ਉਮਰ ਤੋਂ ਕਈ ਗੁਣਾ ਵੱਡੇ ਕਾਰਜ ਕਰ ਰਹੀ ਮੁਟਿਆਰ : ਗਗਨਦੀਪ ਕੌਰ ਧਾਲੀਵਾਲ - ਪ੍ਰੀਤਮ ਲੁਧਿਆਣਵੀ (ਚੰਡੀਗੜ)
''ਅਲਕਾ ਅਰੋੜਾ ਮੈਡਮ ਦੇ ਘਰ ਮੈਨੂੰ ਪਹਿਲੀ ਬਾਰ ਕਾਵਿ-ਗੋਸ਼ਟੀ ਵਿਚ ਜਾਣ ਦਾ ਮੌਕਾ ਮਿਲਿਆ, ਜਿੱਥੇ ਸ੍ਰੀ ਨਾਰੇਸ਼ ਨਾਜ਼ ਰਾਸ਼ਟਰੀ ਕਵੀ ਸੰਗਮ ਦੇ ਸੰਸਥਾਪਕ ਅਤੇ ਸਾਗਰ ਸੂਦ ਜੀ ਮਿਲੇ। ਉਨਾਂ ਨੇ ਮੇਰੀਆਂ ਰਚਨਾਵਾਂ ਸੁਣੀਆਂ ਅਤੇ ਮੈਨੂੰ ਕਾਫੀ ਹੱਲਾ-ਸ਼ੇਰੀ ਦਿੱਤੀ। ਉਸੇ ਹੀ ਦਿਨ ਸ਼ਾਮੀ ਚਾਰ ਵਜੇ ਡੀ. ਏ. ਵੀ. ਸਕੂਲ ਵਿਚ ਹੋ ਰਹੇ ਸਾਹਿਤਕ ਫੰਸ਼ਕਨ ਲਈ ਮੈਨੂੰ ਵੀ ਸੱਦਾ ਦਿੱਤਾ। ਉਸ ਦਿਨ ਦੀ ਸ਼ੁਰੂਆਤ ਤੋਂ ਮੇਰੇ ਮਨ ਵਿਚ ਐਸਾ ਹੌਸਲਾ ਬਣਿਆ ਕਿ ਮੈਂ ਹਰ ਮਹੀਨੇ ਦੀ ਗੋਸ਼ਟੀ ਵਿਚ ਜਾਣਾ ਸ਼ੁਰੂ ਕਰ ਦਿੱਤਾ। ਸਾਹਿਤ ਪ੍ਰਤੀ ਮੇਰੀ ਅਥਾਹ ਲਗਨ ਨੂੰ ਦੇਖਦੇ ਹੋਏ ਉਨਾਂ ਨੇ ਮੈਨੂੰ ਰਾਸ਼ਟਰੀ ਕਵੀ ਸੰਗਮ ਪੰਜਾਬ ਇਕਾਈ, ਜਿਲਾ ਬਰਨਾਲਾ ਦੀ ਪ੍ਰਧਾਨ ਥਾਪ ਦਿੱਤਾ। ਇਸ ਸੰਸਥਾ ਦਾ ਕਾਰਜ ਮੈਂ 2018 ਤੱਕ ਕੀਤਾ।'' ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੀ ਗਗਨਦੀਪ ਕੌਰ ਧਾਲੀਵਾਲ ਨੇ ਦੱਸਿਆ ਕਿ ਉਸ ਤੋਂ ਬਾਅਦ ਉਸ ਨੂੰ, 'ਮਹਿਲਾ ਕਾਵਿ ਮੰਚ', ਪੰਜਾਬ ਇਕਾਈ, ਜਿਲਾ ਬਰਨਾਲਾ ਦੇ ਪ੍ਰਧਾਨ ਦੀਆਂ ਜਿੰਮੇਵਾਰੀਆਂ ਸੌਂਪ ਦਿੱਤੀਆਂ। ਲਗਭਗ ਦੋ ਸਾਲ ਕੰਮ ਕਰਨ ਤੋਂ ਬਾਅਦ ਅਚਾਨਕ ਧਾਲੀਵਾਲ ਦੇ ਮਨ ਵਿਚ ਵਲਵਲਾ ਉਠਿਆ ਕਿ ਕਿਉਂ ਨਾ ਮੈਂ ਨਵੀਆਂ ਕਲਮਾਂ ਨੂੰ ਅੱਗੇ ਆਉਣ ਦਾ ਮੌਕਾ ਦੇਵਾ। ਇਸ ਮਕਸਦ ਦੀ ਪੂਰਤੀ ਲਈ ਉਸ ਨੇ ਬਰਨਾਲਾ, ਮੋਗਾ, ਮਾਨਸਾ, ਬਠਿੰਡਾ, ਸੰਗਰੂਰ ਅਤੇ ਅੰਮ੍ਰਿਤਸਰ ਆਦਿ ਛੇ ਜਿਲਿਆਂ ਵਿਚ ਮਹਿਲਾ ਕਾਵਿ ਮੰਡਲ ਦੀਆਂ ਨਵੀਆਂ ਬਰਾਂਚਾਂ ਖੋਲੀਆਂ। ਉਸ ਦੀ ਮਿਹਨਤ ਅਤੇ ਪੰਜਾਬੀ ਮਾਂ-ਬੋਲੀ ਪ੍ਰਤੀ ਉਸ ਦੀ ਲਗਨ ਨੂੰ ਵੇਖਦਿਆਂ ਨਾਰੇਸ਼ ਨਾਜ ਜੀ ਵਲੋਂ ਉਸਨੂੰ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ ਗਿਆ। ਇਕ ਸਵਾਲ ਦਾ ਜੁਵਾਬ ਦਿੰਦਿਆਂ ਧਾਲੀਵਾਲ ਨੇ ਕਿਹਾ, ''ਜਦੋਂ ਮੇਰੀਆਂ ਰਚਨਾਵਾਂ ਕਿਸੇ ਅਖਬਾਰ ਵਿਚ ਛਪਣੀਆਂ ਤਾਂ ਨਵੀਆਂ ਕਲਮਾਂ ਨੇ ਫੋਨ ਕਰਨੇ ਕਿ ਅਸੀਂ ਵੀ ਤੁਹਾਡੀ ਤਰਾਂ ਛਪਕੇ ਆਪਣੇ ਮਾਂ-ਬਾਪ ਦਾ ਨਾਂ ਰੋਸ਼ਨ ਕਰਨਾ ਚਾਹੁੰਦੇ ਹਾਂ। ਫਿਰ ਮੇਰੇ ਮਨ ਵਿਚ ਇਕ ਨਵੀਂ ਉਮੰਗ ਉਠੀ ਕਿ ਜਿਹੜੀਆਂ ਨਵੀਆਂ ਕਵਿੱਤਰੀਆਂ ਕਿਸੇ ਕਾਰਨ ਆਪਣੀ ਕਲਮ ਨੂੰ ਅੱਗੇ ਨਹੀ ਵਧਾ ਸਕਦੀਆਂ, ਉਨਾਂ ਲਈ ਬਿਨਾਂ ਵਿੱਤੀ ਸਹਾਇਤਾ ਲਿਆਂ ਪੁਸਤਕ ਵਿਚ ਰਚਨਾਵਾਂ ਛਪਵਾਉਣ ਦਾ ਮੌਕਾ ਦਿੱਤਾ ਜਾਵੇ। ਫਿਰ ਮੈਂ ਆਪਣੇ ਦਿਲ ਦੀ ਉਮੰਗ,''ਸਾਹਿਤਕ ਕਲਸ ਪਬਲੀਕੇਸ਼ਨ, ਪਟਿਆਲਾ'' ਦੇ ਸੰਸਥਾਪਕ ਸ੍ਰੀ ਸਾਗਰ ਸੂਦ ਜੀ ਨਾਲ ਸਾਂਝੀ ਕੀਤੀ, ਜਿਹਨਾਂ ਦੀ ਸਹਿਮਤੀ ਉਪਰੰਤ ਇਕ ਹਫਤੇ ਦੇ ਅੰਦਰ-ਅੰਦਰ ਹੀ ਮੈਂ ਸੌ ਕਲਮਾਂ ਇਕੱਤਰ ਕਰਨ ਵਿਚ ਸਫ਼ਲ ਹੋ ਗਈ। ਇਸ ਪੁਸਤਕ ਦਾ ਨਾਂ ਵੀ, ''ਨਵੀਆਂ ਕਲਮਾਂ'' ਹੀ ਰੱਖਿਆ ਗਿਆ, ਜਿਹੜੀ ਕਿ ਜਲਦੀ ਹੀ ਰੀਲੀਜ਼ ਹੋਣ ਜਾ ਰਹੀ ਹੈ।''
ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ ਦੇ ਨਾਲ-ਨਾਲ ਅੰਤਰਰਾਸ਼ਟਰੀ ਮਹਿਲਾ ਕਾਵਿ-ਮੰਚ, ਰਾਸ਼ਟਰੀ ਕਵੀ ਸੰਗਮ ਅਤੇ ਅਦਾਰਾ ਅਦਬੀ ਸਾਂਝ ਆਦਿ ਵੱਲੋਂ ਅੱਡ-ਅੱਡ ਸਟੇਜਾਂ ਉਤੇ ਸਨਮਾਨ ਹਾਸਲ ਕਰ ਚੁੱਕੀ, ਬਰਨਾਲਾ ਜਿਲਾ ਦੇ ਪਿੰਡ ਝਲ਼ੂਰ ਵਿਖੇ ਪਿਤਾ ਸ੍ਰੀ ਅਜਮੇਰ ਸਿੰਘ ਤੇ ਮਾਤਾ ਸ਼ਿੰਦਰਪਾਲ ਕੌਰ ਜੀ ਦੇ ਗ੍ਰਹਿ ਨੂੰ ਭਾਗ ਲਾਉਣ ਵਾਲੀ ਗਗਨਦੀਪ ਦੱਸਦੀ ਹੈ ਕਿ ਉਹ ਸਰਕਾਰੀ ਹਾਈ ਸਕੂਲ, ਝਲੂਰ ਵਿਚ ਨੌਂਵੀਂ ਕਲਾਸ ਵਿੱਚ ਪੜਦੀ ਸੀ, ਜਦੋਂ ਉਹ ਕੋਰੇ ਕਾਗਜ਼ ਦੀ ਹਿੱਕੜੀ ਉਤੇ ਝਰੀਟੇ ਮਾਰਨ ਲੱਗ ਪਈ ਸੀ। ਉਚੇਰੀ ਸਿੱਖਿਆ ਉਸ ਨੇ ਬੀ. ਏ., ਬੀ. ਐਡ, ਐਮ. ਏ. (ਇਤਿਹਾਸ), ਐਮ. ਏ. (ਪੰਜਾਬੀ) ਸ੍ਰੀ ਲਾਲਾ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਤੇ ਐਸ. ਡੀ. ਕਾਲਜ ਬਰਨਾਲਾ ਤੋਂ ਅਤੇ ਐਮ. ਏ. ਐਜੂਕੇਸ਼ਨ ਉਸਨੇ ਲਵਲੀ ਯੂਨੀਵਰਸਿਟੀ ਦੇ ਭਾਰਤੀ ਸੈਂਟਰ ਬਰਨਾਲਾ ਤੋਂ ਹਾਸਿਲ ਕੀਤੀ। ਪੰਜ ਸਾਲ ਉਸ ਨੇ ਬਤੌਰ ਹਿਸਟਰੀ ਲੈਕਚਰਾਰ ਤੇ ਪੰਜਾਬੀ ਅਧਿਆਪਕਾ ਸੇਵਾਵਾਂ ਨਿਭਾਈਆਂ। ਗਗਨਦੀਪ ਦੀਆਂ ਰਚਨਾਵਾਂ ਦੇ ਛਪਣ ਦੇ ਪੱਖ ਨੂੰ ਵੇਖਿਆਂ ਪਤਾ ਲੱਗਦਾ ਹੈ ਕਿ ਜਿੱਥੇ ਉਸ ਦੀਆਂ ਰਚਨਾਵਾਂ ਸਪੋਕਸਮੈਨ, ਅਜ਼ਾਦ ਸੋਚ, ਪੰਜਾਬ ਟਾਈਮਜ, ਸਾਂਝੀ ਖ਼ਬਰ, ਅਦਬੀ ਸਾਂਝ, ਸਾਹਿਤਕ ਗੁੜਤੀ ਅਤੇ ਸਾਂਝਾ ਮੀਡੀਆ ਆਦਿ ਦੇਸ਼-ਵਿਦੇਸ਼ ਦੇ ਰੋਜਾਨਾਂ ਪੇਪਰਾਂ ਤੇ ਮੈਗਜ਼ੀਨਾਂ ਵਿਚ ਛਪ ਰਹੀਆਂ ਹਨ, ਉਥੇ ਪੁਸਤਕ-ਪ੍ਰਕਾਸ਼ਨਾ ਪੱਖ ਵਿਚ ਉਸ ਦੀਆਂ ਰਚਨਾਵਾਂ ਸਾਂਝੇ ਕਾਵਿ-ਸੰਗ੍ਰਹਿ, 'ਕਾਰਵਾਂ', 'ਕਾਵਿ-ਅੰਜਲੀ' ਅਤੇ 'ਨਵੀਂਆਂ ਪੈੜਾਂ' (ਜਿਸ ਦੀ ਕਿ ਉਹ ਸੰਪਾਦਕ ਵੀ ਹੈ) ਆਦਿ ਦਾ ਹਿੱਸਾ ਵੀ ਬਣ ਚੁੱਕੀਆਂ ਹਨ। ਪੂਰਵ ਪ੍ਰੋ. ਡਾਕਟਰ ਹੁਕਮ ਚੰਦ ਰਾਜਪਾਲ (ਹਿੰਦੀ ਵਿਭਾਗ ਪੰਜਾਬੀ ਵਿਸ਼ਵ ਵਿਦਿਆਲਿਆ ਪਟਿਆਲਾ) ਦੁਆਰਾ ਪ੍ਰਕਾਸ਼ਿਤ ਕਿਤਾਬ, ''ਪੰਜਾਬ ਦੀ ਸਮਕਾਲੀਨ ਹਿੰਦੀ ਕਵਿਤਾ- 2015 '' ਵਿੱਚ ਨਾਮਵਰ ਸਾਹਿਤਕਾਰਾਂ ਵਿੱਚ ਇਸ ਮੁਟਿਆਰ ਦਾ ਨਾਮ ਵੀ ਛਪ ਚੁੱਕਾ ਹੈ। ਮਹਿਲਾ ਕਾਵਿ-ਮੰਚ ਵੱਲੋਂ ਦੋ ਬਾਰ ਬ੍ਰਿਸਬੇਨ (ਆਸਟਰੇਲੀਆ) ਵਿਚ ਕਾਵਿ-ਗੋਸ਼ਟੀ ਕਰਨ ਦਾ ਮੌਕਾ ਹਾਸਲ ਕਰ ਚੁੱਕੀ ਗਗਨਦੀਪ ਦੀਆਂ ਰਚਨਾਵਾਂ ਹੁਣ ਮੈਲਬੌਰਨ (ਆਸਟਰੇਲੀਆ) ਵਿਚ ਚੱਲ ਰਹੀ ਸਾਹਿਤਕ ਸੰਸਥਾ, ''ਪੰਜਾਬ ਸੱਥ'' ਦੇ ਪ੍ਰਧਾਨ ਕੁਲਜੀਤ ਕੌਰ ਗ਼ਜ਼ਲ ਅਤੇ ਤੇਜ਼ੀ ਚੌਂਤੀ ਵਾਲਾ ਦੁਆਰਾ ਪ੍ਰਕਾਸ਼ਿਤ ਕਰਵਾਏ ਜਾ ਰਹੇ ਸਾਂਝੇ ਕਾਵਿ-ਸੰਗ੍ਰਹਿ ਦਾ ਵੀ ਹਿੱਸਾ ਬਣ ਰਹੀਆਂ ਹਨ। ਗਗਨਦੀਪ ਦੀ ਕਲਮ ਦਾ ਰੰਗ ਦੇਖੋ :-
''ਚੰਨ ਤਾਰਿਆਂ ਦੀ ਰੌਸ਼ਨੀ ਹੈ ਔਰਤ
ਗੁਲਾਬ ਦੀ ਖੁਸ਼ਬੋ ਹੈ ਔਰਤ
ਰੱਬ ਦਾ ਰੂਪ ਹੈ ਔਰਤ
ਮਾਈ ਭਾਗੋ, ਕਲਪਨਾ ਚਾਵਲਾ,
ਸੁਨੀਤਾ ਵੀਲੀਅਮ ਹੈ ਔਰਤ
ਨਿਰੀ ਪਿਆਰ ਦੀ ਮੂਰਤ ਹੈ ਔਰਤ
ਦੁਰਗਾ ਮਾਂ ਦਾ ਰੂਪ ਹੈ ਔਰਤ
ਮੋਹ ਨਾਲ ਨਿਭਾਉਦੀ ਹਰ ਰਿਸ਼ਤੇ ਨੂੰ
ਮਾਂ, ਧੀ, ਪਤਨੀ ਦਾ ਰੂਪ ਹੈ ਔਰਤ
ਜੁਲਮ ਲਈ ਇੱਕ ਕਟਾਰ ਹੈ ਔਰਤ
''ਗਗਨ'' ਜੋ ਨਿੱਕੇ -ਨਿੱਕੇ ਰਾਹਾਂ ਤੇ
ਵੱਡੀਆਂ ਵੱਡੀਆਂ ਪੈੜਾਂ ਕਰੇ
''ਧਾਲੀਵਾਲ'' ਹਰ ਮੁਸਾਫਿਰ ਦੀ
ਮੰਜਿਲ ਹੈ ਔਰਤ।''
ਹੁਣ ਅਗਲੇ ਕਦਮ ਵਜੋਂ ਤੇਜੀ ਚੌਤੀ ਵਾਲਾ ਤੇ ਗਗਨਦੀਪ ਕੌਰ ਧਾਲੀਵਾਲ ਵੱਲੋਂ ਨਵੀਆਂ ਕਲਮਾਂ ਨੂੰ ਅਮਰੀਕਾ ਦੇ ਚੈਨਲ ਉਪਰ ਲਾਈਵ ਕਵੀ-ਦਰਬਾਰ ਵਿਚ ਵੀ ਪੂਰੀ ਦੁਨੀਆਂ ਦੇ ਰੂ-ਬ-ਰੂ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਨਿੱਕੀ ਜਿਹੀ ਉਮਰੇ ਪੰਜਾਬੀ ਮਾਂ-ਬੋਲੀ ਲਈ ਐਡੇ ਵੱਡੇ ਮਾਅਰਕੇ ਮਾਰਨ ਵਾਲੀ ਮੁਟਿਆਰ ਗਗਨਦੀਪ ਕੌਰ ਧਾਲੀਵਾਲ ਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਸੋਚ ਨੂੰ ਸਲਾਮ। ਰੱਬ ਕਰੇ ! ਇਸ ਮੁਟਿਆਰ ਦੀ ਤਪੱਸਿਆ ਨੂੰ ਐਸਾ ਭਰਵਾਂ ਬੂਰ ਪਵੇ ਕਿ ਉਸ ਦਾ ਨਾਂ ਦੇਸ਼-ਵਿਦੇਸ਼ ਦੇ ਸਾਹਿਤਕਾਰਾਂ ਵਿਚ ਗੂੰਜ ਉਠੇ !
-ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਗਗਨਦੀਪ ਕੌਰ ਧਾਲੀਵਾਲ, 9988933161