ਭਾਰਤ ਦੀ ਦਸ਼ਾ ਤੇ ਦਿਸ਼ਾ: ਦੋ ਗੱਲਾਂ ਸਪੱਸ਼ਟ, ਤੀਜੀ ਦੇ ਸੰਕੇਤ ਵੀ ਨਹੀਂ ਮਿਲਦੇ - ਜਤਿੰਦਰ ਪਨੂੰ
ਅਜੋਕੀ ਇੱਕੀਵੀਂ ਸਦੀ ਅਜੇ ਪੰਦਰਾਂ ਸਾਲ ਦੂਰ ਸੀ, ਜਦੋਂ ਹਾਲਾਤ ਦੇ ਕਾਰਨ ਪ੍ਰਧਾਨ ਮੰਤਰੀ ਬਣੇ ਰਾਜੀਵ ਗਾਂਧੀ ਇਹ ਕਹਿੰਦੇ ਸੁਣੇ ਸਨ ਕਿ ਇੱਕੀਵੀਂ ਸਦੀ ਆ ਰਹੀ ਹੈ, ਇਸ ਦੇ ਲਈ ਤਿਆਰ ਹੋਈਏ। ਉਸ ਦੀ ਤਿਆਰੀ ਦਾ ਕੇਂਦਰੀ ਨੁਕਤਾ ਟੈਲੀਕਾਮ ਤੇ ਸੂਚਨਾ ਟੈਕਨਾਲੋਜੀ ਦੇ ਖੇਤਰ ਵਿੱਚ ਪ੍ਰਾਪਤੀਆ ਦੇ ਅਸਲੀ ਜਾਂ ਝਾਉਲਾ ਪਾਉਂਦੇ ਪ੍ਰਚਾਰ ਕਰਨ ਤੱਕ ਸੀਮਤ ਰਹਿੰਦਾ ਸੀ। ਸਮਾਜੀ ਸਥਿਤੀ ਬਾਰੇ ਉਹ ਬਹੁਤਾ ਨਹੀਂ ਸੀ ਸੋਚਦਾ, ਜਦ ਕਿ ਇਸ ਦੇ ਬਾਰੇ ਸੋਚਣਾ ਸਭ ਤੋਂ ਵੱਧ ਜ਼ਰੂਰੀ ਬਣਦਾ ਸੀ। ਮਸਾਂ ਨੱਕ ਦੀ ਨੋਕ ਤੱਕ ਸੋਚਣ ਵਾਲੇ ਉਸ ਲੀਡਰ ਨੇ ਆਪਣੀ ਕੁਰਸੀ ਕਾਇਮ ਰੱਖਣ ਦੇ ਲਈ ਹਰ ਉਹ ਦਾਅ ਵਰਤਿਆ ਸੀ, ਜਿਹੜਾ ਕਿਸੇ ਸੱਤਾ ਦੇ ਖਾਹਿਸ਼ਮੰਦ ਵੱਲੋਂ ਵਰਤਿਆ ਜਾ ਸਕਦਾ ਸੀ। ਇਨ੍ਹਾਂ ਦਾਵਾਂ ਵਿੱਚੋਂ ਇੱਕ ਦਾਅ ਸਧਾਰਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਰਤਣ ਦਾ ਵੀ ਸੀ। ਹੋਸ਼ਮੰਦਾਂ ਨੇ ਓਦੋਂ ਹੀ ਕਿਹਾ ਸੀ ਕਿ ਇਹ ਖੇਡਾਂ ਇਸ ਦੇਸ਼ ਦੇ ਭਵਿੱਖ ਨੂੰ ਭੁਆਂਟਣੀ ਦੇ ਦੇਣਗੀਆਂ, ਪਰ ਉਹ ਪ੍ਰਵਾਹ ਨਹੀਂ ਸੀ ਕਰਦਾ। ਆਪਣੇ ਖਾਸ ਜੋਟੀਦਾਰ ਹੀ ਉਸ ਦੇ ਲਈ ਸਭ ਤੋਂ ਵੱਡੇ ਸਲਾਹਕਾਰ ਸਨ, ਲੋਕਾਂ ਵਿੱਚ ਭਾਵੇਂ ਉਹ ਸਿਰੇ ਦੇ ਬਦਨਾਮ ਸਨ। ਪਾਰਟੀ ਤੇ ਦੇਸ਼ ਵਾਸਤੇ ਉਮਰ ਦੀ ਅੱਧੀ ਸਦੀ ਤੋਂ ਵੱਧ ਲਾ ਚੁੱਕੇ ਆਗੂਆਂ ਨੂੰ ਉਸ ਨੇ ਪਿੱਛੇ ਧੱਕ ਛੱਡਿਆ ਸੀ। ਉਸ ਦੀਆਂ ਉਸ ਵੇਲੇ ਦੀਆਂ ਕੀਤੀਆਂ ਨੂੰ ਅੱਜ ਉਸ ਦੀ ਪਾਰਟੀ, ਪਰਵਾਰ ਅਤੇ ਸਭ ਤੋਂ ਵੱਧ ਉਸ ਦਾ ਪੁੱਤਰ ਭੁਗਤਦਾ ਪਿਆ ਹੈ, ਪਰ ਸਭਨਾਂ ਤੋਂ ਵੱਧ ਨੁਕਸਾਨ ਇਸ ਦੇਸ਼ ਦਾ ਹੋਇਆ ਦਿਖਾਈ ਦੇਂਦਾ ਹੈ, ਜਿਹੜਾ ਸਮਾਂ ਪਾ ਕੇ ਬਹੁਤ ਕਸੂਤੀ ਲੀਹੇ ਪੈ ਗਿਆ ਜਾਪਦਾ ਹੈ।
ਦੋ ਹਜ਼ਾਰ ਉੱਨੀ ਦਾ ਸਾਲ ਇਹ ਗੱਲ ਬੜੀ ਸਾਫ ਕਰ ਗਿਆ ਹੈ ਕਿ ਭਾਰਤ ਵਿੱਚ ਬਹੁ-ਗਿਣਤੀ ਦੀ ਫਿਰਕੇਦਾਰੀ ਦੀ ਕਾਂਗ ਇੱਕ ਖਾਸ ਦਿਸ਼ਾ ਵਿੱਚ ਇਸ ਦੇਸ਼ ਨੂੰ ਲਿਜਾਣ ਲਈ ਆਪਣੀ ਰਫਤਾਰ ਫੜ ਚੁੱਕੀ ਹੈ। ਕੱਲ੍ਹ ਤੱਕ ਇਸ ਦੇਸ਼ ਨੂੰ ਗਾਂਧੀ, ਨਹਿਰੂ ਦਾ ਦੇਸ਼ ਦੱਸਣ ਵਾਲੇ ਵਿਚਾਰਵਾਨ ਵੀ ਅੱਜ ਉਨ੍ਹਾਂ ਦਾ ਨਾਂਅ ਲੈਣ ਤੋਂ ਝਿਜਕਣ ਲੱਗੇ ਹਨ ਤੇ ਅਸਲ ਮੁੱਦਾ ਛੇੜਨ ਦੀ ਥਾਂ ਆਰਥਿਕ ਮੁੱਦਿਆਂ ਜਾਂ ਕਾਨੂੰਨੀ ਨੁਕਤਿਆਂ ਦੀ ਚਰਚਾ ਕਰਨ ਤੱਕ ਸੀਮਤ ਹੋਈ ਜਾ ਰਹੇ ਹਨ। ਇਨਕਲਾਬ ਦਾ ਨਾਅਰਾ ਅੱਜਕੱਲ੍ਹ ਉਹ ਭਾਜਪਾਈਏ ਵਰਕਰ ਲਾਉਂਦੇ ਸੁਣਦੇ ਹਨ, ਜਿਹੜੇ ਆਪਣੀ ਰਾਜਨੀਤੀ ਦੇ ਮੁੱਢ ਦੇ ਦਿਨਾਂ ਤੋਂ ਇਨਕਲਾਬ ਤੇ ਇਨਕਲਾਬੀ ਵਿਚਾਰਧਾਰਾ ਜਾਂ ਇਸ ਨਾਲ ਜੁੜੀਆਂ ਸ਼ਖਸੀਅਤਾਂ ਦੇ ਖਿਲਾਫ ਕੂਕਦੇ ਆਏ ਸਨ ਤੇ ਇਸ ਨੂੰ ਆਪਣੀ ਧਾਰਮਿਕਤਾ ਦਾ ਦੁਸ਼ਮਣ ਦੱਸ ਕੇ ਭੰਡਦੇ ਹੁੰਦੇ ਸਨ। ਆਪਣੀ ਵਿਚਾਰਧਾਰਾ ਵਿੱਚ ਹੋਰ ਓਹਲਿਆਂ ਵਾਂਗ ਉਨ੍ਹਾਂ ਦੇ ਮੂੰਹੋਂ ਨਿਕਲਿਆ ਇਨਕਲਾਬ ਦਾ ਇਹ ਨਾਅਰਾ ਵੀ ਅਸਲ ਵਿੱਚ ਇਨਕਲਾਬੀ ਸੋਚ-ਧਾਰਾ ਨੂੰ ਢਾਹ ਲਾਉਣ ਦਾ ਇੱਕ ਹੋਰ ਤਰੀਕਾ ਹੈ। ਜਦੋਂ ਇਹੋ ਨਾਅਰਾ ਇਨਕਲਾਬਾਂ ਦੇ ਵਿਰੋਧੀਆਂ ਵੱਲੋਂ ਲੱਗਣ ਲੱਗੇਗਾ ਤਾਂ ਇਸ ਦੇ ਅਸਲ ਰਾਹ ਦੇ ਧਾਰਨੀਆਂ ਅਤੇ ਇਸ ਦੀ ਦੁਰਵਰਤੋਂ ਕਰਨ ਵਾਲਿਆਂ ਦਾ ਵਖਰੇਵਾਂ ਕਰਨਾ ਆਮ ਆਦਮੀ ਲਈ ਮੁਸ਼ਕਲ ਹੋ ਜਾਵੇਗਾ।
ਤਰੀਕਾ ਕੋਈ ਵੀ ਹੋਵੇ, ਇਸ ਦੀ ਵਰਤੋਂ ਨਾਲ ਹਿੰਦੂ ਧਰਮ ਦੇ ਨਾਂਅ ਉੱਤੇ ਖਾਸ ਸੋਚ ਦੀ ਵਰਤੋਂ ਨਾਲ ਦੇਸ਼ ਦੀ ਸੱਤਾ ਹਾਸਲ ਕਰਨ ਦੇ ਖਾਹਿਸ਼ਮੰਦਾਂ ਦੀ ਨੀਤੀ ਸਪੱਸ਼ਟ ਹੋਈ ਜਾਂਦੀ ਹੈ। ਇਹ ਨੀਤੀ ਪੰਜ ਸਾਲ ਪਹਿਲਾਂ ਉਸ ਚੋਣ ਦੌਰਾਨ ਹੀ ਲਗਭਗ ਸਪੱਸ਼ਟ ਹੋ ਗਈ ਸੀ, ਜਦੋਂ ਕੁਰਸੀ ਵੱਲ ਦੌੜ ਰਹੇ ਆਗੂ ਦੀ ਅਗਵਾਈ ਹੇਠ ਇਸ ਪਾਰਟੀ ਨੇ ਦੇਸ਼ ਦੇ ਪੰਜ ਸੌ ਤਿਰਤਾਲੀ ਹਲਕਿਆਂ ਵਿੱਚੋਂ ਮਸਾਂ ਪੰਜ ਸੀਟਾਂ ਉਨ੍ਹਾਂ ਲੋਕਾਂ ਵਾਸਤੇ ਛੱਡੀਆਂ ਸਨ, ਜਿਹੜੇ ਦੇਸ਼ ਵਿੱਚ ਪੰਦਰਾਂ ਫੀਸਦੀ ਆਬਾਦੀ ਵਿੱਚੋਂ ਆਉਂਦੇ ਸਨ। ਇਨ੍ਹਾਂ ਪੰਜਾਂ ਵਿੱਚੋਂ ਤਿੰਨ ਸੀਟਾਂ ਕਸ਼ਮੀਰ ਖੇਤਰ ਵਿੱਚੋਂ ਸਨ, ਜਿੱਥੇ ਲੋਕਾਂ ਦੀ ਕੁੱਲ ਆਬਾਦੀ ਵਿੱਚ ਉਹ ਭਾਈਚਾਰਾ ਏਨੀ ਵੱਡੀ ਗਿਣਤੀ ਵਿੱਚ ਸੀ ਕਿ ਹੋਰ ਕਿਸੇ ਨੂੰ ਟਿਕਟ ਦੇਣ ਬਾਰੇ ਸੋਚਣਾ ਮੁਸ਼ਕਲ ਸੀ ਤੇ ਇੱਕ ਸੀਟ ਲਕਸ਼ਦੀਪ ਦੀ ਸੀ, ਜਿੱਥੇ ਉਹ ਭਾਈਚਾਰਾ ਸਤਾਨਵੇਂ ਫੀਸਦੀ ਸੀ। ਬਾਕੀ ਪੰਜ ਸੌ ਉਨਤਾਲੀ ਸੀਟਾਂ ਵਿੱਚੋਂ ਸਿਰਫ ਇੱਕ ਜਣੇ ਨੂੰ ਟਿਕਟ ਦਿੱਤੀ ਗਈ ਤੇ ਉਹ ਵੀ ਮਜਬੂਰੀ ਵਿੱਚ ਦੇਣ ਦੇ ਬਾਅਦ ਆਪਣੇ ਲੋਕਾਂ ਨੂੰ ਇਸ਼ਾਰਾ ਕਰ ਕੇ ਜਿੱਤਣ ਨਹੀਂ ਸੀ ਦਿੱਤਾ। ਕਮਾਲ ਦੀ ਗੱਲ ਇਹ ਸੀ ਕਿ ਦਬਾਅ ਹੇਠ ਆਈ ਹੋਈ ਘੱਟ-ਗਿਣਤੀ ਨਾਲ ਸੰਬੰਧ ਦਾ ਪ੍ਰਤੀਕ ਉਹ ਇਕਲੌਤਾ ਆਗੂ ਇਸ ਹਾਰ ਦੀ ਸੱਟ ਖਾਣ ਬਾਅਦ ਵੀ ਇਹ ਕਹਿੰਦਾ ਰਿਹਾ ਕਿ ਘੱਟ-ਗਿਣਤੀਆਂ ਦੀ ਖੁਸ਼ਹਾਲੀ ਦਾ ਜਿੰਨਾ ਪੱਧਰ ਇਸ ਰਾਜ ਨੇ ਕਾਇਮ ਕੀਤਾ ਹੈ, ਉਹ ਨਾ ਪਹਿਲਾਂ ਕਦੀ ਹੋਇਆ ਸੀ, ਨਾ ਭਵਿੱਖ ਵਿੱਚ ਹੋਣ ਦਾ ਸੁਫਨਾ ਵੀ ਲਿਆ ਜਾ ਸਕਦਾ ਹੈ। ਅਸੀਂ ਓਦੋਂ ਲਿਖਿਆ ਸੀ ਕਿ ਪਾਕਿਸਤਾਨ ਬਣਨ ਵੇਲੇ ਇੱਕ ਤੋਤਾ ਰਾਮ ਨਾਂਅ ਦੇ ਬੰਦੇ ਦਾ ਸਭ ਪਰਵਾਰ ਭਾਰਤ ਆ ਗਿਆ ਤੇ ਉਹ ਇਕੱਲਾ ਲਾਹੌਰ ਰਹਿ ਗਿਆ ਸੀ। ਕੁਝ ਸਮਾਂ ਬਾਅਦ ਉਹ ਲਾਹੌਰ ਰੇਡੀਓ ਤੋਂ ਉਚੇਚੇ ਪ੍ਰੋਗਰਾਮ ਵਿੱਚ ਇਹ ਕਹਿੰਦਾ ਸੁਣਿਆ ਜਾਣ ਲੱਗਾ ਸੀ ਕਿ ਜਿੰਨੀ ਖੁਸ਼ਹਾਲੀ ਪਾਕਿਸਤਾਨ ਵਿੱਚ ਹਿੰਦੂਆਂ ਨੂੰ ਨਸੀਬ ਹੋਈ ਹੈ, ਓਨੀ ਨਹਿਰੂ ਦੇ ਹਿੰਦੁਸਤਾਨ ਵਿੱਚ ਨਹੀਂ ਹੋ ਸਕਦੀ। ਘੱਟ-ਗਿਣਤੀ ਭਾਈਚਾਰੇ ਦਾ ਉਹ ਮਜਬੂਰੀ ਮਾਰਿਆ ਆਗੂ ਵੀ ਏਦਾਂ ਹੀ ਇਹ ਕਹਿੰਦਾ ਫਿਰਦਾ ਸੀ ਕਿ ਇਸ ਰਾਜ ਵਿੱਚ ਘੱਟ-ਗਿਣਤੀਆਂ ਦੀ ਖੁਸ਼ਹਾਲੀ ਵਧੀ ਜਾ ਰਹੀ ਹੈ।
ਖੁਸ਼ਹਾਲੀ ਅਤੇ ਅੱਠ ਸੌ ਸਾਲ ਬਾਅਦ 'ਆਪਣਾ ਰਾਜ' ਦੇ ਨਾਅਰੇ ਨਾਲ ਜਿਹੜੇ ਵਰਗਾਂ ਤੋਂ ਵੋਟਾਂ ਲਈਆਂ ਗਈਆਂ ਤੇ ਸੁਫਨੇ ਵਿਖਾਏ ਗਏ ਸਨ, ਉਹ ਅੱਜ ਆਪਣੀ ਬਦਹਾਲੀ ਉੱਤੇ ਰੋਂਦੇ ਮਿਲ ਜਾਂਦੇ ਹਨ। ਬਾਜ਼ਾਰਾਂ ਵਿੱਚ ਕਿਸੇ ਵੀ ਪੱਧਰ ਦੇ ਦੁਕਾਨਦਾਰ ਕੋਲ ਜਾਈਏ, ਉਹ ਇਹੀ ਕਹਿੰਦਾ ਹੈ ਕਿ ਕਾਰੋਬਾਰ ਤਬਾਹ ਹੋ ਗਿਆ ਹੈ। ਉਨ੍ਹਾਂ ਵਿੱਚੋਂ ਵੱਡਾ ਹਿੱਸਾ ਇਹ ਮੰਨਦਾ ਹੈ ਕਿ ਦੇਸ਼ ਇਸ ਵੇਲੇ ਇੱਕ ਧਰਮ ਦੀ ਸਰਦਾਰੀ ਵਾਲੇ ਉਸ ਰਾਜ ਵੱਲ ਵੱਧ ਰਿਹਾ ਹੈ, ਜਿਸ ਕਾਰਨ ਧਰਮ ਦੇ ਨਾਂਅ ਉੱਤੇ ਚੱਲਣ ਵਾਲੇ ਕਈ ਖੁਸ਼ਹਾਲ ਦੇਸ਼ ਵੀ ਅੰਤ ਨੂੰ ਤਬਾਹੀ ਦੇ ਦ੍ਰਿਸ਼ ਪੇਸ਼ ਕਰ ਰਹੇ ਹਨ। ਹੋਸ਼ਮੰਦ ਵਰਗਾਂ ਵਿੱਚ ਇਹ ਧਾਰਨਾ ਲਗਭਗ ਸਪੱਸ਼ਟ ਹੋਈ ਜਾਂਦੀ ਹੈ ਕਿ ਦੇਸ਼ ਇੱਕ ਧਰਮ ਦੀ ਸਰਦਾਰੀ ਵੱਲ ਵਧਦਾ ਜਾਂਦਾ ਤੇ ਦੂਸਰੇ ਧਰਮਾਂ ਵੱਲ ਸਹਿ-ਹੋਂਦ ਬੀਤੇ ਦੀ ਗੱਲ ਹੋ ਗਈ ਮੰਨਣ ਦਾ ਮੌਕਾ ਆ ਸਕਦਾ ਹੈ। ਏਥੇ ਆ ਕੇ ਇੱਕ ਹੋਰ ਉਲਝਣ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਕਿ ਲੋਕਾਂ ਸਾਹਮਣੇ ਇਸ ਦਾ ਕੋਈ ਰਾਜਸੀ ਬਦਲ ਵੀ ਪੇਸ਼ ਨਹੀਂ ਹੋ ਰਿਹਾ।
ਅੱਜ ਦੀ ਤਰੀਕ ਵਿੱਚ ਵੀ ਇਸ ਦੇਸ਼ ਦੇ ਲੋਕਤੰਤਰੀ ਢਾਂਚੇ ਵਿੱਚ ਸਾਰਿਆਂ ਤੋਂ ਵੱਡੀ ਵਿਰੋਧੀ ਪਾਰਟੀ ਕਾਂਗਰਸ ਹੈ, ਜਿਸ ਵੱਲ ਕਈ ਲੋਕ ਅਜੇ ਵੀ ਆਸ ਨਾਲ ਵੇਖ ਰਹੇ ਹਨ। ਉਸ ਪਾਰਟੀ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੀ ਹੈ ਕਿ ਉਹ ਨਹਿਰੂ-ਗਾਂਧੀ ਪਰਵਾਰ ਤੋਂ ਬਾਹਰਲੀ ਫਿਜ਼ਾ ਵਿੱਚ ਉੱਡਣ ਜੋਗਾ ਕੋਈ ਪਾਰਿੰਦਾ ਵੀ ਪਸੰਦ ਨਹੀਂ ਕਰਦੀ। ਇਸ ਮੋੜ ਉੱਤੇ ਆਣ ਕੇ ਵੀ ਨਹਿਰੂ-ਗਾਂਧੀ ਪਰਵਾਰ ਦੇ ਜਿਹੜੇ ਅਜੋਕੇ ਵਾਰਸਾਂ ਵਾਸਤੇ ਇਹ ਪਾਰਟੀ ਅੱਖਾਂ ਵਿਛਾਈ ਫਿਰਦੀ ਹੈ, ਉਹ ਵਕਤ ਦੀ ਰਾਜਨੀਤੀ ਦੇ ਹਾਣ ਦੇ ਨਹੀਂ ਜਾਪਦੇ। ਰਾਹੁਲ ਗਾਂਧੀ ਆਪਣੀ ਕਾਰਗੁਜ਼ਾਰੀ ਵਿੱਚ ਅਸਲੋਂ ਨਿਕੰਮਾ ਸਾਬਤ ਹੋਇਆ ਤੇ ਪਾਰਲੀਮੈਂਟ ਵਿੱਚ ਅੱਖ ਮਾਰਨ ਅਤੇ ਪ੍ਰਧਾਨ ਮੰਤਰੀ ਨੂੰ ਬਦੋਬਦੀ ਦੀ ਜੱਫੀ ਪਾਉਣ ਦੇ ਨਾਲ ਆਪਣੀ ਸਥਿਤੀ ਹਾਸੋਹੀਣਾ ਕਰਨ ਤੋਂ ਅੱਗੇ ਨਹੀਂ ਸੀ ਵਧ ਸਕਿਆ। ਹਰ ਸਾਲ ਉਹ ਦੇਸ਼ ਤੋਂ ਬਾਹਰ ਛੁੱਟੀਆਂ ਮਨਾਉਣ ਜਾਂਦਾ ਹੈ ਤਾਂ ਉਸ ਦੇ ਦੌਰੇ ਵਾਲੇ ਦੇਸ਼ਾਂ ਬਾਰੇ ਕਈ ਤਰ੍ਹਾਂ ਦੀ ਚਰਚਾ ਨਵੀਂ ਛਿੜੀ ਸੁਣ ਜਾਂਦੀ ਹੈ। ਉਸ ਦੀ ਭੈਣ ਕੋਲ ਪ੍ਰਤਿਭਾ ਹੈ, ਬੋਲ-ਬਾਣੀ ਵਿੱਚ ਰਸ ਵੀ ਹੈ ਤੇ ਸਿੱਧੇ ਜਵਾਬ ਦੇਣ ਦੀ ਦਲੀਲ ਵੀ, ਪਰ ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਉਸ ਦਾ ਨਾਲਾਇਕ ਪਤੀ ਹੈ, ਜਿਸ ਦੇ ਭ੍ਰਿਸ਼ਟਾਚਾਰ ਦੇ ਕਿੱਸਿਆਂ ਕਾਰਨ ਉਹ ਇਸ ਦੇਸ਼ ਵਿੱਚ ਖਾਸ ਅੱਗੇ ਵਧਣ ਜੋਗੀ ਨਹੀਂ। ਕਾਂਗਰਸ ਦੇ ਜਿਹੜੇ ਲੀਡਰ ਪ੍ਰਿਅੰਕਾ ਗਾਂਧੀ ਨੂੰ ਆਪਣੇ ਭਰਾ ਦੀ ਥਾਂ ਅੱਗੇ ਲਿਆਉਣ ਦਾ ਸਾਂਗ ਕਰਦੇ ਹਨ, ਉਨ੍ਹਾਂ ਵਿੱਚੋਂ ਕਈ ਆਗੂ ਖੁਦ ਹੀ ਇਸ ਵਕਤ ਭਾਜਪਾ ਵਿੱਚ ਦਾਖਲੇ ਦੀ ਵੇਟਿੰਗ ਲਿਸਟ ਵਿੱਚ ਦੱਸੇ ਜਾਂਦੇ ਹਨ। ਕਦੀ ਬਹੁਗੁਣਾ ਪਰਵਾਰ ਉਨ੍ਹਾਂ ਦਾ ਭਗਤ ਹੁੰਦਾ ਸੀ, ਫਿਰ ਕੁਰਸੀਆਂ ਖਾਤਰ ਭਾਜਪਾ ਵਿੱਚ ਚਲਾ ਗਿਆ ਅਤੇ ਏਦਾਂ ਹੀ ਕਈ ਰਾਜਾਂ ਦੇ ਪੁਰਾਣੇ ਕਾਂਗਰਸੀਆਂ ਨੇ ਐਨ ਚੋਣਾਂ ਸਿਰ ਉੱਤੇ ਆਈਆਂ ਤੋਂ ਪਾਰਟੀ ਨੂੰ ਠਿੱਬੀ ਮਾਰੀ ਅਤੇ ਮੋਦੀ-ਚਾਲੀਸਾ ਪੜ੍ਹਨ ਜਾ ਲੱਗੇ ਸਨ।
ਇਸ ਵਾਰੀ ਦੇ ਨਵੇਂ ਸਾਲ ਮੌਕੇ ਦੇਸ਼ ਦੀ ਸਿਆਸਤ ਵਿੱਚ ਦੋ ਗੱਲਾਂ ਦੀ ਸਪੱਸ਼ਟਤਾ ਲੱਭ ਸਕਦੀ ਹੈ ਤੇ ਤੀਸਰੀ ਦੇ ਬਾਰੇ ਉਲਝਣ ਹੈ। ਸਪੱਸ਼ਟਤਾ ਵਾਲੀਆਂ ਦੋ ਗੱਲਾਂ ਵਿੱਚੋਂ ਇੱਕ ਇਹ ਹੈ ਕਿ ਸਰਕਾਰ ਇਸ ਦਾ ਐਲਾਨ ਕਰੇ ਜਾਂ ਨਾ, ਇਹ ਦੇਸ਼ ਇਸ ਵੇਲੇ ਇੱਕ ਧਰਮ ਦੇ ਰਾਜ ਵਾਲੀ ਲੀਹ ਵੱਲ ਨੂੰ ਖਿਸਕ ਰਿਹਾ ਹੈ। ਦੂਸਰੀ ਗੱਲ ਇਹ ਕਿ ਜਿਨ੍ਹਾਂ ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਤੇ ਉਹ ਇਸ ਦੇ ਕਿਸੇ ਬਦਲ ਦੀ ਤਲਾਸ਼ ਵਿੱਚ ਹਨ, ਉਨ੍ਹਾਂ ਦੇ ਮੂਹਰੇ ਬਦਲ ਪਰੋਸਣ ਵਾਸਤੇ ਕਾਂਗਰਸ ਪਾਰਟੀ ਜਿਸ ਪਰਵਾਰ ਤੋਂ ਅਜੇ ਤੱਕ ਆਸ ਲਾਈ ਬੈਠੀ ਹੈ, ਉਸ ਦੇ ਤਿਲਾਂ ਵਿੱਚ ਤੇਲ ਨਹੀਂ ਅਤੇ 'ਉਹ ਦਿਨ ਡੁੱਬਾ, ਜਦ ਘੋੜੀ ਚੜ੍ਹਿਆ ਕੁੱਬਾ' ਦਾ ਮੁਹਾਵਰਾ ਕਿਹਾ ਜਾ ਸਕਦਾ ਹੈ। ਤੀਸਰੀ ਪੁੱਛਣਾ ਕਿਸੇ ਹੋਰ ਬਦਲ ਦੇ ਬਾਰੇ ਹੁੰਦੀ ਹੈ ਤਾਂ ਇਸ ਦੀ ਅਜੇ ਕੋਈ ਸਪੱਸ਼ਟਤਾ ਨਹੀਂ ਲੱਭਦੀ। ਕਿਸੇ ਵੀ ਕਿਸਮ ਦੇ ਰਾਜ ਦਾ ਵਿਰੋਧ ਕਰਨਾ ਹੋਵੇ ਤਾਂ ਉਸ ਲਈ ਵਿਰੋਧ ਕਰਨ ਜੋਗੇ ਨੇਤਾ ਦੀ ਲੋੜ ਹੁੰਦੀ ਹੈ, ਤੇ ਇਹੋ ਗੱਲ ਹੈ ਜਿਸ ਦੇ ਅਜੇ ਤੱਕ ਸੰਕੇਤ ਨਹੀਂ ਮਿਲਦੇ।