ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ
ਸ਼ਾਖੋਂ ਕੇ ਫੂਲ ਟੂਟ ਕੇ ਰਾਹੋਂ ਮੇਂ ਆ ਗਏ
ਖ਼ਬਰ ਹੈ ਕਿ ਭਾਰਤ ਦੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕਾਂਗਰਸ ਲਈ ਨਿਰਾਸ਼ਾਜਨਕ ਰਹੇ ਹਨ। ਇੱਕ ਪਾਸੇ ਜਿਥੇ ਅਸਾਮ ਅਤੇ ਕੇਰਲ 'ਚ ਕਾਂਗਰਸ ਪਾਰਟੀ ਚੋਣਾਂ ਹਾਰ ਕੇ ਸੱਤਾ 'ਚੋਂ ਬਾਹਰ ਹੋ ਗਈ ਹੈ, ਉਥੇ ਪੱਛਮੀ ਬੰਗਾਲ ਅਤੇ ਤਾਮਿਲਨਾਡੂ 'ਚ ਵੀ ਪਾਰਟੀ ਨੂੰ ਨਿਰਾਸ਼ਾ ਹੀ ਪੱਲੇ ਪਈ ਹੈ। ਪੱਛਮੀ ਬੰਗਾਲ 'ਚ ਖੱਬੇ ਪੱਖੀ ਧਿਰਾਂ ਨੇ ਅਤੇ ਤਾਮਿਲਨਾਡੂઠ'ਚ ਡੀ.ਐਮ.ਕੇ.ਨੇ ਕਾਂਗਰਸ ਦੇ ਨਾਲ ਗੱਠਜੋੜ ਕੀਤਾ ਸੀ, ਲੇਕਿਨ ਹਾਰ ਤੋਂ ਬਾਅਦ ਖੱਬੇ ਅਤੇ ਡੀ.ਐਮ.ਕੇ.ਨੇ ਹਾਰ ਦਾ ਠੀਕਰਾ ਕਾਂਗਰਸ ਦੇ ਸਿਰ ਹੀ ਭੰਨ ਦਿਤਾ ਹੈ। ਦਿਲੀ,ਬਿਹਾਰ 'ਚ ਰਾਹਾਂ 'ਚ ਰੁੱਲਕੇ ਮੋਦੀ ਦੀ ਭਾਜਪਾ ਅਸਾਮ 'ਚ ਕਮਲ ਦਾ ਫੁੱਲ ਖਿਲਾਉਣ 'ਚ ਸਫਲ ਹੋ ਗਈ। ਮਮਤਾ ਬੰਗਾਲ 'ਚ, ਜੈਲਲਿਤਾ ਤਾਮਿਲਨਾਡੂ 'ਚ, ਮੁੜ ਕੁਰਸੀ 'ਤੇ ਆ ਬੈਠੀਆਂ। ਬੰਗਾਲ 'ਚ ਆਪਣੀ ਪਿੱਠ ਲੁਆਕੇ, ਕੇਰਲ, 'ਚ ਖੱਬਿਆਂ ਨੇ ਕਾਂਗਰਸ ਮਿੱਟੀ 'ਚ ਰੋਲ ਦਿਤੀ। ਅਤੇ ਵਿਚਾਰੀ ਕਾਂਗਰਸ ਛੋਟੀ ਜਿਹੀ ''ਸੂਬੀ"ਪਾਂਡੀਚਰੀ 'ਚ ਆਪਣਾ ਝੰਡਾ ਮਸਾਂ ਝੁਲਾ ਸਕੀ। ਅਸਾਮ ਵਾਲੇ ਕਾਂਗਰਸ ਦੇ ਹਿਮੈਤੀ ੇ ਲੰਗੋਟੀਏ, ਬੰਗਾਲ ਦੇ ਸਾਂਝੀਦਾਰ ਖੱਬੇ ਤੇ ਤਾਮਿਲਨਾਡੂ ਦੇ ਕਾਂਗਰਸ ਡੀ.ਐਮ.ਕੇ ਵਾਲੇ ਕਾਂਗਰਸ ਨਾਲ ਭਾਈਵਾਲੀ 'ਚ ਲੜੀਆਂ ਚੋਣਾਂ ਹਾਰ ਕੇ, ਮੱਥਾ ਪਿੱਟ-ਪਿੱਟ ਆਖਣ ਲੱਗ ਪਏ,"ਕਾਹਨੂੰ ਗਿਆਂ ਗੁਜਰਿਆਂ ਨਾਲ ਸਾਂਝ ਪਾਉਣੀ ਸੀ, ਜਿਹਨਾਂ ਨੂੰ ਪਹਿਲਾਂ ਭਾਜਪਾ ਵਾਲਿਆਂ ਪਟਕਾਇਆ,ਆਮ ਵਾਲਿਆਂ ਝਟਕਿਆ, ਰਹਿੰਦਾ ਖੂੰਹਦਾ ਅਕਾਲੀਆਂ ਲੰਮੇ ਪਾਇਆ" ।ਪਰ ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਗਈ ਖੇਤ।
ਉਂਜ ਵੇਖੋ ਨਾਂ ਮਹਾਤਮਾ ਗਾਂਧੀ-ਨਹਿਰੂ ਦੀ ਡਾਹਢੀ ਕਾਂਗਰਸ, ਜਿਹੜੀ ਅੰਗਰੇਜਾਂ ਵਾਗੂੰ ਆਖਣ ਲੱਗ ਪਈ ਸੀ ਕਿ ਉਹ ਦਿਨਾਂ-ਰਾਤਾਂ ਨੂੰ ਥੰਮ ਸਕਦੀ ਹੈ, ਐਮਰਜੰਸੀਆਂ ਲਾਕੇ ਲੋਕਾਂ ਦੇ ਬੋਲ ਬੰਦ ਕਰਾ ਸਕਦੀ ਆ, ਉਹਦੀ ਬੋਲਤੀ ਲੋਕਾਂ ਐਸੀ ਬੰਦ ਕਰ ਤੀ ਆ ਕਿ ਹੁਣ ਉਹਦੇ ਆਪਣੇ ਹਿਮੈਤੀਆਂ ਅਨੁਸਾਰ ਉਹ ਤਾਂ ਹੁਣ ਕੌਮੀ ਪਾਰਟੀ ਵੀ ਨਹੀਂ ਰਹੀ, ਨਾ ਕੰਮ ਦੀ ਪਾਰਟੀ ਰਹੀ ਆ। ਦੋ ਚਾਰ ਸੂਬਿਆਂ 'ਚ ਨਹੀਂ , ਸੂਬੀਆਂ 'ਚ ਹੀ ਸਰਕਾਰ ਬਣਾਈ ਬੈਠੀ ਆ। ਐਸੀ ਦੁਰਗਤ ਹੋਈ ਆ, ਐਸੀ ਦੁਰਮਤ ਹੋਈ ਆ ਕਿ ਜਿਸ ਪਾਰਟੀ ਕੇ ''ਫੂਲ ਗੁਲਸ਼ਨ ਗੁਲਸ਼ਨ ਖਿਲੇ ਥੇ",ਮਾਂ-ਪੁੱਤ ਦੀ ਅਪਾਰ-ਕਿਰਪਾ ਸਦਕਾ ''ਸ਼ਾਖੋਂ ਕੇ ਫੂਲ ਟੂਟ ਕੇ ਰਾਹੋਂ ਮੇਂ ਆ ਗਏ ਹੈ"।
ਠੇਕੇਦਾਰ ਵਿਚਾਰੇ, ਕਰਮਾਂ ਦੇ ਮਾਰੇ!
ਖ਼ਬਰ ਹੈ ਕਿ ਪੰਜਾਬ-ਰਾਜਸਥਾਨ ਸਰਹੱਦ ਉਤੇ ਵਸੇ ਪਿੰਡ ਸ਼ੇਰਗੜ ਦੀ ਟੇਲਾਂ ਤੇ ਸਿੰਚਾਈ ਦਾ ਪਾਣੀ ਪਹੁੰਚਾਉਣ ਲਈ ਲਗਭਗ 1320 ਕਰੋੜ ਦੀ ਲਾਗਤ ਨਾਲ ਦੁਬਾਰਾ ਬਣਾਈ ਗਈ ਲੰਬੀ ਨਹਿਰ [ਮਾਈਨਰ] ਪਾਣੀ ਛੱਡਣ ਦੇ ਪਹਿਲੇ ਟਰਾਇਲ ਦੌਰਾਨ ਹੀ ਟੁੱਟ ਗਈ। ਨਹਿਰ ਦੇ ਇੱਕ ਥਾਂ ਉਤੇ ਲਗਭਗ 70 ਫੁਟ ਚੌੜਾ ਪਾੜ ਪੈਣ ਨਾਲ ਆਸੇ ਪਾਸੇ ਦੀਆਂ ਫਸਲਾਂ ਵਿੱਚ ਪਾਣੀ ਭਰ ਗਿਆ। ਇਸ ਨਹਿਰ ਨੂੰ ਬਨਾਉਣ ਲਈ ਕੇਂਦਰ ਸਰਕਾਰ ਨੇ 1320 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਸੀ। ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਅਧਿਕਾਰੀਆਂ ਵਲੋਂ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ।ਇਸ ਨਹਿਰ ਨੂੰ ਬਨਾਉਣ ਵਾਲੇ ਠੇਕੇਦਾਰ ਨੂੰ ਹਾਲੀ ਤੱਕ ਪੂਰਾ ਭੁਗਤਾਨ ਨਹੀਂ ਕੀਤਾ ਗਿਆ।
ਜਦੋਂ ਥੁੱਕ ਨਾਲ ਬੜੇ ਪੱਕਣੇ ਆਂ ਤਾਂ ਭਾਈ ਕੱਚੇ ਹੀ ਪੱਕਣੇ ਆਂ। ਅੱਧੋਂ ਵੱਧ ਹਿੱਸਾ ਤਾਂ ਉਪਰਲੇ ਖੋਹ-ਖਿੱਚਕੇ ਲੈ ਜਾਂਦੇ ਆ। ਜਿੰਨਾ ਦੀਵੇ 'ਚ ਤੇਲ ਪੈਣਾ ਉਤਨਾ ਹੀ ਚਾਨਣ ਹੋਣਾ ਆਂ ਜਾਂ ਕਹੀਏ ਜਿੰਨਾ ਗੁੜ ਪਊ ਉਤਨਾ ਹੀ ਮਿੱਠਾ ਹੋਊ। ਠੇਕੇਦਾਰ ਨੇ ਆਪ ਵੀ ਠੂੰਗਾ ਮਾਰਨਾ ਹੋਇਆ, ਸਰਕਾਰੇ ਦਰਬਾਰੇ, ਵੱਡਿਆਂ-ਛੋਟਿਆਂ ਦੇ ਚਰਨੀਂ ਦਾਨ ਦਕਸ਼ਣਾਂ ਵੀ ਦੇਣੀ ਹੋਈ। ਜਿਨਾਂ ਮਾਲ ਬਚਣਾ ਆਂ, ਉਹਦੇ ਨਾਲ ਹੀ ਤੁਥ-ਮੁਥ ਕਰਕੇ ਨਹਿਰ ਬਣਾਈ ਹੋਊ!ਸੀਮਿੰਟ ਦੀ ਥਾਂ ਸੁਆਹ, ਰੇਤੇ ਦੇ ਥਾਂ ਮਿੱਟੀ, ਸਰੀਏ ਦੀ ਥਾਂ ਪੁਰਾਣੀਆਂ ਸੀਖਾਂ ਪਾਕੇ ਬੁੱਤਾ ਲਾਇਆ ਹੋਊ। ਸੋਚਿਆ ਹੋਊ, ਚਲੋ ਜਿੰਨੇ ਦਿਨ ਨਹਿਰ ਚੱਲੂ ਉਨੇ ਦਿਨ ਹੀ ਸਹੀ, ਉਂਜ ਭਾਈ ਖੁਆਜੇ ਦੇਵਤੇ ਅੱਗੇ ਕਿਹੜਾ ਜੋਰ ਆ ,ਸਭੋ ਕੁਝ ਪਲਾਂ 'ਚ ਹੀ ਸਾਫ ਕਰ ਦਿੰਦਾ ਆ, ਖੇਤ, ਖਲਿਆਣ, ਕੋਠੇ, ਪਸ਼ੂ-ਡੰਗਰ ਜੀਆ-ਜੰਤ। ਅਤੇ ਇਹ ਨਹਿਰਾਂ ਠਹਿਰਾਂ ਦੇ ਬੰਨੇ-ਬੰਨ ? ਉਹਦੇ ਮੂਹਰੇ ਕੀ ਹੋਂਦ ਰੱਖਦੇ ਆ।
ਆਹ ਠੇਕੇਦਾਰ ਤਾਂ ਵਿਚਾਰੇ ਕਰਮਾਂ ਦੇ ਮਾਰੇ ਆ। ਮਾਫੀਏ, ਗੈਗਾਂ, ਜਮ੍ਹਾਂ ਖੋਰਾਂ, ਰਿਸ਼ਵਤਖੋਰਾਂ ਦੇ ਮੋਹਰੇ ਉਨ੍ਹਾਂ ਦੀ ਕੀ ਕੀਮਤ?ਉਹ ਜਿਹੜੇ ਮਿੰਟਾਂ-ਸਕਿੰਟਾਂ 'ਚ ਇਧਰਲਾ-ਉਧਰ ਅਤੇ ਉਧਰਲਾ ਇਧਰ ਕਰਕੇ ਹੱਥ 'ਤੇ ਸਰੋਂ ਜਮ੍ਹਾਂ ਦਿੰਦੇ ਆ ਤੇ ਚਿੱਟਾ ਕੁੜਤਾ, ਚਿੱਟਾ ਪਜਾਮਾ ਪਾਕੇ ਨੇਤਾ ਦੀ ਵੱਡੀ ਕੁਰਸੀ ਤੇ ਬਿਰਾਜਮਾਨ ਹੋਕੇ ਕਰੋੜਾਂ ਰੁਪੱਈਏ ਮਿੰਟਾਂ 'ਚ ਹਜ਼ਮ ਕਰਨ ਦੀ ਮੁਹਾਰਤ ਰੱਖਦੇ ਆ।
ਨਹੀਓਂ ਲੱਗਦਾ ਦਿਲ ਮੇਰਾ
ਖ਼ਬਰ ਹੈ ਕਿ ਪੰਜਾਬ ਦੇ ਲਗਭਗ 800 ਹੋਣਹਾਰ ਬੱਚੇ ਮੈਰੀਟੋਰੀਅਸ ਸਕੂਲਾਂ ਨੂੰ ਅਲਵਿਦਾ ਆਖ ਗਏ ਹਨ। ਇਸ ਨਾਲ ਸਰਕਾਰ ਫਿਕਰਮੰਦ ਹੋ ਗਈ ਹੈ।ਹਾਲਾਂਕਿ ਪੰਜਾਬ ਸਰਕਾਰ ਦਾ ਹੋਣਹਾਰ ਪੇਂਡੂ ਬੱਚਿਆਂ ਲਈ ਇਹ ਅੱਵਲ ਦਰਜੇ ਦਾ ਪ੍ਰੋਜੈਕਟ ਹੈ।ਦੋ ਵਰ੍ਹਿਆਂ 'ਚ ਹੀ ਮੈਰੀਟੋਰੀਅਸ ਸਕੂਲਾਂ ਨੂੰ ਅਲਵਿਦਾ ਕਹਿਣ ਵਾਲੇ ਇਨਾਂ ਬੱਚਿਆਂ ਦੀ ਪ੍ਰਬੰਧਕਾਂ ਕੌਂਸਲਿੰਗ ਵੀ ਕੀਤੀ ਪਰ ਉਹ ਵਿਦਿਆਰਥੀਆਂ ਨੂੰ ਮੋੜਾ ਨਹੀਂ ਪਾ ਸਕੇ। ਸਕੂਲ ਪ੍ਰਬੰਧਕਾਂ ਅਨੁਸਾਰ ਘਰਾਂ ਦੀ ਖਿੱਚ ਕਰਕੇ ਬਹੁਤੇ ਵਿਦਿਆਰਥੀ ਸਕੂਲ ਵਿੱਚ ਐਡਜਸਟ ਨਹੀਂ ਹੋ ਰਹੇ। ਪੰਜਾਬ ਸਰਕਾਰ ਵਲੋਂ ਇਨਾ੍ਹਂ ਮੈਰੀਟੋਰੀਅਸ ਸਕੂਲਾਂ ਵਿਚ ਦਸਵੀਂ ਜਮਾਤ 'ਚ 80 ਫੀਸਦੀ ਤੋਂ ਜਿਆਦਾ ਨੰਬਰ ਲੈਣ ਵਾਲੇ ਬੱਚਿਆਂ ਨੂੰ ਅਗਲੀ ਪੜ੍ਹਾਈ ਮੁਫ਼ੳਮਪ;ਤ ਦੇਣ ਲਈ ਇਹ ਸਕੂਲ ਖੋਲ੍ਹੇ ਗਏ ਹਨ।
ਇਨਾ੍ਹਂ ਸਕੂਲਾਂ 'ਚ ਨਾ ਗੰਨੇ ਚੂਪਣ ਲਈ ਮਿਲਦੇ ਆ, ਨਾ ਸਾਗ ਅਤੇ ਮੱਕੀ ਦੀ ਰੋਟੀ। ਜੀਹਨਾਂ ਬਿਨਾਂ ਪੰਜਾਬੀ ਭਾਈ ਕਿਧਰੇ ਵੀ ਨਹੀਓਂ ਰਹਿੰਦੇ। ਦੇਸੋਂ ਵਿਦੇਸ਼ ਭਜਦਿਆਂ ਵੀ ਲੜ ਗੁੜ ਦੀ ਡਲੀ , ਮਾਂ ਦੀਆਂ ਬਣਾਈਆਂ ਪਿੰਨੀਆਂ ਲੈ ਕੇ ਜਾਣਾ ਨਹੀਂ ਭੁਲਦੇ! ਉਂਜ ਵੀ ਪੰਜਾਬੀ ਆ ਭਾਈ ਖੁਲ੍ਹੇ ਡੁਲੇ, ਪੜ੍ਹਾਈ ਨੂੰઠਰਤਾ ਹੱਥ ਤੰਗ ਹੀ ਆ ਇਨਾਂ ਦਾ! ਮੱਕੀ ਦੇ ਦਾਣੇ ਚੱਬਦੇ, ਦੋਧੇ ਛੱਲੀਆਂ ਖਾਣੀਆਂ, ਲੱਸੀ ਦਾ ਛੰਨਾ, ਜਾਂ ਅੱਧਰਿੜਕਾ ਪੀਣਾ ਆ ਇਨਾਂ ਦਾ ਸ਼ੌਕ! ਇਹ ਚੀਜਾਂ ਖਾ ਪੀ ਕੇ ਘੂਕ ਸੌਣ ਦੀ ਆਦਤ ਤੋਂ ਇਨ੍ਹਾਂ ਨੂੰ ਕੌਣ ਵਰਜੇ। ਤਦੇ ਮਾਸ਼ਟਰਾਂ ਨੂੰ ਝਕਾਨੀ ਦੇਕੇ ਇਹ ਗਭਰੂ ਘਰ ਪਰਤ ਆਏ ਆ। ਪੜ੍ਹਾਈ ਦਾ ਕੀ ਆ ਤੇ ਭਵਿੱਖ ਕਿਹੜੀ ਸ਼ੈਅ ਆ, ਇਸ ਬਾਰੇ ਭਲਾ ਇਨਾਂ ''ਗਭਰੂਆਂ" ਨੂੰ ਸੋਚਣ ਦੀ ਕੀ ਲੋੜ? ਮਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਦਿਲ ਕਰਦਾ, ਬੜਾ ਦਿਲ ਕਰਦਾ" ਆਖ ਕੇ ਚੁਕ ਕੇ ਬਸਤਾ, ਸੁੱਟ ਕੇ ਸਰਕਾਰੀ ਵਰਦੀ, ਮਾਰ ਕੇ ਸਹੂਲਤਾਂ ਨੂੰ ਲੱਤ, ਇਹ ਗਭਰੂ ਉਨਾਂ ਫੌਜ 'ਚ ਨਾਵਾਂ ਕਟਵਾਕੇ ਆਏ ਨਵ ਵਿਆਹੇ ਫੌਜੀਆਂ ਵਾਂਗਰ ਸਕੂਲੋਂ 'ਚੋਂ ਫੱਟੀ ਵਸਤਾ ਚੁੱਕ, ਸ਼ੂਟ ਵੱਟ ਲਈ ਆ।ਉਂਜ ਵੀ ਭਾਈ ਪੰਜਾਬ 'ਚ ਹੀ ਲੋਕਾਂ ਦਾ ਜੀਅ ਲੱਗਣੋਂ ਹੱਟ ਗਿਆ ਆ ਤਾਂ ਇਨਾਂ ਗਭਰੂਆਂ ਦਾ ਸਕੂਲਾਂ 'ਚ ਦਿਲ ਕਿਵੇਂ ਲੱਗੇ? ਤਦੇ ਉਹ ਇਹ ਆਖਕੇ ਘਰਾਂ ਨੂੰ ਪਰਤ ਆਏ ਆ ਨਹੀਓਂ ਲੱਗਦਾ ਦਿਲ ਮੇਰਾ ਬਾਦਲ ਜੀ, ਨਹੀਓਂ ਲੱਗਦਾ ਦਿਲ ૮શ૰ૻ੍ਵੂ
ਹਮੇਂ ਡਰ ਕਾਹੇ ਕਾ
ਖ਼ਬਰ ਹੈ ਕਿ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਲਈ ਜਲਦੀ ਹੀ ਮੁਸੀਬਤ ਖੜੀ ਹੋ ਸਕਦੀ ਹੈ। ਕਪਿਲ ਉਤੇ ਆਪਣੇ ਸ਼ੋਅ ਦੌਰਾਨ ਨਰਸਾਂ ਦਾ ਬਿੰਬ ਖਰਾਬ ਕਰਨ ਦਾ ਦੋਸ਼ ਹੈ। ਆਲ ਇੰਡੀਆ ਸਰਕਾਰੀ ਨਰਸਾਂ ਦੀ ਫੈਡਰੇਸ਼ਨ ਨੇ ਕਪਿਲ ਸ਼ਰਮਾ ਦੇ ਖਿਲਾਫ ਨਵੀਂ ਦਿਲੀ ਦੇ ਨਾਰਥ ਐਵੀਨਿਊ ਥਾਣੇ ਵਿਚ ਸ਼ਕਾਇਤ ਦਰਜ਼ ਕਰਵਾ ਦਿਤੀ ਹੈ। ਇਸ ਮਾਮਲੇ 'ਚ ਹਾਲੇ ਐਫ. ਆਈ. ਆਰ. ਦਰਜ਼ ਨਹੀਂ ਹੋਈ।
ਵੇਖੋ ਨਾ ਭਾਈ, ਜਦ ਦੇਸ਼ ਦਾ ਪ੍ਰਧਾਨ ਮੰਤਰੀ ਚੋਣ ਜੁੰਮਲੇ ਮਾਰ ਸਕਦਾ ਹੈ, ਲੋਕਾਂ ਨੂੰ ਦਿਨੇ ਸੁਪਨੇ ਦਿਖਾ ਸਕਦਾ ਹੈ, ਕੱਚੀਆਂ ਪਿੱਲੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾ ਸਕਦਾ ਹੈ ਤਾਂ ਲਾਇਸੰਸੀ ਮਜ਼ਾਕੀਆ ਕਪਿਲ ਸ਼ਰਮਾ ਤਾਂ ਜੋ ਜੀਅ ਆਵੇ ਮੂੰਹੋਂ ਉਚਾਰ ਸਕਦਾ ਹੈ। ਉਹਨੂੰ ਤਾਂ ਸਰਕਾਰੋਂ, ਦਰਬਾਰੋਂ ਇਹਦੀ ਪ੍ਰਵਾਨਗੀ ਮਿਲੀ ਹੋਈ ਆ।
ਕਪਿਲ ਸ਼ਰਮਾ ਦੋ-ਮੂੰਹੇ ਸ਼ਬਦ ਬੋਲਦਾ ਹੈ, ਲੋਕੀ ਹੱਸਦੇ ਹਨ, ਖਿੜਖੜਾਉਂਦੇ ਹਨ। ਕਪਿਲ ਸ਼ਰਮਾ, ਜੋ ਮਨ ਆਉਂਦਾ ਹੈ, ਉਹੀ ਉਗਲ ਦਿੰਦਾ ਹੈ, ਲੋਕਾਂ ਦੇ ਢਿੱਡੀ ਪੀੜਾਂ ਪੈ ਜਾਂਦੀਆਂ ਹਨ। ਕਪਿਲ ਸ਼ਰਮਾ, ਆਪਣੇ ਆਕਾ ''ਚੱਕ ਦੇ ਫੱਟੇ ਗੁਰੂ, ਨੱਪ ਦੇ ਕੀਲੀ" ਵਾਲੇ ਦੇ ਠਹਾਕੇ ਸੁਨਣ ਲਈ ਸ਼ਬਦ ਨਿਰਵਸਤਰ ਕਰਦਾ ਹੈ, ਬੀਬੀਆਂ ਬਾਰੇ ਜੁੰਮਲੇ ਕਸਦਾ ਹੈ, ਨਸ਼ੱਈਆਂ, ਅਮਲੀਆਂ, ਡਾਕਟਰਾਂ, ਨਰਸਾਂ, ਮਾਸਟਰਾਂ, ਮੁਲਾਜ਼ਮਾਂ, ਨੂੰ ਭੰਡਾਂ ਵਾਂਗਰ ਭੰਡਦਾ ਹੈ। ਪਰ ਉਹ ਆਪਣੀ ਹੀ ਬਰਾਦਰੀ ਦੇ, ਚੋਣ ਜੁਮਲਿਆਂ ਦੇ ਮਾਲਕਾਂ ਵਿਰੁੱਧ ਮੂੰਹੋ ਸ਼ਬਦ ਤੱਕ ਨਹੀਂ ਕੂੰਦਾ! ਬੋਲੇ ਵੀ ਕਿਉਂ ਆਪਣਿਆਂ ਦੇ ਤਾਂ ਭਾਈ ਗੁਣ ਗਾਏ ਜਾਂਦੇ ਆ, ਬਦਖੋਈ ਥੋੜਾ ਕੀਤੀ ਜਾਂਦੀ ਆ, ਉਨ੍ਹਾਂ ਤੇ ਹੱਸਿਆ ਥੋੜਾ ਜਾਂਦਾ ਆ!
ਹਮਾਮ 'ਚ ਸਭ ਨੰਗੇ ਆ! ਨੇਤਾ ਹੋਵੇ ਜਾਂ ਮਜਾਕੀਆ ਇਕੋ ਥੈਲੀ ਦੇ ਚੱਟੇ ਵੱਟੇ ਆ, ਜਿਹੜੇ ਭਾਸ਼ਨ ਦਿੰਦੇ ਆ ਅਤੇ ਰਤਾ ਚਿਰ ਬਾਅਦ ਝੱਟ ਮੁੱਕਰ ਜਾਂਦੇ ਆ ਕਿ ਅਸਾਂ ਤਾਂ ਕੁਝ ਕਿਹਾ ਹੀ ਨਹੀਂ? ਕਪਿਲ ਹਾਸੇ-ਹਾਸੇ 'ਚ ਨਰਸਾਂ ਨੂੰ ਆਖ ਦਊ, ''ਕੋਈ ਨਾ ਬੀਬੀ ਭੈਣਾਂ, ਮੈਂ ਸੱਚ ਥੋੜਾ ਕਿਹਾ ਸੀ, ਮੈਂ ਤਾਂ ਮਜ਼ਾਕ ਕੀਤਾ ਸੀ, ਮੋਦੀ ਸ਼ਾਹ ਜੋੜੀ ਵਾਂਗਰ, ਜਿਹਨਾ ਚੋਣ ਜਿੱਤਣ ਲਈ ਹਵਾ 'ਚ ਤੀਰ ਮਾਰੇ, ਮੱਛੀ ਦੀ ਅੱਖ ਵਿੰਨੀ ਗਈ, ਤਾਕਤ ਹੱਥ ਆ ਗਈ, ਉਨ੍ਹਾਂ ਨੂੰ ਗਰੀਬੀ ਦੂਰ ਕਰਨ ਦਾ ਜਦ ਪੁਛਿਆ ਤਾਂ ਉਨ੍ਹਾਂ ਕਿਹਾ ਅਗਲੇ ਵਰ੍ਹਿਆਂ 'ਚ ਹੋ ਜਾਊ ਦੂਰ, ਕਾਹਲੀ ਕਾਹਦੀ ਆ। ਉਂਜ ਕਪਿਲ ਆਖ ਦਊ, ''ਬੀਬੀ ਮੁਆਫ ਕਰੋ" ,ਜੇ ਨਾ ਮੰਨੀਆਂ ਤਾਂ ਆਖ ਦਊਂ, ''ਹਮੇਂ ਡਰ ਕਾਹੇ ਕਾ ,ਮੋਦੀ-ਭਾਈ ਜਿੰਦਾਬਾਦ"!
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
1. ਐਸੋਚੈਮ ਸੰਸਥਾ ਦੇ ਮੁਤਾਬਿਕ ਦੇਸ਼ ਹਿੰਦੋਸਤਾਨ ਵਿੱਚ ਨਿੱਜੀ ਕੋਚਿੰਗ[ਟਿਊਸ਼ਨ] ਦਾ ਬਾਜ਼ਾਰ 2.6 ਲੱਖ ਕਰੋੜ ਰੁਪਏ ਦਾ ਹੈ। ਕੋਚਿੰਗ ਲੈਣ ਲਈ ਲਗਭਗ 90% ਵਿਦਿਆਰਥੀ ਬੁਨਿਆਦੀ ਸਿੱਖਿਆ ਦਾ ਪੱਧਰ ਵਧਾਉਣ ਲਈ ਨਿੱਜੀ ਟਿਊਸ਼ਨ ਦਾ ਸਹਾਰਾ ਲੈਂਦੇ ਹਨ ਨਾ ਕਿ ਰੁਜ਼ਗਾਰ ਹਾਸਲ ਕਰਨ ਵਾਲੇ ਪ੍ਰਤੀਯੋਗੀ ਇਮਤਿਹਾਨ ਲਈ।
2. ਸਾਲ 2050 ਤੱਕ ਭਾਰਤ ਦੀ ਸ਼ਹਿਰੀ ਅਬਾਦੀ ਵਿੱਚ 30 ਕਰੋੜ ਵਾਧਾ ਹੋਣ ਦਾ ਅਨੁਮਾਨ ਹੈ।
ਇੱਕ ਵਿਚਾਰ
ਜਿੱਤਣ ਵਾਲਾ ਕਦੇ ਮੈਦਾਨ ਨਹੀਂ ਛੱਡਦਾ ਅਤੇ ਜਿਹੜਾ ਮੈਦਾਨ ਛੱਡਕੇ ਭੱਜ ਜਾਂਦਾ ਹੈ, ਉਹ ਕਦੇ ਵੀ ਨਹੀਂ ਜਿੱਤਦਾ ਵਿਨਜ ਲੋਬਾਂਡੀ
26 May 2016