ਡਾਇਰੀ ਦਾ ਪੰਨਾ : ਦਰਵਾਜੇ ਦਾ ਦਰਦ - ਨਿੰਦਰ ਘੁਗਿਆਣਵੀ

ਪੜਦਾਦੇ ਦੇ ਦਰਵਾਜੇ ਬਾਰੇ ਸੋਚਦਿਆਂ ਤੇ ਰੋਜ਼ ਏਹਦੇ ਵੱਲ ਦੇਖਦਿਆਂ ਹੌਕਾ ਜਿਹਾ ਨਿਕਲ ਜਾਂਦੈ। ਆਪਣੇ ਪੂਰਵਜਾਂ ਦੇ ਬਣਵਾਏ ਦਰਵਾਜੇ ਦੇ ਦਰਦ ਦੀ ਪੀੜ ਮੈਂ ਹੀ ਮਹਿਸੂਸਦਾ ਹਾਂ, ਸਾਡਾ ਬਾਕੀ ਦਾ ਸਾਰਾ ਲਾਣਾ-ਬਾਣਾ ਇਸ ਤੋਂ ਬੇਖ਼ਬਰ ਹੀ ਹੈ। ਕਈ ਤਾਂ ਹੁਣ ਇਸ ਦਰਵਾਜੇ ਨੂੰ ਬਦਸ਼ਗਨਾਂ ਸਮਝਕੇ ਇਸ ਵੱਲ ਝਾਕਦੇ ਵੀ ਨਹੀਂ। ਬਦਸ਼ਗਨਾਂ ਇਸ ਕਰ ਕੇ ਸਮਝਦੇ ਹਨ ਕਿ ਸਾਡੀ ਕੰਧ ਨਾਲ ਲਗਦੇ ਮੇਰੇ ਦਾਦੇ ਦੇ ਛੋਟੇ ਭਰਾ ਮੋਹਨ ਲਾਲ ਦੀ ਵੰਡ ਵਿਚ ਆ ਗਿਆ ਸੀ ਇਹ ਦਰਵਾਜਾ। ਮੋਹਨ ਲਾਲ ਦਾ ਇੱਕੋ ਪੁੱਤਰ ਸੀ ਕ੍ਰਿਸ਼ਨ ਲਾਲ, ਜੋ ਜੁਆਨੀ ਵਿਚ ਹੀ ਮਰ ਗਿਆ। ਅੱਗੋਂ ਕੋਈ ਔਲਾਦ ਨਹੀਂ ਸੀ। ਕ੍ਰਿਸ਼ਨ ਲਾਲ ਦੀ ਪਤਨੀ ਤੇ ਸਾਡੀ ਤਾਈ ਆਗਿਆ ਵੰਤੀ ਨੇ ਵੀ ਆਪਣਾ ਅੰਤਲਾ ਵੇਲਾ ਇਸੇ ਦਰਵਾਜੇ ਹੇਠ ਹੀ ਕੱਟਿਆ ਤੇ ਕੁਝ ਸਾਲ ਪਹਿਲਾਂ ਪੂਰੀ ਹੋ ਗਈ। ਦਰਵਾਜਾ ਤੇ ਘਰ ਨਾਲ ਲਗਦੇ ਜ਼ਿਮੀਦਾਰਾਂ ਨੂੰ ਵੇਚ ਗਈ।
ਕਿਸੇ ਵੇਲੇ ਏਸ ਦਰਵਾਜੇ ਹੇਠਾਂ ਰੌਣਕਾਂ ਹੀ ਰੌਣਕਾਂ ਹੁੰਦੀਆਂ ਸਨ। ਇਹਦੀ ਪੂਰੀ ਟੌਹਰ ਤੇ ਚੜ੍ਹਤ ਹੁੰਦੀ ਸੀ ਪਿੰਡ ਹੀ ਨਹੀਂ ਇਲਾਕੇ ਵਿਚ ਵੀ। ਫਰੀਦਕੋਟ ਦਾ ਰਾਜਾ ਵੀ ਇਸ ਦਰਵਾਜੇ ਹੇਠਾ ਆਕੇ ਬਹਿੰਦਾ ਤੇ ਪਿੰਡ ਦੇ ਲੋਕਾਂ ਦੀਆ ਬੇਨਤੀਆਂ ਸੁਣਦਾ।
ਇਹ ਗੱਲਾਂ ਸਾਡੇ ਪਿੰਡ ਦੇ ਵਡੇਰੀ ਉਮਰ ਦੇ ਬਜੁਰਗ ਦਸਦੇ ਹਨ। ਬਜੁਰਗ ਕਹਿੰਦੇ ਹਨ ਕਿ ਲਗਭਗ ਸਵਾ ਸੌ ਸਾਲ ਪਹਿਲਾਂ ਮੇਰੇ ਪੜਦਾਦੇ ਸੇਠ ਕੇਸਰ ਮੱਲ ਨੇ ਇਹ ਦਰਵਾਜਾ ਮੁਸਲਮਾਨਾਂ ਤੇ ਰਲੇ-ਮਿਲੇ ਮਿਸਤਰੀਆਂ ਕੋਲੋਂ ਬਣਵਾਇਆ ਸੀ। ਉਦੋਂ ਕੱਚੀਆ ਇੱਟਾਂ ਦਾ ਹੀ ਸਮਾਂ ਸੀ। ਕੋਈ ਕੋਈ ਭੱਠਾ ਇੱਟਾਂ ਪਕਾਉਂਦਾ ਤੇ ਬਹੁਤ ਧੀਮੀ ਗਤੀ ਇੱਟਾਂ ਪਕਦੀਆਂ। ਦੂਰੋਂ ਗੱਡਿਆਂ ਉਤੇ ਇੱਟਾਂ ਆਉਂਦੀਆਂ । ਸਾਡੇ ਦਰਵਾਜੇ ਦੀਆਂ ਨਾਨਕਸ਼ਾਹੀ ਇੱਟਾਂ ਅੱਜ ਵੀ ਉਵੇਂ ਖੜ੍ਹੀਆਂ ਨੇ। ਸੀਸਿਆਂ ਵਾਲੀ ਛੱਤ ਹੇਠਾਂ ਲੇਟ ਕੇ ਅਸੀਂ ਨਿਆਣੇ ਮੌਜਾਂ ਮਾਣਦੇ ਰਹੇ ਹਾਂ। ਇਹਦੇ ਤਖਤੇ ਕਿਸੇ ਕਿਲੇ ਦੇ ਤਖਤਿਆਂ ਵਰਗੇ ਸਨ, ਤਿੱਖੇ ਮੂੰਹਾਂ ਵਾਲੇ ਕਿੱਲ ਲੱਗੇ ਹੋਏ ਸਨ ਤਖਤਿਆ ਨੂੰ। ਹੁਣ ਉਹ ਤਖਤੇ ਨਹੀੰ ਹਨ। (ਕਈ ਸਾਲ ਪਹਿਲਾਂ ਬੂਹੇ ਵਿਕ ਗਏ ਸਨ ਤੇ ਛੋਟੇ ਬੂਹੇ ਲਗਵਾਏ ਗਏ) ਹੁਣ ਇਹ ਦਰਵਾਜਾ ਜਿੰਨਾ ਉਤੇ ਰਹਿ ਗਿਆ, ਓਨਾ ਹੀ ਹੇਠਾਂ ਰਹਿ ਗਿਆ ਹੈ।
ਏਨੇ ਸਾਲਾਂ ਵਿਚ ਸਾਲਾਂ ਵਿਚ ਬਥੇਰੀਆਂ ਭਰਤੀਆਂ ਪਈਆਂ। ਟਿੱਬਿਆਂ ਦੇ ਟਿੱਬੇ ਖਪ ਗਏ ਪਿੰਡ ਵਿਚ।
ਏਸ ਦਰਵਾਜੇ ਨੇ ਸੰਨ 1947 ਦਾ ਸੰਤਾਪ ਵੀ ਅੱਖੀਂ ਦੇਖਿਆ ਹੈ। ਦਸਦੇ ਨੇ ਕਿ ਦਰਵਾਜੇ ਦੀ ਛੱਤ ਪੈ ਜਾਣ ਉਪਰੰਤ ਸੇਠ ਨੇ ਵਿਸ਼ਾਲ ਯਗ ਰਚਾਇਆ। ਗਰੀਬਾਂ ਨੂੰ ਪੁੰਨ ਦਾਨ ਕੀਤਾ। ਚੌਲ ਵੰਡੇ।
                               """"""'
ਇੱਕ ਵਾਰ ਮੈਂ ਆਪਣੇ ਘਰ ਦਿਆਂ ਨੂੰ ਆਖਿਆ ਸੀ ਕਿ ਆਪਾਂ ਤਾਈ ਤੋਂ ਇਹ ਦਰਵਾਜਾ ਤੇ ਘਰ ਖਰੀਦ ਲਈਏ, ਕੋਈ ਹੋਰ ਵੀ ਤਾਂ ਖਰੀਦੂਗਾ। ਪਰ ਸਾਡੇ ਘਰ ਦੇ ਨਹੀਂ ਸਨ ਮੰਨੇ। ਮੇਰੀ ਰੀਝ ਪੂਰੀ ਨਾ ਹੋਈ। ਹੁਣ ਗਰਮੀਆਂ ਦੀ ਰੁੱਤੇ ਸੌਣ ਵੇਲੇ ਮੇਰਾ ਮੰਜਾ ਬਿਲਕੁਲ ਦਰਵਾਜੇ ਦੇ ਨਾਲ ਦੀ ਛੱਤ ਉਤੇ ਹੁੰਦਾ ਹੈ ਤੇ ਸਿਆਲਾਂ ਵਿਚ ਵੀ ਕਮਰੇ ਅੰਦਰਲੀ ਕੰਧ ਦਰਵਾਜੇ ਨਾਲ ਸਾਂਝੀ ਹੈ। ਇਉਂ ਮੈਂ ਦਰਵਾਜੇ ਦੇ ਅੰਗ ਸੰਗ ਹੀ ਰਹਿੰਦਾ ਹਾਂ। ਕਦੇ ਕਦੇ ਮੈਨੂੰ ਦਰਵਾਜੇ ਤੋਂ ਡਰ ਵੀ ਆਉਂਦਾ ਹੈ ਤੇ ਬਹੁਤੀ ਵਾਰ ਦਰਵਾਜੇ ਦਾ ਦਰਦ ਵੀ ਮਹਿਸੂਸ ਹੁੰਦਾ ਹੈ।
ਸਾਡੇ ਘਰ ਕੋਈ ਵੀ ਮਹਿਮਾਨ ਆਉਂਦਾ ਹੈ, ਤਾਂ ਮੈਂ ਚਾਅ ਤੇ ਮਾਣ ਨਾਲ ਪੜਦਾਦੇ ਦਾ ਦਰਵਾਜਾ ਵਿਖਾਉਂਦਾ ਹਾਂ। ਕਿੰਨਾ ਕੁ ਚਿਰ ਦਿਖਾਉਂਦਾ ਰਹਾਂਗਾ ਇਹ ਦਰਵਾਜਾ?
ਆਪਣੇ ਆਪ ਨੂੰ ਕੀਤਾ ਇਹ ਸਵਾਲ ਉਦਾਸ ਕਰ ਜਾਂਦਾ ਹੈ।