ਡਾਇਰੀ ਦਾ ਪੰਨਾ : ਸਦਾ ਸਲਾਮਤ ਰਹਿ ਪੁਲੀਏ! - ਨਿੰਦਰ ਘੁਗਿਆਣਵੀ
ਅੱਜ ਮੇਰਾ ਦਿਲ ਕੀਤੈ, ਏਸ ਪੁਲੀ ਉੱਤੇ ਦੋ ਪਲ ਬੈਠਣ ਨੂੰ। ਏਹਦੇ ਹੇਠਿਓਂ 'ਕਲ਼-ਕਲ਼' ਕਰਕੇ ਵਹਿ ਰਿਹਾ ਪਾਣੀ ਮੇਰੇ ਲਈ ਜਾਣਿਆ-ਪਛਾਣਿਆਂ ਹੈ। ਹੁਣ ਤਾਂ ਇਸ ਪੁਲੀ ਲਾਗੇ ਇੱਕ ਨਿੰਮੜੀ ਦਾ ਬੂਟਾ ਵੀ ਜੁਆਨ ਹੋ ਚੱਲਿਆ ਏ, ਤੇ ਉਹਦੇ ਹੇਠਾਂ ਕਿਸੇ ਦਾਨੀ-ਪੁਰਸ਼ ਨੇ ਇੱਕ ਨਲਕਾ ਵੀ ਗਡਵਾ ਦਿੱਤਾ ਹੋਇਐ, ਰਾਹੀ-ਪਾਂਧੀ ਨਿੰਮੜੀ ਥੱਲੇ ਬਹਿੰਦੇ ਨੇ, ਪਾਣੀ ਪੀਂਦੇ ਨੇ, 'ਸੁਖ ਦਾ ਸਾਹ' ਲੈਂਦੇ ਨੇ ਤੇ ਟੁਰ ਜਾਂਦੇ ਨੇ। ਏਸ ਪੁਲੀ ਉੱਪਰੋਂ ਲੰਘਦਿਆਂ ਮੈਨੂੰ ਹਰ ਵੇਲੇ ਆਪਣਾ ਅਤੀਤ ਚੇਤੇ ਰਹਿੰਦਾ ਏ। ਏਸ ਪੁਲੀ ਨੂੰ ਮੈਂ ਦਿਲੋਂ ਪਿਆਰ ਕਰਦਾਂ।
***
ਵਰ੍ਹੇ ਬੀਤ ਗਏ। ਨਿੱਤ ਦੀ ਤਰ੍ਹਾਂ ਹੀ ਮੈਂ ਏਸ ਪੁਲੀ ਉੱਪਰੋਂ ਆਪਣੇ ਸਾਈਕਲ ਉੱਤੇ ਚੜ੍ਹਿਆ ਹੋਇਆ ਲੰਘਿਆ ਕਰਦਾ ਸਾਂ। ਬਥੇਰੀ ਕੋਸ਼ਿਸ਼ ਕਰਦਾ ਕਿ ਵੇਲੇ ਸਿਰ ਲੰਘ ਜਾਵਾਂ, ਪਰ ਵਾਹ ਨਾ ਚੱਲਦੀ, ਕਾਫ਼ੀ ਲੇਟ ਹੋ ਜਾਂਦਾ ਸਾਂ ਬਹੁਤੀ ਵਾਰ। ਹਨ੍ਹੇਰੇ ਵਿੱਚ ਘਰ ਨੂੰ ਜਾਂਦਾ, ਤੇ ਸਵੇਰ ਹਾਲੇ ਚਿੱਟੀ ਨਹੀਂ ਸੀ ਹੋਈ ਹੁੰਦੀ, ਜਦ ਹਨ੍ਹੇਰੇ-ਹਨ੍ਹੇਰੇ ਹੀ ਪੁਲੀ ਉੱਤੋਂ ਲੰਘਦਾ, ਉਹ ਵੀ ਹਾਲੇ ਜਾਗ ਕੇ ਹੀ ਹਟੀ ਹੁੰਦੀ ਸੀ। ਜਦ ਰਾਤ ਨੂੰ ਲੰਘਦਾ, ਲੋਕ ਖਾ-ਪਕਾ ਕੇ ਮੰਜਿਆਂ ਉੱਤੇ ਟਿਕ ਜਾਂਦੇ। ਮੇਰਾ ਸਾਹਬ ਰੋਟੀ ਲੇਟ ਖਾਂਦਾ ਸੀ। ਮੈਂ ਉਹਦੀ ਰੋਟੀ ਪਕਾ, ਰਸੋਈ ਦਾ ਭਾਂਡਾ-ਟੀਂਡਾ ਸਾਂਭ ਕੇ ਈ ਤੁਰਨਾ ਹੁੰਦਾ ਸੀ। ਉਦੋਂ ਪੁਲੀ ਉੱਤੇ ਨਲਕਾ ਨਹੀਂ ਸੀ ਹੁੰਦਾ। ਮੈਂ ਪੁਲੀ ਉੱਤੇ ਖਲੋਂਦਾ, ਪੌੜੀਆਂ ਵਿੱਚੀਂ ਉਤਰ੍ਹ ਕੇ ਅੱਖਾਂ ਵਿੱਚ ਪਾਣੀ ਛੱਟਦਾ, ਦੋ ਬੁੱਕਾਂ ਪੀ ਕੇ, ਪਿੰਡ ਵੱਲ ਨੂੰ ਸਾਈਕਲ ਦੁਬੱਲ ਲੈਂਦਾ। ਏਸ ਪੁਲੀ ਨਾਲ਼ ਮੇਰਾ ਪਿਆਰ ਪੈ ਗਿਆ। ਇੱਕ ਲਗਾਵ ਜਿਹਾ ਹੋ ਗਿਆ ਸੀ। ਲੰਘਣ ਨੂੰ, ਹੋਰ ਕੋਈ ਰਾਹ ਮੈਨੂੰ ਚੰਗਾ ਨਾ ਲੱਗਦਾ।
ਇੱਕ ਦਿਨ ਸਾਹਬ ਦੇ ਕੁੱਝ ਰਿਸ਼ਤੇਦਾਰ ਆ ਗਏ ਸਨ। ਭਾਂਡਾ-ਟੀਂਡਾ ਤੇ ਚੁੱਲ੍ਹਾ-ਚੌਂਕਾ ਸਾਂਭਦਿਆਂ ਕਾਫ਼ੀ ਲੇਟ ਹੋ ਗਿਆ ਸਾਂ, ਕਾਫ਼ੀ ਲੇਟ! ਪਿੰਡ ਆਏ ਬਿਨਾਂ ਮੈਥੋਂ ਰਹਿ ਨਹੀਂ ਸੀ ਹੋਣਾ। ਕੋਠੀਓਂ ਤੁਰਦਿਆਂ ਮੈਂ ਸਾਹਬ ਕੋਲ਼ ਝੂਠ ਬੋਲਿਆ ਸੀ, ''ਸਰ, ਅੱਜ ਮੈਂ ਪਿੰਡ ਨਹੀਂ ਜਾਣਾ, ਆਪਣੇ ਚਾਚੇ ਘਰ ਰਹਾਂਗਾ, ਸਵੇਰ ਨੂੰ ਟਾਈਮ-ਸਿਰ ਆ ਜਾਵਾਂਗਾ।" ਕੋਠੀਓਂ ਸਾਈਕਲ ਕੱਢ ਕੇ ਪਿੰਡ ਵਾਲੀ ਸੜਕ ਉੱਤੇ ਭਜਾ ਲਿਆ ਸੀ। ਹਨ੍ਹੇਰਾ ਹੀ ਹਨ੍ਹੇਰਾ ਦਿਸਦਾ ਸੀ, ਬਸ ਤੁਰਨ ਜੋਗਾ ਹੀ ਚਾਨਣਾ ਸੀ। ਖੇਤਾਂ ਵਿੱਚ ਫ਼ਸਲਾਂ ਸੌਂ ਰਹੀਆਂ ਸਨ। ਕੋਈ-ਕੋਈ ਟਾਵਾਂ-ਟਾਂਵਾ ਜਿਹਾ ਬੀਂਡਾ ਕੁਸਕਦਾ। ਹਵਾ ਵੀ ਖ਼ਾਮੋਸ਼ੀ ਦੀ ਬੁੱਕਲ ਮਾਰੀ ਬੈਠੀ ਸੀ ਅੱਜ। ਕਾਫ਼ੀ ਸਾਰਾ ਲੇਟ ਹੋ ਜਾਣ ਦਾ ਫ਼ਿਕਰ ਹੋਣ ਲੱਗ ਪਿਆ ਸੀ ਮੈਨੂੰ। ਬੇਬੇ ਆਖੇਗੀ, ''ਮੂਰਖ਼ਾ, ਜੇ ਲੇਟ ਹੋ ਗਿਆ ਸੈਂ, ਤਾਂ ਏਨੀ ਕੁਵੇਲੇ ਨੂੰ ਕਾਹਤੋਂ ਤੁਰਿਆ? ਆਬਦੇ ਚਾਚੇ ਘਰੇ ਜਾ ਵੜਦਾ।"
ਸੋਚਦਾ ਹੋਇਆ ਪੈਡਲਾਂ ਨੂੰ ਤੇਜ਼-ਤੇਜ਼ ਮਾਰਨ ਲੱਗ ਪਿਆ ਸਾਂ। ਪੁਲੀ ਲਾਗੇ ਆ ਰਹੀ ਸੀ। ਪਹਿਲੋਂ ਪੁਲੀ ਸੁੰਨੀ ਜਿਹੀ ਹੁੰਦੀ ਸੀ, ਅੱਜ ਪੁਲੀ ਉੱਤੇ ਦੋ-ਤਿੰਨ ਪਰਛਾਂਵੇਂ ਜਿਹੇ ਦਿਖੇ ਸਨ। ਕੌਣ ਹੋਏ ਏਹ? ਏਥੇ ਕੀ ਕਰਦੇ ਹੋਏ? ਅੱਤਵਾਦੀ ਈ ਨਾ ਹੋਣ? ਜਾਂ ਡਾਕੂ... ਨਹੀਂ-ਨਹੀਂ, ਪਾਣੀ ਲਾਉਣ ਵਾਲੇ ਹੋਣੇ ਨੇ, ਨੇੜਲੇ ਖੇਤਾਂ ਵਾਲੇ। ਮੈਂ ਪੁਲੀ ਦੇ ਕਾਫ਼ੀ ਨੇੜੇ ਆ ਚੁੱਕਾ ਸਾਂ, ਹੁਣ ਪਿਛਾਂਹ ਵੱਲ ਨਹੀਂ ਸੀ ਮੁੜਿਆ ਜਾ ਸਕਦਾ। ਪਰਛਾਂਵੇਂ ਹੋਰ ਸਾਫ਼ ਹੋ ਗਏ ਤੇ ਪ੍ਰਛਾਂਵਿਆਂ ਤੋਂ ਬੰਦੇ ਬਣ ਗਏ। ਮੈਂ ਡਰ ਗਿਆ ਸਾਂ। ਇਹ ਕੌਣ ਹਨ? ਕੀ ਹੋਣ ਵਾਲਾ ਹੈ? ਮੈਂ ਸਾਈਕਲ ਉੱਤੋਂ ਉੱਤਰ੍ਹ ਕੇ ਦਸ ਕੁ ਕਦਮੀਂ ਤੁਰਿਆ।
''ਆ ਜਾ, ਆ ਜਾ... ਐਸ ਵੇਲੇ ਉਏ ਤੂੰ?" ਇੱਕ ਬੋਲਿਆ, ਮੈਂ ਕੰਬ ਗਿਆ.ਇੱਕ ਜਣਾ ਪੁਲੀ ਹੇਠਾਂ ਪੌੜੀਆਂ ਵੱਲ ਉੱਤਰ ਗਿਆ। ''ਕਿੱਥੋਂ ਆਇਐਂ ਉਏ ਐਸ ਵੇਲੇ ਤੂੰ?" ਦੂਸਰਾ ਖਲੋਤਾ ਬੋਲਦੈ। ਉਹਦੇ ਹੱਥ 'ਚ ਰਫ਼ਲ ਹੈ। ਮੋਢੇ ਸਟੀਲ ਦਾ ਵੱਡਾ ਡੋਲਣਾ ਲਮਕ ਰਿਹਾ ਹੈ। ਇੱਕ ਰਾਈਫ਼ਲ ਪੁਲੀ ਉੱਤੇ ਲੰਘੀ ਪਈ ਹੋਈ ਹੈ।
''ਮੈਂ ਬਾਈ ਜ... ਦਿਹਾੜੀ ਤੋਂ ਆਇਆਂ, ਸ਼ਹਿਰੋਂ... ਕੋਠੀ ਬਣਦੀ ਆ, ਦਿਹਾੜੀ ਜਾਨੈਂ ਓਥੇ।" ਮੈਂ ਆਪਣਾ ਹੌਸਲਾ 'ਕੱਠਾ ਕਰ ਕੇ ਆਖਿਆ
''ਹੈਨਾ ਲੇਟ ਉਏ ਭੜੂਆ? ਸਾਲਾ ਕਤੀੜ੍ਹ ਕਿਤੋਂ ਦਾ...।"
ਮੈਨੂੰ ਜਾਪਣ ਲੱਗਿਆ, ਹੁਣੇ ਗੋਲ਼ੀ ਰੈਫ਼ਲ ਵਿੱਚੋਂ ਬਾਹਰ ਆਏਗੀ ਤੇ ਮੇਰੀ ਪੁੜਪੁੜੀ ਵਿੱਚੋਂ ਆਰ-ਪਾਰ ਲੰਘ ਜਾਏਗੀ। ਜਦ ਮੈਂ ਧਰਤੀ ਉੱਤੇ ਡਿੱਗਾਂਗਾ, ਨਾਲ਼ ਹੀ ਖਲੋਤਾ ਮੇਰਾ ਸਾਈਕਲ ਵੀ ਧੜੰਮ ਦੇਣੇ ਡਿੱਗ ਪਵੇਗਾ। ਮੇਰਾ ਰੋਟੀ ਵਾਲਾ ਡੱਬਾ ਤੇ ਜੇਭ੍ਹ ਵਿੱਚੋਂ ਬਟੂਆ ਕੱਢ ਕੇ ਇਹ ਟੁਰ ਜਾਣਗੇ। ਇਹ ਡਾਕੂ ਜਾਪਦੇ ਨੇ, ਲੁਟੇਰੇ ਨੇ, ਅੱਤਵਾਦੀ ਨਹੀਂ।
ਪੌੜੀਆਂ ਵਿੱਚੋਂ ਉੱਠਦਾ ਤੀਜਾ, ਹੱਥ ਪੂੰਝਦਾ ਬੋਲਦੈ, ''ਜਾਣ ਦਿਉ ਯਾਰ, ਦਿਹਾੜੀਆ ਐ, ਕੀ ਏਹੇ 'ਛਣਕਣਾ' ਦੇਦੂ ਥੋਨੂੰ... ਜਾਹ ਉਏ ਭੱਜ ਜਾ ਸਾਲਿਆ ਢੇਡਾ ਜਿਅ੍ਹਾ... ਐਨੇ ਲੇਟ ਨੀ ਆਈਦਾ ਹੁੰਦਾ, ਸਾਲਾ ਕੋਠੀ ਦਾ?" ਉਹਦੀ ਫੱਬੀ ਗੱਲ ਸੁਣ ਕੇ ਉਹ ਦੋਵੇਂ ਖੁੱਲ੍ਹ ਕੇ ਹੱਸਣ ਲੱਗੇ।
''ਚੰਗਾ ਜੀ, 'ਗਾਹਾਂ ਤੋਂ ਲੇਟ ਨ੍ਹੀ ਆਊਂਗਾ।" ਮੈਂ ਕੰਬ ਰਿਹਾਂ ਸਾਂ। ਮੇਰਾ ਸੰਘ ਸੁੱਕ ਗਿਐ। ਦਿਲ ਧੜਕ ਰਿਹਾ। ਮੱਥੇ ਨੂੰ ਤਰੇਲੀ ਤੇ ਪੈਰ੍ਹਾਂ ਨੂੰ ਮੁੜ੍ਹਕਾ ਆ ਗਿਐ ਸੀ। ਜਦ ਸਾਈਕਲ ਰੋਹੜ ਕੇ ਪੈਡਲ ਉੱਤੇ ਪੈਰ ਧਰਿਆ ਤਾਂ ਮੁੜ੍ਹਕੇ ਤੇ ਰੇਤੇ ਨਾਲ਼ ਲਿਬੜੀ ਚਪਲੀ ਤਿਲ੍ਹਕ ਕੇ ਲੱਥ ਗਈ। ਮੈਂ ਰੁਕਿਆ ਨਹੀਂ ਹਾਂ, ਚਪਲੀ ਚੁੱਕਣ ਲਈ। ਨੰਗੇ ਪੈਰ ਨਾਲ਼ ਹੀ ਪੈਡਲ ਮਾਰ ਰਿਹਾਂ। ਦੂਸਰੇ ਪੈਰੋਂ ਵੀ ਚਪਲੀ ਲੱਥੂੰ-ਲੱਥੂੰ ਕਰਦੀ ਪਈ ਹੈ। ਸਾਹ ਫੁੱਲ ਰਿਹੈ। ਮੈਂ ਦਿਲੋਂ ਧੰਨਵਾਦ ਕਰ ਰਿਹਾ ਹਾਂ, ਜਿਸ ਨੇ ਕਿਹਾ ਸੀ, ''ਜਾਣ ਦਿਉ...।" ਮੈਨੂੰ ਲੱਗਿਆ, ਜਦੋਂ ਉਹ ਪੌੜੀਆਂ ਵਿੱਚ ਬੈਠਾ ਹੱਥ ਧੋ ਰਿਹਾ ਸੀ ਤਾਂ ਪੁਲੀ ਨੇ ਹੀ ਉਹਦੇ ਕੋਲ਼ ਮੇਰੀ ਗੁੱਝੀ ਜਿਹੀ ਸਿਫ਼ਾਰਿਸ਼ ਕਰ ਦਿੱਤੀ ਸੀ, ''ਛੁਡਾ ਏਹਦਾ ਗ਼ਰੀਬ ਦਾ ਖਹਿੜਾ ਘਰ ਨੂੰ ਜਾਵੇ, ਬੇਚਾਰਾ ਮਜ਼ਦੂਰ ਏ, ਕੀ ਭਾਲਦੇ ਜੇ ਇਹਤੋਂ? ਜਾਣ ਦੇਵੋ ਘਰ ਬਿਚਾਰੇ ਦੀ ਮਾਂ ਉਡੀਕਦੀ ਹੋਣੀ ਏਂ...।" ਮੈਂ ਪੁਲੀ ਦਾ ਵੀ ਦਿਲੋਂ ਧੰਨਵਾਦ ਕਰ ਰਿਹਾ ਸਾਂ।
''ਅਗਾਂਹ ਇਹੋ ਜਿਹੇ ਹੋਰ ਨਾ ਖਲੋਤੇ ਹੋਣ।" ਇੱਕ ਪਲ ਮੈਂ ਸੋਚਿਆ, ਤੇ ਪੈਡਲ ਮਾਰਦਾ ਰਿਹਾ।
ਹੁਣ ਚਾਰੋਂ-ਬੰਨੇ ਦੀਆਂ ਫ਼ਸਲਾਂ ਤੋਂ ਵੀ ਭੈਅ ਆਉਣ ਲੱਗਿਆ। ''ਔਹ ਪਰ੍ਹਿਓਂ ਕਮਾਂਦ ਵਿੱਚੋਂ ਈ ਨਾ ਨਿਕਲ ਆਉਣ ਉਹੋ-ਜਿਹੇ... ਬਸ, ਆਏ ਕਿ ਆਏ।" ਸਾਈਕਲ ਸੋਚ-ਸੋਚ ਕੇ ਚਲਾ ਰਿਹਾਂ, ਕਿਧਰੇ ਸਾਈਕਲ ਦਾ ਖੜਾਕ ਹੀ ਨਾ ਕੋਈ ਪੰਗਾ ਸਹੇੜ ਦੇਵੇ? ਅੱਧੀ ਰਾਤ ਦਾ ਸਖ਼ਤ ਪਹਿਰਾ ਹੋ ਚੱਲਿਆ। ਜਾਪਿਆ ਕਿ ਜਿਵੇਂ ਅੱਜ ਪਿੰਡ ਤੁਰਦਾ-ਤੁਰਦਾ ਹੋਰ ਅੱਗੇ, ਹੋਰ ਅੱਗੇ ਚਲਾ ਗਿਆ ਹੋਵੇ! ਵਾਟ ਹੀ ਵਾਟ... ਮੁੱਕਣ 'ਚ ਨਹੀਂ ਆਉਂਦੀ ਚੰਦਰੀ ਵਾਟ...। ਪਿੰਡ ਵੱਲ ਝਾਕਦਾ, ਕਿਤੇ ਕੋਈ ਜਗਦੀ ਬੱਤੀ ਨਿਗ੍ਹਾ ਪੈ ਜਾਏ। ਪਰ ਨਹੀਂ, ਕਿਧਰੇ ਕੋਈ ਜਗਦੀ ਕਿਰਨ ਨਹੀਂ ਸੀ ਦਿਸਦੀ। ਜਿਵੇਂ ਹਨ੍ਹੇਰ ਹੀ ਪੈ ਗਿਆ ਹੋਇਆ ਅੱਜ ਸਾਰੇ ਪਾਸੇ। ਡਰ...ਡਰ...ਡਰ...ਹੀ ਫ਼ੈਲ ਚੁੱਕਾ ਹੈ ਜਿਵੇਂ। ਅੱਖਾਂ ਅੱਗੇ ਡਰ, ਮਨ ਉੱਤੇ ਡਰ, ਸਾਈਕਲ ਉੱਤੇ ਡਰ... ਆਸ-ਪਾਸ... ਡਰ ਹੀ ਡਰ!
ਪਿੰਡ ਵੜਦਿਆਂ ਠੰਢਾ ਤੇ ਲੰਬਾ ਹਉਕਾ ਆਇਆ। ਘਰ ਵੜ, ਕਿਸੇ ਨੂੰ ਕੁੱਝ ਨਾ ਦੱਸਿਆ। ਸਵੇਰੇ ਹੀ ਦੱਸਿਆ ਸੀ। ਬਾਪੂ ਨੇ ਲੇਟ ਆਉਣ ਤੋਂ ਵਰਜਿਆ ਤੇ ਫ਼ਿਕਰ ਸਾਂਝਾ ਕੀਤਾ ਸੀ।
***
ਇਸ ਸਮੇਂ ਤੇ ਏਸ ਘਟਨਾ ਨੂੰ ਵਰ੍ਹਿਆਂ ਦੇ ਵਰ੍ਹੇ ਹੀ ਬੀਤ ਗਏ ਨੇ।
ਹੁਣ ਇਸ ਪੁਲੀ ਉੱਪਰੋਂ ਨਿੱਤ ਨਹੀਂ; ਕਦੀ-ਕਦੀ ਹੀ ਲੰਘਦਾ ਹਾਂ। ਉਹ ਵੀ ਦਿਨ ਚੜ੍ਹੇ ਵੇਲੇ, ਜਾਂ ਆਥਣ ਗੂੜ੍ਹੀ ਹੋ ਜਾਣ ਤੋਂ ਪਹਿਲਾਂ-ਪਹਿਲਾਂ। ਹੁਣ ਸਾਈਕਲ ਉੱਤੇ ਨਹੀਂ, ਸਕੂਟਰ ਜਾਂ ਕਾਰ ਉੱਤੇ ਚੜ੍ਹਿਆ ਹੁੰਦਾ ਹਾਂ। ਚਾਹੇ ਜਹਾਜ਼ੋਂ ਉੱਤਰ੍ਹ ਕੇ ਕੈਨੇਡਿਉਂ ਆਇਆ ਹੋਵਾਂ, ਜਾਂ ਜਹਾਜ਼ੇ ਬਹਿ ਕੇ ਅਮਰੀਕੇ ਚੱਲਿਆ ਹੋਵਾਂ... ਚਾਹੇ ਕਿਸੇ ਵੱਡੇ ਸ਼ਹਿਰੋਂ ਪਰਤਿਆਂ ਹੋਵਾਂ, ਇਹ ਪੁਲੀ ਮੈਨੂੰ ਹਮੇਸ਼ਾ ਆਵਾਜ਼ ਦੇਂਦੀ ਏ:
ਆਜਾ ਬਹਿਜਾ ਦੋ ਘੜੀਆਂ
ਪੀ ਲੈ ਦੋ ਘੁੱਟ ਪਾਣੀ
ਦੋ ਪਲ ਬਹਿਜਾ ਈ ਮੇਰੇ ਕੋਲ਼
ਤੇਰੇ ਮਿੱਠੜੇ ਨੇ ਲੱਗਦੇ ਬੋਲ
ਕਦੇ-ਕਦੇ ਕੁੱਝ ਬੋਲ ਗਾ ਵੀ ਲਿਆ ਕਰਦਾ ਸਾਂ ਪੁਲੀ ਉੱਤੇ ਬਹਿਕੇ। ਪਰ ਮੈਂ ਰੁਕਦਾ ਨਹੀਂ। ਪੁਲੀ ਆਵਾਜ਼ਾਂ ਦੇਂਦੀ ਰਹਿੰਦੀ ਹੈ। ਮੈਂ ਏਨਾ ਹੀ ਆਖਦਾ ਹਾਂ, ''ਤੂੰ ਸਦਾ ਸਲਾਮਤ ਰਹਿ ਪੁਲੀਏ, ਮੈਨੂੰ ਡਾਕੂਆਂ ਤੋਂ ਬਚਾਉਣ ਵਾਲੀਏ ਮਾਂ ਨੂੰ ਮਿਲਾਉਣ ਵਾਲੀਏ...।"
ਇਹ ਪੁਲੀ ਮੈਨੂੰ ਆਪਣਾ ਅਤੀਤ ਚੇਤੇ ਕਰਵਾਉਂਦੀ ਰਹਿੰਦੀ ਹੈ, ਜਦ ਵੀ ਲੰਘਦਾ ਹਾਂ, ਏਹਦੇ ਉੱਤੋਂ। ਪਤਾ ਨਹੀਂ ਕਿੰਨੇ ਸਾਰੇ ਪਾਂਧੀ ਲੰਘ-ਲੰਘ ਟੁਰ ਗਏ ਨੇ, ਟੁਰ ਰਹੇ ਨੇ, ਟੁਰਦੇ ਰਹਿਣਗੇ...। ਅੱਜ ਮੇਰਾ ਦਿਲ ਕੀਤੈ, ਦੋ ਪਲ ਬੈਠਣ ਨੂੰ ਏਸ ਪੁਲੀ ਉੱਤੇ। ਜਨਵਰੀ ਮਹੀਨੇ ਦੀ ਦੁਪਹਿਰ ਹੈ।ਮੈਂ ਇਹਦੀ ਬੁੱਕਲ ਵਿੱਚ ਬੈਠਿਆ ਚੰਗਾ-ਚੰਗਾ ਮਹਿਸੂਸ ਕਰ ਰਿਹਾ ਹਾਂ। ਨਿੱਘਾ-ਨਿੱਘਾ।
ਪੁਲੀਏ, ਤੂੰ ਸਦਾ ਸਲਾਮਤ ਰਹਿ...!
9417421700