦਾ ਨਾਂ ਲੈਂਦਿਆਂ ਉਨ੍ਹਾਂ ਦੇ ਇਕ ਸਲੋਕ “ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛ ਕਹੀਐ॥” ਭਾਵ ‘ਜਦੋਂ ਤੱਕ ਸੰਸਾਰ ਰਹੇ, ਤਦ ਤੱਕ ਸੰਵਾਦ ਰਹੇ’ ਦੇ ਹਵਾਲੇ ਨਾਲ ਸਾਨੂੰ ਸਾਡੇ ਮਹਾਨ ਗੁਰੂ ਜੀ ਦਾ ਸੁਨੇਹਾ ਚੇਤੇ ਕਰਾਇਆ ਅਤੇ ‘ਲੋਕਤੰਤਰ ਦੀ ਆਤਮਾ’ ਨੂੰ ਬਚਾਉਣ ਲਈ ਆਪਸੀ ਸੰਵਾਦ, ਵਿਚਾਰ-ਵਟਾਂਦਰੇ, ਗੱਲਬਾਤ ਦੀ ਲੋੜ ਉਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਦੀ ਗੱਲ ਠੀਕ ਹੈ ਕਿਉਂਕਿ ਜਮਹੂਰੀਅਤ ਦਾ ਮਤਲਬ ਵਿਚਾਰ-ਵਟਾਂਦਰੇ ਅਤੇ ਗੱਲਬਾਤ ਦਾ ਲਗਾਤਾਰ ਚੱਲਣ ਵਾਲਾ ਅਮਲ ਹੁੰਦਾ ਹੈ। ਉੱਤੋਂ ਇਹ ਤਾਂ ਹੋਰ ਵੀ ਵਧੀਆ ਹੋਵੇਗਾ, ਜੇ ਨਰਿੰਦਰ ਮੋਦੀ ਅਜਿਹੀ ਹਾਲਤ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਹੜੀ ਹਾਕਮ ਧਿਰ ਨੂੰ ਆਪਣੇ ਕਾਫ਼ਕਾਈ ਕਿਲ੍ਹੇ (Kafkaesque Castle- ਨਾਵਲਕਾਰ ਕਾਫਕਾ ਦੇ ਨਾਵਲ ‘ਦਿ ਕੈਸਲ’ ਦਾ ਹਵਾਲਾ--- ਇਹ ਉਸ ਕਿਲ੍ਹੇ ਦਾ ਚਿਤਰਨ ਹੈ ਜਿੱਥੋਂ ਹਾਕਮ ਜਮਾਤ ਆਪਣਾ ਜ਼ਾਬਤਾ ਲਾਗੂ ਕਰਦੀ ਹੈ) ਵਿਚੋਂ ਬਾਹਰ ਨਿਕਲਣ ਲਈ ਉਤਸ਼ਾਹਿਤ ਕਰਦੀ ਹੋਵੇ, ਤਾਂ ਕਿ ਉਹ ਉਨ੍ਹਾਂ ਦੀ ਗੱਲ ਸੁਣੇ ਜਿਹੜੇ ਵੱਖੋ-ਵੱਖ ਕਾਰਨਾਂ ਕਰ ਕੇ ਸਰਕਾਰ ਤੋਂ ਖ਼ੁਸ਼ ਨਹੀਂ ਹਨ। ਇਸ ਦੇ ਬਾਵਜੂਦ, ਮੌਜੂਦਾ ਸਮਾਜਿਕ-ਸਿਆਸੀ ਹਾਲਾਤ ਨੂੰ ਦੇਖਦਿਆਂ ਇਸ ਪ੍ਰੇਸ਼ਾਨਕੁਨ ਸਵਾਲ ਤੋਂ ਬਚਣਾ ਮੁਸ਼ਕਿਲ ਹੈ। ਕੀ ਨਰਿੰਦਰ ਮੋਦੀ ਜੋ ਆਖ ਰਹੇ ਹਨ, ਸੱਚਮੁਚ ਉਹੋ ਚਾਹੁੰਦੇ ਹਨ? ਜਾਂ ਫਿਰ ਇਹ ਮਹਿਜ਼ ਖੋਖਲੀ ਬਿਆਨਬਾਜ਼ੀ ਹੈ ਅਤੇ ਜੋ ਬਾਕੀ ਬਚਦਾ ਹੈ, ਉਹ ਹੈ ਮਹਾਨ ਸੰਕਲਪਾਂ ਤੇ ਪ੍ਰਤੀਕਾਂ ਦੇ ਵਿਖਿਆਨ (ਤੇ ਝੂਠ ਬੋਲਣ) ਦੀ ਖੇਡ। ਉਨ੍ਹਾਂ ਸੰਵਾਦ ਉੱਤੇ ਜ਼ੋਰ ਦਿੱਤਾ ਹੈ। ਇਸ ਦੇ ਬਾਵਜੂਦ ਕਿਸਾਨਾਂ ਨਾਲ ਕੋਈ ਸਿੱਧਾ ਰਾਬਤਾ ਕਾਇਮ ਕਰਨ ਅਤੇ ਉਨ੍ਹਾਂ ਦੇ ਰੋਹ ਪ੍ਰਤੀ ਕੋਈ ਹੁੰਗਾਰਾ ਭਰੇ ਬਿਨਾਂ ਹੀ ਉਹ ਅਜੇ ਵੀ ਆਪਣਾ ਪੁਰਾਣਾ ਰਾਗ ਅਲਾਪਦੇ ਰਹਿ ਸਕਦੇ ਹਨ, (ਉਨ੍ਹਾਂ ਦੇ ‘ਫਿੱਕੀ’ ਵਾਲੇ ਸਮਾਗਮ ਵਿਚ ਦਿੱਤੇ ਹਾਲੀਆ ਭਾਸ਼ਣ ਨੂੰ ਚੇਤੇ ਕਰੋ) ਕਿ ‘ਨਵੇਂ ਸੁਧਾਰ ਉਨ੍ਹਾਂ ਨੂੰ ਨਵੇਂ ਬਾਜ਼ਾਰ ਦੇਣਗੇ, ਤਕਨਾਲੋਜੀ ਤੱਕ ਪਹੁੰਚ ਦੇਣਗੇ ਅਤੇ ਖੇਤੀਬਾੜੀ ਵਿਚ ਨਿਵੇਸ਼ ਲਿਆਉਣ ਵਿਚ ਮਦਦਗਾਰ ਹੋਣਗੇ।’ ਇਹ ਮਹਿਜ਼ ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਅਤੇ ਉਹ ਸਾਰੇ ਤਾਂ ਬੱਸ ਮੂਰਖ ਹਨ।
ਅਸੀਂ ਇਸ ਸਰਕਾਰ ਦੇ ਕੰਮ-ਢੰਗ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇਹ ਸਰਕਾਰ ਕਿਸੇ ਵੀ ਤਰੀਕੇ ਨਾਲ ਸੰਵਾਦ ਰਚਾਉਣ ਵਾਲੀ ਨਹੀਂ ਹੈ। ਇਸ ਦੇ ਤਿੰਨ ਕਾਰਨ ਹਨ। ਪਹਿਲਾ, ਇਸ ਵੱਲੋਂ ਸਾਂਝੇ ਕਾਰਜ-ਵਿਹਾਰ ਵਾਲੀ ਜਮਹੂਰੀਅਤ ਦੀ ਭਾਵਨਾ ਨੂੰ ਖ਼ਤਮ ਕਰ ਕੇ ਉਸ ਦੀ ਥਾਂ ਹੰਕਾਰ ਤੇ ਸਵੈ-ਪ੍ਰਸੰਸਾ ਦਾ ਅਜਿਹਾ ਸੱਭਿਆਚਾਰ ਵਿਕਸਤ ਕੀਤਾ ਗਿਆ ਹੈ, ਜਿਹੜਾ ਮਹਿਜ਼ ਇਕ ਸਿਖਰਲੇ ਆਗੂ ਨੂੰ ਮਸੀਹਾ ਵਜੋਂ ਪੇਸ਼ ਕਰਦਾ ਹੈ। ਅਜਿਹਾ ਮਸੀਹਾ ਜਿਹੜਾ ਜੋ ਕੁਝ ਵੀ ਉਚਾਰਦਾ ਹੈ, ਉਹ ਸੱਚ ਹੁੰਦਾ ਹੈ। ਫਿਰ ਇਸ ਪ੍ਰਮੁੱਖ ਬਿਰਤਾਂਤ ਨੂੰ ਅੰਧ-ਰਾਸ਼ਟਰਵਾਦ, ਤਕਨੀਕੀ-ਆਰਥਿਕ ਵਿਕਾਸ ਅਤੇ ‘ਹਿੰਦੂ ਗੌਰਵ’ ਦੇ ਜ਼ੋਰਦਾਰ ਪ੍ਰਚਾਰ ਰਾਹੀਂ ਪਵਿੱਤਰਤਾ ਦਾ ਲਬਾਦਾ ਪਹਿਨਾ ਦਿੱਤਾ ਗਿਆ ਹੈ। ਇਹ ਵਿਸ਼ਵਾਸ ਕਰਵਾਇਆ ਜਾ ਰਿਹਾ ਹੈ ਕਿ ਸਿਖਰਲਾ ਆਗੂ ਕਦੇ ਗ਼ਲਤ ਹੋ ਹੀ ਨਹੀਂ ਸਕਦਾ। ਇਸ ਲਈ ਜਿਹੜੇ ਵੀ ਲੋਕ ਸਰਕਾਰ ਦੀਆਂ ਨੀਤੀਆਂ ਦੇ ਆਲੋਚਕ ਹਨ ਜਾਂ ਜਿਹੜੇ ਮਾੜੀ-ਮੋਟੀ ਵੀ ਦੁਚਿੱਤੀ ਦਿਖਾਉਂਦੇ ਹਨ, ਉਨ੍ਹਾਂ ਨੂੰ ਯਕੀਨਨ ਦੇਸ਼ ਦੇ ‘ਦੁਸ਼ਮਣ’ ਕਰਾਰ ਦੇ ਦਿੱਤਾ ਜਾਂਦਾ ਹੈ।
ਦੂਜਾ, ਇਸ ਰਾਹੀਂ ਸਾਜ਼ਿਸ਼ ਦੇ ਸਿਧਾਂਤ ਨੂੰ ਹੁਲਾਰਾ ਦਿੱਤਾ ਜਾਂਦਾ ਹੈ ਜੋ ਕਿਸੇ ਵੀ ਤਾਨਾਸ਼ਾਹ ਹਕੂਮਤ ਦੀ ਖ਼ਾਸ ਖ਼ੂਬੀ ਹੁੰਦੀ ਹੈ। ਇੰਜ ਕਿਸੇ ਵੀ ਤਰ੍ਹਾਂ ਦੇ ਵਿਰੋਧ ਜਾਂ ਅਸਹਿਮਤੀ ਨੂੰ ਜਾਂ ਤਾਂ ਅਪਰਾਧੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜਾਂ ਉਸ ਦਾ ਮਜ਼ਾਕ ਉਡਾਇਆ ਜਾਂਦਾ ਹੈ। ਇਹ ਹੈ ਮੌਜੂਦਾ ਦੌਰ ਦੀ ਸ਼ਬਦਾਵਲੀ, ਜਿਥੇ ਮਤਭੇਦ ਰੱਖਣ ਵਾਲੇ ਵਿਰੋਧੀਆਂ ਨੂੰ ‘ਸ਼ਹਿਰੀ ਨਕਸਲੀ’, ‘ਖ਼ਾਲਿਸਤਾਨੀ’ ਜਾਂ ਫਿਰ ‘ਟੁਕੜੇ ਟੁਕੜੇ ਗੈਂਗ’ ਆਦਿ ਗਰਦਾਨਿਆ ਜਾਂਦਾ ਹੈ। ਇਹ ਸਾਰੀਆਂ ਨਾਂਹਪੱਖੀ ਧਾਰਵਨਾਵਾਂ ਹਨ ਜਿਨ੍ਹਾਂ ਨੂੰ ਆਈਟੀ ਸੈੱਲਾਂ ’ਤੇ ਆਧਾਰਿਤ ਟਰੌਲ ਆਰਮੀ (ਸੋਸ਼ਲ ਮੀਡੀਆ ਉੱਤੇ ਕਿਸੇ ਦੇ ਪਿੱਛੇ ਪੈ ਕੇ ਉਸ ਦਾ ਵਿਰੋਧ ਕਰਨ ਵਾਲੀ ਜੁੰਡਲੀ) ਵੱਲੋਂ ਹਵਾ ਦਿੱਤੀ ਜਾਂਦੀ ਹੈ ਅਤੇ ਫਿਰ ਟੈਲੀਵਿਜ਼ਨ ਚੈਨਲਾਂ ਵੱਲੋਂ ਗਿਣਮਿਥ ਕੇ ਪ੍ਰਚਾਰਿਆ ਜਾਂਦਾ ਹੈ। ਇਸ ਦੇ ਪੈਣ ਵਾਲੇ ਅਸਰ ਦੇਖੋ। ਕਿਸਾਨ ਅੰਦੋਲਨ ਦੇ ਰਾਹ ਪਏ ਹੋਏ ਹਨ ਪਰ ਉਲਟਾ ਪ੍ਰਚਾਰਿਆ ਇਹ ਜਾਂਦਾ ਹੈ ਕਿ ਉਨ੍ਹਾਂ ਨੂੰ ਮਾਓਵਾਦੀਆਂ ਅਤੇ ਹੋਰ ਸਾਜ਼ਿਸ਼ੀਆਂ ਵੱਲੋਂ ਗੁਮਰਾਹ ਕੀਤਾ ਤੇ ਉਕਸਾਇਆ ਗਿਆ ਹੈ, ਜਾਂ ਫਿਰ ਇਹ ਅੰਦੋਲਨਕਾਰੀ ‘ਖ਼ਾਲਿਸਤਾਨੀ’ ਹਨ। ਇਸੇ ਤਰ੍ਹਾਂ ਇਨ੍ਹਾਂ ਵੱਲੋਂ ਪਹਿਲਾਂ ਸ਼ਾਹੀਨ ਬਾਗ਼ ਦੇ ਧਰਨੇ ਨੂੰ ਵੀ ਗ਼ਲਤ ਰੰਗਤ ਦਿੱਤੀ, ਇਥੋਂ ਤੱਕ ਕਿ ਉਨ੍ਹਾਂ ਨੇ ਅੰਦੋਲਨ ਵਿਚ ਸ਼ਿਰਕਤ ਕਰਨ ਵਾਲੀਆਂ ਬਜ਼ੁਰਗ ‘ਦਾਦੀਆਂ’ ਨੂੰ ਵੀ ਨਹੀਂ ਬਖ਼ਸ਼ਿਆ ਜਿਨ੍ਹਾਂ ਨੇ ਅੰਦੋਲਨ ਵਾਲੀ ਥਾਂ ਨੂੰ ਨਵੇਕਲੀ ਨੁਹਾਰ ਬਖ਼ਸ਼ੀ ਸੀ। ਜਦੋਂ ਅੰਦੋਲਨਕਾਰੀਆਂ ਨੂੰ ਮੁਜਰਮਾਂ ਜਾਂ ਸਾਜ਼ਿਸ਼ੀਆਂ ਜਾਂ ਫਿਰ ਮੂਰਖਾਂ ਵਜੋਂ ਦੇਖਿਆ ਜਾਂ ਦਿਖਾਇਆ ਜਾਂਦਾ ਹੈ, ਤਾਂ ਇਹ ਸੁਭਾਵਿਕ ਹੀ ਮੰਨ ਲਿਆ ਜਾਂਦਾ ਹੈ ਕਿ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਈ ਲੋੜ ਨਹੀਂ ਹੈ।
ਤੀਜਾ, ਜਮਹੂਰੀਅਤ ਦੀ ਧਾਰਨਾ ਨੂੰ ਸੁੰਗੇੜ ਕੇ ਮਹਿਜ਼ ਚੁਣਾਵੀ ਜਿੱਤ ਵਿਚ ਬਦਲ ਦਿੱਤਾ ਗਿਆ ਹੈ। ਇਹ ਵਿਰੋਧੀ ਧਿਰ ਨੂੰ ਨਕਾਰਾ ਕਰ ਦੇਣਾ ਜਾਂ ਉਸ ਦੀ ਅਹਿਮੀਅਤ ਦੀ ਹੇਠੀ ਕਰਨਾ ਹੈ। ਇਹੋ ਕਾਰਨ ਹੈ ਕਿ ਜਦੋਂ ਕਿਸਾਨ, ਅੰਦੋਲਨ ਦੇ ਰਾਹ ਪਏ ਹੋਏ ਹਨ ਅਤੇ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਆਖ ਰਹੇ ਹਨ ਤਾਂ ਦੂਜੇ ਪਾਸੇ ਹਾਕਮ ਧਿਰ ਦੇ ਤਰਜਮਾਨ ਇਸ ਸਬੰਧੀ ਰਾਜਸਥਾਨ ਦੀਆਂ ਪੰਚਾਇਤ ਚੋਣਾਂ ਵਿਚ ਆਪਣੀ ਪਾਰਟੀ ਦੀ ਜਿੱਤ ਦਾ ਹਵਾਲਾ ਦੇਣ ਤੋਂ ਨਹੀਂ ਝਿਜਕਦੇ ਅਤੇ ਇਥੋਂ ਤੱਕ ਆਖ ਦਿੰਦੇ ਹਨ ਕਿ ਇਸ ਜਿੱਤ ਦਾ ਮਤਲਬ ਹੈ ਕਿ ਲੋਕਾਂ ਨੇ ਇਨ੍ਹਾਂ ਕਾਨੂੰਨਾਂ ਦੇ ਹੱਕ ਵਿਚ ਫ਼ਤਵਾ ਦਿੱਤਾ ਹੈ। ਬੱਸ, ਜਿੱਤ ਦੇ ਗੀਤ ਗਾਓ ਅਤੇ ਮੰਨ ਲਓ ਕਿ ਜਿਹੜੇ ਜਿੱਤੇ ਨਹੀਂ, ਉਹ ਯਕੀਨਨ ਗ਼ਲਤ ਹਨ! ਦੂਜੇ ਲਫ਼ਜ਼ਾਂ ਵਿਚ, ਅਸੀਂ ਅੱਜ ਆਪਣੇ ਆਪ ਨੂੰ ਅਜਿਹੇ ਸਿਆਸੀ ਸੱਭਿਆਚਾਰ ਵਿਚ ਪਾ ਰਹੇ ਹਾਂ, ਜਿਥੇ ਗੱਲਬਾਤ ਨੂੰ ਸਵੈ-ਪ੍ਰਸੰਸਾ, ਸਚਾਈ ਨੂੰ ਤਾਕਤ ਅਤੇ ਜਮਹੂਰੀਅਤ ਨੂੰ ਆਕੜ ਨਾਲ ਉਲਝਾ ਦਿੱਤਾ ਗਿਆ ਹੈ।
ਨਰਿੰਦਰ ਮੋਦੀ ਨੂੰ ਇਹ ਅਹਿਸਾਸ ਕਰਨ ਦੀ ਲੋੜ ਹੈ ਕਿ ਜਮਹੂਰੀਅਤ ਦਾ ਮਤਲਬ ਖ਼ੂਬਸੂਰਤ ਭਾਸ਼ਣ ਕਲਾ ਨਹੀਂ ਹੈ। ਇਸ ਲਈ ਧੀਰਜ ਨਾਲ ਸੁਣਨ ਦੀ ਕਲਾ ਦੀ ਲੋੜ ਹੁੰਦੀ ਹੈ ਅਤੇ ਆਪਣੇ ਵਿਰੋਧੀਆਂ ਨੂੰ ਧਿਆਨ ਨਾਲ ਸੁਣਨਾ, ਖ਼ਾਸਕਰ ਉਨ੍ਹਾਂ ਨੂੰ ਵੀ ਜਿਹੜੇ ਚੋਣਾਂ ਦੀਆਂ ਗਿਣਤੀਆਂ-ਮਿਣਤੀਆਂ ਪੱਖੋਂ ਨਾਕਾਮ ਰਹੇ ਹੋਣ। ਸੁਣਨ ਦਾ ਮਤਲਬ ਜ਼ਰੂਰੀ ਨਹੀਂ ਕਿ ਉਸ ਨੂੰ ਮੰਨਣਾ ਵੀ ਹੁੰਦਾ ਹੈ ਸਗੋਂ ਸੁਣਨ ਦਾ ਮਤਲਬ ਹੈ ਦੂਜਿਆਂ ਦੀ ਹੋਂਦ ਨੂੰ ਸਵੀਕਾਰ ਕਰਨਾ ਅਤੇ ਉਨ੍ਹਾਂ ਦਾ ਸਤਿਕਾਰ ਕਰਨਾ। ਇਸ ਤਰ੍ਹਾਂ ਸੁਣਨ ਦਾ ਮਤਲਬ ਹੋਇਆ- ਇਨਸਾਨੀਅਤ ਤੇ ਖੁੱਲ੍ਹੇਪਣ ਦੀ ਭਾਵਨਾ ਨੂੰ ਹੁਲਾਰਾ ਦੇਣਾ ਅਤੇ ਦੂਰੀਆਂ ਨੂੰ ਘਟਾਉਣ ਦੀਆਂ ਸੰਭਾਵਨਾਵਾਂ ਪੈਦਾ ਕਰਨਾ। ਮੋਦੀ ਇਸ ਮਾਮਲੇ ਵਿਚ ਗਾਂਧੀ ਤੇ ਟੈਗੋਰ ਤੋਂ ਸਿੱਖ ਸਕਦੇ ਹਨ, ਜਿਹੜੇ ਆਪਸੀ ਮਤਭੇਦਾਂ ਦੇ ਬਾਵਜੂਦ ਇਕ-ਦੂਜੇ ਉਤੇ ਭਰੋਸਾ ਕਰਦੇ ਸਨ ਅਤੇ ਉਨ੍ਹਾਂ ਆਪਸੀ ਵਿਚਾਰ-ਵਟਾਂਦਰੇ ਜਾਰੀ ਰੱਖੇ ਜਿਸ ਨਾਲ ਨਾ ਸਿਰਫ਼ ਉਨ੍ਹਾਂ ਦੋਵਾਂ ਨੂੰ ਸਗੋਂ ਸਾਰੇ ਦੇਸ਼ ਨੂੰ ਵੀ ਫ਼ਾਇਦਾ ਹੋਇਆ। ਤਾਨਾਸ਼ਾਹੀ ਸੋਚ, ਭਾਵੇਂ ਖੱਬੇ-ਪੱਖੀ ਰੰਗ ਵਾਲੀ ਹੋਵੇ ਜਾਂ ਸੱਜੇ-ਪੱਖੀ, ਹਮੇਸ਼ਾ ਵਿਚਾਰ-ਵਟਾਂਦਰੇ ਤੋਂ ਡਰਦੀ ਹੈ ਅਤੇ ਇਹ ਆਪਣੇ ‘ਵਫ਼ਾਦਾਰਾਂ’ ਅਤੇ ‘ਵਿਰੋਧੀਆਂ’ ਵਿਚਕਾਰ ਵੰਡ ਦੀ ਕੰਧ ਉਸਾਰ ਲੈਂਦੀ ਹੈ। ‘ਜਮਹੂਰੀਅਤ ਦੀ ਰੂਹ’ ਦਾ ਸਤਿਕਾਰ ਕਰਨ ਲਈ ਜ਼ਰੂਰੀ ਹੈ ਕਿ ਵਖਰੇਵਿਆਂ ਦੀ ਇਸ ਦੀਵਾਰ ਨੂੰ ਢਾਹ ਦਿੱਤਾ ਜਾਵੇ। ਕੀ ਮੋਦੀ ਜੀ ਇਸ ਤਬਦੀਲੀ ਲਈ ਤਿਆਰ ਹਨ? ਇਹੀ ਨਹੀਂ, ਸੁਣਨ ਦੀ ਕਲਾ ਵਿਚੋਂ ਹੀ ਵਿਚਾਰ-ਵਟਾਂਦਰੇ ਦਾ ਬੁਨਿਆਦੀ ਜਮਹੂਰੀ ਕਾਰਜ ਨਿੱਕਲਦਾ ਹੈ- ਇਸ ਨਾਲ ਮੁਕਤ ਬਾਜ਼ਾਰ ਵਾਲੀ ਧੱਕੇਸ਼ਾਹੀ ਜਾਂ ਪਰੋਲਤਾਰੀ ਵਰਗ ਦੇ ਰਾਖੇ ਤੋਂ ਪਾਰ ਦੇਖਣ ਦੀ ਸਮਰੱਥਾ ਮਿਲਦੀ ਹੈ। ਇਸ ਲਈ ਜ਼ਰੂਰੀ ਹੈ ਕਿ ਸਰਕਾਰ ਦੀਆਂ ਨੀਤੀਆਂ ਸਭ ਦੀ ਸਾਂਝੀ ਭਲਾਈ ਲਈ ਹੋਣ, ਨਾ ਕਿ ਸਿਰਫ਼ ਅਡਾਨੀਆਂ ਤੇ ਅੰਬਾਨੀਆਂ ਦੀ ਭਲਾਈ ਲਈ। ਅੱਜ ਦੇਸ਼ ਦਾ ਕਿਸਾਨ ਇਹੋ ਸੁਨੇਹਾ ਦੇ ਰਿਹਾ ਹੈ ਜਿਸ ਨੂੰ ਸੁਣਿਆ ਜਾਣਾ ਚਾਹੀਦਾ ਹੈ।
ਅਖ਼ੀਰ, ਜੇ ਪ੍ਰਧਾਨ ਮੰਤਰੀ ਮੋਦੀ ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਉਨ੍ਹਾਂ ਦੇ ਸੰਵਾਦ ਦੇ ਸੁਨੇਹੇ ਪ੍ਰਤੀ ਸੰਜੀਦਾ ਹਨ, ਤਾਂ ਜ਼ਰੂਰੀ ਹੈ ਕਿ ਉਹ ਪਿਆਰ ਅਤੇ ਅਪਣੱਤ ਦੀ ਭਾਵਨਾ ਨੂੰ ਹੁਲਾਰਾ ਦੇਣ। ਯਕੀਨਨ ਇਸ ਬਾਰੇ ਸੋਚਣ ਦੀ ਲੋੜ ਹੈ। ਇਨ੍ਹੀਂ ਦਿਨੀਂ ਅਸੀਂ ਹਿੰਸਾ ਨੂੰ ਆਮ ਵਰਤਾਰੇ ਵਜੋਂ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹੋ ਕਾਰਨ ਹੈ ਕਿ ਸਾਨੂੰ ਅੰਤਰ-ਧਰਮ ਵਿਆਹਾਂ ਨੂੰ ਜਹਾਦ ਵਜੋਂ ਦੇਖਣਾ ਸਿਖਾਇਆ ਜਾ ਰਿਹਾ ਹੈ, ਸਾਨੂੰ ਇਹ ਸਮਝਾਇਆ ਜਾ ਰਿਹਾ ਹੈ ਕਿ ਉਹ ਸਾਰੇ ਨੌਜਵਾਨ/ਆਦਰਸ਼ਵਾਦੀ ਵਿਦਿਆਰਥੀ, ਜਿਹੜੇ ਸੀਏਏ ਪ੍ਰਤੀ ਆਪਣੀ ਫਿਕਰਮੰਦੀ ਦਾ ਇਜ਼ਹਾਰ ਕਰਦੇ ਹਨ, ਮਾਓਵਾਦੀ ਹਨ ਅਤੇ ਉਨ੍ਹਾਂ ਉਤੇ ਦੇਸ਼-ਧ੍ਰੋਹ ਦੇ ਮੁਕੱਦਮੇ ਚਲਾਏ ਜਾਣੇ ਜ਼ਰੂਰੀ ਹਨ। ਨਾਲ ਹੀ ਸਾਨੂੰ ਸਿਖਾਇਆ ਜਾ ਰਿਹਾ ਹੈ ਕਿ ਅਸੀਂ ਸ਼ਾਹੀਨ ਬਾਗ਼ ਵਿਚੋਂ ਬਿਰਿਆਨੀ ਤੋਂ ਸਿਵਾ ਹੋਰ ਕੁਝ ਨਾ ਦੇਖੀਏ। ਕੋਈ ਕਵੀ, ਮਨੁੱਖੀ ਹੱਕਾਂ ਦਾ ਕਾਰਕੁਨ ਤੇ ਪ੍ਰੋਫਸਰ ਮਹਿਜ਼ ਇਸ ਕਾਰਨ ਜੇਲ੍ਹਾਂ ਵਿਚ ਸੜ ਰਹੇ ਹਨ ਕਿਉਂਕਿ ਉਨ੍ਹਾਂ ਨੇ ਦੁਨੀਆ ਨੂੰ ਵੱਖਰੀ ਤਰ੍ਹਾਂ ਦੇਖਣ ਦੀ ਕੋਸ਼ਿਸ਼ ਕੀਤੀ ਸੀ। ਕੀ ਇਹੋ ਸੰਵਾਦ ਹੈ, ਮੋਦੀ ਜੀ ?