ਦਿੱਲੀ ਦਾ ਨਤੀਜਾ ਦੱਸਦੈ ਕਿ ਭਾਜਪਾ ਦੇ ਆਪਣੇ ਮੈਂਬਰ ਵੀ ਘੁਟਨ ਮਹਿਸੂਸ ਕਰਨ ਲੱਗੇ ਨੇ - ਜਤਿੰਦਰ ਪਨੂੰ
ਬਿਨਾਂ ਸ਼ੱਕ ਇਹ ਗੱਲ ਇਸ ਦੇਸ਼ ਦੇ ਲੋਕਾਂ ਦੀ ਵੱਡੀ ਗਿਣਤੀ ਦੇ ਮਨਾਂ ਵਿੱਚ ਸੀ ਕਿ ਦਿੱਲੀ ਵਿੱਚ ਭਾਜਪਾ ਦੇ ਪੈਰ ਨਹੀਂ ਲੱਗ ਸਕੇ, ਇਸ ਦੇ ਬਾਵਜੂਦ ਇੱਕ ਖਦਸ਼ਾ ਕਾਇਮ ਸੀ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਅੰਤ ਵਿੱਚ ਕੁਝ ਨਾ ਕੁਝ ਰਾਜਨੀਤਕ ਕਲਾਕਾਰੀ ਦਿਖਾ ਸਕਦੀ ਹੈ। ਬਹੁਤਾ ਸ਼ੱਕ ਵੋਟਿੰਗ ਮਸ਼ੀਨਾਂ ਬਾਰੇ ਸੀ। ਜਦੋਂ ਸਾਰੇ ਮੀਡੀਆ ਦੇ ਐਗਜ਼ਿਟ ਪੋਲ ਭਾਜਪਾ ਦੀ ਬਹੁਤ ਬੁਰੀ ਹਾਰ ਅਤੇ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਦੱਸਦੇ ਸਨ ਤੇ ਭਾਜਪਾ ਨਾਲ ਨੇੜਤਾ ਦੇ ਦੋਸ਼ ਲਵਾ ਚੁੱਕਾ ਇੱਕ ਚੈਨਲ ਇਹ ਕਹਿੰਦਾ ਸੀ ਕਿ ਕੇਜਰੀਵਾਲ ਟੀਮ ਅਠਾਹਠ ਸੀਟਾਂ ਵੀ ਜਿੱਤ ਜਾਵੇ ਤਾਂ ਹੈਰਾਨ ਨਹੀਂ ਹੋਣਾ ਚਾਹੀਦਾ, ਓਦੋਂ ਵੀ ਇਹ ਸ਼ੱਕ ਕਾਇਮ ਰਿਹਾ ਸੀ। ਸਗੋਂ ਇਹ ਕਹਿਣਾ ਵੱਧ ਠੀਕ ਹੋਵੇਗਾ ਕਿ ਉਸ ਵਕਤ ਦਿੱਲੀ ਦੀ ਭਾਜਪਾ ਦੇ ਪ੍ਰਧਾਨ ਨੇ ਇੱਕ ਬਿਆਨ ਦੇ ਕੇ ਇਹ ਸ਼ੱਕ ਵਧਾ ਦਿੱਤਾ ਸੀ ਕਿ ਆਖਰੀ ਗਿਣਤੀ ਵਿੱਚ ਸਾਡੀ ਪਾਰਟੀ ਦੀਆਂ ਅਠਤਾਲੀ ਸੀਟਾਂ ਆਉਣਗੀਆਂ। ਹਰ ਕੋਈ ਹੈਰਾਨ ਸੀ ਕਿ ਇਸ ਤਰ੍ਹਾਂ ਕਿਉਂ ਕਹਿ ਰਿਹਾ ਹੈ ਤੇ ਏਸੇ ਵਿੱਚੋਂ ਇਹ ਸ਼ੱਕ ਉਪਜਦਾ ਸੀ ਕਿ ਕੁਝ ਨਾ ਕੁਝ ਕਾਰਸਤਾਨੀ ਕੀਤੀ ਜਾ ਚੁੱਕੀ ਜਾਪਦੀ ਹੈ। ਏਦਾਂ ਦਾ ਕੁਝ ਵੀ ਨਹੀਂ ਹੋਇਆ ਤੇ ਨਤੀਜਿਆਂ ਨੇ ਭਾਜਪਾ ਨੂੰ ਭੁਆਂਟਣੀ ਦੇ ਕੇ ਆਮ ਆਦਮੀ ਪਾਰਟੀ ਦੀ ਗੁੱਡੀ ਅਸਮਾਨ ਚਾੜ੍ਹ ਦਿੱਤੀ ਹੈ।
ਚੰਗਾ ਹੋਇਆ ਕਿ ਕੋਈ ਗਲਤ ਨਹੀਂ ਹੋਇਆ, ਪਰ ਇਸ ਦਾ ਇਹ ਮਤਲਬ ਨਹੀਂ ਕਿ ਹੋ ਨਹੀਂ ਸਕਦਾ। ਅਗਲੀ ਵਾਰ ਕਿਸੇ ਥਾਂ ਵਾਪਰ ਵੀ ਸਕਦਾ ਹੈ, ਇਹ ਗੱਲ ਅਜੇ ਤੱਕ ਲੋਕ ਕਹੀ ਜਾਂਦੇ ਹਨ। ਅਸੀਂ ਉਨ੍ਹਾਂ ਦੇ ਨਾਲ ਸਹਿਮਤ ਹੋਈਏ ਜਾਂ ਨਾ, ਪਰ ਉਨ੍ਹਾਂ ਦੇ ਏਦਾਂ ਦੀ ਗੱਲ ਕਹਿਣ ਦਾ ਇੱਕ ਆਧਾਰ ਮੌਜੂਦ ਹੈ ਕਿ ਬਹੁਤ ਸਾਰੀਆਂ ਵੋਟਿੰਗ ਮਸ਼ੀਨਾਂ ਬਣਾਉਣ ਵਾਲੀ ਕੰਪਨੀਆਂ ਤੋਂ ਚੋਣ ਕਮਿਸ਼ਨ ਨੂੰ ਭੇਜੇ ਜਾਣ ਵੇਲੇ ਰਾਹ ਵਿੱਚੋਂ ਗਾਇਬ ਹੋਣ ਦੀ ਚਰਚਾ ਅਜੇ ਵੀ ਹੁੰਦੀ ਹੈ। ਇਸ ਦੀ ਜਾਂਚ ਕਦੀ ਕਰਵਾਈ ਨਹੀਂ ਗਈ, ਇਸ ਲਈ ਲੋਕ ਗੱਲਾਂ ਕਰਦੇ ਹਨ। ਉਨ੍ਹਾਂ ਨੂੰ ਕਰਨ ਦਾ ਹੱਕ ਵੀ ਹੈ। ਭਾਜਪਾ ਸਰਕਾਰ ਦੇ ਹੁੰਦਿਆਂ ਹੋਰ ਗੱਲਾਂ ਦੀ ਪੜਤਾਲ ਹੁੰਦੀ ਹੈ, ਇਹੋ ਜਿਹੇ ਮੁੱਦਿਆਂ ਦੀ ਨਾ ਹੋਈ ਹੈ, ਨਾ ਹੋਣ ਦੀ ਆਸ ਹੈ।
ਅਸੀਂ ਇਸ ਤੋਂ ਹਟ ਕੇ ਉਸ ਵੱਡੇ ਮੁੱਦੇ ਵੱਲ ਆਉਣਾ ਚਾਹੁੰਦੇ ਹਾਂ, ਜਿਸ ਨਾਲ ਬਹੁਤ ਸਾਰੇ ਲੋਕ ਚਿੰਤਾ ਵਿੱਚ ਸਨ ਕਿ ਇਸ ਦੇਸ਼ ਲਈ ਇਹ ਚੋਣਾਂ ਕਿਸੇ ਵੱਡੇ ਪੁਆੜੇ ਦਾ ਮੁੱਢ ਬੰਨ੍ਹ ਸਕਦੀਆਂ ਹਨ। ਇੱਕ ਕੇਂਦਰੀ ਮੰਤਰੀ ਓਥੇ ਜਦੋਂ ਭੀੜ ਕੋਲੋਂ ਇਹ ਨਾਅਰਾ ਮਰਵਾਉਂਦਾ ਵੇਖਿਆ ਗਿਆ ਕਿ 'ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ' ਤਾਂ ਇਹ ਓਹਲਾ ਕਿਸੇ ਨੂੰ ਨਹੀਂ ਸੀ ਕਿ ਉਹ ਭੀੜ ਤੋਂ ਸਿਰਫ ਨਾਅਰਾ ਨਹੀਂ ਮਰਵਾ ਰਿਹਾ, ਭੀੜ ਨੂੰ ਉਕਸਾ ਰਿਹਾ ਹੈ। ਏਦਾਂ ਉਕਸਾਈ ਭੀੜ ਤੋਂ ਦਿੱਲੀ ਵਿੱਚ ਕਾਂਗਰਸੀਆਂ ਨੇ ਤੇ ਗੁਜਰਾਤ ਵਿੱਚ ਭਾਜਪਾਈਆਂ ਨੇ ਬੀਤੇ ਸਮੇਂ ਵਿੱਚ ਏਦਾਂ ਦੇ ਕਹਿਰ ਵਰਤਾਏ ਹੋਏ ਹਨ ਕਿ ਸਾਡੇ ਲੋਕਾਂ ਨੂੰ ਉਹ ਕਦੇ ਵੀ ਭੁੱਲ ਨਹੀਂ ਸਕਣੇ। ਕਾਂਗਰਸ ਤਾਂ ਇਸ ਵਕਤ ਕੁਝ ਕਰਨ ਜੋਗੀ ਨਹੀਂ ਤੇ ਭੀੜਾਂ ਵੀ ਉਸ ਦਾ ਕੋਈ ਆਗੂ ਭੜਕਾਉਣਾ ਚਾਹੇ ਤਾਂ ਨਹੀਂ ਭੜਕਣੀਆਂ, ਪਰ ਜਿਹੜੇ ਲੋਕਾਂ ਨੇ ਦਿੱਲੀ ਚੋਣਾਂ ਦੌਰਾਨ ਇਹ ਰਾਹ ਫੜਿਆ ਸੀ, ਉਨ੍ਹਾਂ ਦੀ ਸੋਚ ਦੇ ਧਾਰਨੀ ਲੋਕ ਹਰ ਹੱਦ ਤੱਕ ਜਾ ਸਕਦੇ ਹਨ। ਦਿੱਲੀ ਚੋਣਾਂ ਨੂੰ ਪਕਿਸਤਾਨ ਤੇ ਭਾਰਤ ਦਾ ਮੈਚ ਹੋਣ ਦੀ ਗੱਲ ਕਹਿਣਾ ਤੇ ਫਿਰ ਅੱਸੀ ਫੀਸਦੀ ਨਾਲ ਵੀਹ ਫੀਸਦੀ ਦਾ ਮੁਕਾਬਲਾ ਕਹਿ ਕੇ ਅੱਸੀ ਫੀਸਦੀ ਹਿੰਦੂਆਂ ਅਤੇ ਵੀਹ ਫੀਸਦੀ ਘੱਟ-ਗਿਣਤੀ ਭਾਈਚਾਰਿਆਂ ਦੇ ਲੋਕਾਂ ਦਾ ਭੇੜ ਕਰਾਉਣ ਦੀ ਚੁਆਤੀ ਲਾਉਣਾ ਇਸ ਦੇਸ਼ ਵਿੱਚ ਲਾਂਬੂ ਲਾਉਣ ਦੀ ਉਸ ਨੀਤ ਦਾ ਝਲਕਾਰਾ ਦੇ ਰਿਹਾ ਹੈ, ਜਿਹੜੀ ਨਾਅਰੇ ਲਾਉਣ ਵਾਲਿਆਂ ਦੇ ਲੀਡਰਾਂ ਦੇ ਮਨ ਵਿੱਚ ਹੈ। ਜਮਹੂਰੀ ਢੰਗ ਨਾਲ ਚੁਣੇ ਹੋਏ ਮੁੱਖ ਮੰਤਰੀ ਨੂੰ ਦਿੱਲੀ ਵਿੱਚ ਤੁਰਿਆ-ਫਿਰਦਾ ਅੱਤਵਾਦੀ ਆਖਣਾ ਵੀ ਸਿਰੇ ਦੀ ਬੇਹੂਦਗੀ ਸੀ ਅਤੇ ਏਦਾਂ ਦੀ ਬੇਹੂਦਗੀ ਕਰਨ ਵਾਲੇ ਦੋ-ਚਾਰ ਨਹੀਂ, ਸਗੋਂ ਸਾਰੇ ਦੇਸ਼ ਵਿੱਚੋਂ ਲਿਆਂਦੀ ਧਾੜ ਇਹੋ ਕੁਝ ਕਰ ਕੇ ਚੁਆਤੀਆਂ ਲਾਉਣ ਲਈ ਸਿਰ ਪਰਨੇ ਹੋਈ ਪਈ ਸੀ। ਸ਼ੁਕਰ ਹੈ ਕਿ ਦਿੱਲੀ ਇੱਕ ਭੱਠੀ ਵਿੱਚ ਪੈਣ ਤੋਂ ਬਚ ਗਈ ਹੈ।
ਪੱਤਰਕਾਰ ਹੋਣ ਕਰ ਕੇ ਮੈਂ ਕਿਸੇ ਅਰਵਿੰਦ ਕੇਜਰੀਵਾਲ ਦਾ ਉਪਾਸ਼ਕ ਹੋਣ ਦਾ ਦਾਅਵਾ ਨਹੀਂ ਕਰਦਾ ਤੇ ਕਰਨਾ ਵੀ ਨਹੀਂ ਚਾਹੁੰਦਾ, ਉਹ ਚੰਗਾ ਕੰਮ ਕਰੇ ਤਾਂ ਸਿਫਤ ਵੀ ਕਰਾਂਗੇ ਅਤੇ ਗਲਤੀ ਕੀਤੀ ਤਾਂ ਚੋਭ ਵੀ ਲਾਵਾਂਗੇ, ਪਰ ਦੇਸ਼ ਦੇ ਲੋਕਾਂ ਦੀ ਆਵਾਜ਼ ਇਹੋ ਕਹਿੰਦੀ ਹੈ ਕਿ ਉਸ ਨੇ ਪੰਜ ਸਾਲ ਕੀਤੇ ਕੰਮ ਦੇ ਆਸਰੇ ਇਹ ਫਤਵਾ ਹਾਸਲ ਕੀਤਾ ਹੈ। ਭਾਰਤ ਦੇ ਕਿਸੇ ਵੀ ਹੋਰ ਸੂਬੇ ਵਿੱਚ ਇਸ ਤਰ੍ਹਾਂ ਦੀ ਧੜੱਲੇਦਾਰ ਜਿੱਤ ਲਗਾਤਾਰ ਦੂਸਰੀ ਵਾਰ ਕਿਸੇ ਲੀਡਰ ਦੀ ਹੋਈ ਹੋਵੇ, ਸਾਨੂੰ ਏਹੋ ਜਿਹਾ ਕੋਈ ਮੌਕਾ ਯਾਦ ਨਹੀਂ। ਨਰਿੰਦਰ ਮੋਦੀ ਵੀ ਗੁਜਰਾਤ ਦਾ ਮੁੱਖ ਮੰਤਰੀ ਬਣ ਕੇ ਆਪਣੀ ਪਹਿਲੀ ਚੋਣ ਦੌਰਾਨ ਇੱਕ ਸੌ ਬਿਆਸੀ ਵਿੱਚੋਂ ਇੱਕ ਸੌ ਸਤਾਈ ਸੀਟਾਂ ਹੀ ਜਿੱਤ ਸਕਿਆ ਸੀ ਤੇ ਵੋਟਾਂ ਪੰਜਾਹ ਫੀਸਦੀ ਤੋਂ ਕੁਝ ਘੱਟ ਰਹੀਆਂ ਸਨ ਤੇ ਦੂਸਰੀ ਚੋਣ ਵਿੱਚ ਉਸ ਦੀਆਂ ਸੀਟਾਂ ਨਾਲ ਵੋਟਾਂ ਵੀ ਘਟ ਗਈਆਂ ਸਨ। ਉਹ ਗੁਜਰਾਤ ਤੋਂ ਪੰਜਾਹ ਫੀਸਦੀ ਵੋਟਾਂ ਸ਼ਾਇਦ ਕਦੇ ਵੀ ਨਹੀਂ ਲੈ ਸਕਿਆ। ਕੇਜਰੀਵਾਲ ਨੇ ਪਹਿਲੀ ਵਾਰ ਕੱਚਘਰੜ ਜਿਹੀ ਪਾਰਟੀ ਨਾਲ ਤੀਹ ਕੁ ਫੀਸਦੀ ਵੋਟਾਂ ਨਾਲ ਅਠਾਈ ਸੀਟਾਂ ਜਿੱਤੀਆਂ, ਦੂਸਰੀ ਵਾਰੀ ਪੱਕੀ ਪਾਰਟੀ ਬਣਾ ਕੇ ਸਾਹਮਣੇ ਆਇਆ ਤਾਂ ਸੱਤਰ ਵਿੱਚੋਂ ਸਤਾਹਠ ਸੀਟਾਂ ਤੇ ਚਰਵੰਜਾ ਫੀਸਦੀ ਤੋਂ ਵੱਧ ਵੋਟਾਂ ਲੈ ਗਿਆ ਸੀ। ਆਪਣੇ ਪੰਜ ਸਾਲ ਦੇ ਰਾਜ ਪਿੱਛੋਂ ਪਹਿਲੀ ਵਾਰ ਲੋਕਾਂ ਤੋਂ ਵੋਟਾਂ ਮੰਗਣ ਗਿਆ ਕੇਜਰੀਵਾਲ ਬਾਹਠ ਸੀਟਾਂ ਦੇ ਨਾਲ ਸਾਢੇ ਤਰਵੰਜਾ ਫੀਸਦੀ ਵੋਟਾਂ ਲੈ ਗਿਆ। ਲੋਕਾਂ ਨੇ ਏਦਾਂ ਦਾ ਧਰਤੀ ਹਲੂਣਵਾਂ ਫਤਵਾ ਉਸ ਨੂੰ ਦਿੱਤਾ ਹੈ ਤਾਂ ਇਸ ਦਾ ਸਤਿਕਾਰ ਭਾਜਪਾ ਲੀਡਰਸ਼ਿਪ ਨੂੰ ਕਰਨਾ ਚਾਹੀਦਾ ਹੈ।
ਜਦੋਂ ਇਹ ਚੋਣਾਂ ਲੰਘ ਗਈਆਂ ਅਤੇ ਨਤੀਜਾ ਆਏ ਨੂੰ ਤਿੰਨ ਦਿਨ ਲੰਘ ਗਏ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਕਿਹਾ ਹੈ ਕਿ ਦਿੱਲੀ ਚੋਣਾਂ ਵਿੱਚ ਸਾਡੇ ਕੁਝ ਲੋਕਾਂ ਵੱਲੋਂ ਭਾਰਤ-ਪਾਕਿਸਤਾਨ ਮੈਚ ਜਾਂ ਗੋਲੀ ਮਾਰੋ ਵਾਲੀ ਗੱਲ ਕਹਿਣ ਦਾ ਸਾਨੂੰ ਨੁਕਸਾਨ ਹੋਇਆ ਹੈ। ਉਹ ਠੀਕ ਆਖਦਾ ਹੈ। ਭਾਰਤ ਦੇ ਹਰ ਰਾਜ ਵਿੱਚੋਂ ਆਏ ਹੋਏ ਲੋਕ ਜਿਹੜੇ ਸ਼ਹਿਰ ਵਿੱਚ ਵੱਸਦੇ ਹਨ, ਓਥੇ ਇਸ ਤਰ੍ਹਾਂ ਦੀਆਂ ਬੇਹੂਦਾ ਗੱਲਾਂ ਨੇ ਲੋਕਾਂ ਵਿੱਚ ਡਰ ਪੈਦਾ ਕੀਤਾ ਸੀ ਕਿ ਦਿੱਲੀ ਦਾ ਅਮਨ ਇਹ ਚੋਣ ਜਿੱਤਣ ਲਈ ਖਤਰੇ ਵਿੱਚ ਪਾਇਆ ਗਿਆ ਹੈ। ਜਦੋਂ ਇਹ ਹਾਲਾਤ ਪੈਦਾ ਕੀਤੇ ਜਾ ਰਹੇ ਸਨ, ਜਦੋਂ ਇਹ ਬੇਹੂਦਗੀ ਭਰੇ ਭਾਸ਼ਣ ਕੀਤੇ ਜਾ ਰਹੇ ਸਨ, ਉਸ ਵੇਲੇ ਅਮਿਤ ਸ਼ਾਹ ਜਾਂ ਉਨ੍ਹਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਸੀ ਕੀਤੀ, ਸਗੋਂ ਅਮਿਤ ਸ਼ਾਹ ਨੇ ਖੁਦ ਲੋਕਾਂ ਨੂੰ ਸੱਦਾ ਦੇ ਦਿੱਤਾ ਸੀ ਕਿ ਵੋਟ ਪਾਉਣ ਵੇਲੇ ਏਨੇ ਜ਼ੋਰ ਨਾਲ ਬਟਨ ਦਬਾਇਉ ਕਿ ਸ਼ਾਹੀਨ ਬਾਗ ਵਿੱਚ ਧਰਨਾ ਲਾਈ ਬੈਠਿਆਂ ਨੂੰ ਇਸ ਦਾ ਕਰੰਟ ਜ਼ਰੂਰ ਲੱਗੇ। ਨਵੇਂ ਉੱਠ ਰਹੇ ਆਗੂ ਕੁਝ ਬੋਲਦੇ ਸਨ ਤਾਂ ਵੱਡਿਆਂ ਨੇ ਰੋਕਣਾ ਸੀ, ਪਰ ਏਥੇ ਵੱਡੇ ਆਗੂ ਉਨ੍ਹਾਂ ਨੂੰ ਰੋਕਣ ਦੀ ਥਾਂ ਇਸ ਦੌੜ ਦੇ ਖਿਡਾਰੀ ਬਣ ਗਏ ਕਿ ਸਾਮ-ਦਾਮ-ਦੰਡ-ਭੇਦ ਜਿਵੇਂ ਵੀ ਹੋਵੇ, ਚੋਣ ਲੜਾਈ ਜਿੱਤਣ ਲਈ ਸਭ ਜਾਇਜ਼ ਹੈ।
ਨਤੀਜਾ ਇਸ ਦਾ ਜੋ ਨਿਕਲਿਆ, ਉਹ ਬਾਕੀ ਲੋਕ ਸੀਟਾਂ ਦੇ ਪੱਖੋਂ ਵੇਖਦੇ ਹਨ ਅਤੇ ਅਸੀਂ ਇੱਕ ਵੱਖਰੇ ਪੱਖ ਤੋਂ ਵੇਖਿਆ ਹੈ। ਭਾਜਪਾ ਨੇ ਪਿਛਲੇ ਸਮੇਂ ਵਿੱਚ ਆਪਣੀ ਮੈਂਬਰਸ਼ਿਪ ਦੀ ਇੱਕ ਉਚੇਚੀ ਮੁਹਿੰਮ ਸ਼ੁਰੂ ਕੀਤੀ ਸੀ। ਬਾਅਦ ਵਿੱਚ ਇਹ ਦੱਸਿਆ ਗਿਆ ਸੀ, ਅਤੇ ਅੱਜ ਵੀ ਭਾਜਪਾ ਦਾ ਇਹ ਦਾਅਵਾ ਕਾਇਮ ਹੈ, ਕਿ ਬਾਹਠ ਲੱਖ ਲੋਕ ਦਿੱਲੀ ਵਿੱਚ ਇਸ ਪਾਰਟੀ ਦੇ ਮੈਂਬਰ ਹਨ। ਇਸ ਦਾਅਵੇ ਦਾ ਉਹ ਮਾਣ ਕਰ ਸਕਦੀ ਹੈ, ਪਰ ਜਿਹੜੀ ਗੱਲ ਸ਼ਰਮਿੰਦਾ ਕਰਨ ਵਾਲੀ ਹੈ, ਉਹ ਇਹ ਕਿ ਵਿਧਾਨ ਸਭਾ ਚੋਣਾਂ ਵਿੱਚ ਇਸ ਪਾਰਟੀ ਨੂੰ ਦਿੱਲੀ ਵਿੱਚ ਸਿਰਫ ਪੌਣੇ ਛੱਤੀ ਲੱਖ ਵੋਟਾਂ ਪਈਆਂ ਹਨ। ਇਸ ਦਾ ਦੂਸਰਾ ਅਰਥ ਇਹ ਹੈ ਕਿ ਇਸ ਪਾਰਟੀ ਦੇ ਬਾਹਠ ਲੱਖ ਵਿੱਚੋਂ ਮਸਾਂ ਛੱਤੀ ਲੱਖ ਨੇ ਆਪਣੀ ਪਾਰਟੀ ਨੂੰ ਵੋਟਾਂ ਪਾਈਆਂ ਤੇ ਭਾਜਪਾ ਦੇ ਆਪਣੇ ਛੱਬੀ ਲੱਖ ਮੈਂਬਰਾਂ ਨੇ ਇਸ ਪਾਰਟੀ ਨੂੰ ਵੋਟਾਂ ਪਾਉਣ ਦੇ ਲਈ ਹੱਕਦਾਰ ਨਹੀਂ ਸਮਝਿਆ। ਆਖਰ ਕੀ ਕਾਰਨ ਹੈ ਕਿ ਭਾਜਪਾ ਦੇ ਆਪਣੇ ਛੱਬੀ ਲੱਖ ਮੈਂਬਰ ਵੀ ਇਸ ਨੂੰ ਵੋਟਾਂ ਪਾਉਣ ਤੋਂ ਮੂੰਹ ਮੋੜ ਗਏ ਅਤੇ ਉਨ੍ਹਾਂ ਨੇ ਇਸ ਦੇ ਖਿਲਾਫ ਵੋਟਾਂ ਪਾ ਦਿੱਤੀਆਂ? ਕੀ ਕਾਰਨ ਹੈ ਕਿ ਉਹ ਪਾਰਟੀ ਦੀ 'ਅਭੀ ਜਾਂ ਕਭੀ ਨਹੀਂ' ਦੇ ਨਾਅਰੇ ਵਾਲੀ ਲੜਾਈ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਗਏ? ਅਰਥ ਇਹੋ ਹੈ ਕਿ ਹਵਾਈ ਉਡਾਰੀਆਂ ਲਾ ਰਹੀ ਇਸ ਪਾਰਟੀ ਦੇ ਆਪਣੇ ਮੈਂਬਰ ਵੀ ਇਸ ਦੇ ਰਾਜ ਵਿੱਚ ਸੁਖਾਵਾਂ ਮਹਿਸੂਸ ਨਹੀਂ ਕਰਦੇ, ਉਹ ਘੁਟਨ ਮਹਿਸੂਸ ਕਰਦੇ ਹਨ ਅਤੇ ਬਹੁਤੀ ਦੂਰ ਇਸ ਨਾਲ ਜਾਣ ਤੋਂ ਝਿਜਕਣ ਲੱਗੇ ਹਨ। ਇਹ ਸ਼ੁਭ ਸੰਕੇਤ ਹਨ ਭਾਰਤ ਲਈ ਕਿ ਦੇਸ਼ ਦੇ ਲੋਕ ਮੋੜਾ ਕੱਟ ਰਹੇ ਹਨ।