ਕੋਰੋਨਾ ਵਾਇਰਸ ਦੇ ਰੂ-ਬ-ਰੂ : ਔਕੜਾਂ ਦੇ ਇਮਤਿਹਾਨ ਪਾਸ ਕਰਨ ਵਾਲੇ ਇਨਸਾਨਾਂ ਦਾ ਸਵਾਗਤ ਹੀ ਕਰਦੀ ਹੈ ਜ਼ਿੰਦਗੀ - ਜਤਿੰਦਰ ਪਨੂੰ
ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ, ਤੇ ਖਾਸ ਕਰ ਕੇ ਕੋਰੋਨਾ ਵਾਇਰਸ ਵਰਗੀ ਬੇਹੱਦ ਖਤਰਨਾਕ ਬਿਮਾਰੀ ਬਾਰੇ ਜਤਿੰਦਰ ਪਨੂੰ ਦੀ ਜਾਣਕਾਰੀ ਮਸਾਂ ਓਨੀ ਕੁ ਮੰਨੀ ਜਾ ਸਕਦੀ ਹੈ, ਜਿੰਨੀ ਕਿਸੇ ਸਬਜ਼ੀ ਮੰਡੀ ਵਾਲੇ ਆੜ੍ਹਤੀਏ ਨੂੰ ਐਟਮ ਦੀ ਖੋਜ ਬਾਰੇ ਹੋ ਸਕਦੀ ਹੈ। ਇਸ ਲਈ ਮੈਂ ਇਹ ਦਾਅਵਾ ਨਹੀਂ ਕਰਦਾ ਕਿ ਜੋ ਕੁਝ ਲਿਖਣ ਲੱਗਾ ਹਾਂ, ਉਹ ਡਾਕਟਰੀ ਦੇ ਨੁਕਤੇ ਤੋਂ ਕਿਸੇ ਕੰਮ ਦੀ ਗੱਲ ਵੀ ਸਾਬਤ ਹੋ ਸਕਦਾ ਹੈ। ਲਿਖਣ ਦਾ ਕਾਰਨ ਬਿਮਾਰੀ ਨਹੀਂ, ਇਸ ਨਾਲ ਜੁੜੇ ਹੋਏ ਉਹ ਹਾਲਾਤ ਹਨ, ਜਿਨ੍ਹਾਂ ਕਾਰਨ ਇਹ ਬਿਮਾਰੀ ਇੱਕ ਸ਼ਹਿਰ ਤੋਂ ਉੱਠੀ ਅਤੇ ਸੰਸਾਰ ਭਰ ਵਿੱਚ ਸੱਥਰ ਵਿਛਾਉਣ ਦੇ ਪੱਧਰ ਨੂੰ ਪਹੁੰਚ ਗਈ ਹੈ। ਇਹ ਚਿੰਤਾ ਸਾਨੂੰ ਸਭ ਲੋਕਾਂ ਨੂੰ ਹੈ, ਕਿਸੇ ਨੂੰ ਵੀ ਘੱਟ ਨਹੀਂ ਹੋ ਸਕਦੀ।
ਸਾਂਝੀ ਚਿੰਤਾ ਦੇ ਇਸ ਮੁੱਦੇ ਬਾਰੇ ਜਿੰਨਾ ਅਸੀਂ ਘੋਖਣ ਦੇ ਯਤਨ ਕੀਤੇ, ਉਸ ਦੇ ਮੁਤਾਬਕ ਕੋਰੋਨਾ ਵਾਇਰਸ ਵਾਲੀ ਅਜੋਕੀ ਹਾਲਤ ਤੋਂ ਵੀਹ ਕੁ ਸਾਲ ਪਹਿਲਾਂ 'ਸਾਰਸ', ਸਵੀਅਰ ਅਕਿਊਟ ਰੈਸਪੀਰੇਟਰੀ ਸਿੰਡਰੋਮ (ਐੱਸ ਏ ਆਰ ਐੱਸ) ਦੀ ਦੁਹਾਈ ਮੱਚੀ ਸੀ। ਉਹ ਵੀ ਚੀਨ ਤੋਂ ਸ਼ੁਰੂ ਹੋਇਆ ਦੱਸਿਆ ਗਿਆ ਸੀ ਤੇ ਫਿਰ ਢਾਈ ਦਰਜਨ ਦੇ ਕਰੀਬ ਦੇਸ਼ਾਂ ਤੱਕ ਖਿੱਲਰ ਗਿਆ ਸੀ। ਨੌਂ ਸਾਲ ਬਾਅਦ ਇਹੋ ਸਾਊਦੀ ਅਰਬ ਵੱਲੋਂ ਸ਼ੁਰੂ ਹੋਇਆ ਤਾਂ ਇਸ ਨੂੰ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ (ਐੱਮ ਈ ਆਰ ਐੱਸ) ਦਾ ਨਾਂਅ ਦੇ ਦਿੱਤਾ ਗਿਆ, ਜਿਹੜਾ ਇੱਕੀ ਦੇਸ਼ਾਂ ਦੇ ਲੋਕਾਂ ਨੂੰ ਪ੍ਰਭਾਵ ਕਰਨ ਤੱਕ ਗਿਆ ਸੀ ਤੇ ਇਸ ਨਾਲ ਸਾਢੇ ਅੱਠ ਸੌ ਤੋਂ ਵੱਧ ਮੌਤਾਂ ਦਾ ਜ਼ਿਕਰ ਹੁੰਦਾ ਰਿਹਾ ਸੀ। ਕੋਰੋਨਾ ਵਾਇਰਸ ਦਾ ਤਾਜ਼ਾ ਰੂਪ 'ਕੋਵਿਡ-19' ਵੀ ਓਸੇ ਦੀ ਅਗਲੀ ਕੜੀ ਦੱਸਿਆ ਜਾਂਦਾ ਹੈ। ਕਦੀ ਚਾਲ ਕੁ ਸਾਲ ਪਹਿਲਾਂ ਏਡਜ਼ ਦੀ ਬਿਮਾਰੀ ਦਾ ਪਤਾ ਲੱਗਾ ਸੀ, ਪਰ ਉਹ ਸੰਸਾਰ ਦੀ ਬਾਹਲੀ ਚਰਚਾ ਵਿੱਚ ਅੱਠ ਕੁ ਸਾਲ ਬਾਅਦ ਆਈ ਸੀ। ਕਹਿੰਦੇ ਸਨ ਕਿ ਉਹ ਬਿਮਾਰੀ ਅਮਰੀਕਾ ਵਿੱਚੋਂ ਉੱਠੀ ਸੀ, ਪਰ ਅਮਰੀਕਾ ਦੀ ਸਰਕਾਰ ਉਸੇ ਵੇਲੇ ਤੋਂ ਇਸ ਗੱਲ ਨੂੰ ਰੱਦ ਕਰਦੀ ਰਹੀ ਹੈ। ਸਮਾਂ ਪਾ ਕੇ ਇਸ ਰੋਗ ਦੇ ਮੁੱਢ ਬਾਰੇ ਖੋਜ ਬੰਦ ਹੋ ਗਈ ਤੇ ਇਸ ਦੇ ਇਲਾਜ ਦੀ ਚਰਚਾ ਨੇ ਸਾਰਾ ਮੰਚ ਸਾਂਭ ਲਿਆ ਸੀ। ਅੱਜ ਵਾਲੇ ਹਾਲਾਤ ਨਾ ਪੈਦਾ ਹੁੰਦੇ ਤਾਂ ਮਸਾਂ ਸੱਤ-ਅੱਠ ਸਾਲ ਪਹਿਲਾਂ ਵਾਲੇ ਐੱਮ ਈ ਆਰ ਐੱਸ ਦਾ ਚੇਤਾ ਵੀ ਲੋਕਾਂ ਨੂੰ ਨਹੀਂ ਸੀ ਰਿਹਾ। ਲੱਗਦਾ ਹੈ ਕਿ ਅੱਜ ਵਾਲੇ ਕੋਵਿਡ-19 ਦੀ ਚਰਚਾ ਵੀ ਇਸ ਨਾਲ ਮੌਤਾਂ ਹੋਣ ਦੇ ਸਮੇਂ ਤੱਕ ਸੀਮਤ ਹੋ ਜਾਵੇਗੀ ਤੇ ਅਗਲੀ ਕੋਈ ਆਫਤ ਉੱਠਣ ਤੱਕ ਬਹੁਤੇ ਲੋਕਾਂ ਨੂੰ ਇਸ ਬਿਮਾਰੀ ਦਾ ਚੇਤਾ ਵੀ ਨਹੀਂ ਰਹਿਣਾ।
ਅੱਜ ਦੀ ਘੜੀ ਜਦੋਂ ਇਸ ਰੋਗ ਨਾਲ ਮੌਤਾਂ ਦੀ ਗਿਣਤੀ ਦਿਨੋ-ਦਿਨ ਵਧੀ ਜਾਂਦੀ ਹੈ ਤੇ ਇਹ ਲਿਖਤ ਲਿਖਣ ਤੱਕ ਇਹ ਗਿਣਤੀ ਗਿਆਰਾਂ ਹਜ਼ਾਰ ਟੱਪ ਚੁੱਕੀ ਹੈ, ਇਸ ਦੀ ਗੰਭੀਰਤਾ ਨੇ ਹਰ ਕਿਸੇ ਦਾ ਧਿਆਨ ਖਿੱਚਿਆ ਹੈ। ਸੰਸਾਰ ਪੱਧਰ ਦੀਆਂ ਦੋ ਜੰਗਾਂ ਵਿੱਚੋਂ ਪਹਿਲੀ ਦਾ ਖਿਲਾਰਾ ਵੀਹ-ਬਾਈ ਦੇਸ਼ਾਂ ਤੱਕ ਰਿਹਾ ਸੀ ਤੇ ਦੂਸਰੀ ਜੰਗ ਦਾ ਖਿਲਾਰਾ ਵੀ ਲਗਭਗ ਏਨੇ ਕੁ ਦੇਸ਼ਾਂ ਤੱਕ ਸੀਮਤ ਰਹਿ ਗਿਆ ਸੀ, ਪਰ ਕੋਰੋਨਾ ਵਾਇਰਸ ਦੀ ਤਾਜ਼ਾ ਮਾਰ ਦਾ ਖਿਲਾਰਾ ਏਨਾ ਵਧਦਾ ਜਾ ਰਿਹਾ ਹੈ ਕਿ ਮਸਾਂ ਦੋ-ਚਾਰ ਦੇਸ਼ ਇਸ ਤੋਂ ਬਚੇ ਰਹਿ ਗਏ ਹਨ। ਇਸ ਤਰ੍ਹਾਂ ਇਹ ਰੋਗ ਇਹੋ ਜਿਹੀ ਔਕੜ ਦਾ ਰੂਪ ਧਾਰਨ ਕਰ ਗਿਆ ਹੈ, ਜਿਸ ਦੀ ਲਪੇਟ ਵਿੱਚ ਸਮੁੱਚਾ ਸੰਸਾਰ ਆਉਂਦਾ ਲੱਗਦਾ ਹੈ। ਦੁਨੀਆ ਦੀ ਪੰਚਾਇਤ ਮੰਨੀ ਜਾਂਦੀ ਯੂ ਐੱਨ ਓ ਨੇ ਇਸ ਨੂੰ ਸੰਸਾਰ ਪੱਧਰ ਦੀ ਮਹਾਂਮਾਰੀ ਐਲਾਨ ਕੀਤਾ ਹੋਇਆ ਹੈ, ਕਈ ਦੇਸ਼ਾਂ ਵਿੱਚ ਇਸ ਕਾਰਨ ਲਾਕ-ਡਾਊਨ ਦੇ ਹੁਕਮ ਜਾਰੀ ਕਰਨੇ ਪਏ ਹਨ, ਪਰ ਅਜੇ ਵੀ ਇਸ ਦੇ ਇਲਾਜ ਦੀ ਥਾਂ ਕੁਝ ਦੇਸ਼ ਹੋਰ ਗੱਲਾਂ ਨੂੰ ਪਹਿਲ ਦੇ ਰਹੇ ਹਨ।
ਅਸੀਂ ਉਨ੍ਹਾਂ ਮੁਲਕਾਂ ਦੇ ਮਾਲਕਾਂ ਦੀ ਚਰਚਾ ਵਿੱਚ ਜਾ ਕੇ ਪਾਠਕਾਂ ਨੂੰ ਬੋਰ ਨਹੀਂ ਕਰਨਾ ਚਾਹੁੰਦੇ, ਜਿਹੜੇ ਔਕੜ ਦੇ ਵਕਤ ਵੀ ਇੱਕ-ਦੂਸਰੇ ਉੱਤੇ ਦੋਸ਼ ਲਾਉਣ ਲੱਗੇ ਹੋਏ ਜਾਂ ਇਸ ਦੀ ਦਵਾਈ ਦੀ ਖੋਜ ਕੱਢਣ ਦੇ ਲਈ ਵੀ ਸਿਹਰਾ ਭਾਲਦੇ ਹਨ। ਇਸ ਦੀ ਥਾਂ ਅਸੀਂ ਬਿਮਾਰੀ ਦੇ ਟਾਕਰੇ ਲਈ ਲੋਕਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ। ਡਾਕਟਰ ਕਹਿੰਦੇ ਹਨ ਕਿ ਇਹ ਬਿਮਾਰੀ ਇੱਕ ਦੂਸਰੇ ਨਾਲ ਸੰਪਰਕ ਦੇ ਕਾਰਨ ਫੈਲਦੀ ਹੈ, ਜਿਸ ਲਈ ਸਰਕਾਰਾਂ ਨੇ ਕੁਝ ਹਦਾਇਤਾਂ ਦਿੱਤੀਆਂ ਹਨ। ਖਾਸ ਤੌਰ ਉੱਤੇ ਇਹ ਗੱਲ ਕਹੀ ਗਈ ਹੈ ਕਿ ਜਦੋਂ ਵੀ ਕੋਈ ਵਿਦੇਸ਼ ਤੋਂ ਮੁੜਦਾ ਹੈ, ਉਹ ਆਪਣੇ ਰਾਹ ਵਿੱਚ ਪਤਾ ਨਹੀਂ ਕਿੰਨੇ ਅਤੇ ਕਿਸ ਤਰ੍ਹਾਂ ਦੇ ਲੋਕਾਂ ਦੇ ਸੰਪਰਕ ਵਿੱਚ ਆਇਆ ਹੋਵੇ, ਉਸ ਦੀ ਏਅਰਪੋਰਟ ਉੱਤੇ ਸਕਰੀਨਿੰਗ ਹੋਣੀ ਜ਼ਰੂਰੀ ਹੈ ਤੇ ਜੇ ਕੋਈ ਸ਼ੱਕ ਪੈਂਦਾ ਹੋਵੇ ਤਾਂ ਉਸ ਨੂੰ ਚੌਦਾਂ ਦਿਨ ਵੱਖਰੇ ਰੱਖਣ ਦੀ ਲੋੜ ਹੈ। ਕਈ ਲੋਕ ਅਜੇ ਤੱਕ ਇਸ ਦਾ ਵੀ ਮਜ਼ਾਕ ਉਡਾਉਂਦੇ ਜਾਂ ਇਸ ਦੀ ਉਲੰਘਣਾ ਦਾ ਯਤਨ ਕਰਦੇ ਵੇਖੇ ਜਾ ਸਕਦੇ ਹਨ। ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪਿਛਲੇ ਹਫਤੇ ਬਾਹਰੋਂ ਕੁਝ ਪੰਜਾਬੀ ਆਏ ਤਾਂ ਮੁੱਢਲੀ ਸਕਰੀਨਿੰਗ ਦੇ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਦਿਨ ਵੱਖ ਰੱਖੇ ਜਾਣਾ ਜ਼ਰੂਰੀ ਹੈ। ਉਹ ਇਸ ਨੂੰ ਮੰਨਣ ਲਈ ਤਿਆਰ ਨਹੀਂ ਸਨ ਹੋ ਰਹੇ, ਪਰ ਜਦੋਂ ਜਾਣਾ ਪਿਆ ਤਾਂ ਆਪਣੇ ਪਰਵਾਰ ਨੂੰ ਮਿਲ ਕੇ ਬਾਅਦ ਵਿੱਚ ਆਈਸੋਲੇਸ਼ਨ ਵਿੱਚ ਜਾਣ ਦੀ ਜ਼ਿਦ ਕਰਨ ਲੱਗ ਪਏ। ਮੀਡੀਆ ਦੇ ਇੱਕ ਹਿੱਸੇ ਨੇ ਇਹ ਖਬਰ ਦੇ ਦਿੱਤੀ ਕਿ ਪ੍ਰਸ਼ਾਸਨ ਬੜਾ ਅਣ-ਮਨੁੱਖੀ ਹੈ, ਜਿਹੜਾ ਵਿਦੇਸ਼ ਤੋਂ ਆਏ ਲੋਕਾਂ ਨੂੰ ਆਪਣੇ ਪਰਵਾਰ ਨਾਲ ਵੀ ਮਿਲਣ ਦਿੱਤੇ ਬਗੈਰ ਚੁੱਕ ਕੇ ਲੈ ਗਿਆ ਹੈ। ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਜੇ ਇਸ ਨੂੰ ਪਰਵਾਰ ਨਾਲ ਮਿਲਣ ਦਾ ਮੌਕਾ ਦੇ ਦੇਂਦੇ ਤਾਂ ਫਿਰ ਇਹ ਇਕੱਲਾ ਨਹੀਂ, ਇਸ ਨੂੰ ਮਿਲ ਚੁੱਕੇ ਪਰਵਾਰ ਦੇ ਸਾਰੇ ਲੋਕ ਇਕਲਾਪੇ ਵਾਲੀ ਥਾਂ ਲਿਜਾਣੇ ਪੈ ਜਾਣੇ ਸਨ। ਪੰਜਾਬ ਦੇ ਨਵਾਂ ਸ਼ਹਿਰ ਜ਼ਿਲੇ ਵਿੱਚ ਪਹਿਲੀ ਮੌਤ ਜਿਹੜੇ ਸੱਜਣ ਦੀ ਹੋਈ ਹੈ, ਜੇ ਉਹ ਅਧਿਕਾਰੀਆਂ ਦੀ ਗੱਲ ਮੰਨ ਕੇ ਕੁਝ ਦਿਨ ਇਕਲਾਪੇ ਵਿੱਚ ਕੱਟ ਗਿਆ ਹੁੰਦਾ ਤਾਂ ਸ਼ਾਇਦ ਬਚ ਜਾਂਦਾ, ਪਰ ਉਸ ਦੀ ਮੌਤ ਨਾਲ ਬਹੁਤ ਸਾਰੇ ਹੋਰ ਲੋਕਾਂ ਲਈ ਵੀ ਚਿੰਤਾ ਦਾ ਸਬੱਬ ਬਣ ਗਿਆ ਸੀ। ਏਦਾਂ ਕਈ ਹੋਰ ਲੋਕ ਜਾਂਚ ਤੋਂ ਬਚ ਕੇ ਨਿਕਲ ਗਏ ਹਨ।
ਭਾਰਤੀ ਫਿਲਮਾਂ ਦੀ ਇੱਕ ਪ੍ਰਸਿੱਧ ਗਾਇਕਾ ਕਨਿਕਾ ਕਪੂਰ ਇੰਗਲੈਂਡ ਵਿੱਚ ਆਪਣੇ ਬੱਚਿਆਂ ਨੂੰ ਮਿਲਣ ਗਈ ਤਾਂ ਵਾਪਸੀ ਵੇਲੇ ਚੌਕਸੀ ਨੂੰ ਝਕਾਨੀ ਦੇ ਕੇ ਲਖਨਊ ਆਪਣੇ ਘਰ ਪਹੁੰਚ ਗਈ। ਓਥੇ ਜਾ ਕੇ ਉਹ ਉੱਤਰ ਪ੍ਰਦੇਸ਼ ਦੇ ਲੋਕਪਾਲ ਦੇ ਘਰ ਹੋਈ ਪਾਰਟੀ ਵਿੱਚ ਗਾਉਣ ਤੇ ਨੱਚਣ ਲੱਗੀ ਰਹੀ, ਫਿਰ ਉਹ ਮੁੰਬਈ ਚਲੀ ਗਈ ਤੇ ਚਾਰ-ਪੰਜ ਪਾਰਟੀਆਂ ਹੋਣ ਦੇ ਬਾਅਦ ਪਤਾ ਲੱਗਾ ਕਿ ਉਸ ਦੇ ਅੰਦਰ ਕੋਰੋਨਾ ਵਾਇਰਸ ਦੀ ਲਾਗ ਹੈ। ਇਸ ਦੌਰਾਨ ਲਖਨਊ ਅਤੇ ਮੁੰਬਈ ਵਿੱਚ ਉਸ ਦੇ ਨਾਲ ਪਾਰਟੀਆਂ ਵਿੱਚ ਸ਼ਾਮਲ ਹੋਏ ਲੋਕਾਂ ਵਿੱਚੋਂ ਹਰ ਕੋਈ ਅੱਗੇ ਕਈ ਲੋਕਾਂ ਨੂੰ ਮਿਲ ਚੁੱਕਾ ਸੀ। ਪਾਰਲੀਮੈਂਟ ਦਾ ਇੱਕ ਮੈਂਬਰ ਲੋਕ ਸਭਾ ਵਿੱਚ ਜਾਣ ਤੋਂ ਇਲਾਵਾ ਰਾਸ਼ਟਰਪਤੀ ਭਵਨ ਵਿੱਚ ਵੀ ਇੱਕ ਗਰੁੱਪ ਵਿੱਚ ਸ਼ਾਮਲ ਹੋ ਚੁੱਕਾ ਸੀ। ਇੱਕ ਗਾਇਕਾ ਦੀ ਨਾਲਾਇਕੀ ਕਾਰਨ ਕਈ ਲੋਕ ਮੁਸੀਬਤ ਵਿੱਚ ਫਸ ਗਏ ਸਨ। ਇਸ ਦੇ ਬਾਅਦ ਜਦੋਂ ਉਨ੍ਹਾਂ ਬਾਕੀ ਲੋਕਾਂ ਨੂੰ ਪਤਾ ਲੱਗਾ ਕਿ ਇਕਲਾਪੇ ਲਈ ਉਨ੍ਹਾਂ ਨੂੰ ਤਿਆਰ ਹੋਣਾ ਪੈਣਾ ਹੈ ਤਾਂ ਉਹ ਇਸ ਵਾਸਤੇ ਤਿਆਰ ਨਹੀਂ ਸਨ। ਬਹੁਤ ਸਾਰੇ ਲੋਕਾਂ ਲਈ ਇਹ ਹੈਰਾਨੀ ਦੀ ਗੱਲ ਹੈ ਕਿ ਪੜ੍ਹੇ-ਲਿਖੇ ਅਤੇ ਦੇਸ਼ ਦੀ ਪਾਰਲੀਮੈਂਟ ਵਿੱਚ ਬੈਠ ਕੇ ਕਾਨੂੰਨ ਬਣਾਉਣ ਦੇ ਕੰਮਾਂ ਵਿੱਚ ਸ਼ਾਮਲ ਹੋਣ ਵਾਲੇ ਸਿਆਸੀ ਲੀਡਰ ਵੀ ਇਸ ਗੱਲ ਤੋਂ ਡਰੀ ਜਾ ਰਹੇ ਸਨ ਕਿ ਚੌਦਾਂ ਦਿਨ ਆਈਸੋਲੇਸ਼ਨ (ਕਿਸੇ ਥਾਂ ਇਕੱਲੇ ਰਹਿਣਾ) ਉਨ੍ਹਾਂ ਲਈ ਬਹੁਤ ਮੁਸ਼ਕਲ ਹੋ ਸਕਦਾ ਹੈ। ਇਸ ਵਿੱਚ ਓਨੀ ਵੱਡੀ ਮੁਸ਼ਕਲ ਸਰੀਰਕ ਨਹੀਂ, ਜਿੰਨੀ ਮਾਨਸਿਕ ਰੂਪ ਵਿੱਚ ਹੈ ਅਤੇ ਉਸ ਦੇ ਲਈ ਇਹੋ ਜਿਹੇ ਲੋਕਾਂ ਵਾਸਤੇ ਇੱਕੋ ਮਿਸਾਲ ਕਾਫੀ ਹੋ ਸਕਦੀ ਹੈ।
ਮੇਰੇ ਸਾਹਮਣੇ ਸਾਲ 1997 ਦੀ ਅਮਰੀਕਾ ਦੇ ਉਟਾਹ ਰਾਜ ਦੇ ਲੇਅਟਨ ਸ਼ਹਿਰ ਦੀ ਰਿਪੋਰਟ ਪਈ ਹੈ। ਸਕੀਇੰਗ ਕਰਦਿਆਂ ਓਥੇ ਕੇਰਿਨ ਹਾਰਟਲੀ ਨਾਂਅ ਦੀ ਕੁੜੀ ਅਚਾਨਕ ਬਰਫ ਵਿੱਚ ਏਦਾਂ ਦੇ ਥਾਂ ਜਾ ਫਸੀ, ਜਿੱਥੋਂ ਨਿਕਲਣ ਦਾ ਕੋਈ ਰਸਤਾ ਨਹੀਂ ਸੀ ਤੇ ਇਸ ਦੌਰਾਨ ਰਾਤ ਪੈ ਗਈ। ਉਸ ਨੂੰ ਇੱਕੋ ਗੱਲ ਯਾਦ ਰਹੀ ਕਿ ਜਿੰਦਾ ਰਹਿਣਾ ਹੈ। ਜਿਹੜਾ ਇੱਕੋ ਚਾਕਲੇਟ ਉਸ ਕੋਲ ਬਚਿਆ ਸੀ, ਉਹ ਉਸ ਨੇ ਖਾ ਲਿਆ ਅਤੇ ਬਰਫ ਵਿਚਾਲੇ ਹਨੇਰੀ ਰਾਤ ਵਿੱਚ ਨੱਚਣ ਲੱਗ ਪਈ ਅਤੇ ਸਾਰੀ ਰਾਤ ਨੱਚਦੀ ਰਹੀ। ਉਸ ਨੂੰ ਪਤਾ ਸੀ ਕਿ ਪਾਰਾ ਜਮਾ ਸਕਣ ਵਾਲੀ ਬਰਫ ਦੇ ਢੇਰ ਉਸ ਦੀਆਂ ਨਾੜਾਂ ਦੇ ਅੰਦਰ ਦੀ ਗਰਮੀ ਵੀ ਜਮਾ ਸਕਦੇ ਹਨ, ਪਰ ਜੇ ਇਨ੍ਹਾਂ ਨਾੜਾਂ ਨੂੰ ਉਹ ਆਪਣੀ ਹਰਕਤ ਤੇ ਕਸਰਤ ਨਾਲ ਗਰਮ ਰੱਖ ਸਕੀ ਤਾਂ ਰਾਤ ਤੇ ਮੌਤ ਦੋਵਾਂ ਉੱਤੇ ਜਿੱਤ ਹਾਸਲ ਕਰ ਸਕਦੀ ਹੈ। ਕੇਰਿਨ ਹਾਰਟਲੀ ਨੱਚਦੀ ਰਹੀ, ਨੱਚਦੀ ਰਹੀ ਤੇ ਅਗਲੇ ਦਿਨ ਸਵੇਰੇ ਉਸ ਨੂੰ ਲੱਭਦਾ ਹੋਇਆ ਹੈਲੀਕਾਪਟਰ ਨਜ਼ਰ ਆ ਗਿਆ ਸੀ। ਉਹ ਹੈਲੀਕਾਪਟਰ ਦਿੱਸਣ ਦੇ ਬਾਅਦ ਉਸ ਨੂੰ ਕਿੰਨੀ ਖੁਸ਼ੀ ਪ੍ਰਾਪਤ ਹੋਈ ਹੋਵੇਗੀ, ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ, ਪਰ ਇਸ ਖੁਸ਼ੀ ਤੱਕ ਪਹੁੰਚਣ ਲਈ ਹਿੰਮਤ ਕਿਸੇ ਹੋਰ ਨੇ ਨਹੀਂ, ਕੇਰਿਨ ਨੇ ਖੁਦ ਕੀਤੀ ਸੀ। ਉਹ ਸਾਰੀ ਰੱਤ ਨੱਚ ਕੇ ਮੌਤ ਨੂੰ ਹਰਾਉਣ ਵਿੱਚ ਸਫਲ ਰਹੀ। ਜਿਨ੍ਹਾਂ ਲੋਕਾਂ ਨੂੰ ਇਸ ਵਕਤ ਕੋਰੋਨਾ ਵਾਇਰਸ ਤੋਂ ਬਚਣ ਲਈ ਕੁਝ ਦਿਨ ਬਾਕੀ ਲੋਕਾਂ ਤੋਂ ਵੱਖਰੇ ਰਹਿਣਾ ਪੈਣਾ ਹੈ, ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ, ਉਨ੍ਹਾਂ ਨੇ ਸਿਰਫ ਇਕਲਾਪੇ ਵਿੱਚ ਰਹਿਣਾ ਹੈ, ਕੇਰਿਨ ਵਾਂਗ ਨੱਚਣਾ ਨਹੀਂ ਪੈਣਾ। ਜ਼ਿੰਦਗੀ ਇਨਸਾਨ ਅੱਗੇ ਬਹੁਤ ਸਾਰੇ ਇਮਤਿਹਾਨ ਪੇਸ਼ ਕਰਦੀ ਹੈ, ਜਿਹੜਾ ਕੋਈ ਇਹ ਇਮਤਿਹਾਨ ਪਾਸ ਕਰ ਸਕਦਾ ਹੈ, ਜ਼ਿੰਦਗੀ ਉਸੇ ਦਾ ਸਵਾਗਤ ਕਰਦੀ ਹੈ। 'ਹਿੰਮਤੇ ਮਰਦਾਂ, ਮਦਦ-ਇ-ਖੁਦਾ' ਦਾ ਮੁਹਾਵਰਾ ਵੀ ਸ਼ਾਇਦ ਇਸੇ ਲਈ ਬਣਾਇਆ ਗਿਆ ਸੀ।