ਗਾਇਕੀ ਖੇਤਰ ਦੀ ਸੰਭਾਵਨਾ ਦਾ ਨਾਂਅ ਹੈ "ਪਰਵਿੰਦਰ ਮੂਧਲ" - ਮਨਦੀਪ ਖੁਰਮੀ ਹਿੰਮਤਪੁਰਾ
ਸੰਗੀਤ ਇੱਕ ਸਾਧਨਾ ਦਾ ਨਾਂ ਹੈ। ਸਾਧਨਾ ਕਰਦਿਆਂ ਮਨ ਵਿੱਚ ਲਾਲਚ ਹੋਵੇ ਤਾਂ ਓਹ ਸਾਧਨਾ ਵੀ ਨਿਹਫ਼ਲ ਹੁੰਦੀ ਹੈ। ਬਹੁਤ ਥੋੜ੍ਹੀਆਂ ਰੂਹਾਂ ਹੁੰਦੀਆਂ ਹਨ ਜੋ ਆਪਣੇ ਮਨ ਦੇ ਆਖੇ ਲੱਗਣ ਨਾਲੋਂ ਮਨ ਦੀਆਂ ਮਨਆਈਆਂ ਨੂੰ ਵੀ ਆਪਣੀ ਮਸਤੀ ਅਨੁਸਾਰ ਢਾਲ ਲੈਂਦੇ ਹਨ। ਸਵਾ ਛੇ ਫੁੱਟ ਕੱਦ, ਦੇਖਣੀ ਪਰਖਣੀ ਪੱਖੋਂ ਪਹਿਲਵਾਨਾਂ ਵਰਗੇ ਦਿਸਦੇ ਇਸ ਲੰਮ ਸਲੰਮੇ ਗੱਭਰੂ ਨੂੰ ਮਿਲੋਗੇ ਤਾਂ ਸਭ ਸ਼ੰਕੇ ਦੂਰ ਹੋ ਜਾਣਗੇ ਕਿ ਓਹ ਕਿੰਨਾ ਨਿਮਰ ਹੈ। ਜਿੰਨਾ ਵੱਡਾ ਜੁੱਸਾ ਹੈ, ਓਨੇ ਹੀ ਪਿਆਰੇ ਦਿਲ ਦਾ ਮਾਲਕ ਹੈ ਗਾਇਕ ਪਰਵਿੰਦਰ ਮੂਧਲ। ਆਪਣੀ ਸਰੀਰਕ ਦਿੱਖ ਨਾਲੋਂ ਬਿਲਕੁਲ ਉਲਟ ਪੇਸ਼ੇ ਵਜੋਂ ਪੰਜਾਬੀ ਅਧਿਆਪਕ ਦੇ ਤੌਰ 'ਤੇ ਸਰਕਾਰੀ ਹਾਈ ਸਕੂਲ ਮੱਖਣਵਿੰਡੀ ਵਿਖੇ ਆਪਣੀਆਂ ਸੁਰੀਲੀਆਂ ਸੇਵਾਵਾਂ ਨਿਭਾ ਰਿਹਾ ਪਰਵਿੰਦਰ ਨਾਲੋ ਨਾਲ ਗਾਇਕੀ ਨੂੰ ਵੀ ਸ਼ੌਕ ਦੇ ਕਬੂਤਰਾਂ ਵਾਂਗ ਪਾਲਦਾ ਆ ਰਿਹਾ ਹੈ। ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੋਦ 'ਚ ਵਸੇ ਪਿੰਡ ਮੂਧਲ ਵਿੱਚ ਪਿਤਾ ਸ੍ਰ: ਜਰਨੈਲ ਸਿੰਘ (ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ), ਮਾਤਾ ਸ੍ਰੀਮਤੀ ਨਿਰਮਲ ਕੌਰ ਦੀਆਂ ਅੱਖਾਂ ਦਾ ਤਾਰਾ ਪਰਵਿੰਦਰ ਪਤਨੀ ਰਾਜਵਿੰਦਰ ਕੌਰ, ਬੱਚਿਆਂ ਗੁਰਅਸੀਸ ਕੌਰ ਤੇ ਗੁਰਸਿਦਕ ਸਿੰਘ ਨਾਲ ਆਪਣੀ ਜ਼ਿੰਦਗੀ ਦਾ ਲੁਤਫ਼ ਲੈ ਰਿਹਾ ਹੈ। ਐੱਮ. ਏ. (ਰਾਜਨੀਤੀ ਸ਼ਾਸ਼ਤਰ) ਅਤੇ ਬੀ. ਐੱਡ. ਵਿੱਦਿਅਕ ਯੋਗਤਾ ਦਾ ਮਾਲਕ ਆਲ ਇੰਡੀਆ ਬਾਸਕਟਬਾਲ ਦਾ ਸਿਰ ਕੱਢਵਾਂ ਖਿਡਾਰੀ ਵੀ ਰਿਹਾ ਹੈ। ਸੰਗੀਤਕ ਖੇਤਰ ਵਿੱਚ ਆਪਣੀ ਪਛਾਣ ਪਿੱਛੇ ਜਿੱਥੇ ਉਹ ਸਖ਼ਤ ਮਿਹਨਤ ਦਾ ਜ਼ਿਕਰ ਕਰਦਾ ਹੈ ਉੱਥੇ ਉਹ ਉਸਤਾਦ ਸ਼ਾਇਰ ਸਰਦਾਰ ਜਸਪਾਲ ਸੂਸ ਨੂੰ ਆਪਣਾ ਰਾਹ ਦਰਸਾਵਾ ਮੰਨਦਾ ਹੈ, ਜਿਹਨਾਂ ਨੇ ਉਂਗਲ ਫੜ੍ਹ ਕੇ ਸੰਗੀਤ ਦੀਆਂ ਗਲੀਆਂ ਦਾ ਭ੍ਰਮਣ ਕਰਵਾਇਆ ਅਤੇ ਨਿਰੰਤਰ ਕਰਵਾ ਰਹੇ ਹਨ। ਆਪਣੇ ਮੌਜ਼ੂਦਾ ਮੁਕਾਮ ਤੱਕ ਪਹੁੰਚਣ ਲਈ ਉਹ ਸਰਕਾਰੀਆ ਮਾਡਲ ਸਕੂਲ ਮੂਧਲ ਨੂੰ ਪਹਿਲੀ ਪੌੜੀ ਵਜੋਂ ਮੱਥਾ ਟੇਕਦਾ ਹੈ, ਜਿੱਥੇ ਉਸਨੇ ਸ੍ਰੀਮਤੀ ਮਲਵਿੰਦਰ ਕੌਰ ਜੀ ਦੀ ਹੱਲਾਸ਼ੇਰੀ ਨਾਲ "ਵੀਰਾ ਤੂੰ ਕਿਉਂ ਡੋਲਦਾ ਵੇ, ਬਾਬਲ ਸਰਦਾਰ ਤੇਰੇ ਨਾਲ ਵੇ" ਗੀਤ ਗਾ ਕੇ ਆਪਣੇ ਗਾਇਕੀ ਸਫ਼ਰ ਦਾ ਪਹਿਲਾ ਕਦਮ ਪੁੱਟਿਆ ਸੀ। ਬਾਲ-ਵਰੇਸ ਤੋਂ ਗਾਉਂਦਾ ਆ ਰਿਹਾ ਪਰਵਿੰਦਰ ਮੂਧਲ ਆਪਣੀ ਆਵਾਜ਼ ਅਤੇ ਰਿਆਜ਼ ਸਦਕਾ ਗਾਇਕ ਵਜੋਂ ਵੱਡੀ ਰਾਸ਼ੀ ਵਸੂਲਣ ਦਾ ਦਮ ਵੀ ਰੱਖਦਾ ਹੈ, ਪਰ ਉਸਦਾ ਕਹਿਣਾ ਹੈ ਕਿ "ਮੈਂ ਆਪਣੀ ਰੋਜ਼ੀ ਰੋਟੀ ਲਈ ਇੱਕ ਅਧਿਆਪਕ ਵਜੋਂ ਬੇਹੱਦ ਸੰਤੁਸ਼ਟ ਹਾਂ। ਬੱਚਿਆਂ ਦਾ ਸਮਾਂ ਖਾ ਕੇ ਮੈਂ ਗਾਇਕੀ ਨੂੰ ਵੀ ਕਲੰਕਿਤ ਨਹੀਂ ਕਰਨਾ ਚਾਹੁੰਦਾ। ਸੰਗੀਤਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਮੈਂ ਆਪਣੇ ਵਿਹਲੇ ਸਮੇਂ ਵਿੱਚੋਂ ਕਰਦਾ ਹਾਂ।" ਸਿਰਫ ਪਰਵਿੰਦਰ ਹੀ ਨਹੀਂ ਸਗੋਂ ਉਸਦਾ ਭਾਣਜਾ ਵੀ ਗਾਇਕ ਅਨਮੋਲ ਆਸ਼ਟ ਦੇ ਨਾਂਅ ਨਾਲ ਧੁੰਮਾਂ ਪਾਉਂਦਾ ਆ ਰਿਹਾ ਹੈ। ਬੀ ਐੱਡ 'ਚ ਪੜ੍ਹਦਿਆਂ ਆਪਣੇ ਸਾਥੀ ਰਾਮ ਲੁਭਾਇਆ ਅਤੇ ਮਨਦੀਪ ਨਾਲ ਯੂਨੀਵਰਸਿਟੀ ਪੱਧਰ ਤੱਕ ਰਾਮਗੜ੍ਹੀਆ ਕਾਲਜ਼ ਫਗਵਾੜਾ ਦਾ ਡੰਕਾ ਵਜਾਉਣ ਵਾਲਾ ਪਰਵਿੰਦਰ ਸ੍ਰੋਤਿਆਂ ਦੀ ਝੋਲੀ ਹੁਣ ਤੱਕ "ਹੁਸਨ", ਮੁਕੰਮਲ ਸੀਡੀ ਐਲਬਮ "ਰੌਕ ਐਨ ਰੋਲ", "ਹਾਕੀ ਚੱਕਦੇ", "ਕੌੜਾ ਬੋਲ", "ਸੁੰਨੇ ਸੁੰਨੇ ਰਾਹ" ਪਾ ਚੁੱਕਾ ਹੈ। ਅੱਜਕੱਲ੍ਹ ਪਰਵਿੰਦਰ ਮੂਧਲ ਆਪਣੇ ਅਗਲੇ ਰੋਮਾਂਸਵਾਦੀ ਗੀਤ "ਤੂੰ ਜਾਨ ਮੇਰੀ" ਦੀਆਂ ਤਿਆਰੀਆਂ ਵੰਝਲੀ ਰਿਕਾਰਡਜ਼, ਐੱਚ ਐੱਸ ਔਲਖ ਅਤੇ ਸਰਦਾਰ ਜਸਪਾਲ ਸੂਸ ਦੀ ਮਾਣਮੱਤੀ ਅਗਵਾਈ ਵਿੱਚ ਕਰ ਰਿਹਾ ਹੈ। ਨੇਕ ਨੀਅਤ, ਸਫ਼ਲਤਾ ਨੂੰ ਜਾਂਦੇ ਰਾਹ ਦਾ ਮੀਲ ਪੱਥਰ ਮੰਨੀ ਜਾਂਦੀ ਹੈ। ਪਰਵਿੰਦਰ ਮੂਧਲ ਦੀ ਨੀਅਤ ਦੀ ਪਾਕੀਜ਼ਗੀ ਉਸਦੇ ਸੁਪਨੇ ਸਾਕਾਰ ਜ਼ਰੂਰ ਕਰੇਗੀ।