ਬਲਿਟਸਕ੍ਰੀਗ' ਦੇ ਪੈਂਤੜਿਆਂ ਦੇ ਦੌਰ ਵਿਚ  - ਸੁਕੀਰਤ

'ਬਲਿਟਸਕ੍ਰੀਗ' ਜਰਮਨ ਮੂਲ ਦਾ ਸ਼ਬਦ ਹੈ ਜਿਸਦੇ ਅਰਥ ਹਨ ਕੜਕਵੀਂ ਜੰਗ। ਦੂਜੀ ਸੰਸਾਰ ਜੰਗ ਵੇਲੇ ਜਰਮਨਾਂ ਵੱਲੋਂ ਵਰਤੀ ਗਈ ਇਹ ਤਕਨੀਕ ਹੁਣ ਫ਼ੌਜੀ ਸ਼ਬਦਾਵਲੀ ਦਾ ਸਥਾਈ ਅੰਗ ਬਣ ਚੁੱਕੀ ਹੈ। ਇਕੋ ਵੇਲੇ ਆਪਣੇ ਵਿਰੋਧੀ 'ਤੇ ਬਹੁ-ਪਾਸੜ ਅਤੇ ਬਹੁ-ਹਥਿਆਰੀ ਤਾਬੜਤੋੜ ਹਮਲੇ ਕੁਝ ਇਸ ਢੰਗ ਨਾਲ ਕਰੋ ਕਿ ਜਦੋਂ ਤਕ ਉਹ ਸੰਭਲਣ ਜੋਗਾ ਹੋਵੇ ਤੁਸੀਂ ਉਸਨੂੰ ਪਸਤ ਕਰਨ ਵਿਚ ਕਾਮਯਾਬ ਹੋ ਚੁੱਕੇ ਹੋਵੋ। ਉਹ ਅਜੇ ਇਕ ਪਾਸੇ ਨੂੰ ਸੰਭਾਲ ਰਿਹਾ ਹੋਵੇ, ਤੁਸੀਂ ਦੂਜੀ ਬੰਨਿਓਂ ਵੀ ਹੱਲਾ ਬੋਲ ਦਿਓ। ਉਹ ਤੁਹਾਡੀਆਂ ਜ਼ਮੀਨੀ ਫ਼ੌਜਾਂ ਦੇ ਹਮਲੇ ਨਾਲ ਅਜੇ ਸਿੱਝ ਹੀ ਰਿਹਾ ਹੋਵੇ ਕਿ ਤੁਸੀਂ ਆਸਮਾਨ ਤੋਂ ਵੀ ਬੰਬ ਵਰ੍ਹਾਉਣੇ ਸ਼ੁਰੂ ਕਰ ਦਿਓ। ਮੁੱਕਦੀ ਗੱਲ ਕਿ ਵਾਰ ਵਾਰ ਅਤੇ ਹਰ ਦਿਸ਼ਾ ਤੋਂ ਹੋ ਰਹੇ ਅਣਕਿਆਸੇ ਤਾਬੜਤੋੜ ਵਾਰਾਂ ਰਾਹੀਂ ਉਸ ਨੂੰ ਏਨਾ ਭੁਚੱਕਾ ਕਰ ਦਿਓ ਕਿ ਉਸਨੂੰ ਸਮਝ ਹੀ ਨਾ ਪੈ ਸਕੇ ਕਿ ਜਵਾਬੀ ਹਮਲੇ ਲਈ ਉਹ ਪਹਿਲਾਂ ਆਪਣੇ ਕਿਹੜੇ ਦਸਤੇ ਨੂੰ ਅਗਾਂਹ ਕਰੇ ਅਤੇ ਆਪਣੇ ਬਚਾਅ ਲਈ ਕਿਹੜੇ ਪਾਸੇ ਦੀ ਸਫ਼ਬੰਦੀ ਨੂੰ ਮਜ਼ਬੂਤ ਕਰਨ ਨੂੰ ਪਹਿਲ ਦੇਵੇ।
       ਇਸ ਸਮੇਂ ਸਾਡੇ ਦੇਸ਼ ਵਿਚ ਵੀ ਇਕ ਵਿਚਾਰਧਾਰਕ ਜੰਗ ਚੱਲ ਰਹੀ ਹੈ : ਇਕ-ਧਰਮੀ ਸੋਚ ਵਾਲੀ ਸੌੜੀ ਕੌਮ-ਪ੍ਰਸਤੀ ਦੇ ਪੈਰੋਕਾਰਾਂ ਅਤੇ ਧਰਮ-ਨਿਰਪੱਖਤਾ ਦੇ ਆਧਾਰ 'ਤੇ ਭਾਰਤ ਨੂੰ ਬਹੁ-ਧਰਮੀ ਦੇਸ਼ ਮੰਨਣ ਵਾਲਿਆਂ ਵਿਚਕਾਰ। ਵੇਲੇ ਦੀ ਸਰਕਾਰ ਲਈ ਇਹ ਜੰਗ ਨਿਰੋਲ ਸੱਤਾ ਉੱਤੇ ਕਬਜ਼ਾ ਕਾਇਮ ਰੱਖਣ ਤੀਕ ਸੀਮਤ ਨਹੀਂ, ਜਨਤਾ ਦੇ ਸੋਚਣ-ਬੋਲਣ-ਕੁਸਕਣ ਉੱਤੇ ਵੀ ਕਬਜ਼ਾ ਕਾਇਮ ਕਰਨ ਦੀ ਜੰਗ ਹੈ। ਇਸ ਜੰਗ ਨੂੰ ਹਰ ਹੀਲੇ ਜਿੱਤਣ ਲਈ ਕਾਬਜ਼ ਧੜਾ 'ਬਲਿਟਸਕ੍ਰੀਗ' ਦੇ ਪੈਂਤੜੇ ਅਪਣਾ ਰਿਹਾ ਦਿਸਦਾ ਹੈ।
      ਕਾਬਜ਼ ਹਿੰਦੂਤਵ-ਵਾਦੀ ਧੜਾ ਪਿਛਲੇ ਕੁਝ ਵਰ੍ਹਿਆਂ ਤੋਂ ਆਪਣੇ ਹਰ ਵਿਰੋਧੀ (ਜਿਸਦਾ ਰੰਗ ਗਾੜ੍ਹੇ ਲਾਲ ਤੋਂ ਲੈ ਕੇ ਪੇਤਲਾ ਗੁਲਾਬੀ ਤਕ ਹੋ ਸਕਦਾ ਹੈ, ਯਾਨੀ ਸਿਰੇ ਦੇ ਖੱਬੇ-ਪੱਖੀਆਂ ਤੋਂ ਲੈ ਕੇ ਅੱਤ ਦੇ ਸੱਜੇ-ਵਾਦੀਆਂ ਤਕ ਸਾਰੇ ਹਿੰਦੂਤਵਵਾਦ-ਵਿਰੋਧੀ ਇਸੇ ਸਫ਼ ਵਿਚ ਸ਼ਾਮਲ ਹਨ) ਨੂੰ ਗੁੱਠੇ ਲਾਉਣ ਲਈ ਉਨ੍ਹਾਂ ਉੱਪਰ ਕਈ ਪਾਸਿਆਂ ਤੋਂ ਵਾਰ ਹੀ ਨਹੀਂ ਕਰ ਰਿਹਾ, ਇਨ੍ਹਾਂ ਵਾਰਾਂ ਦੀ ਰਫ਼ਤਾਰ ਵੀ ਤੇਜ਼ ਹੋ ਰਹੀ ਹੈ। ਸਿਰਫ਼ ਰਫ਼ਤਾਰ ਹੀ ਨਹੀਂ ਤੇਜ਼ ਹੋ ਰਹੀ ਇਨ੍ਹਾਂ ਵਿਚਲੀ ਬੇਕਿਰਕੀ ਅਤੇ ਬੇਸ਼ਰਮੀ ਵੀ ਵਧਦੀ ਜਾ ਰਹੀ ਹੈ। ਹਾਕਮ ਧਿਰ ਦੀ ਹਰ ਕਿਸੇ ਨੂੰ ਮਧੋਲਣ ਦੀ ਬਿਰਤੀ ਹੁਣ ਬਿਨਾਂ ਕਿਸੇ ਜਮਹੂਰੀ ਓਹਲੇ ਦੀ ਪਰਵਾਹ ਕੀਤੇ ਨਿਤ ਦਿਹਾੜੇ ਨਵੇਂ ਤੋਂ ਨਵੇਂ ਢੰਗ ਨਾਲ ਸਾਹਮਣੇ ਆ ਰਹੀ ਹੈ। 'ਬਲਿਟਸਕ੍ਰੀਗ' ਦੇ ਫਾਰਮੂਲੇ ਵਾਂਗ ਹਰ ਹਰਬਾ ਵਰਤਿਆ ਜਾ ਰਿਹਾ ਹੈ, ਤਾਬੜਤੋੜ ਵਾਰ ਇੰਜ ਕੀਤੇ ਜਾ ਰਹੇ ਹਨ ਕਿ ਅਜੇ ਤੁਸੀਂ ਪਿਛਲੇ ਤੋਂ ਸੰਭਲੇ ਨਾ ਹੋਵੋ, ਝਟ ਕਿਸੇ ਹੋਰ ਪਾਸਿਓਂ ਹੱਲਾ ਬੋਲ ਦਿੱਤਾ ਜਾਵੇ।

ਤਾਬੜਤੋੜ ਘਟਨਾਵਾਂ ਦੇ ਇਸ ਦੌਰ ਵਿਚ ਪਿਛਲੇ ਦਸ ਦਿਨਾਂ ਦੀਆਂ ਕੁਝ ਵਾਪਰਨੀਆਂ 'ਤੇ ਹੀ ਝਾਤ ਮਾਰ ਵੇਖੀਏ :

11 ਅਗਸਤ ਨੂੰ ਉੱਤਰ ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ ਵਿਚ 'ਕਾਰਵਾਂ' ਦੇ ਤਿੰਨ ਰਿਪੋਰਟਰਾਂ ਉੱਤੇ ਦਿਨ ਦਹਾੜੇ ਹਮਲਾ ਹੋਇਆ। ਇਹ ਤਿੰਨੇ ਇਕ ਮਸਜਿਦ ਉੱਤੇ ਭਗਵਾ ਝੰਡਿਆਂ ਨੂੰ ਫਹਿਰਾਏ ਜਾਣ ਦੀ ਖ਼ਬਰ ਆਉਣ ਉਪਰੰਤ ਓਥੇ ਹਾਲਾਤ ਦਾ ਜਾਇਜ਼ਾ ਲੈਣ ਗਏ ਸਨ ਕਿਉਂਕਿ ਅਜੇ ਏਸੇ ਸਾਲ ਦੇ ਸ਼ੁਰੂ ਵਿਚ ਇਨ੍ਹਾਂ ਇਲਾਕਿਆਂ ਵਿਚ ਵੱਡੀ ਪੱਧਰ ਉੱਤੇ ਦੰਗੇ ਹੋਏ ਸਨ। ਇਨ੍ਹਾਂ ਵਿਚੋਂ ਇਕ ਪ੍ਰਭਜੀਤ ਸਿੰਘ ਸਨ, ਜੋ ਪਿਛਲੇ ਕਈ ਵਰ੍ਹਿਆਂ ਤੋਂ ਪੰਜਾਬ ਦੇ ਵੱਖੋ ਵੱਖ ਇਲਾਕਿਆਂ ਵਿਚ ਹੋ ਰਹੀਆਂ ਧਾਂਦਲੀਆਂ ਬਾਰੇ ਆਪਣੀ ਦਲੇਰਾਨਾ ਰਿਪੋਰਟਿੰਗ ਕਰਕੇ ਜਾਣੇ ਜਾਂਦੇ ਹਨ। ਪਿਛਲੇ ਸਾਲ ਮੁਕੇਰੀਆਂ-ਹੁਸ਼ਿਆਰਪੁਰ ਦੇ ਇਲਾਕੇ ਵਿਚ ਗ਼ੈਰ-ਕਾਨੂੰਨੀ ਖਣਨ ਦੀ ਬਿਹਤਰੀਨ ਰਿਪੋਰਟਿੰਗ ਲਈ ਇਸ ਵਰ੍ਹੇ ਉਨ੍ਹਾਂ ਨੂੰ ਜਗਜੀਤ ਸਿੰਘ ਆਨੰਦ ਯਾਦਗਾਰੀ ਪੁਰਸਕਾਰ ਰਾਹੀਂ ਸਨਮਾਨਤ ਵੀ ਕੀਤਾ ਗਿਆ ਹੈ। ਦੂਜੇ ਪੱਤਰਕਾਰ ਸ਼ਾਹਿਦ ਤਾਂਤਰੇ ਸਨ ਅਤੇ ਤੀਜੀ ਪੱਤਰਕਾਰ ਔਰਤ ਸੀ ਜਿਸਦਾ ਨਾਂਅ ਨਸ਼ਰ ਨਹੀਂ ਕੀਤਾ ਜਾ ਸਕਦਾ। ਸਥਾਨਕ ਲੋਕਾਂ ਦੇ ਝੁੰਡ ਨੇ ਇਨ੍ਹਾਂ ਨਾਲ ਹੱਥੋ-ਪਾਈ ਕੀਤੀ, ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਧਮਕੀਆਂ ਦਿੱਤੀਆਂ ਕਿ ਉਹ ਲੋਕ ਭਾਜਪਾ ਦੇ ਬੰਦੇ ਹਨ ਸੋ ਜੋ ਚਾਹੇ ਕਰ ਸਕਦੇ ਹਨ। ਔਰਤ ਪੱਤਰਕਾਰ ਨਾਲ ਛੇੜ-ਖਾਨੀ ਕੀਤੀ ਗਈ ਅਤੇ ਉਸਨੂੰ ਓਥੋਂ ਭੱਜਣਾ ਪਿਆ। ਪ੍ਰਭਜੀਤ ਸਿੰਘ ਨੇ ਆਪਣੀ ਸ਼ਿਕਾਇਤ ਵਿਚ ਦਰਜ ਕਰਾਇਆ ਕਿ ਜੇ ਉਹ ਉਸ ਸਮੇਂ ਨਾਲ ਮੌਜੂਦ ਨਾ ਹੁੰਦਾ ਤਾਂ ਸ਼ਾਹਿਦ ਤਾਂਤਰੇ ਦੀ ਬਤੌਰ ਮੁਸਲਮਾਨ ਧਾਰਮਿਕ ਪਛਾਣ ਨਸ਼ਰ ਹੋਣ 'ਤੇ ਉਸਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਸਫਲ ਹੋ ਸਕਦੀ ਸੀ। ਪੁਲੀਸ ਤਿੰਨਾਂ ਪੱਤਰਕਾਰਾਂ ਨੂੰ ਓਥੋਂ ਕੱਢ ਕੇ ਭਜਨਪੁਰਾ ਥਾਣੇ ਲੈ ਗਈ, ਪਰ ਕੋਈ ਐੱਫਆਈਆਰ ਦਰਜ ਨਾ ਕੀਤੀ ਗਈ।
       ਉੱਤਰ ਪੂਰਬੀ ਦਿੱਲੀ ਦੇ ਸੀਨੀਅਰ ਪੁਲੀਸ ਅਧਿਕਾਰੀ ਵੇਦ ਪਰਕਾਸ਼ ਸੂਰਿਆ ਨੇ ਓਸੇ ਦਿਨ ਘਟਨਾ ਦੇ ਜਵਾਬ ਵਿਚ ਇਹ ਬਿਆਨ ਦਿੱਤਾ, ''ਇਹ ਪੱਤਰਕਾਰ ਇਕ ਘਟਨਾ ਦੀ ਰਿਪੋਰਟ ਬਣਾਉਣ ਲਈ ਓਥੇ ਗਏ ਸਨ ਜਿਸ ਕਾਰਨ ਸਥਾਨਕ ਲੋਕ ਉਨ੍ਹਾਂ ਨਾਲ ਨਾਰਾਜ਼ ਹੋ ਗਏ। ਪੁਲੀਸ ਨੇ ਤਿੰਨਾਂ ਨੂੰ ਸੁਰੱਖਿਅਤ ਢੰਗ ਨਾਲ ਓਥੋਂ ਬਾਹਰ ਲੈ ਆਂਦਾ। ਸਾਨੂੰ ਰਿਪੋਰਟ ਮਿਲੀ ਹੈ ਕਿ ਉਨ੍ਹਾਂ ਨਾਲ ਹੱਥੋਪਾਈ ਹੋਈ ਸੀ, ਪਰ ਕਿਸੇ ਨੂੰ ਕੋਈ ਵੱਡੀਆਂ ਸੱਟਾਂ ਨਹੀਂ ਲੱਗੀਆਂ। ਕੋਈ ਵੀ ਐੱਫਆਈਆਰ ਦਰਜ ਕਰਨ ਤੋਂ ਪਹਿਲਾਂ ਅਸੀਂ ਤਹਿਕੀਕਾਤ ਕਰਾਂਗੇ।''
      ਏਥੇ ਧਿਆਨ ਦੇਣ ਯੋਗ ਗੱਲ ਹੈ ਕਿ ਸੀਨੀਅਰ ਪੁਲੀਸ ਅਧਿਕਾਰੀ ਇਹ ਬਿਆਨ ਦੇ ਰਿਹਾ ਹੈ ਕਿ ਹੱਥੋਪਾਈ ਤਾਂ ਹੋਈ, ਪਰ ਕਿਉਂਕਿ ਵੱਡੀਆਂ ਸੱਟਾਂ ਨਹੀਂ ਲੱਗੀਆਂ ਇਸ ਲਈ ਐੱਫਆਈਆਰ ਦਰਜ ਕਰਨ ਦੀ ਫੌਰੀ ਲੋੜ ਅਸੀਂ ਨਹੀਂ ਸਮਝਦੇ। ਇਹੋ ਜਿਹਾ ਬਿਆਨ ਸੀਨੀਅਰ ਤਾਂ ਕੀ ਕੋਈ ਜੂਨੀਅਰ ਪੁਲੀਸ ਵਾਲਾ ਵੀ ਨਾ ਦੇਵੇ, ਜੇ ਉਸਨੂੰ ਪੱਕ ਨਾ ਹੋਵੇ ਕਿ ਉਸਦੇ ਉਤਲਿਆਂ ਨੇ ਆਪੇ ਸਾਰੀ ਗੱਲ ਦੱਬ ਲੈਣੀ ਹੈ।
       ਦੂਜੇ ਪਾਸੇ, ਇਸਤੋਂ ਅਗਲੇ ਦਿਨ 12 ਅਗਸਤ ਨੂੰ ਦਿੱਲੀ ਦੇ ਵਿਵਾਦਤ ਪੁਲੀਸ ਅਧਿਕਾਰੀ ਰਾਜੇਸ਼ ਦਿਓ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 'ਬਿਹਤਰੀਨ ਤਹਿਕੀਕਾਤ ਕਰਤਾ' ਦਾ ਮੈਡਲ ਦਿੱਤਾ ਗਿਆ। ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਵਿਚ ਡਿਪਟੀ ਕਮਿਸ਼ਨਰ ਦੇ ਅਹੁਦੇ ਉੱਤੇ ਤਾਇਨਾਤ ਦਿਓ ਦਿੱਲੀ ਦੰਗਿਆਂ ਦੀ ਜਾਂਚ ਕਰ ਰਹੀ ਟੀਮ ਦਾ ਮੁਖੀ ਹੈ। ਏਸੇ ਸਾਲ ਫਰਵਰੀ ਵਿਚ ਭਾਰਤੀ ਇਲੈੱਕਸ਼ਨ ਕਮਿਸ਼ਨ ਵੱਲੋਂ ਉਸਨੂੰ ਤਾੜਨਾ ਕੀਤੀ ਗਈ ਸੀ ਕਿਉਂਕਿ ਸ਼ਾਹੀਨ ਬਾਗ਼ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਹਵਾਈ ਫਾਇਰ ਕਰਨ ਵਾਲੇ ਆਦਮੀ ਕਪਿਲ ਗੁੱਜਰ ਨੂੰ ਉਸਨੇ ਆਮ ਆਦਮੀ ਪਾਰਟੀ ਨਾਲ ਜੋੜਿਆ ਸੀ। ਇਲੈੱਕਸ਼ਨ ਕਮਿਸ਼ਨ ਨੇ ਦਿੱਲੀ ਦੇ ਪੁਲੀਸ ਕਮਿਸ਼ਨਰ ਨੂੰ ਲਿਖਿਆ ਸੀ ਕਿ ਦਿੱਲੀ ਵਿਚ ਹੋ ਰਹੀਆਂ ਚੋਣਾਂ ਲਈ ਜਾਰੀ ਪ੍ਰਚਾਰ ਸਮੇਂ ਦਿਓ ਦਾ ਇਹੋ ਜਿਹਾ ਬੇਲੋੜਾ ਬਿਆਨ ਸਿਆਸੀ ਰੰਗਤ ਵਾਲਾ ਹੈ ਅਤੇ ਚੋਣ ਮਾਹੌਲ ਨੂੰ ਵਿਗਾੜਦਾ ਹੈ। ਇਸ ਲਈ ਇਲੈੱਕਸ਼ਨ ਕਮਿਸ਼ਨ ਨੇ ਦਿਓ ਨੂੰ ਚੋਣ ਡਿਊਟੀ ਤੋਂ ਲਾਂਭੇ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਸਨ।
      ਜੇ ਇਕ ਪਾਸੇ ਦਿੱਲੀ ਦੀ ਦੰਗਿਆਂ ਦੀ ਜਾਂਚ ਕਰ ਰਹੀ ਕਮੇਟੀ ਦਾ ਮੁਖੀ ਰਾਜੇਸ਼ ਦਿਓ ਇਸ 'ਬਿਹਤਰੀਨ ਤਹਿਕੀਕਾਤ' ਮੈਡਲ ਨਾਲ ਨਿਵਾਜਿਆ ਗਿਆ ਹੈ, ਤਾਂ ਦੂਜੇ ਪਾਸੇ ਏਸੇ ਹੀ ਪੁਰਸਕਾਰ ਲਈ ਕੇਂਦਰੀ ਜਾਂਚ ਏਜੰਸੀ ਦੇ ਵਿਕਰਮ ਖਲਤੇ ਨੂੰ ਇਕ ਹੋਰ ਯੋਗ ਅਫ਼ਸਰ ਵਜੋਂ ਚੁਣਿਆ ਗਿਆ ਹੈ। ਵਿਕਰਮ ਖਲਤੇ ਦੀ ਖਾਸੀਅਤ ਇਹ ਹੈ ਕਿ ਉਹ ਭੀਮਾ ਕੋਰੇਗਾਓਂ ਵਿਚ ਹੋਈ ਹਿੰਸਾ ਦੀ ਪੜਤਾਲ ਕਮੇਟੀ ਦਾ ਮੁਖੀ ਹੈ ਅਤੇ ਇਸੇ ਅਫ਼ਸਰ ਨੇ ਬੰਬਈ ਹਾਈਕੋਰਟ ਵਿਚ ਵਾਰਵਰਾ ਰਾਓ ਦੀ ਜ਼ਮਾਨਤ ਦਾ ਵਿਰੋਧ ਕਰਦਾ ਹਲਫ਼ੀਆ ਬਿਆਨ ਦਿੱਤਾ ਸੀ।
     ਹੁਣ ਤੀਕ ਭੀਮਾ ਕੋਰੇਗਾਓਂ ਵਿਚ ਹੋਈ ਹਿੰਸਾ ਦੀ ਪੜਤਾਲ ਤਹਿਤ 12 ਅਜਿਹੇ ਵਕੀਲ, ਅਕਾਦਮਿਕ ਲੋਕ ਅਤੇ ਸਰਗਰਮ ਸਮਾਜ-ਸੇਵੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜੋ ਭਾਜਪਾ ਸਰਕਾਰ ਦੀਆਂ ਨੀਤੀਆਂ ਦੇ ਵਿਰੋਧੀ ਹਨ। ਓਧਰ ਦਿੱਲੀ ਦੰਗਿਆਂ ਦੀ ਪੜਤਾਲ ਕਮੇਟੀ ਹਰ ਹੀਲੇ ਇਹ ਸਿੱਧ ਕਰਨ ਲਈ ਸਬੂਤ ਇਕੱਠੇ ਕਰ ਰਹੀ ਹੈ ਕਿ ਇਸ ਨੂੰ ਵਿਓਂਤਣ ਵਾਲੇ ਲੋਕ ਖੱਬੇ ਪੱਖੀ ਸਨ ਅਤੇ ਇਸਨੂੰ ਅੰਜਾਮ ਸ਼ਾਹੀਨ ਬਾਗ਼ ਵਿਚ ਧਰਨੇ 'ਤੇ ਬੈਠੀਆਂ ਔਰਤਾਂ ਨੂੰ ਵਰਤ ਕੇ ਦਿੱਤਾ ਗਿਆ।
      'ਬਿਹਤਰੀਨ ਤਹਿਕੀਕਾਤ ਕਰਤਿਆਂ' ਦੇ ਪੁਰਸਕਾਰ 2018 ਵਿਚ ਗ੍ਰਹਿ ਮੰਤਰਾਲੇ ਨੇ ਇਹ ਐਲਾਨ ਕਰਦਿਆਂ ਸਥਾਪਤ ਕੀਤੇ ਸਨ ਕਿ ਇਸ ਨਾਲ ਉਨ੍ਹਾਂ ਅਫ਼ਸਰਾਂ ਨੂੰ ਨਿਵਾਜਿਆ ਜਾਵੇਗਾ ਜੋ ਪੜਤਾਲੀਆ ਕੰਮਾਂ ਵਿਚ 'ਉੱਚ ਪੱਧਰ ਦੀ ਸੇਵਾ' ਦੀ ਮਿਸਾਲ ਪੇਸ਼ ਕਰਨਗੇ। ਭਾਵੇਂ ਗ੍ਰਹਿ ਮੰਤਰਾਲੇ ਨੇ ਉਪਰੋਕਤ ਦੋ ਅਫ਼ਸਰਾਂ ਦੀ 'ਉੱਚ ਪੱਧਰ ਦੀ ਸੇਵਾ' ਬਾਰੇ ਕੋਈ ਖੁਲਾਸਾ ਪੇਸ਼ ਨਹੀਂ ਕੀਤਾ, ਪਰ ਸਪੱਸ਼ਟ ਹੈ ਕਿ ਇਹੋ ਜਿਹੀ 'ਨਿਰਪੱਖ' ਅਤੇ 'ਡੂੰਘੀ' ਜਾਂਚ ਕਰਨ ਵਾਲੀਆਂ ਕਮੇਟੀਆਂ ਦੇ ਮੁਖੀਆਂ ਨੂੰ ਏਨੀ ਛੇਤੀ ਉਨ੍ਹਾਂ ਦੀਆਂ 'ਮਿਸਾਲੀ' ਸੇਵਾਵਾਂ ਲਈ ਨਿਵਾਜਣ ਦੀ ਕਾਹਲ ਕਿਉਂ ਕੀਤੀ ਜਾ ਰਹੀ ਹੈ। ਦੋਵੇਂ ਹੀ ਅਫ਼ਸਰਾਂ ਹੇਠਲੀਆਂ ਪੜਤਾਲੀਆ ਕਮੇਟੀਆਂ ਭਾਜਪਾਈ/ਹਿੰਦੁਤਵ ਅਨਸਰਾਂ ਦੇ ਰੋਲ ਨੂੰ ਅੱਖੋਂ ਪਰੋਖੇ ਕਰ ਕੇ ਹਿੰਸਾ ਲਈ ਉਨ੍ਹਾਂ ਹੀ ਧਿਰਾਂ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਹਨ ਜੋ ਹਿੰਸਾ ਦਾ ਆਪ ਸ਼ਿਕਾਰ ਹੋਈਆਂ।
      14 ਅਗਸਤ ਨੂੰ ਸੁਪਰੀਮ ਕੋਰਟ ਨੇ ਮਸ਼ਹੂਰ ਵਕੀਲ ਪ੍ਰਸ਼ਾਂਤ ਭੂਸ਼ਨ ਨੂੰ ਅਦਾਲਤ ਦੀ ਤੌਹੀਨ ਕਰਨ ਦੇ ਜੁਰਮ ਦਾ ਦੋਸ਼ੀ ਕਰਾਰ ਦਿੱਤਾ। ਆਪਣੀ ਤੌਹੀਨ ਦਾ ਮਾਮਲਾ ਸੁਪਰੀਮ ਕੋਰਟ ਨੇ ਆਪ ਪਹਿਲ ਕਰ ਕੇ ਸਾਹਮਣੇ ਲਿਆਂਦਾ ਅਤੇ ਵਿਚਾਰਿਆ, ਉਨ੍ਹਾਂ ਸਮਿਆਂ ਵਿਚ ਜਦੋਂ ਵਕਤ ਦੀ ਘਾਟ ਕਾਰਨ ਧਾਰਾ 370 ਦੀ ਵੈਧਤਾ ਬਾਰੇ, ਚੋਣ ਬਾਂਡਾਂ ਰਾਹੀਂ ਹੋ ਸਕਣ ਵਾਲੀ ਸੰਭਾਵਤ ਵਿੱਤੀ ਧਾਂਦਲੀ ਬਾਰੇ ਅਤੇ ਨਾਗਰਿਕਤਾ ਸੋਧ ਕਾਨੂੰਨ ਦੀ ਵੈਧਾਨਕਤਾ ਵਰਗੇ ਅਹਿਮ ਮਾਮਲੇ ਸਾਲਾਂ-ਮਹੀਨਿਆਂ ਤੋਂ ਲਟਕ ਰਹੇ ਹਨ। ਪਰ ਕੋਵਿਡ ਦੇ ਦਿਨਾਂ ਵਿਚ ਜਦੋਂ ਹੋਰ ਸਾਰੇ ਜ਼ਰੂਰੀ ਮਸਲੇ ਠੱਪ ਪਏ ਹਨ, ਸੁਪਰੀਮ ਕੋਰਟ ਨੂੰ ਇਹ ਵਿਚਾਰਨ ਦਾ ਸਮਾਂ ਲੱਭ ਗਿਆ ਕਿ ਪ੍ਰਸ਼ਾਂਤ ਭੂਸ਼ਨ ਨੇ 11 ਸਾਲ ਪਹਿਲਾਂ ਵੀ ਕੁਝ ਜੱਜਾਂ ਦੀ ਕਾਰਗੁਜ਼ਾਰੀ ਉੱਤੇ ਸ਼ੰਕਾ ਪ੍ਰਗਟ ਕੀਤੀ ਸੀ ਅਤੇ ਹੁਣ ਵੀ ਵੇਲੇ ਦੇ ਚੀਫ਼ ਜਸਟਿਸ ਸ਼ਰਦ ਬੋਬੜੇ ਦੀ ਕਿਸੇ ਭਾਜਪਾਈ ਦੇ ਮਹਿੰਗੇ ਮੋਟਰਸਾਈਕਲ ਉੱਤੇ ਬੈਠੇ ਦੀ ਤਸਵੀਰ ਉੱਤੇ ਟਿੱਪਣੀ ਕਰ ਕੇ ਉਸਨੇ ਸਮੁੱਚੇ ਸੁਪਰੀਮ ਕੋਰਟ ਦੀ ਤੌਹੀਨ ਕੀਤੀ ਹੈ।
      ਇਹ ਸਤਰਾਂ ਲਿਖਣ ਸਮੇਂ ਪ੍ਰਸ਼ਾਂਤ ਭੂਸ਼ਨ ਨੂੰ ਦਿੱਤੀ ਜਾਣ ਵਾਲੀ ਸਜ਼ਾ ਦਾ ਫ਼ੈਸਲਾ ਅਜੇ ਰਾਖਵਾਂ ਹੈ। ਵੱਡੀ ਸੰਭਾਵਨਾ ਹੈ ਕਿ ਦੇਸ਼ ਭਰ ਵਿਚ ਇਸ ਕਾਰਗੁਜ਼ਾਰੀ ਵਿਰੁੱਧ ਉੱਠੇ ਉਭਾਰ ਅਤੇ ਆਲੋਚਨਾ ਨੂੰ ਦੇਖਦੇ ਹੋਏ, ਆਪਣਾ ਨੱਕ ਰੱਖਣ ਲਈ ਜੱਜ ਸਾਹਿਬਾਨ 'ਸਖਾਵਤ' ਦਾ ਇਜ਼ਹਾਰ ਕਰਦਿਆਂ ਪ੍ਰਸ਼ਾਂਤ ਭੂਸ਼ਨ ਨੂੰ ਸਿਰਫ਼ ਤਾੜਨਾ ਕਰ ਕੇ ਹੀ ਛੁੱਟੀ ਦੇ ਦੇਣ, ਪਰ ਸਵਾਲ ਏਥੇ ਪ੍ਰਸ਼ਾਂਤ ਭੂਸ਼ਣ ਨੂੰ ਦਿੱਤੀ ਜਾਂ ਨਾ ਦਿੱਤੀ ਜਾਣ ਵਾਲੀ ਸਜ਼ਾ ਦਾ ਨਹੀਂ। ਦਰਅਸਲ, ਇਹ ਤਾੜਨਾ ਹਰ ਦੇਸ਼ਵਾਸੀ ਨੂੰ ਹੈ ਕਿ ਜੇ ਪ੍ਰਸ਼ਾਂਤ ਭੂਸ਼ਣ ਵਰਗੇ ਨਾਮੀ ਵਕੀਲ ਅਤੇ ਸਮਾਜਿਕ ਕਾਰਕੁਨ ਨੂੰ ਇਸ ਬਿਨਾਅ ਉੱਤੇ ਸਜ਼ਾ ਦੇ ਦਾਇਰੇ ਅੰਦਰ ਲਿਆਂਦਾ ਜਾ ਸਕਦਾ ਹੈ ਤਾਂ ਕਿਸੇ ਵੀ ਕਿਸਮ ਦੀ ਆਲੋਚਨਾ ਕਰਨ ਵਾਲਾ ਸੋਚ-ਸੰਭਲ ਕੇ ਮੂੰਹ ਖੋਲ੍ਹੇ।
       ਦਰਅਸਲ, ਇਹ ਬੋਲਣ ਦੀ ਹੀ ਨਹੀਂ ਕੁਸਕਣ ਦੀ ਆਜ਼ਾਦੀ 'ਤੇ ਵੀ ਹਮਲਾ ਹੈ।
      ਹੁਣ ਇਕੇਰਾਂ ਮੁੜ 'ਕਾਰਵਾਂ' ਰਿਪੋਰਟਰਾਂ 'ਤੇ ਹੋਏ ਹਮਲੇ ਵੱਲ ਮੁੜੀਏ। ਜੇ ਆਪਣਾ ਕੰਮ ਕਰਨ ਗਏ ਪੱਤਰਕਾਰਾਂ ਉੱਤੇ ਦਿਨ ਦਿਹਾੜੇ ਅਜਿਹਾ ਹਮਲਾ ਹੋ ਸਕਦਾ ਹੈ ਕਿ ਪੁਲੀਸ ਖ਼ੁਦ ਆਪਣੀ ਸੁਰੱਖਿਆ ਹੇਠ ਉਨ੍ਹਾਂ ਨੂੰ ਥਾਣੇ ਲਿਆਉਂਦੀ ਹੈ, ਪਰ ਐੱਫਆਈਆਰ ਦਰਜ ਕਰਨ ਤੋਂ ਵੀ ਇਨਕਾਰ ਕਰਦੀ ਹੈ ਤਾਂ ਫੇਰ ਇਹ ਇਸ਼ਾਰਾ ਹਰ ਆਮ ਸ਼ਹਿਰੀ ਨੂੰ ਹੈ ਕਿ ਉਹ ਆਪਣੀ ਰਾਖੀ ਆਪ ਹੀ ਕਰੇ ਅਤੇ ਹਿੰਦੁਤਵ-ਵਾਦੀਆਂ ਦੇ ਨਾਲ ਪੰਗੇ ਲੈਣ ਦੀ ਕੋਸ਼ਿਸ਼ ਨਾ ਕਰੇ।
      ਕੀ ਸੁਪਰੀਮ ਕੋਰਟ ਅਤੇ ਕੀ ਪੁਲੀਸ ਪ੍ਰਸ਼ਾਸਨ, ਸਾਰੇ ਅਦਾਰੇ ਇਸ ਵੇਲੇ ਸਰਕਾਰ ਨਾਲ ਹੀ ਇਕ ਮਿਕ ਹੋਏ ਜਾਪਦੇ ਹਨ। ਇਨ੍ਹਾਂ ਹੀ ਦਿਨਾਂ ਵਿਚ ਅਮਰੀਕਾ ਦੇ ਅਖ਼ਬਾਰ 'ਵਾਸ਼ਿੰਗਟਨ ਪੋਸਟ' ਰਾਹੀਂ ਇਹ ਖੁਲਾਸਾ ਵੀ ਹੋਇਆ ਹੈ ਕਿ ਫੇਸਬੁੱਕ ਵਰਗਾ ਅੰਤਰ ਰਾਸ਼ਟਰੀ ਸੋਸ਼ਲ ਮੀਡੀਆ ਵੀ ਭਾਜਪਾ ਸਰਕਾਰ ਨੂੰ ਖ਼ੁਸ਼ ਰੱਖਣ ਲਈ ਉਸਦੇ ਪੈਰੋਕਾਰਾਂ ਦੀ ਕਿਸੇ ਨਫ਼ਰਤ ਉਪਜਾਊ ਜਾਂ ਉਕਸਾਊ ਪੋਸਟ ਉੱਤੇ ਰੋਕ ਨਹੀਂ ਲਾਉਂਦਾ ਅਤੇ ਉਨ੍ਹਾਂ ਦਾ ਵਿਹੁਲਾ ਪ੍ਰਚਾਰ ਜਾਰੀ ਰਹਿਣ ਦੇਂਦਾ ਹੈ।
      ਇਨ੍ਹਾਂ ਸਾਰੇ ਉਪਰਾਲਿਆਂ ਨਾਲ ਮੁਲਕ ਵਿਚ ਖੌਫ਼ ਦਾ ਇਕ ਅਜਿਹਾ ਵਾਤਾਵਰਣ ਪੈਦਾ ਕੀਤਾ ਜਾ ਰਿਹਾ ਕਿ ਉਹ ਲੋਕ ਵੀ ਜੋ ਅਜੇ ਫਿਰਕੂ ਸੋਚ ਦੇ ਪ੍ਰਭਾਵ ਹੇਠ ਨਹੀਂ ਹਨ, ਮੂੰਹ ਖੋਲ੍ਹਣ ਤੋਂ ਡਰਨ ਲੱਗ ਪਏ ਹਨ। ਇਸ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਅਸਹਿਣਸ਼ੀਲਤਾ ਦਾ ਮਾਹੌਲ ਸਿਰਜਿਆ ਗਿਆ ਸੀ ਜਿਸਨੂੰ ਹੁਣ ਦਹਿਸ਼ਤ ਦੇ ਮਾਹੌਲ ਵਿਚ ਤਬਦੀਲ ਕਰਨ ਦੇ ਨੰਗੇ ਚਿੱਟੇ ਉਪਰਾਲੇ ਨਿਤ ਨਜ਼ਰੀਂ ਆ ਰਹੇ ਹਨ।
       ਸਾਡੇ ਲੋਕਾਂ ਦੀ ਸੋਚ, ਸਾਡੀ ਸੋਚਣ ਦੀ ਆਜ਼ਾਦੀ, ਸਾਡੀ ਕੁਸਕਣ ਦੀ ਸਮਰੱਥਾ, ਸਾਡੀ ਰੋਸ ਪ੍ਰਗਟ ਕਰਨ ਦੀ ਇੱਛਾ ਤਕ 'ਤੇ 'ਬਲਿਟਸਕ੍ਰੀਗੀ' ਹਮਲੇ ਹੋ ਰਹੇ ਹਨ। ਕੜਕਵੇਂ, ਤਾਬੜਤੋੜ ਅਤੇ ਵਾਰ ਵਾਰ।


ਸੰਪਰਕ : 93162-02025