ਸਿਆਸੀ ਮੰਜ਼ਰ 'ਤੇ ਉਭਰ ਰਹੀ ਨੌਜਵਾਨ ਸ਼ਕਤੀ - ਅਵੀਜੀਤ ਪਾਠਕ

ਇਸ ਤੱਥ ਤੋਂ ਮੁਨਕਰ ਹੋਣਾ ਨਾਮੁਮਕਿਨ ਹੈ ਕਿ ਸਾਡੇ ਵਿਚੋਂ ਕਈ ਮੁੱਖ ਧਾਰਾ ਦੀ ਚੁਣਾਵੀ ਸਿਆਸਤ ਬਾਬਤ ਕੁਝ ਜ਼ਿਆਦਾ ਹੀ ਨਿਘੋਚਪੁਣਾ ਰੱਖਦੇ ਹਨ। ਸਮੇਂ ਸਮੇਂ 'ਤੇ ਚੋਣਾਂ ਅਤੇ ਸੱਤਾ ਤਬਾਦਲੇ ਦੀਆਂ ਰਸਮਾਂ ਨਿਭਣ ਦੇ ਬਾਵਜੂਦ ਜ਼ਮੀਨੀ ਹਕੀਕਤਾਂ ਵਿਚ ਬੁਨਿਆਦੀ ਤਬਦੀਲੀ ਨਹੀਂ ਆਉਂਦੀ। ਅਸੀਂ ਉਸੇ ਸਮਾਜੀ-ਆਰਥਿਕ ਅਸਮਾਨਤਾ, ਹਿੰਸਾ ਦੇ ਤਰਜ਼-ਏ-ਅਮਲ ਅਤੇ ਭ੍ਰਿਸ਼ਟਾਚਾਰ ਦੇ ਗਲਿਆਰਿਆਂ ਵਿਚ ਸਾਹ ਲੈਂਦੇ ਰਹਿੰਦੇ ਹਾਂ। ਉਂਜ, ਕੁਝ ਪਲ ਅਜਿਹੇ ਆਉਂਦੇ ਹਨ ਜਦੋਂ ਅਸੀਂ ਇਹ ਮੰਨਣ ਲੱਗ ਪੈਂਦੇ ਹਾਂ ਕਿ ਜੇ ਨੌਜਵਾਨ ਸ਼ਕਤੀ ਸਿਆਸੀ ਖੇਤਰ ਵਿਚ ਆ ਜਾਵੇ ਤਾਂ ਸ਼ਾਇਦ ਸਾਨੂੰ ਸਿਆਸੀ ਸਰਗਰਮੀ ਦੀ ਨਵੀਂ ਭਾਸ਼ਾ ਦੇਖਣ ਸੁਣਨ ਨੂੰ ਮਿਲੇਗੀ ਜੋ ਨਿੱਘਰੀ ਹੋਏ ਮੌਜੂਦਾ ਹਾਲਾਤ ਤੋਂ ਸਿਫ਼ਤੀ ਤਬਦੀਲੀ ਦਾ ਝਲਕਾਰਾ ਹੋਵੇਗੀ। ਇਹ ਨਾ-ਉਮੀਦੀ ਦੇ ਦੌਰ ਦੀ ਆਸ ਹੈ। ਲਿਹਾਜ਼ਾ, ਇਸ ਵੇਲੇ ਜਦੋਂ ਬਿਹਾਰ ਵਿਚ ਚੋਣਾਂ ਹੋ ਰਹੀਆਂ ਹਨ ਤਾਂ ਇਹ ਹੈਰਾਨੀ ਦੀ ਗੱਲ ਨਹੀਂ ਕਿ ਬਹੁਤ ਸਾਰੇ ਮੀਡੀਆ ਕਰਮੀ ਅਤੇ ਸਿਆਸੀ ਵਿਸ਼ਲੇਸ਼ਕਾਂ ਨੇ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਹੈ ਕਿ ਤੇਜਸਵੀ ਯਾਦਵ, ਚਿਰਾਗ ਪਾਸਵਾਨ ਤੇ ਕਨ੍ਹੱਈਆ ਕੁਮਾਰ ਵਰਗੇ ਨੌਜਵਾਨ ਸਿਆਸਤਦਾਨ ਕੋਈ ਨਵੀਂ ਤਬਦੀਲੀ ਦਾ ਬੁੱਲਾ ਲੈ ਕੇ ਆਉਣ ਦੇ ਸਮੱਰਥ ਹਨ।
       ਨੌਜਵਾਨਾਂ ਉੱਤੇ ਟੇਕ ਰੱਖਣੀ ਕੋਈ ਗ਼ਲਤ ਗੱਲ ਨਹੀਂ ਹੈ। ਅਕਸਰ ਅਸੀਂ ਜ਼ਿੰਦਗੀ ਦੇ ਇਸ ਚੱਕਰ ਨੂੰ ਸਿਰਜਣਕਾਰੀ ਜੋਸ਼, ਪ੍ਰਚੰਡ ਤਜਰਬਿਆਂ ਅਤੇ ਬੇਪਨਾਹ ਊਰਜਾ ਨਾਲ ਜੋੜ ਕੇ ਦੇਖਦੇ ਹਾਂ, ਤੇ ਇਹ ਵੀ ਸੱਚ ਹੈ ਕਿ ਨੌਜਵਾਨਾਂ ਨੇ ਅਕਸਰ ਵਧ ਚੜ੍ਹ ਕੇ ਅਤੇ ਬਾਗ਼ੀਆਨਾ ਅੰਦਾਜ਼ ਵਿਚ ਅਗਾਂਹਵਧੂ ਸਮਾਜਿਕ-ਸਿਆਸੀ ਲਹਿਰਾਂ ਵਿਚ ਹਿੱਸਾ ਲਿਆ ਹੈ। ਮਿਸਾਲ ਦੇ ਤੌਰ ਤੇ ਪੱਛਮੀ ਮੁਲਕਾਂ ਵਿਚ 1960ਵਿਆਂ ਦੀ ਨੌਜਵਾਨ ਲਹਿਰ (ਪ੍ਰਚਲਤ ਸਮਾਜਿਕ ਕਦਰਾਂ ਖ਼ਿਲਾਫ਼ ਵਿਦਰੋਹ), ਭਾਰਤ ਵਿਚ ਉੱਠੀ ਨਕਸਲਬਾੜੀ ਲਹਿਰ (ਅਸੀਂ ਜਾਣਦੇ ਹਾਂ ਕਿ ਸਾਡੇ ਕਾਲਜਾਂ ਯੂਨੀਵਰਸਿਟੀਆਂ ਦੇ ਜ਼ਹੀਨ ਤੇ ਵਿਚਾਰਸ਼ੀਲ ਮੁੰਡੇ ਕੁੜੀਆਂ ਆਪਣੇ ਆਪ ਨੂੰ ਮਹਾਂ ਇਨਕਲਾਬ ਦੇ ਸੁਪਨੇ ਦੀ ਰਾਹ ਉੱਤੇ ਤੁਰਨ ਤੋਂ ਰੋਕ ਨਹੀਂ ਸਕੇ ਸਨ), ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਲਾਈ ਐਮਰਜੈਂਸੀ ਖਿਲਾਫ਼ ਵਿਦਰੋਹ, ਇਸ ਗੱਲ ਦੀਆਂ ਸ਼ਾਨਦਾਰ ਮਿਸਾਲਾਂ ਹਨ ਜੋ ਸਾਨੂੰ ਬਾਗ਼ੀ ਹੋਣ ਤੇ ਸੁਪਨੇ ਲੈਣ ਲਈ ਨੌਜਵਾਨ ਹੋਣ ਦਾ ਅਹਿਸਾਸ ਕਰਾਉਂਦੀਆਂ ਹਨ, ਜਾਂ ਫਿਰ ਇਕਜੁੱਟਤਾ ਦਰਸਾਉਣ ਤੇ ਸਾਥੀ ਬਣਨ ਦੀ ਹਾਮੀ ਭਰਦੀਆਂ ਹਨ ਅਤੇ ਨਫ਼ਰਤ ਤੇ ਸ਼ੋਸ਼ਣ ਨੂੰ ਇਕ, ਵਾਢਿਓਂ ਨਕਾਰਦੀਆਂ ਹਨ।
       ਸੰਭਵ ਹੈ ਕਿ ਇਹ ਇਕ ਹੋਰ ਤੂਫ਼ਾਨ ਜਾਂ ਨਵੀਂ ਪੇਸ਼ਕਦਮੀ ਦਾ ਸਮਾਂ ਹੈ, ਨਹੀਂ ਤਾਂ ਚੁਫੇਰੇ ਨਿਗਾਹ ਮਾਰ ਕੇ ਦੇਖ ਲਓ, ਮੁੱਖਧਾਰਾ ਦੀ ਸਿਆਸਤ ਵਿਚ ਅੰਨ੍ਹੀ ਤਾਕਤ, ਅਨੈਤਿਕਤਾ ਅਤੇ ਸ਼ੋਸ਼ਣ ਤੋਂ ਇਲਾਵਾ ਹੋਰ ਕੀ ਬਚਿਆ ਹੈ? ਆਓ, ਇਸ ਦੇ ਤਿੰਨ ਨਾਂਹ-ਮੁਖੀ ਪ੍ਰਗਟਾਵਿਆਂ ਨੂੰ ਵਾਰੀ ਵਾਰੀ ਵਿਚਾਰੀਏ। ਪਹਿਲਾ, ਸਿਆਸਤ ਦਾ ਅਪਰਾਧੀਕਰਨ ਜਾਂ ਧਨ ਅਤੇ ਬਾਹੂਬਲ ਦੀ ਵਰਤੋਂ ਹੁਣ ਆਮ ਵਰਤਾਰਾ ਬਣ ਗਿਆ ਹੈ। ਇਸ ਦਾ ਭਾਰਤ ਵਿਚ ਸਿਆਸੀ ਲਹਿਰ ਦੇ ਪਿਤਾਮਾ ਮਹਾਤਮਾ ਗਾਂਧੀ ਵਲੋਂ ਕਲਪਿਤ ਸਿਆਸੀ ਅਤੇ ਰੂਹਾਨੀ ਇਕਮਿਕਤਾ ਨਾਲ ਕੋਈ ਸਰੋਕਾਰ ਨਹੀਂ ਹੈ। ਦੂਜਾ, ਸਿਆਸੀ ਭਟਕਾਓ ਹੈ। ਕੁਪੋਸ਼ਣ, ਬਾਲ ਮਜ਼ਦੂਰੀ ਤੇ ਸਕੂਲੀ ਪੜ੍ਹਾਈ ਛੁੱਟਣ, ਗ਼ਰੀਬੀ ਤੇ ਬੇਕਾਰੀ, ਜਾਤੀ ਦਮਨ ਤੇ ਲਿੰਗਕ ਹਿੰਸਾ ਨਾਲ ਜੂਝਦੇ ਇਸ ਮੁਲਕ ਵਿਚ ਅਸਲ ਮੁੱਦਿਆਂ ਦੀ ਚਰਚਾ ਕਦੇ ਕਦਾਈਂ ਹੀ ਹੁੰਦੀ ਹੈ। ਇਸ ਦੀ ਬਜਾਇ ਤੰਗਨਜ਼ਰ ਅਤੇ ਖਿੰਡੀ ਖੱਪਰੀ ਪਛਾਣ ਦੀ ਸਿਆਸਤ ਅਤੇ ਵਿਤਕਰੇਬਾਜ਼ ਧਾਰਮਿਕ ਰਾਸ਼ਟਰਵਾਦ (ਕਿਸੇ ਗ਼ਰੀਬ ਹਿੰਦੂ ਨੂੰ ਇਹ ਵਿਸ਼ਵਾਸ ਕਰਾਉਣਾ ਕਿ ਕੋਈ ਗਰੀਬ ਮੁਸਲਮਾਨ ਹੀ ਉਸ ਦਾ ਪਹਿਲਾ ਦੁਸ਼ਮਣ ਹੈ ਤੇ ਇਸੇ ਦੌਰਾਨ ਅਡਾਨੀਆਂ ਤੇ ਅੰਬਾਨੀਆਂ ਨੂੰ ਆਪਣੇ ਕਾਰੋਬਾਰੀ ਸਾਮਰਾਜ ਖੜ੍ਹੇ ਕਰਨ ਦੇ ਮੌਕੇ ਦੇਣੇ), ਸਮਤਾਪੂਰਨ ਤੇ ਅਹਿੰਸਾਵਾਦੀ ਸਮਾਜਿਕ ਧਰਾਤਲ ਲਈ ਅਸਲ ਸੰਘਰਸ਼ ਨੂੰ ਤਕਰੀਬਨ ਭੁਲਾ ਦਿੱਤਾ ਗਿਆ ਹੈ। ਅਜਿਹੇ ਮਾਹੌਲ ਵਿਚ ਮਾਇਆਵਤੀ ਜਾਂ ਅਖਿਲੇਸ਼ ਯਾਦਵ ਦੀ ਸਿਆਸਤ ਦੇਖ ਕੇ ਕਾਰਲ ਮਾਰਕਸ ਜਾਂ ਮਹਾਤਮਾ ਗਾਂਧੀ ਹੀ ਨਹੀਂ ਸਗੋਂ ਡਾ. ਭੀਮ ਰਾਓ ਅੰਬੇਡਕਰ ਤੇ ਲੋਹੀਆ ਦਾ ਵੀ ਮਨ ਖੱਟਾ ਹੋ ਜਾਣਾ ਸੀ। ਤੀਜਾ, ਸ਼ੁੱਧ ਜੁਗਾੜੀ ਸਿਆਸਤ ਹੈ। ਇਹ ਸਿਰਫ਼ ਤੇ ਸਿਰਫ਼ ਫ਼ੌਰੀ ਸੱਤਾ ਹਾਸਲ ਕਰਨ ਦਾ ਢੰਗ ਹੈ ਜਿਸ ਨੂੰ ਅਸੀਂ ਵਾਰ ਵਾਰ ਦਲਬਦਲੀਆਂ ਦੇ ਰੂਪ ਵਿਚ ਦੇਖ ਰਹੇ ਹਾਂ। ਇਸ ਨੇ ਸਿਆਸਤਦਾਨ ਨੂੰ ਵੇਚ ਵੱਟ ਲਈ ਇਕ ਤਰ੍ਹਾਂ ਨਾਲ ਜਿਣਸ ਵਿਚ ਬਦਲ ਕੇ ਰੱਖ ਦਿੱਤਾ ਹੈ। ਅੱਜ ਕਾਂਗਰਸ, ਕੱਲ੍ਹ ਭਾਜਪਾ ਵਿਚ। ਇਸ ਸਰਕਸ ਨੇ ਵਿਚਾਰਧਾਰਾ ਪ੍ਰਤੀ ਵਚਨਬੱਧਤਾ ਜਾਂ ਕਿਸੇ ਕਾਜ ਪ੍ਰਤੀ ਦਿਆਨਤਦਾਰੀ ਦਾ ਭੋਗ ਪਾ ਦਿੱਤਾ ਹੈ। ਕੀ ਇਹੀ ਕਾਰਨ ਹੈ ਕਿ ਆਮ ਸ਼ਹਿਰੀ ਨੂੰ ਉਨ੍ਹਾਂ ਦੇ ਨੁਮਾਇੰਦਿਆਂ ਤੋਂ ਕੁਝ ਰਿਆਇਤਾਂ ਤੋਂ ਬਿਨਾ ਕੋਈ ਉਮੀਦ ਹੀ ਨਹੀਂ ਰਹੀ, - ਮਸਲਨ, ਇਕ ਗੈਸ ਕੁਨੈਕਸ਼ਨ, ਆਪਣੇ ਬੱਚੇ ਦਾ ਕੇਂਦਰੀ ਵਿਦਿਆਲੇ ਵਿਚ ਦਾਖ਼ਲਾ ਆਦਿ।
      ਗ਼ੌਰ ਕਰਨ ਵਾਲਾ ਸਵਾਲ ਇਹ ਹੈ ਕਿ ਨੌਜਵਾਨ ਇਸ ਸਿਆਸਤ ਦਾ ਪਹੀਆ ਬਦਲ ਸਕਦੇ ਹਨ? ਦਰਅਸਲ, ਜਦੋਂ ਅਸੀਂ ਪਿਛਲੇ ਕਈ ਸਾਲਾਂ ਦੌਰਾਨ ਸਿਆਸੀ ਮੰਜ਼ਰ ਉੱਤੇ ਸਰਗਰਮ ਨੌਜਵਾਨ ਚਿਹਰਿਆਂ ਵੱਲ ਤੱਕਦੇ ਹਾਂ ਤਾਂ ਮਹਿਸੂਸ ਕਰਦੇ ਹਾਂ ਕਿ ਖ਼ਾਨਦਾਨੀ ਸਿਆਸਤ ਦੀ ਲਗਾਤਾਰਤਾ ਮਹਿਜ਼ ਨਹਿਰੂ ਗਾਂਧੀ ਪਰਿਵਾਰ ਤੱਕ ਸੀਮਤ ਨਹੀਂ ਹੈ। ਕੀ ਇਹ ਕਹਿਣਾ ਗ਼ਲਤ ਹੋਵੇਗਾ ਕਿ ਉਮਰ ਅਬਦੁੱਲਾ ਤੋਂ ਲੈ ਕੇ ਜਯੋਤਿਰਾਦਿਤਿਆ ਸਿੰਧੀਆ ਤੱਕ ਜਾਂ ਸਚਿਨ ਪਾਇਲਟ ਤੋਂ ਲੈ ਕੇ ਤੇਜਸਵੀ ਯਾਦਵ ਤੱਕ ਉਨ੍ਹਾਂ ਸਾਰਿਆਂ ਨੇ ਸਿਆਸਤ ਦੀ ਵਿਰਾਸਤ ਨਿੱਜੀ ਜਾਇਦਾਦ ਵਾਂਗ ਹਾਸਲ ਕੀਤੀ ਹੈ? ਇਸ ਖਾਸ ਅਧਿਕਾਰ ਕਰ ਕੇ ਇਹ ਆਮ ਲੋਕਾਂ ਨਾਲ ਜੀਵੰਤ ਰਾਬਤਾ ਬਣਾਉਣ ਅਤੇ ਉਨ੍ਹਾਂ ਦੇ ਟੁੱਟੇ ਸੁਫਨਿਆਂ ਤੇ ਦੁੱਖਾਂ ਨਾਲ ਸਾਂਝ ਪਾਉਣ ਦੇ ਗੁਰ ਤੋਂ ਵਿਰਵੇ ਹੋ ਜਾਂਦੇ ਹਨ। ਉਹ ਸਫ਼ਲ ਹੋ ਸਕਦੇ ਹਨ ਅਤੇ ਸੱਤਾ ਦੇ ਨਜ਼ਦੀਕ ਵੀ ਪਹੁੰਚ ਸਕਦੇ ਹਨ ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੋਵੇਗਾ ਕਿ ਉਹ ਸਿਆਸਤ ਵਿਚ ਕੋਈ ਨਵੀਂ ਲੀਹ ਪਾਉਣ ਲਈ ਆਏ ਹਨ। ਇਸ ਕਰ ਕੇ ਇਹ ਆਸ ਲਾਉਣੀ ਅਤੇ ਵਿਸ਼ਵਾਸ ਰੱਖਣਾ ਸੌਖਾ ਨਹੀਂ ਹੈ ਕਿ ਨੌਜਵਾਨ ਤੇਜਸਵੀ ਯਾਦਵ ਤੇ ਚਿਰਾਗ ਪਾਸਵਾਨ ਬਿਹਾਰ ਦੇ ਜਾਤੀ ਕੇਂਦਰਤ/ਜਗੀਰੂ/ਗੁਰਬਤ ਦੀ ਜਕੜ ਵਿਚ ਆਏ ਸਮਾਜਿਕ ਤਾਣੇ ਬਾਣੇ ਨੂੰ ਬਦਲਣ ਲਈ ਆਏ ਹਨ।
      ਇਸ ਦੇ ਨਾਲ ਹੀ ਅਸੀਂ ਸਮਾਜਿਕ ਅੰਦੋਲਨਾਂ ਜ਼ਰੀਏ ਕੁਝ ਯੁਵਾ ਆਗੂਆਂ ਨੂੰ ਉੱਭਰਦਿਆਂ ਵੀ ਤੱਕਿਆ ਹੈ। ਮਿਸਾਲ ਦੇ ਤੌਰ ਤੇ ਕਨ੍ਹੱਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ ਨੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਨਾਲ ਜੁੜੇ ਮੁੱਦਿਆਂ ਅਤੇ ਰਾਸ਼ਟਰਵਾਦ ਦੇ ਨਾਂ ਉੱਤੇ ਹੋ ਰਹੀ ਜ਼ਾਹਰਾ ਹਿੰਸਾ ਦੀ ਆਲੋਚਨਾਤਮਿਕ ਨਿਰਖ-ਪਰਖ ਕਰ ਕੇ ਸਿਆਸੀ ਬਿਆਨੀਏ ਵਿਚ ਕੁਝ ਤਾਜ਼ਗੀ ਲਿਆਂਦੀ ਹੈ। ਸੰਭਵ ਹੈ ਕਿ ਮੱਕਾਰ ਤੇ ਬੇਈਮਾਨ ਸਿਆਸੀ ਬੌਸਾਂ ਅਤੇ ਉਨ੍ਹਾਂ ਦੇ ਖੋਖਲੇ ਨਾਅਰਿਆਂ ਦੇ ਢਹੇ ਚੜ੍ਹੇ ਨੌਜਵਾਨ ਟੋਲ਼ਿਆਂ ਦੇ ਉਲਟ, ਉਨ੍ਹਾਂ ਆਪਣੀ ਬੌਧਿਕ ਸਪੱਸ਼ਟਤਾ ਅਤੇ ਆਲੋਚਨਾਤਮਿਕ ਚੇਤਨਾ ਦੀ ਚਿਣਗ ਬੁਝਣ ਨਹੀਂ ਦਿੱਤੀ। ਫ਼ਿਰ ਵੀ ਅਜੇ ਇਹ ਕਹਿਣਾ ਜਲਦਬਾਜ਼ੀ ਹੋਵੇਗਾ ਕਿ ਸਿਸਟਮ ਉਨ੍ਹਾਂ ਨੂੰ ਕੰਮ ਕਰਨ ਦੀ ਆਗਿਆ ਦੇਵੇਗਾ? ਜਾਂ ਕੀ ਉਨ੍ਹਾਂ ਨੂੰ ਅਲੱਗ-ਥਲੱਗ ਕਰਨ ਜਾਂ ਆਪਣੇ ਅੰਦਰ ਜਜ਼ਬ ਕਰਨ ਦਾ ਹਰ ਹੀਲਾ-ਵਸੀਲਾ ਕੀਤਾ ਜਾਵੇਗਾ?
      ਹਾਲੀਆ ਸਮਿਆਂ ਵਿਚ ਸੜਕਾਂ ਉੱਤੇ ਆਏ ਨੌਜਵਾਨ ਵਿਦਿਆਰਥੀਆਂ ਨੂੰ ਦੇਖਿਆ ਹੈ ਜਿਨ੍ਹਾਂ ਨੇ ਗਾਂਧੀ, ਅੰਬੇਡਕਰ ਅਤੇ ਭਗਤ ਸਿੰਘ ਦਾ ਚੇਤਾ ਕਰਵਾਇਆ ਹੈ ਤੇ ਇਹ ਵੀ ਯਾਦ ਦਿਵਾਈ ਹੈ ਕਿ ਅਸੀਂ ਇਨ੍ਹਾਂ ਸੱਤਾਵਾਦੀ (authoritarianism) ਸਮਿਆਂ ਦੌਰਾਨ ਕਿੰਨੀ ਤੇਜੀ ਨਾਲ ਸੱਭਿਆਚਾਰਕ ਤੇ ਧਾਰਮਿਕ ਬਹੁਵਾਦ, ਇਨਸਾਨੀ ਵੱਕਾਰ ਅਤੇ ਬੁਨਿਆਦੀ ਅਧਿਕਾਰਾਂ ਦੀ ਸੋਝੀ ਗੁਆਉਂਦੇ ਜਾ ਰਹੇ ਹਾਂ। ਕੀ ਇਨ੍ਹਾਂ ਵਿਚੋਂ ਕੁਝ ਨੌਜਵਾਨ ਵਧੇਰੇ ਉਸਾਰੂ ਢੰਗ ਨਾਲ ਸਿਆਸਤ ਵਿਚ ਆਉਣਗੇ? ਜਾਂ ਫਿਰ ਦੇਸ਼ਧ੍ਰੋਹ ਦੇ ਦੋਸ਼ਾਂ ਦੀ ਮਹਾਮਾਰੀ ਵਾਂਗ ਉਨ੍ਹਾਂ ਦੀ ਆਵਾਜ਼ ਨੂੰ ਖ਼ਾਮੋਸ਼ ਕਰ ਦਿੱਤਾ ਜਾਵੇਗਾ?
'ਪ੍ਰੋਫੈਸਰ, ਜੇਐੱਨਯੂ, ਨਵੀਂ ਦਿੱਲੀ