ਜੇ ਭਾਰਤ ਵਿੱਚ ਪਿਛਲਾ ਦੌਰ ਟਿਕਾਊ ਨਹੀਂ ਰਿਹਾ ਤਾਂ ਅਜੋਕਾ ਦੌਰ ਵੀ ਸਦੀਵੀ ਨਹੀਂ - ਜਤਿੰਦਰ ਪਨੂੰ
ਭਾਰਤ ਵਿੱਚ ਇਸ ਵਕਤ ਅੰਦਰੋ-ਅੰਦਰ ਰਾਜਸੀ ਹਲਚਲ ਦੀ ਧੜਕਣ ਮਹਿਸੂਸ ਕੀਤੀ ਜਾ ਰਹੀ ਹੈ ਤੇ ਕਿਆਸ ਕਰਨਾ ਹਾਲ ਦੀ ਘੜੀ ਔਖਾ ਹੈ ਕਿ ਬਾਅਦ ਵਿੱਚ ਇਹ ਕਿਹੋ ਜਿਹੇ ਸਿੱਟੇ ਕੱਢੇਗੀ! ਪਿਛਲੇ ਦਿਨਾਂ ਵਿੱਚ ਭਾਰਤ ਦੀ ਨਿਆਂ ਪਾਲਿਕਾ ਨੇ ਜਿਹੜੇ ਫੈਸਲੇ ਦਿੱਤੇ ਹਨ, ਉਨ੍ਹਾਂ ਨਾਲ ਸਿਆਸੀ ਧੜਕਣ ਹੋਰ ਤੇਜ਼ ਹੋਣ ਲੱਗ ਪਈ ਹੈ, ਪਰ ਇਹ ਕਿਸ ਪਾਸੇ ਵੱਲ ਵਧੇਗੀ, ਇਹ ਅੰਦਾਜ਼ਾ ਅਜੇ ਨਹੀਂ ਹੋ ਰਿਹਾ। ਇੱਕ ਗੱਲ ਲਗਭਗ ਸਾਫ ਹੈ ਕਿ ਜਿਵੇਂ ਗੁਜਰਾਤ ਵਾਲੇ ਦੰਗਿਆਂ ਪਿੱਛੋਂ ਓਥੇ ਰਾਜ ਚਲਾ ਰਹੀ ਧਿਰ ਦਾ ਘੱਟ-ਗਿਣਤੀਆਂ ਵੱਲੋਂ ਕਿਸੇ ਕਿਸਮ ਦਾ ਵਿਰੋਧ ਹੋਣਾ ਲਗਭਗ ਬੰਦ ਵਾਂਗ ਹੋ ਗਿਆ ਸੀ, ਬਾਬਰੀ ਮਸਜਿਦ ਨੂੰ ਰੱਦ ਕਰਨ ਤੇ ਰਾਮ ਮੰਦਰ ਦੀ ਉਸਾਰੀ ਲਈ ਸਹਿਮਤੀ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਲਗਭਗ ਓਦਾਂ ਦਾ ਅਸਰ ਇਸ ਵਾਰੀ ਸਾਰੇ ਦੇਸ਼ ਵਿੱਚ ਵੇਖਿਆ ਗਿਆ ਹੈ। ਮੁਸਲਿਮ ਇਤਹਾਦੁਲ ਮੁਸਲਮੀਨ ਪਾਰਟੀ ਦੇ ਆਗੂ ਤੇ ਪਾਰਲੀਮੈਂਟ ਮੈਂਬਰ ਅਸਦੁਦੀਨ ਓਵੈਸੀ ਤੋਂ ਬਿਨਾਂ ਕੋਈ ਬਹੁਤਾ ਉਭਾਸਰ ਕੇ ਬੋਲਣ ਵਾਲਾ ਨਹੀਂ ਦਿੱਸਦਾ, ਸਗੋਂ ਜਿਨ੍ਹਾਂ ਨੇ ਕੇਸ ਕੀਤਾ ਤੇ ਲੜਿਆ ਸੀ, ਉਹ ਇਸ ਫੈਸਲੇ ਨੂੰ ਪ੍ਰਵਾਨ ਕਰਨ ਦੀ ਗੱਲ ਕਹਿ ਰਹੇ ਹਨ। ਖੱਬੇ ਪੱਖੀਆਂ ਦੀ ਜਿਹੜੀ ਧਿਰ ਨੇ ਇਸ ਫੈਸਲੇ ਉੱਤੇ ਕੁਝ ਕਿੰਤੂ ਕੀਤਾ ਹੈ, ਉਸ ਨੇ ਬੜੇ ਚੁਣਵੇਂ ਸ਼ਬਦਾਂ ਨਾਲ ਕੀਤਾ ਹੈ, ਪਰ ਭਾਰਤ ਦੀ ਰਾਜਨੀਤੀ ਦੇ ਹਾਲੇ ਤੱਕ ਦੀ ਮੁੱਖ ਵਿਰੋਧੀ ਧਿਰ ਮੰਨੀ ਜਾਣ ਵਾਲੀ ਕਾਂਗਰਸ ਪਾਰਟੀ ਨੇ ਕਿੰਤੂ ਕਰਨ ਤੋਂ ਵੀ ਝਿਜਕ ਵਿਖਾਈ ਹੈ। ਇਸ ਤੋਂ ਪਹਿਲਾਂ ਜਦੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ ਤਿੰਨ ਸੌ ਸੱਤਰ ਤੋੜੀ ਗਈ ਸੀ, ਓਦੋਂ ਕਾਂਗਰਸ ਦੇ ਕੁਝ ਆਗੂਆਂ ਨੇ ਵਿਰੋਧ ਕੀਤਾ ਸੀ ਤੇ ਕੁਝ ਓਦੋਂ ਹੀ ਵਿਰੋਧੀ ਧਿਰ ਦੀ ਜ਼ਿਮੇਵਾਰੀ ਨਿਭਾਉਣ ਤੋਂ ਇਹ ਸੋਚ ਕੇ ਭੱਜ ਗਏ ਸਨ ਕਿ ਇਨ੍ਹਾਂ ਫੈਸਲਿਆਂ ਦਾ ਵਿਰੋਧ ਕਰਨ ਦਾ ਸਮਾਂ ਹੀ ਨਹੀਂ ਤਾਂ ਸਿਰ ਨਾ ਫਸਾਈਏ। ਅਯੁੱਧਿਆ ਦਾ ਕੇਸ ਦੂਸਰਾ ਹੈ, ਜਿਸ ਨੇ ਵਕਤ ਦੇ ਇਸ ਵਹਿਣ ਨੂੰ ਹੋਰ ਅੱਗੇ ਵਧਾਇਆ ਹੈ ਤੇ ਇਸ ਦੇ ਨਾਲ ਇਹ ਗੱਲ ਪੱਕੀ ਕਰ ਦਿੱਤੀ ਹੈ ਕਿ ਫੈਸਲੇ ਸਰਕਾਰੇ-ਦਰਬਾਰੇ ਜਿੱਥੋਂ ਵੀ ਆਉਣ, ਘੱਟ-ਗਿਣਤੀਆਂ ਦੀ ਤਸੱਲੀ ਵਾਲੇ ਨਹੀਂ ਆਉਣ ਲੱਗੇ।
ਇੱਕ ਸਮੇਂ ਤੱਕ ਇਸ ਦੇਸ਼ ਵਿੱਚ ਘੱਟ-ਗਿਣਤੀਆਂ ਨੂੰ ਰਾਜਨੀਤੀ ਦੇ ਮੋਹਰੇ ਬਣਾਉਣ ਤੇ ਵੋਟਾਂ ਲਈ ਵਰਤਣ ਦਾ ਜਿਹੜਾ ਰੁਝਾਨ ਹੋ ਗਿਆ ਸੀ, ਉਸ ਦਾ ਉਲਟ ਅਸਰ ਹੈ ਕਿ ਬਹੁ-ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਇੱਕ ਧਿਰ ਨੇ ਸਿਰਫ ਏਸੇ ਵਰਤਾਰੇ ਦੇ ਵਿਰੋਧ ਦੇ ਨਾਂਅ ਉੱਤੇ ਆਪਣੇ ਨਾਲ ਤੋਰ ਕੇ ਰਾਜਸਾ ਲਾਹਾ ਖੱਟਿਆ ਹੈ। ਜਿਸ ਪਾਰਟੀ ਨੂੰ ਪੰਜਾਹ ਸਾਲਾਂ ਤੱਕ ਕਾਰੋਬਾਰੀਆਂ ਅਤੇ ਵਪਾਰੀਆਂ, ਅਤੇ ਇਸ ਤੋਂ ਵਧ ਕੇ ਜ਼ਖੀਰੇਬਾਜ਼ਾਂ ਦੀ ਪਾਰਟੀ ਤੱਕ ਕਿਹਾ ਜਾਂਦਾ ਰਿਹਾ, ਉਹ ਅੱਜ ਨਵੇਂ ਰੂਪ ਵਿੱਚ ਉਨ੍ਹਾਂ ਲੋਕਾਂ ਦੀ ਪਾਰਟੀ ਬਣੀ ਪਈ ਹੈ, ਜਿਹੜੇ ਭਾਵੇਂ ਰੇੜ੍ਹੀ ਲਾਉਣ ਜਾਂ ਰਿਕਸ਼ਾ ਵਾਹੁੰਦੇ ਹੋਣ, ਇਹ ਗੱਲ ਬੜੇ ਮਾਣ ਨਾਲ ਕਹਿੰਦੇ ਹਨ ਕਿ ਅੱਠ ਸੌ ਸਾਲਾਂ ਪਿੱਛੋਂ 'ਸਾਡਾ ਰਾਜ' ਆਇਆ ਹੈ। ਜਦੋਂ ਇਹ ਵਰਤਾਰਾ ਅਜੇ ਉੱਭਰਨਾ ਸ਼ੁਰੂ ਹੋਇਆ ਸੀ, ਇਸ ਦੇ ਅੱਗੇ ਸਿਧਾਂਤਕ ਪੱਖ ਤੋਂ ਜਿਨ੍ਹਾਂ ਨੂੰ ਖੜੋਣਾ ਚਾਹੀਦਾ ਸੀ, ਉਹ ਰਾਜਸੀ ਲੋੜਾਂ ਵਾਸਤੇ ਇਸ ਨੂੰ ਵਰਤਣ ਦੇ ਰਾਹ ਪਏ ਰਹੇ ਸਨ। ਸਾਰੇ ਜਾਣਦੇ ਹਨ ਕਿ ਆਜ਼ਾਦੀ ਮਿਲਣ ਤੋਂ ਡੇਢ ਸਾਲ ਬਾਅਦ ਜਦੋਂ ਬਾਬਰੀ ਮਸਜਿਦ ਵਿੱਚ ਮੂਰਤੀਆਂ ਰੱਖੀਆਂ ਗਈਆਂ, ਜਿਨ੍ਹਾਂ ਦੇ ਰੱਖਣ ਨੂੰ ਸੁਪਰੀਮ ਕੋਰਟ ਨੇ ਗੈਰ ਕਾਨੂੰਨੀ ਕਾਰਵਾਈ ਮੰਨਿਆ ਹੈ, ਉਸ ਤੋਂ ਬਾਅਦ ਉਸ ਕੰਪਲੈਕਸ ਨੂੰ ਤਾਲਾ ਲਾਇਆ ਗਿਆ ਸੀ ਤੇ ਲੱਗਾ ਰਿਹਾ ਸੀ। ਆਪਣੇ ਮਾਂ ਦੇ ਕਤਲ ਪਿੱਛੋਂ ਰਾਜੀਵ ਗਾਂਧੀ ਨੇ ਜਦੋਂ ਪਹਿਲੀ ਚੋਣ ਲੜੀ ਤਾਂ ਆਪਣੇ ਦੁਆਲੇ ਜੁੜੀ ਜੁੰਡੀ ਦੇ ਆਖੇ ਲੱਗ ਕੇ ਇਹ ਤਾਲਾ ਖੋਲ੍ਹਣ ਦਾ ਕੰਮ ਓਸੇ ਨੇ ਕੀਤਾ ਸੀ ਤੇ ਆਪਣੇ ਆਪ ਨੂੰ ਸੈਕੂਲਰ ਪਾਰਟੀ ਦੇ ਆਗੂ ਦੇ ਬਜਾਏ ਦੇਸ਼ ਦੀ ਹਿੰਦੂ ਬਹੁ-ਗਿਣਤੀ ਲਈ ਹੀਰੋ ਵਜੋਂ ਪੇਸ਼ ਕੀਤਾ ਸੀ। ਨਤੀਜਾ ਇਹ ਨਿਕਲਿਆ ਸੀ ਕਿ ਕਾਂਗਰਸ ਪਾਰਟੀ ਓਦੋਂ ਚਾਰ ਸੌ ਤੋਂ ਵੱਧ ਸੀਟਾਂ ਲੈ ਗਈ ਸੀ ਤੇ ਹਿੰਦੂਤੱਵ ਦੀ ਝੰਡਾ ਬਰਦਾਰ ਭਾਰਤੀ ਜਨਤਾ ਪਾਰਟੀ ਸਿਰਫ ਦੋ ਸੀਟਾਂ ਤੱਕ ਰਹਿ ਗਈ ਸੀ। ਇਸ ਨੂੰ ਕਾਂਗਰਸ ਆਪਣੇ ਲਈ ਇੱਕ ਲੁਕਮਾਨੀ ਨੁਸਖਾ ਮੰਨ ਬੈਠੀ ਅਤੇ ਇਸੇ ਰਸਤੇ ਚੱਲਣ ਲੱਗ ਪਈ। ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਦੇਸ਼ ਦਾ ਪ੍ਰਧਾਨ ਮੰਤਰੀ ਬਣੇ ਨਰਸਿਮਹਾ ਰਾਓ ਨੇ ਤਾਂ ਭਾਜਪਾ ਲੀਡਰਸ਼ਿਪ ਨਾਲ ਸਾਂਝ ਨਿਭਾਉਣ ਦੀ ਵੀ ਓੜਕ ਕਰ ਦਿੱਤੀ ਸੀ।
ਕਮਿਊਨਿਸਟ ਪਾਰਟੀ ਦੇ ਇੱਕ ਮਰਹੂਮ ਨੇਤਾ ਦੀ ਕਹੀ ਇਹ ਗੱਲ ਸਾਨੂੰ ਅੱਜ ਵੀ ਯਾਦ ਹੈ ਕਿ ਬਾਬਰੀ ਮਸਜਿਦ ਢਾਹੇ ਜਾਣ ਤੋਂ ਇੱਕ ਦਿਨ ਪਹਿਲਾਂ ਨਰਸਿਮਹਾ ਰਾਓ ਨੇ ਖੱਬੇ ਪੱਖੀ ਆਗੂਆਂ ਨੂੰ ਬੁਲਾਇਆ ਸੀ। ਉਹ ਉਸ ਦੇ ਘਰ ਜਾ ਕੇ ਡਰਾਇੰਗ ਰੂਮ ਵਿੱਚ ਬੈਠੇ ਚਾਹ ਪੀਂਦੇ ਰਹੇ ਅਤੇ ਨਰਸਿਮਹਾ ਰਾਓ ਅੰਦਰ ਭਾਜਪਾ ਦੇ ਤਿੰਨ ਵੱਡੇ ਆਗੂਆਂ ਨਾਲ ਮਸਜਿਦ ਨੂੰ ਢਾਹੇ ਜਾਣ ਦੀ ਗੋਂਦ ਗੁੰਦਣ ਲੱਗਾ ਰਿਹਾ ਸੀ। ਉਹ ਜਾਣਦਾ ਸੀ ਕਿ ਅਗਲੀ ਵਾਰੀ ਉਸ ਨੇ ਪ੍ਰਧਾਨ ਮੰਤਰੀ ਨਹੀਂ ਰਹਿ ਸਕਣਾ, ਇਸ ਲਈ ਪਾਰਟੀ ਜਾਂ ਦੇਸ਼ ਦਾ ਜੋ ਮਰਜ਼ੀ ਬਣਦਾ ਰਹੇ, ਆਪਣੇ ਧਰਮ ਦੇ ਸੇਵਕ ਹੋਣ ਦੀ ਭੱਲ ਖੱਟਣ ਦਾ ਮੌਕਾ ਮਿਲਿਆ ਹੈ ਤਾਂ ਵਰਤ ਲੈਣਾ ਚਾਹੀਦਾ ਹੈ। ਨਹਿਰੂ ਵਾਲਾ ਸੈਕੂਲਰਜ਼ਿਮ ਉਸ ਨੂੰ ਚਾਹੀਦਾ ਹੀ ਨਹੀਂ ਸੀ। ਬਾਅਦ ਵਿੱਚ ਵੀ ਕਾਂਗਰਸ ਪਾਰਟੀ ਨੇ ਪੰਡਿਤ ਅਖਵਾਉਣ ਦੇ ਬਾਵਜੂਦ ਸੈਕੂਲਰਿਜ਼ਮ ਉੱਤੇ ਪਹਿਰਾ ਦੇਂਦੇ ਰਹੇ ਜਵਾਹਰ ਲਾਲ ਨਹਿਰੂ ਦੀ ਸਿੱਖਿਆ ਦਾ ਚੇਤਾ ਕਦੇ ਨਹੀਂ ਕੀਤਾ, ਆਪਣੇ ਨਾਲਾਇਕ ਸਲਾਹਕਾਰਾਂ ਦੇ ਫਾਰਮੂਲੇ ਤੇ ਫਾਰਮੂਲੀਆਂ ਅਜ਼ਮਾਉਣ ਦੇ ਰਾਹ ਉੱਤੇ ਚੱਲਦੀ ਇੱਕ ਪਿੱਛੋਂ ਦੂਸਰੀ ਗਲਤੀ ਕਰ ਕੇ ਆਪਣੀਆਂ ਜੜ੍ਹਾਂ ਖੋਖਲੀਆਂ ਕਰਦੀ ਰਹੀ ਸੀ। ਆਰ ਐੱਸ ਐੱਸ ਨਾਲ ਸਾਂਝ ਵਾਲੇ ਬੰਦਿਆਂ ਨੂੰ ਪਾਰਟੀ ਵਿੱਚ ਵੱਡੀਆਂ ਪੋਸਟਾਂ ਦੇਣ ਦਾ ਅਮਲ ਜਾਰੀ ਰਿਹਾ ਤੇ ਅੱਜ ਜਿਹੜੇ ਰਾਜਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ, ਉਨ੍ਹਾਂ ਵਿੱਚੋਂ ਤਿੰਨਾਂ ਵਿੱਚ ਓਦੋਂ ਵਾਲੇ ਸਾਬਕਾ ਕਾਂਗਰਸੀ ਆਗੂ ਮੁੱਖ ਮੰਤਰੀ ਹਨ।
ਸੈਕੂਲਰ ਪੈਂਤੜਾ ਜਵਾਹਰ ਲਾਲ ਨਹਿਰੂ ਦਾ ਸੀ, ਜਿਸ ਦੇ ਖਿਲਾਫ ਪਹਿਲੀ ਚੋਣ ਵਿੱਚ ਅੱਜ ਵਾਲੀ ਭਾਜਪਾ ਬਣਨ ਤੋਂ ਪਹਿਲੀ ਜਨ ਸੰਘ ਤੋਂ ਵੀ ਪਹਿਲਾਂ ਵਾਲੀ ਹਿੰਦੂ ਮਹਾਂ ਸਭਾ ਨੇ ਇੱਕ ਸਾਧੂ ਇਹ ਕਹਿ ਕੇ ਖੜਾ ਕੀਤਾ ਸੀ ਕਿ ਕਿਉਂਕਿ ਨਹਿਰੂ ਨੇ ਆਪਣੀ ਧੀ ਮੁਸਲਮਾਨਾਂ ਦੇ ਘਰ ਵਿਆਹ ਦਿੱਤੀ ਹੈ, ਇਸ ਲਈ ਉਹ ਦੇਸ਼ ਦਾ ਆਗੂ ਨਹੀਂ ਚਾਹੀਦਾ। ਮੁਸਲਿਮ ਮੁੰਡੇ ਦੇ ਨਾਲ ਨਹੀਂ, ਨਹਿਰੂ ਦੀ ਧੀ ਨੇ ਪਾਰਸੀ ਮੁੰਡੇ ਨਾਲ ਵਿਆਹ ਕਰਵਾਇਆ ਸੀ, ਪਰ ਇਹ ਝੂਠ ਬੋਲ ਕੇ ਜਿਸ ਸੰਤ ਨੂੰ ਓਦੋਂ ਖੜਾ ਕੀਤਾ ਗਿਆ, ਉਸ ਨੇ ਆਪਣੇ ਮੂੰਹ ਉੱਤੇ ਪੱਟੀ ਬੰਨ੍ਹ ਲਈ ਕਿ ਇਹੋ ਜਿਹੇ ਨਹਿਰੂ ਦੇ ਖਿਲਾਫ ਬੋਲਣਾ ਵਾਧੂ ਦੀ ਗੱਲ ਹੈ, ਮੈਂ ਕੁਝ ਬੋਲਣਾ ਹੀ ਨਹੀਂ। ਨਹਿਰੂ ਨੇ ਕਿਹਾ ਸੀ ਕਿ ਸਾਧੂ ਨੇ ਬੋਲਣਾ ਨਹੀਂ, ਮੈਂ ਉਸ ਹਲਕੇ ਵਿੱਚ ਵੀ ਨਹੀਂ ਜਾਵਾਂਗਾ, ਲੋਕਾਂ ਨੂੰ ਠੀਕ ਜਾਂ ਗਲਤ ਦਾ ਫੈਸਲਾ ਕਰ ਲੈਣ ਦਿਆਂਗਾ। ਓਥੇ ਨਹਿਰੂ ਜਿੱਤ ਗਿਆ ਸੀ ਤੇ ਸਾਧੂ ਦੀ ਜ਼ਮਾਨਤ ਜ਼ਬਤ ਹੋਈ ਸੀ। ਚੋਣਾਂ ਵਿੱਚ ਹਾਰ ਗਏ ਸਾਧੂ ਨੇ ਆਪ ਟੈਲੀਗਰਾਮ ਭੇਜ ਕੇ ਨਹਿਰੂ ਨੂੰ ਵਧਾਈ ਦਿੱਤੀ ਅਤੇ ਨਾਲ ਇਹ ਕਿਹਾ ਸੀ ਕਿ ਤੂੰ ਨਹੀਂ, ਤੇਰਾ ਸੈਕੂਲਰ ਸਿਧਾਂਤ ਜਿੱਤਿਆ ਹੈ। ਅੱਜ ਦੇ ਕਾਂਗਰਸੀਆਂ ਨੂੰ ਉਹ ਯਾਦ ਹੀ ਨਹੀਂ।
ਪੈਂਤੜੇ ਤੋਂ ਥਿੜਕੀ ਹੋਈ ਇਸ ਪਾਰਟੀ ਨੇ ਆਪਣਾ ਨੁਕਸਾਨ ਵੀ ਕਰਵਾਇਆ ਤੇ ਦੇਸ਼ ਦਾ ਵੀ ਕਰਵਾ ਲੈਣ ਪਿੱਛੋਂ ਅਜੇ ਤੱਕ ਭਵਿੱਖ ਦਾ ਪੈਂਤੜਾ ਤੈਅ ਨਹੀਂ ਕਰ ਸਕੀ। ਖੱਬੇ ਪੱਖੀਆਂ ਤੋਂ ਇਸ ਨੂੰ ਕੁਝ ਆਸਰਾ ਇਹੋ ਜਿਹੇ ਔਝੜ ਭਰਪੂਰ ਦੌਰ ਦੌਰਾਨ ਮਿਲ ਸਕਦਾ ਸੀ, ਪਰ ਜਦੋਂ ਕਾਂਗਰਸ ਦੀ ਚੜ੍ਹਤ ਸੀ, ਉਸ ਦੇ ਆਗੂ ਖੱਬੇ ਪੱਖੀਆਂ ਦੀਆਂ ਜੜ੍ਹਾਂ ਵੱਢਣ ਲਈ ਅੱਜ ਦੇ ਭਾਜਪਾਈਆਂ ਤੋਂ ਵੀ ਵੱਧ ਕੋਸ਼ਿਸ਼ ਕਰਦੇ ਰਹੇ ਸਨ। ਅੱਜ ਉਸ ਪਾਰਟੀ ਦੇ ਬਹੁਤੇ ਲੀਡਰ ਚੁੱਪ ਰਹਿਣ ਦੇ ਵਿੱਚ ਸੁਖ ਭਾਲਦੇ ਹਨ ਤੇ ਜਿਹੜੇ ਥੋੜ੍ਹਾ-ਬਹੁਤ ਬੋਲਦੇ ਹਨ, ਉਹ ਹਰ ਗੱਲ ਏਥੋਂ ਸ਼ੁਰੂ ਕਰਦੇ ਹਨ ਕਿ ਸਾਡੇ ਆਗੂ ਰਾਹੁਲ ਨੇ ਆਹ ਕਿਹਾ ਹੈ ਤੇ ਪ੍ਰਿਅੰਕਾ ਨੇ ਔਹ ਕਿਹਾ ਹੈ, ਤਾਂ ਕਿ ਕੱਲ੍ਹ ਨੂੰ ਭਾਜਪਾ ਵਿੱਚ ਜਾਣ ਦੀ ਲੋੜ ਪਵੇ ਤਾਂ ਇਹ ਕਹਿਣ ਜੋਗੇ ਰਹਿਣ ਕਿ ਅਸੀਂ ਆਪਣੇ ਪੱਲਿਓਂ ਕੁਝ ਕਿਹਾ ਹੀ ਨਹੀਂ ਸੀ। ਰਾਹੁਲ ਤੇ ਪ੍ਰਿਅੰਕਾ ਦੋਵੇਂ ਜਣੇ ਆਰ ਐੱਸ ਐੱਸ ਦਾ ਵਿਰੋਧ ਕਰਦੇ ਹਨ, ਉਸ ਦੀ ਉਸ ਵਿਚਾਰਧਾਰਾ ਦਾ ਵਿਰੋਧ ਨਹੀਂ ਕਰਦੇ, ਜਿਸ ਨੇ ਅੱਜ ਬਹੁ-ਗਿਣਤੀ ਭਾਈਚਾਰੇ ਦੇ ਗਰੀਬ ਤੋਂ ਗਰੀਬ ਬੰਦੇ ਦੇ ਮਨ ਵਿੱਚ ਵੀ ਇਹ ਗੱਲ ਭਰ ਦਿੱਤੀ ਹੈ ਕਿ ਅੱਠ ਸੌ ਸਾਲਾਂ ਬਾਅਦ 'ਸਾਡਾ ਰਾਜ' ਆਇਆ ਹੈ। ਸੱਚਾਈ ਇਹ ਹੈ ਕਿ ਬਹੁ-ਗਿਣਤੀ ਭਾਈਚਾਰੇ ਦੇ ਲੋਕਾਂ ਦੇ ਮਨਾਂ ਵਿੱਚ ਇਸ ਤਰ੍ਹਾਂ ਦੀ ਭਾਵਨਾ ਭਰ ਕੇ ਭਾਰਤ ਨੂੰ ਪਿਛਲੇ ਸਮੇਂ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਮਾੜੀ ਆਰਥਿਕਤਾ ਵਿੱਚ ਏਨਾ ਉਲਝਾ ਦਿੱਤਾ ਗਿਆ ਹੈ ਕਿ ਨੀਵਾਣਾਂ ਵੱਲ ਜਾਣ ਤੋਂ ਪਿਛਾਂਹ ਨੂੰ ਇਸ ਦਾ ਮੋੜਾ ਕੱਟ ਸਕਣਾ ਮੁਸ਼ਕਲ ਜਾਪਣ ਲੱਗ ਪਿਆ ਹੈ। ਇਸ ਦੇ ਬਾਵਜੂਦ ਲੋਕ ਇਸ ਬਾਰੇ ਨਹੀਂ ਸੋਚ ਰਹੇ।
ਆਮ ਲੋਕ ਬਹੁਤੀਆਂ ਡੂੰਘੀਆਂ ਗੱਲਾਂ ਕਦੇ ਵੀ ਨਹੀਂ ਸੋਚਦੇ ਹੁੰਦੇ, ਉਨ੍ਹਾਂ ਦੀ ਬੋਲੀ ਵਿੱਚ ਨਿੱਤ ਦਿਨ ਉਨ੍ਹਾਂ ਦੇ ਕੋਲ ਰਹਿ ਕੇ ਇਹ ਗੱਲਾਂ ਉਨ੍ਹਾਂ ਤੱਕ ਪੁਚਾਉਣੀਆਂ ਪੈਂਦੀਆਂ ਹਨ। ਅੱਜ ਇਹੋ ਜਿਹੀ ਕੋਈ ਖਾਸ ਲਹਿਰ ਨਹੀਂ ਦਿੱਸਦੀ। ਮੁਲਕਾਂ ਦੇ ਇਤਹਾਸ ਵਿੱਚ ਕਈ ਵਾਰੀ ਚੁੱਪ ਦਾ ਦੌਰ ਵੀ ਆਉਂਦਾ ਹੁੰਦਾ ਹੈ, ਪਰ ਉਸ ਦੇ ਬਾਅਦ ਲੋਕਾਂ ਦੀ ਚੁੱਪ ਟੁੱਟਣ ਮਗਰੋਂ ਉਹ ਕੁਝ ਵੀ ਹੁੰਦਾ ਵੇਖਿਆ ਗਿਆ ਹੈ, ਜਿਸ ਦਾ ਕਿਸੇ ਨੂੰ ਚੇਤਾ ਨਹੀਂ ਸੀ। ਭਾਰਤ ਵਿੱਚ ਰਾਜ ਕਰਨ ਵਾਲਿਆਂ ਨੂੰ ਵੀ ਤੇ ਰਾਜ ਤੋਂ ਪਾਸੇ ਰਹਿਣ ਦੀ ਔਖ ਕੱਟਣ ਵਾਲਿਆਂ ਨੂੰ ਵੀ ਇਹ ਚੇਤਾ ਰੱਖਣਾ ਚਾਹੀਦਾ ਹੈ ਕਿ ਜੇ ਪਹਿਲਾ ਦੌਰ ਟਿਕਾਊ ਨਹੀਂ ਸੀ ਤਾਂ ਅੱਜ ਵਾਲਾ ਵੀ ਸਦੀਵੀ ਨਹੀਂ ਬਣਨ ਲੱਗਾ, ਵਕਤ ਦਾ ਪਹੀਆ ਮੁੜ ਕੇ ਵੀ ਕਿਸੇ ਪਾਸੇ ਨੂੰ ਗਿੜ ਸਕਦਾ ਹੈ।