'ਭਾਰਤ ਮਾਤਾ' ਦੀ ਮਹਿਮਾ ਓਹਲੇ ਧਰਮ-ਨਿਰਪੱਖਤਾ ਦੀ ਮਹਿਮਾ ਖੂੰਜੇ ਲੱਗਣ ਲੱਗੀ - ਜਤਿੰਦਰ ਪਨੂੰ
ਮੇਰੇ ਸਾਹਮਣੇ ਭਾਰਤ ਦਾ ਸੰਵਿਧਾਨ ਪਿਆ ਹੈ, ਜਿਹੜਾ ਏਥੋਂ ਆਰੰਭ ਹੁੰਦਾ ਹੈ ਕਿ 'ਅਸੀਂ ਭਾਰਤ ਦੇ ਲੋਕ, ਭਾਰਤ ਨੂੰ ਇੱਕ (ਮੁਕੰਮਲ ਖੁਦ-ਮੁਖਤਾਰ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਗਣਰਾਜ) ਬਣਾਉਣ ਲਈ ਤੇ ਉਸ ਦੇ ਸਾਰੇ ਨਾਗਰਿਕਾਂ ਨੂੰ ਸਮਾਜੀ, ਆਰਥਿਕ ਤੇ ਰਾਜਸੀ ਨਿਆਂ, ਵਿਚਾਰ, ਪ੍ਰਗਟਾਵੇ, ਵਿਸ਼ਵਾਸ, ਧਰਮ ਤੇ ਉਪਾਸ਼ਨਾ ਦੀ ਆਜ਼ਾਦੀ, ਸਤਿਕਾਰ ਅਤੇ ਮੌਕਿਆਂ ਦੀ ਬਰਾਬਰੀ ਹਾਸਲ ਕਰਾਉਣ ਲਈ ਉਨ੍ਹਾਂ ਸਭਨਾਂ ਵਿਚਾਲੇ ਵਿਅਕਤੀ ਦੇ ਸਨਮਾਨ (ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ) ਯਕੀਨੀ ਕਰਨ ਲਈ ਭਾਈਚਾਰਾ ਵਧਾਉਣ ਲਈ' ਇਹ ਸੰਵਿਧਾਨ ਪ੍ਰਵਾਨ ਕੀਤਾ ਤੇ ਇਸ ਉੱਤੇ ਕਾਰਬੰਦ ਰਹਾਂਗੇ। ਇਸ ਦੀ ਪਹਿਲੀ ਬਰੈਕਿਟ ਵਿੱਚ 'ਸਮਾਜਵਾਦੀ ਧਰਮ ਨਿਰਪੱਖਤਾ' ਵਾਲੇ ਸ਼ਬਦ ਐਮਰਜੈਂਸੀ ਦੇ ਦੌਰ ਦੌਰਾਨ ਪਾਰਲੀਮੈਂਟ ਨੇ ਪਾਏ ਸੀ ਅਤੇ ਦੂਸਰੀ ਬਰੈਕਿਟ ਵਿੱਚ 'ਅਖੰਡਤਾ' ਦਾ ਸ਼ਬਦ ਵੀ ਓਸੇ ਬਤਾਲੀਵੀਂ ਸੋਧ ਦੇ ਨਾਲ ਸ਼ਾਮਲ ਕੀਤਾ ਗਿਆ ਸੀ। ਅੱਜ ਦੇ ਦੌਰ ਤੱਕ ਬੜਾ ਕੁਝ ਬਦਲ ਚੁੱਕਾ ਹੈ। ਜਿਹੜੀ ਸੋਧ ਨੂੰ ਮੰਨਣ ਨਾਲ ਇਹ ਸ਼ਬਦ ਦੇਸ਼ ਦੇ ਸੰਵਿਧਾਨ ਵਿੱਚ ਪਾਏ ਗਏ ਸਨ, ਉਸ ਦਾ ਓਦੋਂ ਵੀ ਵਿਰੋਧ ਹੋਇਆ ਸੀ, ਬਾਅਦ ਵਿੱਚ ਵੀ ਹੋਇਆ, ਪਰ ਵਿਰੋਧ ਦਾ ਅਸਲ ਰੂਪ ਅੱਜ ਅਮਲ ਵਿੱਚ ਸਾਡੇ ਸਾਹਮਣੇ ਨਿੱਖਰ ਕੇ ਆਉਣ ਲੱਗਾ ਹੈ। ਮਹਾਰਾਸ਼ਟਰ ਵਿੱਚ ਭਾਜਪਾ ਦੀ ਸਰਕਾਰ ਦਾ ਬਿਸਤਰਾ ਲਪੇਟ ਕੇ ਤਿੰਨ ਪਾਰਟੀਆਂ ਦੇ ਗੱਠਜੋੜ ਦੀ ਨਵੀਂ ਸਰਕਾਰ ਬਣੀ ਹੈ, ਜਿਸ ਦੇ ਮੁੱਖ ਮੰਤਰੀ ਤੇ ਕੁਝ ਮੰਤਰੀਆਂ ਉੱਤੇ ਇਹ ਦੋਸ਼ ਲੱਗਾ ਹੈ ਕਿ ਉਨ੍ਹਾਂ ਨੇ ਸਹੁੰ ਚੁੱਕਣ ਵੇਲੇ ਸੰਵਿਧਾਨ ਵਿੱਚ ਦਰਜ ਸ਼ਬਦ ਬੋਲਦੇ ਵਕਤ ਆਪਣੀ ਇੱਛਾ ਦੇ ਮੁਤਾਬਕ ਕੁਝ ਸ਼ਬਦ ਜੋੜ ਲਏ ਅਤੇ ਇਸ ਤਰ੍ਹਾਂ ਸੰਵਿਧਾਨਕ ਉਲੰਘਣਾ ਹੋਈ ਹੈ। ਇੰਦਰਾ ਗਾਂਧੀ ਜਦੋਂ ਪਹਿਲੀ ਵਾਰੀ ਕੁਰਸੀ ਛੱਡਣ ਨੂੰ ਮਜਬੂਰ ਹੋਈ, ਮੁਰਾਰਜੀ ਦੇਸਾਈ ਸਰਕਾਰ ਬਣੀ ਤਾਂ ਪਾਰਲੀਮੈਂਟ ਮੈਂਬਰਾਂ ਨੂੰ ਸਹੁੰ ਚੁਕਾਏ ਜਾਣ ਵੇਲੇ ਕੇਂਦਰ ਦੇ ਮੰਤਰੀ ਜਾਰਜ ਫਰਨਾਂਡੇਜ਼ ਤੇ ਕਈ ਹੋਰਨਾਂ ਨੇ ਵੀ ਇਹ ਕਿਹਾ ਸੀ ਕਿ ਉਹ ਆਪਣੇ ਅਹੁਦੇ ਲਈ ਸੰਵਿਧਾਨ ਦੀ ਸਹੁੰ 'ਬਤਾਲੀਵੀਂ ਸੋਧ ਦੇ ਬਗੈਰ' ਚੁੱਕਦੇ ਹਨ। ਸੰਵਿਧਾਨਕ ਉਲੰਘਣਾ ਦਾ ਓਦੋਂ ਵੀ ਬਥੇਰਾ ਰੌਲਾ ਪਿਆ, ਪਰ ਗੱਲ ਗੋਲ ਕਰ ਦਿੱਤੀ ਗਈ ਸੀ। ਜਿਨ੍ਹਾਂ ਲੋਕਾਂ ਨੇ ਓਦੋਂ ਬਤਾਲੀਵੀਂ ਸੋਧ ਦਾ ਵਿਰੋਧ ਕੀਤਾ ਸੀ, ਉਨ੍ਹਾਂ ਲਈ ਇਹ ਗੱਲ ਹਜ਼ਮ ਕਰਨੀ ਔਖੀ ਸੀ ਕਿ ਭਾਰਤ ਸਮਾਜਵਾਦੀ ਲੀਹ ਉੱਤੇ ਵੀ ਚੱਲੇ ਅਤੇ ਧਰਮ ਨਿਰਪੱਖ ਵੀ ਬਣੇ। ਉਹ ਲੋਕ ਓਨਾ ਇਸ ਬਤਾਲੀਵੀਂ ਸੋਧ ਦਾ ਵਿਰੋਧ ਨਹੀਂ ਸਨ ਕਰਦੇ, ਜਿੰਨਾ ਸੋਧ ਦੇ ਵਿਰੋਧ ਲਈ ਹੋਰਨਾਂ ਲੋਕਾਂ ਨੂੰ ਅੱਗੇ ਲਾ ਕੇ ਅਸਲ ਵਿੱਚ ਸਮਾਜਵਾਦ ਤੇ ਧਰਮ ਨਿਰਪੱਖਤਾ ਦਾ ਵਿਰੋਧ ਕਰਨ ਲਈ ਲਾਮਬੰਦੀ ਕਰਦੇ ਪਏ ਸਨ। ਉਹ ਸੋਚ ਅੱਜ ਸਾਫ ਹੋ ਰਹੀ ਹੈ।
ਬਦਲੇ ਹੋਏ ਸਮੇਂ ਵਿੱਚ ਉਨ੍ਹਾਂ ਲੋਕਾਂ ਦੀ ਅਗਲੀ ਪੀੜ੍ਹੀ ਦੇ ਵਾਰਸਾਂ ਨੇ ਆਪਣੇ ਚਾਲੇ ਬਦਲ ਲਏ ਤੇ ਇੰਦਰਾ ਗਾਂਧੀ ਵੇਲੇ ਦੀ ਕਾਂਗਰਸ ਪਾਰਟੀ ਅਤੇ ਓਦੋਂ ਦੇ ਪਾਰਲੀਮੈਂਟ ਮੈਂਬਰਾਂ ਦੀ ਅਗਲੀ ਪੀੜ੍ਹੀ ਵੀ ਧਰਮ ਨਿਰਪੱਖਤਾ ਦਾ ਮੁੱਦਾ ਛੱਡ ਕੇ ਗੱਦੀਆਂ ਪਿੱਛੇ ਦੌੜਨ ਜੋਗੀ ਹੋ ਕੇ ਰਹਿ ਗਈ। ਅੱਜ ਵਾਲਾ ਭਾਰਤ ਇਸ ਨਵੇਂ ਨਮੂਨੇ ਦੀ ਪੇਸ਼ਕਾਰੀ ਦੀ ਉਹ ਝਲਕ ਦੇਈ ਜਾ ਰਿਹਾ ਹੈ, ਜਿਹੜੀ ਅਗਲੇ ਦਿਨੀਂ ਪੇਸ਼ ਹੋਣ ਵਾਲੀ ਹੈ ਅਤੇ ਜਿਸ ਨੂੰ ਬਹੁਤਾ ਵਕਤ ਵੀ ਨਹੀਂ ਲੱਗਣਾ ਜਾਪਦਾ।
ਭਾਰਤ ਨੂੰ ਕੋਈ ਭਾਰਤ-ਮਾਤਾ ਆਖਦਾ ਰਹੇ ਤਾਂ ਸਾਨੂੰ ਲੋਕਾਂ ਨੂੰ ਇਸ ਨਾਲ ਪਰੇਸ਼ਾਨੀ ਨਹੀਂ, ਪੰਜਾਬੀ ਕਵੀ ਤੇਰਾ ਸਿੰਘ ਚੰਨ ਨੇ 'ਪਿਆਰੀ ਭਾਰਤ ਮਾਂ, ਤੈਨੂੰ ਅਸੀਂ ਸੀਸ ਨਿਵਾਂਦੇ ਹਾਂ, ਤੇਰੇ ਤੋਂ ਸਦਕੇ ਜਾਂਦੇ ਹਾਂ' ਲਿਖਿਆ ਸੀ ਤਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਸੀ ਹੋਈ। ਪਰੇਸ਼ਾਨੀ ਇਸ ਗੱਲ ਤੋਂ ਹੁੰਦੀ ਹੈ ਕਿ 'ਭਾਰਤ ਮਾਤਾ' ਦੇ ਸੰਕਲਪ ਵਜੋਂ ਇੱਕ ਧਰਮ ਦੇ ਪ੍ਰਤੀਕਾਂ ਦੀ ਵਰਤੋਂ ਕੀਤੀ ਜਾਣ ਲੱਗ ਪਈ ਹੈ। ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੁਰੂਕੁਸ਼ੇਤਰ ਵਿੱਚ 'ਭਾਰਤ ਮਾਤਾ' ਮੰਦਰ ਬਣਾਉਣ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਪੂਜਾ ਕਿਸ ਦੀ ਹੋਵੇਗੀ ਤੇ ਕਿਸ ਤਰ੍ਹਾਂ ਦੀ ਹੋਵੇਗੀ ਜਾਂ ਫਿਰ ਕਰਨ ਵਾਸਤੇ ਪੁਜਾਰੀ ਕਿਹੜੇ ਵਰਗ ਤੋਂ ਆਵੇਗਾ, ਇਸ ਬਾਰੇ ਦੱਸਣ ਦੀ ਮਨੋਹਰ ਲਾਲ ਖੱਟਰ ਨੂੰ ਲੋੜ ਨਹੀਂ, ਲੋਕ ਖੁਦ ਵੀ ਸਮਝ ਸਕਦੇ ਹਨ। ਭਾਰਤ ਵਿੱਚ ਕਿੰਨੇ ਲੰਮੇ ਸਮੇਂ ਤੋਂ 'ਜੈ ਹਿੰਦ' ਦਾ ਨਾਅਰਾ ਲਾਇਆ ਜਾਂਦਾ ਰਿਹਾ ਹੈ ਤੇ ਆਜ਼ਾਦੀ ਦੇ ਸੰਗਰਾਮੀਆਂ ਦੀ ਆਜ਼ਾਦ ਹਿੰਦ ਫੌਜ ਦੇ ਮੁਖੀ ਸੁਭਾਸ਼ ਚੰਦਰ ਬੋਸ ਨੇ ਜਦੋਂ ਇਹ ਨਾਅਰਾ ਚੁਣਿਆ ਸੀ ਤਾਂ ਕਿਸੇ ਨੇ ਵੀ ਇਸ ਉੱਤੇ ਕਿੰਤੂ ਨਹੀਂ ਸੀ ਕੀਤਾ। ਉਸ ਫੌਜ ਨੇ ਜਦੋਂ ਇਹ ਨਾਅਰਾ ਲਾਇਆ ਸੀ ਤਾਂ ਉਸ ਦੇ ਨਾਲ ਦੇਸ਼ ਵਿੱਚ ਇਹ ਬੋਲ ਗੂੰਜਦਾ ਸੀ; 'ਸਾਰੇ ਦੇਸ਼ ਤੋਂ ਆਈ ਆਵਾਜ਼, ਸਹਿਗਲ ਢਿੱਲੋਂ ਸ਼ਾਹਨਵਾਜ਼।' ਇਨ੍ਹਾਂ ਵਿੱਚੋਂ ਇੱਕ ਜਣਾ ਪ੍ਰੇਮ ਸਹਿਗਲ ਸੀ, ਦੂਸਰਾ ਗੁਰਬਖਸ਼ ਸਿੰਘ ਢਿੱਲੋਂ ਤੇ ਤੀਸਰਾ ਸ਼ਾਹ ਨਵਾਜ਼ ਖਾਨ ਹੁੰਦਾ ਸੀ। ਉਨ੍ਹਾਂ ਲੋਕਾਂ ਦਾ ਦਿੱਤਾ ਇਹ ਨਾਅਰਾ ਵੀ ਬਾਅਦ ਵਿੱਚ ਫਿਰਕੂ ਸੁਰਾਂ ਦੀ ਮਾਰ ਹੇਠ ਵਿਤਕਰੇ ਦਾ ਪ੍ਰਤੀਕ ਬਣਾਇਆ ਜਾਣ ਲੱਗਾ ਸੀ।
ਵਿਤਕਰਾ ਉਸ ਵੇਲੇ ਸ਼ੁਰੂ ਹੁੰਦਾ ਹੈ, ਜਦੋਂ ਇੱਕ ਧਰਮ ਦੇ ਲੋਕਾਂ ਨੂੰ ਵਹਿਮ ਹੋ ਜਾਵੇ ਕਿ ਦੇਸ਼ ਉੱਪਰ ਰਾਜ ਕਰਨ ਦਾ ਸਾਡਾ ਹੱਕ ਹੈ, ਬਾਕੀ ਲੋਕਾਂ ਨੂੰ ਸਾਡੇ ਬਰਾਬਰ ਹੋਣ ਦਾ ਤਾਂ ਕੀ, ਏਦਾਂ ਸੋਚਣ ਦਾ ਵੀ ਹੱਕ ਨਹੀਂ। ਭਾਰਤ ਅੰਦਰ ਇਸ ਵਕਤ ਏਦਾਂ ਦੀ ਲਹਿਰ ਵਧ ਰਹੀ ਹੈ ਤੇ ਇਸ ਲਹਿਰ ਦੇ ਅੰਦਰ 'ਭਾਰਤ ਮਾਤਾ' ਦੇ ਪੁਰਾਣੇ ਸੰਕਲਪ ਵਾਸਤੇ ਸਤਿਕਾਰ ਰੱਖਦੇ ਹੋਏ ਵੀ ਇਸ ਦੀ ਫਿਰਕੂ ਪੁੱਠ ਚਾੜ੍ਹ ਕੇ ਰਾਜਸੀ ਲਾਭਾਂ ਲਈ ਵਰਤੋਂ ਹੋਣਾ ਚੁਭਦਾ ਹੈ। ਇਸ ਸੁਚੇਤ ਵਿਰੋਧ ਲਈ ਜਿਨ੍ਹਾਂ ਤੋਂ ਆਸ ਕੀਤੀ ਜਾ ਰਹੀ ਸੀ, ਉਹ ਨਹੀਂ ਰੜਕੇ। ਇੱਕ ਵਾਰ 'ਪਿਆਸਾ' ਫਿਲਮ ਆਈ ਤਾਂ ਸਾਹਿਰ ਲੁਧਿਆਣਵੀ ਦਾ ਇਹ ਗੀਤ ਬਹੁਤ ਚਰਚਿਤ ਹੋਇਆ ਸੀ ਕਿ 'ਜਿਨਹੇਂ ਨਾਜ਼ ਹੈ ਹਿੰਦ ਪਰ, ਵੋ ਕਹਾਂ ਹੈਂ' ਅਤੇ ਅੱਜ ਇਹੋ ਗੱਲ ਉਨ੍ਹਾਂ ਲੋਕਾਂ ਬਾਰੇ ਪੁੱਛਣੀ ਪੈਂਦੀ ਹੈ, ਜਿਹੜੇ ਕੱਲ੍ਹ ਤੱਕ ਦਾਅਵਾ ਕਰਦੇ ਸਨ ਕਿ ਭਾਰਤ ਦੀ ਧਰਮ ਨਿਰਪੱਖਤਾ ਦੇ ਲਈ ਜਿਨ੍ਹਾਂ ਨੇ ਲਗਾਤਾਰ ਪਹਿਰਾ ਦਿੱਤਾ ਹੈ, ਇਸ ਦੀ ਨੀਂਹ ਬਚਾਈ ਰੱਖੀ ਹੈ, ਉਹ ਸਿਰਫ ਅਸੀਂ ਹਾਂ। ਇਹ ਗੱਲ ਕਾਂਗਰਸ ਦੇ ਆਗੂ ਵੀ ਕਹਿੰਦੇ ਸਨ, ਕਮਿਊਨਿਸਟ ਵੀ। ਆਪਣੀ ਚੜ੍ਹਤ ਦੀ ਸਿਖਰ ਉੱਤੇ ਜਾ ਕੇ ਬੇਸ਼ੱਕ ਗਲਤੀਆਂ ਕਮਿਊਨਿਸਟਾਂ ਵੀ ਕੀਤੀਆਂ ਸਨ, ਪਰ ਉਨ੍ਹਾਂ ਦੀਆਂ ਜੜ੍ਹਾਂ ਉੱਤੇ ਟੱਕ ਲਾਉਣ ਦਾ ਕੰਮ ਉਨ੍ਹਾਂ ਕਾਂਗਰਸੀਆਂ ਨੇ ਕੀਤਾ ਸੀ, ਜਿਹੜੇ ਅੱਜ ਉਂਗਲਾਂ ਟੁੱਕਦੇ ਹੋਏ ਉਸੇ ਸ਼ਿਵ ਸੈਨਾ ਦੇ ਪਿੱਛਲੱਗ ਬਣਨ ਨੂੰ ਮਜਬੂਰ ਹਨ, ਜਿਹੜੀ ਫਿਰਕੂਪੁਣੇ ਵਿੱਚ ਭਾਜਪਾ ਤੋਂ ਊਣੀ ਨਹੀਂ।
ਇਹੋ ਜਿਹੇ ਦਿਨ ਇਸ ਕਰ ਕੇ ਆਏ ਹਨ ਕਿ ਕਾਂਗਰਸ ਪਾਰਟੀ ਨੇ ਜਿਹੜੀਆਂ ਧਰਮ ਨਿਰਪੱਖ ਧਿਰਾਂ ਦੀ ਸਾਂਝ ਦੇ ਦੌਰਾਨ ਦੇਸ਼ ਦੇ ਸੰਵਿਧਾਨ ਵਿੱਚ ਧਰਮ ਨਿਰਪੱਖਤਾ ਅਤੇ ਸਮਾਜਵਾਦ ਦੇ ਸ਼ਬਦ ਜੋੜੇ ਸਨ, ਕੁਝ ਸਮੇਂ ਬਾਅਦ ਉਨ੍ਹਾਂ ਧਿਰਾਂ ਦੀ ਕਾਟ ਕਰਨ ਲਈ ਸਿਆਸੀ ਟੂਣੇ ਕਰਨ ਵਾਲੇ ਸਾਧਾਂ ਪਿੱਛੇ ਲੱਗ ਤੁਰੀ ਸੀ। ਅਗਲੇ ਦੌਰ ਵਿੱਚ ਉਹ ਹਿੰਦੂ ਧਰਮ ਲਈ ਸਮੱਰਪਣ ਦੀ ਮੁਕਾਬਲੇਬਾਜ਼ੀ ਵਿੱਚ ਪੈ ਗਈ ਤੇ ਜਿਹੜਾ ਬਾਬਰੀ ਮਸਜਿਦ ਦਾ ਢਾਂਚਾ ਓਥੇ ਮੂਰਤੀਆਂ ਰੱਖੇ ਜਾਣ ਦੇ ਦਿਨਾਂ ਤੋਂ ਬੰਦ ਪਿਆ ਸੀ, ਉਸ ਦਾ ਤਾਲਾ ਖੁਦ ਖ਼ੁਲ੍ਹਵਾਉਣ ਤੱਕ ਪਹੁੰਚ ਗਈ। ਅਗਲੇ ਦੌਰ ਵਿੱਚ ਜਦੋਂ ਉਸ ਦਾ ਮੁਕਾਬਲਾ ਨਰਿੰਦਰ ਮੋਦੀ ਵਰਗੇ ਤਿੱਖੇ ਹਿੰਦੂਤੱਵੀ ਆਗੂ ਨਾਲ ਹੋਇਆ ਤਾਂ ਕਾਂਗਰਸ ਦਾ ਕੱਚ-ਘਰੜ ਆਗੂ ਰਾਹੁਲ ਗਾਂਧੀ ਆਪਣਾ ਸਿਆਸੀ ਪਿਛੋਕੜ ਤੇ ਸਾਰੀ ਵਿਰਾਸਤ ਭੁੱਲ ਕੇ ਆਪਣੇ ਗਲ਼ ਵਿੱਚ ਜਨੇਊ ਵਿਖਾਉਂਦਾ ਤੇ ਆਪਣੇ ਅੰਦਰ ਸ਼ੁੱਧ ਬ੍ਰਾਹਮਣ ਖੂਨ ਵਗਦਾ ਸਾਬਤ ਕਰਦਾ ਫਿਰਦਾ ਸੀ। ਭਲਾ ਪੰਡਤਾਊਪੁਣੇ ਵਿੱਚ ਉਹ ਮੋਦੀ ਨਾਲ ਮੁਕਾਬਲਾ ਕਿਵੇਂ ਕਰ ਸਕਦਾ ਸੀ!
ਇਸ ਵੇਲੇ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅੱਗੇ ਹੈ ਤੇ ਦੂਜੀਆਂ ਦੋ ਧਿਰਾਂ ਉਸ ਦੇ ਓਹਲੇ ਖੜੀਆਂ ਹਨ। ਕਾਂਗਰਸ ਦੀ ਮਦਦ ਨਾਲ ਉਸ ਸ਼ਿਵ ਸੈਨਾ ਦਾ ਆਗੂ ਮੁੱਖ ਮੰਤਰੀ ਬਣ ਗਿਆ ਹੈ, ਜਿਹੜੀ ਕਹਿੰਦੀ ਰਹੀ ਹੈ ਕਿ ਭਾਜਪਾ ਆਗੂ ਤਾਂ ਐਵੇਂ ਫੋਕਾ ਸਿਹਰਾ ਭਾਲਦੇ ਹਨ, ਬਾਬਰੀ ਮਸਜਿਦ ਅਸੀਂ ਸ਼ਿਵ ਸੈਨਿਕਾਂ ਤੋਂ ਤੁੜਵਾਈ ਸੀ। ਉਹ ਕਾਂਗਰਸ ਪਾਰਟੀ ਇਸ ਵੇਲੇ ਪਿੱਛੇ ਖੜੀ ਹੈ, ਜਿਹੜੀ ਆਸਾਮ ਵਿੱਚ ਨਾਗਰਿਕਾਂ ਦੀ ਪੁਣ-ਛਾਣ ਵਾਲੇ ਐੱਨ ਆਰ ਸੀ ਫਾਰਮੂਲੇ ਦਾ ਵਿਰੋਧ ਕਰਦੀ ਤੇ ਇਸ ਵਿੱਚ ਫਿਰਕੂਪੁਣਾ ਵੇਖਦੀ ਹੈ ਤੇ ਉਹ ਸ਼ਿਵ ਸੈਨਾ ਅੱਗੇ ਖੜੀ ਹੈ, ਜਿਸ ਨੇ ਕੁਝ ਸਾਲ ਪਹਿਲਾਂ ਆਪਣੀ ਅਗਵਾਈ ਵਾਲੇ ਦੌਰ ਦੌਰਾਨ ਮੁੰਬਈ ਤੋਂ ਪੱਛਮੀ ਬੰਗਾਲ ਦੇ ਮੁਸਲਮਾਨਾਂ ਨੂੰ ਬੰਗਲਾ ਦੇਸ਼ੀ ਕਹਿ ਕੇ ਭਜਾਇਆ ਸੀ। ਜਦੋਂ ਹਿੰਦੂਤੱਵ ਦੀ ਕੋਈ ਨਵੀਂ ਲਹਿਰ ਉੱਠੇਗੀ ਤੇ ਉਛਾਲੇ ਮਾਰੇਗੀ, ਸ਼ਿਵ ਸੈਨਾ ਉਸ ਵੇਲੇ ਕਾਂਗਰਸ ਨਾਲ ਖੜੋਤੀ ਧਰਮ ਨਿਰਪੱਖਤਾ ਦੀ ਝੰਡਾ ਬਰਦਾਰ ਨਹੀਂ ਬਣਨ ਲੱਗੀ, ਆਪਣੇ ਪੁਰਾਣੇ ਭਾਈਬੰਦਾਂ ਦੀ ਹਾਂ ਵਿੱਚ ਹਾਂ ਮਿਲਾਉਂਦੀ ਹੋਈ ਫਿਰ ਉਸੇ ਧੁਨ ਉੱਤੇ ਨੱਚੇਗੀ, ਜਿਹੜੀ ਉੱਤੇ ਨੱਚਦੀ ਰਹੀ ਹੈ। ਭਾਜਪਾ ਦੀ ਬੀ-ਟੀਮ ਵਰਗੀ ਇਸ ਪਾਰਟੀ ਨਾਲ ਜਿਨ੍ਹਾਂ ਹਾਲਾਤ ਵਿੱਚ ਸਰਕਾਰ ਬਣਾਉਣੀ ਸੀ, ਬਣਾ ਲਈ, ਪਰ ਇਸ ਤੋਂ ਬਾਅਦ ਕਾਂਗਰਸ ਨੂੰ ਸੋਚਣਾ ਪਵੇਗਾ। ਉੱਤਰ ਪੂਰਬੀ ਰਾਜਾਂ ਦੇ ਜਿਹੜੇ ਹਾਲਾਤ ਇਸ ਵਕਤ ਹਨ, ਕਾਂਗਰਸ ਦੀਆਂ ਤਿਕੜਮੀ ਨੀਤੀਆਂ ਕਾਰਨ ਉਹ ਓਥੇ ਆਪਣਾ ਆਧਾਰ ਖੁੱਸ ਜਾਣ ਪਿੱਛੋਂ ਓਸੇ ਕਿਸਮ ਦੀ ਚੁਣੌਤੀ ਦਾ ਸਾਹਮਣਾ ਅਗਲੇ ਦਿਨਾਂ ਵਿੱਚ ਦੱਖਣੀ ਭਾਰਤ ਵੱਲ ਵੀ ਕਰਨ ਵਾਲੀ ਹੈ। ਆਂਧਰਾ ਪ੍ਰਦੇਸ਼ ਵਿੱਚ ਇਨ੍ਹਾਂ ਖੇਡਾਂ ਨਾਲ ਆਪਣਾ ਆਧਾਰ ਗੁਆ ਚੁੱਕੀ ਸਿਰਫ ਕਾਂਗਰਸ ਨਹੀਂ, ਕੇਰਲਾ ਵਿੱਚ ਖੱਬੇ ਪੱਖੀਆਂ ਦੇ ਲਈ ਵੀ ਬੜੀ ਵੱਡੀ ਚੁਣੌਤੀ ਪੇਸ਼ ਹੁੰਦੀ ਦਿਖਾਈ ਦੇਂਦੀ ਹੈ। ਪੱਛਮੀ ਬੰਗਾਲ ਖੱਬੇ-ਪੱਖੀਆਂ ਤੋਂ ਖੋਹਣ ਵਿੱਚ ਜਿਹੜੇ ਲੋਕਾਂ ਨੇ ਮਮਤਾ ਬੈਨਰਜੀ ਦਾ ਸਾਥ ਦਿੱਤਾ ਸੀ, ਉਨ੍ਹਾਂ ਵਿੱਚ ਨਕਸਲੀਆਂ ਦੇ ਕੁਝ ਧੜੇ ਵੀ ਸਨ ਤੇ ਕਈ ਹੋਰ ਧਿਰਾਂ ਵਾਲੇ ਵੀ, ਉਹ ਸਾਰੇ ਅਗਲੀਆਂ ਚੋਣਾਂ ਦੇ ਵਕਤ ਖੂੰਜੇ ਲੱਗਦੇ ਜਾਪਦੇ ਹਨ ਤੇ ਆਪਸੀ ਖਹਿਬੜ ਅਜੇ ਵੀ ਇਹੋ ਜਿਹੀ ਹੈ, ਜਿਵੇਂ 'ਰੱਸੀ ਸੜ ਗਈ ਤੇ ਵੱਟ ਨਹੀਂ ਗਿਆ' ਦੀ ਕਹਾਵਤ ਸੱਚੀ ਸਾਬਤ ਕਰਨ ਦਾ ਇਰਾਦਾ ਹੋਵੇ। ਚੁਣੌਤੀ ਉੱਤੇ ਅੰਦਰਲਾ ਵੱਟ ਭਾਰੂ ਹੋਈ ਜਾਂਦਾ ਹੈ। ਅਗਲੇ ਸਮੇਂ ਵਿੱਚ ਜੇ ਹਰਿਆਣੇ ਤੋਂ ਪਿੱਛੋਂ ਹਰ ਰਾਜ ਵਿੱਚ 'ਭਾਰਤ ਮਾਤਾ ਮੰਦਰ' ਬਣਾਉਣ ਦੀ ਭਾਜਪਾ ਦੀ ਰਾਜਨੀਤੀ ਅਮਲ ਵਿੱਚ ਲਾਗੂ ਹੋਣ ਲੱਗ ਪਈ ਤਾਂ ਸ਼ਿਵ ਸੈਨਾ ਇਸ ਕੰਮ ਵਿੱਚ ਪਿੱਛੇ ਨਹੀਂ ਰਹਿਣੀ, ਆਪਣੇ ਰਾਜ ਮਹਾਰਾਸ਼ਟਰ ਵਿੱਚ ਇਸ ਦੇ ਨਾਲ ਮਿਲਦੀ-ਜੁਲਦੀ ਕੋਈ ਸਰਗਰਮੀ ਜ਼ਰੂਰ ਸ਼ੁਰੂ ਕਰੇਗੀ, ਉਸ ਬਾਰੇ ਕਾਂਗਰਸ ਹਾਲੇ ਨਹੀਂ ਸੋਚਣ ਲੱਗੀ।
ਹਾਲਾਤ ਨੂੰ ਵੇਖਣਾ ਅਤੇ ਸਮਝਣਾ ਹੀ ਨਹੀਂ, ਮੰਨਣਾ ਵੀ ਚਾਹੀਦਾ ਹੈ ਕਿ ਸਮਾਜਵਾਦ ਦਾ ਨਾਅਰਾ ਬਹੁਤ ਜ਼ਿਆਦਾ ਪਿਛਾਂਹ ਛੱਡਿਆ ਜਾ ਚੁੱਕਾ ਹੈ ਤੇ ਧਰਮ ਨਿਰਪੱਖਤਾ ਇਸ ਵਕਤ 'ਭਾਰਤ ਮਾਤਾ' ਸਮੇਤ ਕਈ ਤਰ੍ਹਾਂ ਦੇ ਨਵੇਂ ਸੰਕਲਪਾਂ ਦੇ ਪਿਛਵਾੜੇ ਲੁਕਣ ਦੀ ਥਾਂ ਭਾਲਦੀ ਫਿਰਦੀ ਹੈ। ਕਦੀ ਪੰਜਾਬੀ ਦੇ ਇੱਕ ਕਵੀ ਨੇ ਗਾਇਆ ਸੀ: 'ਇਕ ਕੁੜੀ, ਜੀਹਦਾ ਨਾਂਅ ਮੁਹੱਬਤ, ਗੁੰਮ ਹੈ, ਗੁੰਮ ਹੈ, ਗੁੰਮ ਹੈ'। ਸਮਾਂ ਬਹੁਤ ਅੱਗੇ ਦਾ, ਪਰ ਕੁਰਾਹੇ ਦਾ ਪੈਂਡਾ ਤੈਅ ਕਰ ਚੁੱਕਾ ਹੈ। ਅੱਜ ਇਹ ਗੱਲ ਕਹੀ ਜਾਣ ਦੇ ਦਿਨ ਨੇੜੇ ਜਾਪਦੇ ਹਨ ਕਿ 'ਦੇਸ਼ ਦੀ ਧਰਮ ਨਿਰਪੱਖਤਾ ਗੁੰਮ ਹੈ, ਗੁੰਮ ਹੈ।' ਕਹਿਣਾ ਬਹੁਤ ਔਖਾ ਹੈ ਤੇ ਕਿਹਾ ਹੋਇਆ ਜਰਨਾ ਵੀ ਸੌਖਾ ਨਹੀਂ, ਪਰ ਸੱਚੀ ਗੱਲ ਇਹੋ ਹੈ ਕਿ ਦੇਸ਼ ਇਸ ਵੇਲੇ ਏਸੇ ਪਾਸੇ ਵਧ ਰਿਹਾ ਹੈ।