ਪੰਜਾਬ ਨਸ਼ੇ ਤੋਂ ਕਿਵੇਂ ਬਚੇ - ਹਰਦੇਵ ਸਿੰਘ ਧਾਲੀਵਾਲ,
ਪੰਜਾਬ ਗਿਆਰਵੀਂ ਸਦੀ ਤੋਂ ਹਮਲਾਆਵਰਾਂ ਦਾ ਰਾਹ ਰੋਕਦਾ ਸੀ। ਮਾਰ-ਧਾੜ, ਲੁੱਟ-ਘਸੁੱਟ ਸਹਿੰਦਾ ਆ ਰਿਹਾ ਸੀ। ਇਹਦੀ ਜਵਾਨੀ ਤੇ ਲੋਕ ਡੱਟ ਕੇ ਟਾਕਰਾ ਕਰਦੇ ਸੀ। ਇਹ ਤਾਂਹੀ ਕਰ ਸਕਦੇ ਸੀ ਜਦੋਂ ਇਹਨਾ ਦੀ ਚੰਗੀ ਖੁਰਾਕ ਤੇ ਸਰੀਰਕ ਤੌਰ ਤੇ ਰਿਸ਼ਟ-ਪੁਸ਼ਟ ਸਨ, ਅਣਖ ਲਈ ਮਰਨ-ਮਾਰਨ ਦੀ ਸਮਰੱਥਾ ਰੱਖਦੇ ਸਨ। ਪੰਜਾਬ ਨੂੰ ਭਾਰਤ ਦਾ ਸਿਰ ਜਾਂ ਹੱਥ ਦੀ ਤਲਵਾਰ ਤੱਕ ਕਿਹਾ ਜਾਂਦਾ ਸੀ, ਸੰਸਾਰ ਦੇ ਦੋਵੇਂ ਮਹਾਯੁੱਧਾਂ ਸਮੇਂ ਪੰਜਾਬ ਦੀ ਜਵਾਨੀ ਨੇ ਨਾਮਨਾ ਖੱਟਿਆ ਤਾਂ ਹੀ ਪ੍ਰਿੰਸ ਚਾਰਲਸ ਨੇ ਅੰਗਰੇਜ਼ ਰਾਜਕੁਮਾਰ ਹੁੰਦਿਆ ਇੰਗਲੈਂਡ ਵਿੱਚ ਸਿੱਖ ਰਜੀਮੈਂਟ ਖੜ੍ਹੀ ਕਰਨ ਦੀ ਪੇਸਕਸ਼ ਕੀਤੀ ਸੀ। ਪਰ ਸਾਡੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਇਸਦੀ ਹਾਮੀ ਨਾ ਭਰੀ। ਅੱਜ ਕੱਲ ਆਮ ਕਹਾਵਤ ਬਣ ਗਈ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ, ਅਥਵਾ ਭਾਰਤੀ-ਪੰਜਾਬ ਵਿੱਚ ਚੌਥਾ ਦਰਿਆ ਕਿਹਾ ਜਾ ਸਕਦਾ ਹੈ।
ਅਸੀਂ ਦੇਖਦੇ ਹਾਂ, ਪੰਜਾਬ ਦੇ ਰਸਤਿਆਂ, ਰਜਵਾਹਿਆਂ, ਸੜਕਾਂ ਤੇ ਖਤਾਨਾ ਵਿੱਚ ਭੰਗ ਆਮ ਖੜ੍ਹੀ ਮਿਲ ਜਾਏਗੀ। ਕਈ ਸੱਸਤਾ ਤੇ ਸੌਖਾ ਨਸ਼ਾ ਕਰਨ ਵਾਲੇ ਇਸਨੂੰ ਹੱਥਾਂ ਤੇ ਮਲ ਕੇ ਖਾ ਲੈਂਦੇ ਹਨ, ਕਈ ਸਿਗਰਟਾਂ ਵਿੱਚ ਪਾ ਕੇ ਨਸ਼ਾ ਕਰਦੇ ਹਨ ਤੇ ਕਈ ਭੰਗ ਨੂੰ ਘੋਲ ਕੇ ਵੀ ਪੀਂਦੇ ਹਨ। ਮੇਰੇ ਖੇਤ ਦੇ ਖਾਲ਼ ਕੋਲ 2 ਨੌਜਵਾਨ ਲੜਕੇ ਭੰਗ ਮਲ ਕੇ ਖਾ ਰਹੇ ਸਨ, ਮੈਨੂੰ ਦੇਖ ਕੇ ਮੋਟਰਸਾਇਕਲ ਤੇ ਚਲੇ ਗਏ। ਮੈਂ ਤੁਰੰਤ ਸਾਰੀ ਭੰਗ ਕਹਿ ਕੇ ਪੱਟਵਾ ਦਿੱਤੀ। ਜੇਕਰ ਅਸੀਂ ਦੇਖੀਏ ਲਾਂਡਰਾ ਤੋਂ ਅੱਗੇ ਮੋਹਾਲੀ ਦੇ ਖੁਲੇ ਪਏ ਮੈਦਾਨਾਂ ਵਿੱਚ ਭੰਗ ਇਸ ਤਰ੍ਹਾਂ ਖੜ੍ਹੀ ਹੈ, ਜਿਵੇਂ ਕਿ ਕਿਸੇ ਨੇ ਮਿਹਨਤ ਕਰਕੇ ਬੀਜੀ ਹੋਵੇ। ਨਾਲਿਆਂ, ਰਜਵਾਹਿਆਂ, ਰਸਤੀਆਂ ਤੇ ਗੈਰ-ਆਬਾਦ ਥਾਵਾਂ ਤੇ ਹਰ ਥਾਂ ਭੰਗ ਪਸਰੀ ਦਿੱਸਦੀ ਹੈ। ਅਸੀਂ ਤੇ ਸਾਡੀ ਸਰਕਾਰ ਅਵੇਸਲੀ ਹੈ। 1962-63 ਵਿੱਚ ਪੰਜਾਬ ਵਿੱਚ ਪੋਹਲੀ ਕਣਕ ਤੇ ਹਰ ਖੇਤ ਵਿੱਚ ਖੜ੍ਹੀ ਹੁੰਦੀ ਸੀ ਤੇ ਕਣਕ ਵੱਢਣ ਸਮੇਂ ਤੇ ਮਗਰੋਂ ਲੱਤਾਂ ਵਿੱਚ ਕੰਡੇ ਵਜਦੇ ਸਨ। ਹਵਾ ਵਿੱਚ ਪੋਹਲੀ ਉਡੱਦੀ ਫਿਰਦੀ ਸੀ। ਸ੍ਰ: ਪ੍ਰਤਾਪ ਸਿੰਘ ਕੈਰੋਂ ਦਾ ਰਾਜ ਸੀ ਉਸ ਨੇ ਪਟਵਾਰੀ, ਚੌਕੀਦਾਰ, ਖੇਤੀਬਾੜੀ ਵਿਭਾਗ ਤੇ ਪਿੰਡ ਦਿਆਂ ਲੋਕਾਂ ਨੂੰ ਇਸ ਮੁਹਿੰਮ ਵਿੱਚ ਸ਼ਾਮਿਲ ਕੀਤਾ ਤੇ ਉਸ ਦੀ ਹਿੱਮਤ ਨਾਲ ਪੋਹਲੀ ਸਾਰੇ ਪੰਜਾਬ ਵਿੱਚੋਂ ਖਤਮ ਹੋ ਗਈ। ਲੋਕਾਂ ਦਾ ਵਿਸੇਸ਼ ਸਹਿਯੋਗ ਸੀ। ਹੁਣ ਪੋਹਲੀ ਦੇਖੀ ਨਹੀਂ ਜਾ ਸਕਦੀ। ਕਿਹਾ ਜਾਂਦਾ ਹੈ ਕਿ ਇਹ ਪੋਹਲੀ ਚੀਨ ਦੀ ਕੋਸਿਸ਼ ਸਦਕੇ ਆਈ ਸੀ। ਭੰਗ ਵੀ ਕਿਸੇ ਗਵਾਂਢੀ ਮੁਲਕ ਦੀ ਸਾਜਿਜ਼ ਤੋਂ ਬਗੈਰ ਇਤਨੀ ਨਹੀਂ ਹੋ ਸਕਦੀ। ਲੋਕ ਤੇ ਸਰਕਾਰ ਮਿਲ ਕੇ ਪੋਹਲੀ ਦੀ ਤਰ੍ਹਾਂ ਮੂਹਿੰਮ ਚਲਾਉਣ ਤਾਂ ਇਹ ਖਤਮ ਹੋ ਸਕਦੀ ਹੈ। ਇਹ ਇਕ ਮੁੱਢਲਾ ਕਦਮ ਹੋਵੇਗਾ।
ਅਪ੍ਰੈਲ 1947 ਵਿੱਚ ਅਸੀਂ ਅੰਮ੍ਰਿਤਸਰ ਤੋਂ ਸੇਰੋਂ ਆ ਗਏ ਸੀ। ਮੈਂ ਕੋਈ 7 ਕੁ ਸਾਲ ਦਾ ਸੀ ਤੇ ਖੁੱਦ ਦੇਖਿਆ ਕਿ ਸੇਰੋਂ ਅਫ਼ੀਮ ਦਾ ਠੇਕਾ ਹੁੰਦਾ ਸੀ। ਪਰ ਅਫ਼ੀਮ ਕੋਈ-ਕੋਈ ਹੀ ਖਾਂਦਾ ਸੀ, ਜਿਹੜਾ ਖਾਂਦਾ ਸੀ ਉਸ ਨੂੰ ਨਫ਼ਰਤ ਨਾਲ ਅਮਲੀ ਕਿਹਾ ਜਾਂਦਾ ਸੀ। ਅੱਜ-ਕੱਲ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਕਾਰਨ ਪੰਜਾਬ ਵਿੱਚ ਅਫ਼ੀਮ ਦੇ ਠੇਕੇ ਨਹੀਂ। ਪਰ ਅਫ਼ੀਮ ਤੇ ਭੁੱਕੀ ਦੀ ਵਰਤੋਂ ਬਹੁਤ ਹੁੰਦੀ ਹੈ। ਅਫ਼ੀਮ, ਭੁੱਕੀ ਰਾਜ਼ਸਥਾਨ ਤੋਂ ਆਉਂਦੀ ਹੈ, ਜਿੱਥੇ ਇਹ ਬੀਜੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਵੱਧ ਰਕਬੇ ਵਿੱਚ ਪੋਸਤ ਘੱਟ ਹੋਣਾ ਦੱਸਿਆ ਜਾਂਦਾ ਹੈ। ਵਾਧੂ ਸਾਡੇ ਵੱਲ ਆਉਂਦੀ ਹੈ। ਇਹ ਤਾਂ ਹੀ ਹੋ ਸਕਦਾ ਹੈ ਜਦੋਂ ਭ੍ਰਿਸ਼ਟਾਚਾਰ ਆਮ ਹੋ ਰਿਹਾ ਹੈ। ਪਹਿਲਾਂ ਪਾਕਿਸਤਾਨ ਤੋਂ ਵੀ ਅਫ਼ੀਮ ਕਾਫ਼ੀ ਆਉਂਦੀ ਸੀ,ਕਿਉਂਕਿ ਅਫ਼ਗਾਨੀਸਤਾਨ ਵਿੱਚ ਇਸਦੀ ਖੁੱਲ ਹੈ। ਅਫ਼ੀਮ ਵਾਲੇ ਹੁਣ ਤੋਲ਼ਿਆਂ ਵਿੱਚ ਨਹੀਂ ਵੇਚਦੇ, ਇਹਨਾ ਦੇ ਪੱਕੇ ਗ੍ਰਾਹਕ ਹਨ। ਇਹ ਖਾਂਦੇ ਪੀਂਦੇ ਆਦਮੀ ਪਾਈਆ ਜਾਂ ਅੱਧਾ ਕਿੱਲੋ ਇਕਠੀ ਲੈਂਦੇ ਹਨ। ਵੇਚਣ ਵਾਲੇ ਨੂੰ ਉਹਨਾ ਦਾ ਪਤਾ ਹੁੰਦਾ ਹੈ। ਉਹ ਸਨਮਾਨਯੋਗ ਵਿਅਕਤੀ ਹਨ, ਉਹਨਾ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਹੁਣ ਤਾਂ ਗੋਲ਼ੀਆਂ, ਨਸ਼ੀਲੇ ਪਾਉਡਰ ਆਮ ਮਿਲਦੇ ਹਨ। ਸਮੈਕ, ਹੀਰੋਇਨ ਤੋਂ ਵੱਧ ਕੇ ਆਇਸ ਤੱਕ ਨੋਜਵਾਨੀ ਪਹੁੰਚ ਗਈ ਹੈ। ਨਵੇਂ ਨਸ਼ੇ ਬਹੁਤ ਮਹਿੰਗੇ ਹਨ। ਜਿਹੜਾ ਖਾਣ ਲੱਗ ਜਾਏ ਉਹ ਛੱਡ ਨਹੀਂ ਸਕਦਾ। ਨਸ਼ਾ ਲੈਣ ਲਈ ਖੋਹ ਖਿੰਝ ਦੀਆਂ ਵਾਰਦਾਤਾਂ ਆਮ ਹੁੰਦੀਆਂ ਹਨ। ਨਸ਼ਾ ਕਰਨ ਵਾਲਾ ਨਸ਼ੇ ਦੀ ਤੋੜ ਸਮੇਂ ਵੱਡੇ ਤੋਂ ਵੱਡਾਂ ਜ਼ੁਰਮ ਕਰਨ ਤੋਂ ਨਹੀਂ ਡਰਦਾ।
ਪੁਲਿਸ ਤੇ ਪ੍ਰਬੰਧਕੀ ਢਾਂਚੇ ਦੀ ਸਖ਼ਤੀ ਇਸ ਲਾਹਨਤ ਨੂੰ ਘੱਟ ਤਾਂ ਕਰ ਸਕਦੀ ਹੈ, ਪਰ ਜਮਹੂਰੀ ਰਾਜ ਵਿੱਚ ਇਹ ਲੋਕ ਪੈਸਾ ਖ਼ਰਚ ਕੇ ਆਪਣਾ ਰਾਹ ਸੌਖਾ ਕਰ ਲੈਂਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ। ਜੇਕਰ ਪ੍ਰਬੰਧਕੀ ਢਾਂਚਾ ਤੇ ਪੁਲਿਸ ਸ਼ਖਤੀ ਤੇ ਆ ਜਾਣ ਤਾਂ ਇਹ ਕਾਰੋਬਾਰ ਤੁਰੰਤ ਬੰਦ ਹੋ ਸਕਦੇ ਹਨ। ਕਾਨੂੰਨ ਦੀਆਂ ਬਾਰੀਕੀਆਂ ਕਾਰਨ ਵੱਡੇ-ਵੱਡੇ ਸਮਗਲ਼ਰ ਮੁਕਦਮਿਆਂ ਵਿੱਚੋਂ ਬਰੀ ਹੋ ਜਾਂਦੇ ਹਨ। ਸਾਡੇ ਜੱਜ ਕਾਨੂੰਨ ਤੇ ਸ਼ਹਾਦਤਾਂ ਦੇ ਬੱਝੇ ਹਨ। ਵੱਡੇ ਤੇ ਚੰਗੇ ਵਕੀਲ ਉਹਨਾ ਦੀ ਇਸ ਗੁਨਾਹ ਵਿੱਚ ਮਦਦ ਕਰਦੇ ਹਨ। ਜਦੋਂ ਇਕ ਵਾਰੀ ਫੜਿਆ, ਬਰੀ ਹੋ ਜਾਏ ਤਾਂ ਅਗੇ ਤੋਂ ਆਪਣੀ ਸੰਗ-ਸ਼ਰਮ ਲਾਹ ਦਿੰਦਾ ਹੈ, ਕਿਉਂਕਿ ਉਹ ਆਪਣਾ ਸਮਾਜਿਕ ਰੁਤਬਾ ਗਵਾ ਚੁੱਕਿਆ ਹੁੰਦਾ ਹੈ। ਪਰ ਅੱਜ ਕੱਲ ਲੋਕ ਕਦਰਾਂ ਕੀਮਤਾਂ ਨੂੰ ਪੈਸੇ ਤੋਂ ਥੱਲੇ ਦੇਖਦੇ ਹਨ। ਪੰਜਾਬ ਵਿੱਚ ਸ਼ਰਾਬ ਸਰਕਾਰ ਦਾ ਵੱਡਾ ਮਾਲੀ ਸਾਧਨ ਹੈ। ਪੰਜਾਬ ਬਹੁਤ ਛੋਟਾ ਰਹਿ ਗਿਆ ਹੈ। ਹੋਰ ਰਾਜ ਬਹੁਤ ਵੱਡੇ ਹਨ ਪਰ ਅੰਕੜੇ ਦੱਸਦੇ ਹਨ ਕਿ ਸਾਰੇ ਦੇਸ਼ ਵਿੱਚ ਕੇਰਲ ਤੋਂ ਬਾਅਦ ਪੰਜਾਬ ਦਾ ਨੰਬਰ ਸ਼ਰਾਬ ਦੀ ਖਪਤ ਵਿੱਚ ਆਉਂਦਾ ਹੈ। ਪੰਜਾਬ ਵਿੱਚ ਠੇਕੇ ਵੱਡੇ-ਵੱਡੇ ਆਦਮੀਆਂ ਕੋਲ ਹਨ। ਸਰਕਾਰ ਵਿੱਚ ਚੰਗਾ ਰੁਤਬਾ ਰਖ਼ਦੇ ਟੇਡੇ ਢੰਗ ਨਾਲ ਸ਼ਰਾਬ ਦੇ ਵੱਡੇ-ਵੱਡੇ ਠੇਕਦਾਰ ਹਨ ਤੇ ਇਹਨਾ ਨੇ ਜਿਲ੍ਹੇ ਵੰਡੇ ਹੋਏ ਹਨ। ਪੁਲਿਸ ਤੇ ਪ੍ਰਬੰਧਕੀ ਢਾਂਚਾ ਇਹਨਾ ਅੱਗੇ ਕੁਝ ਵੀ ਨਹੀਂ। ਹੁਣ ਵੱਡੇ ਨਸ਼ੇ ਸਮੈਕ, ਹੀਰੋਇਨ, ਆਇਸ ਜਿਹੜੇ ਮਹਿੰਗੇ ਹਨ, ਵੱਡੇ ਜੁਰਮਾਂ ਦਾ ਕਾਰਨ ਵੀ ਬਣਦੇ ਹਨ।
ਇਹ ਨਸ਼ੇ ਛੇਤੀ ਕਰਕੇ ਛੱਡੇ ਨਹੀਂ ਜਾ ਸਕਦੇ। ਇਹਨਾ ਦੇ ਇਲਾਜ਼ ਲਈ ਸਰਕਾਰ ਤੇ ਗੈਰ-ਸਰਕਾਰੀ ਅਦਾਰੇ ਚੱਲ ਰਹੇ ਹਨ, ਪਰ ਪ੍ਰਾਈਵੇਟ ਹਸਪਤਾਲ ਕਾਫ਼ੀ ਮਹਿੰਗੇ ਪੈਂਦੇ ਨੇ, ਨਸ਼ਾ ਕਰਨ ਵਾਲੇ ਤੋਂ ਪਰਿਵਾਰ ਪਹਿਲਾਂ ਹੀ ਬਹੁਤ ਤੰਗ ਹੁੰਦਾ ਹੈ। ਉਹਨਾ ਲਈ ਸਸਤੇ ਹਸਪਤਾਲ ਸਰਕਾਰ ਨੂੰ ਹਰ ਜਿਲ੍ਹੇ ਵਿੱਚ ਖੋਲ੍ਹਣੇ ਜਰੂਰੀ ਹਨ। ਸ੍ਰੋਮਣੀ ਕਮੇਟੀ ਨੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਵਿੱਚ ਇਹ ਪ੍ਰਬੰਧ ਕੀਤਾ ਹੈ। ਪਰ ਅਜਿਹੇ ਹਸਪਤਾਲ ਉਹਨਾ ਨੂੰ ਪਟਿਆਲਾ ਤੇ ਬਠਿੰਡਾ ਵਿੱਚ ਵੀ ਖੋਲਣੇ ਚਾਹੀਦੇ ਹਨ। ਇਹ ਗੱਲ ਸਚਾਈ ਹੈ ਕਿ ਨਸ਼ਾ ਉਸ ਸਮੇਂ ਹੀ ਛੱਡਿਆ ਜਾ ਸਕਦਾ ਹੈ, ਜਦੋਂ ਨਸ਼ਾ ਕਰਨ ਵਾਲਾ ਮੰਨ ਵਿੱਚ ਨਸ਼ਾ ਛੱਡਣ ਲਈ ਪ੍ਰਪੱਖ ਹੋ ਜਾਏ। ਸਾਨੂੰ ਇਹਨਾ ਸੰਸਥਾਵਾਂ ਨੂੰ ਤਕੜਾ ਕਰਨਾ ਪਏਗਾ। ਵੱਡੇ ਅਮੀਰ ਅਜੀਹੇ ਅਦਾਰੇ ਖੋਲ਼ ਸਕਦੇ ਹਨ। ਉਹਨਾ ਨੂੰ ਸ਼ਾਇਦ ਆਮਦਨ ਟੈਕਸ ਵਿੱਚੋਂ ਛੋਟ ਵੀ ਮਿਲ ਜਾਏਗੀ। ਸਰਕਾਰ ਨੂੰ ਨੋਜਵਾਨਾਂ ਲਈ ਰੁਜ਼ਗਾਰ ਦੇ ਤਕੜੇ ਸਾਧਨ ਭਾਲਣੇ ਪੈਣਗੇ। ਸਾਡੇ ਵੱਡੇ-ਵੱਡੇ ਅਦਾਰਿਆਂ ਵਿੱਚ ਕਾਂਮੇ ਪੰਜਾਬੀ ਨਹੀਂ, ਬਾਹਰ ਦੇ ਹਨ। ਕਿਉਂਕਿ ਉਹ ਸਸਤੇ ਮਿਲ ਜਾਂਦੇ ਹਨ। ਵੱਡੇ ਅਦਾਰਿਆਂ ਦਾ ਪੰਜਾਬ ਨੂੰ ਕੋਈ ਲਾਭ ਨਹੀਂ ਹੁੰਦਾ। ਚੰਗਾ ਮਿਹਨਤੀ ਤੇ ਪੜ੍ਹਿਆ ਨੋਜਵਾਨ ਕਨੇਡਾ, ਆਸਟ੍ਰੇਲੀਆ ਤੇ ਇੰਗਲੇਂਡ ਵੱਲ ਝਾਕ ਰਿਹਾ ਹੈ।
ਨਸ਼ੇ ਉਸ ਸਮੇਂ ਹੀ ਕਾਬੂ ਕੀਤੇ ਜਾ ਸਕਣਗੇ, ਜਦੋਂ ਹਰ ਪੰਜਾਬੀ ਇਹ ਸੌਂਹ ਖਾ ਲਵੇ, ਇਸ ਭੈੜੀ ਲਾਹਨਤ ਨੂੰ ਰੋਕਣਾ ਹੈ। ਕੌਮ ਨੂੰ ਬਚਾਉਣ ਲਈ ਹਰ ਵਿਅਕਤੀ ਨੂੰ ਮਿਹਨਤ ਕਰਨੀ ਪਏਗੀ। ਪੁਲਿਸ ਤੇ ਪ੍ਰਬੰਧਕਾਂ ਨੂੰ ਵੀ ਸ਼ਾਮਲ ਕਰਨਾ ਹੋਏਗਾ। ਪੰਜਾਬੀਓ ਦੇਸ਼ ਤੇ ਕੌਮ ਨੂੰ ਬਚਾਉਣ ਲਈ ਸਾਰੇ ਆਗੇ ਆਓ। ਨਹੀਂ ਤਾਂ ਘੋਰ ਤਬਾਹੀ ਦੇ ਆਸਾਰ ਹਨ। ਇਕੱਲੀ ਸਰਕਾਰ ਇਸ ਵਿੱਚ ਕੁੱਝ ਨਹੀਂ ਕਰ ਸਕਦੀ, ਲੋਕਾਂ ਦਾ ਸਹਿਯੋਗ ਜ਼ਰੂਰੀ ਹੈ।
ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.
ਪੀਰਾਂ ਵਾਲਾ ਗੇਟ, ਸੁਨਾਮ
ਮੋਬ. ਨੰ: 98150-37279