ਕਿਸਾਨਾਂ ਦੇ ਅਰਮਾਨਾਂ ਨੂੰ ਹੋਰ ਨਾ ਪਰਖੋ ! - ਜਗਦੀਸ਼ ਸਿੰਘ ਚੋਹਕਾ
26-ਨਵੰਬਰ 2020 ਤੋਂ ਸ਼ੁਰੂ ਹੋਇਆ ਦੇਸ਼ ਅੰਦਰ ਕਿਸਾਨ ਅੰਦੋਲਨ 'ਜਿਹੜਾ ਤਿੰਨ ਖੇਤੀ ਕਨੂੰਨਾਂ ਅਤੇ ਬਿਜਲੀ ਦਾ ਤਜਵੀਜ਼ਸ਼ੁਦਾ ਕਨੂੰਨ ਰੱਦ ਕਰਾਉਣ ਲਈ ਹੈ। ਹਾਕਮਾਂ ਦੀਆਂ ਅਨੇਕਾਂ ਰੋਕਾਂ ਦੇ ਬਾਵਜੂਦ ਪੁਰ-ਅਮਨ ਦ੍ਰਿੜਤਾਪੂਰਬਕ ਅਤੇ ਇਕ ਸੁਰਤਾ ਰਾਹੀ ਪੈਰ ਪੈਰ ਦਿੱਲੀ ਦੀਆਂ ਬਰੂਹਾਂ ਵਲ ਅੱਗੇ ਵੱਧ ਰਿਹਾ ਹੈ। ਭਾਵੇਂ ਇਨ੍ਹਾਂ ਕਾਲੇ ਕਨੂੰਨਾਂ ਵਿਰੁਧ ਪਹਿਲ ਕਦਮੀ ਪੰਜਾਬ ਦੇ ਕਿਸਾਨਾਂ ਵੱਲੋਂ ਹੋਈ ਸੀ ! ਪਰ ਅੱਜ ਇਹ ਅੰਦੋਲਨ ਦੇਸ਼ ਵਿਆਪੀ ਕਿਸਾਨ ਅੰਦੋਲਨ ਦਾ ਰੂਪ ਧਾਰ ਗਿਆ ਹੈ। ਕਿਸਾਨਾਂ ਦੇ ਹੱਕ ਵਿੱਚ 8-ਦਸੰਬਰ, 2020 ਦਾ ਭਾਰਤ ਬੰਦ ਤੇ 14-ਦਸੰਬਰ ਦੇ ਧਰਨੇ ਹਾਕਮਾਂ ਵੱਲੋ ਪਾਸ ਕੀਤੇ ਤਿੰਨ ਖੇਤੀ ਕਨੂੰਨਾਂ ਵਿਰੁਧ ਫੱਤਵਾ ਸੀ। ਕਿਸਾਨਾਂ ਦੇ ਹੱਕ ਵਿੱਚ ਇਹ ਭਾਰਤ ਬੰਦ ਤੇ ਧਰਨੇ ਹਾਕਮਾਂ ਵੱਲੋਂ ਦੇਸ਼ ਦੇ ਕੁਦਰਤੀ ਸੋਮਿਆਂ ਜਲ, ਜੰਗਲ ਅਤੇ ਜ਼ਮੀਨ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚੋ ਦੇਣ ਤੋਂ ਰੋਕਣਾ ਹੈ ? ਪੰਜਾਬ 'ਚੋ ਖੇਤੀ ਕਨੂੰਨਾਂ ਵਿਰੁਧ ਚਲੀ ਇਸ ਲਹਿਰ ਨੂੰ ਕੁਚਲਣ ਲਈ ਹਾਕਮ ਕਾਰਪੋਰੇਟ ਘਰਾਣਿਆ ਦੇ ਇਸ਼ਾਰਿਆਂ ਹੱਥੀ ਚੜ੍ਹਕੇ ਬਹੁਤ ਉਲ੍ਹਾਰ ਹੋ ਗਏ ਲੱਗਦੇ ਹਨ। ਉਹ ਆਪਣੇ ਗਰੂਰ 'ਚ ਹਨ, 'ਕਿਉਂਕਿ ਉਨ੍ਹਾਂ ਦੀ ਦੇਸ਼ ਦੀ ਸੰਸਦ ਅੰਦਰ ਭਾਰੂ ਬਹੁ-ਗਿਣਤੀ ਹੈ। ਜੋ ਉਨ੍ਹਾਂ ਨੇ ਇਹ ਬਹੁ ਗਿਣਤੀ ਭਾਵ ਮਾਨਸਿਕਤਾ ਵਾਲੀ ਫਿਰਕੂ ਸੋਚ ਪੈਦਾ ਕਰਕੇ ਪ੍ਰਾਪਤ ਕੀਤੀ ਹੈ। ਹੁਣ ਉਸ ਦੇ ਬਲ ਬੂਤੇ ਦੇਸ਼ ਅੰਦਰ ਉਹ ਹਿੰਦੂ ਰਾਜ ਕਾਇਮ ਕਰਨ ਲਈ ਬਜ਼ਿਦ ਹਨ। ਇਕ ਦੇਸ਼, ਇਕ ਭਾਸ਼ਾ, ਇਕ ਕੌਮ, ਇਕ ਮਾਲਕੀ ਤੇ ਇਕ ਹੀ ਹਾਕਮ ਜਮਾਤ ਦਾ ਬੋਲਬਾਲਾ ਹੋਵੇ ਭਾਵ ਸਭ ਲੋਕਰਾਜੀ ਕਦਰਾਂ-ਕੀਮਤਾਂ ਦਾ ਮੱਲਿਆਮੇਟ ਕਰਨਾ ?
ਭਾਰਤ ਦੇ ਹਾਕਮਾਂ ਵੱਲੋਂ ਪਾਰਲੀਮੈਂਟ ਅੰਦਰ ਲੋਕਰਾਜੀ ਕਦਰਾਂ ਕੀਮਤਾਂ ਨੂੰ ਜੋਰ-ਜ਼ਬਰ ਨਾਲ ਪਸਤ ਕੀਤਾ ਜਾ ਰਿਹਾ ਹੈ। ਸਤਾ ਦੇ ਦਬਾਅ ਅਧੀਨ ਆਪਣੀ ਹੌਮੇ ਲਈ, ਅਸਹਿਮਤੀ ਨੂੰ ਦਬਾਇਆ ਜਾ ਰਿਹਾ ਹੈ। ਇਥੋਂ ਤਕ ਕਿ ਚਿੰਤਕਾਂ ਦੇ ਲੋਕਾਂ ਪ੍ਰਤੀ ਜਾਰੀ ਕੀਤੇ ਕਥਨਾਂ ਨੂੰ ਵੀ ਹਾਕਮ ਆਪਣੀਆਂ ਮੰਦ-ਭਾਵਨਾਵਾਂ ਨਾਲ ਜੋੜ ਕੇ ਮਨਸੂਰ ਵਾਂਗ ਫਾਹੇ ਲਾਉਣ ਦੇ ਮਨਸੂਬੇ ਰੱਚ ਰਹੇ ਹਨ ! ਦੇਸ ਦੇ ਅੰਨ-ਦਾਤਾ ਦੀ ਜ਼ਬਾਨ ਨੂੰ ਬੰਦ ਕਰਨ, ਹੱਕ ਲਈ ਫਰਿਆਦ ਕਰਨ ਲਈ ਜਾਣ ਤੋਂ ਰੋਕਣਾ ! ਰੜੇ-ਮੈਦਾਨ ਠੰਡੀਆਂ 'ਤੇ ਕੋਹਰੇ ਵਾਲੀਆਂ ਰਾਤਾਂ ਅੰਦਰ ਮੰਗਾਂ ਨਾ ਮੰਨਣ ਲਈ ਲੰਬੇ ਸਮੇਂ ਦੀ ਸਜ਼ਾ ਰਾਹੀਂ ਮਜਬੂਰ ਕਰਨਾ ਤਾਂ ਕਿ ਮਾਨਸਿਕ ਤੇ ਸਰੀਰਕ ਸਜ਼ਾਵਾਂ ਰਾਹੀਂ ਕਿਸਾਨ ਪਿਛੇ ਹਟ ਜਾਣ ? ਅੱਜ ਹਾਕਮ ਆਪਣੇ ਨਿਜੀ ਮੁਫ਼ਾਦਾ ਅਤੇ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਲਈ, 'ਕਿਸਾਨਾਂ ਨੂੰ ਵਿਸਾਰ ਕੇ ਸਭ ਕੁਝ ਕਰਨ ਨੂੰ ਤਿਆਰ ਹੋ ਗਏ ਹਨ। ਹੁਣ ਉਹ ਕਿਵੇਂ ਦੇਸ਼-ਭਗਤ ਤੇ ਭਾਰਤ ਦੇ ਲੋਕਾਂ ਪੱਖੀ ਕਹੇ ਜਾ ਸਕਦੇ ਹਨ ? ਪਰ ਯਾਦ ਰੱਖੋ ! ਹਿਟਲਰ ਵੀ ਨਹੀਂ ਰਿਹਾ ਸੀ ਅਤੇ ਹਾਕਮ ਵੀ ਨਹੀਂ ਰਹਿਣਗੇ? ਇਤਿਹਾਸ ਗਵਾਹ ਹੈ, 'ਕਿ ਇਹ ਕਿਸਾਨ ਅੰਦੋਲਨ ਕਿਸਾਨਾਂ ਦਾ ਹੈ। ਕਿਸਾਨਾਂ ਨੇ ਮਨ 'ਚ ਠਾਣ ਲਿਆ ਹੈ, ਜਿੱਤ ਹੋਵੇਗੀ ? ਇਹ ਖੁਸ਼ੀ ਮੇਰੀ ਨਹੀਂ ਕਿਉਂਕਿ ਸਾਰੇ ਕਿਸਾਨ ਭਾਈਚਾਰੇ ਦੀ ਖੁਸ਼ੀ ਇਸ ਵਿੱਚ ਸਮੋਈ ਹੈ। ਸਾਡਾ ਭਵਿੱਖ ਲੋਕਾਂ ਦਾ ਭਵਿੱਖ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਸੁਪਨਿਆਂ ਅੰਦਰ ਲੋਕਾਂ ਦੀ ਭਲਾਈ ਦੀ ਕਿਆਸ-ਅਰਾਈ ਕੀਤੀ ਹੈ ! ਫਿਰ ਜਿਤ ਸਾਡੀ ਹੀ ਹੋਵੇਗੀ?
ਮਲੂਮ ਹੁੰਦਾ ਹੈ, 'ਕਿ ਹਾਕਮਾਂ ਨੇ ਪੰਜਾਬ ਦੇ ਇਤਿਹਾਸ ਤੇ ਚਿੰਤਨ ਦਾ ਮੁਲਾਂਕਣ ਫਿਰਕੂ ਹਿਤਾਂ ਦੇ ਕਲਾਵੇ ਅੰਦਰ ਜੋੜ ਕੇ ਹੀ ਕੀਤਾ ਹੋਵੇਗਾ ! ਆਰੀਆ ਲੋਕਾਂ ਦੇ ਆਗਮਨ ਤੋਂ ਲੈ ਕੇ ਅਠਾਰ੍ਹਵੀਂ ਸਦੀ ਅਫ਼ਗਾਨਾਂ ਦੇ ਹਮਲਿਆ ਤਕ, 'ਪੰਜਾਬ ਦੇ ਲੋਕਾਂ ਨੂੰ ਵਿਦੇਸ਼ੀ ਹਮਲਾਵਾਰ ਇਰਾਨੀ, ਯੂਨਾਨੀ, ਕੁਸ਼ਨ, ਹੁਨ, ਤੁਰਕ, ਮੁਗਲ ਤੇ ਅਫ਼ਗਾਨ ਜੋ ਉਤਰ-ਪੱਛਮੀ ਦੱਰਿਆ ਰਾਹੀਂ ਆਏ, ਨਾਲ ਕਈ ਵਾਰ ਦੋ-ਹੱਕ ਹੋਣਾ ਪਿਆ ਸੀ। ''ਕਰੀ'' ਦੀ ਲੜਾਈ, ''ਤਰੇਨ'' ਦੀਆਂ ਲੜਾਈਆਂ, ''ਪਾਣੀਪਤ'' ਦੀਆਂ ਲੜਾਈਆਂ ਸਭ ਪੰਜਾਬ ਅੰਦਰ ਹੀ ਲੜੀਆਂ ਗਈਆਂ ਸਨ। ਵਿਦੇਸ਼ੀਆਂ ਦੇ ਲਗਾਤਾਰ ਹਮਲਿਆ ਕਾਰਨ ਤੇ ਜੰਗਾਂ ਕਰਕੇ ਪੰਜਾਬੀਆਂ ਨੇ ਸਰੀਰਕ ਅਤੇ ਆਰਥਿਕ ਤੌਰ ਤੇ ਭਾਵੇਂ ਬਹੁਤ ਸਾਰੇ ਨੁਕਸਾਨ ਉਠਾਏ! ਇਹ ਸਾਰੇ ਕਸ਼ਟ ਉਨ੍ਹਾਂ ਨੂੰ ਪੰਜਾਬ ਦੀ ਭੂਗੋਲਿਕ ਸਥਿਤੀ ਕਾਰਨ ਕਈ ਵਾਰ ਭੋਗਣੇ ਵੀ ਪਏ! ਪਰ ਇਨ੍ਹਾਂ ਸੰਘਰਸ਼ਾਂ ਅੰਦਰ ਹੀ ਪੰਜਾਬੀ ਚਰਿਤਰ ਵੱਜੋ ਨਰੋਏ ਬਣ ਕੇ ਹਰ ਵਾਰ ਨਿਖ਼ਰ ਕੇ ਅੱਗੇ ਆਏ! ਇਨ੍ਹਾਂ ਕਾਰਨਾਂ ਕਰਕੇ ਹੀ ਪੰਜਾਬੀ, 'ਹੌਸਲਾ, ਸਹਿਣ-ਸ਼ੀਲਤਾ, ਆਤਮ-ਨਿਰਭਰਤਾ, ਸੇਵਾ-ਭਾਵਨਾ ਤੇ ਕੁਰਬਾਨੀ ਆਦਿ ਗੁਣਾਂ ਨੂੰ ਪ੍ਰਣਾਏ ਅਤੇ ਅਤੇ ਅਡੋਲ ਰਹਿਣ ਵਾਲੇ ਸੰਸਾਰ ਅੰਦਰ ਆਪਣੀ ਇਕ ਅਦਿੱਖ ਕਰਨੀ ਤੇ ਕਹਿਣੀ ਕਰਕੇ ਹੀ ਜਾਣੇ ਜਾਂਦੇ ਰਹੇ ਹਨ। ਪਿਛਲਾ ਇਤਿਹਾਸ, 'ਨਦੀਆਂ, ਜੰਗਲਾਂ 'ਤੇ ਇਥੋਂ ਦੇ ਪੌਣ-ਪਾਣੀ ਦੇ ਕਾਰਨ ਹੀ ਵਿਦੇਸ਼ੀਆਂ ਨਾਲ ਲੋਹਾ-ਲੈਣ ਲਈ ਸਹਾਈ ਹੁੰਦਾ ਰਿਹਾ। ਭਾਵੇਂ ਲਗਾਤਾਰ ਸ਼ਾਂਤੀ ਨਾ ਰਹਿਣ ਕਰਕੇ ਕਲਾ ਤੇ ਸਾਹਿਤ 'ਚ ਪੰਜਾਬ ਜੋ ਪਿਛੇ ਰਹਿ ਗਿਆ ਸੀ। ਪਰ ਸਿੱਖ ਧਰਮ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਣ ਨੇ ਇਸ ਘਾਟ ਨੂੰ ਸਦਾ ਲਈ ਦੂਰ ਕਰ ਦਿੱਤਾ। ਪੰਜਾਬ ਹੀ ਆਖਰੀ ਰਾਜ ਸੀ ਜੋ ਅੰਗਰੇਜ਼ਾਂ ਦੇ ਅਧਿਕਾਰ ਅਧੀਨ ਭਾਰਤ ਅੰਦਰ ਗੁਲਾਮ ਹੋਇਆ ਸੀ।ਪੰਜਾਬੀਆਂ ਦੀ ਦੇਸ਼ ਭਗਤੀ ਤੇ ਉਂਗਲ ਕਰਨੀ ਹਾਕਮਾਂ ਦੀ ਖੁਦ ਦੀ 'ਸਾਕਤ ਸਚੁ ਨਾ ਭਾਵਈ' ਵਾਲੀ ਮਕਾਰ ਭਰੀ ਨੀਤੀ ਤੇ ਨੀਤ ਹੋਵੇਗੀ।
ਪੰਜਾਬ ਦੀ ਧਰਤੀ ਉਪਜਾਊ-ਪਣ ਦੇ ਨਜ਼ਰੀਏ ਤੋਂ ਕਈ ਪ੍ਰਕਾਰ ਦੀ ਹੈ। ਕਿਤੇ ਉਪਜਾਊ, ਕਿਤੇ ਸੁੱਕੀ, ਬੰਜਰ ਤੇ ਟਿੱਬੇ ! ਸਰਦੀਆਂ ਵਿੱਚ ਇੱਥੇ ਬਹੁਤ ਠੰਡ ਤੇ ਗਰਮੀਆਂ ਨੂੰ ਗਰਮੀ ਤੇ ਨਮਵਾਲੀ ਹੋਣ ਕਰਕੇ ਇਥੋਂ ਦਾ ਪੌਣ-ਪਾਣੀ ਕਣਕ ਤੇ ਦੂਸਰੇ ਅਨਾਜਾਂ ਹਾੜੀ-ਸੌਂਣੀ ਲਈ ਵੱਤਰ ਕਿਹਾ ਜਾ ਸਕਦਾ ਹੈ। ਖੇਤੀ ਪੱਖੋ ਤੇ ਆਰਥਿਕ ਤੌਰ ਤੇ ਸੌਲ੍ਹਵੀ ਸਦੀ ਤੋਂ ਹੀ ਪੰਜਾਬ ਇਕ ਧਨੀ-ਪ੍ਰਾਂਤ ਸੀ। ਖਾਸ ਕਰਕੇ ਸਤਲੁਜ ਤੋਂ ਜਿਹਲਮ ਦੇ ਵਿਚਕਾਰ ਫੈਲੇ ਉਪਜਾਊ ਮੈਦਾਨ, 'ਕਈ ਤਰ੍ਹਾਂ ਦੇ ਅਨਾਜ ਦੀ ਪੈਦਾਵਾਰ ਹੋਣ ਕਾਰਨ ਹੀ ਲੋਕਾਂ ਦੇ ਢਿੱਡ ਭਰਨ ਲਈ ਇਥੇ ਕਾਫੀ ਅੰਨ ਪੈਦਾ ਹੁੰਦਾ ਸੀ। ਸ਼ੁਰੂ ਤੋਂ ਹੀ ਇਥੇ ਭਾਰਤ ਦੇ ਬਾਕੀ ਲੋਕਾਂ ਨਾਲੋ ਜੀਵਨ ਪੱਧਰ ਉਚਾ ਸੀ। ਖੇਤੀਬਾੜੀ ਨਾਲ ਸਬੰਧਤ ਪੰਜਾਬੀ ਜੋ 'ਜੱਟ' ਕਹਿਲਾੳਂਦੇ ਸਨ, ਮਿਹਨਤੀ, ਹਠੀਲੇ ਅਤੇ ਉਚੇ-ਲੰਬੇ ਪੰਜਾਬੀ ਹੀ ਸਿੱਖ ਧਰਮ ਦੇ ਪੈਰੋਕਾਰ ਬਣੇ। ਸਿੱਖਾਂ ਅੰਦਰ ਬਹੁ ਗਿਣਤੀ ਜੱਟਾਂ ਦੀ ਸੀ, ਜੋ ਆਪਣੇ ਲੜਾਕੇ ਤੇ ਮਿਹਨਤੀ ਸੁਭਾਅ ਦੇ ਕਾਰਨ ਸਿੱਖ ਧਰਮ ਵਿੱਚ ਆਪਣਾ ਦਰਜਾ ਰੱਖਦੇ ਸਨ ! ਦੱਸਵੇਂ ਗੁਰੂ ਗੋਬਿੰਦ ਸਿੰਘ ਜੀ ਵੱਲੋ ਚਲਾਇਆ ਗਿਆ ''ਖਾਲਸਾ ਪੰਥ'' ਜੋ ਸਾਂਝ ਮਿਸ਼ਨ, ਜਾਤ-ਪਾਤ ਰਹਿਤ, ਪੰਜ ਪਿਆਰਿਆ ਵਾਲੀ ਪੰਚਾਇਤੀ ਜਮਹੂਰੀਅਤ ਅਤੇ ਕੁਰਬਾਨੀ ਵਾਲਾ ਸੀ, ਜਿਸ ਕਾਰਨ ਹੀ ਅੱਗੋ ਬੰਦਾ ਬਹਾਦਰ ਦੇ ਆਗਮਨ ਰਾਹੀ ਜਿਸ ਨੇ ਭਾਰਤ ਦੇ ਉਤਰ-ਪੱਛਮ (ਪੰਜਾਬ) ਖਿਤੇ ਅੰਦਰ ਇਕ ਰਾਜਨੀਤਕ ਸ਼ਕਤੀ ਦੇ ਰੂਪ ਵਿੱਚ ਲਿਆਂਦੇ ਉਭਾਰ ਨੇ ਹੀ ਮੁਗ਼ਲ ਰਾਜ ਦੀਆਂ ਜੜ੍ਹਾਂ ਨੂੰ ਉਖਾੜ ਦਿੱਤਾ ਸੀ। ਇਸ ਅੰਦੋਲਨਕਾਰੀ ਇਤਿਹਾਸਕ ਪ੍ਰੀਵਰਤਨ ਨੇ ਹੀ ਭਾਰਤ ਦੀ ਧਰਤੀ ਤੇ ਬਹੁਤ ਸਾਰੀਆਂ ਕੁਰਬਾਨੀਆਂ ਕਰਕੇ ਅੱਗੋ ਲਈ ਇਕ ਜਿਊਂਦਾ ਜਾਗਦਾ ਇਤਿਹਾਸ ਕਾਇਮ ਕਰਦੇ ਹੋਏ ਪੰਜਾਬ ਨੂੰ ਦੁਨੀਆਂ ਅੰਦਰ ਗਤੀ-ਸ਼ੀਲ ਬਣਾ ਦਿੱਤਾ ? ਹਾਕਮਾਂ ਨੂੰ ਦੱਸ ਦਿਉ ਸਾਡਾ ਨਿਸ਼ਾਨ ਠੀਕ ਹੈ, ਤੁਹਾਨੂੰ ਪਿਛੇ ਹੱਟਣਾ ਪਏਗਾ।
ਭਾਰਤ ਦੇ ਮੱਧਕਾਲ ਵੇਲੇ ਦਿਲੀ ਦਾ ਸਾਸ਼ਕ ਇਬਰਾਹਿਮ ਲੋਧੀ (1517-1526 ਈ:) ਪਠਾਨ ਬਾਦਸ਼ਾਹ ਸੀ। ਪੰਜਾਬ ਅੰਦਰ ਉਸ ਵੇਲੇ ਦਾ ਰੁਕਨ ਦੌਲਤ ਖਾਂ ਸੀ। ਦੇਸ਼ ਅੰਦਰ ਅਸ਼ਾਂਤੀ, ਬੇ-ਇਤਬਾਰੀ, ਦਿਲ ਕੰਬਾਊ ਘਟਨਾਵਾਂ, ਕਤਲ, ਜੋਰ-ਜ਼ਬਰ ਅਤੇ ਸੀਨਾ ਜੋਰੀ ਦਾ ਮਾਹੌਲ ਸੀ। ਧਰਮ, ਮਾਣ, ਸਚਾਈ, ਰੁਤਬਾ ਤੇ ਕਿਸਾਨ ਦੀ ਮਿਹਨਤ ਸਭ ਬਾਜ਼ਾਰਾਂ ਅੰਦਰ ਵਿਕਤੀ ਤੇ ਰੁੱਲਦੀ ਸੀ। ਸਰਕਾਰੀ ਅਮਲਾ ਤੇ ਨਾਜ਼ਿਮ ਸਭ ਭਰਿਸ਼ਟ, ਜ਼ਾਲਮ, ਤੁਅੱਸਬੀ ਅਤੇ ਮਾਰ-ਖੋਰ ਹੋ ਚੁੱਕੇ ਸਨ!
ਸਾਹਾਂ ਸੁਰਤਿ ਗਵਾਈਆ, ਰੰਗ ਤਮਾਸ਼ੇ ਚਾਇ। (ਗੁਰੂ ਨਾਨਕ)
ਲੋਕਾਂ ਦੀ ਭਲਾਈ ਦਾ ਕੋਈ ਖਿਆਲ ਨਹੀਂ, ਝੂਠ, ਭ੍ਰਿਸ਼ਟਚਾਰ ਅਤੇ ਹਾਕਮ ਭੋਗ ਵਿਲਾਸ 'ਚ ਗਲਤਾਨ, ਆਦਮਖੋਰ ਬਣ ਗਏ ਬੈਠੇ ਹੋਏ ਸਨ। ਮੁਨਸਿਬਾਂ ਦਾ ਵਤੀਰਾ ਕੁਤਿਆਂ ਵਰਗਾ ਸੀ। ਮਾਨੋ ਉਹ ਲੋਕਾਈ ਦਾ ਮਾਸ ਨੋਚ-ਨੋਚ ਕੇ ਖਾ ਰਹੇ ਸਨ ਅਤੇ ਖੂਨ ਚੱਟਦੇ ਸਨ !
ਕਲ ਆਈ ਕੁਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ।
ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕੋ ਖਾਈ ।
ਹੁਕਮਰਾਨ ਜਮਾਤ ਬੇਅਸੂਲੀ, ਹਿੰਸਾਵਾਦੀ ਤੇ ਲੋਕਾਂ ਨਾਲ ਅਨਿਆਏ ਦੇ ਰਾਹ ਪਈ ਹੋਈ ਸੀ। ਹਾਕਮਾਂ ਨੇ ਕੁੜ ਤੇ ਪਾਪ ਦਾ ਰਾਹ ਫੜਿਆ ਹੋਇਆ ਸੀ। ਕਿਉਂਕਿ ਪਰਜਾ ਅੱਜੇ ਏਨੀ ਸਿਆਣੀ ਅਤੇ ਗੁਣੀ-ਗਿਆਨੀ ਨਹੀਂ ਸੀ। ਉਹ ਹਾਕਮਾਂ ਦੇ ਜੁਲਮਾਂ ਨੂੰ ਜਰਦੀ ਸੀ, ਕਿਉਂਕਿ ਉਹ ਜਾਗਰੂਕ ਨਹੀਂ ਸੀ ?
ਪਰਜਾ ਅੰਧੀ ਗਿਆਨ ਥਿਣ ਕੂੜ ਕੁਸਤੁ ਮੁਖਹੁ ਅਲਾਈ।
ਵਰਤਿਆ ਪਾਪ ਸਭਸ ਜਗ ਮਾਹੀ (ਭਾਈ ਗੁਰਦਾਸ ਜੀ)।
ਦਿਲੀ ਦੇ ਹਾਕਮ ਇਬਰਾਹਿਮ ਲੋਧੀ ਦੇ ਜੁਲਮਾਂ ਅਤੇ ਅੱਤਿਆਚਾਰਾਂ ਵਿਰੁਧ ਗੁਰੂ ਨਾਨਕ ਦੇਵ ਜੀ (1469-1539) ਨੇ ਲੋਕਾਂ ਦੀ ਪੀੜਾਂ ਅਤੇ ਆਚਰਣ ਅੱਧੋਗਤੀ ਲਈ ਹਾਕਮਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ, 'ਇਸ ਅਨਿਆਏ ਵਿਰੁਧ, 'ਉਸ ਵੇਲੇ ਹਾਕਮਾਂ ਨੂੰ ਵੰਗਾਰਦੇ ਹੋਏ ਉਨ੍ਹਾਂ ਨੁੰ ਫਿਟ-ਲਾਹਨਤਾਂ ਪਾਈਆਂ। ਗੁਰੂ ਜੀ ਨੇ ਹਾਕਮਾਂ ਨੁੰ ''ਕੁੱਤਿਆ'' ਸਮਾਨ ਕਿਹਾ, 'ਜਿਨ੍ਹਾਂ ਨੇ ''ਰਤਨ'' ਜਿਹੇ ਹਿੰਦੁਸਤਾਨ ਨੂੰ ਘੱਟੇ-ਕੌਡੀ ਰੁਲਾ ਦਿੱਤਾ। ਨਾਲ ਹੀ ਇਹ ਵੀ ਕਿਹਾ, 'ਕਿ ਜਦੋਂ ਉਹ ਮਰ ਜਾਣਗੇ ਤਾਂ ਕਿਸੇ ਨੇ ਇਨ੍ਹਾਂ ਦੀ ਬਾਤ ਵੀ ਨਹੀ਼ ਪਾਉਂਣੀ ! ਇਸ ਤਰ੍ਹਾ ਬਾਬਰ ਦੇ ਅੱਤਿਆਚਰਾਂ ਨੂੰ ਵੀ ਗੁਰੂ ਜੀ ਨਾ ਜ਼ਰ ਸੱਕੇ ਅਤੇ ਬਾਬਰ ਨੂੰ ਵੀ ਨਿਰਦਈ ਕਹਿ ਕੇ ਉਸ ਦੀ ਨਿਖੇਧੀ ਕੀਤੀ।ਸਗੋਂ ! ਰੱਬ ਨਾਲ ਵੀ ਸ਼ਿਕਵਾ ਕੀਤਾ।
ਪਾਪ ਦੀ ਜੰਞ ਲੈ ਕਾਬਲਹੁ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ ।
ਸ਼ਰਮ ਧਰਮ ਦੋਏ ਛਪ ਖਲੋਏ, ਕੁੜ ਫਿਰੈ ਪ੍ਰਧਾਨ ਵੇ ਲਾਲੋ। (ਗੁਰੂ ਨਾਨਕ)
ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ॥
(ਪੰਨਾ 360/13 ਗੁਰੂ ਗ੍ਰੰਥ ਸਾਹਿਬ ਜੀ)
ਦਿੱਲੀ ਅੰਦਰ ਚਲ ਰਿਹਾ ਕੁਲ ਹਿੰਦ ਦਾ ਕਿਸਾਨ ਅੰਦੋਲਨ ਕਈ ਪੜਾਵਾਂ ਥਾਂਈ ਲੰਘ ਚੁੱਕਾ ਹੈ। ਦਿੱਲੀ ਵਿਖੇ ਹਾਕਮਾਂ ਦੀ ਧੱਕੇਸ਼ਾਹੀ ਵਿਰੁਧ ਪੰਜਾਬ, ਹਰਿਆਣਾ, ਯੂ.ਪੀ., ਰਾਜਸਥਾਨ ਅਤੇ ਦੇਸ਼ ਦੇ ਦੂਸਰੇ ਹਿੱਸਿਆਂ 'ਚੋ 'ਕਿਸਾਨ ਇੱਥੇ ਪੁਜ ਕੇ ਅੰਦੋਲਨ ਵਿੱਚ ਪੂਰਾ-ਪੂਰਾ ਯੋਗਦਾਨ ਪਾ ਰਹੇ ਹਨ। ਪਰ ਪੰਜਾਬੀਆਂ ਦੇ ਅਣਚੇਤਨ ਅੰਦਰ ਪਿਛਲੇ ਸਮਿਆਂ ਦੌਰਾਨ ਹਾਕਮਾਂ ਵਲੋਂ ਕੀਤੇ ਧੱਕੇਸ਼ਾਹੀ ਦੇ ਜਖ਼ਮ ਅੱਜੇ ਪੰਜ-ਸਦੀਆਂ ਬਾਦ ਵੀ ਭਰੇ ਗਏ ਨਹੀ਼ ਲਗਦੇ ਹਨ। ਦਿੱਲੀ ਉਨ੍ਹਾਂ ਨੂੰ ਜਾਬਰ, ਵਿਸ਼ਵਾਸ਼ਘਾਤੀ ਅਤੇ ਚਾਤੁਰ ਨੀਤ ਤੇ ਨੀਤੀ ਵੱਜੋ ਚੁੱਭ ਰਹੀ ਹੈ। ਇਸ ਲਈ ਕੁਝ ਸਦੀਆਂ ਪਿਛੇ ਜਾਣਾ ਪਏਗਾ ਤਾਂ ਕਿ ਹਾਕਮਾਂ ਨੂੰ ਕਿਸਾਨਾਂ ਦੇ ਸੰਘਰਸ਼ ਦਾ ਹੱਲ ਤਲਾਸ਼ਣ ਲਈ ਮਜਬੂਰ ਹੋਣਾ ਪਏ। ਪੰਜਾਬ ਅੰਦਰ ਬੰਦਾ ਬਹਾਦਰ ਦੀ ਮੌਤ ਦੇ ਦੌਰ ਪਿਛੋਂ ਸਿੱਖਾਂ ਨੇ ਇਕ ਆਜ਼ਾਦ ਰਿਆਸਤ ਬਣਾਈ। ਪ੍ਰੰਤੂ ਇਹ ਬੰਦਾ ਬਹਾਦਰ ਹੀ ਸੀ ਜਿਸ ਨੇ ਉਨ੍ਹਾਂ ਨੂੰ ਲੜਨਾ, ਫਤਹਿ ਕਰਨਾ ਅਤੇ ਸਦੀਆਂ ਦੀ ਗੁਲਾਮੀ ਦੇ ਪਿਛੋਂ ਪੰਜਾਬੀਆਂ ਦੇ ਦਿਲਾਂ ਵਿੱਚ ਇਕ ਆਜਾਦ ਹਕੂਮਤ ਬਣਾਉਣ ਦਾ ਜਜ਼ਬਾ ਉਤਪਨ ਕੀਤਾ ! ਇਹ ਬੰਦਾ ਬਹਾਦਰ ਦੇ ਕਾਰਨਾਮੇ ਹੀ ਸਨ ਜਿਨ੍ਹਾਂ ਨੇ ਸਿੱਖਾਂ ਅੰਦਰ ਦੇਸ਼ ਅਤੇ ਕੌਮ ਲਈ ਜਿਊਂਦੇ ਰਹਿਣ ਅਤੇ ਮਰਨ ਦਾ ਪੱਕਾ ਨਿਸ਼ਚਾ ਉਤਪਨ ਕੀਤਾ ਅਤੇ ਇਹ ਉਸੇ ਪੱਕੇ ਨਿਸਚੇ ਕਾਰਨ ਹੀ ਸੀ, 'ਕਿ ਪੰਜਾਬੀ ਹਿੰਦੂ-ਸਿੱਖਾਂ ਨੇ ਇੱਕਠੇ ਮਿਲ ਕੇ ਪੰਜਾਬ ਵਿੱਚੋਂ ਘ੍ਰਿਣਤ ''ਮੁਗਲ ਅਤੇ ਅਫ਼ਗਾਨ'' ਰਾਜ ਦਾ ਅੰਤ ਕੀਤਾ। ਉਥੇ ਆਪਣੇ ਲਈ ਇਕ ਆਜ਼ਾਦ ਰਾਜ ਸਥਾਪਤ ਕੀਤਾ ਜਿਸ ਨੂੰ ਉਹ ਆਪਣਾ ਜਮਾਂਦਰੂ ਅਧਿਕਾਰ ਸਮਝਦੇ ਸਨ (ਡਾ:ਗੰਡਾ ਸਿੰਘ)
ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਅੰਦਰ (ਪੈਰੋਕਾਰਾਂ) ਧਰਮ ਦੀ ਕਿਰਤ ਕਰਨੀ, ਵੰਡ ਕੇ ਛੱਕਣਾ ਤੇ ਬੇਲੋੜੇ ਆਦਰਸ਼ਾਂ ਅਤੇ ਵਿਖਾਇਆ ਦੇ ਰੀਤ-ਰਿਵਾਜਾਂ ਤੋਂ ਪ੍ਰਹੇਜ਼ ਕਰਨਾ ਤੇ ਭਾਈਚਾਰੇ ਨੂੰ ਮਜ਼ਬੂਤ ਕਰਨਾ ਸਿਖਾਇਆ। ਸਿੱਖ ਧਰਮ ਅੰਦਰ ਲੰਗਰ ਦੀ ਪ੍ਰਥਾ ਚਾਲੂ ਕਰਕੇ ਸਿੱਖ ਗੁਰੂਆਂ ਨੇ ਜਾਤ-ਪਾਤ, ਊਚ-ਨੀਚ ਅਤੇ ਵੱਡੇ-ਛੋਟੇ ਵਿਚਕਾਰ ਭਿੰਨ-ਭੇਦ ਨੂੰ ਸੱਟ ਮਾਰੀ। ਸਿੱਖ ਗੁਰੂਆਂ ਦੀ ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਅਤੇ ਭਾਰਤ ਦੇ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਇਕ ਬਹੁਤ ਹੀ ਮਹਾਨ ਘਟਨਾ ਸੀ। ਇਸ ਸ਼ਹਾਦਤ ਨੇ ਹੀ ਇਕ ਗੱਲ ਪੱਕੀ ਕਰ ਦਿੱਤੀ ਸੀ, 'ਕਿ ਸਿੱਖ ਧਰਮ ਗਰੀਬਾਂ, ਮਜ਼ਲੂਮਾਂ ਅਤ ਨਿਰਆਸਰਿਆ ਦੀ ਰੱਖਿਆ ਅਤੇ ਜ਼ੁਲਮ ਵਿਰਧ ਹਾਅ ! ਦਾ ਨਾਹਰਾ ਮਾਰਨ ਵਾਲੀ ਇਕ ਸੰਸਥਾ ਹੈ। ਦੂਸਰੇ ਫ਼ਿਰਕੇ ਲਈ ਕੁਰਬਾਨੀ ਦੇਣ ਦੀ ਪ੍ਰਥਾ ਦਾ ਸਿਹਰਾ ਵੀ ਸਿੱਖ ਗੁਰੂਆਂ ਦੇ ਸਿਰ ਜਾਂਦਾ ਹੈ। ਦੇਸ਼ ਅੰਦਰ ਅਜਿਹੀਆਂ ਹਜ਼ਾਰਾਂ ਉਦਾਹਰਣਾਂ ਹਨ ਜਿਥੇ ਹੋਰ ਲੋਕਾਂ ਨੇ ਵੀ ਹਾਕਮੀ ਜ਼ਬਰ ਵਿਰੁਧ ਪੂਰੇ ਸਬਰ, ਸਿਦਕ ਅਤੇ ਸ਼ਾਂਤਮਈ ਢੰਗ ਨਾਲ ਸਾਮੰਤਵਾਦ, ਬਸਤੀਵਾਦ ਅਤੇ ਮੌਜੂਦਾਂ ਹਾਕਮਾਂ ਦੇ ਅੱਤਿਆਚਾਰ ਦਾ ਡੱਟ ਕੇ ਮੁਕਾਬਲਾ ਕੀਤਾ। ਮੁਕਤੀ ਅੰਦੋਲਨ ਵੇਲੇ ਬੰਗਾਲ ਤੇ ਆਸਾਮ ਅੰਦਰ ਤੇ-ਭਾਗਾ ਲਹਿਰ, ਟਰਾਵਨਕੋਰ ਰਿਆਸਤ ਅੰਦਰ ਪੁਨਪਰਾ ਵਾਇਆ ਲਾਰ ਲਹਿਰ, ਬਿਹਾਰ ਅੰਦਰ ਬਿਰਸਾ ਮੁੰਡਾ, ਆਂਧਰਾ ਅੰਦਰ ਤਿੰਲਗਾਨਾ, ਦਿੱਲੀ ਦੇ ਆਲੇ-ਦੁਆਲੇ ਸਤਨਾਮੀ ਲਹਿਰ, ਪੰਜਾਬ ਅੰਦਰ ਕਿਸਾਨੀ ਮੋਰਚੇ, ਕਸ਼ਮੀਰ ਅੰਦਰ ਨੁਕਾ ਨਲ ਅਜਿਹੇ ਹੋਰ ਸੈਂਕੜੇ ਕਿਸਾਨ ਮੋਰਚੇ ਸਨ। ਜਿਨ੍ਹਾਂ ਅੰਦਰ ਕਿਸਾਨਾਂ ਨੇ ਨਿਸ਼ਾਨੇ ਨੂੰ ਸਥਾਪਤ ਕਰਕੇ ਅਨ੍ਹੇਰੇ ਨੂੰ ਰੌਸ਼ਨੀ 'ਚ ਬਦਲਣ ਲਈ ਸਫਲਤਾ ਪ੍ਰਾਪਤ ਕੀਤੀ ਸੀ।
ਦਿੱਲੀ ਦੇ ਆਲੇ ਦੁਆਲੇ ਕਿਸਾਨਾਂ ਦਾ ਪੁਰ-ਅਮਨ ਅੰਦੋਲਨ ਅੱਗੇ ਵੱਧ ਰਿਹਾ ਹੈ। ਇਸ ਅੰਦੋਲਨ ਦੀ ਸ਼ੁਰੂਆਤ ਭਾਵੇਂ ਪੰਜਾਬ ਦੀਆਂ ਵੱਖ-ਵੱਖ ਕਿਸਾਨ ਸਭਾਵਾਂ ਨੇ ਬੀੜਾ ਚੁੱਕ ਕੇ ਇਸ ਅੰਦੋਲਨ ਨੂੰ ਦੇਸ਼ ਦੇ ਸੰਗਠਨ ਕਿਸਾਨਾਂ ਦਾ ਰੂਪ ਦੇਣ ਲਈ ਇਕ ਨਿਗਰ ਹਿੱਸਾ ਪਾਇਆ ਹੈ। ਪਰ ਹਾਕਮ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਥਾਂ ਨਿਤ-ਦਿਨ ਕੋਈ ਨਾ ਕੋਈ ਭਸੂੜੀ ਖੜੀ ਕਰਕੇ ਅੰਦੋਲਨ ਨੂੰ ਕੁਰਾਹੇ ਪਾਉਣ ਦੀਆਂ ਚਾਲਾਂ ਚਲ ਰਹੇ ਹਨ। ਬਾਵਜੂਦ ਇਸ ਦੇ ਕਿਸਾਨ ਲਹਿਰ ਅੱਗੇ ਵੱਧ ਰਹੀ ਹੈ। ਸ਼ਾਂਤ ਤੇ ਅਨੁਸ਼ਾਸਿਤ ਅੰਦੋਲਨ ਤੋਂ ਘਬਰਾਏ ਹਾਕਮ ਪਾੜੋ ਤੇ ਰਾਜ ਕਰੋ ਨੀਤੀ ਰਾਹੀਂ ਕੋਈ ਨਾ ਕੋਈ ਬਹਾਨਾ ਲੱਭ ਰਹੇ ਹਨ ! ਤਿੰਨ ਖੇਤੀ ਕਨੂੰਨਾਂ ਦੇ ਕਿਸਾਨੀ ਤੇ ਪੈਣ ਵਾਲੇ ਦੁਰ-ਪ੍ਰਭਾਵਾਂ ਵਿਰੁਧ, ਵਾਤਾਵਰਨ ਸਬੰਧੀ ਲੋਕ ਵਿਰੋਧੀ ਆਰਡੀਨੈੱਸ ਤੇ ਬਿਜਲੀ ਸੋਧ ਬਿਲ 2020 ਰੱਦ ਕਰਨ ਦੀ ਥਾਂ, ਮੋਦੀ-ਸ਼ਾਹ ਦਾ ਅੜੀਅਲ ਵਤੀਰਾ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਥਾਂ ਕਿਸਾਨ ਅੰਦੋਲਨ ਉਤੇ ਜ਼ਬਰ ਢਾਉਣ ਲਈ ਸਖ਼ਤੀ ਕਰਨ ਦੇ ਬਹਾਨੇ ਲੱਭ ਰਿਹਾ ਹੈ। ਦੇਖੋ ! ਮੰਤਰੀ ਮੰਡਲ ਦੇ ਵਜ਼ੀਰ ਤੋਮਰ ਤੇ ਗੋਇਲ ਬਿਆਨ ਦਾਗਦੇ ਹਨ, 'ਕਿ ਕਿਸਾਨਾਂ ਦੇ ਪ੍ਰਦਰਸ਼ਨ ਪਿਛੇ ਕੌਣ ਸਨ ? ਹਾਕਮਾਂ ਦਾ ਗੋਦੀ ਮੀਡੀਆਂ, ਗਲੇ-ਸੜੇ ਸਮਾਜ ਅੰਦਰ ਪਾਲੇ ਜਾਂਦੇ ਹਾਕਮਾਂ ਵੱਲੋਂ ਵਿਸ਼ਟਾ ਦੇ ਇਹ ਕੀੜੇ ਅਤੇ ਖੁਦ ਹਾਕਮ ਵੀ ਤਰਕ ਦੀ ਥਾਂ ਅੰਦੋਲਨਕਾਰੀਆਂ ਨੂੰ ਬਦਨਾਮ ਕਰਨ ਲਈ ਊਲ-ਜਲੂਲ ਬੋਲਦੇ ਦੇਖੇ ਜਾ ਸਕਦੇ ਹਨ ! ਮੋਦੀ ਸਰਕਾਰ ਅੰਦਰ ਖੁਰਾਕ ਮੰਤਰੀ ਰਾਵ ਸਾਹਿਬ ਦਾਨਵੇ ਇਹ ਕਹਿ ਰਿਹਾ ਹੈ, 'ਕਿ ਦਿੱਲੀ ਬੈਠੇ ਲੋਕਾਂ ਨੂੰ ਪਾਕਿ ਤੇ ਚੀਨ ਦੀ ਸ਼ਹਿ ਹੈ ! ਪਰ ਜਦਕਿ ਕਿਸਾਨ ਅੰਦੋਲਨ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਵੱਡੀ ਪੱਧਰ ਤੇ ਹਮਾਇਤ ਮਿਲਣ 'ਤੇ ਮੋਦੀ ਸਰਕਾਰ ਖੁਦ ਘਬਰਾਈ ਹੋਈ ਹੈ। ਹਾਕਮ ਅਨਿਆਏ ਨੂੰ ਪਾਲ ਰਹੇ ਹਨ।
ਜਿਥੇ ਕਿਸਾਨ ਅੰਨ-ਦਾਤਾ ਆਪਣੇ ਖ਼ੂਨ ਪਸੀਨੇ ਰਾਹੀ ਖੇਤਾਂ 'ਚ ਭਾਂਤ-ਭਾਂਤ ਤਰ੍ਹਾਂ ਦੇ ਅਨਾਜ, ਫਲ ਅਤੇ ਸਬਜ਼ੀਆਂ ਪੈਦਾ ਕਰਕੇ ਲੋਕਾਈ ਦੀ ਭੁੱਖ ਦੂਰ ਕਰਨ ਲਈ ਇਸ ਸਮਾਜ ਅੰਦਰ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ। ਪਰ ਇਹ ਅੰਨ-ਦਾਤਾ ਸਦੀਆਂ ਤੋਂ ਹੀ ਅਣਗੌਲਿਆਂ ਆ ਰਿਹਾ ਹੈ। ਕਿਸਾਨ ਦੀ ਕਿਰਤ ਨਾਲ ਪੈਦਾ ਹੋਏ ਅਨਾਜ ਦੀ ਚੇਨ ਨਾਲ ਜੁੜੇ ਪੂੰਜੀਪਤੀ ਅਤੇ ਕਾਰਪੋਰੇਟ ਤਾਂ ਕਰੋੜਾਂਪਤੀ ਬਣ ਜਾਂਦੇ ਹਨ। ਪਰ ਇਹ ਕਿਸਾਨ ਖੁਦ ਕਿਸਾਨ ਹੀ ਰਹਿ ਜਾਂਦਾ ਹੈ।ਜੇਕਰ ਅੱਜ ਕਿਸਾਨਾਂ ਨੇ ਹੱਕ ਲਈ ਆਵਾਜ ਉਠਾਈ ਤਾਂ ਸਾਰੇ ਦੇਸ਼ ਅੰਦਰ ਹਾਕਮ ਜਮਾਤਾਂ, ਕਾਰਪੋਰੇਟ ਤੇ ਖੁਦ ਹਾਕਮਾਂ ਨੇ ਕੁਰਲਾਟ ਪਾ ਦਿੱਤੀ ਹੈ ! ਖੁਦ ਮੋਦੀ ਦੇ ਆਕਾ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੇ ਕਿਸਾਨ ਵਿੰਗ ''ਭਾਰਤੀ ਕਿਸਾਨ ਸੰਘ'' ਨੇ ਵੀ ਪਾਸ ਕੀਤੇ ਇਨ੍ਹਾਂ ਖੇਤੀ ਕਨੂੰਨਾਂ ਨੂੰ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਘਰਾਣਿਆ ਪੱਖੀ ਕਿਹਾ ਹੈ। ਪਰ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਥਾਂ ਨੰਨਾ ਧਰੀ ਬੈਠੀ ਹੈ। ਅਸਲ 'ਚ ਸਰਕਾਰ ਨੂੰ ਇਹ ਹਾਊਮੇ ਦੀ ਲੜਾਈ ਦੀ ਥਾਂ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਲਈ ਵੀ ਇਕ ਥਾਂ ਦੇਣੀ ਬਣਦੀ ਹੈ। ਸਰਕਾਰ ਵੱਲੋਂ ਕੇਵਲ ਰਾਜਸੀ ਵਣਜ ਅਤੇ ਵਾਪਾਰੀ ਦੇ ਖੇਤਰ ਦੇ ਦਾਇਰੇ ਅੰਦਰ ਰਹਿ ਕੇ ਕਨੂੰਨ ਬਣਾ ਕੇ ਪਿਛਾ ਛੁਡਾਉਣਾ ਇਹ ਰਾਹ ਤੇ ਫੈਸਲਾ ਕਰੋੜਾਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਨਹੀ ਹੈ।ਸਗੋ! ਰੁ।ੳ।+। ਦੇ ਦਿਸ਼ਾਂ ਨਿਰਦੇਸ਼ ਅਤੇ ਦੇਸ਼ ਦੇ ਚੰਦ ਕੁ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਲਈ ਖੇਤੀ, ਵਣਜ ਤੇ ਵਾਪਾਰ ਅੰਦਰ ਆ ਰਹੀਆਂ ਰੋਕਾਂ ਦੂਰ ਕਰਨ ਲਈ ਇਹ ਕਿਸਾਨ ਵਿਰੋਧੀ ਕਨੂੰਨ ਬਣਾਏ ਗਏ ਹਨ। ਇਹ ਕਨੂੰਨ ਕਿਸਾਨ ਵਿਰੋਧੀ ਹੀ ਨਹੀਂ ਸਗੋਂ ਦੇਸ਼ ਦੇ ਸੰਘੀ ਢਾਂਚੇ ਨੂੰ ਵੀ ਢਾਅ ਲਾਈ ਗਈ ਹੈ।
ਕਿਸੇ ਵੀ ਲਹਿਰ, ਸੰਘਰਸ਼ ਅਤੇ ਤਬਦੀਲੀ ਦੇ ਪਿਛੇ ਸਾਡੇ ਸਮਾਜਕ-ਸੱਭਿਆਚਾਰ ਵਿਰਸੇ ਦੇ ਇਤਿਹਾਸ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਲਹਿਰਾਂ ਨੂੰ ਸਮਝਣ ਅਤੇ ਇਨ੍ਹਾਂ ਵਿੱਚ ਸ਼ਾਮਲ ਹੋ ਕੇ ਹੀ ਇਤਿਹਾਸ ਦਾ ਇਕ ਹਿਸਾ ਬਣਨ ਲਈ ਇਸ ਦੇ ਪਿਛੋਕੜ ਦੀ ਪਰਪੱਕਤਾ ਪ੍ਰਤੀ ਜਾਣਕਾਰੀ ਹੀ ਸਾਡੇ ਵਿਰਸੇ ਨੂੰ ਜਿਊਂਦਾ ਰੱਖਦੀ ਹੈ। ਹਾਕਮ ਕਦੀ ਵੀ ਨਰੋਏ ਵਿਰਸੇ ਨੂੰ ਪਨਪਣ ਨਹੀਂ ਦੇਣਗੇ ? ਮਨੁੱਖੀ ਕਿਰਤ ਅਤੇ ਮਿਹਨਤ ਦੇ ਚਿੰਨ੍ਹ ''ਕਿਰਤੀ-ਕਿਸਾਨ'' ਦੇ ਵਿਰਸੇ, ਇਤਿਹਾਸ ਅਤੇ ਕੁਰਬਾਨੀਆਂ ਨੂੰ ਅੱਜ ਵੱਖਰੀ ਪਹਿਚਾਣ, ਫਿਰਕੂ ਰੰਗਤ ਅਤੇ ਕਾਰਪੋਰੇਟੀ ਖਪਤਵਾਦੀ ਪੁਠ ਚਾੜ੍ਹ ਕੇ ਮੌਜੂਦਾ ਹਾਕਮ ਸਦਾ ਹੀ ਆਪਣੇ ਹਿਤਾਂ ਲਈ ਬਦਲਣ ਦੇ ਯਤਨਾਂ 'ਚ ਰਹਿੰਦੇ ਹਨ। ਭਾਵੇਂ ਤਬਦੀਲੀ ਕੁਦਰਤ ਦੇ ਨਿਯਮ ਹਨ। ਪਰ ਕੁਦਰਤ ਅੰਦਰ ਹਰ ਵਸਤੂ ਨਿਰੰਤਰ ਗਤੀ ਅਤੇ ਵਿਕਾਸ ਦੇ ਅਮਲ ਵਿਚੋਂ ਲੰਘ ਰਹੀ ਹੁੰਦੀ ਹੈ। ਜੇਕਰ ਅਸੀਂ ਆਪਣਾ ਪੁਰਾਣਾ ਇਤਿਹਾਸ ਹੀ ਭੁੱਲ ਜਾਵਾਂਗੇ ਤਾਂ ਅਸੀਂ ਬੌਧਿਕ ਅਤੇ ਵਿਚਾਰਾਤਮਕ ਪ੍ਰਾਪਤੀਆਂ ਵਲ ਨਹੀਂ ਵੱਧ ਸਕਾਂਗੇ ? ਨਵੇਂ ਵਿਚਾਰ, ਸੰਕਲਪ ਅਤੇ ਅੱਗੇ ਵੱਧਣ ਲਈ ਸਾਨੂੰ ਸਾਕਾਰਾਤਮਕ ਰਾਹ ਨੂੰ ਅਪਨਾਉਣਾ ਪਏਗਾ ਜੋ ਸਾਡੇ ਵੱਡੇ ਵਡੇਰੇ ਸਾਡੇ ਲਈ ਛੱਡ ਗਏ ਹਨ ! ਜਦੋਂ ਭਾਰਤ ਅੰਦਰ ਬਸਤੀਵਾਦ ਵੇਲੇ ਕਿਸਾਨੀ ਅਤਿ ਸੰਕਟ ਗ੍ਰਸਤ ਸੀ ਤਾਂ ਉਸ ਵੇਲੇ 11-ਅਪ੍ਰੈਲ, 1936 ਨੂੰ ਲਖਨਊ ਵਿਖੇ ਕੁਲ ਹਿੰਦ ਕਿਸਾਨ ਸਭਾ ਅਤੇ ਬਾਦ ਵਿੱਚ 7-ਮਾਰਚ, 1937 ਨੂੰ ਲਾਹੌਰ ਦੇ ਬਰੈਡਲੇ ਹਾਲ ਵਿਖੇ ਪੰਜਾਬ ਕਿਸਾਨ ਸਭਾ ਦੀ ਨੀਂਹ ਧਰੀ ਸੀ। ਪੰਜਾਬ ਅੰਦਰ ਕਿਸਾਨ ਸਭਾ ਦੇ ਝੰਡੇ ਹੇਠ ਆਜ਼ਾਦੀ ਤੋਂ ਪਹਿਲਾ ਲੜੇ ਗਏ ਕਿਸਾਨੀ ਘੋਲਾਂ ਦੌਰਾਨ 28-ਸੱਤਿਅਗ੍ਰਹੀ ਸ਼ਹੀਦ ਹੋਏ ਸਨ ਅਤੇ 4636 ਕਿਸਾਨਾਂ ਨੇ ਲੰਬੀਆਂ ਕੈਦਾਂ ਕੱਟੀਆਂ ਸਨ।
ਪੰਜਾਬ ਦੀ ਕਿਸਾਨ ਲਹਿਰ ਦੇ ਇਤਿਹਾਸਕ ਪਿਛੋਕੜ 'ਚ ਬਹੁਤ ਸਾਰੇ ਕਿਸਾਨੀ ਘੋਲ ਲੜੇ ਗਏ ਤੇ ਪ੍ਰਾਪਤੀਆਂ ਵੀ ਹੋਈਆ। 1905-07 ਤਕ ਪੱਗੜੀ ਸੰਭਾਲ ਜੱਟਾਂ, ਮੁਲਤਾਨ ਦੇ ਇਲਾਕੇ ਅੰਦਰ ਵਹੀਆਂ ਖਾਤੇ ਸਾੜਨ, ਨਾ-ਮਿਲਵਰਤਨ ਲਹਿਰ, ਅਬਿਆਨਾ ਨਾ ਤਾਰਨ, ਪਹਿਲੀ ਜੰਗ ਬਾਦ ਫੌਜੀਆਂ ਨੂੰ ਪੈਨਸ਼ਨ ਨਾ ਦੇਣ, ਕੁਠਾਲਾ ਪਿੰਡ ਦੇ ਕਿਸਾਨਾਂ ਵਿਰੁਧ ਗੋਲੀ ਕਾਰਨ 11-ਮੌਤਾਂ, ਕਿਸਾਨੀ ਮੋਰਚੇ, ਪਰਜਾ ਮੰਡਲ ਲਹਿਰ, ਮੁਜਾਰਾ ਲਹਿਰ, ਆਜ਼ਾਦੀ ਤੋਂ ਪਹਿਲਾ ਜਗੀਰਦਾਰਾਂ ਵਿਰੁਧ ਮੋਰਚੇ ਤੇ ਅਨੇਕਾਂ ਕਿਸਾਨ ਸੰਘਰਸ਼ ਲੜੇ ਗਏ। ਕਿਸਾਨ ਸਭਾ ਪੰਜਾਬ ਦੀ ਅਗਵਾਈ 'ਚ ਕਿਸਾਨਾਂ 'ਤੇ ਮੁਜਾਰਿਆਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹੱਕ ਮਿਲੇ ਤੇ ਮਾਮਲਿਆਂ 'ਚ ਛੋਟਾਂ ਮਿਲੀਆਂ। ਆਜ਼ਾਦੀ ਬਾਦ 1959 ਦਾ ਖੁਸ਼ਹੈਸੀਅਤੀ ਟੈਕਸ ਵਿਰੁਧ, ਕੰਢੀ-ਬੀਤ ਦੀਆਂ ਸਮੱਸਿਆਵਾਂ, ਸੰਗੋਵਾਲ ਸੀਡ ਫਾਰਮ, ਅਬੋਹਰ ਸੀਡ ਫਾਰਮ ਮੋਰਚਾ, ਆਬਾਦਕਾਰਾਂ, ਖਾਲੇ ਪੱਕੇ ਕਰਨ, ਨਜੂਲੀ, ਨਿਕਾਸੀ ਤੇ ਜੰਗਲਾਤ ਅਧੀਨ ਜਮੀਨਾਂ ਮੁਜਾਰਿਆਂ ਨੂੰ ਦੇਣ, ਪੁਲਿਸ ਜ਼ਬਰ, ਮਹਿੰਗਾਈ ਤੇ ਲੋਕ ਮੰਗਾਂ, ਬੱਸ ਕਿਰਾਇਆ ਅੰਦੋਲਨ ਵਿਰੁਧ ਅਨੇਕਾਂ ਕਿਸਾਨ ਘੋਲ ਲੜੇ ਗਏ ਤੇ ਪ੍ਰਾਪਤ ਵੀ ਹੋਈਆਂ। ਪੰਜਾਬ ਕਿਸਾਨ ਸਭਾ ਸਦਾ ਹੀ ਆਪਣੀ ਸਮਰੱਥਾ ਅਨੁਸਾਰ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਲਈ ਸੰਘਰਸ਼ਸ਼ੀਲ ਰਹੀ ਹੈ। ਕਿਸਾਨਾਂ ਦਾ ਰਾਹ-ਦਸੇਰਾ ਬਣਨ ਦਾ ਸਭਾ ਦਾ ਪੁਰਾਣਾ ਇਤਿਹਾਸ ਰਿਹਾ ਹੈ। ਅੱਜ ਵੀ ਅਸੀਂ ਇਕੱਠੇ ਹਾਂ ਕੱਲ ਨੂੰ ਵੀ ਇਕੱਠੇ ਰਹਾਂਗੇ। ਇਹ ਕਿਸਾਨਾਂ ਦਾ ਨਾਹਰਾ ਹੈ।
ਕਿਸਾਨ ਲੋਕਾਂ ਦੇ ਅੰਨ-ਦਾਤਾ ਹਨ ! ਕਿਸਾਨ ਸਹਿਣਸ਼ੀਲਤਾ ਤੇ ਸ਼ਾਂਤੀ ਰਾਹੀਂ ਭੁੱਖੇ ਪੇਟ ਲਈ ਅਨਾਜ ਪੈਦਾ ਕਰਕੇ ਇਸ ਧਰਤੀ 'ਤੇ ਵਧੀਆ ਮਨੁੱਖੀ ਸਮਾਜ ਨੂੰ ਕਾਇਮ ਰੱਖਣ, ਵੱਧਣ-ਫੁਲਣ ਲਈ ਯਤਨਸ਼ੀਨ ਰਹੇ ਹਨ। ''ਸਾਡੀ ਮਿਹਨਤ, ਦ੍ਰਿੜਤਾ ਤੇ ਕੁਰਬਾਨੀ ਕਿੰਨੇ ਸੋਹਣੇ ਅਨਾਜ, ਫਲ, ਸਬਜ਼ੀਆਂ ਮਨੁੱਖਤਾ ਦੀ ਭੁੱਖ ਮਿਟਾਉਣ ਲਈ ਹਰ ਵੇਲੇ ਤਤਪਰ ਰਹਿੰਦੀ ਹੈ।'' ਅਸੀਂ ਆਪਣਾ ਹੱਕ ਮੰਗ ਰਹੇ ਹਾਂ। ਭੀਖ ਨਹੀਂ ! ਤੁਸੀਂ ਲੋਕਤੰਤਰ ਦਾ ਘਾਣ ਨਾ ਕਰੋ ! ਯਾਦ ਰੱਖੋ ਜੇਕਰ ਕਿਸਾਨ ਅੰਦੋਲਨ ਦਾ ਸੁਭਾਅ ਹਠੀ ਹੋ ਗਿਆ ਤਾਂ ਇਸ ਲਈ ਹਾਕਮ ਹੀ ਜਿੰਮੇਵਾਰ ਹੋਣਗੇ ! ਕਿਉਂਕਿ ਅਕਤੂਬਰ-1795, ਨੂੰ ਪੈਰਿਸ (ਵੇਂਡੀਮਾਈਰੇ) ਵਿਖੇ ਜਦੋਂ ਨੋਪੋਲੀਅਨ ਦੀਆਂ ਵਹਿਫ ਆਫ ਗ੍ਰੇਪ ਸ਼ਾਟ ਦੀਆਂ ਤੋਪਾਂ ਨੇ ਕਿਸਾਨਾਂ ਤੇ ਗੋਲੇ ਵਰਸਾਏ ਅਤੇ 1905 ਨੂੰ ਸੇਂਟ ਪੀਟਰ ਵਰਗ ਵਿਖੇ (ਖੂਨੀ ਐਤਵਾਰ) ਕਿਸਾਨਾਂ ਦੇ ਖੂਨ ਨਾਲ ਹੋਲੀ ਖੇਡੀ ਗਈ ਸੀ ਤਾਂ ਬਾਦ ਵਿੱਚ ਕੀ ਭਾਣਾ ਵਰਤਿਆ ਸੀ ? ਇਤਿਹਾਸ ਨੂੰ ਪੁਛ ਕੇ ਦੇਖੋ ? ਕਿਸਾਨਾਂ ਦੇ ਇਮਾਨ ਨੂੰ ਪਛਾਣੋ ਤੇ ਅਰਮਾਨਾਂ ਨੂੰ ਹੋਰ ਨਾ ਪਰਖੋ ?
ਅਮਲ ਕਰਿ ਧਰਤੀ, ਬੀਜ ਸ਼ਬਦ ਕਰਿ, ਸਚ ਕੀ ਆਬ, ਨਿਤ ਦੇਹਿ ਪਾਣੀ ॥
ਹੋਇ ਕਿਰਸਾਣੁ, ਈਮਾਨ ਕੰਮਾਇ ਲੈ; ਭਿਸਤੁ ਦੋਜਕ ਮੂਡੇ ਏਵ ਜਾਣੀ॥੧॥
(ਸਿਰੀ ਰਾਗੁ ਮਹੱਲਾ ੧)
919217997445
ਜਗਦੀਸ਼ ਸਿੰਘ ਚੋਹਕਾ
0014032854208