ਘੋਰ ਸੰਘਰਸ਼ 'ਚੋਂ  ਉਪਜੀ ਕਲਮ  : ਫੈਸਲ ਖਾਨ   


     ਪੰਜਾਬ ਦੇ ਜਿਲ੍ਹਾ ਰੂਪ ਨਗਰ ਵਿਚ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਵਿਚਕਾਰ ਵਸਦੇ ਪਿੰਡ ਢੇਰ ਵਿਖੇ ਪਿਤਾ ਸਾਵੀਰ ਅਤੇ ਮਾਤਾ ਅਨਵਰੀ ਨਾਂ ਦੇ ਇਕ ਐਸੇ ਸਾਧਾਰਨ ਪਰਿਵਾਰ ਵਿਚ ਫੈਸਲ ਖਾਨ ਦਾ ਜਨਮ ਹੋਇਆ, ਜਿਸ ਦਾ ਕਿ ਕੋਈ ਵੀ ਮੈਂਬਰ ਹਾਈ ਸਕੂਲ ਤੱਕ ਵੀ ਨਹੀਂ ਸੀ ਪਹੁੰਚਿਆ। ਪਰ, ਫੈਸਲ ਖਾਨ ਗਰੈੇਜ਼ੂਏਸ਼ਨ ਨਾਨ-ਮੈਡੀਕਲ ਵਿਚ ਕਰਨ ਪਿੱਛੋਂ ਅੱਜ ਕੱਲ ਪੋਸਟ-ਗਰੈਜ਼ੂਏਸ਼ਨ ਕਮਿਸਟਰੀ ਵਿਚ ਕਰਨ ਦੀ ਤਿਆਰੀ ਕਰ ਰਿਹਾ ਹੈ। ਉਹ ਦੱਸਦਾ ਹੈ ਕਿ ਸਰਕਾਰੀ ਹਾਈ ਸਕੂਲ ਦਸਗਰਾਈਂ ਤੋਂ ਵਧੀਆ ਅੰਕਾਂ ਨਾਲ ਦਸਵੀਂ ਪਾਸ ਕਰਕੇ ਉਸ ਨੇ +2 ਮੈਰੀਟੋਰੀਅਸ ਸਕੂਲ ਮੋਹਾਲੀ ਤੋਂ ਨਾਨ-ਮੈਡੀਕਲ ਵਿਸ਼ੇ ਵਿਚ ਪਾਸ ਕੀਤੀ ਤੇ ਗਰੈਜ਼ੂਏਸ਼ਨ ਸ਼ਿਵਾਲਿਕ ਕਾਲਜ਼ ਨਯਾ ਨੰਗਲ ਤੋਂ। ਹਾਈ ਸਕੂਲ 'ਚ ਪੜ੍ਹਦਿਆਂ ਫੈਸਲ ਖ਼ਾਨ, ਵਿਗਿਆਨ ਨਾਲ ਸਬੰਧਿਤ ਹਰੇਕ ਗਤੀ-ਵਿਧੀ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਿਆਂ ਭਾਸ਼ਣ, ਕੁਇਜ਼, ਪ੍ਰੋਜੈਕਟ ਕੰਪੀਟੀਸ਼ਨ, ਵਿਗਿਆਨ ਦੇ ਮਾਡਲ ਹਰੇਕ ਪ੍ਰਤਿਯੋਗਤਾ ਵਿਚ ਉਹ ਵਧੀਆ ਪ੍ਰਦਰਸ਼ਨ ਕਰਦਾ ਰਿਹਾ। ਇਹ ਇਸ ਨੌਜਵਾਨ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੀ ਸੀ ਕਿ ਇਸ ਨੇ ਨੈਸ਼ਨਲ ਪੱਧਰ ਤੱਕ ਵਿਗਿਆਨਿਕ ਗਤੀ-ਵਿਧੀਆਂ ਵਿਚ ਭਾਗ ਲਿਆ ਅਤੇ ''ਬਾਲ-ਵਿਗਿਆਨੀ'' ਦਾ ਖਿਤਾਬ ਹਾਸਿਲ ਕੀਤਾ। 
     ਇਕ ਮੁਲਾਕਾਤ ਦੌਰਾਨ ਫੈਸਲ ਨੇ ਦੱਸਿਆ ਕਿ ਬਚਪਨ ਤੋਂ ਹੀ ਉਸ ਨੂੰ ਕੋਰਸ ਦੀਆਂ ਕਿਤਾਬਾਂ ਦੇ ਨਾਲ-ਨਾਲ ਹੋਰ ਸਾਹਿਤਕ ਪੁਸਤਕਾਂ ਪੜ੍ਹਨ ਦਾ ਸ਼ੌਂਕ ਸਦਕਾ ਸਕੂਲ ਸਮੇਂ ਤੋਂ ਹੀ ਉਹ ਜਿੱਥੇ ਇਕ ਵਧੀਆ ਬੁਲਾਰਾ ਬਣ ਗਿਆ ਸੀ, ਉਥੇ ਆਪਣੇ ਭਾਸ਼ਣ ਖੁਦ ਲਿਖਣ ਵਾਲਾ ਵਧੀਆ ਲੇਖਕ ਬਣਨ ਦੇ ਵੀ ਉਸ ਅੰਦਰ ਬੀਜ ਪੁੰਗਰਨ ਲੱਗ ਪਏ ਸਨ।  ਉਸ ਕੋਲ ਅਨਮੋਲ ਵਿਚਾਰਾਂ ਦਾ ਭੰਡਾਰ ਸੀ, ਜਿਨ੍ਹਾਂ ਨੂੰ ਅਧਿਆਪਕਾਂ ਦੀ ਦਿੱਤੀ ਹੱਲਾ-ਸ਼ੇਰੀ ਅਤੇ ਸਲਾਹਵਾਂ ਦੇ ਫਲ-ਸਰੂਪ ਫੈਸਲ ਖਾਨ ਨੇ ਕਲਮਬੰਧ ਕਰਕੇ ਅਖਬਾਰਾਂ ਅਤੇ ਰਸਾਲਿਆਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ। ਉਸਦਾ ਪਹਿਲਾ ਲੇਖ ''ਪੋਲੀਥੀਨ ਦਾ ਕਹਿਰ'' ਸੀ। ਇੱਥੋਂ ਫੈਸਲ ਖਾਨ ਨੂੰ ਇਕ ਨਵੀਂ ਦਿਸ਼ਾ ਮਿਲੀ ਕਿ ਉਹ ਲੇਖਣੀ ਦੇ ਖੇਤਰ ਵਿਚ ਵੀ ਵਧੀਆ ਕਰ ਸਕਦਾ ਹੈ। ਇਸ ਤੋਂ ਬਾਅਦ ਉਸ ਦੇ ਵੱਖ-ਵੱਖ ਲੇਖ ਪੰਜਾਬ ਭਰ ਦੇ ਅਖਬਾਰਾਂ ਅਤੇ ਮੈਗਜ਼ੀਨਾ ਵਿਚ ਛਪਣ ਲੱਗੇ। ਇਸ ਤਰ੍ਹਾਂ ਫੈਸਲ ਖਾਨ ਨੂੰ ਇਕ ਨਵੀਂ ਪਹਿਚਾਣ ਮਿਲੀ ਕਿ ਫੈਸਲ ਖਾਨ ਵਿਗਿਆਨ ਦਾ ਵਧੀਆ ਵਿਦਿਆਰਥੀ ਹੋਣ ਦੇ ਨਾਲ-ਨਾਲ ਇਕ ਚੰਗਾ ਲੇਖਕ ਵੀ ਹੈ। ਕਾਲਜ ਪੁੱਜਦੇ-ਪੁੱਜਦੇ ਉਸ ਨੇ ਵੱਖ-ਵੱਖ ਸਾਹਿਤਕ ਸਮਾਗਮਾਂ ਵਿਚ ਵੀ ਸ਼ਿਰਕਤ ਕਰਨੀ ਸ਼ੁਰੂ ਕਰ ਦਿੱਤੀ। ਸਾਹਿਤਕ ਸਮਾਗਮਾਂ ਵਿਚ ਉਸ ਨੇ ਦੇਖਿਆ ਕਿ ਇੱਥੇ ਗ਼ਜ਼ਲ ਅਤੇ ਕਵਿਤਾ ਦਾ ਪ੍ਰਭਾਵ ਬਹੁਤ ਜਿਆਦਾ ਹੈ। ਜਿਆਦਾਤਰ ਬੁਲਾਰੇ ਗ਼ਜ਼ਲ ਜਾਂ ਕਵਿਤਾ ਪੜ੍ਹਕੇ ਵਾਹ-ਵਾਹ ਖੱਟਦੇ ਹਨ। ਸੋ ਫੈਸਲ ਖਾਨ ਨੇ ਵੀ ਆਪਣਾ ਰੁਖ ਗ਼ਜ਼ਲ ਵੱਲ ਕੀਤਾ। ਅਰੂਜ਼ ਦੀਆਂ ਬਰੀਕਿਆਂ ਸਿੱਖਣ ਲਈ ਉਹ ਗ਼ਜ਼ਲ ਖੇਤਰ ਦੇ ਥੰਮ੍ਹ, ਉਸਤਾਦ-ਸ਼ਾਇਰ ਸ੍ਰ. ਬਲਬੀਰ ਸਿੰਘ ਸੈਣੀ (ਸੂਲ ਸੁਰਾਹੀ) ਜੀ ਦੇ ਲੜ ਜਾ ਲੱਗਾ। ਕਿੰਨੀ ਦਾਦ ਦਾ ਹੱਕਦਾਰ ਹੈ, ਫੈਸਲ ਖਾਨ ਦਾ ਕਲਮੀ ਰੰਗ, ਦੇਖੋ :
''ਮੁਹੱਬਤ, ਪਿਆਰ, ਅਪਣਾਪਣ ਇਹ ਆਖਿਰਕਾਰ ਕਿੱਥੇ ਹੈ?
ਬਰਾਬਰ ਹੋਣ ਜਿੱਥੇ ਸਭ ਉਹ ਦੱਸ ਸੰਸਾਰ ਕਿੱਥੇ ਹੈ?
ਬਣੇ ਫਿਰਦੇ ਸੀ ਚੌਕੀਦਾਰ, ਪਹਿਰੇਦਾਰ ਕਿੱਥੇ ਨੇ,
ਸ਼ਰੇ ਬਾਜ਼ਾਰ ਪੱਤ ਰੋਲ਼ੀ ਗਈ, ਸਰਕਾਰ ਕਿੱਥੇ ਹੈ?
ਛਪੇ ਹਰ ਸ਼ਬਦ ਹਰ ਤਸਵੀਰ ਹਾਕਮ ਦੇ ਇਸ਼ਾਰੇ ਤੇ,
ਦਿਖਾਵੇ ਸੱਚ ਬਿਨਾਂ ਡਰ ਤੋਂ, ਉਹ ਹੁਣ ਅਖ਼ਬਾਰ ਕਿੱਥੇ ਹੈ?
ਨਿਆਂ ਮਿਲਦਾ ਹੈ ਉੱਥੇ ਹਰ ਕਿਸੇ ਨੂੰ ਸੁਣ ਰਿਹਾ ਲੇਕਿਨ,
ਕੋਈ ਦੱਸੇ ਸਹੀ ਮੈਨੂੰ ਕਿ ਉਹ ਦਰਬਾਰ ਕਿੱਥੇ ਹੈ?
ਬੜੀ ਹੈ ਮਤਲਬੀ ਦੁਨੀਆਂ ਤੂੰ ਬਚ ਕੇ ਚਲ ਜ਼ਰਾ 'ਫੈਸਲ',
ਵਫ਼ਾ ਪਾਲੇ ਜੋ ਹਰ ਹੀਲੇ ਉਹ ਦੱਸ ਦਿਲਦਾਰ ਕਿੱਥੇ ਹੈ?''
         ਕਈ ਸਥਾਨਕ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਇਹ ਨੌਜਵਾਨ ਅਦਾਰਾ 'ਰੋਜ਼ਾਨਾ ਦਾ ਟਾਈਮਜ਼ ਆਫ ਪੰਜਾਬ' ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਸਨਮਾਨ ਨੂੰ ਅਭੁੱਲ ਸਨਮਾਨ ਦੱਸਦਾ ਹੈ। ਹੁਣ ਉਹ ਆਪਣੀ ਪਲੇਠੀ ਪੁਸਤਕ, ''ਗੱਲਾਂ ਚੌਗਿਰਦੇ ਦੀਆਂ'' ਲੈ ਕੇ ਪਾਠਕਾਂ ਦੇ ਰੂ-ਬ-ਰੂ ਹੋਇਆ ਹੈ। ਜਿਸ ਦੀ ਸਾਹਿਤਕ ਹਲਕਿਆਂ ਵਿਚ ਖ਼ੂਬ ਚਰਚਾ ਹੈ। ਸਿਰਫ਼ ਮੈਂ ਹੀ ਨਹੀਂ ਕਹਿੰਦਾ, ਫ਼ੈਸਲ ਦੀ ਤਪੱਸਿਆ ਬੋਲ ਰਹੀ ਹੈ, ਉਸ ਦੀ ਕਲਮ ਬੋਲ ਰਹੀ ਹੈ, ਕਿ ਉਹ ਦਿਨ ਦੂਰ ਨਹੀ, ਜਦੋਂ ਸਾਹਿਤਕ ਖੇਤਰ ਵਿਚ ਫ਼ੈਸਲ ਇਕ ਧਰੂ ਤਾਰੇ ਦੀ ਨਿਆਂਈਂ ਚਮਕਦਾ-ਦਮਕਦਾ ਸ਼ੋਹਰਤ ਦੀਆਂ ਬੁਲੰਦੀਆਂ ਉਤੇ ਬੈਠਾ ਨਜ਼ਰੀ ਆਵੇਗਾ।  ਲੋਕ ਸਲਾਮਾਂ ਕਰਨਗੇ, ਉਸ ਦੀ ਕਲਮ ਅਤੇ ਉਸ ਦੇ ਸੰਘਰਸ਼ ਨੂੰ। ਸ਼ਾਲ੍ਹਾ ! ਉਹ ਸੱਜਰੀ ਸਵੇਰ ਜਲਦੀ ਆਵੇ !
      -ਪ੍ਰੀਤਮ ਲੁਧਿਆਣਵੀ, (ਚੰਡੀਗੜ੍ਹ), 9876428641
ਸੰਪਰਕ : ਫੈਸਲ ਖਾਨ, 99149-65937