ਅਗਲੀਆਂ ਚੋਣਾਂ ਵੱਲ ਦੌੜ ਰਹੇ ਦਿਨ ਤੇ ਪੰਜਾਬ ਦੀ ਰਾਜਨੀਤੀ - ਜਤਿੰਦਰ ਪਨੂੰ
ਬੇਲੋੜਾ ਹੁੰਦਿਆਂ ਵੀ ਇਹ ਜ਼ਿਕਰ ਕਰਨਾ ਪੈਂਦਾ ਹੈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਡੇਢ ਸਾਲ ਹੀ ਬਾਕੀ ਰਹਿੰਦਾ ਹੈ ਤੇ ਅੱਜ ਵਾਲੀ ਸਰਕਾਰ ਕੋਲ ਕੰਮ ਲਈ ਮਸਾਂ ਛੇ ਕੁ ਮਹੀਨੇ ਬਚਦੇ ਹਨ। ਆਖਰੀ ਸਾਲ ਵਿੱਚ ਅਫਸਰ ਅਗਲੇ ਹਾਕਮਾਂ ਦੇ ਨਕਸ਼ ਪਛਾਨਣ ਲੱਗ ਪੈਂਦੇ ਅਤੇ ਮੌਕੇ ਦੀ ਸਰਕਾਰ ਦਾ ਹੁਕਮ ਮੰਨਣਾ ਬੰਦ ਕਰ ਦੇਂਦੇ ਹਨ। ਪੰਜਾਬ ਵਿੱਚ ਅੱਜ ਵੀ ਕਈ ਵੱਡੇ ਅਫਸਰ ਆਪਣੇ ਮੰਤਰੀਆਂ ਦੀ ਪਰਵਾਹ ਕਰਨੀ ਛੱਡ ਕੇ ਅੰਦਰ ਦੀਆਂ ਗੱਲਾਂ ਬਾਹਰ ਮੀਡੀਆ ਨੂੰ ਖੁੱਲ੍ਹੀਆਂ ਲੀਕ ਕਰੀ ਜਾਂਦੇ ਹਨ, ਹੋਰ ਛੇ ਮਹੀਨਿਆਂ ਤੱਕ ਇਨ੍ਹਾਂ ਅਫਸਰਾਂ ਨੇ ਕਿਸੇ ਦਾ ਕੁੰਡਾ ਨਹੀਂ ਮੰਨਣਾ। ਕਿਉਂਕਿ ਇਸ ਵੇਲੇ ਦੀ ਸਰਕਾਰ ਦਾ ਦੋਪਹਿਰਾ ਢਲ ਚੁੱਕਾ ਅਤੇ ਸ਼ਾਮ ਪੈਣ ਦਾ ਸਮਾਂ ਹੋਇਆ ਪਿਆ ਹੈ, ਇਸ ਲਈ ਪੰਜਾਬ ਵਿਚਲੀਆਂ ਬਾਕੀ ਪਾਰਟੀਆਂ ਵੀ ਅੱਜਕੱਲ੍ਹ ਲਗਭਗ ਹਰ ਕਦਮ ਅਗਲੀਆਂ ਚੋਣਾਂ ਦੀ ਲੋੜ ਵਾਲੇ ਮੁੱਦੇ ਲੱਭ ਕੇ ਚੁੱਕਦੀਆਂ ਹਨ। ਸਾਰੇ ਸੰਸਾਰ ਵਿੱਚ ਜਿਹੜੀ ਕੋਰੋਨਾ ਦੀ ਮਹਾਮਾਰੀ ਨੇ ਸਾਹ ਸੁਕਾਏ ਪਏ ਹਨ, ਉਸ ਬਾਰੇ ਪੰਜਾਬ ਦੇ ਰਾਜਸੀ ਆਗੂ ਨਹੀਂ ਸੋਚਦੇ। ਉਨ੍ਹਾਂ ਦਾ ਧਿਆਨ ਇਸ ਵਕਤ ਆਪਣੀ ਅਗਲੀ ਰਾਜਸੀ ਛਾਲ ਲਈ ਪੜੁੱਲ ਬੰਨ੍ਹਣ ਜਾਂ ਮਿਲੀ ਹੋਈ ਕੁਰਸੀ ਬਚਾਉਣ ਵੱਲ ਹੈ, ਆਮ ਲੋਕਾਂ ਦੀ ਹਾਲਤ ਸਿਰਫ ਸਿਆਸੀ ਭਾਸ਼ਣਾਂ ਦਾ ਮੁੱਦਾ ਬਣ ਕੇ ਰਹਿ ਗਈ ਹੈ।
ਆਜ਼ਾਦੀ ਮਿਲਣ ਪਿੱਛੋਂ ਪਹਿਲੀ ਚੋਣ ਨੂੰ ਛੱਡ ਕੇ ਹਮੇਸ਼ਾ ਵਿਰੋਧ ਦੀ ਮੁੱਖ ਧਿਰ ਰਹੇ ਅਤੇ ਅੱਧੀ ਦਰਜਨ ਤੋਂ ਵੱਧ ਵਾਰ ਸਰਕਾਰਾਂ ਬਣਾ ਚੁੱਕੇ ਅਕਾਲੀ ਦਲ ਦੀ ਹਾਲਤ ਇਸ ਵਕਤ ਬਾਕੀ ਸਾਰਿਆਂ ਤੋਂ ਮਾੜੀ ਜਾਪਦੀ ਹੈ। ਉਸ ਦੀ ਹਾਲਤ ਵਿਗੜਨ ਦਾ ਕੋਈ ਇੱਕ ਕਾਰਨ ਨਹੀਂ, ਬਰਗਾੜੀ ਕਾਂਡ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਾਲਾਇਕੀ ਕਾਰਨ ਬੀਤੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਗੁੰਮ ਹੋਣ ਤੱਕ ਕਈ ਸਾਰੇ ਕਾਰਨ ਹਨ। ਕੇਂਦਰ ਦੀ ਸਰਕਾਰ ਨੇ ਜਦੋਂ ਕਿਸਾਨੀ ਜਿਨਸਾਂ ਬਾਰੇ ਤਿੰਨ ਆਰਡੀਨੈਂਸ ਇਹੋ ਜਿਹੇ ਲਿਆਂਦੇ, ਜਿਹੜੇ ਇਸ ਰਾਜ ਦੇ ਕਿਸਾਨਾਂ ਨੂੰ ਕਦੇ ਵੀ ਪ੍ਰਵਾਨ ਨਹੀਂ ਹੋ ਸਕਦੇ, ਉਨ੍ਹਾਂ ਆਰਡੀਨੈਂਸਾਂ ਦੀ ਪਹਿਲਾਂ ਛੋਟੇ ਬਾਦਲ ਵੱਲੋਂ ਅਤੇ ਫਿਰ ਵੱਡੇ ਬਾਦਲ ਵੱਲੋਂ ਹਮਾਇਤ ਨੇ ਅਕਾਲੀ ਦਲ ਦੀ ਹਾਲਤ ਹੋਰ ਖਰਾਬ ਕਰ ਦਿੱਤੀ ਹੈ। ਇਸ ਪਾਰਟੀ ਦੇ ਅੰਦਰ, ਅਤੇ ਖਾਸ ਤੌਰ ਉੱਤੇ ਪਾਰਟੀ ਦੇ ਮੁਖੀ ਪਰਵਾਰ ਅੰਦਰ ਜਿਹੜੀ ਸ਼ਖਸੀਅਤਾਂ ਦੀ ਆਪਸੀ ਖਿੱਚੋਤਾਣ ਵਧ ਰਹੀ ਹੈ, ਉਹ ਅਜੇ ਕੁਝ ਹੋਰ ਨੁਕਸਾਨ ਕਰ ਸਕਦੀ ਹੈ। ਇਸ ਕਾਰਨ ਅਕਾਲੀ ਦਲ ਦੀ ਲੀਡਰਸ਼ਿਪ ਬਾਹਰੋਂ ਭਾਵੇਂ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਬੜੀ ਉਤਾਵਲੀ ਦਿਖਾਈ ਦੇਂਦੀ ਹੈ, ਅੰਦਰ ਤੋਂ ਉਸ ਦੇ ਆਗੂਆਂ ਨੂੰ ਆਪੋ ਆਪਣੇ ਹਲਕੇ ਬਾਰੇ ਵੀ ਚਿੰਤਾ ਸਤਾਉਂਦੀ ਸੁਣੀ ਜਾ ਰਹੀ ਹੈ।
ਦੂਸਰੀ ਗਿਣਨ ਜੋਗੀ ਆਮ ਆਦਮੀ ਪਾਰਟੀ ਹੈ, ਜਿਹੜੀ ਪਿਛਲੀ ਵਾਰੀ ਰਾਜ ਸਰਕਾਰ ਬਣਾਉਣ ਦੇ ਸੁਫਨੇ ਨਾਲ ਤੁਰੀ ਸੀ ਤੇ ਮਸਾਂ ਵੀਹ ਸੀਟਾਂ ਤੱਕ ਸਿਮਟ ਕੇ ਰਹਿ ਗਈ ਸੀ। ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਇਸ ਪਾਰਟੀ ਦੇ ਅੰਦਰਲੇ ਹਾਲਾਤ ਨੇ ਇਸ ਨੂੰ ਢਾਹ ਵੀ ਲਾਈ ਹੈ ਤੇ ਕੰਮ ਦਾ ਕੋਈ ਤਜਰਬਾ ਨਾ ਹੋਣ ਕਾਰਨ ਇਸ ਦੇ ਕਈ ਵਿਧਾਇਕਾਂ ਨੇ ਆਪਣੇ ਹਲਕਿਆਂ ਵਿੱਚ ਪੈਰ ਜਮਾਉਣ ਜੋਗੀ ਸਰਗਰਮੀ ਵੀ ਨਹੀਂ ਸੀ ਕੀਤੀ। ਉਹ ਪਿਛਲੀ ਵਾਰ ਦੀ ਲਹਿਰ ਦੀ ਝਾਕ ਛੱਡਣ ਨੂੰ ਤਿਆਰ ਨਹੀਂ ਤੇ ਇਹ ਵੀ ਨਹੀਂ ਸੋਚਣਾ ਚਾਹੁੰਦੇ ਕਿ ਪਹਿਲੀ ਵਾਰ ਪਾਰਲੀਮੈਂਟ ਦੀਆਂ ਚਾਰ ਸੀਟਾਂ ਜਿੱਤ ਚੁੱਕੀ ਇਹ ਹੀ ਪਾਰਟੀ ਜੇ ਦੂਸਰੀ ਵਾਰੀ ਸਿਰਫ ਇੱਕ ਸੀਟ ਅਤੇ ਉਹ ਵੀ ਉਮੀਦਵਾਰ ਦੇ ਨਿੱਜੀ ਅਕਸ ਸਦਕਾ ਜਿੱਤ ਸਕੀ ਹੈ ਤਾਂ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ, ਓਦੋਂ ਪਿਛਲੀ ਵਾਰ ਦੀਆਂ ਵੀਹਾਂ ਵਿੱਚੋਂ ਅੱਧੀਆਂ ਸੀਟਾਂ ਵੀ ਨਹੀਂ ਮਿਲਣੀਆਂ। ਸਿਰਫ ਤਿੰਨ ਜਾਂ ਚਾਰ ਵਿਧਾਇਕਾਂ ਨੇ ਏਨਾ ਕੁ ਕੰਮ ਕੀਤਾ ਹੈ ਕਿ ਉਹ ਅਗਲੀ ਵਾਰੀ ਸਿਰ ਉੱਚਾ ਕਰ ਕੇ ਲੋਕਾਂ ਵਿੱਚ ਜਾਣ ਜੋਗੇ ਕਹੇ ਜਾ ਸਕਦੇ ਹਨ, ਬਾਕੀਆਂ ਨੂੰ ਰਹਿੰਦੇ ਡੇਢ ਸਾਲ ਵਿੱਚ ਕੰਮ ਕਰਨਾ ਜਾਂ ਆਪਣੇ ਨਾਂਅ ਨਾਲ ਸਾਬਕਾ ਲਿਖਾਉਣ ਲਈ ਅੱਜ ਤੋਂ ਹੀ ਤਿਆਰ ਹੋਣਾ ਚਾਹੀਦਾ ਹੈ। ਉਹ ਇਸ ਸੱਚਾਈ ਨੂੰ ਅਜੇ ਵੀ ਮੰਨਣ ਨੂੰ ਤਿਆਰ ਨਹੀਂ।
ਰਹਿ ਗਈ ਗੱਲ ਉਸ ਕਾਂਗਰਸ ਪਾਰਟੀ ਦੀ, ਜਿਸ ਦੇ ਲੀਡਰ ਇਹ ਸੋਚ ਕੇ ਅਗਲੀ ਚੋਣ ਜਿੱਤਣ ਦਾ ਸੁਫਨਾ ਲੈ ਰਹੇ ਹਨ ਕਿ ਅਕਾਲੀ ਜਦੋਂ ਪਿਛਲੀ ਮਾਰ ਤੋਂ ਉੱਠਣ ਜੋਗੇ ਨਹੀਂ ਹੋ ਸਕੇ ਤੇ ਆਮ ਆਦਮੀ ਪਾਰਟੀ ਅੱਗੇ ਨਹੀਂ ਵਧ ਸਕੀ ਤਾਂ ਲੋਕਾਂ ਕੋਲ ਸਾਡਾ ਕੋਈ ਬਦਲ ਹੀ ਨਹੀਂ, ਇਸ ਲਈ ਅਸੀਂ ਫਿਰ ਜਿੱਤ ਜਾਣਾ ਹੈ। ਲੋਕ ਕਿਸੇ ਦੇ ਪਿਓ ਦੇ ਖਰੀਦੇ ਹੋਏ ਨਹੀਂ ਕਿ ਸੌ ਐਬਾਂ ਦੇ ਬਾਵਜੂਦ ਉਨ੍ਹਾਂ ਨੂੰ ਬਿਨਾਂ ਸੋਚਿਆਂ ਵੋਟਾਂ ਪਾਈ ਜਾਣਗੇ। ਇਸ ਪਾਰਟੀ ਦਾ ਸਭ ਤੋਂ ਵੱਡਾ ਦੁਸ਼ਮਣ ਤਾਂ ਇਸ ਪਾਰਟੀ ਦੇ ਆਪਣੇ ਲੀਡਰ ਹਨ। ਇਹ ਆਪੋ ਵਿੱਚ ਮਿਲ ਕੇ ਢਾਈ ਕਦਮ ਨਹੀਂ ਚੱਲ ਸਕਦੇ। ਬਾਦਲ ਰਾਜ ਵਿੱਚ ਇੱਕ ਵਾਰੀ ਵਿਧਾਨ ਸਭਾ ਵਿੱਚ ਪਹਿਲੇ ਦਿਨ ਅਕਾਲੀਆਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਧੜੇ ਨੂੰ ਚੋਖਾ ਰਗੜਾ ਲਾਇਆ ਅਤੇ ਭੱਠਲ ਅਤੇ ਬਾਜਵਾ ਧੜੇ ਚੁੱਪ ਰਹੇ ਸਨ। ਅਗਲੇ ਦਿਨ ਸਵੇਰੇ ਭੱਠਲ ਧੜੇ ਦੇ ਖਿਲਾਫ ਜਦੋਂ ਸਿੱਧਾ ਫਾਇਰ ਖੋਲ੍ਹ ਦਿੱਤਾ ਤੇ ਇਸ ਵਿੱਚ ਖੁਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਹੋ ਗਏ ਤਾਂ ਪਿਛਲੇ ਦਿਨਾਂ ਦੇ ਕੌੜ ਖਾਈ ਫਿਰਦੇ ਕੈਪਟਨ ਧੜੇ ਦੇ ਵਿਧਾਇਕ ਚੁੱਪ ਕੀਤੇ ਰਹੇ ਸਨ। ਤੀਸਰਾ ਮੌਕਾ ਚੁਣ ਕੇ ਅਕਾਲੀਆਂ ਨੇ ਬਾਜਵਾ ਧੜੇ ਦੇ ਖਿਲਾਫ ਚਾਂਦਮਾਰੀ ਛੋਹ ਲਈ ਅਤੇ ਇਸ ਵਾਰੀ ਕੈਪਟਨ ਅਤੇ ਭੱਠਲ ਧੜੇ ਇਸ ਲਈ ਚੁੱਪ ਕੀਤੇ ਰਹੇ ਸਨ ਕਿ ਉਨ੍ਹਾਂ ਦੇ ਖਿਲਾਫ ਇਹੋ ਕੁਝ ਹੋਣ ਵੇਲੇ ਬਾਜਵਾ ਧੜਾ ਚੁੱਪ ਕੀਤਾ ਰਿਹਾ ਸੀ। ਉਹ ਧੜੇਬੰਦੀ ਇਸ ਵੇਲੇ ਵੀ ਰੰਗ ਵਿਖਾਈ ਜਾਂਦੀ ਹੈ। ਦੂਸਰਾ ਪੱਖ ਇਹ ਹੈ ਕਿ ਇਸ ਪਾਰਟੀ ਦੇ ਕੁਝ ਵਿਧਾਇਕ ਇਸ ਪਾਰਟੀ ਦੀ ਬੇੜੀ ਦੇ ਪੱਥਰ ਬਣੀ ਜਾ ਰਹੇ ਹਨ, ਪਰ ਉਨ੍ਹਾਂ ਬਾਰੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਿਸੇ ਪੱਧਰ ਉੱਤੇ ਨਹੀਂ ਕੀਤੀ ਗਈ। ਪਹਿਲਾਂ ਸ਼ੰਭੂ ਬੈਰੀਅਰ ਨੇੜੇ ਨਕਲੀ ਸ਼ਰਾਬ ਵਾਲੇ ਗੋਦਾਮਾਂ ਦੇ ਕੇਸ ਵਿੱਚ ਦੋ ਵਿਧਾਇਕਾਂ ਦਾ ਨਾਂਅ ਆਇਆ ਤਾਂ ਹਾਕਮ ਪਾਰਟੀ ਚੁੱਪ ਰਹੀ ਤੇ ਫਿਰ ਮਾਝੇ ਵਿੱਚ ਜਦੋਂ ਨਕਲੀ ਸ਼ਰਾਬ ਨਾਲ ਮੌਤਾਂ ਹੋਣ ਲੱਗ ਪਈਆਂ, ਓਦੋਂ ਵੀ ਪਾਰਟੀ ਜਾਂ ਸਰਕਾਰ ਨੇ ਕਾਰਵਾਈ ਨਹੀਂ ਸੀ ਕੀਤੀ। ਇਸ ਦੇ ਬਾਅਦ ਦਲਿਤ ਵਿਦਿਆਰਥੀਆਂ ਦੇ ਵਜ਼ੀਫਿਆਂ ਦਾ ਮੁੱਦਾ ਉੱਭਰ ਪਿਆ ਹੈ। ਇੱਕ ਮੰਤਰੀ ਇਸ ਲਈ ਚਰਚਾ ਵਿੱਚ ਹੈ, ਹਰ ਪਾਸੇ ਉਸ ਇੱਕੋ ਮੰਤਰੀ ਕਾਰਨ ਸਰਕਾਰ ਦੀ ਬਦਨਾਮੀ ਹੋ ਰਹੀ ਹੈ, ਪਰ ਨਾ ਉਹ ਆਪ ਅਸਤੀਫਾ ਦੇਣ ਵਾਸਤੇ ਤਿਆਰ ਹੈ ਤੇ ਨਾ ਉਸ ਨੂੰ ਕਾਂਗਰਸ ਪਾਰਟੀ ਜਾਂ ਮੁੱਖ ਮੰਤਰੀ ਨੇ ਕੁਰਸੀ ਛੱਡਣ ਲਈ ਕਿਹਾ ਹੈ।
ਰਾਜ ਸਰਕਾਰ ਦੇ ਤਰਫਦਾਰੀ ਕਰਨ ਵਾਲੇ ਇਹ ਕਹਿੰਦੇ ਹਨ ਕਿ ਜਦੋਂ ਅਕਾਲੀ ਦਲ ਅਜੇ ਆਪਣੇ ਪਾਪਾਂ ਦੇ ਬੋਝ ਤੋਂ ਖਹਿੜਾ ਨਹੀਂ ਛੁਡਾ ਸਕਿਆ, ਆਮ ਆਦਮੀ ਪਾਰਟੀ ਅੱਗੇ ਵਧਣ ਦੀ ਥਾਂ ਪਿੱਛੇ ਸਰਕਦੀ ਦਿੱਸਦੀ ਹੈ ਤਾਂ ਕਾਂਗਰਸ ਦਾ ਬਦਲ ਹੀ ਕੋਈ ਨਹੀਂ। ਕਹਿਣ ਤੋਂ ਭਾਵ ਇਹ ਕਿ ਲੋਕਾਂ ਨੂੰ ਮਜਬੂਰੀ ਵਿੱਚ ਏਸ ਨੂੰ ਜਿਤਾਉਣਾ ਪੈਣਾ ਹੈ। ਸਰਕਾਰ ਚਲਾ ਰਹੀ ਪਾਰਟੀ ਦੇ ਇਹੋ ਜਿਹੇ ਸਮੱਰਥਕ ਇਸ ਪਾਰਟੀ ਨੂੰ ਸੁਫਨੇ ਦੀ ਦੁਨੀਆ ਵਿੱਚੋਂ ਬਾਹਰ ਨਹੀਂ ਆਉਣ ਦੇਣਾ ਚਾਹੁੰਦੇ ਤੇ ਇਹ ਹਕੀਕਤ ਭੁਲਾਈ ਫਿਰਦੇ ਹਨ ਕਿ ਅੱਕੇ ਹੋਏ ਲੋਕ ਕਈ ਵਾਰੀ ਇਹ ਸੋਚ ਕੇ ਵੀ ਵੋਟਾਂ ਪਾਉਣ ਤੁਰ ਪੈਂਦੇ ਹੁੰਦੇ ਹਨ ਕਿ ਮੌਕੇ ਦਾ ਮਾਲਕ ਬਦਲੀਏ, ਹੋਰ ਭਾਵੇਂ ਕਾਲਾ ਚੋਰ ਵੀ ਆ ਜਾਏ। ਕਈ ਵਾਰ ਇਹੋ ਜਿਹੇ ਹਾਲਤ ਵਿੱਚ ਆਮ ਲੋਕ ਵੋਟ ਪਾ ਕੇ ਸਚਮੁੱਚ ਕਾਲੇ ਚੋਰ ਵਰਗੇ ਆਗੂ ਵੀ ਜਿਤਾ ਦੇਂਦੇ ਰਹੇ ਹਨ, ਪਰ ਲੋਕਾਂ ਨੂੰ ਭੁਲਾ ਬੈਠੀ ਸਰਕਾਰ ਨੂੰ ਠਿੱਬੀ ਲਾਉਣ ਦਾ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਹੁੰਦਾ। ਕਾਂਗਰਸ ਪਾਰਟੀ ਪਹਿਲਾਂ ਵੀ ਏਦਾਂ ਦੀਆਂ ਠਿੱਬੀਆਂ ਖਾ ਚੁੱਕੀ ਹੈ।
ਦਿਨ ਭਾਵੇਂ ਪੰਜਵੇਂ ਗੇਅਰ ਵਿੱਚ ਪਈ ਗੱਡੀ ਵਾਂਗ ਦੌੜਦੇ ਜਾਂਦੇ ਹਨ, ਪਰ ਇਨ੍ਹਾਂ ਦੇ ਨਾਲ ਕਦਮ ਮਿਲਾ ਕੇ ਚੱਲਣ ਲਈ ਜਿਨ੍ਹਾਂ ਪਾਰਟੀਆਂ ਨੂੰ ਗੇਅਰ ਬਦਲਣੇ ਚਾਹੀਦੇ ਹਨ, ਉਹ ਅਜੇ ਤੱਕ ਇਸ ਗੇਅਰ ਵਿੱਚ ਨਹੀਂ ਪੈ ਸਕੀਆਂ।