ਦੁੱਖਦਾਈ ਹੈ ਅਮਰੀਕਾ ਦੀ ਧਰਤੀ ਤੇ ਸੜਕ ਹਾਦਸਿਆਂ 'ਚ ਮਨੁੱਖੀ ਜਾਨਾਂ ਦਾ ਜਾਣਾ .. - ਸਿੰਦਰ ਸਿੰਘ ਮੀਰਪੁਰੀ
ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ਅੰਦਰ ਸੜਕੀ ਹਾਦਸਿਆਂ ਦੌਰਾਨ ਹੋ ਰਹੀਆਂ ਦਰਦਨਾਕ ਮੌਤਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ ਜੋ ਬੇਹੱਦ ਅਫ਼ਸੋਸਨਾਕ ਵਰਤਾਰਾ ਹੈ ਗਲਤੀ ਭਾਵੇਂ ਕਿਸੇ ਦੀ ਵੀ ਹੋਵੇ ਪਰ ਇੱਕ ਜਾਨ ਦਾ ਜਾਣਾ ਬੇਹੱਦ ਦੁੱਖਦਾਈ ਕਾਰਨ ਬਣਦਾ ਹੈ । ਉਸ ਦੇ ਪਰਿਵਾਰ ਦੇ ਲਈ , ਇੱਕ ਇਨਸਾਨ ਦੇ ਬੱਚਿਆਂ ਦੇ ਲਈ ਅਤੇ ਉਸ ਦੇ ਆਲੇ ਦੁਆਲੇ ਦੇ ਦੋਸਤ ਮਿੱਤਰਾਂ ਯਾਰਾਂ ਦਾ ਹਾਲ ਜੋ ਹੁੰਦਾ ਹੈ ਉਸ ਨੂੰ ਲੁਕੋਇਆ ਨਹੀਂ ਜਾ ਸਕਦਾ । ਹਰ ਰੋਜ਼ ਕਿਸੇ ਨਾ ਕਿਸੇ ਪੰਜਾਬੀ ਦੀ ਮੌਤ ਅਮਰੀਕਾ ਦੀ ਧਰਤੀ ਤੇ ਸੁਣਨ ਨੂੰ ਮਿਲ ਜਾਂਦੀ ਹੈ ਜਿਸ ਦੇ ਨਾਲ ਹਰ ਇਨਸਾਨ ਦਾ ਮਨ ਝੰਜੋੜਿਆ ਜਾਂਦਾ ਹੈ ਕਿ ਕਿਉਂ ਹੋ ਰਿਹਾ ਹੈ ਇਹ ਸਭ ਕੁਝ ਇਸ ਧਰਤੀ ਉੱਤੇ ਇਸੇ ਤਰ੍ਹਾਂ ਬੀਤੇ ਦਿਨ ਹੋਏ ਕਈ ਸੜਕ ਹਾਦਸਿਆਂ ਨੇ ਮਨ ਨੂੰ ਡੂੰਘੀ ਸੱਟ ਮਾਰੀ ਅਤੇ ਕੁਝ ਸਤਰਾਂ ਲਿਖਣ ਲਈ ਮਜਬੂਰ ਕੀਤਾ ।
ਬਿਨਾਂ ਸ਼ੱਕ ਕਈ ਇਨਸਾਨ ਹੁੰਦੇ ਨੇ ਜੋ ਮਿਲਣਸਾਰ ਹੁੰਦੇ ਨੇ ਉਨ੍ਹਾਂ ਦਾ ਚਲੇ ਜਾਣਾ ਨਾ ਭੁੱਲਣਯੋਗ ਵਿਛੋੜਾ ਹੁੰਦਾ ਹੈ । ਲੰਘੇ ਦਿਨੀਂ ਸਿਕਾਗੋ ਨੇੜੇ ਸੁਖਵਿੰਦਰ ਸਿੰਘ ਨਾਲ ਹੋੲੇ ਸੜਕੀ ਹਾਦਸੇ ਨੇ ਮਨੁੱਖੀ ਰੂਹਾਂ ਨੂੰ ਹਲੂਣ ਕੇ ਰੱਖ ਦਿੱਤਾ । ਉਸ ਤੋਂ ਬਾਅਦ ਵਰਜੀਨਿਆ , ਫਰਿਜਨੋ , ਵਿਖੇ ਹੋੲੇ ਮਨੁੱਖੀ ਜਾਨਾਂ ਦੇ ਘਾਣ ਨੇ ਲੂ ਕੰਡੇ ਖੜ੍ਹੇ ਕਰ ਦਿਤੇ । ਅੱਜ ਤੱਕ ਕਿਸੇ ਵੀ ਇਨਸਾਨ ਨੇ ਇਹ ਨਹੀਂ ਆਖਿਆ ਕਿ ਗਲਤੀ ਮੇਰੀ ਹੈ ਹਰ ਸਮੇਂ ਗਲਤੀ ਦੂਜੇ ਇਨਸਾਨ ਦੀ ਨਿਕਲਦੀ ਹੈ ਹਾਦਸੇ ਦੇ ਭਾਵੇਂ ਕਾਰਨ ਕੁਝ ਵੀ ਬਣੇ ਹੋਣ ਪਰ ਕਿਸੇ ਨੇ ਵੀ ਆਪ ਦੀ ਗਲਤੀ ਮੰਨਣ ਦੀ ਕਦੇ ਵੀ ਕੋਸ਼ਿਸ਼ ਨਹੀਂ । ਇੱਕ ਤੋਂ ਬਾਅਦ ਇੱਕ ਸੜਕ ਹਾਦਸਿਆਂ ਵਿੱਚ ਹੋ ਰਹੀਆਂ ਮੌਤਾਂ ਨੇ ਪੰਜਾਬੀ ਭਾਈਚਾਰੇ ਦੇ ਨਾਲ ਨਾਲ ਉੱਥੋਂ ਦੇ ਰਹਿਣ ਵਾਲੇ ਬਾਸ਼ਿੰਦਿਆਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ ਕਿ ਆਖਰ ਕਦੋਂ ਤੱਕ ਵਰਤਾਰਾ ਮਨੁੱਖੀ ਜ਼ਿੰਦਗੀਆਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਨਿਘਲਦਾ ਰਹੇਗਾ ਕਿਉਂਕਿ ਜਾਨਾਂ ਦਾ ਅਜਾਈਂ ਜਾਣਾ ਇੱਕ ਬੇਹੱਦ ਮਾੜਾ ਕਾਰਨ ਮੰਨਿਆ ਜਾ ਰਿਹਾ ਹੈ ।
ਅਜੇ ਸੁਖਵਿੰਦਰ ਸਿੰਘ ਦੇ ਸਿਵੇ ਦੀ ਅੱਗ ਠੰਢੀ ਨਹੀਂ ਸੀ ਹੋਈ ਕਿ ਉਸ ਤੋਂ ਬਾਅਦ ਟੈਕਸਸ ਨੂੰ ਗੱਡੀ ਲੈ ਕੇ ਜਾ ਰਹੇ ਮੁਖਤਿਆਰ ਸਿੰਘ ਧਾਰੀਵਾਲ ਦੀ ਬੇਵਕਤੀ ਮੌਤ ਨਾਲ ਪੰਜਾਬੀ ਭਾਈਚਾਰੇ ਅੰਦਰ ਇੱਕ ਤਰ੍ਹਾਂ ਦਾ ਸਨਾਟਾ ਸਾਹ ਗਿਆ । ਵਾਹ ਮੇਰਿਆਂ ਰੱਬਾ ਕਿੱਥੋਂ ਭਾਲਾਂਗੇ ਅਜਿਹੀਆਂ ਰੂਹਾਂ ਨੂੰ ਜਿਹੜੀਆਂ ਇਨ੍ਹਾਂ ਭਿਆਨਕ ਸੜਕ ਹਾਦਸਿਆਂ ਦੌਰਾਨ ਸਾਡੇ ਕੋਲੋਂ ਇੱਕ ਇੱਕ ਕਰਕੇ ਦੂਰ ਜਾ ਰਹੀਆਂ ਨੇ । ਇਸ 38 ਸਾਲਾ ਨੌਜਵਾਨ ਦੀ ਮੌਤ ਦੇ ਕਾਰਨ ਕੀ ਬਣੇ ਇਹ ਭਾਵੇਂ ਅਜੇ ਵੀ ਜਾਂਚ ਦਾ ਵਿਸ਼ਾ ਏ ਪਰ ਇੱਕ ਖ਼ਿਆਲ ਮਨ ਦੇ ਵਿੱਚ ਵਾਰ ਵਾਰ ਆਉਂਦਾ ਹੈ ਕਿ ਕਿਉਂ ਹੋ ਰਿਹਾ ਇਹ ਸਭ ਕੁਝ । ਲਾਡਾਂ ਨਾਲ ਪਾਲੀਆਂ ਮਨੁੱਖੀ ਜ਼ਿੰਦਗੀਆਂ ਭੰਗ ਦੇ ਭਾਣੇ ਇਸ ਦੁਨੀਆਂ ਤੋਂ ਜਾ ਰਹੀਆਂ ਨੇ ਕਿਉਂ । ਜੇਕਰ ਭਾਰਤ ਦੇ ਮੁਕਾਬਲੇ ਅਮਰੀਕਾ ਦੇ ਸੜਕੀ ਸਿਸਟਮ ਦੀ ਗੱਲ ਕਰੀਏ ਤਾਂ ਸਾਡੇ ਨਾਲੋਂ 100 ਗੁਣਾ ਜ਼ਿਆਦਾ ਚੰਗਾ ਹੈ ਉੱਥੋਂ ਦਾ ਸਿਸਟਮ । ਉਥੋਂ ਦੇ ਲੋਕ ਸਰਕਾਰੀ ਰੂਲਾਂ ਨੂੰ ਮੁਹੱਬਤ ਦੀ ਤਰ੍ਹਾਂ ਵਰਤਦੇ ਹਨ ਪਰ ਫਿਰ ਵੀ ਸੜਕੀ ਹਾਦਸੇ ਜਾਰੀ ਹਨ ।
ਹੁਣ ਫੇਰ ਲੰਘੇ ਦਿਨੀਂ ਅਮਰੀਕਾ ਦੀ ਧਰਤੀ ਤੇ ਸੁਖਵਿੰਦਰ ਸਿੰਘ ਟਿਵਾਣਾ ਨਾਂ ਦੇ ਇੱਕ ਨੌਜਵਾਨ ਨੇ ਸੜਕ ਹਾਦਸੇ ਵਿੱਚ ਦਮ ਤੋੜ ਦਿੱਤਾ ਇਹ ਸੜਕ ਹਾਦਸਾ ਏਨਾ ਭਿਆਨਕ ਸੀ ਕਿ ਦੇਖਣ ਵਾਲੇ ਦੀਆਂ ਅੱਖਾਂ ਵਿੱਚੋਂ ਪਾਣੀ ਵਹਿਦਿਆਂ ਲੂੰ ਕੰਢੇ ਹੋ ਜਾਣ । ਜਲੰਧਰ ਜ਼ਿਲ੍ਹੇ ਦੇ ਪਿੰਡ ਰਹੀਮਪੁਰ ਨਾਲ ਸਬੰਧਤ ਇਹ ਨੌਜਵਾਨ ਆਪਣੇ ਪਿਛੇ ਬੁੱਢੇ ਮਾਂ ਬਾਪ ਅਤੇ ਭਰਿਆ ਪਰਿਵਾਰ ਛੱਡ ਕੇ ਤੁਰ ਗਿਆ । ਜੋਤ ਟਰਾਕਿੰਗ ਕੰਪਨੀ ਦਾ 45 ਸਾਲਾਂ ਇਹ ਨੌਜਵਾਨ ਬਿਨਾਂ ਸ਼ੱਕ ਹੋਣਹਾਰ ਚੰਗਾ ਵਿਅਕਤੀ ਸੀ ਜਿਸ ਦੀ ਮੌਤ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ । ਨਿਊ ਮੈਕਸੀਕੋ ਤੋਂ ਕੈਲੇਫੋਰਨੀਆ ਨੂੰ ਆ ਰਿਹਾ ਸੁਖਵਿੰਦਰ ਸਿੰਘ ਟਿਵਾਣਾ ਪਤਾ ਹੀ ਨਹੀਂ ਲੱਗਿਆ ਕਿਸ ਵੇਲੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ । ਸੜਕ ਹਾਦਸਿਆਂ ਵਿੱਚ ਇਹ ਕੋਈ ਪਹਿਲੀ ਮੌਤ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਨੌਜਵਾਨ ਸੜਕੀ ਹਾਦਸਿਆਂ ਦੀ ਭੇਟ ਚੜ੍ਹ ਚੁੱਕੇ ਹਨ ਜਿਨ੍ਹਾਂ ਦੇ ਕਾਰਨਾਂ ਦਾ ਅਜੇ ਤੱਕ ਵੀ ਪਤਾ ਨਹੀਂ ਲੱਗ ਸਕਿਆ ।
ਇਸ ਤੋਂ ਪਹਿਲਾਂ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਗੁਰਪ੍ਰੀਤ ਸਿੰਘ ਅਤੇ ਮਾਝੇ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਜਸਵਿੰਦਰ ਸਿੰਘ ਨੌਜਵਾਨ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਚੁੱਕਿਆ ਹੈ । ਇੱਕ ਪਾਸੇ ਅਮਰੀਕਾ ਦੀ ਧਰਤੀ ਤੇ ਅੱਗ ਨੇ ਆਪਣਾ ਕਹਿਰ ਮਚਾ ਰੱਖਿਆ ਹੈ ਦੂਜੇ ਪਾਸੇ ਸੜਕ ਹਾਦਸਿਆਂ ਵਿੱਚ ਜਾ ਰਹੀਆਂ ਜਾਨਾਂ ਨੇ ਪੰਜਾਬੀਆਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ । ਡਰਾਇਵਰ ਵੀਰਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਸੜਕੀ ਨਿਯਮਾਂ ਦਾ ਖਿਆਲ ਰੱਖਣ ਤਾਂ ਕਿ ਕੋਈ ਮਾੜੀ ਘਟਨਾ ਨਾ ਵਾਪਰੇ । ਮਾਲਕ ਮੇਹਰ ਕਰੇ ਕਿਸੇ ਦਾ ਧੀ ਪੁੱਤ ਸੜਕ ਹਾਦਸੇ ਵਿੱਚ ਇਸ ਦੁਨੀਆਂ ਨੂੰ ਛੱਡ ਕੇ ਨਾ ਜਾਵੇ ਨਹੀਂ ਤਾਂ ਮਗਰੋਂ ਪਰਿਵਾਰ ਦਾ ਹਾਲ ਬਹੁਤ ਮਾੜਾ ਹੁੰਦਾ ਹੈ , ੲੇਹੀ ਸਾਡੀ ਕਾਮਨਾ ਹੈ ।
ਲੇਖਕ : ਸਿੰਦਰ ਸਿੰਘ ਮੀਰਪੁਰੀ
ਫਰਿਜਨੋ ( ਕੈਲੀਫ਼ੋਰਨੀਆ )
559 285 0841