ਵੇਦਨ ਦੀ ਅਕੱਥ-ਕਥਾ - ਬਲਬੀਰ ਮਾਧੋਪੁਰੀ
ਸੋਲ੍ਹਾਂ ਨਵੰਬਰ 1934 ਨੂੰ ਜਨਮੀ ਅਜੀਤ ਕੌਰ 'ਸਾਰਕ ਲੇਖਕ ਕਾਨਫਰੰਸਾਂ' ਵਿਚ ਬੜੇ ਚਾਅ ਨਾਲ ਦੱਸਦੀ ਹੈ ਕਿ ਜਿਸ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਨਹੀਂ। ਦੂਜੇ ਫ਼ਿਕਰੇ 'ਚ ਅਕਸਰ ਫ਼ਖਰ ਨਾਲ ਕਹਿੰਦੀ ਹੈ, ''ਮੇਰਾ ਤੇ ਨਾੜੂ ਲਾਹੌਰ ਸ਼ਹਿਰ 'ਚ ਦੱਬਿਆ ਹੋਇਐ।'' ਇਕ ਹੋਰ ਗੱਲ ਉਹ ਬੜੇ ਧੜੱਲੇ ਨਾਲ ਆਖਦੀ ਹੈ, ''ਲੇਖਕ ਮੁਲਕਾਂ ਵਿਚਾਲੇ ਦੋਸਤੀ ਦਾ ਵਗਦਾ ਦਰਿਆ ਹੈ ਜਾਂ ਇਉਂ ਕਹੋ ਕਿ ਅਦੀਬ ਮੁਲਕਾਂ ਵਿਚਾਲੇ ਤਣਾਅ ਦੇ ਵਗਦੇ ਦਰਿਆ ਉੱਤੇ ਨਿੱਗਰ ਪੁਲ ਹਨ।'' ਭਾਵੇਂ 1947 ਵਿਚ ਭਾਰਤ-ਪਾਕਿ ਸਰਕਾਰਾਂ ਤੇ ਫਿਰ ਲੋਕਾਂ ਨੇ ਵੀ ਦੋਵਾਂ ਮੁਲਕਾਂ ਦੀ ਅਲੱਗ-ਅਲੱਗ ਹੋਂਦ ਨੂੰ ਸਵੀਕਾਰ ਕਰ ਲਿਆ ਹੈ। ਇਹ ਵੱਖਰੀ ਗੱਲ ਹੈ ਕਿ ਭਾਵੇਂ ਜ਼ਮੀਨ 'ਤੇ ਲੀਕ ਪੈ ਗਈ, ਪਰ ਦੁਵੱਲੇ ਵਸਦੇ ਲੋਕਾਂ ਦੇ ਦਿਲਾਂ 'ਤੇ ਨਹੀਂ। ਉਹ ਇਕ-ਦੂਜੇ ਲਈ ਧੜਕਦੇ ਹਨ। ਸੂਫ਼ੀ ਪਰੰਪਰਾ ਦਿਲਾਂ ਨੂੰ ਜੋੜਦੀ ਹੈ। ਸੂਫ਼ੀ ਪਰੰਪਰਾਵਾਂ ਹੱਦਾਂ-ਸਰਹੱਦਾਂ, ਮਜ਼ਹਬੀ ਤੇ ਨਸਲੀ ਵੰਡੀਆਂ ਨੂੰ ਉਲੰਘਦੀਆਂ ਹਨ ਤੇ ਦੁਨੀਆਂ ਦੇ ਵੱਖ-ਵੱਖ ਖ਼ਿੱਤਿਆਂ ਵਿਚ ਰਹਿੰਦੇ ਲੋਕਾਂ ਵਿਚਾਲੇ ਇਨਸਾਨੀ ਤੇ ਜ਼ਾਤੀ ਰਿਸ਼ਤਿਆਂ ਨੂੰ ਜੋੜਨ ਵਿਚ ਮਦਦ ਕਰਦੀਆਂ ਹਨ।
ਦਰਅਸਲ, ਉਹ ਤਕਰੀਬਨ ਸਾਢੇ ਬਾਰਾਂ ਸਾਲ ਦੀ ਉਮਰ ਵਿਚ ਲਾਹੌਰ ਤੋਂ ਪਰਿਵਾਰ ਸਣੇ ਬਤੌਰ ਪਨਾਹਗੀਰ ਦਿੱਲੀ ਆਈ। ਸ਼ਾਇਦ ਇਸੇ ਕਰਕੇ ਉਹਦੇ ਇਨਸਾਨੀ ਤੇ ਇਨਸਾਨੀਅਤ ਦੇ ਖ਼ਿਆਲਾਂ ਨੇ ਉਹਨੂੰ ਗੁਆਂਢੀ ਮੁਲਕਾਂ ਵਿਚਾਲੇ ਸਾਂਝ ਵਧਾਉਣ ਦੇ ਰਾਹ ਤੋਰਿਆ। ਅਜੀਤ ਕੌਰ ਨੇ ਆਪਣੀ ਸਾਹਿਤ ਸਿਰਜਣਾ ਵਿਚੋਂ ਹੀ 'ਸਾਰਕ ਲੇਖਕ ਸੰਮੇਲਨ' ਨੂੰ ਸਿਰਜਿਆ ਤੇ ਅੱਜ ਤਕ ਉਸ ਦੀ ਲਗਾਤਾਰਤਾ ਨੂੰ ਬਰਕਰਾਰ ਰੱਖਿਆ ਹੋਇਆ ਹੈ। ਕਾਨਫਰੰਸਾਂ ਵਿਚ ਰਾਸ਼ਟਰਪਤੀ, ਮੰਤਰੀ, ਵੱਖ-ਵੱਖ ਮੁਲਕਾਂ ਦੇ ਸਫ਼ੀਰ, ਉੱਘੇ ਸਾਹਿਤਕਾਰ, ਸੰਗੀਤਕਾਰ, ਨ੍ਰਿਤਕ, ਪੱਤਰਕਾਰ, ਚਿੱਤਰਕਾਰ ਆਦਿ ਸ਼ਾਮਿਲ ਹੁੰਦੇ ਹਨ। ਇਸ ਸਭ ਕਾਸੇ ਪਿੱਛੇ ਉਸ ਦੀ ਕਹਾਣੀ ਸਿਰਜਣਾ ਵਿਚ ਕਾਰਜਸ਼ੀਲ ਮਨੁੱਖ-ਮੁਖੀ ਸੰਵੇਦਨਸ਼ੀਲ ਤੇ ਵਿਸ਼ਵ ਭਾਈਚਾਰਾ ਇਕ ਹੈ, ਦੀ ਸੋਚ ਹੈ। ਕਹਾਣੀ ਸੰਗ੍ਰਹਿ 'ਨਾ ਮਾਰੋ', 'ਨਵੰਬਰ ਚੁਰਾਸੀ' ਦਿੱਲੀ-ਪੰਜਾਬ ਦੇ ਕਾਲੇ ਦਿਨਾਂ ਦੀ ਦਾਸਤਾਨ ਨੂੰ ਉਭਾਰਦੇ ਹਨ। 'ਗੌਰੀ' ਨਾਵਲ ਮੂਕ ਰੂਪ ਵਿਚ ਇਸਤਰੀ ਵੇਦਨ ਦੀ ਅਕੱਥ-ਕਥਾ ਹੈ। ਅਜੀਤ ਕੌਰ ਦੀ ਸਵੈ-ਜੀਵਨੀ 'ਖ਼ਾਨਾਬਦੋਸ਼' (1983) ਕਿਸੇ ਤੋਂ ਗੁੱਝੀ ਨਹੀਂ ਤੇ ਉਸ ਵਿਚਲਾ 'ਵਨ ਜ਼ੀਰੋ ਵਨ' ਅਧਿਆਇ ਮਾਂ-ਮਮਤਾ ਦਾ ਸਿਖਰ ਹੈ, ਉਸ ਦੀ ਛੋਟੀ ਧੀ ਕੈਂਡੀ ਦੀ ਜ਼ਿੰਦਗੀ ਦੇ ਦੁਖਾਂਤ ਤੇ ਸਦੀਵੀ ਵਿਛੋੜੇ ਦਾ ਦਿਲ ਵਿੰਨ੍ਹਵਾਂ ਬਿਰਤਾਂਤ। 'ਕੂੜਾ ਕਬਾੜਾ' (1997) ਅਜੀਤ ਕੌਰ ਦੀ ਸਵੈ-ਜੀਵਨੀ 'ਖ਼ਾਨਾਬਦੋਸ਼' ਦਾ ਵਿਸਥਾਰ ਹੈ। ਸਮੁੱਚੀਆਂ ਗਲਪ ਰਚਨਾਵਾਂ ਵਾਂਗ ਉਹਦੀ ਸਵੈ-ਜੀਵਨੀ ਵਿਚ ਬੇਬਾਕੀ ਤੇ ਔਰਤ-ਮਰਦ ਦੇ ਰੂਹਾਨੀ-ਜਿਸਮਾਨੀ ਸਬੰਧਾਂ ਦੀ ਪੇਸ਼ਕਾਰੀ ਨਿਵੇਕਲੀ ਤੇ ਨਿਆਰੀ ਹੈ। ਇਸੇ ਕਾਰਨ ਉਹਦੀਆਂ ਰਚਨਾਵਾਂ ਪੰਜਾਬੀ ਜ਼ੁਬਾਨ ਤਕ ਮਹਿਦੂਦ ਨਹੀਂ ਰਹੀਆਂ ਸਗੋਂ ਭਾਰਤੀ ਭਾਸ਼ਾਵਾਂ ਦੇ ਨਾਲ-ਨਾਲ ਵਿਸ਼ਵ ਦੀਆਂ ਅਨੇਕਾਂ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ।
ਅਜੀਤ ਕੌਰ (ਐੱਮ.ਏ. ਅਰਥ-ਸ਼ਾਸਤਰ) ਕਦੇ ਸਕੂਲ 'ਚ ਅਧਿਆਪਕਾ ਸੀ ਤੇ ਆਪਣੀਆਂ ਦੋ ਧੀਆਂ ਡੌਲੀ (ਚਿੱਤਰਕਾਰ ਅਰਪਨਾ ਕੌਰ) ਤੇ ਕੈਂਡੀ ਨਾਲ ਕਿਰਾਏ ਦੇ ਮਕਾਨਾਂ 'ਚ ਰਹਿੰਦੀ ਸੀ। ਪਰ ਹੁਣ ਆਪਣੀ ਸਾਹਿਤਕਾਰੀ ਤੇ ਮਿਹਨਤ ਜ਼ਰੀਏ ਦਿੱਲੀ ਦੇ ਖ਼ੂਬਸੂਰਤ ਇਲਾਕੇ ਵਿਚ ਖੇਲ ਗਾਓਂ ਰੋਡ ਉੱਤੇ ਇਕ ਅਲੀਸ਼ਾਨ ਇਮਾਰਤ ਵਿਚ ਰਹਿੰਦੀ ਹੈ ਜੋ 'ਅਕੈਡਮੀ ਆਫ ਫਾਈਨ ਆਰਟਸ ਐਂਡ ਲਿਟਰੇਚਰ' ਵਜੋਂ ਪ੍ਰਸਿੱਧ ਹੈ।
ਸਾਹਿਤ ਅਕਾਦਮੀ ਐਵਾਰਡ, ਪਦਮਸ਼੍ਰੀ, ਸ਼੍ਰੋਮਣੀ ਸਾਹਿਤਕਾਰ ਐਵਾਰਡ, ਬਾਬਾ ਅਲੀ ਐਵਾਰਡ ਸਮੇਤ ਬੇਸ਼ੁਮਾਰ ਇਨਾਮ ਉਹਦੀਆਂ ਲਿਖਤਾਂ ਦੇ ਸਿਰਨਾਵੇਂ ਬਣੇ ਹਨ। ਪਿਛਲੇ ਦਿਨੀਂ ਰਾਸ਼ਟਰਕਵੀ ਕੁਵੈਂਪੂ ਪ੍ਰਤਿਸ਼ਠਾਨ, ਕਰਨਾਟਕ ਵੱਲੋਂ ਅਜੀਤ ਕੌਰ ਨੂੰ 'ਕੁਵੈਂਪੂ ਰਾਸ਼ਟਰੀ ਪੁਰਸਕਾਰ' ਦਿੱਤੇ ਜਾਣ ਦਾ ਐਲਾਨ ਹੋਇਆ। ਇਹ ਐਵਾਰਡ 29 ਦਸੰਬਰ ਨੂੰ ਰਾਸ਼ਟਰ ਕਵੀ ਕੁਵੈਂਪੂ ਦੇ ਜਨਮ ਦਿਨ ਮੌਕੇ ਕੁਪੱਲੀ, ਤੀਰਥਾਹੱਲੀ ਤਾਲੁੱਕ (ਜ਼ਿਲ੍ਹਾ ਸ਼ਿਵਾਮੋਗਾ) ਵਿਖੇ ਦਿੱਤਾ ਜਾਵੇਗਾ। ਪੰਜ ਲੱਖ ਰੁਪਏ ਦੀ ਰਕਮ ਦੇ ਇਸ ਪੁਰਸਕਾਰ ਵਿਚ ਸਾਹਿਤਕਾਰ ਗੁਰਬਚਨ ਸਿੰਘ ਭੁੱਲਰ ਬਰਾਬਰ ਦੇ ਭਾਈਵਾਲ ਹਨ। ਪੰਜਾਬੀ ਭਾਸ਼ਾ ਲਈ ਇਹ ਬਹੁਤ ਵੱਡੇ ਮਾਣ ਦੀ ਗੱਲ ਹੈ।
ਆਪਣੀ ਡਾਇਰੀ ਵਿਚੋਂ-
ਜਦੋਂ ਮੈਨੂੰ ਮਾਣ ਮਹਿਸੂਸ ਹੋਇਆ :
ਗੱਲ ਜਨਵਰੀ 1997 ਦੀ ਹੈ। ਮੈਂ ਆਪਣੇ ਪਿੰਡ ਮਾਂ-ਪਿਉ ਨੂੰ ਮਿਲਣ ਗਿਆ ਹੋਇਆ ਸੀ। ਦਿੱਲੀ ਤੋਂ ਪਤਨੀ ਨੇ ਫ਼ੋਨ 'ਤੇ ਦੱਸਿਆ ਕਿ ਅਜੀਤ ਕੌਰ ਦਾ ਦੋ ਦਿਨਾਂ ਵਿਚ ਤਿੰਨ ਵਾਰ ਫ਼ੋਨ ਆਇਆ। ਕਹਿੰਦੀ ਸੀ ਜਦੋਂ ਆਵੇ ਮੇਰੇ ਨਾਲ ਗੱਲ ਕਰੇ। ਮੈਨੂੰ ਇਤਬਾਰ ਜਿਹਾ ਨਾ ਆਵੇ। ਮੇਰੇ ਖ਼ਿਆਲਾਂ ਦੀ ਲੜੀ ਦਿਲ ਦੀ ਧੜਕਣ ਵਾਂਗ ਲਗਾਤਾਰ ਜਾਰੀ ਸੀ। ਮੇਰੇ ਪੈਰ ਧਰਤੀ ਉੱਤੇ ਨਹੀਂ ਰਹੇ ਸਨ। ਮਨ ਇੰਨਾ ਕਾਹਲਾ ਕਿ ਕਿਹੜੀ ਘੜੀ ਦਿੱਲੀ ਪਹੁੰਚ ਜਾਵਾਂ ਤੇ ਪੰਜਾਬੀ ਦੀ ਟੀਸੀ ਦੀ ਗਲਪਕਾਰ ਦੇ ਰੂਬਰੂ ਹੋਵਾਂ। ਜਦੋਂ ਅਜੀਤ ਕੌਰ ਦੇ ਕੁਰੱਖ਼ਤ, ਅੱਖੜ, ਸਖ਼ਤ ਤੇ ਰੋਅਬ-ਦਾਬੇ ਵਾਲੇ ਸੁਭਾਅ ਬਾਰੇ ਸੁਣੇ ਦਾ ਚੇਤਾ ਆਉਂਦਾ ਤਾਂ ਮੇਰੀਆਂ ਸੋਚਾਂ ਦਾ ਵਾਹਨ ਪਲ ਵਿਚ ਹੀ ਧਰਤੀ ਦੀ ਗੁਰੂਤਾ ਦੇ ਘੇਰੇ ਵਿਚ ਆ ਜਾਂਦਾ।
ਦਿੱਲੀ ਪਹੁੰਚ ਕੇ ਮੈਂ ਦੁਚਿੱਤੀ ਵਿਚ ਫਸ ਗਿਆ। ਅਜੀਤ ਕੌਰ ਕੋਲ ਜਾਵਾਂ ਕਿ ਨਾ। ਮੈਂ ਸੁਣਿਆ ਹੋਇਆ ਸੀ ਕਿ ਉਹ ਨਾਢੂ ਖ਼ਾਂ ਬਣੇ ਫਿਰਦੇ ਲੇਖਕਾਂ ਨੂੰ ਟਿੱਚ ਸਮਝਦੀ ਹੈ- ਬਹੁਤਿਆਂ ਨੂੰ ਮਿਲਦੀ ਨਹੀਂ, ਥੱਲਿਓਂ ਹੀ ਮੈਨੇਜਰ ਬੇਰੰਗ ਮੋੜ ਦਿੰਦਾ ਹੈ। ਪਤਨੀ ਸਣੇ ਦੋ-ਤਿੰਨ ਦੋਸਤਾਂ ਨਾਲ ਸਲਾਹ ਕੀਤੀ। ਉਨ੍ਹਾਂ ਆਖਿਆ, ''ਮੁੱਲਾ ਸਬਕ ਨਾ ਦਊ ਤਾਂ ਘਰ ਨੂੰ ਵੀ ਨਾ ਆਉਣ ਦਊ।''
ਅਕੈਡਮੀ ਦਾ ਗੇਟ ਵੜਦਿਆਂ ਮੇਰੇ ਪੈਰ ਛੋਹਲੇ ਸਨ, ਪਰ ਸ਼ਸ਼ੋਪੰਜ ਵਾਲੀ ਹਾਲਤ ਬਰਕਰਾਰ ਸੀ। ਪਲ ਕੁ ਲਈ ਅਜੀਤ ਕੌਰ ਕਿਤਾਬਾਂ ਦੇ ਸੰਗ੍ਰਹਿ ਵਿਚ ਬਦਲ ਗਈ। ਮੈਂ ਜਿਵੇਂ ਕਹਾਣੀਆਂ, ਸਕੈੱਚਾਂ ਤੇ 'ਗੌਰੀ' ਦੇ ਵਰਕੇ ਉਲੱਦਣ ਲੱਗ ਪਿਆ ਹੋਵਾਂ। ਉਹ ਮੈਨੂੰ ਸਾਹਿਤ ਦੀ ਭਰ ਵਗਦੀ ਨਦੀ ਜਿਸ ਦਾ ਚੁਸਤ-ਫਰਤ ਵਾਕ-ਬਣਤਰ ਪ੍ਰਵਾਹ, ਵਿਲੱਖਣ ਸ਼ੈਲੀ ਦੀ ਨਿਰੰਤਰਤਾ, ਪ੍ਰੇਰਨਾ ਤੇ ਇਲਮ ਦੀ ਕੁੰਜੀ ਲੱਗਣ ਲੱਗਿਆ। ਖ਼ੈਰ, ਦੋ ਕੁ ਮਿੰਟਾਂ ਵਿਚ ਲਿਫ਼ਟ ਰਾਹੀਂ ਸਿਰਮੌਰ ਲੇਖਿਕਾ ਧਰਤੀ ਉੱਤੇ ਉਤਰੀ ਤੇ ਮੈਨੂੰ 'ਧਾਅ ਗਲਵੱਕੜੀ ਪਾਈ'। ਮੇਰੀ ਦੁਬਿਧਾ ਦੇ ਹੱਦਾਂ-ਬੰਨੇ ਪਤਾ ਨਹੀਂ ਕਿੱਧਰ ਲੋਪ ਹੋ ਗਏ ਸਨ। ਸਭ ਕੁਝ ਸਮਤਲ ਹੋ ਗਿਆ ਲੱਗਦਾ ਸੀ। ਵੱਡੀ ਸਾਹਿਤਕਾਰ ਅਤੇ ਮੇਰੇ ਅਦਨੇ ਜਿਹੇ ਲੇਖਕ ਵਿਚਾਲੇ ਪਾੜਾ ਪੂਰਿਆ ਗਿਆ ਜਾਪਦਾ ਸੀ।
ਆਪਣੇ ਅਮਲੇ-ਫ਼ੈਲੇ ਨੂੰ ਹਦਾਇਤ ਕਰਨ ਮਗਰੋਂ ਉਸ ਨੇ ਮੇਰੀ ਬਾਂਹ ਫੜੀ ਜਿਵੇਂ ਮੈਂ ਨਿਆਣਾ ਜਿਹਾ, ਬਲੂਰ ਜਿਹਾ ਹੋਵਾਂ। ਸਿੱਧੀ ਲਿਫਟ ਰਾਹੀਂ ਆਪਣੇ ਪੜ੍ਹਨ ਕਮਰੇ ਵਿਚ ਲੈ ਗਈ ਜੋ ਉਸ ਦਾ ਸੌਣ ਕਮਰਾ ਵੀ ਹੈ। ਪਲਾਂ ਵਿਚ ਹੀ ਮੈਨੂੰ ਵਰ੍ਹਿਆਂ ਪੁਰਾਣੀ ਦੋਸਤੀ ਹੋਣ ਦਾ ਝਾਉਲਾ ਜਿਹਾ ਪਿਆ।
ਮੈਂ ਤਾਂ ਸਮਝਦੀ ਸੀ ਪਈ ਕੋਈ ਬਜ਼ੁਰਗ ਹੋਣਾ ਏਂ ਪੰਜਾਬ ਵਿਚ। ਜਿਸ ਦਿਨ ਦਾ 'ਮੇਰੀ ਦਾਦੀ-ਇਕ ਇਤਿਹਾਸ' ਸਵੈ-ਜੀਵਨੀ ਅੰਸ਼ 'ਆਰਸੀ' ਵਿਚ ਪੜ੍ਹਿਆ ਹੋਇਆ- ਮੈਂ ਚਿੱਠੀ ਲਿਖਣ-ਲਿਖਣ ਕਰਦੀ ਸੀ। ਭਾਪਾ ਜੀ (ਪ੍ਰੀਤਮ ਸਿੰਘ) ਤੋਂ ਪਤਾ ਲੱਗਾ ਕਿ ਤੂੰ ਦਿੱਲੀ ਵਿਚ ਹੀ ਨੌਕਰੀ ਕਰਦਾ ਏਂ।'' ਫ਼ੋਨ ਦਾ ਰਸੀਵਰ ਲਾਹ ਕੇ ਇਕ ਪਾਸੇ ਰੱਖਦਿਆਂ ਉਸ ਗੱਲ ਤੋਰੀ।
ਮੇਰੇ ਖ਼ਾਨਦਾਨ ਦਾ ਪਿਛੋਕੜ ਤੇ ਸਾਰੇ ਪਰਿਵਾਰ ਦੇ ਇਕੱਲੇ-ਇਕੱਲੇ ਜੀਅ ਦਾ ਪੁੱਛਿਆ। ਗੱਲਬਾਤ ਵਿਚ ਇੰਨੀ ਅਪਣੱਤ, ਹਮਦਰਦੀ ਤੇ ਡੂੰਘੀ ਦਿਲਚਸਪੀ ਦੀ ਦਰਿਆਦਿਲੀ ਵਿਚ ਮੈਂ ਵੀ ਵਹਿ ਗਿਆ। ਮੇਰੇ ਮਨ ਵਿਚ ਉਸ ਪ੍ਰਤੀ ਸਤਿਕਾਰ ਦੀਆਂ ਉੱਚੀਆਂ ਲਹਿਰਾਂ ਉੱਠੀਆਂ।
ਦਲਿਤ ਸਮਾਜ ਬਾਰੇ ਜਾਣਕਾਰੀ ਤੇ ਮੇਰੇ ਪੜ੍ਹਨ-ਲਿਖਣ ਦਾ ਵੇਰਵਾ ਲੈਣ ਦੇ ਨਾਲ-ਨਾਲ ਚਾਹ-ਪਾਣੀ ਦਾ ਦੌਰ ਚਲਦਾ ਰਿਹਾ। ਬਾਹਰ ਦੀ ਸਿਖਰਾਂ ਦੀ ਠੰਢ ਵਿਚ ਵੀ ਮੈਨੂੰ ਨਿੱਘ ਮਹਿਸੂਸ ਹੋ ਰਿਹਾ ਸੀ। ਲੋਕਾਂ ਦੀਆਂ ਉਸ ਬਾਰੇ ਬਣਾਈਆਂ ਧਾਰਨਾਵਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਦਿਖਾਈ ਦੇ ਰਿਹਾ ਸੀ।
ਅਸੀਂ ਪੰਜਾਬੀ ਲੇਖਕਾਂ ਦੇ ਸਾਹਿਤ ਦੀ ਪੁਣ-ਛਾਣ ਕੀਤੀ। ਸਾਹਿਤ ਵਿਚਲੇ ਨਵੇਂ ਰੁਝਾਨਾਂ ਖ਼ਾਸ ਤੌਰ 'ਤੇ ਦਲਿਤ ਸਾਹਿਤ, ਨਾਰੀਵਾਦੀ ਸਾਹਿਤ ਤੇ ਸੂਫ਼ੀ ਸਾਹਿਤ ਸਬੰਧੀ ਗੱਲ ਕੀਤੀ। ਪੌਣੇ ਕੁ ਦੋ ਘੰਟੇ ਬਾਅਦ ਮੈਂ ਜਾਣ ਦੀ ਇਜਾਜ਼ਤ ਮੰਗੀ। ਉਹ ਮੇਰੀ ਪਿੱਠ ਪਲੋਸਦੀ ਬਾਹਰਲੇ ਗੇਟ ਤਕ ਆਈ। ਵਿਦਾਇਗੀ ਵੇਲੇ ਕਹਿਣ ਲੱਗੀ, ''ਇੱਥੇ ਹਰ ਮਹੀਨੇ ਦੇ ਆਖ਼ਰੀ ਐਤਵਾਰ ਸ਼ਾਮ ਨੂੰ 'ਡਾਇਆਲਾਗ' (ਮਾਸਿਕ ਇਕੱਤਰਤਾ) ਵਿਚ ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ ਸਮੇਤ ਅਲੱਗ-ਅਲੱਗ ਭਾਸ਼ਾਵਾਂ ਦੇ ਲੇਖਕ ਬੁਲਾਉਂਦੇ ਹਾਂ ਉਨ੍ਹਾਂ ਨੂੰ ਸੁਣਦੇ ਹਾਂ ਤੂੰ ਆਇਆ ਕਰ।'' ਮੈਂ, ''ਅੱਛਾ ਜੀ'' ਕਿਹਾ। ਲੇਖਕ ਮਿੱਤਰ ਅਜੀਤ ਕੌਰ ਨਾਲ ਮੇਰੀ ਮੁਲਾਕਾਤ ਨੂੰ ਸਿਰਫ਼ ਇਕ ਫੜ੍ਹ ਸਮਝਣ ਲੱਗੇ।
ਮੇਲ-ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਪਰ ਮੈਂ ਵਿੱਥ ਬਣਾ ਕੇ ਸੰਕੋਚ ਨਾਲ ਗੱਲ ਕਰਦਾ। ਉਸ ਨੇ ਮੇਰਾ ਝਾਕਾ ਹਟਾਉਣ ਤੇ ਮੇਰਾ ਧਜਾ ਬੰਨ੍ਹਾਉਣ ਲਈ ਆਖਿਆ, ''ਦੇਖ ਬਲਬੀਰ, ਵੱਡੇ-ਛੋਟੇ ਲੇਖਕ ਹੋਣ ਦਾ ਮਨ 'ਚ ਨਹੀਂ ਲਿਆਈਦਾ। ਛੋਟਿਆਂ ਤੋਂ ਹੀ ਵੱਡੇ ਹੁੰਦੇ ਨੇ।''
ਉਸ 'ਡਾਇਆਲਾਗ' ਦਾ ਬਹੁਤਾ ਕੰਮ ਮੈਨੂੰ ਸੌਂਪ ਦਿੱਤਾ। ਮੇਰੀ ਕਵਿਤਾ ਦਾ ਦੂਜੇ ਲੇਖਕਾਂ ਨਾਲ ਵਿਚਾਰ-ਵਟਾਂਦਰਾ ਹੁੰਦਾ। ਏਸੇ ਦੌਰਾਨ ਮੇਰੀ ਸਵੈ-ਜੀਵਨੀ 'ਛਾਂਗਿਆ ਰੁੱਖ' ਜਨਵਰੀ 2003 ਦੇ ਸ਼ੁਰੂ ਵਿਚ ਆਈ। ਮੇਰੇ ਨਾਲੋਂ ਵੱਧ ਅਜੀਤ ਕੌਰ ਨੂੰ ਚਾਅ ਚੜ੍ਹਿਆ ਹੋਇਆ ਸੀ। ਲੋਕ-ਅਰਪਣ ਵੇਲੇ ਉਸ ਨੇ ਆਖਿਆ, ''ਲੋਕ ਅਜੀਤ ਕੌਰ ਨੂੰ ਲੱਭਦੇ ਨੇ- ਮੈਂ ਬਲਬੀਰ ਮਾਧੋਪੁਰੀ ਨੂੰ ਲੱਭਿਆ ਏ। ਦਲਿਤ ਸਾਹਿਤ ਬਾਰੇ ਮੇਰੀਆਂ ਧਾਰਨਾਵਾਂ ਅਲੱਗ ਸਨ ਜਿਵੇਂ ਨਾਰੀਵਾਦ ਬਾਰੇ। ਪਰ ਬਲਬੀਰ ਦੀਆਂ ਰਚਨਾਵਾਂ ਪੜ੍ਹ ਕੇ ਲੱਗਿਆ ਕਿ ਦਲਿਤ ਸਾਹਿਤ ਦੀ ਵੱਖਰੀ ਵਿਧਾ ਬਹੁਤ ਮਹੱਤਵਪੂਰਨ ਹੈ। ਇਸ ਵਿਚ ਸਮਾਜਿਕ ਯਥਾਰਥ ਏ ਤੇ ਸਦੀਆਂ ਤੋਂ ਦਲਿਤਾਂ ਉੱਤੇ ਹੁੰਦੇ ਅੱਤਿਆਚਾਰਾਂ ਦਾ ਪ੍ਰਗਟਾਵਾ ਏ। ਮੈਂ ਬਲਬੀਰ ਦੀ ਬਹੁਤ ਵੱਡੀ ਫੈਨ ਹਾਂ, ਮੈਂ ਇਸ ਦੀ ਬਹੁਤ ਕਦਰ ਕਰਦੀ ਹਾਂ। ਜੇ ਮੈਂ ਟੋਪੀ ਪਹਿਨਦੀ ਹੁੰਦੀ ਤਾਂ ਮੈਂ ਇਸ ਦੇ ਕਦਮਾਂ ਵਿਚ ਰੱਖ ਦਿੰਦੀ।''
ਅਜੀਤ ਕੌਰ ਦੀਆਂ ਇਨ੍ਹਾਂ ਟਿੱਪਣੀਆਂ ਨਾਲ ਮੈਨੂੰ ਲੱਗਿਆ ਜਿਵੇਂ 'ਛਾਂਗਿਆ ਰੁੱਖ' ਸੰਘਣੀ ਛਾਂ ਵਾਲੇ ਹਰੇ-ਭਰੇ ਰੁੱਖ ਵਿਚ ਤਬਦੀਲ ਹੋ ਗਿਆ ਹੋਵੇ। ਇੰਟਰਵਿਊ ਲੈਣ ਆਇਆਂ ਕੋਲ ਮੇਰੀਆਂ ਰਚਨਾਵਾਂ ਦਾ ਚਰਚਾ ਅਤੇ ਦੂਰਦਰਸ਼ਨ ਉੱਤੇ 'ਛਾਂਗਿਆ ਰੁੱਖ' ਵਿਚ ਮੇਰੇ ਦਲਿਤ ਹੋਣ ਦੇ 'ਫਸਟ ਹੈਂਡ' ਤਜਰਬੇ, ਪੰਜਾਬੀ ਵਿਚ ਜ਼ਿੰਦਗੀ ਦੇ ਏਸ ਪੱਖ ਬਾਰੇ ਪਹਿਲੀ ਵਾਰ ਲਿਖੀ ਸਵੈ-ਜੀਵਨੀ ਦੀਆਂ ਗੱਲਾਂ ਸੁਣ ਤੇ ਸੋਚ ਕੇ ਮੈਨੂੰ ਅਜੀਤ ਉੱਤੇ ਅਤੇ ਆਪਣੇ 'ਤੇ ਮਾਣ ਮਹਿਸੂਸ ਹੋਇਆ। ਹੁਣ ਉਸ ਦਾ ਅੜਬ ਸੁਭਾਅ ਮੇਰੇ ਲਈ ਮੋਹ-ਮਮਤਾ ਵਿਚ ਬਦਲ ਗਿਆ ਹੈ।
ਸੰਪਰਕ : 93505-48100