150ਵੇਂ ਜਨਮ ਦਿਨ 'ਤੇ ਵਿਸ਼ੇਸ਼ : ਸੁਪਨਿਆਂ ਵਾਲੇ ਸਮਾਜ ਲਈ ਜੂਝਣ ਵਾਲਾ ਅਣਥੱਕ ਯੋਧਾ - ਹਰੀਸ਼ ਪੁਰੀ

ਬਾਬਾ ਸੋਹਣ ਸਿੰਘ ਭਕਨਾ ਜਿਨ੍ਹਾਂ ਦਾ 150ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ, ਦਾ ਮੁਲਕ ਦੀ ਆਜ਼ਾਦੀ ਦੀ ਤਹਿਰੀਕ ਵਿਚ ਉੱਚ-ਦੁਮਾਲੜਾ ਮੁਕਾਮ ਹੈ। ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਅੰਗਰੇਜ਼ਾਂ ਨੂੰ ਮੁਲਕ ਵਿਚੋਂ ਖਦੇੜਨ ਅਤੇ ਆਪਣੇ ਇਨਕਲਾਬੀ ਸੁਪਨਿਆਂ ਵਾਲਾ ਸਮਾਜ ਸਿਰਜਣ ਲਈ ਵੱਡਾ ਹੰਭਲਾ ਮਾਰਿਆ।
      ਸੰਨ 1967-68 ਦੌਰਾਨ ਬਾਬਾ ਸੋਹਣ ਸਿੰਘ ਭਕਨਾ ਨਾਲ ਮੇਰਾ ਮੇਲ-ਮਿਲਾਪ ਰਿਹਾ। ਮੇਰੇ ਮਨ 'ਤੇ ਬਾਬਾ ਜੀ ਦੀ ਜੋ ਪੱਕੀ ਤਸਵੀਰ ਬਣੀ, ਉਹ ਗਹਿਰ-ਗੰਭੀਰ ਨਿਰਮਾਣਤਾ ਦੇ ਪੁੰਜ ਦੀ ਤਸਵੀਰ ਹੈ। ਉਹ ਗ਼ਦਰ ਪਾਰਟੀ ਦੇ ਬਾਨੀ-ਪ੍ਰਧਾਨ ਸਨ। ਨੇਕ ਇਨਸਾਨ ਤੇ ਇਨਕਲਾਬੀ ਵਜੋਂ ਹਰ ਕੋਈ ਉਨ੍ਹਾਂ ਦਾ ਬੇਹੱਦ ਸਤਿਕਾਰ ਤੇ ਪਿਆਰ ਕਰਦਾ ਸੀ। ਸਾਰੀ ਜ਼ਿੰਦਗੀ ਦੀ ਘਾਲਣਾ ਕਰਕੇ ਉਨ੍ਹਾਂ ਦੀ ਪਿੱਠ ਕਮਾਨ ਵਾਂਗ ਮੁੜ ਚੁੱਕੀ ਸੀ। ਉਦੋਂ ਉਹ ਬੜੇ ਬਿਰਧ ਹੋ ਚੁੱਕੇ ਸਨ। ਉਨ੍ਹਾਂ ਦੇ ਉਚਰੇ ਧੀਮੇ ਬੋਲ ਸੁਣਨ ਵਾਲੇ ਨੂੰ ਕੀਲ ਲੈਂਦੇ ਤੇ ਇੰਜ ਲੱਗਦਾ ਕਿ ਉਹ ਆਪਾ ਪਛਾਣਨ, ਸਮਾਜ ਤੇ ਸਿਆਸਤ ਨੂੰ ਬਦਲਣ ਲਈ ਉਨ੍ਹਾਂ ਨੂੰ ਪ੍ਰੇਰ ਰਹੇ ਹਨ। ਗ਼ਦਰ ਲਹਿਰ ਵਿਚ ਉਨ੍ਹਾਂ ਨਾਲ ਮੁੱਢ ਤੋਂ ਨਾਲ ਰਹੇ ਪ੍ਰਿਥਵੀ ਸਿੰਘ ਆਜ਼ਾਦ ਨੇ ਮੇਰੇ ਕੋਲ ਦਰਜ ਕਰਵਾਏ ਇੰਟਰਵਿਊ ਵਿਚ ਬਾਬਾ ਜੀ ਬਾਰੇ ਤੇ ਭਾਈ ਵਸਾਖਾ ਸਿੰਘ, ਭਾਈ ਜਵਾਲਾ ਸਿੰਘ ਤੇ ਭਾਈ ਸੰਤੋਖ ਸਿੰਘ ਹੁਰਾਂ ਦੀ ਗੱਲ ਕਰਦਿਆਂ ਸਿਰ ਨਿਵਾ ਕੇ ਹੌਲੀ ਜਿਹੀ ਆਖਿਆ ਸੀ: ''ਉਹ ਤਾਂ ਤਪੀਸ਼ਰ ਸਨ। ਇਨਸਾਨੀਅਤ ਦੇ ਲੇਖੇ ਲੱਗੀਆਂ ਨੇਕ ਰੂਹਾਂ।'' ਪ੍ਰੋਫੈਸਰ ਰਣਧੀਰ ਸਿੰਘ ਨੇ ਸ਼ਾਇਦ ਪਹਿਲੀ ਵਾਰ ਗ਼ਦਰੀਆਂ ਨੂੰ ਕੋਲ ਬਿਠਾ ਕੇ ਉਨ੍ਹਾਂ ਦੀਆਂ ਗੱਲਾਂ ਲਿਖ ਕੇ ਸੰਨ '45 ਵਿਚ ਅੰਗਰੇਜ਼ੀ ਵਿਚ ਕਿਤਾਬਚਾ ਛਾਪਿਆ ਸੀ: “Ghadar Heroes : A Forgotten Story of the Punjab Revoloutionaries of 1914-15'' ਰਣਧੀਰ ਸਿੰਘ ਨੇ ਲਿਖਿਆ ਸੀ ਕਿ ਉਹ ਗ਼ਦਰੀ 'ਦਿਓ ਕੱਦ ਬੰਦੇ' ਸਨ।
     ਹੁਣ ਐਨੇ ਸਾਲ ਮਗਰੋਂ ਮੈਨੂੰ ਇਹ ਜਾਣ ਕੇ ਬੜਾ ਚਾਅ ਚੜ੍ਹਿਆ ਕਿ ਅਮਰਜੀਤ ਚੰਦਨ ਨੇ ਬਰਲਿਨ ਜਾ ਕੇ ਉੱਥੋਂ ਦੇ ਮਿਸਲਖਾਨੇ ਵਿਚੋਂ ਬਾਬਾ ਸੋਹਣ ਸਿੰਘ ਜੀ ਦੀ ਉਰਦੂ ਹੱਥ-ਲਿਖਤ ''ਮੇਰੀ ਜਗਤ ਯਾਤਰਾ ਮੇਂ ਆਂਖੋਂ ਦੇਖੀ ਔਰ ਮੇਰੀ ਆਪ ਬੀਤੀ'' ਲੱਭੀ ਹੈ। ਇਸ ਲਿਖਤ ਦੇ ਅਖੀਰ ਵਿਚ ਉਨ੍ਹਾਂ ਆਪਣੇ ਦਸਤਖ਼ਤ ਵੀ ਕੀਤੇ ਹੋਏ ਹਨ। ਇਹਦੀ ਸ਼ੁਰੂ ਤੋਂ ਇਬਾਰਤ ਤੋਂ ਲੱਗਦਾ ਹੈ ਕਿ ਇਹ ਕਿਸੇ ਵੱਡੇ ਬੰਦੇ ਦੇ ਆਖਣ 'ਤੇ ਭਾਰਤ ਦੀ ਆਜ਼ਾਦੀ ਲਹਿਰ ਦੇ ਇਤਿਹਾਸ ਵਾਸਤੇ ਉਨ੍ਹਾਂ ਸੰਨ '49 ਤੇ '51 ਦੌਰਾਨ ਲਿਖੀ ਸੀ। ਬਾਬਾ ਜੀ ਦੀ ਮਿੰਨਤ ਕਰਨ ਵਾਲਾ ਇਹ ਜਣਾ ਵੀਹ ਵਿਸਵੇ ਕਾਮਰੇਡ ਪੀ.ਸੀ. (ਪੂਰਨ ਚੰਦ) ਜੋਸ਼ੀ ਹੀ ਹੋਣਾ ਹੈ। ਬਰਲਿਨ ਵਾਲੇ ਕਾਗਜ਼ਾਂ ਵਿਚ ਪੁਰਾਣੀ ਕਿਸਮ ਦੀ ਆਵਾਜ਼ ਭਰਨ ਵਾਲੀ ਫੀਤੇ ਵਾਲੀ ਰੀਲ ਵੀ ਚੰਦਨ ਦੇ ਹੱਥ ਲੱਗੀ। ਇਹ ਬਾਬਾ ਜੀ ਦੀਆਂ ਪੀ.ਸੀ. ਜੋਸ਼ੀ ਨਾਲ ਕੀਤੀਆਂ ਗੱਲਾਂ ਹਨ। ਉਸ ਰੀਲ ਦੀ ਬੜੇ ਯਤਨਾਂ ਵਾਲ ਵੀਹ ਕੁ ਮਿੰਟ ਦੀ ਡੀ.ਵੀ.ਡੀ. ਬਣਵਾ ਕੇ ਚਲਾਈ, ਤਾਂ ਬਾਬਾ ਸੋਹਣ ਸਿੰਘ ਦੀ ਓਹੀ ਆਵਾਜ਼ ਸੁਣਾਈ ਦਿੱਤੀ। ਉਹ ਉਸੇ ਤਰ੍ਹਾਂ ਹੌਲੀ-ਹੌਲੀ ਬੜੀ ਸਾਫ਼ ਵਾਣੀ ਵਿਚ ਹਿੰਦੁਸਤਾਨੀ ਵਿਚ ਗ਼ਦਰ ਲਹਿਰ ਦੀਆਂ ਮੁੱਢ ਤੋਂ ਆਪਣੇ ਅੱਖੀਂ ਦੇਖੀਆਂ ਹੱਡੀਂ ਬੀਤੀਆਂ ਦੱਸ ਰਹੇ ਹਨ : ਆਪਣੀਆਂ ਯਾਦਾਂ ਨੂੰ ਉਹ ਕੌਮੀ ਸਰਮਾਇਆ ਜਾਣ ਕੇ ਇਤਿਹਾਸਕਾਰਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਪੁਰਦ ਕਰਦਿਆਂ ਉਨ੍ਹਾਂ ਨੂੰ ਕਿੰਨੀ ਖੁਸ਼ੀ ਹੋ ਰਹੀ ਹੈ। ਸਾਨੂੰ ਇਹ ਪੱਕਾ ਹੋ ਗਿਆ ਕਿ ਬਾਬਾ ਜੀ ਦੀ ਬਰਲਿਨ ਵਾਲੀ ਲਿਖਤ ਤੇ ਬੋਲ-ਬਾਣੀ ਪਹਿਲਾਂ ਕਿਤੇ ਨਸ਼ਰ ਨਾ ਹੋਣ ਕਰਕੇ ਹੁਣ ਤੱਕ ਲੋਕਾਂ ਦੇ ਧਿਆਨ 'ਚ ਨਹੀਂ ਸੀ ਆਈ।
      ਇਸ ਲਿਖਤ ਦੇ ਲੱਭਣ ਦੀ ਰਤਾ ਹੈਰਾਨੀ ਵੀ ਹੋਈ, ਕਿਉਂਕਿ ਸਾਨੂੰ ਪਹਿਲਾਂ ਬਾਬਾ ਸੋਹਣ ਸਿੰਘ ਜੀ ਦੀਆਂ ਵੱਖ-ਵੱਖ ਵੇਲੇ ਲਿਖੀਆਂ ਤਿੰਨ ਆਪ-ਬੀਤੀਆਂ ਦਾ ਹੀ ਇਲਮ ਸੀ। ਪਹਿਲੀ ਲਾਹੌਰ ਸੈਂਟਰਲ ਜੇਲ੍ਹ ਵਿਚ ਲਿਖੀ ''ਮੇਰੀ ਰਾਮ ਕਹਾਣੀ'' ਲੜੀਵਾਰ ਕਿਸ਼ਤਾਂ ਵਿਚ ਅਕਾਲੀ ਤੇ ਪਰਦੇਸੀ ਅਖ਼ਬਾਰ ਵਿਚ 14 ਮਈ, 1930 ਤੋਂ ਲੈ ਕੇ ਜਨਵਰੀ, 1931 ਤੱਕ ਛਪਦੀ ਰਹੀ ਸੀ। 14 ਮਈ ਤੋਂ 2 ਨਵੰਬਰ 1930 ਤੱਕ ਦੀਆਂ ਕਿਸ਼ਤਾਂ ਦੀ ਲੜੀ ਕਿਸੇ ਗੱਲੋਂ ਟੁੱਟਣ ਕਰਕੇ ਨੌਂ ਮਹੀਨਿਆਂ ਦਾ ਖੱਪਾ ਹੈ। ਬਾਬਾ ਜੀ ਦੀ ਰਾਮ ਕਹਾਣੀ ਫ਼ਾਰਸੀ ਅੱਖਰਾਂ ਵਿਚ ਉਰਦੂ 'ਚ ਲਿਖੀ ਸੀ। ਪੂਰੇ 159 ਸਫ਼ਿਆਂ ਦੀ ਰਾਮ ਕਹਾਣੀ ਨੂੰ ਇਕ ਜਿਲਦ ਵਿਚ ਛਪਵਾਉਣਾ ਸਿਦਕ ਤੇ ਸੇਵਾ ਵਾਲਾ ਕੰਮ ਹੈ। ਸਤਾਸੀ ਸਫ਼ਿਆਂ ਦੀ ਇਕ ਹੋਰ ਆਪ ਬੀਤੀ ''ਜੀਵਨ ਸੰਗਰਾਮ: ਆਤਮ ਕਥਾ'' ਮਲਵਿੰਦਰਜੀਤ ਸਿੰਘ ਨੇ 1967 ਵਿਚ ਯੁਵਕ ਕੇਂਦਰ ਦੀ ਤਰਫੋਂ ਛਾਪੀ ਸੀ। ਬਾਬਾ ਜੀ ਦੀ ਉਰਦੂ 'ਚ ਹੀ ਲਿਖੀ ਹੋਈ ਤੀਸਰੀ ਆਪ ਬੀਤੀ ''ਦਾਸਤਾਨ-ਏ-ਜ਼ਿੰਦਗੀ'' ਜਲੰਧਰ ਵਾਲੀ ਦੇਸ਼ ਭਗਤ ਯਾਦਗਾਰ ਵਿਚ ਪਈ ਹੈ। ਉਰਦੂ ਵਿਚ ਉੱਨੀ ਸਫ਼ਿਆਂ ਦੀ ਇਕ ਹੋਰ ਹੱਥ ਲਿਖਤ ਹੈ, ਜਿਸ ਵਿਚ ਸੰਨ 1915 ਵਾਲੇ ਲਾਹੌਰ ਸਾਜ਼ਿਸ਼ ਕੇਸ ਵਿਚ ਫ਼ਾਂਸੀ ਲੱਗੇ ਸੱਤ ਸ਼ਹੀਦਾਂ ਦੇ ਜੀਵਨ ਬਿਰਤਾਂਤ ਹਨ। ਇਹ ਹੈ ਤਾਂ ਅਜੀਬ ਗੱਲ ਕਿ ਬਾਬਾ ਜੀ ਨੇ ਆਪਣੀ ਕਲਮ ਨਾਲ ਇਹੋ ਕਹਾਣੀ ਚਾਰ ਵਾਰੀ ਕਿਉਂ ਲਿਖੀ ਤੇ ਨਾਲ ਇਹਦਾ ਕਾਰਨ ਵੀ ਨਾ ਦੱਸਿਆ। ਫੇਰ ਜਦ ਇਹ ਬਰਲਿਨ ਵਾਲੀ ਹੁਣ ਤੱਕ ਬਾਬਾ ਜੀ ਦੇ ਆਪਣੇ ਦਸਤਖ਼ਤਾਂ ਵਾਲੀ ਲੁਕੀ ਰਹੀ ਹੱਥ ਲਿਖਤ ਦਾ ਪਤਾ ਲੱਗਿਆ, ਤਾਂ ਇਹ ਫੈਸਲਾ ਕਰਨਾ ਜ਼ਰੂਰੀ ਸੀ ਕਿ ਇਹਨੂੰ ਕਿਤਾਬ ਦੀ ਸ਼ਕਲ ਵਿਚ ਛਾਪਣਾ ਚਾਹੀਦਾ ਹੈ ਜਾਂ ਨਹੀਂ।
       ਅਮਰਜੀਤ ਚੰਦਨ ਨੇ ਇਸ ਬਾਬਤ ਆਪਣੇ ਮਿੱਤਰਾਂ ਤੇ ਇਤਿਹਾਸਕਾਰਾਂ ਨਾਲ ਸਲਾਹ ਕੀਤੀ। ਬਾਬਾ ਸੋਹਣ ਸਿੰਘ ਦੀਆਂ ਚਾਰੇ ਆਪ ਬੀਤੀਆਂ ਪੜ੍ਹਿਆਂ ਪਤਾ ਲੱਗ ਜਾਂਦਾ ਹੈ ਕਿ ਚਹੁੰਆਂ ਵਿਚ ਥੋੜ੍ਹੇ ਬਹੁਤ ਫ਼ਰਕ ਨਾਲ ਵਿਚਲੀ ਗੱਲ ਤਾਂ ਇਕੋ ਹੀ ਕੀਤੀ ਹੋਈ ਹੈ, ਪਰ ਗੱਲ ਕਰਨ ਦਾ ਢੰਗ ਇਕੋ ਜਿਹਾ ਨਹੀਂ। ਬਾਬਾ ਜੀ ਨੇ ਸਾਰੀ ਰਾਮ ਕਹਾਣੀ ਦੇ ਘਟਨਾਵਾਂ ਦੇ ਵੱਖ-ਵੱਖ ਪੱਖ ਵੀ ਇਕੋ ਤਰ੍ਹਾਂ ਨਹੀਂ ਉਘਾੜੇ। ਪਹਿਲਾਂ ਇਹ ਫ਼ੈਸਲਾ ਹੋਇਆ ਕਿ ਬਾਬਾ ਜੀ ਦੀ ਉਰਦੂ ਦੀ ਲਿਖਤ ਦਾ ਪੰਜਾਬੀ ਲਿਪੀਅੰਤਰ ਕਰਵਾ ਲਿਆ ਜਾਵੇ ਤੇ ਬੋਲੀ ਉਰਦੂ ਹੀ ਰੱਖੀ ਜਾਵੇ। ਮੰਨਿਆ-ਪ੍ਰਮੰਨਿਆ ਲਿਖਾਰੀ ਤੇ ਉਰਦੂਦਾਨ ਪ੍ਰੇਮ ਪ੍ਰਕਾਸ਼ ਇਹ ਕੰਮ ਕਰਨ ਨੂੰ ਰਾਜ਼ੀ ਹੋ ਗਿਆ। ਲਿਪੀਅੰਤਰ ਪੜ੍ਹ ਕੇ ਲੱਗਿਆ ਕਿ ਇਹਦਾ ਪੰਜਾਬੀ ਉਲੱਥਾ ਹੀ ਹੁਣ ਦੇ ਪਾਠਕਾਂ ਨੂੰ ਚੰਗਾ ਲੱਗੇਗਾ, ਤੇ ਪੰਜਾਬੀ ਉਲੱਥਾ ਚੰਦਨ ਨਾਲੋਂ ਬਿਹਤਰ ਹੋਰ ਕਿਹਨੇ ਕਰ ਸਕਣਾ ਸੀ?
      ਇਸ ਆਪ-ਬੀਤੀ ਵਿਚ ਬਾਬਾ ਸੋਹਣ ਸਿੰਘ ਆਪਣੀ ਛੱਬੀ ਸਾਲਾਂ ਦੀ ਵਰੇਸ ਵਿਚ ਨਾਮਧਾਰੀ ਸੰਤ ਬਾਬਾ ਕੇਸਰ ਸਿੰਘ ਨਾਲ ਹੋਈ ਸੰਗਤ ਤੋਂ ਸ਼ੁਰੂ ਕਰਦੇ ਹਨ, ਜਿਨ੍ਹਾਂ ਦੀ ਮਿਕਨਾਤੀਸੀ ਸ਼ਖ਼ਸੀਅਤ ਦਾ ਉਨ੍ਹਾਂ 'ਤੇ ਰੂਹਾਨੀ ਅਸਰ ਪਿਆ। ਬਾਬਾ ਜੀ ਬੜਾ ਬਾਰੀਕ ਫ਼ਰਕ ਬਿਆਨ ਕਰਦੇ ਹਨ :
       ਨਾਮਧਾਰੀ ਲਹਿਰ ਵਿਚ ਦੋ ਖ਼ਿਆਲਾਂ ਦੇ ਮੈਂਬਰ ਸਨ। ਇਕ ਆਜ਼ਾਦ ਖ਼ਿਆਲ, ਜੋ ਛੂਤ-ਛਾਤ ਤੇ ਫ਼ਿਰਕਾਪ੍ਰਸਤੀ ਤੋਂ ਦੂਰ ਸਨ। ਦੂਸਰੇ, ਸ਼ਰੱਈ, ਜੋ ਛੂਤ-ਛਾਤ ਤੇ ਫ਼ਿਰਕਾਪ੍ਰਸਤੀ ਵਿਚ ਜਕੜੇ ਹੋਏ ਸਨ। ਬਾਬਾ ਕੇਸਰ, ਆਜ਼ਾਦ-ਖ਼ਿਆਲ ਤੇ ਫ਼ਿਰਕਾਪ੍ਰਸਤੀ ਤੋਂ ਦੂਰ ਸਨ। ਹਿੰਦੂ, ਮੁਸਲਿਮ, ਸਿੱਖ, ਈਸਾਈ ਤਮਾਮ ਇਨਸਾਨ ਉਨ੍ਹਾਂ ਦੀ ਨਜ਼ਰ ਵਿਚ ਇਕ ਤੇ ਭਾਈ ਭਾਈ ਸਨ। ਇਹੀ ਵਜ੍ਹਾ ਸੀ ਕਿ ਨਾਮਧਾਰੀ ਹੁੰਦਿਆਂ ਵੀ ਮੇਰੇ 'ਤੇ ਛੂਤ-ਛਾਤ ਤੇ ਫ਼ਿਰਕਾਪ੍ਰਸਤੀ ਦਾ ਅਸਰ ਨਾ ਸੀ।
       ਬਾਬਾ ਜੀ ਨੇ ਇਹ ਵੀ ਲਿਖਆ ਕਿ ਮਹਾਰਾਜ ਰਾਮ ਸਿੰਘ ਦੇ ਵੇਲੇ ਦੇ ਨਾਮਧਾਰੀਆਂ ਵਿਚ ਦੇਸ਼ਭਗਤੀ ਕੁਟ-ਕੁਟ ਕੇ ਭਰੀ ਹੋਈ ਸੀ। ਉਨ੍ਹਾਂ ਦਾ ਅਖ਼ਲਾਕ ਵੀ ਉੱਚਾ ਸੀ, ਚੋਰੀ-ਠੱਗੀ ਵਗੈਰਾ ਦੀਆਂ ਬੁਰੀਆਂ ਆਦਤਾਂ ਨਹੀਂ ਸਨ, ਆਮ ਤੌਰ 'ਤੇ ਝੂਠ ਵੀ ਨਹੀਂ ਬੋਲਦੇ ਸਨ। ਮੈਂ ਉਨ੍ਹਾਂ ਕੋਲੋਂ ਦੇਸ਼ਭਗਤੀ ਤੇ ਕੁਰਬਾਨੀ ਬਾਰੇ ਬਹੁਤ ਕੁਝ ਸਿਖਿਆ, ਜਿਸ ਦੇ ਲਈ ਅੱਜ ਤੱਕ ਮਸ਼ਕੂਰ ਹਾਂ।
      ਬਾਬਾ ਜੀ ਨੇ ਆਪਣੇ 'ਤੇ ਪਏ ਇਕ ਹੋਰ ਵੱਡੇ ਅਸਰ ਦਾ ਵੇਰਵਾ ਸੰਨ 1907 ਵਿਚ ਸਰਦਾਰ ਅਜੀਤ ਸਿੰਘ ਦੀ ਪਗੜੀ ਸੰਭਾਲ ਲਹਿਰ ਬਾਬਤ ਪਾਇਆ ਹੈ। ਇਸ ਜਨਤਕ ਉਭਾਰ ਬਾਰੇ ਲਿਖਦੇ ਹਨ :
      ਭਾਵੇਂ ਇਸ ਲਹਿਰ ਨੂੰ ਦਬਾਅ ਤਾਂ ਦਿੱਤਾ ਗਿਆ, ਪਰ ਕੌਮੀ ਐਜੀਟੇਸ਼ਨ ਕਦੀ ਡੰਡੇ ਦੇ ਜ਼ੋਰ ਖ਼ਤਮ ਨਹੀਂ ਕੀਤੀ ਜਾ ਸਕਦੀ। ਫ਼ਰਕ ਸਿਰਫ਼ ਇਹੀ ਹੁੰਦਾ ਹੈ ਕਿ ਐਜੀਟੇਸ਼ਨ ਦੀ ਅੱਗ ਜ਼ਾਹਿਰਾ ਤੌਰ 'ਤੇ ਤਾਂ ਦਬ ਜਾਂਦੀ ਹੈ, ਪਰ ਕੌਮ ਦੇ ਦਿਲਾਂ ਵਿਚ ਸੁਲਘਣ ਲੱਗਦੀ ਹੈ। ਇਹ ਇਕ ਦਿਨ ਖ਼ਤਰਨਾਕ ਸੂਰਤ ਇਖ਼ਤਿਆਰ ਕਰ ਲੈਂਦੀ ਹੈ।
      ਆਪ ਨੂੰ ਇਸ ਮੁੱਢਲੇ ਅਸਰ ਵਿਚ ਆਪਣੀ ਅਖ਼ਲਾਕੀ ਸਚੇਤਨਾ ਤੇ ਦੇਸ਼ਭਗਤੀ ਦੇ ਜਜ਼ਬੇ ਦੀ ਬੀਜ ਨਜ਼ਰ ਆਉਂਦੇ ਸਨ। ਇਸੇ ਸਦਕੇ ਬਾਬਾ ਜੀ ਅਮਰੀਕਾ ਵਿਚ ਗ਼ਦਰ ਪਾਰਟੀ ਦੇ ਸਿਰਕੱਢ ਆਗੂ ਬਣੇ।
       ਅਮਰੀਕਾ, ਕੈਨੇਡਾ ਵਿਚ ਆਵਾਸੀ ਹਿੰਦੀ ਕਾਮਿਆਂ ਨੂੰ ਸਿਆਸੀ ਸੁਰਤ ਆਉਣ 'ਤੇ ਗ਼ਦਰ ਪਾਰਟੀ ਦੇ ਬੱਝਣ ਦਾ ਪਿਛੋਕੜ ਦੱਸਦਿਆਂ ਬਾਬਾ ਜੀ ਕਈ ਪੱਖ ਤੇ ਉਨ੍ਹਾਂ ਨਾਲ ਜੁੜੀਆਂ ਪੇਚੀਦਗੀਆਂ ਬਿਆਨ ਕਰਦੇ ਹਨ। ਹਿੰਦੀ ਕਾਮਿਆਂ ਨਾਲ ਹੁੰਦੀ ਨਸਲੀ ਬਦਸਲੂਕੀ ਤੇ ਹਮਲਿਆਂ ਕਰਕੇ ਜਾਗਿਆ ਰੋਹ ਇਕ ਪੱਖ ਸੀ।
      ਹਿੰਦੀ ਦੁਨੀਆਂ ਭਰ ਵਿਚ ਸਭ ਤੋਂ ਮਾੜੇ ਗ਼ੁਲਾਮ ਸਮਝੇ ਜਾਂਦੇ ਸਨ। 'ਹਿੰਦੂ ਸਲੇਵ' ਬੁਲਾ ਕੇ ਮਾਖੌਲ ਕੀਤਾ ਜਾਂਦਾ, 30 ਕਰੋੜ ਹੁੰਦਿਆਂ ਵੀ ਥੋੜ੍ਹੇ ਜਿਹੇ ਜ਼ਾਲਿਮ ਵਿਦੇਸ਼ੀ ਅੰਗਰੇਜ਼ਾਂ ਦਾ ਵਿਰੋਧ ਨਾ ਕਰਨਾ, 'ਤੀਸ ਕਰੋੜ ਬੰਦੇ ਕਿ ਭੇਡਾਂ' ਵਰਗੇ ਤਾਹਨਿਆਂ ਕਾਰਨ ਇਹ ਅਹਿਸਾਸ ਪੈਦਾ ਹੋਇਆ ਕਿ ਸਾਡੀ ਕੌਮੀ ਹਸਤੀ ਕੀ ਹੈ ਅਤੇ ਜ਼ਲੀਲ ਕਿਉਂ ਹੋ ਰਹੇ ਹਾਂ।
       ਸੱਚ ਤਾਂ ਇਹ ਹੈ ਕਿ ਅਮਰੀਕਾ ਤੇ ਕੈਨੇਡਾ ਦੇ ਹਿੰਦੀਆਂ ਨੂੰ ਜ਼ਮਾਨੇ ਦੇ ਲਫੇੜਿਆਂ ਨੇ ਜਗਾਇਆ। ਹਿੰਦੀਆਂ 'ਤੇ ਅਮਰੀਕਾ ਦੀ ਆਜ਼ਾਦ ਹਵਾ ਦਾ, ਅਮਰੀਕਾ ਦੀ ਆਪਣੀ ਜੰਗ-ਏ-ਆਜ਼ਾਦੀ ਦਾ ਅਤੇ ਦੁਨੀਆਂ ਭਰ ਦੇ ਵਿਚ ਹੋ ਰਹੇ ਇਨਕਲਾਬ ਦੇ ਅਸਰ ਦਾ ਖਾਸ ਜ਼ਿਕਰ ਕੀਤਾ ਹੈ। ૴ਚੀਨ ਦਾ ਇਨਕਲਾਬ ਤਾਂ ਇਨ੍ਹਾਂ ਸੈਂਕੜੇ ਹਿੰਦੀਆਂ ਨੇ, ਜਿਹੜੇ 1911 ਵਿਚ ਚੀਨ ਵਿਚ ਸਨ, ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਸਾਨ ਫਰਾਂਸਿਸਕੋ ਉਸ ਵਕਤ ਦੀਆਂ ਸਾਰੀਆਂ ਇਨਕਲਾਬੀ ਪਾਰਟੀਆਂ-ਆਇਰਿਸ਼, ਚੀਨੀ, ਰੂਸੀ ਆਦਿ ਦਾ ਮਰਕਜ਼ ਸੀ, ਸਭ ਆਪਣੇ ਦਫਤਰ ਤੋਂ ਆਪਣੇ ਮੁਲਕ ਦੀ ਆਜ਼ਾਦੀ ਲਈ ਕੰਮ ਕਰ ਰਹੀਆਂ ਸਨ। ਹਿੰਦੀ ਇਨਕਲਾਬੀਆਂ ਤੇ ਵਿਦਿਆਰਥੀਆਂ ਦਾ ਉਨ੍ਹਾਂ ਨਾਲ ਮੇਲ-ਜੋਲ ਸੀ।
       ਹਿੰਦੀ ਵਿਦਿਆਰਥੀਆਂ ਤੇ ਇਨਕਲਾਬੀਆਂ ਦਾ ਪਾਇਆ ਯੋਗਦਾਨ ਇਕ ਹੋਰ ਪੱਖ ਸੀ। ਹਿੰਦੀ ਵਿਦਿਆਰਥੀ ਤੇ ਹਿੰਦੀ ਮਜ਼ਦੂਰ ਇਕ-ਦੂਜੇ ਨਾਲ ਮਿਲ ਕੇ, ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੇ ਸਨ। ਦਿਨ ਵਿਚ ਕਰਨ ਵਾਲੇ ਕੰਮ ਤੋਂ ਇਲਾਵਾ ਉਨ੍ਹਾਂ ਨੇ ਮਜ਼ਦੂਰ ਭਾਈਆਂ ਲਈ ਨਾਈਟ ਸਕੂਲ ਖੋਲ੍ਹ ਦਿੱਤੇ ਸਨ, ਜਿਸ ਦਾ ਨਤੀਜਾ ਇਹ ਹੋਇਆ ਕਿ ਅਨਪੜ੍ਹ ਹਿੰਦੀ ਵੀ ਅੰਗਰੇਜ਼ੀ ਸਮਝਣ, ਬੋਲਣ ਤੇ ਕਿਸੇ ਹੱਦ ਤੱਕ ਲਿਖਣਾ ਸਿਖ ਜਾਂਦੇ ਸਨ।
       ਬਾਬਾ ਜੀ ਗ਼ਦਰੀਆਂ ਨੂੰ 'ਅਨਪੜ੍ਹ ਲਾਣਾ' ਦੱਸਣ ਵਾਲਿਆਂ ਦਾ ਖੰਡਨ ਕਰਦਿਆਂ ਕਈ ਗ਼ਦਰੀਆਂ ਦੇ ਨਾਂ ਲੈ ਕੇ ਦੱਸਦੇ ਹਨ ਕਿ ਉਹ ਬਹੁਤ ਪੜ੍ਹੇ-ਲਿਖੇ, ਬੀ.ਏ., ਐਮ.ਏ. ਪਾਸ ਸਨ: ਇਨ੍ਹਾਂ ਦੇ ਆਪਸੀ ਖ਼ਿਆਲਾਂ ਦੇ ਵਿਚਾਰ-ਵਟਾਂਦਰੇ ਦਾ ਅਸਰ ਵੀ ਹੋਇਆ। ਲਾਲਾ ਹਰਦਿਆਲ ਦਾ ਉਹਦੇ ਆਲਿਮਾਨਾ ਲੈਕਚਰਾਂ ਤੇ ਕਲਮ ਦੀ ਸ਼ਕਤੀ ਕਰਕੇ ਅਮਰੀਕਨਾਂ ਤੇ ਹਿੰਦੀ ਵਿਦਿਆਰਥੀਆਂ ਵਿਚ ਬੜਾ ਨਾਂ ਸੀ। ਆਪਣੀ ਸਾਦਾ ਰਹਿਣੀ ਤੇ ਤਿਆਗ ਕਰਕੇ ਉਹ ਹਰ ਕਿਸੇ ਦਾ ਦਿਲ ਜਿੱਤ ਲੈਂਦਾ ਸੀ। ਨਿੱਜੀ ਮੁਫ਼ਾਦ ਪਾਰੋਂ ਕੌਮੀ ਮੁਫ਼ਾਦ ਨੂੰ ਤਰਜੀਹ ਦਿੱਤੀ ਜਾਣ ਲੱਗੀ। ਇਹ ਕਹਿਣਾ ਗਲਤ ਹੈ ਕਿ ਗ਼ਦਰ ਪਾਰਟੀ ਲਾਲਾ ਹਰਦਿਆਲ ਜਾਂ ਕਿਸੇ ਇਕ ਹੋਰ ਬੰਦੇ ਨੇ ਬਣਾਈ, ਇਹ ਤਾਂ ਸਾਰਿਆਂ ਦੀ ਮਜਮੂਈ ਕੋਸ਼ਿਸ਼ ਦਾ ਨਤੀਜਾ ਸੀ।
       ਬਾਬਾ ਸੋਹਣ ਸਿੰਘ ਜੀ ਯੁਗਾਂਤਰ ਆਸ਼ਰਮ ਵਿਚ ਕੋਈ ਵੀਹ ਕੁ ਸੇਵਾਦਾਰਾਂ ਦੇ ਕੀਤੇ ਕੰਮ ਨੂੰ ਬੜੇ ਮਾਣ ਨਾਲ ਯਾਦ ਕਰਦੇ ਲਿਖਦੇ ਹਨ : ''ਮੈਨੂੰ ਅੱਜ ਵੀ ਇਨ੍ਹਾਂ ਸਾਥੀਆਂ ਦੇ ਤਿਆਗ, ਕੁਰਬਾਨੀ ਤੇ ਦੇਸ਼ਭਗਤੀ 'ਤੇ ਰਸ਼ਕ ਆਉਂਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਦੇ ਮਜਮੂਈ ਅਸਰ ਨੇ ਆਜ਼ਾਦੀ ਦੀ ਰੂਹ ਪੈਦਾ ਕਰ ਦਿੱਤੀ।''
         ਅਮਰੀਕਾ ਵਿਚ ਉਸ ਵੇਲੇ ਮੌਜੂਦ ਤਿੰਨ ਕਿਸਮ ਦੇ ਹਿੰਦੀਆਂ ਦੀ ਸਾਂਝੀ ਕੋਸ਼ਿਸ਼ 'ਤੇ ਬਾਬਾ ਜੀ ਦਾ ਦਿੱਤਾ ਜ਼ੋਰ ਉਸ ਸਿਲ 'ਤੇ ਵੀ ਹੈ, ਜੋ ਉਨ੍ਹਾਂ ਆਪਣੇ ਪਿੰਡ 'ਚ ਸੰਨ 1967 ਵਿਚ ਲਾਈ ਸੀ : ''ਗ਼ਦਰ ਪਾਰਟੀ ਹਿੰਦੀ ਮਿਹਨਤਕਸ਼ਾਂ, ਹਿੰਦੀ ਜਲਾਵਤਨਾਂ ਦੇਸ਼ਭਗਤਾਂ ਤੇ ਹਿੰਦੀ ਵਿਦਿਆਰਥੀਆਂ ਦੀ ਮਿਲਵੀਂ ਕੋਸ਼ਿਸ਼ ਦੇ ਸਿੱਟੇ ਵਜੋਂ ਹੋਂਦ ਵਿਚ ਆਈ।'' ਮੁਕੰਮਲ ਆਜ਼ਾਦੀ ਦਾ ਟੀਚਾ ਉਨ੍ਹਾਂ ਸਾਰਿਆਂ ਮਿਲ ਬੈਠ ਕੇ ਵਿਚਾਰਿਆ ਤੇ ਮਿੱਥਿਆ ਸੀ। ਇਹ ਗੱਲ ਧਿਆਨਯੋਗ ਹੈ ਕਿ ਬਾਬਾ ਜੀ ਨੇ ਹਮੇਸ਼ਾ ਲਿਖ ਕੇ, ਬੋਲ ਕੇ ਗ਼ਦਰੀਆਂ ਨੂੰ ਹਿੰਦੀ ਹੀ ਦੱਸਿਆ। ਲਿਖਦੇ ਹਨ : ''ਹਿੰਦੀ ਮਜ਼ਦੂਰ, ਦੁਨੀਆਂ ਵਿਚ ਆਪਣੇ ਆਪ ਨੂੰ ਬੜੀ ਭਾਰੀ ਕੌਮ ਦਾ ਮੈਂਬਰ ਤੇ ਆਪਣੇ ਆਪ ਨੂੰ ਮਜ਼ਬੂਤ ਸਮਝਣ ਲੱਗਾ ਸੀ।'' ਉਹ ਕਿਤੇ ਵੀ ਇਹ ਨਹੀਂ ਆਖਦੇ ਕਿ ਗ਼ਦਰੀ ਸਿੱਖ ਸਨ ਜਾਂ ਹਿੰਦੂ ਜਾਂ ਮੁਸਲਮਾਨ ਸਨ। ਗ਼ਦਰੀਆਂ ਨੇ ਆਪਣੀ ਪਛਾਣ ਧਰਮ ਦੇ ਆਧਾਰ 'ਤੇ ਨਹੀਂ ਸੀ ਬਣਾਈ। ਅਸਲ ਵਿਚ ਉਨ੍ਹਾਂ ਸਾਹਵੇਂ ਕਈ ਧਰਮਾਂ, ਬੋਲੀਆਂ, ਸੰਸਕ੍ਰਿਤੀਆਂ ਤੇ ਜਾਤਾਂ ਦੀ ਮਿਲਵੀਂ ਕੌਮ ਦਾ ਨਕਸ਼ਾ ਸੀ। ਇਤਿਹਾਸਕ ਤੌਰ 'ਤੇ ਗ਼ਦਰ ਪਾਰਟੀ ਦੀ ਇਹ ਸੋਚ ਬਾਕੀ ਸਿਆਸੀ ਲਹਿਰਾਂ ਤੋਂ ਕਿਤੇ ਅਗੇਤਰੀ ਸੀ, ਭਾਵੇਂਕਿ ਉਸ ਵੇਲੇ ਭਾਰਤੀ ਕੌਮ ਦਾ ਤਸੱਵਰ ਏਨਾ ਪੁਖ਼ਤਾ ਨਹੀਂ ਸੀ।
      ਬਾਬਾ ਸੋਹਣ ਸਿੰਘ ਜੀ ਕੈਨੇਡਾ ਵਿਚ ਨਸਲੀ ਵਿਤਕਰੇ ਤੇ ਹਿੰਦੀਆਂ ਦੇ ਆਉਣ 'ਤੇ ਲਾਈਆਂ ਰੋਕਾਂ ਵਿਰੁੱਧ ਪਹਿਲੀਆਂ ਕੀਤੀਆਂ ਕੋਸ਼ਿਸ਼ਾਂ ਅਤੇ ਅਮਰੀਕਾ ਵਿਚ ਚੱਲੀਆਂ ਸਿਆਸੀ ਸਰਗਰਮੀਆਂ ਵਿਚਲਾ ਫ਼ਰਕ ਸੁਚੱਜ ਨਾਲ ਪੇਸ਼ ਕਰਦੇ ਹਨ। ਅਮਰੀਕਾ ਦਾ ਉਸ ਵੇਲੇ ਦਾ ਮਾਹੌਲ ਖੁੱਲ੍ਹ ਵਾਲਾ ਸੀ ਤੇ ਕਈ ਦੇਸ਼ਾਂ ਦੇ ਇਨਕਲਾਬੀ ਸੋਚ ਵਾਲੇ ਆਵਾਸੀਆਂ ਦੇ ਮੇਲ-ਜੋਲ ਸਦਕੇ ਹਿੰਦੁਸਤਾਨ ਦੀ ਮੁਕਤੀ ਵਾਸਤੇ ਪ੍ਰੇਰਨਾ ਤੇ ਸਹੀ ਕਿਸਮ ਦਾ ਮੌਕਾ ਮਿਲਿਆ। ਗ਼ਦਰ ਪਾਰਟੀ ਦੇ ਬੱਝਣ ਨਾਲ ਤੇ ਇਹਦੇ ਹਫ਼ਤੇਵਾਰ ਪਰਚੇ 'ਗ਼ਦਰ' ਦੇ ਕੀਤੇ ਪ੍ਰਚਾਰ ਸਦਕੇ ਕੈਨੇਡਾ ਦੇ ਹਿੰਦੀ ਮਜ਼ਦੂਰਾਂ ਨੂੰ ਇਹ ਸੋਝੀ ਆਈ ਕਿ ਉਨ੍ਹਾਂ ਨੂੰ ਪਰਦੇਸ਼ 'ਚ ਪੈਂਦੇ ਧੱਕੇ ਇਸ ਕਰਕੇ ਪੈਂਦੇ ਹਨ ਕਿ ਹਿੰਦੁਸਤਾਨ ਬਰਤਾਨੀਆ ਦਾ ਗ਼ੁਲਾਮ ਹੈ।
      ਬਾਬਾ ਜੀ ਇਕ ਹੋਰ ਪੱਖ ਉਜਾਗਰ ਕਰਦੇ ਹਨ ਕਿ ਅਮਰੀਕਾ ਵਿਚ ਹਿੰਦੀਆਂ ਵਿਚ ਆਈ ਪਹਿਲੀ ਸਿਆਸੀ ਚੇਤਨਾ ਕਿਸ ਥਾਂ ਆਈ। ਕੈਲੀਫੋਰਨੀਆ ਰਿਆਸਤ ਵਿਚ ਸਾਨ ਫਰਾਂਸਿਸਕੋ ਦਾ ਨਾਂ ਇਸ ਕਰਕੇ ਜ਼ਿਆਦਾ ਬੋਲਣ ਲੱਗ ਪਿਆ, ਕਿਉਂਕਿ ਉੱਥੇ ਗ਼ਦਰ ਪਾਰਟੀ ਦਾ ਸਦਰ ਦਫਤਰ ਯੁਗਾਂਤਰ ਆਸ਼ਰਮ ਸੀ। ਪਰ ਗ਼ਦਰ ਪਾਰਟੀ ਦੀ ਨੀਂਹ ਰੱਖਣ ਦਾ ਹੀਲਾ ਪਹਿਲਾਂ ਓਰੇਗਨ ਰਿਆਸਤ ਦੇ ਹਿੰਦੀ ਮਜ਼ਦੂਰਾਂ ਨੇ ਕੀਤਾ। ''ਕੈਲੀਫੋਰਨੀਆ ਦਾ ਇਲਹਾਕ ਬਾਅਦ ਵਿਚ ਹੋਇਆ।'' ਆਪ ਦੱਸਦੇ ਹਨ ਕਿ ਇਕ ਕਾਰਨ ਇਹ ਸੀ ਕਿ ਓਰੇਗਨ ਤੇ ਵਾਸ਼ਿੰਗਟਨ ਰਿਆਸਤਾਂ ਵਿਚ ਬਹੁਤ ਸਾਰੇ ਹਿੰਦੀ ਮਜ਼ਦੂਰ ਲੱਕੜ ਦੇ ਨੇੜੇ-ਤੇੜੇ ਦੇ ਕਾਰਖਾਨਿਆਂ ਵਿਚ ਕੰਮ ਕਰਦੇ ਸਨ। ਸੋਹਣ ਸਿੰਘ, ਕਾਂਸ਼ੀ ਰਾਮ, ਖਾਨਖੋਜੇ, ਤਾਰਕਨਾਥ ਦਾਸ, ਗੁਰਾਂਦਿੱਤਾ ਕੁਮਾਰ ਤੇ ਠਾਕੁਰ ਦਾਸ ਵਰਗੇ ਆਗੂ ਐਤਵਾਰ ਦੇ ਐਤਵਾਰ 'ਕੱਠੇ ਹੋ ਕੇ ਬਹਿ ਕੇ ਵਿਚਾਰਾਂ ਕਰਦੇ ਸਨ। ਜਦਕਿ ਕੈਲੀਫੋਰਨੀਆ ਵਿਚ ਹਿੰਦੀ ਦੂਰ?-ਦੂਰ ਫੈਲੇ ਹੋਏ ਫਾਰਮਾਂ ਵਿਚ ਕੰਮ ਕਰਦੇ ਸੀ। ਭਾਵੇਂ ਭਾਈ ਜਵਾਲਾ ਸਿੰਘ, ਭਾਈ ਵਸਾਖਾ ਸਿੰਘ, ਭਾਈ ਸੰਤੋਖ ਸਿੰਘ, ਕਰਤਾਰ ਸਿੰਘ ਸਰਾਭਾ ਤੇ ਪੰਡਿਤ ਜਗਤ ਰਾਮ ਦਾ ਮੇਲ ਲਾਲਾ ਹਰਦਿਆਲ ਨਾਲ ਸੰਨ 1912 ਦੇ ਅਖੀਰ ਜਿਹੇ 'ਚ ਹੋਇਆ, ਪਰ ਓਦੋਂ ਤੱਕ ਉਨ੍ਹਾਂ ਨੂੰ ਆਪ ਵੀ ਬਹੁਤਾ ਪਤਾ ਨਾ ਸੀ ਕਿ ਉਨ੍ਹਾਂ ਦੀ ਸਿਆਸੀ ਸਰਗਰਮੀ ਦਾ ਰੁਖ ਕਿੱਧਰ ਨੂੰ ਹੋਣਾ ਚਾਹੀਦਾ ਹੈ। ਕੈਲੀਫੋਰਨੀਆ ਵਿਚਲੇ ਹਿੰਦੀਆਂ ਦਾ ਆਪਸੀ ਤਾਲਮੇਲ ਓਰੇਗਨ ਅਤੇ ਵਾਸ਼ਿੰਗਟਨ ਨਾਲੋਂ ਘੱਟ ਸੀ। ਐਸਟੋਰੀਆ ਵਿਚ ਗ਼ਦਰ ਪਾਰਟੀ ਦੇ ਬੱਝਣ ਦੇ ਕਈ ਮਹੀਨਿਆਂ ਪਿੱਛੋਂ ਕੈਲੀਫੋਰਨੀਆ ਵਾਲਿਆਂ ਨੂੰ ਗ਼ਦਰ ਪਾਰਟੀ 'ਚ ਰਲਣ ਲਈ ਆਖਿਆ ਗਿਆ ਸੀ। ਲਾਲਾ ਹਰਦਿਆਲ ਦੀ ਗ੍ਰਿਫ਼ਤਾਰੀ ਅਤੇ ਅਮਰੀਕਾ ਤੋਂ ਚਲੇ ਜਾਣ ਪਿੱਛੋਂ ਹੀ ਬਾਬਾ ਸੋਹਣ ਸਿੰਘ ਆਪ ਦੂਰ-ਦਰਾਜ਼ ਥਾਈਂ ਜਾ-ਜਾ ਕੇ ਹਿੰਦੀ ਕਾਮਿਆਂ ਨੂੰ ਪਾਰਟੀ ਵਿਚ ਭਰਤੀ ਕਰਨ ਲੱਗੇ ਸੀ।
        ਲਾਲਾ ਹਰਦਿਆਲ ਆਪ ਬੜਾ ਚੰਗਾ ਬੁਲਾਰਾ ਤੇ ਗ਼ਦਰ ਅਖ਼ਬਾਰ ਦਾ ਸੁਚੱਜਾ ਸੰਪਾਦਕ ਸੀ, ਪਰ ਬਾਬਾ ਸੋਹਣ ਸਿੰਘ ਬਿਨਾਂ ਕਿਸੇ ਲਾਗ-ਲਪੇਟ ਦੇ ਲਿਖਦੇ ਹਨ ਕਿ ਹਰਦਿਆਲ ਵਿਚ ਲੋਕਾਂ ਨੂੰ ਜਥੇਬੰਦ ਕਰਨ ਦੀ ਸਲਾਹੀਅਤ ਨਹੀਂ ਸੀ ਤੇ ਉਹਦੇ ਖ਼ਿਆਲਤ ਵੀ ਬੜੀ ਛੇਤੀ ਬਦਲਦੇ ਰਹਿੰਦੇ ਸੀ। ਆਲਮੀ ਜੰਗ ਮੁੱਕਣ ਬਾਅਦ ਸੰਨ 1919 ਵਿਚ ਹਰਦਿਆਲ ਨੇ ਐਸਾ ਪਲਟਾ ਖਾਧਾ ਕਿ ਉਹਦੀ ਇਸ ਹਰਕਤ ਨੂੰ ਵਸਾਹਘਾਤ ਹੀ ਮੰਨਿਆ ਗਿਆ। ਉਹਦੀ ਦੇਣ ਏਨੀ ਕੁ ਹੀ ਸੀ ਕਿ ਉਹ ਯੁਗਾਂਤਰ ਆਸ਼ਰਮ ਵਿਚ ਸਿਰਫ਼ ਚਾਰ ਮਹੀਨੇ ਰਿਹਾ ਤੇ ਗ਼ਦਰ ਅਖ਼ਬਾਰ ਵਾਸਤੇ ਲੇਖ ਲਿਖਦਾ ਰਿਹਾ। ਇਸ ਤੋਂ ਵੱਧ ਓਹਨੇ ਹੋਰ ਕੋਈ ਕੰਮ ਨਹੀਂ ਕੀਤਾ। ਪਰ ਹਰਦਿਆਲ ਦਾ ਉਨ੍ਹਾਂ ਨਾਲ ਸਾਥ ਸਿਰਫ਼ ਏਨਾ ਕੁ ਨਹੀਂ ਸੀ ਤੇ ਵਿਦਵਾਨ ਵਜੋਂ ਅੱਗੇ ਲੱਗ ਕੇ ਜੋ ਉਸ ਹਿੰਦੀਆਂ 'ਤੇ ਅਸਰ ਪਾਇਆ, ਉਹਦੀ ਅਹਿਮੀਅਤ ਦੇਰ-ਪਾ ਸੀ। ਉਸ ਵਕਤ ਭਾਈ ਭਗਵਾਨ ਸਿੰਘ, ਮੁਹੰਮਦ ਬਰਕਤੁੱਲਾ ਤੇ ਰਾਮ ਚੰਦਰ ਦੇ ਨਿਭਾਏ ਰੋਲ ਨੂੰ ਬਾਬਾ ਸੋਹਣ ਸਿੰਘ ਜਾਂ ਅਣਡਿੱਠ ਕਰਦੇ ਹਨ ਜਾਂ ਘਟਾਅ ਕੇ ਪੇਸ਼ ਕਰਦੇ ਹਨ। ਉਨ੍ਹਾਂ ਦੇ ਸਾਨ ਫਰਾਂਸਿਸਕੋ ਛੱਡਣ ਮਗਰੋਂ ਰਾਮ ਚੰਦਰ ਤੇ ਭਗਵਾਨ ਸਿੰਘ ਦੇ ਕੀਤੇ ਕੰਮ ਦਾ ਪਤਾ, ਜ਼ਾਹਿਰ ਹੈ, ਬਾਬਾ ਜੀ ਨੂੰ ਕਈ ਸਾਲਾਂ ਬਾਅਦ ਹੋਰਨਾਂ ਦੇ ਦੱਸੇ ਤੋਂ ਹੀ ਲੱਗਾ ਹੋਵੇਗਾ, ਜੋ ਨਾ ਅੱਖੀਂ ਡਿੱਠਾ ਸੀ ਤੇ ਨਾ ਕੋਈ ਆਪ-ਬੀਤੀ ਸੀ। ਉਨ੍ਹਾਂ ਦੋ ਆਗੂਆਂ ਬਾਰੇ ਸੁਣੀਆਂ-ਸੁਣਾਈਆਂ ਗੱਲਾਂ ਨੂੰ ਐਸੇ ਬੰਦੇ ਦਾ ਮੰਨ ਲੈਣਾ ਰਤਾ ਅਜੀਬ ਲੱਗਦਾ ਹੈ, ਜੋ ਬੜਾ ਨਿਰਮਾਣ ਤੇ ਸਾਵੀਂ ਸੋਚ ਵਾਲਾ ਬੰਦਾ ਕਰਕੇ ਜਾਣਿਆ ਜਾਂਦਾ ਹੈ।
       ਲੱਗਦਾ ਹੈ ਕਿ ਗ਼ਦਰ ਪਾਰਟੀ ਦੀ ਤੇ ਇਹਦੇ ਕੀਤੇ ਫੈਸਲਿਆਂ ਦੀ ਹੁੰਦੀ ਕੁਝ ਨੁਕਤਾਚੀਨੀ ਤੋਂ ਬਾਬਾ ਸੋਹਣ ਸਿੰਘ ਜੀ ਦਾ ਮਨ ਦੁਖਦਾ ਸੀ। ਇਸੇ ਕਰਕੇ ਇਨ੍ਹਾਂ ਨੇ 'ਗਦਰ ਪਾਰਟੀ 'ਤੇ ਮੁਖ਼ਾਲਿਫ਼ਾਂ ਦੇ ਬੇਬੁਨਿਆਦ ਇਲਜ਼ਾਮਾਂ' ਦਾ ਪੂਰੇ ਵੇਰਵੇ ਨਾਲ ਜਵਾਬ ਦਿੱਤਾ ਹੈ। ਜੋ ਦਲੀਲਾਂ ਇਨ੍ਹਾਂ ਨੇ ਗ਼ੈਰ-ਫ਼ਿਰਕੂ ਸਮਝ, ਸਾਹਸੀ ਉਮੰਗਾਂ, ਭੁਲੇਖਿਆਂ, ਫ਼ੈਸਲਿਆਂ ਤੇ ਕੁਰਬਾਨੀਆਂ ਨੂੰ ਸਹੀ ਤੇ ਵਾਜਿਬ ਕਰਾਰ ਦੇਣ ਵਾਸਤੇ ਦਿੱਤੀਆਂ ਹਨ, ਉਨ੍ਹਾਂ ਤੋਂ ਲਹਿਰ ਦੀਆਂ ਸਰਗਰਮੀਆਂ ਤੇ ਇਨਕਲਾਬੀ ਤਬਦੀਲੀ ਨੂੰ
ਸਮੁੱਚੀ ਦੇਣ ਦੀ ਨਿਰਖ-ਪਰਖ ਵਾਸਤੇ ਪਾਠਕਾਂ ਨੂੰ ਦੇਸ਼ਭਗਤਾਂ ਨੂੰ ਦਿੱਤੇ ਵਹਿਸ਼ੀ ਤਸੀਹਿਆਂ ਤੇ ਸਜ਼ਾਵਾਂ ਅਤੇ ਲੰਮੀਆਂ ਭੁੱਖ-ਹੜਤਾਲਾਂ ਦਾ ਬਾਬਾ ਜੀ ਦੇ ਅੱਖੀਂ-ਡਿੱਠਾ, ਹੱਡੀਂ- ਹੰਢਾਇਆ ਲਿਖਿਆ ਹਾਲ ਹਿਰਦੇਵੇਧਕ ਹੈ। ਉਸ ਜੇਲ੍ਹ ਵਿਚ ਆਪਣੇ ਹੱਕਾਂ ਤੇ ਮਨੁੱਖੀ ਗੌਰਵ ਖ਼ਾਤਿਰ ਸੱਤ ਗ਼ਦਰੀ ਸੂਰਮੇ ਸ਼ਹੀਦ ਹੋਏ ਸਨ।
       ਵੱਖ ਵੱਖ ਸਾਜ਼ਿਸ਼ ਕੇਸਾਂ ਵਿਚ ਆਪਣੇ ਫਾਹੇ ਲੱਗੇ, ਜਲਾਵਤਨ ਹੋਏ ਤੇ ਤਾਉਮਰ ਕੈਦ ਸਜ਼ਾਯਾਫ਼ਤਾ ਸਾਥੀਆਂ ਦੇ ਨਾਵਾਂ ਦੀ ਲੰਮੀ ਸੂਚੀ ਦੇ ਨਾਲ ਬਾਬਾ ਜੀ ਨੇ ਅੰਡੇਮਾਨ ਦੇ ਬੰਗਾਲੀ, ਮਰਾਠੇ, ਮੋਪਲਾ ਤੇ ਗੁਜਰਾਤੀ ਤੇ ਹੋਰ ਇਨਕਲਾਬੀ ਕੈਦੀਆਂ ਦੇ ਨਾਂ ਵੀ ਦਰਜ ਕੀਤੇ ਹਨ। ਸ਼ਾਇਦ ਇਹਦਾ ਮਤਲਬ ਇਹ ਦੱਸਣਾ ਹੈ ਕਿ ਭਾਰਤ ਦੇ ਵੱਖ ਵੱਖ ਹਿੱਸਿਆਂ ਦੇ ਦੇਸ਼ਭਗਤਾਂ ਦਾ ਇਕੋ ਹੀ ਭਾਈਚਾਰਾ ਸੀ ਤੇ ਉਹ ਸਾਰੇ ਭਾਰਤ ਦੀ ਮੁਕਤੀ ਦੀ ਇਕੋ ਜੱਦੋਜਹਿਦ ਦੇ ਯੋਧੇ ਸਨ। ਜਿੰਨੀ ਸੰਵੇਦਨਾ ਨਾਲ ਬਾਬਾ ਜੀ ਨੇ ਮੋਪਲਾ ਦੇਸ਼ਭਗਤਾਂ ਦੇ 'ਬਲੈਕ ਹੋਲ' ਕਤਲ-ਏ-ਆਮ ਬਾਰੇ ਲਿਖਿਆ ਹੈ, ਓਨਾ ਬਹੁਤਾ ਇਤਿਹਾਸਕਾਰਾਂ ਨੇ ਨਹੀਂ ਲਿਖਿਆ। ਪਾਠਕਾਂ ਨੂੰ ਇਹ ਜਾਣ ਕੇ ਅਚੰਭਾ ਹੋਵੇਗਾ ਕਿ ਬਾਬਾ ਜੀ ਨੇ ਕੁੱਲ ਛੱਬੀ ਸਾਲ ਕੈਦ ਕੱਟੀ ਅਤੇ ਹਮਕੈਦੀਆਂ ਨਾਲ ਰਲ ਕੇ ਸਿਆਸੀ ਕੈਦੀਆਂ ਦੇ ਹੱਕ ਲੈਣ ਖ਼ਾਤਿਰ ਕੁੱਲ ਅੱਠ ਵਾਰੀ ਲੰਮੀਆਂ ਭੁੱਖ-ਹੜਤਾਲਾਂ ਕੀਤੀਆਂ। ਇਕ ਐਸੀ ਭੁੱਖ ਹੜਤਾਲ ਭਗਤ ਸਿੰਘ ਤੇ ਉਹਦੇ ਸਾਥੀਆਂ ਦੀ ਹਮਦਰਦੀ ਵਿਚ ਲਾਹੌਰ ਸੈਂਟਰਲ ਜੇਲ੍ਹ ਵਿਚ ਸੰਨ 1929 ਵਿਚ ਕੀਤੀ ਸੀ।
       ਇਹ ਆਪ-ਬੀਤੀ ਦਰਸਾਉਂਦੀ ਹੈ ਕਿ ਕਿਵੇਂ ਇਨਕਲਾਬ ਦੇ ਸੁਪਨਿਆਂ ਵਾਲਾ ਨਵਾਂ ਸਮਾਜ ਸਾਜਣ ਲਈ ਅਨਿਆਂ ਖ਼ਿਲਾਫ਼ ਲੜਾਈ ਕਰਦਿਆਂ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਲੇਖੇ ਲਾ ਦਿੱਤੀ। ਆਪ ਜਦ ਸੰਨ 1930 ਵਿਚ ਜੇਲ੍ਹ 'ਚੋਂ ਬਿਲਾ ਸ਼ਰਤ ਰਿਹਾਅ ਹੋਏ ਤਾਂ ਘਰ ਟਿਕ ਕੇ ਬੈਠਣ ਦੀ ਥਾਂ ਅਗਲੇ ਲੋਕ ਕਾਰਜ ਦਾ ਸੋਚਣ ਲੱਗੇ : ''ਭਵਿੱਖ ਵਿਚ ਕਿਹੜੀ ਤਹਿਰੀਕ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਨਾਲ ਦੁਨੀਆਂ ਵਿਚ ਕਾਮਯਾਬ ਹੋਵੇਗੀ, ਇਸ 'ਤੇ ਮੈਂ ਕਈ ਦਿਨ ਵਿਚਾਰ ਕੀਤਾ। ਆਖਿਰ ਮੈਂ ਕਮਿਉਨਿਜ਼ਮ ਇਖ਼ਤਿਆਰ ਕਰ ਲਿਆ।'' ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਦੀ ਹੈਸੀਅਤ ਵਿਚ ਮੋਰਚੇ ਦੀ ਅਗਵਾਈ ਕੀਤੀ ਤਾਂ ਆਪ ਨੂੰ ਚਾਰ ਸਾਲ ਦਿਓਲੀ ਕੈਂਪ ਜੇਲ੍ਹ 'ਚ ਡੱਕ ਦਿੱਤਾ ਗਿਆ। ਸੰਨ '43 ਵਿਚ ਰਿਹਾਈ ਵੇਲੇ ਇਨ੍ਹਾਂ ਦੀ ਉਮਰ 73 ਸਾਲ ਹੋ ਚੁੱਕੀ ਸੀ, ਤਾਂ ਵੀ ਫੇਰ ਤੋਂ ਦੇਸ਼ਭਗਤ ਪਰਿਵਾਰ ਸਹਾਇਕ ਕਮੇਟੀ ਤੇ ਹਿੰਦ ਕਮਿਊਨਿਸਟ ਪਾਰਟੀ ਵਿਚ ਕੰਮ ਕਰਨ ਲੱਗੇ। ਇਸ ਬਾਰੇ ਲਿਖਦੇ ਹਨ : ''ਕਰਨ ਵਾਲਾ ਕੰਮ ਪਿਆ ਸੀ૴ ਅੰਗਰੇਜ਼ੀ ਸਾਮਰਾਜ ਵੀ ਅੱਖਾਂ ਦੇ ਸਾਹਮਣੇ ਹਿੰਦੁਸਤਾਨ ਵਿਚ ਕਾਇਮ ਸੀ। ਐਸੀ ਹਾਲਤ ਵਿਚ ਘਰ ਬੈਠਣਾ ਮੁਸ਼ਕਲ ਸੀ।'' ਬਾਬਾ ਜੀ ਦੇ ਇਸ ਕਥਨ ਤੋਂ ਉਨ੍ਹਾਂ ਦੋਖੀਆਂ ਨੂੰ ਚਾਨਣ ਹੋ ਜਾਣਾ ਚਾਹੀਦਾ ਹੈ, ਜੋ ਆਖੀ ਜਾਂਦੇ ਹਨ ਕਿ ਬਾਬਾ ਭਕਨਾ ਕਮਿਊਨਿਸਟਾਂ ਦਾ ਵਸਾਹ ਨਹੀਂ ਸੀ ਕਰਦੇ ਤੇ ਉਹ ਗ਼ਦਰ ਪਾਰਟੀ ਦੇ ਇਤਿਹਾਸ ਨੂੰ ਆਪਣਾ ਬਣਾ ਕੇ ਪੇਸ਼ ਕਰਦੇ ਕਮਿਊਨਿਸਟਾਂ ਤੋਂ ਬਚਾਅ ਕੇ ਰੱਖਣਾ ਚਾਹੁੰਦੇ ਸਨ।
     ਇਹ ਗੱਲ ਸਮਝ ਆਉਂਦੀ ਹੈ ਕਿ ਜਿਸ ਆਗੂ ਨੇ ਆਪਣਾ ਸਮਾਜ ਬਦਲਣ ਲਈ ਆਪਣਾ ਸਭ ਕੁਝ ਲੇਖੇ ਲਾ ਦਿੱਤਾ ਸੀ, ਉਹਦੀਆਂ ਅੱਖਾਂ ਸਾਹਮਣੇ ਹੋਈ ਦੇਸ਼ ਦੀ ਤਕਸੀਮ ਦਾ ਉਹਨੂੰ ਕਿੰਨਾ ਦੁੱਖ ਹੋਇਆ ਹੋਵੇਗਾ। ਬਾਬਾ ਸੋਹਣ ਸਿੰਘ ਜੀ ਅਤੇ ਹੋਰਨਾਂ ਦੇਸ਼ਭਗਤਾਂ ਦੇ ਨਵਾਂ ਸਮਾਜ ਸਾਜਣ ਦੇ ਸੁਪਨੇ ਪੂਰੇ ਨਹੀਂ ਹੋਏ।
     ਮੈਨੂੰ ਕੋਈ ਸ਼ੱਕ ਨਹੀਂ ਕਿ ਬਾਬਾ ਜੀ ਦੀ ਇਹ ਸੰਖੇਪ ਜਿਹੀ ਆਪ-ਬੀਤੀ ਪਾਠਕਾਂ ਨੂੰ ਰੌਚਕ ਲੱਗੇਗੀ ਤੇ ਇਨਕਲਾਬੀ ਤਬਦੀਲੀ ਵਾਸਤੇ ਜੱਦੋ-ਜਹਿਦ ਨੂੰ ਜਾਰੀ ਰੱਖਣ ਲਈ ਉਨ੍ਹਾਂ ਨੂੰ ਪ੍ਰੇਰੇਗੀ। ਇਸੇ ਵਿਚ ਹੀ ਅਮਰਜੀਤ ਚੰਦਨ ਦੇ ਇਸ ਆਪ-ਬੀਤੀ ਨੂੰ ਛਾਪਣ ਦੇ ਕੀਤੇ ਉਪਰਾਲੇ ਦਾ ਸਿਲਾ ਹੈ।
ਦੇਸ਼ ਨੂੰ ਪੂਰਨ ਆਜ਼ਾਦੀ ਤੇ ਬਰਾਬਰੀ ਦਾ ਰਾਹ ਵਿਖਾਉਣ ਵਾਲੀ ਪਹਿਲੀ ਪਾਰਟੀ ਕਿਹੜੀ ਹੈ?


ਗਦਰ ਪਾਰਟੀ।
ਜਿਹੜੀ ਮਾਰਚ 1914 ਨੂੰ, (ਮਤਾ 1913 ਨੂੰ ਹੋਇਆ) ਅਮਰੀਕਾ ਵਿੱਚ, ਹਿੰਦੀ ਮਿਹਨਤ ਕਸ਼ਾਂ, ਹਿੰਦੀ ਜਲਾਵਤਨ ਦੇਸ਼ ਭਗਤਾਂ, ਤੇ ਹਿੰਦੀ ਵਿਦਿਆਰਥੀਆਂ ਦੀ, ਮਿਲਵੀਂ ਕੋਸ਼ਿਸ਼ ਦੇ ਸਿੱਟੇ ਵਜੋਂ ਹੋਂਦ ਵਿੱਚ ਆਈ। ਜਿਸ ਨੇ ਗੁਲਾਮੀ ਦੇ ਖਿਲਾਫ਼ ਤੇ ਆਜ਼ਾਦੀ ਦੇ ਹੱਕ ਵਿੱਚ ਝੰਡਾ ਚੁੱਕਿਆ ਤੇ ਸੈਂਕੜੇ ਸ਼ਹੀਦਾਂ ਦੀ ਕੁਰਬਾਨੀ ਕਰ ਦਿੱਤੀ। ਤੇ ਸੈਂਕੜੇ ਦੇਸ਼ਭਗਤ ਕਾਲੇ ਪਾਣੀ ਦੇ ਕੁੰਭੀ-ਨਰਕ ਵਿੱਚ ਉਮਰਾਂ ਲਈ ਸੁੱਟੇ ਗਏ।
      ਗ਼ਦਰ ਪਾਰਟੀ ਨੂੰ ਪੂਰਨ ਕਾਮਯਾਬੀ ਤੇ ਨਾ ਹੋਈ ਪਰ ਏਸ ਪਾਰਟੀ ਨੇ ਗੁਲਾਮੀ ਦੇ ਅਸਰ ਨਾਲ ਨਿਢਾਲ ਹੋਈ ਹਿੰਦੀ ਜਨਤਾ ਦੇ ਖ਼ੂਨ ਵਿੱਚ ਨਵੀਂ ਆਜ਼ਾਦੀ ਦੀ ਰੂਹ ਫੂਕ ਦਿੱਤੀ ਜਿਸ ਦਾ ਸਿੱਟਾ ਅੱਜ ਸਾਡੇ ਸਾਹਮਣੇ ਤੇ ਤਾਰੀਖ ਵਿੱਚ ਆਜ਼ਦੀ ਦੇ ਇਕ ਹੋਰ ਕਾਂਡ ਦਾ, ਵਰਤਮਾਨ ਤੇ ਆਉਣ ਵਾਲੀਆਂ ਨਸਲਾਂ ਲਈ, ਵਾਧਾ ਕਰ ਦਿੱਤਾ ਹੈ।


ਹੇਠ ਲਿਖੇ ਨਾਅਰੇ ਪਾਰਟੀ ਦੇ ਨਿਯਮਾਂ ਤੇ ਅਮਲਾਂ ਵਿੱਚੋਂ ਹਨ :-

ਏਕਤਾ ਦਾ ਫ਼ਲ ਸ਼ਕਤੀ ਤੇ ਸਵਤੰਤਰਤਾ (ਆਜ਼ਾਦੀ)
ਅਨੇਕਤਾ ਦਾ ਸਿੱਟਾ ਦੁਰਬਲਤਾ ਤੇ ਪਰਤੰਤਰਤਾ (ਗੁਲਾਮੀ)
ਏਕਤਾ ਦਾ ਮੂਲ ਸਮਾਜਵਾਦ
ਅਨੇਕਤਾ ਦਾ ਮੂਲ ਸਾਮਰਾਜਵਾਦ


ਨੌਜਵਾਨੋ। ਉਠੋ।
ਯੁੱਗ ਪਲਟ ਰਿਹਾ ਹੈ ਆਪਣੇ ਕਰਤੱਵ ਨੂੰ  ਪੂਰਾ ਕਰੋ ਹਰ ਪਰਕਾਰ ਦੀ ਦਾਸਤਾ, ਕੀ ਆਰਥਿਕ, ਕੀ ਰਾਜਨੀਤਕ ਤੇ ਕੀ ਸਮਾਜਕ, ਜੜ੍ਹ ਤੋਂ ਉਖਾੜ ਸੁੱਟੋ ਮਨੁੱਖਤਾ ਹੀ ਸੱਚਾ ਧਰਮ ਹੈ। ਜੈ ਜਨਤਾ ।
ਸੋਹਨ ਸਿੰਘ ਭਕਨਾ (ਬਾਬਾ)