ਭਾਰਤ ਦੇ ਸੜ੍ਹਿਆਂਦ ਮਾਰੂ ਮਾਹੌਲ ਵਿੱਚ ਭਾਰਤ ਮਾਂ ਕਿੱਥੇ ਹੋਵੇਗੀ? - ਜਤਿੰਦਰ ਪਨੂੰ
ਭਾਰਤ ਦੀ ਨਿਆਂ ਪ੍ਰਣਾਲੀ ਕੀੜੀ ਦੀ ਚਾਲ ਨਾਲ ਹੌਲੀ-ਹੌਲੀ ਚੱਲਦੀ ਹੈ। ਇਸ ਦੇ ਕਈ ਕੇਸ ਫੈਸਲਾ ਹੋਣ ਵਾਸਤੇ ਏਨਾ ਸਮਾਂ ਲਾਈਨ ਵਿੱਚ ਲੱਗੇ ਰਹਿੰਦੇ ਹਨ ਕਿ ਲੋਕਾਂ ਨੂੰ ਉਨ੍ਹਾਂ ਦਾ ਮੂਲ ਮੁੱਦਾ ਹੀ ਭੁੱਲ ਜਾਂਦਾ ਹੈ। ਇਸ ਹਫਤੇ ਰਾਜਸਥਾਨ ਦੀ ਭਰਤਪੁਰ ਰਿਆਸਤ ਦੇ ਸਾਬਕਾ ਰਾਜਾ ਮਾਨ ਸਿੰਘ ਵਾਲੇ ਕਤਲ ਕੇਸ ਦਾ ਫੈਸਲਾ ਹੋਇਆ ਤੇ ਉਸ ਵਕਤ ਦੇ ਇੱਕ ਡੀ ਐੱਸ ਪੀ ਸਣੇ ਗਿਆਰਾਂ ਪੁਲਸ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਇਹ ਸਿਆਸੀ ਕਤਲ ਸੀ। ਓਦੋਂ ਰਾਜਸਥਾਨ ਦੇ ਕਾਂਗਰਸੀ ਮੁੱਖ ਮੰਤਰੀ ਸ਼ਿਵਚਰਨ ਮਾਥੁਰ ਨੇ ਸੱਤ ਵਾਰੀ ਦੇ ਵਿਧਾਇਕ ਰਾਜਾ ਮਾਨ ਸਿੰਘ ਦੇ ਵਿਰੁੱਧ ਲੋਕਾਂ ਨੂੰ ਉਕਸਾ ਦਿੱਤਾ ਤੇ ਕਾਂਗਰਸੀ ਵਰਕਰਾਂ ਨੇ ਜਾ ਕੇ ਮਾਨ ਸਿੰਘ ਦੇ ਮਹਿਲ ਉੱਤੇ ਲੱਗਾ ਰਿਆਸਤ ਦਾ ਝੰਡਾ ਪੁੱਟ ਕੇ ਕਾਂਗਰਸੀ ਝੰਡਾ ਲਾ ਦਿੱਤਾ ਸੀ। ਓਸੇ ਦਿਨ ਸ਼ਹਿਰ ਵਿੱਚ ਮੁੱਖ ਮੰਤਰੀ ਦੀ ਰੈਲੀ ਸੀ। ਰਾਜਾ ਮਾਨ ਸਿੰਘ ਇਸ ਤੋਂ ਭੜਕ ਪਿਆ ਅਤੇ ਉਸ ਵੇਲੇ ਦੀ ਬਹੁ-ਚਰਚਿਤ ਐੱਸ ਯੂ ਵੀ ਗੱਡੀ ਜੋਂਗਾ ਸਿੱਧਾ ਲਿਜਾ ਕੇ ਮੁੱਖ ਮੰਤਰੀ ਦੀ ਰੈਲੀ ਵਾਲੇ ਮੰਚ ਨਾਲ ਟੱਕਰਾਂ ਮਾਰ ਕੇ ਸਟੇਜ ਤੋੜ ਦਿੱਤੀ। ਫਿਰ ਉਸ ਨੇ ਮੁੱਖ ਮੰਤਰੀ ਦਾ ਹੈਲੀਕਾਪਟਰ ਵੇਖਿਆ ਤਾਂ ਜੋਂਗੇ ਦੀਆਂ ਟੱਕਰਾਂ ਨਾਲ ਉਹ ਵੀ ਭੰਨ ਸੁੱਟਿਆ। ਮੁੱਖ ਮੰਤਰੀ ਉਸ ਦਿਨ ਰੈਲੀ ਨਹੀਂ ਸੀ ਕਰ ਸਕਿਆ ਤੇ ਸੜਕ ਰਾਹੀਂ ਰਾਜਧਾਨੀ ਜੈਪੁਰ ਪਰਤ ਗਿਆ ਸੀ, ਪਰ ਅਗਲੇ ਦਿਨ ਉਸ ਦੇ ਇਸ਼ਾਰੇ ਉੱਤੇ ਪੁਲਸ ਨੇ ਚੋਣ ਮੁਹਿੰਮ ਚਲਾ ਰਹੇ ਮਾਨ ਸਿੰਘ ਨੂੰ ਘੇਰ ਕੇ ਮਾਰ ਦਿੱਤਾ ਸੀ। ਆਖਿਆ ਇਹ ਗਿਆ ਸੀ ਕਿ ਗ੍ਰਿਫਤਾਰ ਕਰਨ ਗਈ ਪੁਲਸ ਨਾਲ ਉਹ ਭਿੜ ਗਿਆ ਸੀ। ਇਹ ਸਵਾਲ ਬਹੁਤ ਵਾਰੀ ਉੱਠਦਾ ਰਿਹਾ ਹੈ ਕਿ ਰਾਜਾ ਮਾਨ ਸਿੰਘ ਵੱਲੋਂ ਮੁੱਖ ਮੰਤਰੀ ਦੀ ਸਟੇਜ ਅਤੇ ਹੈਲੀਕਾਪਟਰ ਤੋੜਨਾ ਕਿੰਨਾ ਗਲਤ ਸੀ ਅਤੇ ਉਸ ਦੇ ਬਾਅਦ ਪੁਲਸ ਵੱਲੋਂ ਇਸ ਤਰ੍ਹਾਂ ਉਸ ਨੂੰ ਘੇਰ ਕੇ ਸਰੇ ਬਾਜ਼ਾਰ ਮਾਰ ਸੁੱਟਣਾ ਕਿੰਨਾ ਗਲਤ ਸੀ?
ਇਸ ਹਫਤੇ ਸੁਪਰੀਮ ਕੋਰਟ ਵਿੱਚ ਉੱਤਰ ਪ੍ਰਦੇਸ਼ ਵਿੱਚ ਪੁਲਸ ਵੱਲੋਂ ਮਾਰੇ ਗਏ ਵੱਡੇ ਗੈਂਗਸਟਰ ਵਿਕਾਸ ਦੁੱਬੇ ਦਾ ਕੇਸ ਸੁਣਵਾਈ ਲਈ ਲੱਗਾ ਸੀ। ਉਸ ਦੀ ਜਾਂਚ ਸ਼ੁਰੂ ਹੋਈ ਹੈ, ਪਰ ਸੁਪਰੀਮ ਕੋਰਟ ਨੇ ਇਹ ਵੀ ਕਹਿ ਦਿੱਤਾ ਹੈ ਕਿ ਅੱਗੇ ਤੋਂ ਇਸ ਰਾਜ ਵਿੱਚ ਏਦਾਂ ਦਾ ਕੋਈ ਕਾਂਡ ਨਹੀਂ ਹੋਣਾ ਚਾਹੀਦਾ। ਸੁਪਰੀਮ ਕੋਰਟ ਦੇ ਇਸ ਹੁਕਮ ਦੇ ਨਾਲ ਵਿਕਾਸ ਦੁੱਬੇ ਵਰਗੇ ਬਹੁਤ ਸਾਰੇ ਹੋਰ ਗੈਂਗਸਟਰ ਕਹੇ ਜਾਂਦੇ ਬੰਦਿਆਂ ਬਾਰੇ ਵੀ ਬਹਿਸ ਚੱਲ ਪਈ ਹੈ।
ਅਪਰਾਧਾਂ ਵਿਰੁੱਧ ਭਾਰਤ ਦੇ ਕਾਨੂੰਨਾਂ ਬਾਰੇ ਇੱਕ ਸੈਮੀਨਾਰ ਵਿੱਚ ਅਸੀਂ ਕਈ ਸਾਲ ਪਹਿਲਾਂ ਕੁਝ ਹੋਰ ਪੱਤਰਕਾਰਾਂ ਨਾਲ ਸ਼ਾਮਲ ਹੋਏ ਸਾਂ। ਓਥੇ ਇੱਕ ਬੁਲਾਰੇ ਨੇ ਕਿਹਾ ਕਿ ਭਾਰਤ ਦੀ ਪੁਲਸ ਏਨੀ ਨਿਕੰਮੀ ਹੈ ਕਿ ਬਿਹਾਰ ਵਿੱਚ ਹੁੰਦੇ ਇੱਕ ਰੋਸ ਪ੍ਰਗਟਾਵੇ ਦੌਰਾਨ ਭੀੜ ਨੂੰ ਰੋਕ ਰਹੇ ਇੱਕ ਐੱਸ ਪੀ ਨੂੰ ਇੱਕ ਕੁੜੀ ਨੇ ਥੱਪੜ ਮਾਰ ਦਿੱਤਾ ਹੈ। ਨਵੀਂ ਨਿਯੁਕਤ ਹੋਈ ਇਕ ਜੱਜ ਕੁੜੀ ਨੇ ਉੱਠ ਕੇ ਕਿਹਾ ਕਿ ਇਹ ਨਾ ਵੇਖੋ ਕਿ ਕੁੜੀ ਨੇ ਥੱਪੜ ਮਾਰਿਆ ਹੈ, ਉਸ ਕੁੜੀ ਬਾਰੇ ਸੋਚੋ ਕਿ ਇਸ ਹੱਦ ਤੱਕ ਦੁਖੀ ਕਿਵੇਂ ਹੋ ਗਈ ਕਿ ਲੱਕ ਨਾਲ ਪਿਸਤੌਲ ਟੰਗੀ ਖੜੇ ਪੁਲਸ ਅਫਸਰ ਨੂੰ ਥੱਪੜ ਮਾਰਨ ਤੁਰ ਪਈ? ਆਪਣੇ ਵਿਚਾਰ ਪੇਸ਼ ਕਰਦਿਆਂ ਜੱਜ ਕੁੜੀ ਨੇ ਕਿਹਾ ਕਿ ਮੈਂ ਉਸ ਕੁੜੀ ਦੀ ਕਹਾਣੀ ਪੜ੍ਹੀ ਹੈ, ਉਸ ਦੇ ਪਰਵਾਰ ਦੀ ਤਬਾਹੀ ਇੱਕ ਸਿਆਸੀ ਆਗੂ ਦੇ ਕਹਿਣ ਉੱਤੇ ਕੀਤੀ ਗਈ ਅਤੇ ਪੁਲਸ ਇਨਸਾਫ ਦੇਣ ਦੀ ਥਾਂ ਆਗੂ ਨੂੰ ਖੁਸ਼ ਕਰਨ ਲਈ ਪਰਵਾਰ ਦੇ ਖਿਲਾਫ ਕੇਸ ਦਰਜ ਕਰਦੀ ਰਹੀ ਸੀ। ਭਾਰਤ ਵਿੱਚ ਏਦਾਂ ਹੁੰਦਾ ਰਿਹਾ ਤਾਂ ਨਤੀਜਾ ਵੀ ਏਦਾਂ ਦਾ ਹੀ ਨਿਕਲੇਗਾ।
ਰਾਜਾ ਮਾਨ ਸਿੰਘ ਗੁੰਡਾ ਨਹੀਂ ਸੀ, ਸੱਤ ਵਾਰ ਦਾ ਇਹ ਵਿਧਾਇਕ ਕਾਂਗਰਸੀ ਮੁੱਖ ਮੰਤਰੀ ਦੀ ਬੇਹੂਦਗੀ ਕਾਰਨ ਭੜਕਿਆ ਸੀ। ਵਿਕਾਸ ਦੁੱਬੇ ਗੁੰਡਾ ਕਿਸ ਤਰ੍ਹਾਂ ਬਣਿਆ, ਇਹ ਤਾਂ ਪਤਾ ਨਹੀਂ, ਪਰ ਜਿੰਨਾ ਚਿਰ ਉਹ ਜਿੰਦਾ ਰਿਹਾ, ਉਸ ਦੇ ਸੰਬੰਧ ਰਾਜਨੀਤਕ ਆਗੂਆਂ ਨਾਲ ਬਣੇ ਰਹੇ ਸਨ। ਭਾਜਪਾ ਦੇ ਦੋ ਆਗੂਆਂ ਨਾਲ ਉਸ ਦੇ ਸੰਬੰਧਾਂ ਦੀ ਚਰਚਾ ਵੀ ਆਮ ਹੁੰਦੀ ਸੁਣੀ ਗਈ ਹੈ। ਤਿੰਨ ਸਾਲ ਪਹਿਲਾਂ ਓਥੇ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਉਸ ਦੇ ਜ਼ਿਲੇ ਕਾਨਪੁਰ ਦਾ ਜ਼ਿੰਮਾ ਮੱਧ ਪ੍ਰਦੇਸ਼ ਦੇ ਜਿਸ ਭਾਜਪਾ ਆਗੂ ਨੂੰ ਮਿਲਿਆ ਸੀ, ਉਹ ਅੱਜਕੱਲ੍ਹ ਮੱਧ ਪ੍ਰਦੇਸ਼ ਦਾ ਗ੍ਰਹਿ ਮੰਤਰੀ ਹੈ ਤੇ ਉਸ ਉਜੈਨ ਜ਼ਿਲੇ ਦਾ ਇੰਚਾਰਜ ਵੀ ਹੈ, ਜਿੱਥੇ ਪਨਾਹ ਲੈਣ ਗਿਆ ਵਿਕਾਸ ਦੁੱਬੇ ਫੜਿਆ ਅਤੇ ਮਾਰਿਆ ਗਿਆ ਸੀ। ਇਸ ਕਾਰਨ ਕੁਝ ਲੋਕਾਂ ਨੂੰ ਇਹ ਕਹਿਣ ਦਾ ਹੱਕ ਹੈ ਕਿ ਵਿਕਾਸ ਦੁੱਬੇ ਨੂੰ ਕੁਝ ਆਗੂਆਂ ਦੇ ਕਾਲੇ ਪਿਛੋਕੜ ਦਾ ਉੱਤੇ ਪਰਦਾ ਪਾਉਣ ਲਈ ਮਾਰਿਆ ਗਿਆ ਹੈ। ਦਲੀਲ ਦੇ ਹੱਕ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ।
ਭਾਰਤੀ ਰਾਜਨੀਤੀ ਤੇ ਅਪਰਾਧੀਆਂ ਦੇ ਗੱਠਜੋੜ ਦੀਆਂ ਗੱਲਾਂ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਦੇ ਵਕਤ ਤੋਂ ਸੁਣੀਆਂ ਜਾ ਰਹੀਆਂ ਸਨ। ਅੱਜਕੱਲ੍ਹ ਇਹ ਹੋਰ ਵਧ ਗਈਆਂ ਹਨ। ਫਿਰ ਵੀ ਕਾਨੂੰਨ ਦੇ ਰਖਵਾਲੇ ਲੰਮਾ ਸਮਾਂ ਕੁਝ ਹੱਦ ਤੱਕ ਆਪਣੇ ਫਰਜ਼ਾਂ ਪ੍ਰਤੀ ਇਮਾਨਦਾਰੀ ਵਰਤਦੇ ਰਹੇ ਸਨ, ਪਰ ਅੱਜ ਇਹੋ ਜਿਹੀ ਨਸਲ ਦੁਰਲੱਭ ਹੁੰਦੀ ਜਾਂਦੀ ਹੈ ਅਤੇ ਉਸ ਦੀ ਥਾਂ ਅਪਰਾਧੀਆਂ ਨਾਲ ਸੈਨਤ ਮਿਲਾ ਕੇ ਚੱਲਣ ਵਾਲੇ ਸਿਵਲ ਅਤੇ ਪੁਲਸ ਦੇ ਅਫਸਰਾਂ ਹੀ ਨਹੀਂ, ਅਦਾਲਤਾਂ ਨਾਲ ਜੁੜੇ ਹੋਏ ਕੁਝ ਲੋਕਾਂ ਬਾਰੇ ਵੀ ਗੱਲਾਂ ਆਮ ਸੁਣੀਆਂ ਜਾਣ ਲੱਗ ਪਈਆਂ ਹਨ। ਇਹ ਚਰਚੇ ਭਾਰਤ ਦੇ ਹਰ ਰਾਜ ਅਤੇ ਹਰ ਪਾਰਟੀ ਦੇ ਰਾਜ ਵਿੱਚ ਹੋਈ ਜਾਂਦੇ ਹਨ। ਕਿਸੇ ਆਗੂ ਨੂੰ ਇਨ੍ਹਾਂ ਚਰਚਿਆਂ ਦੀ ਕੋਈ ਸ਼ਰਮ ਵੀ ਨਹੀਂ ਜਾਪਦੀ।
ਪੰਜਤਾਲੀ ਸਾਲ ਪਹਿਲਾਂ ਆਈ ਫਿਲਮ ਦੀਵਾਰ ਵਿੱਚ ਇੱਕ ਮਜ਼ਦੂਰ ਆਗੂ ਨੂੰ ਗੱਲਬਾਤ ਬਹਾਨੇ ਸੱਦ ਕੇ ਉਸ ਦੇ ਬੱਚਿਆਂ ਨੂੰ ਅਗਵਾ ਕਰਨ ਤੇ ਮਾਰ ਦੇਣ ਦੀ ਧਮਕੀ ਨਾਲ ਇੱਕ ਕਾਗਜ਼ ਉੱਤੇ ਦਸਖਤ ਕਰਨ ਨੂੰ ਮਜਬੂਰ ਕੀਤਾ ਗਿਆ ਸੀ। ਸੱਚਾਈ ਤੋਂ ਅਣਜਾਣ ਭੜਕੇ ਹੋਏ ਲੋਕਾਂ ਨੇ ਉਸ ਮਜ਼ਦੂਰ ਦੇ ਬੱਚੇ ਦੀ ਬਾਂਹ ਉੱਤੇ 'ਮੇਰਾ ਬਾਪ ਚੋਰ ਹੈ' ਲਿਖ ਦਿੱਤਾ ਸੀ, ਜਿਸ ਕਾਰਨ ਉਹ ਬੱਚਾ ਪੜ੍ਹਨ-ਲਿਖਣ ਦੀ ਥਾਂ ਅਪਰਾਧ ਦੀ ਦੁਨੀਆ ਵਿੱਚ ਜਾ ਪੁੱਜਾ ਸੀ। ਉਸ ਦਾ ਭਰਾ ਪੁਲਸ ਦਾ ਅਫਸਰ ਬਣ ਕੇ ਓਸੇ ਨੂੰ ਫੜਨ ਦੀ ਜ਼ਿਮੇਵਾਰੀ ਚੁੱਕ ਬੈਠਾ ਸੀ। ਇੱਕ ਦਿਨ ਅਪਰਾਧੀ ਬਣੇ ਬੱਚੇ ਦਾ ਰੋਲ ਕਰਦਾ ਪਿਆ ਅਮਿਤਾਬ ਬੱਚਨ ਅਤੇ ਪੁਲਸ ਅਫਸਰ ਬਣਿਆ ਸ਼ਸ਼ੀ ਕਪੂਰ ਆਹਮੋ ਸਾਹਮਣੇ ਹੋਏ ਤਾਂ ਅਮਿਤਾਬ ਨੇ ਕਿਹਾ ਸੀ ਕਿ ਮੇਰੇ ਕੋਲ ਕਾਰ, ਕੋਠੀ ਸਭ ਕੁਝ ਹੈ, ਇਮਾਨਦਾਰੀ ਦੀ ਇਸ ਅਫਸਰੀ ਵਿੱਚ ਤੈਨੂੰ ਕੀ ਮਿਲਿਆ ਹੈ ਤਾਂ ਅੱਗੋਂ ਪੁਲਸ ਅਫਸਰ ਬਣਿਆ ਸ਼ਸ਼ੀ ਕਪੂਰ ਮਾਣ ਨਾਲ ਕਹਿੰਦਾ ਸੀ: 'ਮੇਰੇ ਕੋਲ ਮਾਂ ਹੈ'। ਇਹ ਉਸ ਵਕਤ ਦੀ ਗੱਲ ਸੀ। ਅੱਜ ਦੇ ਹਾਲਤ ਵਿੱਚ ਸੋਸ਼ਲ ਮੀਡੀਆ ਉੱਤੇ ਨਵਾਂ ਡਾਇਲਾਗ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਵਿੱਚ ਅਪਰਾਧੀ ਬਣਿਆ ਅਮਿਤਾਬ ਉਹੀ ਗੱਲ ਦੁਹਰਾਉਂਦਾ ਹੈ ਕਿ ਮੇਰੇ ਕੋਲ ਕਾਰ, ਕੋਠੀ ਸਭ ਕੁਝ ਹੈ, ਇਮਾਨਦਾਰੀ ਦੀ ਅਫਸਰੀ ਵਿੱਚ ਤੈਨੂੰ ਕੀ ਮਿਲਿਆ ਤਾਂ ਮੂਹਰੇ ਖੜਾ ਸਸ਼ੀ ਕਪੂਰ ਹੱਸ ਕੇ ਕਹਿੰਦਾ ਹੈ: ਮੇਰੇ ਕੋਲ ਵੀ ਕਾਰ, ਕੋਠੀ ਸਭ ਕੁਝ ਆ ਗਿਆ ਹੈ। ਇਸ ਦੇ ਜਵਾਬ ਵਿੱਚ ਹੈਰਾਨ ਹੋਇਆ ਅਮਿਤਾਬ ਬੱਚਨ ਪੁੱਛਦਾ ਹੈ: ਫਿਰ ਮਾਂ ਨੂੰ ਕੌਣ ਲੈ ਗਿਆ? ਮੇਰੇ ਕੋਲ ਇਹ ਗੱਲ ਕਹਿਣ ਦਾ ਕੋਈ ਕਾਰਨ ਨਹੀਂ ਕਿ ਅੱਜ ਦੇ ਭਾਰਤ ਦਾ ਹਰ ਅਫਸਰ ਵਿਕਾਊ ਹੈ, ਪਰ ਇਹ ਵੀ ਸੱਚ ਹੈ ਕਿ ਇਮਾਨਦਾਰੀ ਦੀ ਪਹਿਰੇਦਾਰੀ ਕਰਨ ਲਈ ਜਾਣੇ ਜਾਂਦੇ ਲੋਕਾਂ ਨੂੰ ਲਗਭਗ ਹਰ ਪਾਰਟੀ ਦੀ ਸਰਕਾਰ ਖੂੰਜੇ ਲਾ ਕੇ ਰੱਖਦੀ ਹੈ, ਕੰਮ ਨਹੀਂ ਕਰਨ ਦੇਂਦੀ। ਨਤੀਜਾ ਇਹ ਹੈ ਕਿ ਅੱਜ ਇਹ ਸਵਾਲ ਭਾਵੇਂ ਕੋਈ ਪੁੱਛੇ ਜਾਂ ਨਾ ਪੁੱਛੇ ਕਿ 'ਭਾਰਤ ਮਾਂ ਦਾ ਕੀ ਬਣਿਆ', ਪਰ ਇਹ ਗੱਲ ਹਰ ਚਰਚਾ ਦਾ ਕੇਂਦਰ ਹੈ ਕਿ ਇਹੋ ਜਿਹੇ ਸੜ੍ਹਿਆਂਦ ਮਾਰਦੇ ਦੌਰ ਵਿੱਚ ਭਾਰਤ ਮਾਂ ਵੀ ਆਪਣੀ ਆਜ਼ਾਦੀ ਦੀ ਤੇਹੱਤਰਵੀਂ ਵਰ੍ਹੇਗੰਢ ਮਨਾਏ ਜਾਣ ਦੀ ਉਡੀਕ ਖੁਸ਼ੀ ਨਾਲ ਕਰਨ ਦੀ ਥਾਂ ਕਿਸੇ ਖੂੰਜੇ ਲੱਗੀ ਹੰਝੂ ਹੀ ਵਗਾ ਰਹੀ ਹੋਵੇਗੀ। ਇਸ ਹਾਲਤ ਦੇ ਲਈ ਜ਼ਿਮੇਵਾਰ ਕੌਣ ਹੈ, ਇਸ ਸਵਾਲ ਦਾ ਜਵਾਬ ਦੇਣ ਵਾਲਾ ਕੋਈ ਨਹੀਂ ਲੱਭਦਾ।
ਇਹ ਹਕੀਕਤ ਉਨ੍ਹਾਂ ਦੇ ਕਿਰਦਾਰ ਤੋਂ ਵੀ ਦਿੱਸਦੀ ਹੈ, ਜਿਹੜੇ ਆਜ਼ਾਦੀ ਤੋਂ ਬਾਅਦ ਭਾਰਤ ਉੱਤੇ ਤੇਹੱਤਰ ਵਿੱਚੋਂ ਅਠਵੰਜਾ ਸਾਲ ਰਾਜ ਕਰਦੇ ਹੋਏ ਸਭ ਇਖਲਾਕੀ ਅਸੂਲ ਭੁਲਾ ਕੇ ਚੱਲਦੇ ਰਹੇ ਸਨ ਤੇ ਉਨ੍ਹਾਂ ਉੱਤੇ ਵੀ, ਜਿਨ੍ਹਾਂ ਨੇ ਕੁਰਸੀ ਮੱਲਣ ਦੇ ਬਹੱਤਰ ਮਹੀਨਿਆਂ ਵਿੱਚ ਹੀ ਅਸੂਲਾਂ ਨੂੰ ਪਿਛਵਾੜੇ ਸੁੱਟ ਦਿੱਤਾ ਹੈ। ਪਹਿਲੇ ਇਹ ਭੁੱਲ ਗਏ ਸਨ ਤੇ ਅੱਜ ਵਾਲੇ ਵੀ ਭੁਲਾਈ ਬੈਠੇ ਹਨ ਕਿ ਸਥਿਤੀਆਂ ਇੱਕੋ ਜਿਹੀਆਂ ਨਹੀਂ ਰਹਿੰਦੀਆਂ ਹੁੰਦੀਆਂ, ਵਕਤ ਬਦਲਦਾ ਵੀ ਹੁੰਦਾ ਹੈ।