ਕਿੰਨੀ ਕੁ ਦੇਰ ਚੱਲੇਗਾ ਲੋਕਾਂ ਨੂੰ ਵਰਗਲਾਉਣ ਦਾ ਦੌਰ ? - ਗੁਰਚਰਨ ਸਿੰਘ ਨੂਰਪੁਰ
ਪਿਛਲੀ ਸਦੀ ਵਿਚ ਉਂਗਲਾਂ 'ਤੇ ਗਿਣੇ ਜਾਣ ਵਾਲੇ ਜਿਹੜੇ ਨੇਤਾਵਾਂ ਦੀ ਦੁਨੀਆ ਭਰ ਵਿਚ ਸਭ ਤੋਂ ਵੱਧ ਚਰਚਾ ਹੋਈ ਨੈਲਸਨ ਮੰਡੇਲਾ ਉਨ੍ਹਾਂ 'ਚੋਂ ਇਕ ਸਨ। ਇਸ ਮਹਾਨ ਅਫ਼ਰੀਕੀ ਆਗੂ ਨੇ ਨਸਲੀ ਵਿਤਕਰੇ ਖ਼ਿਲਾਫ਼ ਲੰਮੀ ਲੜਾਈ ਲੜੀ ਅਤੇ ਸ਼ਾਂਤੀ ਦਾ ਦੂਤ ਬਣ ਕੇ ਦੁਨੀਆ ਵਿਚ ਇਕ ਵੱਖਰੀ ਮਿਸਾਲ ਪੈਦਾ ਕੀਤੀ। ਸਰਕਾਰ ਵਿਰੋਧੀ ਸ਼ਾਂਤਮਈ ਅੰਦੋਲਨ ਕਰਨ ਅਤੇ ਲੋਕ ਹਿੱਤਾਂ ਦੀ ਲੜਾਈ ਲੜਨ ਲਈ ਇਸ ਮਹਾਨ ਆਗੂ ਨੂੰ ਲਗਾਤਾਰ 27 ਸਾਲ ਰੋਬਿਨ ਟਾਪੂ 'ਤੇ ਬਣੀ ਜੇਲ੍ਹ ਵਿਚ ਰੱਖਿਆ ਗਿਆ। ਪਰ ਇਸ ਲੰਮੇ ਅਰਸੇ ਦੌਰਾਨ ਵੀ ਉਨ੍ਹਾਂ ਦੇ ਸੀਨੇ ਵਿਚ ਆਪਣੇ ਦੇਸ਼ ਅਤੇ ਆਪਣੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਬਲਦੀ ਅੱਗ ਠੰਢੀ ਨਾ ਹੋਈ। ਨੈਲਸਨ ਮੰਡੇਲਾ ਦਾ ਇਕ ਮੇਲ ਜੋਲ ਵਾਲੇ, ਨਸਲੀ ਭਿੰਨ-ਭੇਤ ਰਹਿਤ ਦੱਖਣੀ ਅਫ਼ਰੀਕਾ ਦਾ ਸੁਪਨਾ ਸੀ। ਹਕੂਮਤ ਦਾ ਜਬਰ ਅਤੇ ਜੇਲ੍ਹ ਦੀਆਂ ਸੀਖਾਂ ਉਨ੍ਹਾਂ ਦੇ ਇਸ ਸੁਪਨੇ ਨੂੰ ਰੋਕ ਨਾ ਸਕੀਆਂ। ਉਹ ਆਪਣੀ ਪਤਨੀ ਵਿੰਨੀ ਮੰਡੇਲਾ ਅਤੇ ਹੋਰ ਸਾਥੀਆਂ ਦੀ ਮਦਦ ਨਾਲ ਇਸ ਸੁਪਨੇ ਨੂੰ ਆਪਣੇ ਅਫ਼ਰੀਕੀ ਲੋਕਾਂ ਤੱਕ ਪਹੁੰਚਾਉਣ ਵਿਚ ਸਫ਼ਲ ਹੋ ਗਏ। ਉਹ ਕਿਹਾ ਕਰਦੇ ਸਨ ਕਿ ਬਦਲੇ ਦੀ ਭਾਵਨਾ ਅਫ਼ਰੀਕਾ ਵਿਚ ਖ਼ੁਸ਼ਹਾਲੀ ਨਹੀਂ ਲਿਆ ਸਕਦੀ। ਉਨ੍ਹਾਂ ਨੇ ਕਾਲੇ ਦੱਖਣੀ ਅਫ਼ਰੀਕਾ ਦੇ ਲੋਕਾਂ ਨੂੰ ਬੀਤੇ ਨੂੰ ਭੁੱਲ ਕੇ ਗੋਰੇ ਦੱਖਣੀ ਅਫ਼ਰੀਕੀ ਲੋਕਾਂ ਨਾਲ ਮੇਲ ਮਿਲਾਪ ਕਰਨ ਵਾਸਤੇ ਉਤਸ਼ਾਹਿਤ ਕੀਤਾ। 11 ਫਰਵਰੀ 1990 ਵਿਚ ਆਪਣੀ ਰਿਹਾਈ ਤੋਂ ਬਾਅਦ ਉਨ੍ਹਾਂ ਦੇ ਯਤਨਾਂ ਨੂੰ ਬੂਰ ਪਿਆ। 1994 ਵਿਚ ਉਨ੍ਹਾਂ ਨੇ ਇਕ ਬਹੁ ਨਸਲੀ ਲੋਕਤੰਤਰੀ ਰਾਸ਼ਟਰ ਦਾ ਨਿਰਮਾਣ ਕੀਤਾ। ਮੰਡੇਲਾ ਅਨੁਸਾਰ ਖੁਸ਼ੀ, ਇਨਸਾਫ਼, ਇਨਸਾਨੀ ਕਦਰਾਂ ਕੀਮਤਾਂ ਅਤੇ ਤਰੱਕੀ ਕੁਲ ਸੰਸਾਰ ਵਾਸਤੇ ਲੋੜੀਂਦੀ ਹੈ ਕਿਉਂਕਿ ਹਰ ਇਨਸਾਨ ਅਤੇ ਭਾਈਚਾਰਾ ਅਜਿਹੀ ਵਿਵਸਥਾ ਦਾ ਹੱਕ ਰੱਖਦਾ ਹੈ। ਨੈਲਸਨ ਮੰਡੇਲਾ ਦਾ ਲੋਹਾ ਦੁਨੀਆ ਨੇ ਮੰਨਿਆ। ਉਨ੍ਹਾਂ ਨੂੰ 1993 ਵਿਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਨਿਵਾਜਿਆ ਗਿਆ। ਜਦੋਂ ਅਸੀਂ ਅਜਿਹਾ ਕੁਝ ਪੜ੍ਹਦੇ ਸੁਣਦੇ ਹਾਂ ਤਾਂ ਇਸ ਸੰਦਰਭ ਵਿਚ ਆਪਣੇ ਦੇਸ਼ ਵਿਚ ਹੋ ਰਹੀਆਂ ਘਟਨਾਵਾਂ ਨੂੰ ਦੇਖਦੇ ਹਾਂ ਤਾਂ ਸਾਡਾ ਚਿੰਤਤ ਹੋਣਾ ਕੁਦਰਤੀ ਹੈ। ਕੀ ਧਰਮ ਜਾਤ ਮਜ਼੍ਹਬ ਤੋਂ ਉਪਰ ਉੱਠ ਕੇ ਦੇਸ਼ ਲਈ ਵਿਕਾਸ ਦੇ ਨਵੇਂ ਰਾਹ ਨਹੀਂ ਖੋਜੇ ਜਾ ਸਕਦੇ? ਕੀ ਸਰਕਾਰ ਦਾ ਇਹ ਫ਼ਰਜ਼ ਨਹੀਂ ਕਿ ਉਹ ਦੇਸ਼ ਵਿਚ ਅਜਿਹੀ ਵਿਵਸਥਾ ਦੀ ਸਿਰਜਣਾ ਕਰਨ ਲਈ ਯਤਨਸ਼ੀਲ ਹੋਵੇ, ਜਿਸ 'ਤੇ ਸਭ ਦੇਸ਼ ਵਾਸੀ ਮਾਣ ਕਰ ਸਕਣ। ਅੱਜ ਹਰ ਸੋਚਵਾਨ ਮਨੁੱਖ ਦਾ ਚਿੰਤਤ ਹੋਣਾ ਵਾਜਿਬ ਹੈ, ਕਿਉਂਕਿ ਇਥੇ ਜੋ ਕੁਝ ਹੋਣਾ ਚਾਹੀਦਾ ਹੈ ਉਸ ਤੋਂ ਬਿਲਕੁਲ ਉਲਟ ਹੋ ਰਿਹਾ ਹੈ।
ਸਾਡਾ ਦੇਸ਼ ਬਹੁਤ ਸਾਰੇ ਵੱਖ-ਵੱਖ ਰੰਗਾਂ, ਜਾਤਾਂ, ਮਜ਼੍ਹਬਾਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ਦਾ ਦੇਸ਼ ਹੈ। ਇਸ ਵਿਚ ਅੱਜ ਫਿਰ ਫ਼ਿਰਕਾਪ੍ਰਸਤੀ ਦੀ ਅੱਗ ਨੂੰ ਹਵਾ ਦਿੱਤੀ ਜਾ ਰਹੀ ਹੈ ਤਾਂ ਕਿ ਇਸ ਦੇ ਸੇਕ 'ਤੇ ਰਾਜਸੀ ਰੋਟੀਆਂ ਸੇਕੀਆਂ ਜਾ ਸਕਣ। ਸੱਤਾ ਕੋਲ ਜਦੋਂ ਲੋਕ ਹਿੱਤਾਂ ਲਈ ਕੋਈ ਯੋਜਨਾ ਨਹੀਂ ਹੁੰਦੀ ਤਾਂ ਉਹ ਆਪਣੀ ਸੱਤਾ ਦੀ ਸਲਾਮਤੀ ਲਈ ਲੋਕਾਂ ਵਿਚ ਵੰਡੀਆਂ ਪਾ ਕੇ ਅਜਿਹੇ ਉਲਝਾਅ ਪੈਦਾ ਕਰਦੀ ਹੈ ਕਿ ਲੋਕ ਆਪਸ ਵਿਚ ਲੜਨ ਮਰਨ ਲਈ ਤਿਆਰ ਹੋ ਜਾਂਦੇ ਹਨ। ਅਸੀਂ ਅੱਜ ਇਸੇ ਦੌਰ 'ਚੋਂ ਗੁਜ਼ਰ ਰਹੇ ਹਾਂ। ਅੱਜ ਸਾਡੇ ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ ਸਿਖ਼ਰ 'ਤੇ ਹੈ। ਹੁਣੇ ਹੀ ਪ੍ਰਕਾਸ਼ਿਤ ਹੋਏ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਹਰ ਦੋ ਘੰਟੇ ਬਾਅਦ ਦੇਸ਼ ਵਿਚ ਤਿੰਨ 3 ਬੇਰੁਜ਼ਗਾਰ ਖ਼ਦਕੁਸ਼ੀਆਂ ਕਰ ਰਹੇ ਹਨ। ਕਿਸਾਨ ਖ਼ੁਦਕੁਸ਼ੀਆਂ ਹਰ ਸਾਲ ਪਹਿਲਾਂ ਦੇ ਮੁਕਾਬਲੇ ਵਧ ਰਹੀਆਂ ਹਨ ਅਤੇ ਮੋਦੀ ਰਾਜ ਵਿਚ ਕਿਸਾਨ ਖ਼ੁਦਕੁਸ਼ੀਆਂ ਤੇਜ਼ੀ ਨਾਲ ਵਧੀਆਂ ਹਨ। ਇਸ ਦੌਰਾਨ ਕਿਸਾਨਾਂ ਨੇ ਵੱਡੇ ਅੰਦੋਲਨ ਵੀ ਕੀਤੇ ਪਰ ਮਜਾਲ ਹੈ ਕਿ ਹਕੂਮਤ ਦੇ ਕੰਨ 'ਤੇ ਜੂੰਅ ਵੀ ਸਰਕੀ ਹੋਵੇ। ਸੰਨ 2017 ਵਿਚ 10,655 ਕਿਸਾਨਾਂ ਨੇ ਦੇਸ਼ ਵਿਚ ਖੁਦਕੁਸ਼ੀਆਂ ਕੀਤੀਆਂ ਅਤੇ ਸੰਨ 2018 ਵਿਚ ਵੀ 10,349 ਕਿਸਾਨਾਂ ਅਤੇ 12,936 ਬੇਰੁਜ਼ਗਾਰ ਨੌਜਵਾਨਾਂ ਨੇ ਖ਼ੁਦਕੁਸ਼ੀ ਕੀਤੀ। ਸੰਨ 2017 ਵਿਚ ਬੇਰੁਜ਼ਗਾਰੀ ਤੋਂ ਤੰਗ ਆ ਕੇ ਖ਼ੁਦਕੁਸ਼ੀਆਂ ਕਰਨ ਵਾਲਿਆਂ ਦਾ ਅੰਕੜਾ 12,241 ਸੀ। ਰੁਜ਼ਗਾਰ ਦੇ ਮੌਕੇ ਲਗਾਤਾਰ ਸਿਮਟ ਰਹੇ ਹਨ, ਕਿਹਾ ਇਹ ਜਾ ਰਿਹਾ ਹੈ ਆਉਣ ਵਾਲੇ ਸਾਲਾਂ ਦੌਰਾਨ ਦੇਸ਼ ਵਿਚ 16 ਲੱਖ ਨੌਕਰੀਆਂ ਦੀ ਕਟੌਤੀ ਹੋਵੇਗੀ। ਰੁਜ਼ਗਾਰ ਸਬੰਧੀ ਇਹ ਸਾਡੇ ਦੇਸ਼ ਦਾ ਬੜਾ ਭਿਆਨਕ ਦ੍ਰਿਸ਼ ਹੈ ਜਿਸ ਪ੍ਰਤੀ ਸਾਡੇ ਹਾਕਮ ਚਿੰਤਤ ਨਜ਼ਰ ਨਹੀਂ ਆਉਂਦੇ। ਭਖਦੇ ਅਤੇ ਭਿਆਨਕ ਬਣਦੇ ਜਾ ਰਹੇ ਮਸਲਿਆਂ ਤੇ ਗੱਲਬਾਤ ਕਰਨ ਦੀ ਬਜਾਏ ਦੇਸ਼ ਦੇ ਬਹੁ ਗਿਣਤੀ ਟੀ. ਵੀ. ਚੈਨਲਾਂ 'ਤੇ ਸਰਜੀਕਲ ਸਟ੍ਰਾਈਕ, ਮਾਰੂ ਹਥਿਆਰ, ਧਰਮ ਜਾਤ ਵਰਗੇ ਵਿਸ਼ਿਆਂ 'ਤੇ ਘੰਟਿਆਬੱਧੀ ਬਹਿਸਾਂ ਕਰਵਾ ਰਹੇ ਹਨ ਤਾਂ ਕਿ ਲੋਕ ਆਪਣੇ ਹਕੀਕੀ ਮਸਲਿਆਂ ਨੂੰ ਭੁੱਲ ਕੇ ਉਨ੍ਹਾਂ ਮਸਲਿਆਂ ਨੂੰ ਆਪਣੇ ਲਈ ਮਸਲੇ ਮੰਨ ਲੈਣ ਜਿਨ੍ਹਾਂ ਦਾ ਉਨ੍ਹਾਂ ਦੀ ਹਕੀਕੀ ਜ਼ਿੰਦਗੀ ਨਾਲ ਦੂਰ ਦਾ ਵਾਸਤਾ ਨਹੀਂ। ਇਸ ਦੇਸ਼ ਦੇ ਵੱਖ-ਵੱਖ ਧਰਮਾਂ ਮਜ਼੍ਹਬਾਂ ਦੇ ਲੋਕਾਂ ਅਤੇ ਉਨ੍ਹਾਂ ਦੇ ਵੱਡਿਆਂ-ਵਡੇਰਿਆਂ ਨੇ ਇਸ ਰਾਸ਼ਟਰ ਦੀ ਉਸਾਰੀ ਵਿਚ ਆਪਣਾ ਯੋਗਦਾਨ ਪਾਇਆ। ਲੋਕ ਇਸ ਦੇਸ਼ ਨੂੰ ਆਪਣਾ ਦੇਸ਼ ਸਮਝਦੇ ਹਨ। ਰਾਜਸੀ ਜਮਾਤਾਂ ਆਪਣੇ ਹਿੱਤਾਂ ਲਈ ਉਨ੍ਹਾਂ ਵਿਚ ਵੰਡੀਆਂ ਪਾਉਣ ਦੀ ਕੋਝੀਆਂ ਚਾਲਾਂ ਚਲਦੀਆਂ ਹਨ। ਇਸ ਦੇਸ਼ ਲਈ ਹਰ ਜਾਤ ਮਜ਼੍ਹਬ ਦੇ ਲੋਕ ਲੜੇ ਤੇ ਸ਼ਹੀਦ ਹੋਏ। ਸਾਡੀ ਹੋਲੀ, ਦੀਵਾਲੀ, ਲੋਹੜੀ, ਈਦਾਂ ਸਾਂਝੀਆਂ ਹਨ। ਹੋਲੀ ਦੇ ਰੰਗ ਮੁਸਲਮਾਨ ਬਣਾਉਂਦਾ ਹੈ, ਬਰਿੰਦਾਵਨ ਵਰਗੇ ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਕ੍ਰਿਸ਼ਨ ਦੀ ਪੌਸ਼ਾਕ ਮੁਸਲਮਾਨ ਕਾਰੀਗਰ ਬਣਾਉਂਦੇ ਹਨ। ਲੋਕ ਬਸ ਲੋਕ ਹੁੰਦੇ ਹਨ। ਪਿਛਲੇ ਇਕ ਮਹੀਨੇ ਤੋਂ ਦੇਸ਼ ਅਤੇ ਦੁਨੀਆ ਨੇ ਵੇਖਿਆ ਹੈ ਕਿ ਇਹੋ ਹੱਥ, ਜਿਨ੍ਹਾਂ 'ਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਸੀ, ਉਹ ਹੱਥਾਂ ਵਿਚ ਤਿਰੰਗੇ ਲੈ ਕੇ ਸੜਕਾਂ 'ਤੇ ਨਿਕਲ ਆਏ ਹਨ। ਟੀ. ਵੀ. ਚੈਨਲਾਂ ਦੀਆਂ ਬਹਿਸਾਂ ਵਿਚ ਜਿਨ੍ਹਾਂ ਨੂੰ ਦੇਸ਼ ਧ੍ਰੋਹੀ ਗਰਦਾਨਿਆ ਜਾਂਦਾ ਹੈ, ਅਜਿਹਾ ਕਦੇ ਕੋਈ ਮੌਕਾ ਨਹੀਂ ਆਇਆ ਕਿ ਉਨ੍ਹਾਂ ਨੇ ਦੇਸ਼ ਦੇ ਖਿਲਾਫ਼ ਕੋਈ ਮੁਹਿੰਮ ਛੇੜੀ ਹੋਵੇ। ਇਥੇ ਹੀ ਬੱਸ ਨਹੀਂ, ਇਸ ਸਮੇਂ ਬਹੁਤ ਸਾਰੇ ਬੁੱਧੀਜੀਵੀਆਂ ਜਿਨ੍ਹਾਂ ਨੇ ਫ਼ਿਰਕਾਪ੍ਰਸਤੀ ਦਾ ਵਿਰੋਧ ਕੀਤਾ ਤੇ ਉਨ੍ਹਾਂ ਨੂੰ ਆਪਣੀ ਜਾਨ ਗੁਆਉਣੀ ਪਈ, ਜਿਵੇਂ ਨਰਿੰਦਰ ਦਾਬੋਲਕਰ, ਗੋਵਿੰਦ ਪਾਨਸਾਰੇ, ਪ੍ਰੋ: ਐਮ. ਕੁਲਬੁਰਗੀ, ਗੌਰੀ ਲੰਕੇਸ਼। ਅੱਜ ਹਾਲਾਤ ਇਹ ਬਣ ਗਏ ਹਨ ਕਿ ਦੇਸ਼ ਦੇ ਬੌਧਿਕ ਵਰਗ ਨੂੰ ਦੇਸ਼ ਦੇ ਸੰਵਿਧਾਨ ਅਤੇ ਇਸ ਦੀ ਮੂਲ ਭਾਵਨਾ ਦੇ ਗਵਾਚ ਜਾਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਦਿੱਲੀ ਦੇ ਸ਼ਾਹੀਨ ਬਾਗ਼ ਜਿਹੇ ਅੰਦੋਲਨ ਹੋ ਰਹੇ ਹਨ। ਇਨ੍ਹਾਂ ਅੰਦੋਲਨਾਂ ਵਿਚ ਗੌਰੀ ਲੰਕੇਸ਼ ਦੀਆਂ ਹਜ਼ਾਰਾਂ ਵਾਰਸਾਂ ਸੱਤਾ ਨੂੰ ਸਵਾਲ ਕਰਨ ਲੱਗੀਆਂ ਹਨ। ਸ਼ਾਹੀਨ ਬਾਗ਼ ਵਿਚ ਦੇਸ਼ ਦੀ ਧਰਮ ਨਿਰਪੱਖਤਾ ਨੂੰ ਦੇਖਿਆ ਜਾ ਸਕਦਾ ਹੈ ਜਿਥੇ ਹਿੰਦੂ ਭਰਾਵਾਂ ਵਲੋਂ ਭਜਨ ਗਾਏ ਜਾ ਰਹੇ ਹਨ, ਸਿੱਖ ਭਾਈਚਾਰੇ ਵਲੋਂ ਕੀਰਤਨ ਹੋ ਰਿਹਾ ਹੈ ਅਤੇ ਮੁਸਲਮਾਨਾਂ ਵਲੋਂ ਨਮਾਜ਼ ਵੀ ਪੜ੍ਹੀ ਜਾ ਰਹੀ ਹੈ। ਰਾਜਸੀ ਪਾਰਟੀਆਂ ਦਾ ਉਹ ਅਖੌਤੀ ਰਾਸ਼ਟਰਵਾਦ ਹੈ ਜੋ ਚੋਣਾਂ ਲਈ ਲੋਕਾਂ ਦਾ ਧਰੁਵੀਕਰਨ ਕਰਦਾ ਹੈ ਅਤੇ ਚੋਣਾਂ ਤੋਂ ਬਾਅਦ ਕੁਝ ਕੁ ਸਮਾਂ ਇਸ ਨੂੰ ਸਭ ਦੇ ਵਿਕਾਸ ਦਾ ਹੇਜ ਜਾਗਦਾ ਹੈ ਅਤੇ ਫਿਰ ਅਗਲੀਆਂ ਚੋਣਾਂ ਲਈ ਲੋਕਾਂ ਵਿਚ ਕਿਸੇ ਹੋਰ ਫੁੱਟ ਪਾਊ ਏਜੰਡੇ ਦੀ ਕਵਾਇਦ ਸ਼ੁਰੂ ਹੋ ਜਾਂਦੀ ਹੈ। ਦੇਸ਼ ਇਸ ਸਮੇਂ ਅਜਿਹੇ ਮੋੜ 'ਤੇ ਖੜ੍ਹਾ ਹੈ ਜਿਥੇ ਹਰ ਪਾਸੇ ਸਮੱਸਿਆਵਾਂ ਹੀ ਸਮੱਸਿਆਵਾਂ ਹਨ ਪਰ ਦੇਸ਼ ਦੇ ਹਾਕਮ ਦੇਸ਼ ਅਤੇ ਲੋਕਾਂ ਦਾ ਫ਼ਿਕਰ ਛੱਡ ਕੇ ਆਪਣੀਆਂ ਭਵਿੱਖੀ ਚੋਣ ਯੋਜਨਾਵਾਂ ਲਈ ਕੰਮ ਕਰ ਰਹੇ ਹਨ। ਇਸ ਸਮੇਂ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਖੋਜੇ ਜਾਣ ਦੀ ਲੋੜ ਹੈ, ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਯਤਨਾਂ ਦੀ ਲੋੜ ਹੈ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਵਰਗੇ ਮਸਲਿਆਂ 'ਤੇ ਕੰਮ ਕਰਨ ਦੀ ਲੋੜ ਹੈ। ਸਰਕਾਰੀ ਕੰਮਾਂ ਵਿਚ ਪਾਰਦਰਸ਼ਤਾ ਲਿਆਉਣ ਦੀ ਲੋੜ ਹੈ। ਪਰ ਇਸ ਤੋਂ ਉਲਟ ਦੇਸ਼ ਦੇ ਲੋਕਾਂ ਲਈ ਐਨ. ਆਰ. ਸੀ. ਅਤੇ ਸੀ. ਏ. ਏ. ਵਰਗੇ ਉਲਝਾਅ ਪੈਦਾ ਕਰਕੇ ਲੋਕਾਂ ਲਈ ਨਵੀਆਂ ਮੁਸ਼ਕਿਲਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਲੋਕਾਂ ਨੂੰ ਵੰਡਣ ਅਤੇ ਸੰਵਿਧਾਨ ਦੀ ਆਤਮਾ ਨੂੰ ਖੋਰਾ ਲਾਉਣ ਵਾਲੀਆਂ ਸਰਗਰਮੀਆਂ ਦੇਸ਼ ਵਿਚ ਅਗਾਂਹ ਹੋਰ ਵੱਡੀਆਂ ਸਮੱਸਿਆਵਾਂ ਨੂੰ ਜਨਮ ਦੇਣਗੀਆਂ ਇਹ ਅੱਜ ਵਿਚਾਰਨ ਦੀ ਲੋੜ ਹੈ।
ਦੇਸ਼ ਦੇ ਲੋਕ ਸਰਕਾਰੀ ਨੀਤੀਆਂ ਨੂੰ ਸ਼ਾਇਦ ਸਮਝਣ ਲੱਗੇ ਹਨ। ਕਿਸੇ ਵੀ ਦੇਸ਼ ਕਿਸੇ ਵੀ ਖਿੱਤੇ ਦੀ ਸਭ ਤੋਂ ਵੱਡੀ ਤਾਕਤ ਉੱਥੋਂ ਦੇ ਲੋਕ ਹੁੰਦੇ ਹਨ। ਲੋਕ ਹੀ ਹਨ ਜੋ ਵੱਡੀਆਂ-ਵੱਡੀਆਂ ਸਲਤਨਤਾਂ ਦੀ ਉਸਾਰੀ ਕਰਦੇ ਹਨ ਅਤੇ ਇਤਿਹਾਸ ਗਵਾਹ ਹੈ ਇਹੋ ਲੋਕ ਜਦੋਂ ਸੱਤਾ ਦੇ ਵਿਰੁੱਧ ਸੜਕਾਂ 'ਤੇ ਉਤਰਦੇ ਹਨ ਵੱਡੀਆਂ-ਵੱਡੀਆਂ ਹਕੂਮਤਾਂ ਨੂੰ ਵੀ ਝੁਕਣ ਲਈ ਮਜ਼ਬੂਰ ਕਰ ਦਿੰਦੇ ਹਨ। ਜੋ ਪਾਣੀ ਚੜ੍ਹਦਾ ਹੈ ਉਸ ਲਹਿਣਾ ਵੀ ਹੁੰਦਾ ਹੈ ਅਤੇ ਹਰ ਰਾਤ ਮਗਰੋਂ ਸਵੇਰਾ ਵੀ ਹੋਣਾ ਹੀ ਹੁੰਦਾ ਹੈ। ਸਾਡੇ ਨੇਤਾਵਾਂ ਨੂੰ ਇਤਿਹਾਸ ਤੋਂ ਸਬਕ ਲੈਣ ਦੀ ਲੋੜ ਹੈ ਉਨ੍ਹਾਂ ਸ਼ਖ਼ਸੀਅਤਾਂ ਤੋਂ ਸਿੱਖਣ ਦੀ ਲੋੜ ਹੈ ਜਿਨ੍ਹਾਂ ਨੇ ਦੇਸ਼ ਦੀ ਧਰਮ-ਨਿਰਪੱਖਤਾ ਨੂੰ ਬਚਾਉਣ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਅੱਜ ਜਦੋਂ ਦੇਸ਼ ਵੱਡੀਆਂ ਚੁਣੌਤੀਆਂ ਦੇ ਰੂ-ਬਰੂ ਹੈ ਤਾਂ ਦੇਸ਼ ਦੇ ਲੋਕਾਂ ਨੂੰ ਕੁਝ ਰਾਹਤ ਦੇਣ ਦੀ ਲੋੜ ਹੈ ਨਾ ਕਿ ਜਾਣਬੁੱਝ ਕੇ ਅਜਿਹੀ ਸਥਿਤੀ ਪੈਦਾ ਕੀਤੀ ਜਾਵੇ ਜਿਸ ਨਾਲ ਲੋਕ ਸਦਮਾਗ੍ਰਸਤ ਹੋਣ। ਧਰਮਾਂ, ਜਾਤਾਂ ਮਜ਼੍ਹਬਾਂ ਲਈ ਨਹੀਂ ਬਲਕਿ ਸੁਹਿਰਦ ਸੋਚ ਨਾਲ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਰੂ-ਬਰੂ ਹੋਣ ਦੀ ਲੋੜ ਹੈ। ਕਿਤੇ ਅਜਿਹਾ ਨਾ ਹੋਵੇ ਕਿ 'ਹੱਥਾਂ ਦੀਆਂ ਦਿੱਤੀਆਂ ਮਗਰੋਂ ਮੂੰਹ ਨਾਲ ਖੋਲ੍ਹਣੀਆਂ ਪੈਣ।'
-ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ