ਕਿਰਤ ਦੀ ਲੜਾਈ 'ਟੁਕੜੇ-ਟੁਕੜੇ' ਲੜਨ ਦੀ ਥਾਂ ਇਕੱਠੇ ਹੋਣਾ ਪਵੇਗਾ - ਜਤਿੰਦਰ ਪਨੂੰ
ਭਾਰਤ ਦਾ ਆਮ ਆਦਮੀ ਇਸ ਵਕਤ ਆਪਣੀ ਹੋਂਦ ਅਤੇ ਭਵਿੱਖ ਦੀ ਲੜਾਈ ਲੜ ਰਿਹਾ ਹੈ। ਕਿਸਾਨ ਸੰਘਰਸ਼ ਉਸ ਵੱਡੀ ਲੜਾਈ ਦਾ ਇੱਕ ਅਹਿਮ ਪੜਾਅ ਹੈ, ਪਰ ਇੱਕੋ-ਇੱਕ ਨਹੀਂ। ਲੜਾਈ ਇਸ ਤੋਂ ਬਹੁਤ ਅਗਾਂਹ ਤੱਕ ਜਾਣ ਦਾ ਸੰਕੇਤ ਦੇਂਦੀ ਹੈ, ਪਰ ਭਾਰਤ ਦਾ ਆਮ ਆਦਮੀ ਜਿਸ ਤਰ੍ਹਾਂ ਲੜ ਰਿਹਾ ਹੈ, ਉਹ ਠੀਕ ਸੇਧ ਵਿੱਚ ਨਹੀਂ। ਭਾਰਤ ਦੀ ਵਾਗ ਸੰਭਾਲੀ ਬੈਠੀ ਸਭ ਤੋਂ ਵੱਡੀ ਪਾਰਟੀ ਭਾਜਪਾ ਦੇ ਬੁਲਾਰੇ ਤੇ ਉਨ੍ਹਾਂ ਵਾਲੀ ਪਟੜੀ ਚੜ੍ਹੇ ਹੋਏ ਲੋਕ ਜਦੋਂ ਆਪਣੇ ਚਹੇਤੇ ਨੇਤਾ ਦੀ ਕਿਸੇ ਇੱਛਾ ਦਾ ਕਿਸੇ ਵੀ ਕਿਸਮ ਦਾ ਵਿਰੋਧ ਹੁੰਦਾ ਵੇਖਦੇ ਹਨ ਤਾਂ ਉਹ ਹਰ ਥਾਂ ਜਥੇਬੰਦ ਫੌਜ ਵਾਂਗ ਚੜ੍ਹਾਈ ਕਰਨ ਨੂੰ ਤਿਆਰ ਰਹਿੰਦੇ ਹਨ। ਉਨ੍ਹਾਂ ਦਾ ਕਿਸੇ ਵੀ ਵਿਰੋਧੀ ਉੱਤੇ ਊਜ ਲਾਉਣ ਦਾ ਸਭ ਤੋਂ ਵੱਡਾ ਹਥਿਆਰ ਉਸ ਨੂੰ 'ਟੁਕੜੇ-ਟੁਕੜੇ' ਗੈਂਗ ਕਹਿਣਾ ਹੁੰਦਾ ਹੈ। ਫਿਲਮ ਸਟਾਰ ਕੰਗਨਾ ਰਣੌਤ ਇਸ ਮਾਮਲੇ ਵਿੱਚ ਸਭ ਤੋਂ ਤਾਜ਼ਾ ਮਿਸਾਲ ਬਣੀ ਹੈ। ਉਸ ਨੇ ਦਿੱਲੀ ਬਾਰਡਰ ਉੱਤੇ ਧਰਨੇ ਲਾਈ ਬੈਠੇ ਕਿਸਾਨਾਂ ਵਿੱਚ ਸ਼ਾਮਲ ਬੀਬੀ ਮਹਿੰਦਰ ਕੌਰ ਨੂੰ ਜਦੋਂ 'ਸੌ ਰੁਪਏ ਵਿੱਚ ਧਰਨਾ ਲਾਉਣ ਵਾਲੀ' ਕਿਹਾ ਤਾਂ ਕਈ ਲੋਕਾਂ ਨੇ ਉਸ ਦਾ ਵਿਰੋਧ ਕੀਤਾ। ਇਸ ਦੌਰਾਨ ਜਦੋਂ ਉਹ ਦਿਲਜੀਤ ਸਿੰਘ ਦੋਸਾਂਝ ਨਾਲ ਟਵੀਟ-ਜੰਗ ਲੜਦੀ ਪਈ ਸੀ ਤਾਂ ਉਸ ਨੇ ਵੀ 'ਟੁਕੜੇ-ਟੁਕੜੇ' ਗੈਂਗ ਦਾ ਮਿਹਣਾ ਮਾਰਿਆ ਹੈ। ਜਿਨ੍ਹਾਂ ਲੋਕਾਂ ਨੂੰ ਸਰਕਾਰ ਵਿਰੁੱਧ ਲੜਨ ਬਦਲੇ 'ਟੁਕੜੇ-ਟੁਕੜੇ' ਗੈਂਗ ਦਾ ਮਿਹਣਾ ਮਾਰ ਕੇ ਦੇਸ਼ ਦੇ ਟੁਕੜੇ ਕਰਨ ਵਾਲੇ ਕਿਹਾ ਜਾਂਦਾ ਹੈ, ਉਹ ਦੇਸ਼ ਦੇ ਟੁਕੜੇ ਕਰਨ ਵਾਲੇ ਨਹੀਂ, ਅਸਲ ਵਿੱਚ ਉਹ 'ਟੁਕੜਾ-ਟੁਕੜਾ ਲੜਾਈ ਲੜਨ ਵਾਲੇ' ਹਨ। ਕੋਈ ਜਣਾ ਭਾਰਤ ਦੇਸ਼ ਦੇ ਉੱਤਰ ਵਿੱਚ ਆਪਣੇ ਹੱਕਾਂ ਦੀ ਲੜਾਈ ਲੜਦਾ ਹੈ ਤਾਂ ਉਸ ਨੂੰ ਦੱਖਣ ਵਾਲਿਆਂ ਦੀ ਮਦਦ ਇਸ ਕਰ ਕੇ ਨਹੀਂ ਮਿਲਦੀ ਕਿ ਜਦੋਂ ਦੱਖਣ ਵਾਲਿਆਂ ਨੇ ਲੜਾਈ ਸੀ, ਓਦੋਂ ਉੱਤਰ ਵਾਲੇ ਚੁੱਪ ਰਹੇ ਸਨ ਤੇ ਜਦੋਂ ਪੂਰਬ ਵਾਲਿਆਂ ਨੇ ਲੜਾਈ ਲੜੀ, ਓਦੋਂ ਪੱਛਮ ਵਾਲੇ ਰਾਜਾਂ ਦੇ ਲੋਕਾਂ ਨੇ ਇਸ ਲੜਾਈ ਦਾ ਸਾਥ ਕੀ ਦੇਣਾ ਸੀ, ਇਸ ਦੇ ਹੱਕ ਵਿੱਚ ਕਦੀ ਹਾਅ ਦਾ ਨਾਅਰਾ ਤੱਕ ਵੀ ਮਾਰਨ ਦੀ ਲੋੜ ਵੀ ਨਹੀਂ ਸੀ ਸਮਝੀ। ਇਸ ਵਕਤ ਇਹੋ ਕੁਝ ਕਿਸਾਨਾਂ ਦੇ ਮੁੱਦੇ ਉੱਤੇ ਹੋ ਰਿਹਾ ਹੈ।
ਰਾਜ ਕਰਨ ਵਾਲੀ ਧਿਰ ਨੂੰ ਚੁਸਤ ਤਾਂ ਮੰਨਿਆ ਜਾਂਦਾ ਹੈ, ਪਰ ਇਹ ਹਕੀਕਤ ਬਹੁਤੇ ਲੋਕ ਨਹੀਂ ਜਾਣਦੇ ਹੋਣੇ ਕਿ ਇਸ ਦੇ ਪੈਂਤੜੇ ਅਤੇ ਇਸ ਦੇ ਬੁਲਾਰਿਆਂ ਦੀ ਸਿਖਲਾਈ ਕਿਸੇ ਏਕੀ-ਕ੍ਰਿਤ ਕਮਾਂਡ ਹੇਠ ਹੁੰਦੀ ਹੈ। ਉਹ ਧਿਰ ਭਾਰਤ ਦੇ ਲੋਕਾਂ ਦੀ ਨਜ਼ਰ ਵਿੱਚ ਇੱਕ ਧਰਮ ਦਾ ਰਾਜ ਕਾਇਮ ਕਰਨ ਲਈ ਸਰਗਰਮ ਹੈ, ਪਰ ਅਸਲ ਵਿੱਚ ਇੱਕ ਧਰਮ ਨਾਲੋਂ ਵੀ ਅੱਗੇ ਉਹ ਉਸ ਤਰ੍ਹਾਂ ਦਾ ਰਾਜ ਕਰਨ ਤੱਕ ਸੋਚ ਰੱਖਦੀ ਹੈ, ਜਿਸ ਨੂੰ ਚਲਾਉਣ ਵਾਸਤੇ ਮਨੂੰ ਨੇ ਵਰਣ-ਵਿਵਸਥਾ ਬਣਾਈ ਸੀ। ਬ੍ਰਹਮਾ ਦਾ ਪੁੱਤਰ ਮੰਨੇ ਜਾਣ ਵਾਲੇ ਮਨੂੰ ਸਵਅੰਭੁਵ ਨੇ ਜਿਹੜੀ ਸਿਮ੍ਰਤੀ ਸ਼ੁਰੂ ਕੀਤੀ ਸੀ, ਉਸ ਨੂੰ ਪੜ੍ਹੀਏ ਤਾਂ ਅਜੋਕੇ ਹਿੰਦੂਤੱਵ ਦੇ ਪ੍ਰਚਾਰਕਾਂ ਤੇ ਢੰਡੋਰਚੀਆਂ ਦੀ ਸਾਰੀ ਖੇਡ ਸਮਝ ਆ ਜਾਂਦੀ ਹੈ। ਸਾਡੇ ਕੁਝ ਲੋਕ ਏਦਾਂ ਦਾ ਮੁੱਦਾ ਚੁੱਕਦੇ ਹਨ ਕਿ ਪੰਜਾਬ ਨਾਲ ਹੋ ਰਹੇ ਧੱਕੇ ਦਾ ਕਾਰਨ ਇਹ ਹੈ ਕਿ ਏਥੇ ਸਿੱਖ ਵੱਸਦੇ ਹਨ ਅਤੇ ਸਿੱਖ ਇਸ ਸਰਕਾਰ ਨੂੰ ਸਬਕ ਸਿਖਾ ਦੇਣਗੇ। ਉਨ੍ਹਾਂ ਨੂੰ ਇਹ ਗੱਲ ਪਤਾ ਨਹੀਂ ਕਿ ਪਿਛਲੇ ਮਹੀਨੇ ਜਦੋਂ ਮੰਡੀਆਂ ਵਿੱਚ ਝੋਨਾ ਵਿਕ ਰਿਹਾ ਸੀ, ਉੱਤਰ ਪ੍ਰਦੇਸ਼ ਦੇ ਕਿਸਾਨਾਂ ਤੋਂ ਉਨ੍ਹਾਂ ਦਾ ਝੋਨਾ ਸਾਢੇ ਨੌਂ ਸੌ ਰੁਪਏ ਖਰੀਦਿਆ ਅਤੇ ਪੰਜਾਬ ਦੇ ਸ਼ੈਲਰਾਂ ਦੇ ਕੁਝ ਮਾਲਕਾਂ ਨੂੰ ਚੌਦਾਂ-ਪੰਦਰਾਂ ਸੌ ਰੁਪਏ ਵੇਚਿਆ ਜਾਂਦਾ ਸੀ। ਉਹ ਸ਼ੈਲਰ ਮਾਲਕ ਚੌਦਾਂ-ਪੰਦਰਾਂ ਸੌ ਰੁਪਏ ਦਾ ਖਰੀਦਿਆ ਝੋਨਾ ਅੱਗੇ ਮੰਡੀ ਵਿੱਚ ਕਿਸਾਨਾਂ ਦੇ ਜਾਅਲੀ ਨਾਂਅ ਲਿਖਾ ਕੇ ਘੱਟੋ-ਘੱਟ ਖਰੀਦ ਦੇ ਸਰਕਾਰੀ ਭਾਅ ਲਗਭਗ ਉੱਨੀ ਸੌ ਰੁਪਏ ਨੂੰ ਵੇਚ ਕੇ ਮੋਟਾ ਮਾਲ ਕਮਾ ਰਹੇ ਸਨ। ਇਸ ਵਿੱਚ ਕਿਹੜੇ ਠੱਗ ਨੇ ਕਿੰਨਾ ਮਾਲ ਕਮਾਇਆ, ਇਹ ਗੱਲ ਪਾਸੇ ਛੱਡ ਕੇ ਸੋਚਣ ਦੀ ਗੱਲ ਤਾਂ ਇਹ ਹੈ ਕਿ ਉੱਤਰ ਪ੍ਰਦੇਸ਼ ਵਿੱਚੋਂ ਜਿਨ੍ਹਾਂ ਕਿਸਾਨਾਂ ਤੋਂ ਅੱਧੇ ਮੁੱਲ ਉੱਤੇ ਝੋਨਾ ਖਰੀਦ ਕੇ ਉਨ੍ਹਾਂ ਨੂੰ ਲੁੱਟਿਆ ਗਿਆ, ਉਹ ਕਿਸਾਨ ਸਿੱਖ ਨਹੀਂ, ਬਹੁਤਾ ਕਰ ਕੇ ਹਿੰਦੂ ਹਨ ਤੇ ਓਥੇ ਹਿੰਦੂਤੱਵ ਦੇ ਨਾਂਅ ਉੱਤੇ ਰਾਜਨੀਤੀ ਦੀ ਝੰਡਾ ਬਰਦਾਰ ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਇੱਕ ਹਿੰਦੂਤੱਵੀ ਸੰਤ ਦਾ ਰਾਜ ਹੈ। ਸਾਫ ਹੈ ਕਿ ਹਿੰਦੂਤਵ ਦੇ ਬਹਾਨੇ ਰਾਜ ਕਰਨ ਵਾਲਿਆਂ ਦੀ ਨੀਤੀ ਹਿੰਦੂ ਭਾਈਚਾਰੇ ਨੂੰ ਬਚਾਉਣ ਦੀ ਕੋਈ ਨਹੀਂ। ਉਸ ਰਾਜ ਦੀ ਹਿੰਦੂ ਬਹੁ-ਗਿਣਤੀ ਲਾਈਨਾਂ ਬੰਨ੍ਹ ਕੇ ਭਾਜਪਾ ਦੇ ਪਿੱਛੇ ਭੁਗਤੀ ਅਤੇ ਪਾਰਲੀਮੈਂਟ ਦੀਆਂ ਅੱਸੀਆਂ ਵਿੱਚੋਂ ਬਾਹਠ ਸੀਟਾਂ ਅਤੇ ਅਸੈਂਬਲੀ ਦੀਆਂ ਚਾਰ ਸੌ ਤਿੰਨ ਸੀਟਾਂ ਵਿੱਚੋਂ ਤਿੰਨ ਸੌ ਬਾਰਾਂ ਸੀਟਾਂ ਜਿੱਤਣ ਲਈ ਇਸ ਪਾਰਟੀ ਦੀ ਮਦਦ ਕੀਤੀ ਸੀ। ਇਸ ਨੇ ਉਨ੍ਹਾਂ ਚੀਕਾਂ ਮਾਰਦਿਆਂ ਦੀ ਮਦਦ ਨਹੀਂ ਕੀਤੀ।
ਦਿੱਲੀ ਵਾਲੇ ਬਾਰਡਰ ਉੱਤੇ ਜਿਹੜੇ ਕਿਸਾਨ ਇਸ ਵੇਲੇ ਲੜ ਰਹੇ ਹਨ, ਉਹ ਵੀ ਇਕੱਲੇ ਸਿੱਖ ਨਹੀਂ, ਹਰਿਆਣਾ ਤੇ ਰਾਜਸਥਾਨ ਜਾਂ ਉੱਤਰ ਪ੍ਰਦੇਸ਼ ਦੇ ਹਿੰਦੂ ਅਤੇ ਮੁਸਲਮਾਨ ਕਿਸਾਨ ਵੀ ਉਨ੍ਹਾਂ ਦੇ ਨਾਲ ਬੈਠੇ ਦਿਖਾਈ ਦੇਂਦੇ ਹਨ। ਜਿਹੜੇ ਗੁਜਰਾਤ ਨੂੰ ਸਾਰੇ ਦੇਸ਼ ਮੂਹਰੇ ਮਾਡਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਓਥੋਂ ਦੇ ਕਿਸਾਨ ਵੀ ਦਿੱਲੀ ਵਾਲੇ ਧਰਨੇ ਵਿੱਚ ਆਏ ਹਨ ਤੇ ਦੱਸ ਰਹੇ ਹਨ ਕਿ ਓਥੇ ਵੀ ਇੱਕੋ ਅਡਾਨੀ ਘਰਾਣਾ ਬਾਕੀ ਸਭ ਨੂੰ ਚੱਬੀ ਜਾਂਦਾ ਹੈ, ਜਿਸ ਨੇ ਕਿਸਾਨਾਂ ਨੂੰ ਵੀ ਆਪਣੇ ਪੈਰਾਂ ਉੱਤੇ ਖੜੇ ਨਹੀਂ ਰਹਿਣ ਦਿੱਤਾ। ਸਾਨੂੰ ਉਹ ਦਿਨ ਯਾਦ ਹਨ, ਜਦੋਂ ਭਾਰਤ ਦੇ ਲੋਕਾਂ ਨੂੰ ਪੰਜ ਕੇ ਘਰਾਣਿਆਂ: ਟਾਟਾ, ਬਿਰਲਾ, ਡਾਲਮੀਆ, ਸਿੰਘਾਨੀਆ ਜਾਂ ਵਾਡੀਆ ਤੱਕ ਦਾ ਹੀ ਪਤਾ ਹੁੰਦਾ ਸੀ, ਫਿਰ ਸਮਾਂ ਬਦਲਿਆ ਤੇ ਇਨ੍ਹਾਂ ਪੰਜਾਂ ਘਰਾਣਿਆਂ ਨੂੰ ਪਿੱਛੇ ਛੱਡ ਕੇ ਇੰਦਰਾ ਗਾਂਧੀ ਦੀ ਸਰਪ੍ਰਸਤੀ ਸਦਕਾ ਧੀਰੂ ਭਾਈ ਅੰਬਾਨੀ ਵਾਲਾ ਰਿਲਾਇੰਸ ਘਰਾਣਾ ਤੇਜ਼ੀ ਨਾਲ ਉੱਭਰਿਆ ਤੇ ਸੰਸਾਰ ਦੇ ਸਿਖਰਲੇ ਦਸ ਘਰਾਣਿਆਂ ਵਿੱਚ ਆ ਗਿਆ ਸੀ। ਜਦੋਂ ਗੁਜਰਾਤ ਵਿੱਚ ਨਰਿੰਦਰ ਮੋਦੀ ਦਾ ਰਾਜ ਆਇਆ ਤਾਂ ਸਾਰੇ ਭਾਰਤ ਦੇ ਘਰਾਣੇ ਅਜੇ ਅਟਲ ਬਿਹਾਰੀ ਵਾਜਪਾਈ ਨੂੰ ਭਾਰਤ ਦੀ ਰਾਜਨੀਤੀ ਦਾ ਕੁਤਬ-ਮੀਨਾਰ ਸਮਝੀ ਬੈਠੇ ਸਨ ਤੇ ਉਹ ਸਮਝ ਨਹੀਂ ਸਨ ਸਕੇ, ਜਦੋਂ ਮੋਦੀ ਦੀ ਸੋਚ ਅਤੇ ਪਹੁੰਚ ਦਾ ਕੱਟੜ ਸਮੱਰਥਕ ਗੌਤਮ ਅਡਾਨੀ ਇੱਕਦਮ ਅੱਗੇ ਆਇਆ ਤੇ ਤੇਜ਼ੀ ਨਾਲ ਹੋਰ ਸਭਨਾਂ ਨੂੰ ਪਛਾੜਦਾ ਚਲਾ ਗਿਆ ਸੀ। ਓਦੋਂ ਉਹ ਮਸਾਂ ਪੰਜ ਹਜ਼ਾਰ ਕਰੋੜ ਰੁਪਏ ਮਾਲਕੀ ਵਾਲੇ ਘਰਾਣੇ ਦਾ ਮਾਲਕ ਸੀ, ਪਿਛਲੇ ਹਫਤੇ ਸੰਸਾਰ ਪੱਧਰ ਦੀਆਂ ਏਜੰਸੀਆਂ ਨੇ ਰਿਪੋਰਟ ਦਿੱਤੀ ਹੈ ਕਿ ਉਹ ਰਿਲਾਇੰਸ ਵਾਲੇ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਭਾਰਤ ਦਾ ਨੰਬਰ ਇੱਕ ਅਮੀਰ ਬਣ ਗਿਆ ਹੈ। ਉਸ ਦੀ ਚੜ੍ਹਤ ਦਾ ਗੇਅਰ ਅਜੇ ਤੱਕ ਲੱਗਾ ਪਿਆ ਹੈ ਅਤੇ ਉਹ ਭਾਰਤ ਦੀਆਂ ਹੱਦਾਂ ਤੋਂ ਪਾਰ ਆਸਟਰੇਲੀਆ ਵਰਗੇ ਦੇਸ਼ਾਂ ਤੱਕ ਕਾਰੋਬਾਰ ਦੇ ਮਾਮਲੇ ਵਿੱਚ ਬੜੇ ਵੱਡੇ ਦਾਬੇ ਵਾਲਾ ਹੋ ਗਿਆ ਹੈ। ਉਸ ਦੇ ਦਬਦਬੇ ਦਾ ਕਾਰਨ ਉਸ ਦੇ ਪਿੱਛੇ ਭਾਰਤ ਸਰਕਾਰ ਦਾ ਖੜੋਤੇ ਦਿਖਾਈ ਦੇਣਾ ਅਤੇ ਸਰਕਾਰ ਦੀ ਕਮਾਨ ਇੱਕ ਧੜੱਲੇਦਾਰ ਬੰਦੇ ਦੇ ਹੱਥ ਹੋਣਾ ਸਮਝਿਆ ਜਾਂਦਾ ਹੈ।
ਅਸੀਂ ਇਹੋ ਜਿਹੇ ਕਈ ਲੋਕਾਂ ਨੂੰ ਜਾਣਦੇ ਹਾਂ, ਉਨ੍ਹਾਂ ਨਾਲ ਕਦੇ-ਕਦੇ ਗੱਲਬਾਤ ਵੀ ਹੁੰਦੀ ਹੈ, ਜਿਹੜੇ ਇਸ ਧਾਰਨਾ ਦਾ ਸ਼ਿਕਾਰ ਹਨ ਕਿ ਮੋਦੀ ਸਰਕਾਰ ਦਾ ਮਤਲਬ 'ਅੱਠ ਸੌ ਸਾਲ ਬਾਅਦ ਆਇਆ ਹਿੰਦੂ ਰਾਜ' ਹੈ, ਪਰ ਉਹ ਇਹ ਨਹੀਂ ਜਾਣਦੇ ਕਿ ਇਹ ਰਾਜ ਜਿਨ੍ਹਾਂ ਲੋਕਾਂ ਦਾ ਰਗੜਾ ਕੱਢ ਰਿਹਾ ਹੈ, ਉਨ੍ਹਾਂ ਵਿੱਚ ਵੀ ਬਹੁਤੇ ਹਿੰਦੂ ਹਨ। ਸਰਕਾਰੀ ਖੇਤਰ ਦੀਆਂ ਜਿਹੜੀਆਂ ਕੰਪਨੀਆਂ ਬੰਦ ਕੀਤੀਆਂ ਜਾਂ ਸਰਮਾਏਦਾਰ ਘਰਾਣਿਆਂ ਨੂੰ ਵੇਚ ਦਿੱਤੀਆਂ ਗਈਆਂ ਹਨ, ਭਾਰਤ ਅੰਦਰ ਬਹੁ-ਗਿਣਤੀ ਭਾਈਚਾਰਾ ਹਿੰਦੂ ਹੋਣ ਕਾਰਨ ਉਨ੍ਹਾਂ ਸਰਕਾਰੀ ਕੰਪਨੀਆਂ ਦੀ ਸੇਲ ਨਾਲ ਰਗੜੇ ਗਏ ਬਹੁਤ ਕਾਰਿੰਦੇ ਵੀ ਹਿੰਦੂ ਹੀ ਸਨ। ਉਨ੍ਹਾਂ ਹਿੰਦੂ ਮੁਲਾਜ਼ਮਾਂ ਵਿੱਚੋਂ ਵੀ ਬਹੁਤ ਸਾਰਿਆਂ ਨੇ ਪਿਛਲੀਆਂ ਦੋ ਪਾਰਲੀਮੈਂਟ ਚੋਣਾਂ ਦੇ ਦੌਰਾਨ 'ਹਰ-ਹਰ ਮੋਦੀ, ਘਰ-ਘਰ ਮੋਦੀ' ਵਾਲਾ ਜਾਪ ਜਪਿਆ ਹੋਵੇਗਾ ਅਤੇ ਅੱਜ ਅੱਖਾਂ ਵਿੱਚ ਘਸੁੰਨ ਦੇ ਕੇ ਰੋਂਦੇ ਦਿਖਾਈ ਦੇਂਦੇ ਹਨ। ਇਸ ਵੇਲੇ ਭਾਰਤ ਦੀ ਸਮੁੱਚੀ ਕਿਰਤੀ ਜਮਾਤ ਬਹੁਤ ਵੱਡੇ ਖਤਰੇ ਦੇ ਮੂੰਹ ਅੱਗੇ ਖੜੋਤੀ ਹੈ। ਜਦੋਂ ਵੀ ਉਸ ਦਾ ਕੋਈ ਸੰਘਰਸ਼ ਸ਼ੁਰੂ ਹੁੰਦਾ ਹੈ, ਉਸ ਦੀ ਭੰਡੀ ਕਰਨ ਲਈ 'ਟੁਕੜੇ-ਟੁਕੜੇ ਗੈਂਗ' ਦਾ ਧੂਤੂ ਵਜਾਇਆ ਜਾਂਦਾ ਅਤੇ ਮਿਹਣਾ ਮਾਰਿਆ ਜਾਂਦਾ ਹੈ, ਪਰ ਸੱਚਾਈ ਇਹ ਹੈ ਕਿ ਕਿਰਤੀ ਹੱਕਾਂ ਲਈ ਲੜ ਰਹੇ ਲੋਕ 'ਟੁਕੜੇ-ਟੁਕੜੇ ਗੈਂਗ' ਨਹੀਂ, ਸਗੋਂ 'ਟੁਕੜੇ-ਟੁਕੜੇ ਹੋਈ ਪਈ ਲੜਾਕੂ ਲਹਿਰ ਦੇ ਵੱਖ-ਵੱਖ ਵਗਦੇ ਵਹਿਣ ਹਨ। ਜਿਨ੍ਹਾਂ ਚਿਰ ਇਹ ਹੱਕਾਂ ਦੀ ਲੜਾਈ ਲੜਨ ਵਾਲੇ ਲੋਕ ਇਕੱਠੇ ਹੋ ਕੇ ਇੱਕ ਵਹਿਣ ਵਿੱਚ ਨਹੀਂ ਵਗਦੇ, ਇਹ ਲੜਾਈ ਜਿੱਤ ਸਕਣੀ ਔਖੀ ਹੈ, ਪਰ ਇਹ ਇਕੱਠੇ ਕਦੋਂ ਹੋਣਗੇ!