ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਜਿਸ ਮਹਿਫਲ ਵਿਚ ਚਲਦੀ ਹੁੰਦੀ ਹੈ ਸੀ ਗੱਲ ਪਿਆਰਾਂ ਦੀ,
ਉਸ ਮਹਿਫਲ ਵਿਚ ਲੱਗ ਰਹੀ ਕਿਉਂ ਬੋਲੀ ਹੁਣ ਹਥਿਆਰਾਂ ਦੀ।
ਗੁਣ ਵਾਲੇ ਨੂੰ ਮਿਲਦਾ ਹੁੰਦਾ ਪੂਰਾ ਸੀ ਸਨਮਾਨ ਕਦੇ ,
ਕਦਰ ਰਹੀ ਨਾਂ ਹੁਨਰਾਂ ਦੀ ਹੁਣ ਹੋਵੇ ਪੁੱਛ ਨਚਾਰਾ ਦੀ।
ਜਿਸ ਥਾਂ ਬਹਿ ਸੀ ਸੋਚੀ ਜਾਦੀ ਲੋਕਾਈ ਦੀ ਗੱਲ ਸਦਾ,
ਉਸ ਥਾਂ ਕਿਉਂ ਹੁਣ ਫੂਕੀ ਜਾਦੀ ਅਰਥੀ ਹੈ ਸਰਕਾਰਾਂ ਦੀ।
ਕਹਿਣੀ ਤੇ ਕਰਨੀ ਦੇ ਪੂਰੇ ਹੁੰਦੀ ਸੀ ਪਹਿਚਾਣ ਕਦੇ,
ਮੁਨਸਿਫ ਕਰ ਮਾਫ ਦਿੰਦਾ ਸੁਣ ਗੱਲ ਸਿੰਘ ਸਰਦਾਰਾਂ ਦੀ।
ਪੁਰਸ਼ ਭਲੇ ਦੀ ਪੁੱਛ ਨਹੀਂ ਕਿਧਰੇ ਹਰ ਥਾਂ ਪੈਂਦੇ ਧੱਕੇ ਨੇ ,
ਲੁੱਟਾਂ ਖੋਹਾਂ ਅਫਸਰ ਕਰਦੇ ਰੌਲੀ ਪਾ ਅਧਿਕਾਰਾਂ ਦੀ।
ਚਾਰੇ ਪਾਸੇ ਪੈਸੇ ਦੀ ਹੀ ਖਿੱਚਾ ਧੂਈ ਹੈ ਸਿੱਧੂ,
ਕਾਮੇ ਇੱਥੇ ਭੁੱਖੇ ਵਿਲਕਣ ਚਾਂਦੀ ਹੈ ਬਦਕਾਰਾਂ ਦੀ।