ਔਖੇ ਹਾਲਾਤ ਭਾਰਤ ਦੇ, ਪਰ ਸੰਭਾਲਣ ਵਾਲੀ ਨੀਤੀ ਕੋਈ ਨਹੀਂ - ਜਤਿੰਦਰ ਪਨੂੰ
ਇਸ ਸਾਲ ਦੇ ਮਾਰਚ ਦੇ ਤੀਸਰੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਹਫਤਿਆਂ ਦੇ ਲਾਕਡਾਊਨ ਦਾ ਐਲਾਨ ਕਰਨ ਵੇਲੇ ਕਿਹਾ ਸੀ ਕਿ ਮਹਾਭਾਰਤ ਦੀ ਜੰਗ ਅਠਾਰਾਂ ਦਿਨਾਂ ਵਿੱਚ ਜਿੱਤੀ ਗਈ ਸੀ, ਮੈਂ ਤੁਹਾਡੇ ਤਿੰਨ ਹਫਤੇ ਮੰਗ ਰਿਹਾ ਹਾਂ, ਇਨ੍ਹਾਂ ਤਿੰਨ ਹਫਤਿਆਂ ਵਿੱਚ ਅਸੀਂ ਇਹ ਜੰਗ ਜਿੱਤਣੀ ਹੈ। ਲੋਕਾਂ ਨੇ ਹੁੰਗਾਰਾ ਭਰਿਆ ਸੀ। ਫਿਰ ਉਨ੍ਹਾਂ ਇੱਕ ਦਿਨ ਤਾੜੀਆਂ ਵਜਾਉਣ ਅਤੇ ਥਾਲੀਆਂ ਖੜਕਾਉਣ ਨੂੰ ਕਿਹਾ ਤਾਂ ਲੋਕਾਂ ਨੇ ਖੜਕਾ ਦਿੱਤੀਆਂ ਤੇ ਭਾਜਪਾ ਦੇ ਹੱਦੋਂ ਬਾਹਰੇ ਉਤਸ਼ਾਹੀ ਲੋਕ, ਕੁਝ ਅਫਸਰ ਲੋਕ ਵੀ, ਸੜਕਾਂ ਉੱਤੇ ਬਿਗਲ ਅਤੇ ਵਾਜੇ ਵਜਾਉਂਦੇ ਨਿਕਲ ਪਏ ਸਨ। ਪ੍ਰਧਾਨ ਮੰਤਰੀ ਨੇ ਜਦੋਂ ਕਿਹਾ ਕਿ ਮੋਮਬੱਤੀਆਂ ਜਗਾਇਓ ਤਾਂ ਸਾਡੇ ਵਰਗੇ ਲੋਕਾਂ ਨੇ ਵੀ ਇਹ ਸੋਚ ਕੇ ਜਗਾ ਦਿੱਤੀਆਂ ਸਨ ਕਿ ਸਾਨੂੰ ਕੋਈ ਇਹ ਨਾ ਕਹੇ ਕਿ ਇਹ ਦੇਸ਼ ਦੀ ਸੁੱਖ ਨਹੀਂ ਮੰਗਦੇ। ਫਿਰ ਵੀ ਜੰਗ ਜਿੱਤੀ ਨਹੀਂ ਗਈ। ਤਿੰਨ ਤਾਂ ਕਿਧਰੇ ਗਏ, ਮਹਾਭਾਰਤ ਦੇ ਅਠਾਰਾਂ ਦਿਨਾਂ ਦੇ ਮੁਕਾਬਲੇ ਅਠਾਰਾਂ ਹਫਤੇ ਲੰਘਣ ਮਗਰੋਂ ਵੀ ਜੰਗ ਜਿੱਤ ਸਕਣ ਦੀ ਥਾਂ ਔਕੜ ਵਧ ਗਈ ਹੈ। ਓਦੋਂ ਕਿਸੇ ਰਾਜ ਵਿੱਚ ਇੱਕ-ਦੋ ਕੇਸ ਵਧਦੇ ਸਨ ਤਾਂ ਰੌਲਾ ਪੈਂਦਾ ਸੀ। ਜੁਲਾਈ ਖਤਮ ਹੋਈ ਤਾਂ ਰੋਜ਼ ਦੇ ਪੰਜਾਹ-ਪਚਵੰਜਾ ਹਜ਼ਾਰ ਕੇਸ ਮਿਲਣ ਲੱਗ ਪਏ ਅਤੇ ਰੋਜ਼ ਦੀਆਂ ਸਾਢੇ ਸੱਤ ਸੌ ਤੋਂ ਵੱਧ ਮੌਤਾਂ ਦੀਆਂ ਖਬਰਾਂ ਸੁਣਨ ਲੱਗ ਪਈਆਂ ਹਨ। ਭਾਰਤ ਕੇਸਾਂ ਦੇ ਪੱਖੋਂ ਤਾਂ ਦੋ ਹਫਤੇ ਪਹਿਲਾਂ ਹੀ ਦੁਨੀਆ ਭਰ ਵਿੱਚ ਤੀਸਰੇ ਨੰਬਰ ਉੱਤੇ ਆ ਗਿਆ ਸੀ, ਫਿਰ ਮੌਤਾਂ ਦੇ ਪੱਖੋਂ ਵੀ ਪੰਜਵੇਂ ਥਾਂ ਲਿਖਿਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਅਜੇ ਵੀ ਕੋਰੋਨਾ ਵਾਇਰਸ ਖਿਲਾਫ ਲੜਾਈ ਵਿੱਚ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਮਹਿਸੂਸ ਨਹੀਂ ਕਰਦੇ, ਸਗੋਂ ਪਹਿਲੇ ਕੀਤੇ ਦਾਅਵਿਆਂ ਨੂੰ ਚੇਤੇ ਕਰਨ ਦੀ ਬਜਾਏ ਨਵੇਂ ਭਾਸ਼ਣਾਂ ਲਈ ਸ਼ਬਦਾਵਲੀ ਦੀ ਚੋਣ ਕਰਨ ਲੱਗੇ ਰਹਿੰਦੇ ਹਨ।
ਜਦੋਂ ਸਥਿਤੀ ਏਨੀ ਗੰਭੀਰ ਹੋਈ ਪਈ ਹੈ, ਦੇਸ਼ ਦੇ ਹਰ ਰਾਜ ਵਿੱਚ ਇਸ ਨਾਲ ਲੜਨ ਲਈ ਪੈਸੇ ਦੀ ਕਮੀ ਦਾ ਰੌਲਾ ਪੈ ਰਿਹਾ ਹੈ। ਸਰਕਾਰ ਭਾਜਪਾ ਦੀ ਜਾਂ ਉਸ ਦੇ ਕਿਸੇ ਸਹਿਯੋਗੀ ਦੀ ਹੋਵੇ ਤਾਂ ਕਾਂਗਰਸੀ ਉਸ ਨੂੰ ਠਿੱਠ ਕਰਨ ਦੇ ਲਈ ਬਾਜ਼ਾਰਾਂ ਵਿੱਚ ਨਿਕਲਦੇ ਤੇ ਬਿਆਨਬਾਜ਼ੀ ਕਰਦੇ ਹਨ ਤੇ ਜਿੱਥੇ ਕਾਂਗਰਸ ਦੀ ਹੋਵੇ, ਓਥੇ ਭਾਜਪਾ ਅਤੇ ਇਸ ਦੇ ਸਹਿਯੋਗੀ ਦਲਾਂ ਵਾਲੇ ਇਹੋ ਕੁਝ ਕਰਦੇ ਹਨ। ਰਾਜਾਂ ਕੋਲ ਇਸ ਵੇਲੇ ਕਿਸੇ ਵੀ ਥਾਂ ਲੋੜ ਜੋਗੇ ਪੈਸੇ ਨਹੀਂ। ਅਸੀਂ ਜਿਸ ਯੁੱਗ ਵਿੱਚ ਪਲੇ ਸਾਂ, ਓਦੋਂ ਬਜ਼ੁਰਗ ਕਿਹਾ ਕਰਦੇ ਸਨ ਕਿ ਇਹ ਨਹੀਂ ਵੇਖੀਦਾ ਕਿ ਵਕਤ ਕਿੰਨਾ ਔਖਾ ਆ ਗਿਆ ਹੈ, ਸਗੋਂ ਇਹ ਸੋਚੀਦਾ ਹੈ ਕਿ ਇਸ ਤੋਂ ਵੀ ਬੁਰਾ ਆ ਸਕਦਾ ਹੈ। ਇਸ ਲਈ ਔਖੇ ਸਮੇਂ ਵੀ ਕੁਝ ਨਾ ਕੁਝ ਬਚਾ ਕੇ ਰੱਖਣਾ ਚਾਹੀਦਾ ਹੈ, ਪਤਾ ਨਹੀਂ ਕਦੋਂ ਲੋੜ ਪੈ ਜਾਵੇ! ਇਹ ਗੱਲ ਅੱਜ ਸੱਚੀ ਸਾਬਤ ਹੋ ਰਹੀ ਹੈ। ਭਾਰਤ ਦੇ ਲਗਭਗ ਹਰ ਰਾਜ ਦੀ ਸਰਕਾਰ ਦਾ ਬੱਜਟ ਹਰ ਸਾਲ ਘਾਟੇ ਵਾਲਾ ਪੇਸ਼ ਹੁੰਦਾ ਹੈ। ਲੋਕ ਟੈਕਸ ਦੇਂਦੇ ਹਨ, ਪਰ ਉਸ ਵਿੱਚੋਂ ਕਦੇ ਕੁਝ ਵੀ ਬਚਦਾ ਨਹੀਂ, ਉਲਟਾ ਅਗਲੇ ਸਾਲ ਬੱਜਟ ਘਾਟਾ ਹੋਰ ਵਧ ਜਾਂਦਾ ਹੈ। ਰਾਜ ਕਰਨ ਵਾਲਿਆਂ ਨੂੰ ਸਥਿਤੀ ਦੇ ਮੁਕਾਬਲੇ ਲਈ ਕੋਈ ਰਾਹ ਲੱਭੇ ਜਾਂ ਨਾ, ਆਪੋ-ਆਪਣੀ ਲੋੜ ਪੂਰੀ ਕਰੀ ਜਾਂਦੇ ਹਨ। ਹਰ ਰਾਜ ਵਿੱਚ ਇਹੋ ਹੁੰਦਾ ਹੈ।
ਆਮ ਕਹਾਵਤ ਹੈ ਕਿ 'ਜਿਹੋ ਜਿਹੀ ਕੋਕੋ, ਉਹੋ ਜਿਹੇ ਬੱਚੇ'। ਆਮਦਨ ਅਤੇ ਖਰਚ ਦੇ ਮਾਮਲੇ ਵਿੱਚ ਭਾਰਤ ਦੇ ਕੇਂਦਰੀ ਹਾਕਮ ਅਤੇ ਰਾਜਾਂ ਵਾਲੇ ਇਸ ਕਹਾਵਤ ਦਾ ਨਮੂਨਾ ਬਣੇ ਜਾਪਦੇ ਹਨ। ਰਾਜਾਂ ਕੋਲ ਇਸ ਵੇਲੇ ਖਰਚਣ ਵਾਸਤੇ ਪੈਸੇ ਨਹੀਂ ਤੇ ਉਹ ਠੀਕ ਕਹਿੰਦੇ ਹਨ ਕਿ ਕਾਰੋਬਾਰ ਬੰਦ ਹੋਣ ਕਾਰਨ ਟੈਕਸਾਂ ਦੀ ਉਗਰਾਹੀ ਡੁੱਬ ਗਈ ਹੈ ਤੇ ਕੇਂਦਰ ਸਰਕਾਰ ਵੀ ਉਨ੍ਹਾਂ ਦੇ ਹਿੱਸੇ ਦੇ ਕੇਂਦਰ ਵੱਲੋਂ ਉਗਰਾਹੇ ਜਾਂਦੇ ਜੀ ਐੱਸ ਟੀ ਵਿੱਚ ਬਣਦਾ ਹਿੱਸਾ ਦੇਣ ਤੋਂ ਪਾਸਾ ਵੱਟੀ ਜਾ ਰਹੀ ਹੈ। ਕੇਂਦਰ ਸਰਕਾਰ ਕੋਲ ਰਿਜ਼ਰਵ ਬੈਂਕ ਹੈ, ਫਿਰ ਵੀ ਉਸ ਦਾ ਹੱਥ ਤੰਗ ਹੈ। ਕਾਰਨ ਸਿਰਫ ਇਹ ਹੈ ਕਿ ਜਦੋਂ ਰਿਜ਼ਰਵ ਬੈਂਕ ਦਾ ਖਜ਼ਾਨਾ ਭਰਨ ਦੀ ਲੋੜ ਸੀ, ਉਂਜ ਮੋਦੀ ਸਰਕਾਰ ਨੂੰ ਮਿਲਿਆ ਵੀ ਭਰਿਆ ਸੀ, ਇਸ ਪਾਸੇ ਧਿਆਨ ਦੇਣ ਦੀ ਥਾਂ ਓਦੋਂ ਸਰਕਾਰ ਵੋਟਾਂ ਲਈ ਅੱਖ ਰੱਖ ਕੇ ਨੋਟਾਂ ਦੀ ਸੋਟ ਕਰਨ ਰੁੱਝੀ ਰਹੀ ਸੀ। ਪਿਛਲੇ ਸਾਲ ਲੋਕ ਸਭਾ ਚੋਣਾਂ ਹੋਣ ਤੋਂ ਪਹਿਲਾਂ ਰਿਜ਼ਰਵ ਬੈਂਕ ਤੋਂ ਏਸੇ ਲਈ ਪੰਜਾਹ ਹਜ਼ਾਰ ਕਰੋੜ ਰੁਪਏ ਮੰਗੇ ਗਏ ਸਨ ਅਤੇ ਰੌਲਾ ਪੈ ਜਾਣ ਕਾਰਨ ਭਾਵੇਂ ਰਿਜ਼ਰਵ ਬੈਂਕ ਤੋਂ ਇਹ ਲੈਣੇ ਰੋਕ ਦਿੱਤੇ ਸਨ, ਚੋਣਾਂ ਜਿੱਤਦੇ ਸਾਰ ਸਰਕਾਰ ਨੇ ਫਿਰ ਮੰਗ ਕੇ ਮਰਜ਼ੀ ਦੇ ਕੰਮਾਂ ਵਿੱਚ ਖਰਚ ਦਿੱਤੇ ਸਨ। ਓਦੋਂ ਕਿਸੇ ਨੂੰ ਇਹ ਖਿਆਲ ਤੱਕ ਨਹੀਂ ਸੀ ਕਿ ਕੋਈ ਕੋਰੋਨਾ ਵਾਇਰਸ ਅਗਲੇ ਦਿਨੀਂ ਹਮਲਾ ਕਰਨ ਲਈ ਘਾਤ ਲਾਈ ਬੈਠਾ ਹੈ। ਜਦੋਂ ਉਸ ਨੇ ਝਪੱਟਾ ਮਾਰਿਆ ਤਾਂ ਵੱਡੇ-ਵੱਡੇ ਅਮੀਰ ਸਮਝੇ ਜਾਂਦੇ ਦੇਸ਼ ਵੀ ਉਸ ਦੀ ਮਾਰ ਨਾਲ ਹਿੱਲ ਗਏ ਸਨ। ਭਾਰਤ ਤਾਂ ਪਹਿਲਾਂ ਹੀ ਆਰਥਿਕ ਗੜਬੜ ਦਾ ਸ਼ਿਕਾਰ ਸੀ। ਇਸ ਕਰ ਕੇ ਇਸ ਦੀ ਆਰਥਿਕਤਾ ਇਸ ਅਣਕਿਆਸੀ ਕੁਦਰਤੀ ਹਨੇਰੀ ਅੱਗੇ ਝੂਲਣ ਲੱਗ ਪਈ ਅਤੇ ਘਰਾਂ ਵਿੱਚ ਲਾਕਡਾਊਨ ਦੇ ਕਾਰਨ ਖਾਲੀ ਬੈਠੇ ਲੋਕਾਂ ਲਈ ਦਿੱਤੇ ਗਏ ਪੈਕੇਜ ਇਸ ਨੂੰ ਹੋਰ ਖੋਖਲਾ ਕਰੀ ਜਾ ਰਹੇ ਹਨ।
ਪਿਛਲੇ ਸਾਲ ਦੇ ਅੰਤ ਵਿੱਚ ਭਾਰਤ ਸਰਕਾਰ ਨੇ ਮਨ ਬਣਾਇਆ ਸੀ ਕਿ ਏਅਰ ਇੰਡੀਆ ਅਤੇ ਕੁਝ ਹੋਰ ਵੱਡੇ ਕੇਂਦਰ ਸਰਕਾਰ ਦੇ ਅਦਾਰੇ ਵੇਚ ਕੇ ਇਨ੍ਹਾਂ ਵਿੱਚੋਂ ਇੱਕ ਲੱਖ ਕਰੋੜ ਰੁਪਏ ਦੀ ਕਮਾਈ ਕਰਨੀ ਹੈ। ਕੋਰੋਨਾ ਦੇ ਆਉਣ ਨਾਲ ਉਨ੍ਹਾਂ ਦੀ ਸੇਲ ਰੋਕਣੀ ਪੈ ਗਈ। ਇਸ ਮਗਰੋਂ ਕੁਝ ਰਾਹ ਸੋਚਣ ਦੀ ਲੋੜ ਸੀ। ਇਸ ਦੀ ਬਜਾਏ ਕੇਂਦਰ ਸਰਕਾਰ ਨੇ ਫਿਰ ਇਹ ਕਹਿ ਦਿੱਤਾ ਕਿ ਤੇਈ ਹੋਰ ਸਰਕਾਰੀ ਅਦਾਰਿਆਂ ਤੋਂ ਆਪਣੇ ਹਿੱਸੇ ਕੱਢ ਕੇ ਉਹ ਵੀ ਵੱਡੇ ਪੂੰਜੀਪਤੀਆਂ ਦੀ ਝੋਲੀ ਪਾ ਦੇਣੇ ਹਨ। ਇਨ੍ਹਾਂ ਵਿੱਚ ਪੰਜ ਬੈਂਕ ਵੀ ਹਨ। ਜਿਹੜੇ ਬੈਂਕ ਸਰਕਾਰੀ ਹੱਥਾਂ ਵਿੱਚ ਅਜੇ ਤੱਕ ਚੰਗੇ ਚੱਲੀ ਜਾ ਰਹੇ ਹਨ ਅਤੇ ਇਨ੍ਹਾਂ ਵਿੱਚ ਜਮ੍ਹਾ ਹੋਇਆ ਲੋਕਾਂ ਦਾ ਪੈਸਾ ਸਰਕਾਰ ਦੀ ਯੋਜਨਾਬੰਦੀ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ, ਇਨ੍ਹਾਂ ਦੇ ਪ੍ਰਾਈਵੇਟ ਹੱਥਾਂ ਵਿੱਚ ਜਾਣ ਨਾਲ ਉਹ ਯੋਜਨਾਬੰਦੀ ਦੇ ਬਜਾਏ ਅਮੀਰਾਂ ਦੇ ਕਾਰੋਬਾਰ ਅਤੇ ਕਮਾਈ ਵਿੱਚ ਵਾਧਾ ਕਰਨ ਲਈ ਵਰਤਿਆ ਜਾਵੇਗਾ। ਅਜੇ ਤੱਕ ਇਸ ਗੱਲ ਦੀ ਚਰਚਾ ਸੁਣੀ ਜਾ ਰਹੀ ਸੀ ਕਿ ਵੱਡੇ ਘਰਾਣੇ ਸਰਕਾਰਾਂ ਨੂੰ ਮਰਜ਼ੀ ਨਾਲ ਚਲਾ ਰਹੇ ਹਨ, ਇਸ ਤਾਜ਼ਾ ਕਦਮ ਨਾਲ ਲੋਕਾਂ ਨੂੰ ਇਹ ਕੁਝ ਹੋ ਰਿਹਾ ਸਾਫ ਦਿਖਾਈ ਦੇ ਜਾਵੇਗਾ ਕਿ ਉਨ੍ਹਾਂ ਦਾ ਪੈਸਾ ਸਰਕਾਰ ਵੱਡੇ ਘਰਾਣਿਆਂ ਦੀਆਂ ਤਿਜੌਰੀਆਂ ਵਿੱਚ ਪਾਈ ਜਾ ਰਹੀ ਹੈ।
ਜਦੋਂ ਭਾਰਤ ਕੋਰੋਨਾ ਵਾਇਰਸ ਦੇ ਨਾਲ ਮੱਥਾ ਲਾਈ ਬੈਠਾ ਹੈ, ਭਾਵੇਂ ਸਾਰੀ ਦੁਨੀਆ ਇਸ ਰੋਗ ਦੇ ਨਾਲ ਜੂਝਦੀ ਪਈ ਹੈ, ਭਾਰਤ ਉਨ੍ਹਾਂ ਚਾਰ ਦੇਸ਼ਾਂ ਵਿੱਚੋਂ ਇੱਕ ਹੈ, ਜਿਹੜੇ ਇਸ ਵਕਤ ਸਭ ਤੋਂ ਵੱਡੀ ਮੁਸ਼ਕਲ ਵਿੱਚ ਹਨ ਤਾਂ ਦੂਸਰੇ ਪਾਸੇ ਇਸ ਦੀ ਸਥਿਤੀ ਸਰਹੱਦਾਂ ਉੱਤੇ ਵੀ ਸੁਖਾਵੀਂ ਨਹੀਂ। ਪਾਕਿਸਤਾਨ ਆਪਣੇ ਜਨਮ ਵੇਲੇ ਤੋਂ ਭਾਰਤ ਵਿਰੁੱਧ ਆਢਾ ਲਾਈ ਤੁਰਿਆ ਰਿਹਾ ਹੈ, ਪਰ ਇਸ ਵੇਲੇ ਚੀਨ ਨਾਲ ਵੀ ਸੰਬੰਧਾਂ ਵਿੱਚ ਕੌੜ ਸਿਖਰ ਉੱਤੇ ਹੈ। ਕੋਈ ਨਹੀਂ ਜਾਣਦਾ ਕਿ ਕਦੋਂ ਕਿਸ ਪਾਸੇ ਕਿਸ ਦੇਸ਼ ਨਾਲ ਸਿੱਧੇ ਟਕਰਾਅ ਦੀ ਨੌਬਤ ਆ ਜਾਵੇ, ਸਿਰਫ ਇਹ ਪਤਾ ਹੈ ਕਿ ਬਹੁਤ ਮਹਿੰਗੇ ਭਾਅ ਉੱਤੇ ਭਾਰਤ ਨੇ ਦੁਨੀਆ ਦੇ ਸਿਖਰਲੀ ਸਮਰੱਥਾ ਵਾਲੇ ਰਾਫੇਲ ਜਹਾਜ਼ਾਂ ਦਾ ਬੇੜਾ ਤਿਆਰ ਕਰ ਲਿਆ ਹੈ ਅਤੇ ਨਵੀਂਆਂ ਮਿਜ਼ਾਈਲਾਂ ਵੀ ਛੇਤੀ ਆਉਣ ਵਾਲੀਆਂ ਹਨ। ਇਹ ਸਾਰਾ ਕੁਝ ਹੱਥਾਂ ਵਿੱਚ ਹੋਣ ਦੇ ਬਾਵਜੂਦ ਜੰਗ ਦੇ ਹਾਲਾਤ ਵਿੱਚ ਜਿਹੜੇ ਵੱਡੇ ਖਰਚੇ ਦੀ ਲੋੜ ਪੈਣੀ ਹੈ, ਜਦੋਂ ਸਾਰਾ ਪੈਲੀ-ਬੰਨਾ ਵੇਚ ਛੱਡਿਆ ਹੈ ਤੇ ਕੁਝ ਹੋਰ ਵੇਚਣ ਲਈ ਤਿਆਰੀਆਂ ਹੁੰਦੀਆਂ ਹਨ, ਰਿਜ਼ਰਵ ਬੈਂਕ ਵੀ ਨੰਗਾਂ ਦੇ ਭੜੋਲੇ ਵਾਂਗ ਖਾਲੀ ਗਾਗਰ ਖੜਕ ਰਹੀ ਹੈ ਤਾਂ ਇਹ ਜਹਾਜ਼ ਉਡਾਉਣ ਜੋਗੇ ਪ੍ਰਬੰਧ ਕਰਨੇ ਵੀ ਸੌਖੇ ਨਹੀਂ ਰਹਿ ਜਾਣੇ। ਕੋਈ ਵਕਤ ਹੁੰਦਾ ਸੀ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਤੇਲ ਕੰਪਨੀਆਂ ਇੰਡੀਅਨ ਆਇਲ ਤੇ ਹਿੰਦੁਸਤਾਨ ਪੈਟਰੋਲੀਅਮ ਵਿੱਚੋਂ ਸਰਕਾਰੀ ਹਿੱਸੇ ਕੱਢ ਕੇ ਪ੍ਰਾਈਵੇਟ ਪੂੰਜੀਪਤੀਆਂ ਨੂੰ ਸੌਂਪਣ ਦਾ ਇਰਾਦਾ ਬਣਾ ਲਿਆ ਸੀ। ਓਦੋਂ ਭਾਜਪਾ ਦੀ ਮਾਂ ਮੰਨੇ ਜਾਂਦੇ ਆਰ ਐੱਸ ਐੱਸ ਦੀ ਲੀਡਰਸ਼ਿਪ ਨੇ ਇਹ ਕਹਿ ਕੇ ਇਸ ਦਾ ਵਰੋਧ ਕੀਤਾ ਸੀ ਕਿ ਕੱਲ੍ਹ ਨੂੰ ਜੰਗ ਲੱਗਣ ਦੀ ਸਥਿਤੀ ਵਿੱਚ ਬਾਹਰੋਂ ਮਿਲੇ ਇਸ਼ਾਰੇ ਉੱਤੇ ਪੂੰਜੀਪਤੀਆਂ ਨੇ ਤੇਲ ਦੀ ਸਪਲਾਈ ਵਿੱਚ ਵਿਘਨ ਪਾਇਆ ਤਾਂ ਉਸ ਵਕਤ ਦੇਸ਼ ਅੱਧ-ਵਿਚਾਲੇ ਫਸ ਕੇ ਰਹਿ ਜਾਵੇਗਾ। ਓਦੋਂ ਉਨ੍ਹਾਂ ਦਾ ਵਿਰੋਧ ਕੰਮ ਆਇਆ ਅਤੇ ਵਾਜਪਾਈ ਸਰਕਾਰ ਨੂੰ ਰੁਕਣਾ ਪਿਆ ਸੀ। ਅੱਜ ਆਰ ਐੱਸ ਐੱਸ ਲੀਡਰਸ਼ਿਪ ਖੁਦ ਇਨ੍ਹਾਂ ਕਦਮਾਂ ਦਾ ਚੁੱਪ ਰਹਿ ਕੇ ਸਾਥ ਦੇ ਰਹੀ ਹੈ ਤਾਂ ਬਚਾਉਣ ਵਾਲਾ ਕੌਣ ਹੈ?
ਭਾਰਤ ਇਸ ਵਕਤ ਇੱਕੋ ਸਮੇਂ ਕਈ ਤਰ੍ਹਾਂ ਦੀਆਂ ਉਲਝਣਾਂ ਵਿੱਚ ਫਸਿਆ ਪਿਆ ਹੈ ਅਤੇ ਹੋਰ ਤੋਂ ਹੋਰ ਫਸਣ ਦੇ ਰਾਹ ਪਿਆ ਜਾਪਦਾ ਹੈ। ਅਸੀਂ ਅੱਜ ਦੀਆਂ ਗੱਲਾਂ ਕਰਦੇ ਹਾਂ, ਜਿਵੇਂ ਬਾਬੇ ਕਹਿੰਦੇ ਹੁੰਦੇ ਸੀ, ਪਤਾ ਨਹੀਂ ਭਲਕ ਨੂੰ ਕਿਹੜੇ ਦਿਨ ਵੇਖਣੇ ਪੈਣ, ਜੇ ਬਦਕਿਸਮਤੀ ਨਾਲ ਹਾਲਾਤ ਹੋਰ ਖਰਾਬ ਹੋ ਗਏ, ਫਿਰ ਭਾਰਤ ਦਾ ਬਣੇਗਾ ਕੀ? ਦੇਸ਼ ਭਗਤੀ ਦੀਆਂ ਗੱਲਾਂ ਸਾਨੂੰ ਉਹ ਲੋਕ ਦੱਸ ਰਹੇ ਹਨ, ਜਿਨ੍ਹਾਂ ਦਾ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਬਹੁਤਾ ਯੋਗਦਾਨ ਹੀ ਨਹੀਂ ਸੀ। ਜਿਨ੍ਹਾਂ ਯੋਗਦਾਨ ਪਾਇਆ ਸੀ, ਉਹ ਅੱਜਕੱਲ੍ਹ ਰੜਕਦੇ ਨਹੀਂ ਜਾਪਦੇ। ਹਾਲਾਤ ਕੂਕ-ਕੂਕ ਕੇ ਪੁੱਛਦੇ ਹਨ ਕਿ 'ਜਿਨਹੇਂ ਨਾਜ਼ ਹੈ ਹਿੰਦ ਪਰ, ਵੋ ਕਹਾਂ ਹੈਂ, ਕਹਾਂ ਹੈਂ,' ਪਰ ਜਵਾਬ ਦੇਣ ਵਾਲਾ ਕੋਈ ਨਹੀਂ ਲੱਭ ਰਿਹਾ।